ਰਾਵੀ ਦਾ ਰਾਠ: ਇਤਿਹਾਸਕ, ਸੱਭਿਆਚਾਰਕ ਪਰਿਪੇਖ

ਸਾਹਿਤਕ ਤੰਦਾਂ

ਗਗਨਦੀਪ ਸਿੰਘ, ਖੋਜਾਰਥੀ
ਪ੍ਰਸਿੱਧ ਮਾਰਕਸਵਾਦੀ ਇਤਿਹਾਸਕਾਰ ਰੋਮਿਲਾ ਥਾਪਰ ਅਨੁਸਾਰ: ਇਤਿਹਾਸ ਅਜਿਹਾ ਜਾਣਕਾਰੀਆਂ ਦਾ ਸੰਗ੍ਰਹਿ ਮਾਤਰ ਨਹੀਂ ਹੈ, ਜੋ ਘਟਨਾਵਾਂ ਵਿੱਚ ਬਿਨਾ ਕਿਸੇ ਤਬਦੀਲੀ ਦੇ ਪੀੜ੍ਹੀ-ਦਰ-ਪੀੜ੍ਹੀ ਸਿਰਫ ਜਾਣਕਾਰੀਆਂ ਹੀ ਸਾਂਝੀਆਂ ਕਰਦਾ ਹੈ, ਸਗੋਂ ਵਿਸ਼ਲੇਸ਼ਣ ਅਤੇ ਤੱਥਾਂ ਦੇ ਆਧਾਰ `ਤੇ ਇਤਿਹਾਸ ਦੀ ਵਿਆਖਿਆ ਕੀਤੀ ਜਾਂਦੀ ਹੈ। ਇਹ ਅਜਿਹੀਆਂ ਧਾਰਨਾਵਾਂ ਦਾ ਸਾਧਾਰਨੀਕਰਨ ਕਰਦਾ ਹੈ, ਜੋ ਤਰਕ ਆਧਾਰਿਤ ਹੋਣ।… ਇਤਿਹਾਸਕ ਵਿਆਖਿਆ ਪਾਠਕ ਅੰਦਰ ਇਹ ਜਾਗਰੁਕਤਾ ਪੈਦਾ ਕਰਦੀ ਹੈ ਕਿ ਅਤੀਤ ਦੀ ਛਾਪ ਵਰਤਮਾਨ ਉਪਰ ਨਕਾਰਾਤਮਕ ਤੇ ਸਕਾਰਾਤਮਕ ਕਿਸ ਤਰ੍ਹਾਂ ਪਈ!

ਦੁਨੀਆਂ ਉਪਰ ਜਿੰਨੀਆਂ ਵੀ ਸੱਭਿਅਤਾਵਾਂ ਪਨਪੀਆਂ, ਉਹ ਨਦੀਆਂ-ਦਰਿਆਵਾਂ ਦੇ ਕੰਢਿਆਂ ਦੁਆਲੇ ਹੀ ਵਧੀਆਂ-ਫੁੱਲੀਆਂ। ਇਸ ਦਾ ਕਾਰਨ ਨਦੀਆਂ ਦੁਆਰਾ ਜੀਵਨ ਨਿਰਵਾਹ ਲਈ ਢੁਕਵਾਂ ਜਲਵਾਯੂ ਅਤੇ ਪੌਣ-ਪਾਣੀ ਮੁਹੱਈਆ ਕਰਵਾਉਣਾ ਹੈ। ਦੂਜਾ, ਕੁਦਰਤੀ ਜਲ ਸ੍ਰੋਤਾਂ ਨੇ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਹੱਦ-ਬੰਦੀਆਂ ਵੀ ਤੈਅ ਕੀਤੀਆਂ ਹਨ। ਜਿਵੇਂ ਕਿ ਰਾਵੀ ਦਰਿਆ ‘ਹਿੰਦ’ ‘ਪਾਕਿ’ ਦੀ ਅੰਤਰ-ਰਾਸ਼ਟਰੀ ਕੁਦਰਤੀ ਸੀਮਾ ਨੂੰ ਨਿਯਤ ਕਰਦਾ ਹੈ।
ਸਿੰਧ ਜਲ ਸੰਧੀ (1960) ਭਾਰਤ ਅਤੇ ਪਾਕਿਸਤਾਨ ਦੇ ਬਟਵਾਰੇ ਤੋਂ ਬਾਅਦ ਹੋਣ ਵਾਲੀ ਉਹ ਜਲ ਸੰਧੀ ਹੈ, ਜਿਸ ਨੇ ਪੰਜਾਬ ਵਿਚਲੇ ਪੰਜ ਦਰਿਆਵਾਂ ਨੂੰ ਅੱਧੋ-ਅੱਧ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ ਅਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਪਾਣੀਆਂ ਦੇ ਨਿੱਤ ਭਖ਼ਦੇ ਮਸਲੇ ਨੂੰ ਇਸ ਸੰਧੀ ਦੁਆਰਾ ਸ਼ਾਂਤ ਕਰ ਦਿੱਤਾ। ਰਾਵੀ ਦਰਿਆ ਕੁਦਰਤੀ ਵਿਭਾਜਨ ਦੀ ਨੀਂਹ ਮੰਨਿਆ ਗਿਆ। ਹਥਲੀ ਪੁਸਤਕ ‘ਰਾਏ ਅਹਿਮਦ ਖਾਨ ਖਰਲ: ਰਾਵੀ ਦਾ ਰਾਠ’ ਵਿੱਚ ਜਿਸ ਭੂਗੋਲਿਕ ਖੇਤਰ ਦੀ ਗੱਲ ਕੀਤੀ ਗਈ ਹੈ, ਉਹ ਰਾਵੀ ਦਰਿਆ ਦੇ ਆਸ-ਪਾਸ ਦਾ ਇਲਾਕਾ ਹੀ ਹੈ ਅਤੇ ਇਹ ਇਲਾਕਾ ਇੱਥੋਂ ਦੇ ਸਥਾਨਕ ਵਾਸੀਆਂ ਦੀ ਹੋਣੀ ਇਤਿਹਾਸਕ ਫੈਸਲਾਕੁੰਨ ਸਥਿਤੀਆਂ ਦੀ ਬਾਤ ਸੁਣਾਉਂਦਾ ਹੈ। ‘ਰਾਠ’ ਸ਼ਬਦ ਤੋਂ ਭਾਵ ਸਰਦਾਰ, ਦਲੇਰ ਵਿਅਕਤੀ, ਰਾਜਪੁਤਾਨੇ ਦੀ ਇੱਕ ਜੱਟ ਜਾਤੀ ਤੋਂ ਹੈ। ਅਤੇ ਰਾਏ ਇੱਕ ਉਪਾਧੀ ਹੈ, ਜਿਸ ਤੋਂ ਭਾਵ ਅਮੀਰ ਜਾਂ ਸਰਦਾਰ ਹੈ। ਇਸੇ ਤਰ੍ਹਾਂ ਖਰਲ ਪਾਕਿਸਤਾਨ ਵਿਚਲੇ ਪੰਜਾਬ ਦੀ ਇੱਕ ਜਾਤੀ ਜਾਂ ਕਬੀਲੇ ਦਾ ਨਾਮ ਹੈ, ਜਿਸ ਦੀ ਵੰਸ਼ ਵਿੱਚੋਂ ‘ਅਹਿਮਦ ਖਾਨ’ ਹੋਇਆ, ਜੋ ਪਾਕਿਸਤਾਨੀ ਪੰਜਾਬ ਵਿੱਚ ਇੱਕ ਸ਼ਹੀਦ ਦੇ ਤੌਰ `ਤੇ ਮਕਬੂਲ ਹੋਇਆ। ਸ਼ਹੀਦ ਇਸ ਲਈ, ਕਿਉਂਕਿ ਉਸਨੇ ਆਪਣੀ ਬਹਾਦਰੀ-ਦਲੇਰੀ ਦਾ ਪ੍ਰਮਾਣ ਦਿੰਦਿਆਂ ਅੰਗਰੇਜਾਂ ਨਾਲ ਆਢਾ ਲਾਇਆ, ਆਪਣੀਆਂ ਕ੍ਰਾਂਤੀਕਾਰੀ, ਵਿਦਰੋਹੀ ਗਤੀਵਿਧੀਆਂ ਨਾਲ ਸਮਕਾਲੀ ਹਕੂਮਤ ਦੀ ਨੱਕ ਵਿੱਚ ਦਮ ਕੀਤਾ। ਅੰਤ ਨੂੰ ਉਹ ਬਰਤਾਨਵੀ ਸਾਮਰਾਜ ਵਿਰੋਧੀ ਗਤੀਵਿਧੀਆਂ ਅਰੰਭਣ/ਵਿੱਢਣ ਕਾਰਨ ਸ਼ਹੀਦ ਹੋ ਗਿਆ। ਉਸ ਦੇ ਉਤਰ-ਅਧਿਕਾਰੀ ਪਾਕਿਸਤਾਨੀ ਬਜਾਰਤ ਵਿੱਚ ਆਪਣਾ ਹੱਥ ਸਫਲਤਾਪੂਰਵਕ ਅਜ਼ਮਾ ਚੁੱਕੇ ਹਨ ਅਤੇ ਲਗਾਤਾਰ ਰਾਜਨੀਤੀ ਵਿੱਚ ਸ਼ਿਰਕਤ ਕਰ ਰਹੇ ਹਨ।
‘ਰਾਏ ਅਹਿਮਦ ਖਾਨ ਖਰਲ: ਰਾਵੀ ਦਾ ਰਾਠ’ ਧਰਮ ਸਿੰਘ ਗੋਰਾਇਆ ਦੀ ਨੌਵੀਂ ਪੁਸਤਕ ਹੈ, ਜੋ ਪੰਜਾਬ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਵਿੱਚ ਲੇਖਕ ਦੀ ਕਲਮ ਬਾਰੇ ਆਪਣੀ ਸਵੈ-ਜਾਣਕਾਰੀ, ਅਸਦ ਸਲੀਮ ਸ਼ੇਖ (ਧਰਮ ਸਿੰਘ ਗੋਰਾਇਆ – ਖੋਜ ਦਾ ਸਫ਼ਰ) ਅਤੇ ਡਾ. ਤੌਹੀਦ ਅਹਿਮਦ ਚੱਠਾ (ਪੁਨਰ-ਵਿਚਾਰ) ਤੋਂ ਇਲਾਵਾ ਕੁੱਲ ਸਤਾਰ੍ਹਾਂ ਲੇਖ ਦਰਜ ਹਨ, ਜੋ ਤਰਤੀਬ ਅਨੁਸਾਰ ‘ਪੰਜਾਬ ਦਾ ਅੱਗਾ-ਪਿੱਛਾ’, ‘ਸਿੱਖਾਂ ਦੇ ਰਾਜ-ਕਾਲ ਦਾ ਅੰਤ’, ‘ਲਾਹੌਰ ਕਿਲੇ ਉਪਰ ਯੂਨੀਅਨ ਜੈਕ’, ‘ਰਾਵੀ ਦਾ ਜਾਂਬਾਜ਼ ਸਪੂਤ’, ‘ਮੁਗਲੀਆ ਸਲਤਨਤ ਦਾ ਖਾਤਮਾ’, ‘ਪੰਜਾਬ ਅੰਦਰ ਦਹਿਸ਼ਤੀ ਦੌਰ’, ‘ਜ਼ਮੀਨੀ ਲਗਾਨ ਦਾ ਸੁਆਲ’, ‘ਪਹਿਲੀ ਜੰਗ ਦੀ ਸ਼ੁਰੂਆਤ’, ‘26 ਜੁਲਾਈ’, ‘ਕਬੀਲੇ ਮੁਖੀਆਂ ਦੀ ਗੁਪਤ ਮਿਲਣੀ’, ‘ਆਖਰੀ ਜੰਗ’, ‘ਸੂਰਬੀਰ ਬਚਨ ਕੇ ਬਲੀ’, ‘ਅੰਗਰੇਜਾਂ ਦੇ ਚਹੇਤੇ’, ‘ਅਸਰ ਦੀ ਨਿਮਾਜ਼ ਦਾ ਵਕਤ’, ‘ਬੱਰਕਲੇ (LਓੌਫੌLਧ ਾਂੀਠਢਘਓ੍ਰੳLਧ ਭਓ੍ਰਖਓLਓੈ) ਦੀ ਮੌਤ’, ‘ਸਰਕਾਰੀ ਲਿਖਤਾਂ’, ‘ਬਾਗੀਆਂ ਦੇ ਸੰਘਰਸ਼ ਦੀ ਜਲਦ ਸਮਾਪਤੀ-ਕਾਰਨ’ ਪ੍ਰਮੁੱਖ ਹਨ।
ਪੁਸਤਕ ਦੇ ਅਧਿਐਨ ਤੋਂ ਲੇਖਕ ਦੀ ਪਹੁੰਚ ਵਿਧੀ, ਉਸਦੀ ਲਿਖਣ-ਸ਼ੈਲੀ, ਉਸਦੀ ਇਤਿਹਾਸ ਵਾਚਣ ਵਿਧੀ, ਉਸ ਦੁਆਰਾ ਖੇਤਰੀ ਖੋਜ ਦੌਰਾਨ ਵਰਤੇ ਗਏ ਖੋਜ-ਸੰਦਾਂ, ਇਤਿਹਾਸਕ ਲਿਖਤਾਂ: ਵਾਚਣ ਢੰਗਾਂ, ਸਰਕਾਰੀ ਰਿਕਾਰਡ ਦੀ ਖੋਜ ਦੌਰਾਨ ਉਚਿੱਤ ਪ੍ਰਮਾਣਿਕਤਾ ਹਿੱਤ ਵਰਤੋਂ, ਖਾਸ ਤੌਰ `ਤੇ ਉਸਦੇ ਵਿਅਕਤੀਗਤ ਦ੍ਰਿਸ਼ਟੀਕੋਣ ਬਾਰੇ ਪਤਾ ਲੱਗਦਾ ਹੈ। ਲੇਖਕ ਦੀ ਇਤਿਹਾਸ ਵਾਚਣ ਸੰਬੰਧੀ ਪ੍ਰਮੁੱਖ ਵਿਧੀ ਮਾਰਕਸਵਾਦੀ ਹੈ। ਉਹ ਲੋਕਧਾਰਾਈ ਸਮੱਗਰੀ ਜਿਵੇਂ ਕਿ ਲੋਕ-ਤੱਥਾਂ, ਅਖੌਤਾਂ, ਪ੍ਰਚਲਿਤ ਲੋਕ ਧਾਰਨਾਵਾਂ ਦਾ ਇਸਤੇਮਾਲ ਵੀ ਆਪਣੀ ਜਾਣਕਾਰੀ ਹਿਤ ਕਰਦਾ ਹੈ। ਲੇਖਕ ਦੀ ਪ੍ਰਤਿਬੱਧਤਾ ਦੇਸੀ ਆਜ਼ਾਦੀ ਘੁਲਾਟੀਆਂ ਪ੍ਰਤੀ ਹੈ ਅਤੇ ਉਹ ਸ਼ੋਸਿਤ ਦੇ ਪੱਖ ਵਿੱਚ ਭੁਗਤਦਾ ਨਜ਼ਰੀ ਆਉਂਦਾ ਹੈ। ਅਜਿਹਾ ਨਹੀਂ ਕਿ ਇਸ ਪੁਸਤਕ ਤੋਂ ਹੀ ਉਸਦੇ ਸ਼ੋਸਿਤ ਜਾਂ ਸਮਾਜਵਾਦੀ ਕੀਮਤਾਂ ਦੇ ਪੱਖ ਵਿੱਚ ਭੁਗਤਣ ਦਾ ਪਤਾ ਚਲਦਾ ਹੈ, ਸਗੋਂ ਉਸ ਦੀਆਂ ਪੂਰਵਲੀਆਂ ਲਿਖਤਾਂ ਜਿਵੇਂ ਕਿ ‘ਦੁੱਲਾ ਭੱਟੀ’, ‘ਚੀ ਗੁਵੇਰਾ’, ‘ਜੱਗਾ ਸੂਰਮਾ’, ‘ਕਾਮਰੇਡ ਤੇਜਾ ਸਿੰਘ ਸੁਤੰਤਰ’ ਆਦਿ ਬਾਰੇ ਪ੍ਰਕਾਸ਼ਿਤ ਲਿਖਤਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਲੇਖਕ ਦੇ ਇਤਿਹਾਸਕ ਨਾਇਕ ਦੇਸੀ ਉਹ ਸੂਰਮੇ/ਯੋਧੇ ਹਨ, ਜਿਨ੍ਹਾਂ ਨੇ ਲੋਕ-ਹਿਤੈਸ਼ੀ ਵਿਚਾਰਧਾਰਾ ਤੋਂ ਸੋਸ਼ਕ ਸਥਾਪਤੀ ਪ੍ਰਤੀ ਆਵਾਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਲੇਖਕ ਦਾ ਆਪਣੀ ਇਸ ਪੁਸਤਕ ਦੇ ਪ੍ਰਕਾਸ਼ਨ ਪਿੱਛੇ ਮੂਲ ਮਕਸਦ ਜਾਂ ਉਦੇਸ਼ ‘ਅਹਿਮਦ ਖਾਨ ਖਰਲ’ ਦੀ ਜਾਬਰ ਸੱਤਾਧਿਰ ਅੰਗਰੇਜ਼ ਹਕੂਮਤ ਖਿਲਾਫ਼ ਇਨਕਲਾਬੀ ਮੁਹਿੰਮ ਬਾਰੇ ਜਾਣਕਾਰੀ ਦੇਣਾ ਅਤੇ ਉਸ ਦੇ ਵਿਰੋਧ ਸਮੇਂ ਵਰਤੇ ਗਏ ਢੰਗ, ਤਰੀਕਿਆਂ ਬਾਰੇ ਦੋਵੇਂ ਪੰਜਾਬਾਂ (ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ) ਦੇ ਵਸਨੀਕਾਂ ਤੇ ਦੇਸ-ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਦੱਸਣਾ ਹੈ ਅਤੇ ਉਸਦੇ ਨਾਇਕਤਵ, ਆਦਰਸ਼ਵਾਦੀ, ਕ੍ਰਾਂਤੀਕਾਰੀ, ਜਨ-ਹਿਤੈਸ਼ੀ, ਸਮਾਜਵਾਦੀ ਕਿਰਦਾਰ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਅਤੇ ਸਮੁੱਚਾ ਪੰਜਾਬੀ ਪਾਠਕ ਵਰਗ ਆਪਣੇ ਵਿਰਾਸਤੀ ਨਾਇਕਾਂ ਦੇ ਰਾਹ ਉਪਰ ਤੁਰ ਸਕੇ ਤੇ ਉਨ੍ਹਾਂ ਦੀ ਆਦਰਸ਼ਕ ਭੂਮਿਕਾ ਤੋਂ ਸੇਧ ਲੈ ਸਕੇ।
ਲੇਖਕ ਦੇ ਪੁਸਤਕ ਲੇਖਣ ਦੌਰਾਨ ਮੂਲ ਪ੍ਰੇਰਕ ਤੱਤ ਅੰਗਰੇਜੀ ਹਕੂਮਤ, ਦੇਸੀ ਅਤੇ ਵਿਦੇਸ਼ੀ ਲੇਖਕਾਂ ਦੀਆਂ ‘ਅਹਿਮਦ ਖਾਨ ਖਰਲ’ ਬਾਰੇ ਗ਼ਲਤ ਪ੍ਰਚੱਲਿਤ ਧਾਰਨਾਵਾਂ ਦਾ ਤਰਕ ਸਹਿਤ ਖੰਡਨ ਕਰਨਾ ਹੈ। ਉਸ ਲਈ ਪ੍ਰੇਰਕ ਨਾਇਕ ‘ਅਹਿਮਦ ਖਾਨ ਖਰਲ’ ਦੇ ਇਤਿਹਾਸਕ ਕਿਰਦਾਰ ਵਿੱਚ ਕੁਝ ਨਿਵੇਕਲੇ, ਵਿਲੱਖਣ ਮਨੁੱਖ-ਹਿਤੈਸ਼ੀ ਗੁਣਾਂ ਦਾ ਹੋਣਾ ਹੈ। ਉਸਦਾ ਪੱਛਮੀ ਪੰਜਾਬ ਵਿੱਚ ਸ਼ਹੀਦ ਦਾ ਦਰਜਾ ਮਿਲਣਾ ਅਤੇ 1857 ਈ. ਦੀ ਕ੍ਰਾਂਤੀ ਵਿੱਚ ਪੰਜਾਬ ਵੱਲੋਂ ਆਪਣਾ ਬਣਦਾ ਯੋਗਦਾਨ ਪਾਉਣਾ ਪ੍ਰਮੁੱਖ ਹਨ। ਇਸ ਤੋਂ ਇਲਾਵਾ ਉਸ ਦੇ ਇਤਿਹਾਸਕ ਨਾਇਕ ਹੋਣ ਦੇ ਬਾਵਜੂਦ ਸਥਾਪਤੀ ਪੱਖੀ ਇਤਿਹਾਸਕਾਰਾਂ ਵੱਲੋਂ ਉਸਦੇ ਕਿਰਦਾਰ ਅਤੇ ਸ਼ਖ਼ਸੀਅਤ ਨੂੰ ਨਜ਼ਰਅੰਦਾਜ਼ ਕਰਨਾ ਵੀ ਲੇਖਕ ਲਈ ਪ੍ਰੇਰਣਾ ਦਾ ਸ੍ਰੋਤ ਬਣਿਆ, ਕਿਉਂਕਿ ਖੋਜੀ ਇਤਿਹਾਸਕਾਰਾਂ ਉੱਤੇ ਇਸ ਦੇ ਨਜ਼ਰਅੰਦਾਜ਼ ਕਰਨ ਸੰਬੰਧੀ ਥਾਂ-ਥਾਂ ਰੋਸ ਜਾਹਿਰ ਕਰਦਾ ਹੈ ਅਤੇ ਇਤਿਹਾਸ ਤੇ ਇਤਿਹਾਸਕਾਰਾਂ ਨੂੰ ਹਰ ਵਰਗ ਨੂੰ ਉੱਚਿਤ ਸਨਮਾਨ ਦੇਣ ਲਈ ਨਸੀਹਤ ਵੀ ਦਿੰਦਾ ਹੈ।
‘ਪੰਜਾਬ ਦਾ ਅੱਗਾ ਪਿੱਛਾ’ ਅਧਿਆਇ ਵਿੱਚ ਧਰਮ ਸਿੰਘ ਗੋਰਾਇਆ ਵੱਲੋਂ ਇਹ ਅਹਿਦ ਲਿਆ ਗਿਆ ਹੈ ਕਿ ਉਹ ਆਪਣੀ ਖੋਜ ਦੌਰਾਨ ਕੋਈ ਵੀ ਅਤਿਕਥਨੀ, ਅਲੋਕਾਰੀ ਬਿਆਨਬਾਜ਼ੀ ਤੋਂ ਰਹਿਤ ਤੱਥਾਤਮਕ, ਵਿਗਿਆਨਕ ਅਤੇ ਤਾਰਕਿਕ ਸਿੱਟੇ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਸ ਦੁਆਰਾ ਇਕੱਤਰ ਜਾਣਕਾਰੀ ਪ੍ਰਮਾਣਿਕ ਹੋਵੇ। ਇਸ ਲਈ ਉਹ ਪੰਜਾਬ ਦੀ ਭੂਗੋਲਿਕ ਮਿੱਟੀ ਦਾ ਮਾਨਵੀਕਰਨ ਕਰਦਾ ਉਸਦੀ ਸਹੁੰ ਖਾਂਦਾ ਆਖਦਾ ਹੈ: “ਮੇਰਾ ਮੂੰਹ ਸੜ ਜਾਵੇ। ਮੇਰੀ ਕਾਇਨਾਤ ਭਸਮ ਹੋ ਜਾਵੇ ਜੇਕਰ ਮੈਂ ਜੋ ਸੁਣਿਆ, ਵੇਖਿਆ ਤੇ ਪੜ੍ਹਿਆ- ਇਨ ਬਿਨ ਉਹ ਤੇਰੇ ਕਦਮਾਂ ਵਿੱਚ ਨਾ ਰੱਖਾਂ।”
ਲੇਖਕ ਇਸ ਅਧਿਆਇ ਦੀ ਸ਼ੁਰੂਆਤ ਭਾਰਤੀ ਸਾਂਝੇ ਪੰਜਾਬ ਦੀ ਭੂਗੋਲਿਕ, ਸੱਭਿਆਚਾਰਕ ਸਥਿਤੀ ਦੀ ਜਾਣਕਾਰੀ ਮੁਹੱਈਆ ਕਰਨ ਤੋਂ ਕਰਦਾ ਹੈ ਅਤੇ ਗੁਰੂਆਂ-ਪੀਰਾਂ ਦੀ ਬਾਣੀ ਨੂੰ ਹਵਾਲੇ ਦੇ ਰੂਪ ਵਿੱਚ ਪੰਜਾਬ ਦੀ ਝਲਕ ਪੇਸ਼ ਕਰਨ ਲਈ ਪੇਸ਼ ਕਰਦਾ ਹੈ। ਉਹ 19ਵੀਂ ਸਦੀ ਵਿੱਚ ਪੰਜਾਬੀ, ਹਿੰਦੂ ਤੇ ਮੁਸਲਾਮਾਨਾਂ ਦੀ ਸੰਪ੍ਰਦਾਇਕ ਵੰਡ ਨੂੰ ਤਿੱਖੇ ਰੂਪ ਵਿੱਚ ਵੰਡੀ ਹੋਈ ਆਖਦਾ ਹੈ ਅਤੇ ਨਾਲ ਧਾਰਮਿਕ ਸਦਭਾਵਨਾ, ਭਾਈਚਾਰਕ ਸਾਂਝ ਦੀਆਂ ਮਿਸਾਲਾਂ ਪੇਸ਼ ਹੋਈਆਂ ਵੀ ਸਵੀਕਾਰਦਾ ਹੈ। ਭਾਵ ਸਾਂਝੇ ਪੰਜਾਬ ਦਾ ਹਰ ਖੇਤਰ ਅਤੇ ਹਰ ਕਾਲ ਸੰਪ੍ਰਦਾਇਕ ਨਫ਼ਰਤ ਦਾ ਸ਼ਿਕਾਰ ਨਹੀਂ ਸੀ। ਉਹ ਇਤਿਹਾਸਕ ਰਾਜਨੀਤਿਕ ਦਾਅ-ਪੇਚਾਂ ਅਤੇ ਪੈਂਤੜਿਆਂ ਦੀ ਰੀਤ ਧੁਰੋਂ ਚੱਲੀ ਆਖਦਾ ਹੈ ਅਤੇ ਇਸਨੂੰ ਅੱਜ ਦੇ ਸਮਕਾਲੀ ਭਾਜਪਾ ਰਾਜ ਨਾਲ ਮੇਚ-ਮਾਪ ਕੇ ਵੇਖਦਾ ਹੈ। ਜਿਵੇਂ ਉਹ ਆਖਦਾ ਹੈ: “ਅੱਜ ਜੋ ਲੋਕ ਪੂਰੇ ਮੁਲਖ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਦਿਨ-ਰਾਤ ਸਾਜਿਸ਼ਾਂ ਘੜ ਰਹੇ ਹਨ। ਉਹ ਕਿਧਰੇ ਪੰਜਾਬੀਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਜਾਣ-ਬੁਝ ਕੇ ਨਜ਼ਰ ਅੰਦਾਜ਼ ਕਰ ਰਹੇ ਹਨ।”
ਉਹ ਗੰਜੀਬਾਰ, ਨੀਲੀਬਾਰ ਅਤੇ ਸਾਂਦਰਬਾਰ ਦੇ ਤ੍ਰਾਸਦਿਕ ਇਤਿਹਾਸਕ ਕਾਲਖੰਡ ਦੀ ਗੱਲ ਕਰਦਾ ਇੱਥੋਂ ਦੇ ਵਸਨੀਕਾਂ ਤੇ ਵਿਦਰੋਹੀਆਂ ਪ੍ਰਤੀ ਹਮਦਰਦੀ ਜਤਾਉਂਦਾ ਹੈ ਕਿ ਕਿਸ ਤਰ੍ਹਾਂ ਉਹ ਹਕੂਮਤ ਦੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ। ਉਹ ਆਪਣੇ ਵਿਸ਼ੇ ਦੀ ਸੀਮਾ ਤੈਅ ਕਰਦਾ ਆਖਦਾ ਹੈ ਕਿ ਉਪਰੋਕਤ ਤਿੰਨ ਬਾਰਾਂ ਤੋਂ ਇਲਾਵਾ ਨਕੱਈ ਸਿੱਖ ਮਿਸਲ, ਰਾਵੀ ਦੇ ਆਸ-ਪਾਸ ਦਾ ਇਲਾਕਾ ਅਤੇ ਇਤਿਹਾਸਕ ਦੇਸ਼-ਭਗਤਾਂ ਦੀਆਂ ਗਤੀਵਿਧੀਆਂ ਉਪਰ ਇਤਿਹਾਸਕ, ਸਮਾਜ-ਸਭਿਆਚਾਰ ਚਾਨਣਾ ਪਾਇਆ ਜਾਵੇਗਾ। ਲੇਖਕ ਇਸ ਲੇਖ ਵਿੱਚ ‘ਅਹਿਮਦ ਖਾਨ ਖਰਲ’ ਅਤ ‘ਮਹਾਰਾਜਾ ਰਣਜੀਤ ਸਿੰਘ’ ਦੀ ਮਿਲਣੀ ਸੰਬੰਧੀ ਕੋਈ ਪੁਖਤਾ ਸਬੂਤ ਨਾ ਮਿਲਣ ਦੀ ਸੂਰਤ ਵਿੱਚ ਆਪਣੀ ਅਸਮਰੱਥਾ ਜਾਹਿਰ ਕਰਦਾ ਹੈ। ਉਹ ‘ਮਾਰਕਸ’ ਦੇ ‘ਈਸਟ ਇੰਡੀਆ ਕੰਪਨੀ’ ਸੰਬੰਧੀ ਲਿਖੇ ਲੇਖ ਦੇ ਹਵਾਲੇ ਨਾਲ ਅੰਗਰੇਜ਼ਾਂ ਨੂੰ ਚਤੁਰ ਕੂਟਨੀਤੀਵਾਨ ਆਖਦਾ ਹੈ, ਕਿਉਂਕਿ ਉਨ੍ਹਾਂ ਕੰਪਨੀ ਤੋਂ ਆਪਣੇ ਆਪ ਨੂੰ ਸਾਮਰਾਜ ਵਿੱਚ ਤਬਦੀਲ ਕਰ ਲਿਆ ਸੀ।
‘ਸਿੱਖਾਂ ਦੇ ਰਾਜ-ਕਾਲ ਦਾ ਅੰਤ’ ਲੇਖ ਵਿੱਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੋਂ ਹੁੰਦੇ ਹੋਏ ਦੋ ਸਿੱਖ ਐਂਗਲੋ-ਯੁੱਧਾਂ ਬਾਰੇ ਸੰਖੇਪ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ। ਤੀਸਰਾ ਲੇਖ ‘ਲਾਹੌਰ ਕਿਲ੍ਹੇ ਉਪਰ ਯੂਨੀਅਨ ਜੈਕ’ ਹੈ। ਇਸ ਵਿੱਚ ਵੀ ਲੇਖਕ ਐਂਗਲੋ ਸਿੱਖ ਯੁੱਧਾਂ ਤੋਂ ਅਗਲੀ ਪੰਜਾਬ ਦੀ ਇਤਿਹਾਸਕ ਸਥਿਤੀ ਬਿਆਨਦਾ ਆਪਣੇ ਮੂਲ ਵਿਸ਼ੇ ਵੱਲ ਵਧਦਾ ਹੈ। ਇਸ ਲੇਖ ਵਿੱਚ ਖੋਜੀ ਆਪਣੀ ਖੋਜ ਦੀ ਪ੍ਰਮਾਣਿਕਤਾ ਨੂੰ ਖੁਦ ਹੀ ਅਸ਼ੰਕਿਤ ਕਰਦਾ ਹੈ, ਜਦੋਂ ਉਹ ਸਾਂਦਲਬਾਰ ਦੇ ਇਤਿਹਾਸ ਵਿੱਚ ਹੋਏ ਦੇਸੀ ਵਿਦਰੋਹਾਂ ਦੀ ਗੱਲ ਕਰਦਾ ਆਖਦਾ ਹੈ ਕਿ “ਇਹ ਸ਼ਾਇਦ ਸਾਂਦਲਬਾਰ ਅੰਦਰ ਹੀ ਦੂਜੀ ਵੇਰ ਹੋਣ ਜਾ ਰਿਹਾ ਸੀ, ਜਿੱਥੇ ਪਿੰਡੀ ਭੱਟੀਆਂ ਤੋਂ ਭੱਟੀ ਰਾਜਪੂਤ ਬਦੇਸ਼ੀ ਹਮਲਾਵਰਾਂ (ਮੁਗ਼ਲਾਂ) ਖਿਲਾਫ਼ ਲੜੇ ਸਨ ਤੇ ਦੂਸਰੀ ਵਾਰ ਪਿੰਡ ਝੂਮਰ ਵਿੱਚ ਖਰਲਾਂ ਦਾ ਖਾਨਦਾਨ ਬਦੇਸ਼ੀ (ਅੰਗਰੇਜ਼ੀ) ਹਾਕਮ-ਸ਼ਾਹੀ ਵਿਰੁੱਧ ਲੜੇ ਸਨ।” ਖੋਜੀ ਪਟਿਆਲੇ ਦੇ ਰਾਜਘਰਾਣਿਆਂ ਨੂੰ ਅਤੇ ਅੰਗਰੇਜ਼ ਹਕੂਮਤ ਦੇ ਅਧੀਨ ਵਿਚਰਦੇ ਮਹਾਰਾਜਿਆਂ ਨੂੰ ਦੇਸ਼ਧ੍ਰੋਹੀ ਆਖਦਾ ਹੈ; ਇਸਦਾ ਕਾਰਨ ਉਨ੍ਹਾਂ ਦਾ ਆਪਣੇ ਸਮਕਾਲੀ ਜਮਾਤੀ ਹਿੱਤਾਂ ਤੋਂ ਕਿਨਾਰਾ ਅਤੇ ਨਿੱਜੀ ਹਿੱਤ ਨੂੰ ਤਰਜੀਹ ਦੇਣਾ ਹੈ।
‘ਰਾਵੀ ਦਾ ਜਾਂਬਾਜ਼ ਸਪੂਤ’ ਲੇਖ ਵਿੱਚ ਖੋਜੀ ਇਤਿਹਾਸਕਾਰਾਂ ਦੀ ਗ਼ਲਤ ਵਿਆਖਿਆ ਜਾਂ ਇਤਿਹਾਸਕ ਤੱਥਾਂ ਦੀ ਤੋੜ-ਮਰੋੜ ਕੇ ਪੇਸ਼ਕਾਰੀ ਕਰਨ ਤੇ ਸੱਤਾਧਿਰ ਦੇ ਹੱਕ ਵਿੱਚ ਇਤਿਹਾਸ ਨੂੰ ਭੁਗਤਾਉਣ ਅਤੇ ਉਨ੍ਹਾਂ ਪ੍ਰਤੀ ਰੋਸ ਜਾਹਿਰ ਕਰਦਾ ਹੈ ਤੇ ਅਸਲੀ ਇਤਿਹਾਸਕ ਸੂਰਮਿਆਂ ਦੀ ਗਾਥਾ ਸਹੀ ਜਾਂ ਨਿਆਇਕ ਰੂਪ ਪੇਸ਼ ਕਰਨ ਦੀ ਨਸੀਹਤ ਦਿੰਦਾ ਹੈ। ਲੇਖਕ ਹਥਲੀ ਪੁਸਤਕ ਦੇ ਨਾਇਕ ਦੇ ਜੀਵਨ ਦੀ ਜਾਣਕਾਰੀ ਇਸ ਲੇਖ ਵਿੱਚ ਵਿਅਕਤ ਕਰਦਾ ਹੈ। ਇਸ ਤੋਂ ਪਹਿਲਾਂ ਵਾਲੇ ਪਾਠ ਨੂੰ ਪੰਜਾਬ ਦੀ ਇਤਿਹਾਸਕ ਭੂਮਿਕਾ ਦੇ ਰੂਪ ਵਿੱਚ ਪੇਸ਼ ਕਰਦਾ ਹੈ ਤਾਂ ਜੋ ਪਾਠਕ ਨੂੰ ਪੰਜਾਬ ਦੇ ਅਤੀਤ ਨਾਲ ਵਰਤਮਾਨ ਘਟਨਾਵਾਂ ਦੇ ਜੁੜਨ ਵਿੱਚ ਕੋਈ ਸਮੱਸਿਆ ਨਾ ਹੋਵੇ। ਲੇਖਕ ਆਦਿ ਕਾਲ ਤੋਂ ਹੀ ਪੰਜਾਬੀਆਂ ਨੂੰ ਵੱਖ-ਵੱਖ ਮਿਸਾਲਾਂ ਸਹਿਤ ਇਨਕਲਾਬੀ ਅਤੇ ਸੂਰਮੇ, ਅਣਖੀਲੇ ਸਿੱਧ ਕਰਦਾ ਹੈ। ਉਸਦੀ ਇਤਿਹਾਸਕ ਜਾਣਕਾਰੀ ਦਾ ਸ੍ਰੋਤ ਬਹੁਤੇ ਰੂਪ ਵਿੱਚ ਲੋਕ-ਰਵਾਇਤਾਂ ਹਨ, ਜੋ ਜੁਬਾਨੀ ਰੂਪ ਵਿੱਚ ਇਤਿਹਾਸ ਲੇਖਣ ਲਈ ਤੱਥਾਂ ਦੇ ਰੂਪ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਸੋ ਮਿੱਥਾਂ ਤੋਂ ਪ੍ਰਾਪਤ ਇਤਿਹਾਸਕ ਤੱਥ ਗਲਪ ਵਿੱਚ ਤਬਦੀਲ ਹੋਏ ਜਾਪਦੇ ਹਨ।
‘ਮੂਗਲੀਆ ਸਲਤਨਤ ਦਾ ਖਾਤਮਾ’ ਲੇਖ ਵਿੱਚ 1857 ਈ. ਦੀ ਕ੍ਰਾਂਤੀ ਦਾ ਇਤਿਹਾਸਕ ਪ੍ਰਸੰਗ ਹੈ। ਲੇਖਕ ਝਾਂਸੀ ਦੀ ਰਾਣੀ (ਲਕਸ਼ਮੀ ਬਾਈ) ਸੰਬੰਧੀ ਇਤਿਹਾਸਕਾਰਾਂ ਵੱਲੋਂ ਉਸ ਪ੍ਰਤੀ ਗ਼ਲਤ ਤੱਥਾਂਤਮਕ ਜਾਣਕਾਰੀ ਦੇਣ ਪ੍ਰਤੀ ਗਿਲਾ ਜਤਾਉਂਦਾ ਹੈ। ਉਸ ਅਨੁਸਾਰ ਲਕਸ਼ਮੀ ਬਾਈ ਕੋਈ ਸੂਰਬੀਰ ਜਾਂ ਯੋਧਾ ਇਸਤਰੀ ਨਹੀਂ ਸੀ, ਸਗੋਂ ਸਮਝੌਤਾਵਾਦੀ, ਮੌਕਾਪ੍ਰਸਤ ਇਸਤਰੀ ਸੀ। ਇਸਦੇ ਪ੍ਰਮਾਣ ਲਈ ਉਹ ਝਾਂਸੀ ਦੀ ਰਾਣੀ ਦੀਆਂ ਅੰਗਰੇਜ਼ਾਂ ਨੂੰ ਲਿਖੀਆਂ ਤਿੰਨ ਚਿੱਠੀਆਂ ਦਾ ਹਵਾਲਾ ਪੇਸ਼ ਕਰਦਾ ਹੈ। ਉਸ ਅਨੁਸਾਰ ਇਹ ਚਿੱਠੀਆਂ ਲੰਡਨ ਵਿਖੇ ਅੱਜ ਵੀ ਮੌਜੂਦ ਹਨ। ਇਸ ਸੰਬੰਧੀ ਸਾਡੇ ਜ਼ਿਹਨ ਵਿੱਚ ਦੋ ਸਵਾਲ ਖੜ੍ਹੇ ਹੁੰਦੇ ਹਨ: ਪਹਿਲਾ, ਹੋ ਸਕਦਾ ਇਹ ਜਾਣਕਾਰੀ ਪ੍ਰਮਾਣਿਕ ਹੋਵੇ। ਦੂਸਰਾ, ਹੋ ਸਕਦਾ ਹੈ ਕਿ ਉਹ ਆਜ਼ਾਦੀ ਘੁਲਾਟੀਆਂ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਅੰਗਰੇਜ਼ਾਂ ਦੁਆਰਾ ਕੋਈ ਸਾਜਿਸ਼ ਤਹਿਤ ਲਿਖਵਾਈਆਂ ਗਈਆਂ ਹੋਣ ਤਾਂ ਜੋ ਕ੍ਰਾਂਤੀ ਲਈ ਸਾਂਝਾ ਗਠਜੋੜ ਤਿਆਰ ਨਾ ਹੋ ਸਕੇ। ਪੰਜਾਬ ਦੇ 1857 ਈ. ਦੇ ਵਿਦਰੋਹ ਵਿੱਚ ਹਿੱਸਾ ਨਾ ਲੈਣ ਦੇ ਲੇਖਕ ਪੰਜ ਪ੍ਰਮੁੱਖ ਕਾਰਨ ਗਿਣਵਾਉਂਦਾ ਹੈ। ਜਿਵੇਂ ਕਿ: ਸਿੱਖ ਰਾਜ ਦਾ ਖਾਤਮਾ, ਜਗੀਰਦਾਰਾਂ ਦਾ ਦੇਸ਼ਧ੍ਰੋਹ, ਮੁਗਲੀਆ ਗੁਲਾਮੀ ਦੀ ਆਦਤ, ਪੰਜਾਬੀ ਜਗੀਰਦਾਰਾਂ ਦਾ ਅੰਗਰੇਜ਼ਾਂ ਨੂੰ ਸਮਰਥਨ ਅਤੇ ਪੂਰਬੀ ਸੈਨਿਕਾਂ ਦਾ ਪੰਜਾਬ ਵਿਰੁੱਧ ਅੰਗਰੇਜ਼ਾਂ ਦਾ ਸਾਥ, ਆਦਿ।
ਆਪਣੇ ਛੇਵੇਂ ਅਧਿਆਇ ‘ਪੰਜਾਬ ਅੰਦਰ ਦਹਿਸ਼ਤੀ ਦੌਰ’ ਵਿੱਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਤਿਹਾਸ ਦੇ ਵਿੱਚ ਵੱਡੀਖੋਰ, ਰਿਸ਼ਵਤਖੋਰ ਅਤੇ ਕੌਮ ਨਾਲ ਗੱਦਾਰੀ ਕਰਨ ਵਾਲੇ ਤੇ ਉਨ੍ਹਾਂ ਦੇ ਉਤਰਾਧਿਕਾਰੀ ਵਾਧੂ (ਸਰਪਲਸ) ਜਾਇਜ਼-ਨਾਜਾਇਜ਼ ਪੂੰਜੀ ਦੀ ਮਦਦ ਨਾਲ ਅੱਜ ਮੁਲਕ ਦੀ ਰਾਜਨੀਤੀ `ਤੇ ਕਾਬਜ ਹਨ- ਭਾਵ ਮੋਹਤਬਰ ਵਿਅਕਤੀ ਬਣੇ ਬੈਠੇ ਹਨ। ਉਨ੍ਹਾਂ ਦੀ ਅੱਜ ਦੀ ਪੁਜੀਸ਼ਨ ਜਾਂ ਸਥਿਤੀ ਪਿੱਛੇ ਉਨ੍ਹਾਂ ਦੇ ਪੁਰਖਿਆਂ ਦੀ ਨਾਜਾਇਜ਼ ਢੰਗ ਨਾਲ ਇਕੱਤਰ ਕੀਤੀ ਦੌਲਤ ਦਾ ਯੌਗਦਾਨ ਹੈ। ਇਸ ਵਿੱਚ ਲੇਖਕ 1857 ਈ. ਦੇ ਵਿਦਰੋਹ ਸਮੇਂ ਪੰਜਾਬ ਦੇ ਹਾਲਾਤ ਬਿਆਨ ਕਰਦਾ ਹੈ।
ਸੱਤਵੇਂ ਲੇਖ ‘ਜ਼ਮੀਨੀ ਲਗਾਨ ਦਾ ਸੁਆਲ’ ਵਿੱਚ ਚਿੰਤਕ ਅਹਿਮਦ ਖਾਨ ਖਰਲ ਦੀ ਵਿਲੱਖਣਤਾ ਉਸਦੇ ਜਮਾਤੀ ਜਗੀਰਦਾਰਾਂ ਸਰਦਾਰਾਂ ਨਾਲੋਂ ਇਸ ਲਈ ਮੰਨਦਾ ਹੈ ਕਿ ਉਸਨੇ ਅੰਗਰੇਜ਼ਾਂ ਦੇ ਪਿੱਠੂ ਬਣਨ ਦੀ ਥਾਂ ਆਵਾਮ ਪੱਖੀ ਅਤੇ ਹਾਕਮ ਵਿਰੋਧੀ ਭੂਮਿਕਾ ਨਿਭਾਈ। ਭਾਵ ਉਸਨੇ ਆਪਣੀ ਜਮਾਤ ਵਿਰੋਧੀ ਕਿਰਦਾਰ ਅਦਾ ਕੀਤਾ। ਲੇਖਕ ਉਸਦੇ ਸਥਾਪਤੀ ਵਿਰੁੱਧ ਭੁਗਤਣ ਦਾ ਕਾਰਨ ਉਸਦੀ ਆਦਰਸ਼ਵਾਦੀ ਸ਼ਖਸੀਅਤ ਅਤੇ ਮਾਣ-ਸਨਮਾਨ ਨੂੰ ਮੰਨਦਾ ਹੈ। ਅਣਖ ਅਤੇ ਆਬਰੂਹ ਪੱਖੋਂ ਉਹ ‘ਅਹਿਮਦ ਖਾਨ’ ਦੀ ਤੁਲਨਾ ‘ਦੁੱਲੇ ਭੱਟੀ’ ਨਾਲ ਕਰਦਾ ਹੈ, ਕਿਉਂਕਿ ਉਸ ਨੇ ਵੀ ਮੁਗ਼ਲ ਸਰਕਾਰ ਨੂੰ ਇਸੇ ਤਰ੍ਹਾਂ ਵੰਗਾਰ ਪਾਈ ਸੀ। ਉਸਦੇ ਇਸ ਲੇਖ ਵਿੱਚ ਪ੍ਰਕਿਰਤਿਕ ਵਸਤਾਂ ਦਾ ਮਾਨਵੀਕਰਨ ਅਤੇ ਵਾਰਤਾਲਾਪੀ ਅੰਸ਼ ਉਭਰਦੇ ਹਨ। ਉਹ ਆਪਣੀ ਖੋਜ ਦੀ ਮਹੱਤਤਾ ਅਤੇ ਵਿਲੱਖਣਤਾ ਆਪ ਹੀ ਜਾਹਿਰ ਕਰਦਾ ਪਾਠਕਾਂ ਦੇ ਸਨਮੁੱਖ ਹੁੰਦਾ ਆਖਦਾ ਹੈ:
“ਵਕਤ ਦੀਆਂ ਗਵਾਚੀਆਂ ਪੈੜਾਂ ਦੀ ਨਿਸ਼ਾਨਦੇਹੀ, ਪੁਰਾਣੇ ਅਣ-ਲਿਖੇ ਇਤਿਹਾਸ ਦਾ ਘਾਟਾ ਪੂਰਾ ਕਰਨ ਲਈ ਕਦੇ ਬਜ਼ੁਰਗਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਵਿਚਲੀਆਂ ਘੁੰਡੀਆਂ ਨੂੰ ਖੋਲ੍ਹਣ ਨਾਲ ਤੁਹਾਡੇ ਕੋਲ ਅਣਮੁੱਲੇ ਖਜਾਨੇ ਦਾ ਕੰਮ ਕਰੇਗਾ। ਬਸ ਜ਼ਰਾ ਜੁਗਤ ਲਾਉਣੀ ਆ ਜਾਵੇ। ਵਰਨਾ ਕਿੰਨੇ ਕੁ ਹੁੰਦੇ ਨੇ ਜਿਹੜੇ ਤਾਜੇ ਚੋਏਂ ਦੁੱਧ ਵਿੱਚੋਂ ਅਣਗਿਣਤ ਵਸਤੂਆਂ ਤਿਆਰ ਕਰਨ ਦੀ ਬਜਾਏ ਬਸ ਲੱਸੀ, ਮੱਖਣ, ਦਹੀਂ ਤਕ ਹੀ ਸਿਮਟ ਕੇ ਰਹਿ ਜਾਂਦੇ ਨੇ।”
ਇਸ ਪੁਸਤਕ ਵਿੱਚ ਪਾਠਾਂ ਦੀ ਲੜੀ, ਕੜੀ-ਦਰ-ਕੜੀ ਅੱਗੇ ਵਧਦੀ ਘਟਨਾਵਾਂ ਨੂੰ ਵਾਰਤਾਲਾਪੀ ਸ਼ੈਲੀ ਦੁਆਰਾ ਇੱਕ ਬਿਰਤਾਂਤ ਸਿਰਜਦੀ ਹੈ। ਪੁਸਤਕ ਵਿਚਲੇ ਪਾਠਾਂ ਦੀ ਤਰਤੀਬ ਕਾਲਕ੍ਰਮ ਅਨੁਸਾਰ ਅੱਗੇ ਵਧਦੀ ਹੈ ਅਤੇ ਇਸੇ ਤਰ੍ਹਾਂ ਪਾਠਾਂ ਵਿਚਲੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਵਰਣਨ ਕਹਾਣੀ ਅਤੇ ਲੋਕ-ਕਹਾਣੀਆਂ ਦਾ ਅੰਗ ਜਾਪਦੇ ਹਨ। ਸਮੁੱਚੇ ਰੂਪ ਵਿੱਚ ਪਾਠ ਅਤੇ ਪ੍ਰਸੰਗ ਦਾ ਸੁਚੱਜੇ ਢੰਗ ਦੁਆਰਾ ਮੇਲ ਕੀਤਾ ਗਿਆ ਹੈ। ਖੋਜੀ ਦੇ ਕੇਂਦਰੀ ਪਾਠ ਦੇ ਤੌਰ `ਤੇ 1857 ਈ. ਨਾਲ ਸੰਬੰਧਤ ਪੰਜਾਬ ਦੀਆਂ ਸਥਾਨਕ ਘਟਨਾਵਾਂ ਰਹਿੰਦੀਆਂ ਹਨ, ਕਿਉਂਕਿ ਲਗਾਨ ਸੰਬੰਧੀ ਵਿਦਰੋਹ ਤਾਂ ਇਸ ਸਮੁੱਚੇ ਵਿਦਰੋਹ ਦਾ ਇੱਕ ਪੱਖ ਸੀ। ਲੇਖਕ ਅਹਿਮਦ ਖਾਨ ਸੰਬੰਧੀ ਇਤਿਹਾਸਕਾਰਾਂ ਤੇ ਖੋਜੀਆਂ ਉਪਰ ਉਸਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਉਂਦਾ ਹੀ ਹੈ। ਇਸ ਤੋਂ ਵਧ ਕੇ ਉਸਦਾ ਰੋਸ ਉਸਦੇ ਆਪਣਿਆਂ ਦੀ ਅਣਦੇਖੀ ਦਾ ਕਾਰਨ ਹੈ। “ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਹਿਮਦ ਖਾਨ ਖਰਲ ਦੇ ਆਪਣਿਆਂ ਨੇ ਬਹੁਤੀ ਦਿਲਚਸਪੀ ਨਾ ਵਿਖਾਈ।” ਖੋਜੀ ਦਾ ਉਦੇਸ਼ ਵੱਧ ਤੋਂ ਵੱਧ ਤੱਥਾਂਤਮਕ ਜਾਣਕਾਰੀ ਸਾਂਝੀ ਕਰਨਾ ਹੈ ਤਾਂ ਜੋ ਇਨ੍ਹਾਂ ਇਤਿਹਾਸਕ ਘਟਨਾਵਾਂ ਦੀ ਪ੍ਰਮਾਣਿਕਤਾ ਬਰਕਰਾਰ ਰਹੇ।
‘ਪਹਿਲੀ ਜੰਗ ਦੀ ਸ਼ੁਰੂਆਤ’ ਅਧਿਆਇ ਵਿੱਚ ਖੋਜੀ ਅਨੁਸਾਰ ਬੇਸ਼ੱਕ ਦੇਸੀ ਲੋਕ ਅੰਗਰੇਜ਼ਾਂ ਦੀ ਨੌਕਰੀ ਆਰਥਿਕ ਹਿੱਤ ਲਈ ਕਰਦੇ ਸਨ, ਪ੍ਰੰਤੂ ਉਨ੍ਹਾਂ ਦੀ ਹਮਦਰਦੀ ਅਤੇ ਪ੍ਰਤੀਬੱਧਤਾ ਬਾਗੀਆਂ ਤੇ ਦੇਸ਼ਭਗਤਾਂ ਨਾਲ ਸੀ, ਜੋ ਸਿੱਧੇ ਹਕੂਮਤ ਨਾਲ ਟਕਰਾਅ ਦੀ ਸਥਿਤੀ ਵਿੱਚ ਸਨ। 1857 ਈ. ਦੇ ਵਿਦਰੋਹ ਦੀ ਸਮਕਾਲੀ ਸਥਿਤੀ ਬਿਆਨਦਾ ਖੋਜੀ ਆਖਦਾ ਹੈ ਕਿ ਉਸ ਸਮੇਂ ਯਾਤਾਯਾਤ ਦੇ ਸਾਧਨ ਘੋੜੀਆਂ ਤੇ ਹਥਿਆਰ ਬੰਦੂਕਾਂ ਲੋੜ ਅਤੇ ਆਤਮ-ਰੱਖਿਆ ਦਾ ਸਾਧਨ ਵੀ ਸਨ ਤੇ ਸਨਮਾਨ ਦਾ ਚਿਨ੍ਹ ਵੀ ਸਨ। ਉਸ ਅਨੁਸਾਰ ਅਹਿਮਦ ਖਾਨ ਦੀ ਵਿਰੋਧਤਾ ਦਾ ਮੁਢਲਾ ਕਾਰਨ ਬੇਸ਼ੱਕ ਭੂਮੀ ਲਗਾਨ ਨਾ ਦੇਣਾ ਸੀ, ਪਰ ਬਾਅਦ ਵਿੱਚ ਉਸਦੀ ਵਿਚਾਰਧਾਰਾ ਵਿਸਥਾਰਿਤ ਹੁੰਦੀ ਹੈ ਅਤੇ ਉਹ ਪਹਿਲੇ ਸੁਤੰਤਰਤਾ ਅੰਦੋਲਨ ਨਾਲ ਜੁੜਦਾ ਹੈ। ਉਹ ‘ਗੁਗੇਰਾ’ ਦੇ ਅਸਿਸਟੈਂਟ ਕਮਿਸ਼ਨਰ ‘ਜੌਰਜ ਹੈਨਰੀ ਫ਼ਰੈਡਰਿਕ ਬਰਕਲੇ’ ਨੂੰ ਖਲਨਾਇਕ ਦੇ ਰੂਪ ਵਿੱਚ ਸੱਤਾਧਿਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਪੇਸ਼ ਕਰਦਾ ਹੈ ਅਤੇ ‘ਰਾਏ ਅਹਿਮਦ ਖਾਨ ਖਰਲ’ ਨੂੰ ਦੇਸ਼ਭਗਤ, ਕ੍ਰਾਂਤੀਕਾਰੀ, ਸੂਰਬੀਰ ਯੋਧੇ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਸਾਡੀ ਜਾਚੇ ਅਹਿਮਦ ਖਾਨ ਆਪਣੇ ਸਮੇਂ ਦਾ ਸਾਮੰਤੀ ਸਮਾਜਵਾਦੀ ਨੇਤਾ ਸੀ। ਇਤਿਹਾਸਕ ਇਤਫਾਕ ਦਾ ਜ਼ਿਕਰ ਕਰਦਾ ਉਹ ਆਖਦਾ ਹੈ ਕਿ “ਬਿਲਕੁਲ ਉਸੇ ਸਾਲ ਇਸ ਦਾ ਜਨਮ ਅਤੇ ਉਸੇ ਸਾਲ ਇਸ ਦੀ ਮੌਤ ਹੁੰਦੀ ਹੈ, ਜਿਵੇਂ ਰਾਏ ਅਹਿਮਦ ਖਾਨ ਖਰਲ ਅਤੇ ਬਰਕਲੇ ਦੋਨਾਂ ਦੀ ਉਮਰ 72 ਸਾਲ ਸੀ।”
‘26 ਜੁਲਾਈ’ ਪਾਠ ਵਿੱਚ ਉਸ ਅਨੁਸਾਰ ਇਤਿਹਾਸ ਬੁਰਜੁਆ ਕੀਮਤਾਂ ਦੀ ਤਰਜ਼ਮਾਨੀ ਕਰਦਾ ਹੈ। ਇਸ ਪਾਠ ਵਿੱਚ ਉਹ ਮਹਾਤਮਾ ਗਾਧੀਂ ਦੇ ਨਾ-ਮਿਲਵਰਤਨ ਅੰਦੋਲਨ ਸੰਬੰਧੀ ਟਿੱਪਣੀ ਕਰਦਾ ਇਤਿਹਾਸਕ ਤੱਥਾਂ ਤੋਂ ਪਾਠਕ ਨੂੰ ਜਾਣੂ ਕਰਵਾਉਂਦਾ ਆਖਦਾ ਹੈ ਕਿ ਇਸ ਅੰਦੋਲਨ ਦੀ ਸ਼ੁਰੂਆਤ ਕੂਕਾ-ਅੰਦੋਲਨ ਤੋਂ ਹੋਈ ਅਤੇ ਦੂਜੀ ਵਾਰ ਇਹ 1905 ਈ. ਬੰਗਾਲ ਦੇ ਸਵਦੇਸੀ ਅਤੇ ਬਾਈਕਾਟ ਅੰਦੋਲਨ ਵਿੱਚ ਹੋਂਦ ਗ੍ਰਹਿਣ ਕਰਦਾ ਹੈ। ਸੋ ਮਹਾਤਮਾ ਗਾਂਧੀ ਨੇ ਇਹ ਵਿਧੀ 1920 ਈ. ਦੌਰਾਨ ਸੋਧੇ ਰੂਪ ਵਿੱਚ ਅਪਣਾਈ। ਉਹ ਆਖਦਾ ਹੈ ਕਿ “ਅਸੀਂ ਹੁਣ ਫੈਸਲਾ ਪਾਠਕਾਂ ਉਪਰ ਛੱਡਦੇ ਹਾਂ ਕਿ ਨਾ-ਮਿਲਵਰਤਨ ਲਹਿਰ ਦਾ ਅਸਲੀ ਵਿਚਾਰਧਾਰਕ ਕੌਣ ਸੀ: ਬਾਬਾ ਰਾਮ ਸਿੰਘ (ਕੂਕਾ ਲਹਿਰ ਦਾ ਬਾਨੀ) ਜਾਂ ਮੋਹਨ ਦਾਸ ਗਾਂਧੀ?” ਉਪਰੋਕਤ ਬਾਬਾ ਰਾਮ ਸਿੰਘ ਨੂੰ ਕੂਕਾ ਅੰਦੋਲਨ ਦਾ ਬਾਨੀ ਕਿਸ ਪ੍ਰਸੰਗ ਸਹਿਤ ਕਿਹਾ ਗਿਆ ਹੈ, ਇਸ ਬਾਰੇ ਸਪੱਸ਼ਟਤਾ ਨਹੀਂ ਹੈ ਕਿਉਂਕਿ ‘ਇਸ ਲਹਿਰ ਦੇ ਮੋਢੀ ਬਾਬਾ ਦਿਆਲ ਸਨ।’ ਲੇਖਕ ਇਸ ਪੁਸਤਕ ਦੀ ਅਹਿਮ ਘਟਨਾ ਅਹਿਮਦ ਖਾਨ ਖਰਲ ਦੀ ਅੰਗਰੇਜਾਂ ਨਾਲ ਝੜਪ ਦਾ ਦੁਹਰਾਓ ਕਰਦਾ ਹੈ। ਖੋਜੀ ਪਾਠਕ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਸਦੀ ਚੇਤਨਤਾ ਬਰਕਰਾਰ ਰਹੇ। ਜਿਵੇਂ “ਆਓ, ਹੁਣ ਦੂਸਰੀ 26 ਜੁਲਾਈ ਵੱਲ ਨਜ਼ਰ ਮਾਰਦੇ ਹਾਂ। ਏਸ ਘਟਨਾ ਲਈ ਸਾਨੂੰ ਸਮੁੰਦਰੋਂ ਪਾਰ ਜਾਣਾ ਪਵੇਗਾ। ਤੁਸੀਂ ਉਥੇ ਪਹੁੰਚਣ ਦੀ ਖੇਚਲ ਕਰੋ ਤੇ ਉਨਾ ਚਿਰ ਆਪਾਂ ਇੱਕ ਹੋਰ ਗੱਲ ਕਰਦੇ ਹਾਂ।” ਉਹ ਲਿਖਤ ਦੇ ਨਾਲ-ਨਾਲ ਪਾਠਕ ਨੂੰ ਵੀ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ।
ਦਸਵੇਂ ਅਧਿਆਇ ‘ਕਬੀਲੇ ਮੁਖੀਆਂ ਦੀ ਗੁਪਤ ਮਿਲਣੀ: ਅਗਸਤ ਮਹੀਨਾ ਬਾਹਰੋਂ ਸ਼ਾਂਤ ਅੰਦਰੋਂ ਅਸਾਂਤ’ ਵਿੱਚ ਮਿਰਜਾ-ਸਾਹਿਬਾਂ ਕਿੱਸੇ ਦੇ ਹਵਾਲੇ ਨਾਲ ਕਿੱਸਾਕਾਰਾਂ ਅਤੇ ਆਲੋਚਕਾਂ ਉਪਰ ਸਵਾਲ ਉਠਾਉਂਦਾ ਹੈ ਕਿ ਮਿਰਜੇ ਦੀ ਨਾਕਾਮੀ ਦਾ ਠੁਣਾ ਸਾਹਿਬਾਂ ਉਪਰ ਬੰਨ੍ਹਣਾ ਕਿੱਸਾਕਾਰਾਂ ਲਈ ਕਿੰਨਾ ਕੁ ਉਚਿੱਤ ਜਾਪਦਾ ਹੈ, ਜਦਕਿ ਮਿਰਜਾ ਜੇਕਰ ਸੂਰਮਾ ਸੀ ਤਾਂ ਔਰਤ ਦੀ ਚਲਾਕੀ ਨੂੰ ਆਸਾਨੀ ਨਾਲ ਫੜ ਸਕਦਾ ਸੀ ਅਤੇ ਆਪਣੀ ਪ੍ਰਤਿਭਾ ਵਿਖਾ ਸਕਦਾ ਸੀ। ਇਸ ਪੱਖ ਤੋਂ ਲੇਖਕ ਨਾਰੀਵਾਦੀ ਪਹੁੰਚ ਅਪਣਾਉਂਦਾ ਵਿਖਾਈ ਦਿੰਦਾ ਹੈ।
‘ਆਖਰੀ ਜੰਗ’ ਅਧਿਆਇ ਵਿੱਚ ਲੇਖਕ ਨਾ ਇਕੱਤਰ ਕਰ ਸਕਣ ਵਾਲੀਆਂ ਉਨ੍ਹਾਂ ਘਟਨਾਵਾਂ ਸੰਬੰਧੀ ਅਫਸੋਸ ਜਾਹਿਰ ਕਰਦਾ ਹੈ, ਜੋ ਇਤਿਹਾਸ ਦੇ ਪੰਨੇ `ਤੇ ਘਟੀਆਂ ਤਾਂ ਹਨ, ਪਰ ਉਨ੍ਹਾਂ ਦਾ ਕੋਈ ਮੌਖਿਕ ਜਾਂ ਲਿਖਤੀ ਪ੍ਰਮਾਣ ਨਾ ਹੋ ਸਕਣ ਕਾਰਨ ਉਹ ਇਤਿਹਾਸ ਦਾ ਹਿੱਸਾ ਨਹੀਂ ਬਣ ਸਕੀਆਂ।
‘ਸੂਰਬੀਰ ਬਚਨ ਕੇ ਬਲੀ’ ਅਧਿਆਇ ਵਿੱਚ ਲੇਖਕ ਭਾਰਤ ਦੀ ਆਜ਼ਾਦੀ ਤੋਂ ਬਾਅਦ ਸੱਤਾਧਿਰ ਵਜੋਂ ਕਾਬਜ ਹੋਏ ਉਨ੍ਹਾਂ ਲੀਡਰਾਂ ਦੇ ਅਖੌਤੀ ਦੇਸ਼ ਭਗਤੀ ਦੇ ਮਖੌਟੇ ਪਿੱਛੇ ਸ਼ਾਤਿਰ, ਚਾਲਸਾਜ਼ੀ ਬਾਰੇ ਬਿਆਨ ਕਰਦਾ ਹੈ ਕਿ ਕਿਵੇਂ ਇਨ੍ਹਾਂ ਲੋਕਾਂ ਨੇ ਅਸਲ ਦੇਸ਼ ਭਗਤਾਂ ਅਤੇ ਕੁਰਬਾਨੀ ਦੇ ਪੁਜਾਰੀ ਪਰਿਵਾਰਾਂ ਨੂੰ ਅੱਗੇ ਨਹੀਂ ਆਉਣ ਦਿੱਤਾ। ਭਾਵ ਅਸਲੀ ਹੱਕਦਾਰ ਅਣਗੌਲੇ ਰਹਿ ਗਏ। ਇੱਥੋਂ ਤੱਕ ਕਿ ਇਤਿਹਾਸ ਵਿੱਚ ਵੀ ਉਨ੍ਹਾਂ ਲਈ ਕੋਈ ਸਕਾਰਾਤਮਕ ਟਿੱਪਣੀ ਘੱਟ ਹੀ ਮਿਲਦੀ ਹੈ, ਕਿਉਂਕਿ ਇਤਿਹਾਸ ਸੱਤਾਧਿਰ ਦੇ ਹਿਤ ਅਨੁਸਾਰ ਹੀ ਉਲੀਕਿਆ ਗਿਆ ਹੈ। ਅਹਿਮਦ ਖਾਨ ਖਰਲ ਦੀ ਇਤਿਹਾਸਕ ਵਾਰਤਾ ਦੇ ਨਾਲ-ਨਾਲ ਖੋਜੀ ਵੱਲੋਂ ਹੋਰ ਵੀ ਪਤਾਕਾ ਅਤੇ ਪ੍ਰਕਰੀ ਕਹਾਣੀਆਂ ਨੁਮਾ ਘਟਨਾਵਾਂ ਦਾ ਬਿਰਤਾਂਤ ਨਾਲ-ਨਾਲ ਸਿਰਜਿਆ ਗਿਆ ਹੈ। ਉਸ ਅਨੁਸਾਰ ਇਹ ਸਾਬਿਤ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਕਿ 1857 ਈ. ਦੀ ਮੁਢਲੀ ਕ੍ਰਾਂਤੀ ਸਮੇਂ ਅਜਿਹਾ ਨਹੀਂ ਕਿ ਪੰਜਾਬ ਵਿੱਚ ਕੋਈ ਬਗਾਵਤੀ ਲਹਿਰ ਹੀ ਨਹੀਂ ਉਠੀ, ਸਗੋਂ ਕੁਝ ਸੂਰਮੇ ਆਜ਼ਾਦੀ ਘੁਲਾਟੀਆਂ ਨੇ ਵਿਅਕਤੀਗਤ ਅਤੇ ਸਮੂਹਿਕ ਯਤਨ ਕੀਤੇ, ਪ੍ਰੰਤੂ ਉਹ ਅੰਗਰੇਜ਼ਾਂ ਦੀ ਪੰਜਾਬ ਪ੍ਰਤੀ ਪਹਿਲਾਂ ਹੀ ਸੰਗਠਿਤ ਨੀਤੀ ਤਹਿਤ ਦਬਾ ਦਿੱਤੇ ਗਏ।
ਤੇਰ੍ਹਵੇਂ ਪਾਠ ਵਿੱਚ ਲੇਖਕ ਉਨ੍ਹਾਂ ਭਾਰਤੀ ਪੰਜਾਬੀ ਸਰਦਾਰਾਂ/ਜਾਗੀਰਦਾਰਾਂ ਅਤੇ ਅੰਗਰੇਜ਼ਾਂ ਦੇ ਦੇਸੀ ਵਫਾਦਾਰਾਂ ਦੀ ਗੱਲ ਕਰਦਾ ਹੈ, ਜੋ ਕਿਸੇ ਲੋਭ-ਲਾਲਚ ਵੱਸ ਰਾਜਨੀਤਿਕ ਅਤੇ ਆਰਥਿਕ ਝਾਂਸਿਆਂ ਹੇਠ ਆਪਣਿਆਂ ਨਾਲ ਗੱਦਾਰੀ ਕਰ ਬੈਠਦੇ ਹਨ। ਉਹ ਇਨ੍ਹਾਂ ਸੰਬੰਧੀ ਆਖਦਾ ਹੈ: “ਉੱਚੇ ਰੁਤਬੇ, ਵੱਡੇ-ਵੱਡੇ ਇਨਾਮ ਹਾਸਲ ਕਰਨ ਲਈ ਬਹੁਤ ਲੋਕ ਆਪਣੀ ਮਿੱਟੀ ਆਪਣੀ ਵਿਰਾਸਤ ਅਤੇ ਆਪਣੀ ਹੋਂਦ ਨੂੰ ਵੀ ਦਾਅ ‘ਤੇ ਲਾ ਦੇਂਦੇ ਹਨ।”
ਅਜਿਹੇ ਵਿੱਚ ਇਹ ਲੋਕ ਆਪਣੇ ਅਸਲੀ ਉਦੇਸ਼ ਤੋਂ ਥਿੜਕ ਜਾਂਦੇ ਹਨ। ਲੇਖਕ ਇਨ੍ਹਾਂ ਨੂੰ ਆਪਣੀ ਹੋਂਦ ਪੱਖੋਂ ਗੁਆਚੇ ਹੋਏ ਆਖਦਾ ਹੈ। ਖੋਜੀ ਆਪਣੀ ਪੁਸਤਕ ਦੇ ਆਦਿ, ਮੱਧ ਅਤੇ ਅੰਤ ਬਾਰੇ ਸੁਚੇਤ ਹੈ। ਉਹ ਬਿਰਤਾਂਤ ਨੂੰ ਬਹੁਤਾ ਵਿਸਥਾਰ ਵਿੱਚ ਜਾਂਦਿਆਂ ਵੇਖ ਆਪਣੇ-ਆਪ ਨੂੰ ਪਾਠ ਵਿੱਚ ਹੀ ਸੰਖੇਪ ਹੋਣ ਪ੍ਰਤੀ ਸੁਚੇਤ ਕਰਦਾ ਹੈ। ਲੇਖਕ ਆਪਣੀ ਧਾਰਨਾ ਦੁਆਰਾ ਇਤਿਹਾਸ ਨੂੰ ਸਥਾਪਤੀ ਪੱਖੀ ਸਾਬਿਤ ਕਰਦਾ ਆਖਦਾ ਹੈ:
“ਚਾਹੇ ਦਿੱਲੀ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਚੁੱਕੀ ਸੀ, ਪਰ ਪੰਜਾਬ ਅੰਦਰ ਜੰਗ ਜਾਰੀ ਸੀ। ਅੰਗਰੇਜ਼ ਲਿਖਾਰੀਆਂ ਵੱਲੋਂ ਗੂਗੇਰਾ ਸੰਘਰਸ਼ ਲੜ ਰਹੇ ਆਮ ਲੋਕਾਂ ਨੂੰ ਬਹੁਤ ਘਟੀਆ ਸ਼ਬਦਾਵਲੀ ਨਾਲ ਦਰਸਾਇਆ ਗਿਆ ਹੈ। ਪਸ਼ੂ ਚੋਰ, ਆਮ ਚੋਰੀਆਂ ਕਰਨ ਵਾਲੇ ਉਜੰਡ ਲੋਕ, ਖੂੰ-ਖਾਰ ਕਾਤਲ ਆਦਿ। ਵੇਖਣ ਵਾਲੀ ਗੱਲ ਹੈ ਕਿ ਹੱਕਾਂ-ਸੱਚਾਂ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਹਮੇਸ਼ਾ ਸਮੇਂ ਦੀਆਂ ਹਕੂਮਤਾਂ ਨੇ ਅਜਿਹੇ ਹੀ ਅਲੰਕਾਰਾਂ ਨਾਲ ‘ਨਿਵਾਜਿਆ’ ਹੈ।”
ਕਿਤੇ-ਕਿਤੇ ਅਲੰਕਾਰਕ ਸ਼ਬਦਾਵਲੀ ਇਸ ਇਤਿਹਾਸਕ ਖੋਜ ਦੀ ਪੁਸਤਕ ਨੂੰ ਸਾਹਿਤਕ ਛੋਹ ਪ੍ਰਦਾਨ ਕਰਦੀ ਹੈ। ਇਸ ਪਾਠ ਵਿੱਚ ਖੋਜੀ ਵੱਲੋਂ ਸ਼ੋਸ਼ਕ ਅਤੇ ਸ਼ੋਸ਼ਿਤ ਦੋ ਧਿਰਾਂ ਦੇ ਟਾਕਰੇ ਨੂੰ ਚਿਤਰਿਆ ਹੈ। ਜਿਵੇਂ: ਇੱਕ ਪਾਸੇ ਸ਼ੋਸ਼ਿਤ ਧਿਰ ਵਜੋਂ ਉਹ ਦੁੱਲਾ ਭੱਟੀ, ਬੰਦਾ ਸਿੰਘ ਬਹਾਦਰ, ਤੇਜਾ ਸਿੰਘ ਸੁਤੰਤਰ ਅਤੇ ਅਹਿਮਦ ਖਾਨ ਖਰਲ ਨੂੰ ਪੇਸ਼ ਕਰਦਾ ਹੈ ਅਤੇ ਦੂਸਰੀ ਤਰਫ਼ ਸ਼ੋਸ਼ਕ ਧਿਰ ਵਜੋਂ ਮੁਗ਼ਲ, ਪੈਪਸੂ ਸਾਮਰਾਜੀ ਮਹਾਰਾਜੇ ਅਤੇ ਅੰਗਰੇਜਾਂ ਨੂੰ ਪੇਸ਼ ਕਰਦਾ ਹੈ। ਇਸ ਤਰ੍ਹਾਂ ਉਹ ਮਾਰਕਸਵਾਦੀ ਜਮਾਤੀ ਸਿਧਾਂਤਕ ਪੈਂਤੜੇ ਨੂੰ ਅਪਣਾਉਂਦਾ ਵਿਖਾਈ ਦਿੰਦਾ ਹੈ ਅਤੇ ਉਸਦੀ ਇਤਿਹਾਸ ਵਾਚਣ ਵਿਧੀ ਮਾਰਕਸਵਾਦੀ, ਰਾਸ਼ਟਰਵਾਦੀ ਪ੍ਰਤੀਤ ਹੁੰਦੀ ਹੈ।
‘ਅਸਰ ਦੀ ਨਿਮਾਜ਼ ਦਾ ਵਕਤ’ ਲੇਖ ਵਿੱਚ ਪ੍ਰਮੁੱਖ ਘਟਨਾ ‘ਅਹਿਮਦ ਖਾਨ ਖਰਲ’ ਅਤੇ ‘ਲਾਰਡ ਬਰਕਲੇ’ ਵਿਚਕਾਰਲੀ ਲੜਾਈ ਦਾ ਵਰਣਨ ਵਿਸਥਾਰਪੂਰਵਕ ਸ਼ੈਲੀ ਦੀ ਵਰਤੋਂ ਕਰਦਿਆਂ ਦਿੱਤਾ ਗਿਆ ਹੈ। ਇਸ ਵਿੱਚ ਉਹ ਬਿਰਤਾਂਤਕ ਲਮਕਾਅ ਵਿਧੀ ਦਾ ਪ੍ਰਯੋਗ ਕਰਦਾ ਹੈ ਤਾਂ ਜੋ ਮੂਲ ਘਟਨਾ ਪ੍ਰਤੀ ਪਾਠਕ ਦੀ ਉਤੇਜਨਾ ਬਰਕਰਾਰ ਰਹੇ। ਇਸ ਘਟਨਾ ਨਾਲ ਉਹ ਗੁਰੂ ਗੋਬਿੰਦ ਸਿੰਘ ਦੀ ਅਨੰਦਪੁਰ ਦੀ ਲੜਾਈ (1705 ਈ.) ਦਾ ਬਿਰਤਾਂਤ ਵੀ ਸਾਂਝਾ ਕਰਦਾ ਹੈ ਅਤੇ ਦੋਵੇਂ ਸਥਾਪਤੀ ਹੱਥੋਂ ਤਸ਼ੱਦਦ ਦਾ ਸ਼ਿਕਾਰ ਹੋਏ ਸਵੀਕਾਰਦਾ ਹੈ। ਅਹਿਮਦ ਖਾਨ ਖਰਲ ਦੇ ਸੀਸ ਵੱਢਣ ਦੀ ਘਟਨਾ ਨਾਲ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੀ ਕਥਾ ਦਾ ਵਰਣਨ ਕਰਦਾ ਹੈ। ਉਸ ਅਨੁਸਾਰ ਗੁਰੂ ਤੇਗ ਬਹਾਦਰ ਜੀ ਜਨ-ਹਿਤੈਸ਼ੀ ਅਤੇ ਕ੍ਰਾਂਤੀਕਾਰੀ ਸ਼ਖਸੀਅਤ ਦੇ ਮਾਲਕ ਹਨ। ਉਪਰੋਕਤ ਗੁਣ ਅਹਿਮਦ ਖਾਨ ਖਰਲ ਵਿੱਚ ਵੀ ਸੀ। ਸੋ ਖੋਜੀ ਦੀ ਇਤਿਹਾਸਕ ਘਟਨਾ ਮੂਲ ਘਟਨਾ ਨੂੰ ਹੀ ਆਪਣੇ ਪਾਠ ਦਾ ਅੰਗ ਨਹੀਂ ਬਣਾਉਂਦੀ, ਸਗੋਂ ਇਸ ਨਾਲ ਸੰਬੰਧਤ ਹੋਰ ਬਹੁਤ ਸਾਰੀਆਂ ਧਾਰਮਿਕ ਰੱਖਿਆਤਮਕ ਅਤੇ ਸਮਾਜਿਕ ਕ੍ਰਾਂਤੀਕਾਰੀ ਘਟਨਾਵਾਂ ਦਾ ਵਰਣਨ ਵੀ ਕਰਦੀ ਹੈ।
ਪੰਦਰਵੇਂ ਲੇਖ ‘ਬਰਕਲੇ ਦੀ ਮੌਤ’ ਵਿੱਚ ਲੇਖਕ ਆਖਦਾ ਹੈ ਕਿ ਬਰਕਲੇ ਦੀ ਮੌਤ ਦੀ ਕੋਈ ਇੱਕ ਇਤਿਹਾਸਕ ਜਾਣਕਾਰੀ ਪ੍ਰਮਾਣਿਕ ਰੂਪ ਵਿੱਚ ਨਹੀਂ ਮਿਲਦੀ, ਸਗੋਂ ਇਸਦਾ ਸ੍ਰੋਤ ਲੋਕ-ਆਖਿਆਨ ਹਨ। ਲੇਖਕ ਆਖਦਾ ਹੈ ਕਿ ਅਹਿਮਦ ਖਾਨ ਖਰਲ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਦਾ ਅੰਦਾਜ਼ਾ ਬਾਗੀਆਂ ਸੰਬੰਧੀ ਗ਼ਲਤ ਸਾਬਿਤ ਹੋਇਆ। ਵਿਦਰੋਹ ਦੀ ਅੱਗ ਮੱਠੀ ਪੈਣ ਦੀ ਥਾਂ ਹੋਰ ਭੜਕ ਉੱਠੀ ਅਤੇ ਥਾਂ-ਥਾਂ ਸਥਾਨਕ ਵਾਸੀਆਂ ਦੁਆਰਾ ਵਿਦਰੋਹ ਹੋਏ। ਅੰਤ ਲਾਰਡ ਬਰਕਲੇ ਨੂੰ ਅਹਿਮਦ ਖਾਨ ਖਰਲ ਦੀ ਜਾਨ ਲੈਣ ਬਦਲੇ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਸ ਅਨੁਸਾਰ ਅਧੀਨਗੀ ਸਵੀਕਾਰ ਕਰਨ ਵਾਲੇ ਵਿਦਰੋਹੀਆਂ ਨੂੰ ਅੰਗਰੇਜ਼ ਹਕੂਮਤ ਵੱਲੋਂ ਬਹੁਤੀ ਕਠੋਰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਸਗੋਂ ਉਹੀ ਤਸ਼ੱਦਦ ਦਾ ਸ਼ਿਕਾਰ ਹੋਏ, ਜਿਨ੍ਹਾਂ ਆਖਰੀ ਦਮ ਤੱਕ ਅਧੀਨਗੀ ਸਵੀਕਾਰ ਨਹੀਂ ਕੀਤੀ।
‘ਬਾਗੀਆਂ ਦੇ ਸੰਘਰਸ਼ ਦੀ ਜਲਦ ਸਮਾਪਤੀ-ਕਾਰਨ’ ਲੇਖ ਵਿੱਚ ਲੇਖਕ ਅਨੁਸਾਰ ਪ੍ਰਮੁੱਖ ਕਾਰਨ ਸਨ: ਬਾਗੀਆਂ ਦਾ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ, ਕੁਝ ਜਾਗੀਰਦਾਰਾਂ, ਸਰਦਾਰਾਂ ਦਾ ਅੰਗਰੇਜ਼ਾਂ ਨੂੰ ਸਮਰਥਨ, ਸਥਾਨਕ ਵਾਸੀਆਂ ਕੋਲ ਲੜਾਈ ਦੇ ਸੰਦਾਂ ਦੀ ਘਾਟ, ਅੰਗਰੇਜ਼ਾਂ ਦੀ ਪੰਜਾਬ ਸੰਬੰਧੀ ਸੁਵਿਵਸਥਿਤ ਕੂਟਨੀਤੀ, ਅੰਗਰੇਜ਼ੀ ਫੌਜ ਦਾ ਸਿਖਲਾਈ ਸਹਿਤ ਅਤੇ ਸਥਾਨਕ ਵਾਸੀਆਂ ਦਾ ਕੋਈ ਯੁੱਧ ਅਭਿਆਸੀ ਨਾ ਹੋਣਾ, ਅਹਿਮਦ ਖਾਨ ਖਰਲ ਤੋਂ ਬਾਅਦ ਯੋਗ ਲੀਡਰ ਦੀ ਅਣਹੋਂਦ, ਕਬੀਲਿਆਂ ਵਿਚਕਾਰਲੀ ਆਪਸੀ ਖਿਚੋਤਾਣ, ਆਦਿ।
ਸੋ ਅੰਤ ਵਿੱਚ ਕਹਿ ਸਕਦੇ ਹਾਂ ਕਿ ਲੇਖਕ ਧਰਮ ਸਿੰਘ ਗੋਰਾਇਆ ਦੀ ਖੋਜ ਵਿਧੀ ਖੇਤਰੀ ਹੈ। ਉਹ ਮਾਰਕਸਵਾਦੀ ਪਹੁੰਚ ਤੋਂ ਇਤਿਹਾਸਕ ਤੱਥਾਂ ਦਾ ਵਿਸ਼ਲੇਸ਼ਣ ਕਰਦਾ ਹੈ। ਅਜਿਹਾ ਨਹੀਂ ਕਿ ਉਸਨੇ ਹੋਰ ਇਤਿਹਾਸ ਅਧਿਐਨ ਵਿਧੀਆਂ ਦੀ ਵਰਤੋਂ ਨਹੀਂ ਕੀਤੀ, ਸਗੋਂ ਉਹ ਨਾਰੀਵਾਦੀ, ਸਬਾਲਟਰਨ, ਰਾਸ਼ਟਰਵਾਦੀ ਪਹੁੰਚ ਤੋਂ ਵੀ ਇਤਿਹਾਸ ਨੂੰ ਮੇਚ-ਮਾਪ ਕੇ ਵੇਖਦਾ ਹੈ। ਉਸਦੀ ਪ੍ਰਤੀਬੱਧਤਾ ਸਥਾਨਕ ਕਬੀਲਿਆਂ ਪ੍ਰਤੀ ਹੈ, ਕਿਉਂਕਿ ਉਸ ਲਈ ਇਹ ਸ਼ੋਸ਼ਿਤ ਧਿਰ ਵਜੋਂ ਇਤਿਹਾਸਕ ਕਾਲ-ਖੰਡ ਉਤੇ ਵੇਖੇ ਜਾ ਸਕਦੇ ਹਨ। ਉਸਨੇ ਤੱਥਾਂ ਦੀ ਪ੍ਰਮਾਣਿਕਤਾ ਲਈ ਸਥਾਨਕ ਲੋਕ-ਆਖਿਆਨ, ਸਰਕਾਰੀ ਰਿਕਾਰਡ, ਅੰਗਰੇਜ਼ ਅਫ਼ਸਰਾਂ ਦੀਆਂ ਆਪਸੀ ਵਾਰਤਾਲਾਪੀ ਚਿੱਠੀਆਂ ਅਤੇ ਇਤਿਹਾਸਕ ਪੁਸਤਕਾਂ ਅਤੇ ਜਰਨਲਾਂ ਦਾ ਇਸਤੇਮਾਲ ਸ੍ਰੋਤ ਸਮੱਗਰੀ ਵਜੋਂ ਕੀਤਾ ਹੈ। ਉਸਦਾ ਗਿਲਾ ਇਤਿਹਾਸ ਲੇਖਣ ਵਿਧੀਆਂ ਅਤੇ ਇਤਿਹਾਸਕਾਰਾਂ ਨਾਲ ਵੀ ਹੈ, ਕਿਉਂਕਿ ਉਨ੍ਹਾਂ ਇਤਿਹਾਸਕ ਤੱਥਾਂ ਨੂੰ ਗ਼ਲਤ ਢੰਗ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ, ਜੋ ਕਿ ਇਤਿਹਾਸ ਨੂੰ ਮਿਥਿਹਾਸ ਬਣਾਉਂਦਾ ਹੈ। ਉਹ ਜ਼ਿਆਦਾਤਰ ਇਤਿਹਾਸਕ ਦਸਤਾਵੇਜ਼ਾਂ ਨੂੰ ਰਾਜਨੀਤਿਕ ਰੋਜਨਾਮਚਾ ਸਮਝਦਾ ਹੈ, ਜਿਸ ਵਿੱਚ ਆਮ ਇਤਿਹਾਸਕ ਜਨ-ਮਾਨਸ ਅਤੇ ਅਸਲੀ ਇਤਿਹਾਸਕ ਤਬਦੀਲੀ ਲਿਆਉਣ ਵਾਲਿਆਂ ਨੂੰ ਹਾਸ਼ੀਏ ਉਪਰ ਧੱਕ ਦਿੱਤਾ ਗਿਆ ਅਤੇ ਉਨ੍ਹਾਂ ਦੀ ਗੱਲ ਨਿਰਪੱਖ ਰੂਪ ਵਿੱਚ ਕਦੇ ਛੋਹੀ ਤਕ ਨਹੀਂ ਗਈ।

Leave a Reply

Your email address will not be published. Required fields are marked *