*ਵੱਡੀ ਬਹੁਮਤਿ ਨਾਲ ਜਿੱਤੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਲਈ ਚੋਣ
*ਸਵਾਰ ਸਕਦੇ ਹਨ ਕੈਨੇਡੀਅਨ ਆਰਥਕਤਾ ਦਾ ਮੂੰਹ-ਮੱਥਾ
ਜਸਵੀਰ ਸਿੰਘ ਸ਼ੀਰੀ
ਇੰਗਲੈਂਡ ਅਤੇ ਕੈਨੇਡਾ ਦੀਆਂ ਕੇਂਦਰੀ ਬੈਂਕਾਂ ਦਾ ਗਵਰਨਰ ਰਹਿਣ ਵਾਲਾ ਮਾਰਕ ਕਾਰਨੀ ਹੁਣ ਕੈਨੇਡਾ ਦੀ ਲਿਬਰਲ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਜਿੱਤ ਗਿਆ ਹੈ। ਆਉਂਦੇ ਦਿਨਾਂ ਵਿੱਚ ਉਸ ਨੇ ਖੱਬਾ ਝੁਕਾ ਰੱਖਣ ਵਾਲੇ ਜਸਟਿਨ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣ ਜਾਣਾ ਹੈ। ਭਾਵੇਂਕਿ ਇਹ ਅਹੁਦਾ ਉਨ੍ਹਾਂ ਕੋਲ 6-7 ਕੁ ਮਹੀਨੇ ਲਈ ਹੀ ਰਹੇਗਾ। ਫਿਰ ਵੀ ਕੈਨੇਡਾ ਦੀ ਆਰਥਿਕ ਸੁਸਤੀ ਨੂੰ ਦਰੁਸਤ ਕਰਨ ਦੇ ਮਾਮਲੇ ਵਿੱਚ ਉਹ ਆਪਣੀ ਕੁਝ ਨਾ ਕੁਝ ਛਾਪ ਤਾਂ ਛੱਡ ਹੀ ਸਕਦੇ ਹਨ। ਉਨ੍ਹਾਂ ਦੀ ਇਹ ਛੋਟੀ ਮੋਟੀ ਕਾਰਗੁਜ਼ਾਰੀ ਵੀ ਅਕਤੂਬਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਲਈ ਘਿਉ ਵਾਂਗ ਲੱਗੇਗੀ। ਉਂਝ ਲਿਬਰਲ ਪਾਰਟੀ ਦੀ ਪ੍ਰਧਾਨਗੀ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਉਨ੍ਹਾਂ ਇਸ ਪਾਰਟੀ ਦੀਆਂ ਚੋਣਾਂ ਵਿੱਚ ਬੇਹਤਰ ਕਾਰਗੁਜ਼ਾਰੀ ਕਰ ਦਿਖਾਉਣ ਦੀਆਂ ਸੰਭਵਾਨਾਵਾਂ ਵਧਾ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਜਸਟਿਨ ਟਰੂਡੋ 9 ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ। ਟਰੂਡੋ ਦਾ ਰਾਜਨੀਤਿਕ ਅਕਸ ਐਕਸਟਰੀਮ ਲਿਬਰਲ ਹਿਉਮੇਨਿਸਟ ਵਾਲਾ ਬਣਿਆ ਹੋਇਆ ਹੈ। ਖਾਸ ਕਰਕੇ ਕੋਵਿਡ ਦੇ ਦੌਰ ਵਿੱਚ ਉਸ ਨੇ ਆਪਣੇ ਲੋਕਾਂ ਸਮੇਤ ਕੌਮਾਂਤਰੀ ਵਿਦਿਆਰਥੀਆਂ ਦੀ ਬੇਹੱਦ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ। ਇਸ ਨੇ ਉਸ ਦੀ ਮਕਬੂਲੀਅਤ ਨੂੰ ਸਿਖਰਾਂ ‘ਤੇ ਪੁਹੁੰਚਾ ਦਿੱਤਾ ਸੀ; ਪਰ ਟਰੂਡੋ ਦਾ ਇਹ ਅਤਿ ਲਿਬਰਲ ਹੋਣਾ ਹੀ ਉਸ ਦੇ ਪਤਨ ਦਾ ਕਾਰਨ ਬਣਿਆ। ਇਸ ਦੇ ਨਾਲ ਹੀ ਸਿੱਖ ਰੈਡੀਕਲਜ਼ ਦੇ ਮਾਮਲੇ ਨੂੰ ਲੈ ਕੇ ਉਸ ਦੇ ਹਿੰਦੁਸਤਾਨ ਨਾਲ ਸੰਬੰਧ ਵਿਗੜ ਗਏ। ਕੁਝ ਖਾਲਿਸਤਾਨੀ ਆਗੂਆਂ ਦੇ ਕਤਲਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਵਿਗੜ ਗਏ। ਕੈਨੇਡਾ ਦਾ ਦੋਸ਼ ਹੈ ਕਿ ਇਨ੍ਹਾਂ ਰੈਡੀਕਲ ਸਿੱਖ ਆਗੂਆਂ ਦੇ ਕਤਲ ਭਾਰਤੀ ਏਜੰਸੀਆਂ ਵੱਲੋਂ ਕਰਵਾਏ ਗਏ ਹਨ, ਜਦਕਿ ਭਾਰਤ ਇਸ ਤੋਂ ਸਾਫ ਇਨਕਾਰ ਕਰਦਾ ਰਿਹਾ ਹੈ। ਅਮਰੀਕਾ ਵੀ ਅਜਿਹੇ ਮਾਮਲਿਆਂ ਦੇ ਦੋਸ਼ਾਂ ਵਿੱਚ ਕੈਨੇਡਾ ਦਾ ਪੱਖ ਪੂਰਦਾ ਰਿਹਾ ਹੈ, ਪਰ ਨਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਆਮਦ ਨਾਲ ਕੈਨੇਡਾ ਅਤੇ ਭਾਰਤ ਵਿਚਕਾਰ ਬਿਹਤਰ ਵਿਹਾਰਕ ਰਿਸ਼ਤਿਆਂ ਦਾ ਮਾਹੌਲ ਬਣ ਸਕਦਾ ਹੈ।
ਨਵੇਂ ਪ੍ਰਧਾਨ ਮੰਤਰੀ ਦੀ ਆਮਦ ਨਾਲ ਜਿੱਥੇ ਕਤਲਾਂ ਦੇ ਮਾਮਲਿਆਂ ਵਿੱਚ ਨਿਰਪੱਖ ਜਾਂਚ/ਕਾਰਵਾਈ ਚਲਦੀ ਰਹਿ ਸਕਦੀ ਹੈ, ਉਥੇ ਦੋਨੋ ਮੁਲਕਾਂ ਦੇ ਆਗੂ ਆਪਣੇ ਕੂਟਨੀਤਿਕ ਰਿਸ਼ਤੇ ਦੁਬਾਰਾ ਸੁਧਾਰ ਸਕਦੇ ਹਨ। ਯਾਦ ਰਹੇ, ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਮਾਮਲਾ ਉੱਠਣ ਤੋਂ ਬਾਅਦ ਦੋਹਾਂ ਮੁਲਕਾਂ ਨੇ ਆਪਣੇ ਕੁਝ ਡਿਪਲੋਮੈਟ ਅਤੇ ਕੌਂਸਲੇਟ ਅਧਿਕਾਰੀ ਵਾਪਸ ਬੁਲਾ ਲਏ ਸਨ। ਇਸ ਘਟਨਾ ਦਾ ਅਤੇ ਹੁਣ ਟਰੰਪ ਵੱਲੋਂ ਪਰਵਾਸ ਦੇ ਸੰਬੰਧ ਵਿੱਚ ਅਪਣਾਈਆਂ ਗਈਆਂ ਨੀਤੀਆਂ ਦਾ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ‘ਤੇ ਵੱਡਾ ਅਸਰ ਪਿਆ ਹੈ। ਜਿੰਨੀ ਗਿਣਤੀ ਵਿੱਚ ਸਾਡੇ ਲੋਕ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਜਿੰਨੀ ਵੱਡੀ ਪੱਧਰ ‘ਤੇ ਦੋਨੋ ਮੁਲਕਾਂ ਦੀ ਆਪਸ ਵਿੱਚ ਆਵਾਜਾਈ ਹੁੰਦੀ ਹੈ, ਉਸ ਦਾ ਸਾਡੀ ਆਰਥਿਕਤਾ ਅਤੇ ਸਮਾਜਕ ਜ਼ਿੰਦਗੀ ‘ਤੇ ਅਸਰ ਪੈਣਾ ਲਾਜ਼ਮੀ ਹੈ। ਇਸ ਲਈ ਦੋਨੋ ਮੁਲਕਾਂ ਦੇ ਸੰਬੰਧਾਂ ਦਾ ਆਮ ਵਾਂਗ ਰਹਿਣਾ ਹੀ ਸਾਡੇ ਲੋਕਾਂ ਦੇ ਹਿੱਤ ਵਿੱਚ ਭੁਗਤ ਸਕਦਾ ਹੈ।
ਜਿੱਥੋਂ ਤੱਕ ਕੈਨੇਡਾ ਦੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਸਵਾਲ ਹੈ, ਉਹ ਦੂਜੇ ਮੁਲਕਾਂ ਪ੍ਰਤੀ ਵਧੇਰੇ ਸੰਤੁਲਿਤ ਪਹੁੰਚ ਅਪਨਾਉਣ ਦਾ ਯਤਨ ਕਰ ਸਕਦੇ ਹਨ; ਜਿਸ ਦਾ ਉਨ੍ਹਾਂ ਪਾਰਟੀ ਆਗੂ ਬਣਨ ਤੋਂ ਬਾਅਦ ਇਸ਼ਾਰਾ ਵੀ ਦਿੱਤਾ ਹੈ। ਟਰੂਡੋ ਦੀ ਲਿਬਰਲ ਸਿਆਸੀ ਪਹੁੰਚ ਖੱਬੇ ਵੱਲ ਝੁਕਦੀ ਸੀ, ਨਵੇਂ ਪ੍ਰਧਾਨ ਮੰਤਰੀ ਉਸ ਨੂੰ ਕੇਂਦਰ ਵਿੱਚ ਲਿਆਉਣ ਦਾ ਯਤਨ ਕਰ ਸਕਦੇ ਹਨ। ਆਪਣੇ ਪਿਛੋਕੜ ਵਿੱਚ ਤਾਂ ਮਾਰਕ ਕਾਰਨੀ ਇੱਕ ਉੱਚ ਪਾਏ ਦੇ ਅਰਥਸ਼ਾਸਤਰੀ ਵਜੋਂ ਹੀ ਵਿਚਰੇ ਹਨ ਅਤੇ ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਦੀ ਇੱਕ ਵੱਡੇ ਆਰਥਸ਼ਾਸਤਰੀ ਵਜੋਂ ਹੀ ਪਛਾਣ ਹੈ; ਪਰ ਹੁਣ ਉਨ੍ਹਾਂ ਦਾ ਇੱਕ ਬਿਲਕੁਲ ਵੱਖਰੇ ਖੇਤਰ ਨਾਲ ਵਾਹ ਪੈਣਾ ਹੈ, ਜਿਥੇ ਮਨੁੱਖੀ ਸੋਮਿਆਂ ਨਾਲ ਡੀਲ ਕਰਨਾ ਪ੍ਰਮੁੱਖ ਤਰਜੀਹ ਬਣ ਜਾਂਦੀ ਹੈ। ਉਨ੍ਹਾਂ ਦੀ ਪੁਜੀਸ਼ਨ ਭਾਰਤ ਵਿੱਚ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵਰਗੀ ਹੈ। ਡਾ. ਮਨਮੋਹਨ ਸਿੰਘ ਦੇ ਤਜ਼ਰਬੇ ਤੋਂ ਸਿਆਸੀ ਅਮਲ ਦੀ ਕਾਰਗੁਜ਼ਾਰੀ ਬਾਰੇ ਉਹ ਬਿਹਤਰ ਸਿੱਖ ਸਕਦੇ ਹਨ। ਆਪਣੀ ਪਾਰਟੀ ਪ੍ਰਧਾਨਗੀ ਵਿੱਚ ਉਨ੍ਹਾਂ 86 ਫੀਸਦੀ ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਨਿਕਟਤਮ ਵਿਰੋਧੀ ਕਰਸਟੀਨਾ ਫਰੀਲਾਂਡ ਨੂੰ ਸਿਰਫ 8 ਫੀਸਦੀ ਵੋਟ ਪ੍ਰਾਪਤ ਹੋਏ। ਇਸ ਲਈ ਪਾਰਟੀ ਆਗੂ ਵਜੋਂ ਉਨ੍ਹਾਂ ਕੋਲ ਇੱਕ ਵੱਡਾ ਮੈਂਡੇਟ ਹੈ। ਇਹ ਉਨ੍ਹਾਂ ਨੂੰ ਇੱਕ ਰਾਜਨੀਤਿਕ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਵਿਚਰਨ ਲਈ ਸਵੈ-ਵਿਸ਼ਵਾਸ ਅਤੇ ਆਤਮ ਬਲ ਪ੍ਰਦਾਨ ਕਰੇਗਾ।
ਪਾਰਟੀ ਆਗੂ ਲਈ ਚੋਣ ਜਿੱਤਣ ਤੋਂ ਬਾਅਦ ਦਿੱਤੇ ਗਏ ਆਪਣੇ ਭਾਸ਼ਨ ਵਿੱਚ ਮਾਰਕ ਕਾਰਨੀ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਕੈਨੇਡਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡੀਅਨ ਕਦਰਾਂ-ਕੀਮਤਾਂ ਦੀ ਰੋਸ਼ਨੀ ਵਿੱਚ ਸਾਨੂੰ ਵੱਡੀਆਂ ਤਬਦੀਲੀਆਂ ਦੀ ਲੋੜ ਪੈ ਸਕਦੀ ਹੈ। ਉਸ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਟਰੰਪ ਦੀ ਅਗਵਾਈ ‘ਚ ਅਮਰੀਕਨ ਸਾਡੇ ਕੁਦਰਤੀ ਸੋਮੇ, ਪਾਣੀ, ਜ਼ਮੀਨ `ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਆਪਣੇ ਭਾਸ਼ਨ ਵਿੱਚ ਮਾਰਕ ਕਾਰਨੀ ਨੇ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਲੀਵਰ ਦੀ ਵੀ ਆਲੋਚਨਾ ਕੀਤੀ; ਪਰ ਉਹ ਕਨਜ਼ਰਵੇਟਿਵ ਪਾਰਟੀ ਦੀਆਂ ਕਈ ਨੀਤੀਆਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਵੀ ਵਧ ਰਹੇ ਹਨ। ਉਹ ਕਾਰਬਨ ਟੈਕਸ ਹਟਾਉਣ ਅਤੇ ‘ਕੈਪੀਟਲ ਗੇਨ’ ਟੈਕਸ ਨਾ ਵਧਾਉਣ ਬਾਰੇ ਵਿਚਾਰ ਕਰ ਰਹੇ ਹਨ। ਅਗਲੇ ਐਤਵਾਰ ਮਾਰਕ ਕਾਰਨੀ ਦਾ ਜਨਮ ਦਿਨ ਹੈ। ਉਮੀਦ ਹੈ, ਉਸੇ ਦਿਨ ਹੀ ਉਹ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਣਗੇ। ਸਿਆਸੀ ਮਾਹਿਰਾਂ ਅਨੁਸਾਰ ਮਾਰਕ ਕਾਰਨੀ ਆਮ ਚੋਣਾਂ ਜਲਦੀ ਵੀ ਕਰਵਾ ਸਕਦੇ ਹਨ, ਜਿਹੜੀਆਂ ਉਂਝ ਅਕਤੂਬਰ ਮਹੀਨੇ ਵਿੱਚ ਹੋਣੀਆਂ ਹਨ।
ਕਾਰਨੀ ‘ਕੈਨੇਡਾ ਸਟਰੋਂਗ’ ਦਾ ਜ਼ੁਮਲ ਵਾਰ-ਵਾਰ ਵਰਤਦੇ ਹਨ। ਲਗਦਾ ਚੋਣਾਂ ਵਿੱਚ ਇਹ ਉਨ੍ਹਾਂ ਦਾ ਮੁੱਖ ਨਾਹਰਾ ਹੋਏਗਾ। ਉਨ੍ਹਾਂ ਆਪਣੇ ਭਾਸ਼ਨ ਵਿੱਚ ਆਖਿਆ ਕਿ ਕੈਨੇਡਾ ਦੇ ਲੋਕ ਹਾਂਮੁਖੀ (ਪੌਜ਼ੇਟਿਵ) ਲੀਡਰਸਿੱLਪ ਦੀ ਤਾਲਾਸ਼ ਵਿੱਚ ਹਨ। ਇਸ ਮੌਕੇ ਕੈਨੇਡਾ ਦੀ ਆਰਥਕਤਾ ਨੂੰ ਮਜਬੂਤ ਕਰਨਾ ਉਨ੍ਹਾਂ ਦਾ ਟੀਚਾ ਹੈ। ਇਸ ਲਈ ਕੈਨੇਡਾ ਦਾ ਪ੍ਰਧਾਨ ਮੰਤਰੀ ਨਵੇਂ ਅਤੇ ਭਰੋਸੇਯੋਗ ਵਪਾਰਕ ਭਾਈਵਾਲ ਲੱਭਣ ਦਾ ਯਤਨ ਵੀ ਕਰੇਗਾ। ਕੈਨੇਡਾ ਦੀ ਇਸ ਕੋਸ਼ਿਸ਼ ਵਿੱਚ ਹਿੰਦੁਸਤਾਨ ਵੀ ਇਸ ਮੁਲਕ ਨਾਲ ਆਪਣੇ ਵਪਾਰਕ ਤੇ ਕੂਟਨੀਤਿਕ ਸੰਬੰਧ ਮੁੜ ਲੀਹ ‘ਤੇ ਲਿਆ ਸਕਦਾ ਹੈ।
ਮਾਰਕ ਕਾਰਨੀ ਦਾ ਜਨਮ 16 ਮਾਰਚ 1965 ਨੂੰ ਫੋਰਟ ਸਮਿਥ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਅਤੇ ਮੁਢਲੀ ਸਿੱਖਿਆ ਅਲਬਰਟਾ ਸਟੇਟ ਦੇ ਸ਼ਹਿਰ ਐਡਮਿੰਟਨ ਵਿੱਚ ਪ੍ਰਵਾਨ ਚੜ੍ਹੀ। ਉਨ੍ਹਾਂ ਨੇ ਆਪਣੀ ਇਕਨਾਮਿਕਸ ਵਿੱਚ ਗਰੈਜੂਏਸ਼ਨ ਦੀ ਡਿਗਰੀ ਹਾਰਵਰਡ ਤੋਂ ਪ੍ਰਾਪਤ ਕੀਤੀ। ਮਾਸਟਰ ਅਤੇ ਪੀਐਚ.ਡੀ. ਦੀ ਡਿਗਰੀ ਉਨ੍ਹਾਂ ਨੇ ਔਕਸਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਉਹ ਗੋਲਡਮੈਨ ਸਾਚ ਦੇ ਐਗਜ਼ੈਕਟਿਵ ਡਾਇਰੈਕਟਰ ਵੀ ਰਹੇ। 2008 ਤੋਂ 2013 ਤੱਕ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਨਿਯੁਕਤ ਰਹੇ। 2013 ਤੋਂ 2020 ਤੱਕ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ। ਇਸ ਦੌਰਾਨ ਉਨ੍ਹਾਂ ਨੇ 2008 ਦੇ ਆਰਥਕ ਮੰਦੇ ਦੇ ਪ੍ਰਭਾਵਾਂ ਤੋਂ ਬਰਤਾਨਵੀ ਆਰਥਕਤਾ ਨੂੰ ਬਾਹਰ ਕੱਢਣ ਲਈ ਉਸ ਵੇਲੇ ਦੀ ਸਰਕਾਰ ਦੀ ਮਦਦ ਕੀਤੀ। ਉਹ ਕੈਨੇਡਾ ਦੇ ਨਾਲ ਨਾਲ ਇੰਗਲੈਂਡ, ਬਰਤਾਨੀਆ ਅਤੇ ਆਇਰਲੈਂਡ ਦੇ ਵੀ ਸ਼ਹਿਰੀ ਹਨ।