ਦਿਸ਼ਾ ਅਤੇ ਲਕਸ਼ਹੀਣ ਹੈ ਪੰਜਾਬ ਦੀ ਸਿਆਸਤ

ਸਿਆਸੀ ਹਲਚਲ ਖਬਰਾਂ

*ਕਿਸਾਨ ਆਗੂਆਂ ਦਾ ਪੱਧਰ- ਜਿਹੜੇ ਰੋਗ ਨਾਲ ਬੱਕਰੀ ਮਰਗੀ, ਉਹੀਓ ਰੋਗ ਪਠੋਰੀ ਨੂੰ
ਜਸਵੀਰ ਸਿੰਘ ਸ਼ੀਰੀ
ਕਿਸੇ ਖਿੱਤੇ/ਮੁਲਕ ਦੀ ਸਿਆਸਤ ਜਦੋਂ ਆਪਣੇ ਰੁਤਬੇ ਕਇਮ ਰੱਖਣ ਜਾਂ ਕਿਸੇ ਵੀ ਕੀਮਤ ‘ਤੇ ਆਪਣੀ ਕੁਰਸੀ ਨੂੰ ਬਚਾਈ ਰੱਖਣ ‘ਤੇ ਕੇਂਦਰਿਤ ਹੋ ਜਾਵੇ ਤਾਂ ਉਸ ਨੂੰ ਆਪਣੇ ਨਿਸ਼ਾਨੇ (ਲਕਸ਼, ਗੋਲਜ਼) ਭੁੱਲ ਜਾਂਦੇ ਹਨ। ਆਪਣੇ ਨਿਸ਼ਾਨਿਆਂ ਨੂੰ ਵਿਸਾਰ ਦੇਣ ਕਾਰਨ ਇਹ ਦਿਸ਼ਾਹੀਣ ਵੀ ਹੋ ਜਾਂਦੀ ਹੈ। ਇਸ ਹਾਲਤ ਵਿੱਚ ਜਿਹੜਾ ਰੋਲ-ਘਚੋਲਾ ਅਤੇ ਆਪਾਧਾਪੀ ਪੈਦਾ ਹੁੰਦੀ ਹੈ, ਉਸ ਵਿੱਚ ਰਾਜਨੀਤਿਕ ਪਾਰਟੀਆਂ ਦਾ ਆਪਣਾ ਕਾਡਰ ਅਤੇ ਆਮ ਲੋਕ ਬੇਹੱਦ ਨਿਰਾਸ਼, ਬੇਲਾਗ ਜਾਂ ਸਰੋਕਾਰਹੀਣ ਹੋ ਜਾਂਦੇ ਹਨ। ਅਜਿਹੀ ਹੀ ਹਾਲਤ ਅੱਜ ਪੰਜਾਬ ਵਿੱਚ ਹੋਈ ਪਈ ਹੈ।

ਪੰਜਾਬ ਦੇ ਆਮ ਲੋਕਾਂ ਨੂੰ ਕੁੱਝ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਸ ਦੇ ਨੇੜੇ ਜਾਈਏ ਅਤੇ ਕਿਸ ਤੋਂ ਦੂਰੀ ਬਣਾਈਏ। ਜਾਂ ਇਹ ਕਿ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਿਹੜੀ ਪਾਰਟੀ ਜਾਂ ਕਿਹੜਾ ਆਗੂ ਕਰ ਸਕਦਾ ਹੈ।
ਵਿਸ਼ੇਸ਼ ਕਰਕੇ ਅਕਾਲੀ ਦਲ ਦਾ ਖੱਖੜੀਆਂ ਕਰੇਲੇ ਹੋਣਾ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਕਿਸੇ ਹੋਰ ਪਾਰਟੀ ਦੇ ਨਾ ਉਭਰ ਸਕਣ ਕਾਰਨ ਸਿੱਖ ਆਵਾਮ ਵਿੱਚ ਵਧਰੇ ਬੇਚੈਨੀ ਨਜ਼ਰ ਆ ਰਹੀ ਹੈ। ਪੰਜਾਬ ਦੇ ਪ੍ਰਸ਼ਾਸਨ ਨੂੰ ਸਾਫ ਸੁਥਰਾ ਅਤੇ ਟਣਾ-ਟਣ ਕਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਪਿਛਲੇ ਸਾਡੇ ਤਿੰਨ ਸਾਲਾਂ ਵਿੱਚ ਬਹੁਤਾ ਕੁਝ ਨਹੀਂ ਕਰ ਸਕੀ। ਹਾਲਾਤ ਜੈਸੇ ਥੇ ਵਾਲੀ ਹੈ। ਸਗੋਂ ਪੰਜਾਬ ਸਿਰ ਕਰਜ਼ਾ ਪਹਿਲੀਆਂ ਸਰਕਾਰਾਂ ਨਾਲੋਂ ਵੀ ਤੇਜ਼ੀ ਨਾਲ ਵਧਿਆ ਹੈ। ਹੋਰ ਕਰਜ਼ਾ ਚੁੱਕ-ਚੁੱਕ ਕੇ ਵਧ ਰਹੇ ਕਰਜ਼ੇ ਦਾ ਵਿਆਜ਼ ਮੋੜਿਆ ਜਾ ਰਿਹਾ। ਜਦੋਂ ਕਿਸੇ ਵਿਅਕਤੀ/ਕੌਮ ਦਾ ਕਰਜ਼ਾ ਉਸ ਦੀ ਆਪਣੀ ਆਰਥਿਕ ਹੈਸੀਅਤ/ਆਮਦਨੀ ਨਾਲੋਂ ਵਧ ਜਾਵੇ ਅਤੇ ਅਗਾਂਹ ਹੋਰ ਲਿਆ ਜਾਣ ਵਾਲਾ ਕਰਜ਼ਾ ਗੈਰ-ਪੈਦਾਵਾਰੀ ਖੇਤਰਾਂ ਵਿੱਚ ਖਪਾਇਆ ਜਾਣ ਲੱਗੇ, ਤਾਂ ਤਬਾਹੀ ਤੈਅ ਹੁੰਦੀ ਹੈ।
ਇਸ ਸਾਰੀ ਸਥਿਤੀ ਦਰਮਿਆਨ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨ ਮੋਰਚਿਆਂ ਨੂੰ ਬਿਨਾ ਕਿਸੇ ਪ੍ਰਾਪਤੀ ਦੇ ਪੰਜਾਬ ਪੁਲਿਸ ਅਤੇ ਸਰਕਾਰ ਵੱਲੋਂ ਖਦੇੜ ਦਿੱਤੇ ਜਾਣ ਨਾਲ ਇਹ ਨਿਰਾਸ਼ਾ ਅਤੇ ਬੇਚੈਨੀ ਹੋਰ ਵਧ ਗਈ ਹੈ, ਭਾਵੇਂ ਕਿ ਇਸ ਦਾ ਕਿਧਰੇ ਪ੍ਰਗਟਾਵਾ ਅਤੇ ਫੁਟਾਰਾ ਹਾਲ ਦੀ ਘੜੀ ਨਹੀਂ ਹੋ ਰਿਹਾ। ਸਾਡੇ ਕਿਸਾਨ ਲੀਡਰ ਵੀ ਉਸੇ ਕਿਸਮ ਦੀ ਮਰਜ਼ ਦਾ ਸ਼ਿਕਾਰ ਹਨ, ਜਿਹੜੀ ਸਿਆਸੀ ਲੀਡਰਾਂ ਨੂੰ ਲੱਗੀ ਹੋਈ ਹੈ। ਇਹ ਹੈ ਆਪਣੀ ਹੈਸੀਅਤ/ਸ਼ਖਸੀਅਤ ਨੂੰ ਅਸਲ ਨਾਲੋਂ ਵਧਾ ਕੇ ਵੇਖਣਾ ਜਾਂ ਪੇਸ਼ ਕਰਨਾ। ਬੋਦੀਆਂ ਸ਼ਖਸੀਅਤਾਂ ਦੇ ਇਹ ਲਿਫਾਫੇ ਹਉਮੈ ਦੀ ਹਵਾ ਨਾਲ ਭਰੇ ਹੁੰਦੇ ਹਨ। ਕੋਈ ਕੰਡਾ ਵੀ ਚੁਭ ਜਾਵੇ ਤਾਂ ਖਾਲੀ ਹਵਾ ਨਾਲ ਭਰੇ ਗੁਬਾਰੇ ਵਾਂਗ ਪਿਚਕ ਜਾਂਦੇ ਹਨ।
ਪਿਛਲੇ ਸਾਲ ਫਰਵਰੀ ਮਹੀਨੇ ਵਿੱਚ ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨ ਇੱਕ ਵਾਰ ਫਿਰ ਕਿਸਾਨ ਮੋਰਚਾ ਲਗਾਉਣ ਲਈ ਦਿੱਲੀ ਨੂੰ ਤੁਰ ਪਏ ਸਨ। ਇਹ ਵੀ ਨਹੀਂ ਸੋਚਿਆ ਕਿ ਪਹਿਲੇ ਕਿਸਾਨ ਮੋਰਚੇ ਦੇ ਤਜ਼ਰਬੇ ਕਾਰਨ ਸਰਕਾਰ ਪਹਿਲਾਂ ਨਾਲੋਂ ਵੱਧ ਸੁਚੇਤ ਅਤੇ ਸਤਰਕ ਹੈ। ਉਨ੍ਹਾਂ ਵੀ ਕੁਝ ਸਬਕ ਸਿੱਖੇ ਹੋਣਗੇ ਪਿਛਲੇ ਮੋਰਚੇ ਤੋਂ। ਅਗਲਿਆਂ ਪੰਜਾਬ-ਹਰਿਆਣਾ ਦਾ ਬਾਰਡਰ ਵੀ ਨਹੀਂ ਟੱਪਣ ਦਿੱਤਾ, ਪਹਿਲਾਂ ਰੋਕ ਲਏ। ਅੱਗੇ ਵਧਣ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਹਰਿਆਣਾ ਵਿੱਚ ਡਬਲ ਇੰਜਣ ਦੀ ਸਰਕਾਰ, ਅਗਲਿਆਂ ਫਿਰ ਕਿੱਲ ਗੱਡ ਦਿੱਤੇ ਜੀ.ਟੀ. ਰੋਡ ‘ਤੇ ਕੰਕਰੀਟ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ। ਇਨ੍ਹਾਂ ਪਿੱਛੇ ਫੌਜ, ਪੁਲਿਸ ਅਤੇ ਨੀਮ ਸੁਰੱਖਿਆ ਦਸਤੇ ਇੰਜ ਤਾਣ ਦਿੱਤੇ ਜਿਵੇਂ ਕਿਸੇ ਦੁਸ਼ਮਣ ਦੇਸ਼ ਨਾਲ ਜੰਗ ਦਾ ਡਰ ਹੋਵੇ। ਪੰਜਾਬ-ਹਰਿਆਣਾ ਦਾ ਬਾਰਡਰ ਸ਼ੰਭੂ ਅਤੇ ਖਨੌਰੀ ਵਿੱਚ ਇੰਝ ਜਾਪਣ ਲੱਗਾ ਜਿਵੇਂ ਭਾਰਤ-ਪਾਕਿਸਤਾਨ ਦੀ ਸਰਹੱਦ ਹੋਵੇ। ਕਿਸਾਨਾਂ ਨੇ ਬਹੁਤ ਵਾਰ ਅੱਗੇ ਵਧਣ ਦਾ ਯਤਨ ਕੀਤਾ, ਪਰ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਬੌਛਾੜ ਇੰਨੀ ਤਿੱਖੀ ਸੀ ਕਿ ਅਜਿਹਾ ਸੰਭਵ ਹੀ ਨਹੀਂ ਸੀ। ਕਿਸਾਨਾਂ ਦੇ ਸਿਰਾਂ ‘ਤੇ ਦੁਸ਼ਮਣ ਦੇ ਜਹਾਜ਼ਾਂ ਵਾਂਗ ਡਰੋਨਾਂ ਉੱਡਣ ਲੱਗੀਆਂ- ਸਰਵੀਲੈਂਸ ਲਈ ਅਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਉਣ ਲਈ ਵੀ। ਮੁੱਢ ਵਿੱਚ ਕੇਂਦਰ ਸਰਕਾਰ ਨੇ ਗੱਲ ਤੋਰੀ, ਪਰ ਫਿਰ ਲੰਮੀ ਚੁੱਪ ਵੱਟ ਲਈ, ਨਾ ਚੂੰ ਨਾ ਚਾਂ। ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਬਰਸਦੇ ਰਹੇ, ਜਿਨ੍ਹਾਂ ਨਾਲ 450 ਦੇ ਕਰੀਬ ਕਿਸਾਨ ਫੱਟੜ ਹੋਏ। ਕਈ ਗੰਭੀਰ ਜ਼ਖਮੀ ਵੀ ਹੋਏ, ਜਿਨ੍ਹਾਂ ਨੂੰ ਵੱਡੇ ਹਸਪਤਾਲਾਂ ਵਿੱਚ ਦਾਖਲ ਕਰਵਾਉਣਾ ਪਿਆ। ਅਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਲੱਗਣ ਕਾਰਨ ਕਈਆਂ ਦੀ ਨਜ਼ਰ ਵੀ ਚਲੀ ਗਈ।
ਖਨੌਰੀ ਬਾਰਡਰ ‘ਤੇ ਵੀ ਇਹ ਸਾਰਾ ਕੁਝ ਵਾਪਰਿਆ। ਇਸ ਤੋਂ ਵੀ ਵੱਧ। ਸਿੱਧੀ ਸਿਰ ਵਿੱਚ ਗੋਲੀ ਲੱਗਣ ਕਾਰਨ ਮਾਲਵੇ ਦੇ ਨੌਜਵਾਨ ਸ਼ੁਭਕਰਨ ਦੀ ਮੌਤ ਹੋ ਗਈ। ਹਰਿਆਣਾ ਪੁਲਿਸ ਅਤੇ ਨੀਮ ਸੁਰੱਖਿਆ ਦਸਤਿਆਂ ਨੇ ਪੰਜਾਬ ਵਾਲੇ ਪਾਸੇ ਦਾਖਲ ਹੋ ਕੇ ਕਿਸਾਨਾਂ ਦੇ ਟਰੈਕਟਰ, ਕਾਰਾਂ, ਏ.ਸੀ., ਰਿਹਾਇਸ਼ ਲਈ ਬਣਾਏ ਆਰਜੀ ਘਰੌਂਦੇ ਭੰਨੇ। ਬਹੁਤ ਸਾਰੇ ਟਰੈਕਟਰਾਂ, ਕਾਰਾਂ ਦੇ ਇੰਜਣਾ ਵਿੱਚ ਮਿੱਟੀ ਪਾ ਦਿੱਤੀ। ਦੋ ਨੌਜਵਾਨਾਂ ਨੂੰ ਚੁੱਕ ਕੇ ਬੋਰੀ ਵਿੱਚ ਪਾ ਕੇ ਡੰਗਰਾਂ ਵਾਂਗ ਕੁੱਟਿਆ। ਹੱਡ ਪੈਰ ਤੋੜੇ, ਇੱਕ ਦਾ ਜਬ੍ਹਾੜਾ ਤੋੜ ਦਿੱਤਾ। ਕੋਈ ਪੁੱਛ ਗਿੱਛ ਨਹੀਂ। ਨਾ ਕੋਈ ਜਵਾਬਦੇਹੀ। ਕਈ ਬਿਮਾਰੀਆਂ ਕਾਰਨ ਮੋਰਚਿਆਂ ‘ਤੇ ਚੱਲ ਵੱਸੇ। ਇਸ ਤੋਂ ਇਲਾਵਾ ਕਾਫੀ ਗਿਣਤੀ ਉਨ੍ਹਾਂ ਦੀ ਵੀ ਹੈ, ਜਿਨ੍ਹਾਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੋਈ। ਜਿਨ੍ਹਾਂ ਘਰਾਂ ਵਿੱਚ ਸੱਥਰ ਵਿਛੇ, ਉਨ੍ਹਾਂ ਦੇ ਜੀਆਂ ਨੇ ਮੁੜ ਕੇ ਨਹੀਂ ਆਉਣਾ। ਇਨ੍ਹਾਂ ਵਿੱਚੋਂ ਜਿਹੜੇ ਕਮਾਊ ਸਨ, ਉਨ੍ਹਾਂ ਦੇ ਟੱਬਰਾਂ ਦਾ ਘਾਟਾ ਕੌਣ ਪੂਰਾ ਕਰੇਗਾ? ਆਰਥਕ ਹਾਨੀ ਦਾ ਤੇ ਹਿਸਾਬ ਹੀ ਕੋਈ ਨਹੀਂ। ਜਿਹੜੇ ਜਵਾਨ ਅਪੰਗ ਹੋ ਗਏ, ਉਨ੍ਹਾਂ ਨੇ ਮੰਜੇ ਮੱਲ ਲਏ। ਬਾਅਦ ਵਿੱਚ ਉਨ੍ਹਾਂ ਦੀ ਖ਼ਬਰ ਨੂੰ ਵੀ ਕਿਸੇ ਨੇ ਨਹੀਂ ਜਾਣਾ? ਇਹ ਕੌਣ ਆਗੂ ਹਨ ਅਤੇ ਕਿਸ ਦੀ ਅਗਵਾਈ ਕਰ ਰਹੇ ਹਨ? ਲਗਦਾ ਨਹੀਂ ਅਸੀਂ ਮਨੁੱਖੀ ਸੰਵੇਦਨਾ ਤੋਂ ਕੋਰੇ ਹੋਏ ਪੱਥਰ ਦੇ ਬੁੱਤ ਹਾਂ? ਮਸਲਨ ਜਦੋਂ ਸ਼ੁਭਕਰਨ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਉਨ੍ਹਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਦੇਣ ਦੀ ਮੰਗ ਕੀਤੀ? ਕਰਲੋ ਗੱਲ, ਇੱਕ ਜਵਾਨ ਮੁੰਡੇ ਦੀ ਜਾਨ ਦੀ ਕੀਮਤ ਪੰਜ ਲੱਖ ਰੁਪਏ? ਫਿਰ ਦੋਇਮ ਦਰਜੇ ਦੀ ਲੀਡਰਸ਼ਿਪ ਨੇ ਇੱਕ ਕਰੋੜ ਰੁਪਏ ਦੇਣ ਅਤੇ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਉਠਾਈ। ਕਿਧਰੇ ਇਹ ਅਖੌਤੀ ਆਗੂ ਆਪਣੇ ਆਪ ਨੂੰ ਲੀਡਰ ਬਣਾਈ ਰੱਖਣ ਲਈ ਹੀ ਸਰਗਰਮੀ ਤਾਂ ਨਹੀਂ ਕਰੀ ਜਾ ਰਹੇ?
ਜਦੋਂ ਸਿਆਸੀ ਸੰਯੁਕਤ ਮੋਰਚੇ ਨਾਲ ਏਕਤਾ ਦੀ ਗੱਲ ਚੱਲੀ, ਆਪੇ ਤਾਰਪੀਡੋ ਕਰਵਾ ਦਿੱਤੀ। ਕੇਂਦਰ ਨੇ ਉਂਗਲ ਦੇ ਦਿੱਤੀ ਗੱਲਬਾਤ ਲਈ। ਲੀਡਰਾਂ 101 ਬੰਦੇ ਡੱਲੇਵਾਲ ਨਾਲ ਮਰਨ ‘ਤੇ ਬਿਠਾ ਦਿੱਤੇ। ਤੀਜੇ ਕੁ ਦਿਨ ਉਠਾ ਦਿੱਤੇ। ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਹੋਣ ‘ਤੇ ਹੀ ਫਿੱਟ ਗਏ। ਕੱਛਾਂ ਵਜਾਉਣ ਲੱਗੇ। ਅਗਲਿਆਂ ਗੱਲਬਾਤ ਬਹਾਨੇ ਦੋ ਤਿੰਨ ਵਾਰ ਚਾਹ ਚੂਹ ਪਿਆ ਕੇ ਮੋੜ ਦਿੱਤੇ ਅਤੇ ਜਦੋਂ ਲੱਗਾ ਕਿ ਇਨ੍ਹਾਂ ਤਿਲਾਂ ਵਿੱਚ ਤੇਲ ਮੁੱਕ ਚੁੱਕਾ ਹੈ, ਜਬਰੀ ਧਰਨੇ ਚੁਕਾ ਦਿੱਤੇ। ਇਹ ਪੱਧਰ ਹੈ ਸਾਡੇ ਕਿਸਾਨ ਆਗੂਆਂ ਦਾ! ਇਹ ਪੰਜਾਬ ਦੇ ਸਿਆਸਤਦਾਨਾਂ ਦੇ ਹੀ ਛੋਟੇ ਭਰਾ ਨੀ ਲਗਦੇ? ਅਖੇ ਜਿਹੜੇ ਰੋਗ ਨਾਲ ਬੱਕਰੀ ਮਰਗੀ ਉਹੀਓ ਰੋਗ ਪਠੋਰੀ ਨੂੰ।

Leave a Reply

Your email address will not be published. Required fields are marked *