*ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਇਆ ਫਾਈਨਲ ਮੈਚ
*ਕ੍ਰਿਕਟ ਟੀਮ ਦੀ ਜਿੱਤ ‘ਤੇ ਹਿੰਦੁਸਤਾਨ ‘ਚ ਜਸ਼ਨ ਵਰਗਾ ਮਾਹੌਲ
ਪੰਜਾਬੀ ਪਰਵਾਜ਼ ਬਿਊਰੋ
ਦੁਨੀਆਂ ਭਰ ਦੀ ਭ੍ਰਿਸ਼ਟ ਕਮਾਈ ਨਾਲ ਆਫਰੇ ਹੋਏ ਸ਼ੇਖਾਂ ਦੇ ਮੁਲਕ ਦੁਬਈ ਦੀ ਲਿਸ਼ਕ-ਪੁਸ਼ਕ, ਆਪਣੇ ਨਾਲ ਮਿਲਦੀ-ਜੁਲਦੀ ਗਲੈਮਰਸ ਖੇਡ ਕ੍ਰਿਕਟ ਦੇ ਜਲਵੇ ਨਾਲ ਲੰਘੇ ਐਤਵਾਰ ਜਗਮਗਾ ਉੱਠੀ। ਫਸਵੇਂ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ 4 ਵਿਕਟਾਂ ਨਾਲ ਮਾਤ ਦਿੱਤੀ ਤੇ ਚੈਂਪੀਅਨਸ਼ਿਪ ਜਿੱਤ ਲਈ। ਨਿਊਜ਼ੀਲੈਂਡ ਦੀ ਟੀਮ ਨੇ 7 ਵਿਕਟਾਂ ਗੁਆ ਕੇ 251 ਰਨ ਬਣਾਏ, ਜਦਕਿ ਭਾਰਤ ਨੇ ਆਪਣੀਆਂ 6 ਵਿਕਟਾਂ ਗੁਆ ਕੇ ਇਹ ਟੀਚਾ ਪਾਰ ਕਰ ਲਿਆ ਤੇ ਸਾਰਾ ਸਟੇਡੀਅਮ ਖੁਸ਼ੀ ਨਾਲ ਝੂਮ ਉੱਠਿਆ।
ਨਿਊਜ਼ੀਲੈਂਡ ਵੱਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਟੀਮ ਨੇ ਆਪਣੀਆਂ 7 ਵਿਕਟਾਂ ਗੁਆ ਕੇ 251 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਭਾਰਤੀ ਮੂਲ ਦੇ ਖਿਡਾਰੀ ਰਚਿਨ ਰਵਿੰਦਰਨ ਨੇ 37, ਡੈਰਿਲ ਮਿਚਲ ਨੇ 63 ਅਤੇ ਕਪਤਾਨ ਮਿਚਲ ਸੈਂਟਨਰ ਨੇ 53 ਦੌੜਾਂ ਦਾ ਯੋਗਦਾਨ ਦਿੱਤਾ।
ਭਾਰਤ ਵੱਲੋਂ ਇਹ ਟੀਚਾ 49 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਪੂਰਾ ਕਰ ਲਿਆ ਗਿਆ। ਭਾਰਤ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਨੇ ਮਿਲ ਕੇ 102 ਰਨ ਬਣਾਏ, ਪਰ ਇਸ ਤੋਂ ਬਾਅਦ ਸ਼ੁਭਮਨ 31 ਦੇ ਨਿੱਜੀ ਸਕੋਰ ‘ਤੇ ਅਤੇ ਕੋਹਲੀ 2 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਵੀ 76 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਇਸ ਮੌਕੇ ਲੱਗਣ ਲੱਗਾ ਸੀ ਕਿ ਭਾਰਤ ਮੁਸ਼ਕਲ ਵਿੱਚ ਫਸ ਸਕਦਾ ਹੈ। ਉਪਰੋਕਤ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਐਸ. ਅੱਈਅਰ, ਕੇ.ਐਲ. ਰਾਹੁਲ ਤੇ ਅਕਸ਼ਰ ਪਟੇਲ ਨੇ ਭਾਰਤ ਨੂੰ ਟੀਚਾ ਪਾਰ ਕਰਨ ਵਿੱਚ ਤਕੜੀ ਮਦਦ ਕੀਤੀ। ਇਨ੍ਹਾਂ ਤਿੰਨਾਂ ਨੇ ਕ੍ਰਮਵਾਰ 48, 34 ਅਤੇ 29 ਦੌੜਾਂ ਦਾ ਯੋਗਦਾਨ ਦਿੱਤਾ। ਹਾਰਦਿਕ ਪਾਂਡਿਯਾ ਨੇ 18 ਅਤੇ ਜਡੇਜਾ ਨੇ 9 ਦੌੜਾਂ ਬਣਾਈਆਂ।
ਟੂਰਨਾਮੈਂਟ ਦੇ ਫਾਈਨਲ ਮੈਚ ਦਾ ਟਾਸ ਨਿਊਜ਼ੀਲੈਂਡ ਨੇ ਜਿੱਤਿਆ, ਪਰ ਮੁਕਾਬਲਾ ਹਿੰਦੁਸਤਾਨ ਨੇ। ਮੈਚ ਜਿੱਤਣ ਦੇ ਨਾਲ ਹੀ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਇਸ ਟੀਮ ਨੇ ਲਗਾਤਾਰ ਦੂਜੀ ਵਾਰ ਇਹ ਚੈਂਪੀਅਨਸ਼ਿੱਪ ਵੀ ਜਿੱਤ ਲਈ। ਇਸ ਤੋਂ ਪਹਿਲਾਂ ਭਾਰਤ 2023 ਦਾ ਟੀ-20 ਸੰਸਾਰ ਕੱਪ ਵੀ ਜਿੱਤ ਚੁੱਕਾ ਹੈ। ਸਾਲ 2000 ਦੀ ਚੈਂਪੀਅਨਸ ਟਰਾਫੀ ਵਿੱਚ ਵੀ ਇਨ੍ਹਾਂ ਦੋਹਾਂ ਟੀਮਾਂ ਵਿਚਕਾਰ ਹੀ ਫਾਈਨਲ ਮੁਕਾਬਲਾ ਹੋਇਆ ਸੀ, ਪਰ ਉਦੋਂ ਨਿਊਜ਼ੀਲੈਂਡ ਦੀ ਟੀਮ ਭਾਰਤ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਇੰਜ 25 ਸਾਲ ਬਾਅਦ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਹਿਸਾਬ ਬਰਾਬਰ ਕੀਤਾ ਹੈ। ਸਾਲ 2002 ਵਿੱਚ ਭਾਰਤ ਅਤੇ ਸ੍ਰੀਲੰਕਾ ਦੀਆਂ ਟੀਮਾਂ ਸਾਂਝੀਆਂ ਜੇਤੂ ਰਹੀਆਂ ਸਨ।
ਤਾਜ਼ਾ ਜਿੱਤ ਨਾਲ ਭਾਰਤੀ ਟੀਮ ਨੂੰ 2.24 ਮਿਲੀਅਨ ਡਾਲਰ (19.48 ਕਰੋੜ) ਦੀ ਇਨਾਮੀ ਰਾਸ਼ੀ ਮਿਲੀ ਹੈ। ਦੂਜੇ ਨੰਬਰ ‘ਤੇ ਰਹਿਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ 1.12 ਮਿਲੀਅਨ ਡਾਲਰ ਦੀ ਰਾਸ਼ੀ ਜਿੱਤੀ। ਮਹਿੰਦਰ ਸਿੰਘ ਧੋਨੀ ਤੋਂ ਬਾਅਦ ਰੋਹਿਤ ਸ਼ਰਮਾ ਟੀ-20 ਅਤੇ ਇੱਕ ਰੋਜ਼ਾ, ਦੋਨੋ ਖਿਤਾਬ ਜਿੱਤਣ ਵਾਲੇ ਦੂਜੇ ਕਪਤਾਨ ਬਣ ਗਏ ਹਨ। ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਾਡੇ ਕੋਲੋਂ ਬਹੁਤ ਵੱਡੀਆਂ ਆਸਾਂ ਸਨ, ਪਰ ਸਾਡੇ ਬਾਲਰਾਂ (ਸਪਿੰਨਰਾਂ) ਨੇ ਸਾਨੂੰ ਨਿਰਾਸ਼ ਨਹੀਂ ਕੀਤਾ। ਇਹ ਮੈਚ ਆਸਾਨ ਬਿਲਕੁਲ ਨਹੀਂ ਸੀ। ਦੋਹਾਂ ਟੀਮਾਂ ਵਿਚਕਾਰ ਫਸਵੀਂ ਟੱਕਰ ਹੋਈ। 20-25 ਸਕੋਰ ਹੋਰ ਜ਼ਿਆਦਾ ਹੁੰਦੇ ਤਾਂ ਭਾਰਤ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਸੀ। ਨਿਊਜ਼ੀਲੈਂਡ ਦੀ ਟੀਮ ਨੇ ਅੰਤ ਤੱਕ ਸੰਘਰਸ਼ ਕੀਤਾ। ਸ਼ੁਭਮਨ ਗਿੱਲ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਜਦੋਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਆਊਟ ਹੋ ਗਏ ਤਾਂ ਭਾਰਤੀ ਕੋਚਿੰਗ ਸਟਾਫ ਦੇ ਚਿਹਰਿਆਂ ‘ਤੇ ਚਿੰਤਾ ਦੀਆਂ ਲਕੀਰਾਂ ਸਾਫ ਦਿਸਣ ਲੱਗ ਪਈਆਂ ਸਨ, ਪਰ ਬਾਅਦ ਦੇ ਭਾਰਤੀ ਬੱਲੇਬਾਜ਼ਾਂ ਨੇ ਸਥਿਤੀ ਨੂੰ ਸੰਭਾਲ ਲਿਆ।
ਜੇਤੂ ਸ਼ਾਟ ਆਲ ਰਾਊਂਡਰ ਖਿਡਾਰੀ ਰਵਿੰਦਰ ਜਦੇਜਾ ਨੇ ਲਗਾਇਆ। ਇਸ ਦੇ ਨਾਲ ਹੀ ਜਸ਼ਨ ਸ਼ੁਰੂ ਹੋ ਗਿਆ ਅਤੇ ਭਾਰਤੀ ਖਿਡਾਰੀ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਗੀਤ ‘ਤੇ ਭੰਗੜਾ ਪਾਉਣ ਲੱਗੇ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਾ ਮੈਚ’ ਅਤੇ ਨਿਊਜ਼ੀਲੈਂਡ ਦੇ ਭਾਰਤੀ ਮੂਲ ਦੇ ਖਿਡਾਰੀ ਰਚਿਨ ਰਵਿੰਦਰਨ ਨੂੰ ‘ਮੈਨ ਆਫ ਟੂਰਨਾਮੈਂਟ’ ਦਾ ਖਿਤਾਬ ਦਿੱਤਾ ਗਿਆ।
ਇੱਥੇ ਜ਼ਿਕਰਯੋਗ ਹੈ ਕਿ ਭਾਰਤ ਨੇ 7 ਵਾਰ ਆਈ.ਸੀ.ਸੀ. ਕੌਮਾਤਰੀ ਕ੍ਰਿਕਟ ਮੁਕਬਲਾ ਜਿੱਤਿਆ ਹੈ। ਭਾਰਤੀ ਟੀਮ ਨੇ ਕਪਿਲ ਦੇਵ ਦੀ ਅਗਾਵਾਈ ਵਿੱਚ 1983 ਵਿੱਚ ਪਹਿਲੀ ਵਾਰ ਸੰਸਾਰ ਕ੍ਰਿਕਟ ਕੱਪ ਜਿੱਤਿਆ ਸੀ। ਉਦੋਂ ਵੈਸਟ ਇੰਡੀਜ਼, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਦੀ ਸੰਸਾਰ ਕ੍ਰਿਕਟ ਵਿੱਚ ਚੜ੍ਹਤ ਹੁੰਦੀ ਸੀ। ਖਾਸ ਕਰਕੇ ਵੈਸਟ ਇੰਡੀਜ਼ ਦੇ ਬਾਲਰਾਂ ਤੋਂ ਦੁਨੀਆਂ ਭਰ ਦੇ ਬੱਲੇਬਾਜ਼ ਖੌਫ ਖਾਂਦੇ ਸਨ। ਇਸੇ ਟੀਮ ਨੂੰ ਹਰਾ ਕੇ ਭਾਰਤ ਨੇ ਫਾਈਨਲ ਜਿੱਤਿਆ ਸੀ। 2011 ਵਿੱਚ ਵੀ ਭਾਰਤ ਨੇ ਇੱਕ ਦਿਨਾ ਫਾਰਮੈਟ ਦਾ ਵਰਲਡ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ 2007 ਅਤੇ 2023 ਦਾ ਟੀ-20 ਕੱਪ ਜਿੱਤਣ ਵਿੱਚ ਵੀ ਭਾਰਤੀ ਕ੍ਰਿਕਟ ਟੀਮ ਕਾਮਯਾਬ ਰਹੀ। ਚੈਂਪੀਅਨਸ ਟਰਾਫੀ ਮੁਕਾਬਲਿਆਂ ਵਿੱਚ ਭਾਰਤ ਤਿੰਨ ਵਾਰ 2002, 2013 ਅਤੇ 2025 ਵਿੱਚ ਖਿਤਾਬ ਜਿੱਤਣ ਵਿੱਚ ਕਾਮਯਾਬ ਰਿਹਾ। ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ, ਗ੍ਰਹਿ ਮੰਤਰੀ ਅਮਿੱਤ ਸ਼ਾਹ, ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖ਼ੜਗੇ, ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਇਸ ਸ਼ਾਨਦਾਰ ਜਿੱਤ ‘ਤੇ ਮੁਬਾਰਕਬਾਦ ਦਿੱਤੀ ਹੈ।