ਖਿਡਾਰੀ ਪੰਜ-ਆਬ ਦੇ (38)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਹਿਲਵਾਨ ਪਲਵਿੰਦਰ ਚੀਮਾ ਦੇ ਜੀਵਨ ਦਾ ਸੰਖੇਪ ਵੇਰਵਾ ਪੇਸ਼ ਹੈ। ਸੰਨ 2000 ਵਿੱਚ ਪਲਵਿੰਦਰ ਹਾਲੇ 17 ਵਰਿ੍ਹਆਂ ਦਾ ਹੀ ਸੀ, ਜਦੋਂ ਉਹ ਹੁਸ਼ਿਆਪੁਰ ਵਿਖੇ ਹੋਏ ਦੰਗਲ ਵਿੱਚ ‘ਰੁਸਤਮ-ਏ-ਹਿੰਦ’ ਬਣ ਗਿਆ। ਇਹ ਵੱਕਾਰੀ ਖਿਤਾਬ ਜਿੱਤਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਪਹਿਲਵਾਨ ਸੀ।
ਪੰਜਾਬ ਕੁਮਾਰ ਤੋਂ ਲੈ ਕੇ ਰੁਸਤਮ-ਏ-ਹਿੰਦ, ਰੁਸਤਮ-ਏ-ਏਸ਼ੀਆ ਤੇ ਵਰਲਡ ਖਾਲਸਾ ਕੇਸਰੀ ਤੱਕ ਹਰ ਟਾਈਟਲ ਜਿੱਤਿਆ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਉਸ ਨੇ ਕੁੱਲ 64 ਤਮਗੇ ਜਿੱਤੇ ਹਨ। ਪੰਜਾਬ ਪੁਲਿਸ ਵਿੱਚ ਐਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਪਲਵਿੰਦਰ ਨੇ 2002 ਤੋਂ 2011 ਤੱਕ ਲਗਾਤਾਰ 10 ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਪਲਵਿੰਦਰ ਚੀਮਾ ਨੂੰ ਪਹਿਲਵਾਨੀ ਪਿਉ-ਦਾਦੇ ਤੋਂ ਵਿਰਸੇ ਵਿੱਚ ਮਿਲੀ। ਪਟਿਆਲਵੀ ਪਲਵਿੰਦਰ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਪਹਿਲਵਾਨੀ ਅਖਾੜੇ ਵਿੱਚ ਦੇਸ਼ ਦਾ ਨਾਂ ਚਮਕਾ ਰਿਹਾ ਹੈ। ਇੱਕੋ ਪਰਿਵਾਰ ਨੇ ਦੋ ਰੁਸਤਮ-ਏ-ਹਿੰਦ ਪਹਿਲਵਾਨ ਪੈਦਾ ਕੀਤੇ। ਦੋ ਓਲੰਪੀਅਨ, ਏਸ਼ਿਆਈ ਖੇਡਾਂ ਦੇ ਚਾਰ ਤਮਗੇ ਜਿੱਤਣ ਵਾਲੇ ਦੋ ਪਹਿਲਵਾਨ ਅਤੇ ਇੱਕ-ਇੱਕ ਅਰਜੁਨਾ ਤੇ ਦਰੋਣਾਚਾਰੀਆ ਐਵਾਰਡੀ। ਸੰਤਾਲੀ ਦੀ ਵੰਡ ਵੇਲੇ ਉਸ ਦਾ ਪਰਿਵਾਰ ਲਾਇਲਪੁਰ ਤੋਂ ਪਟਿਆਲਾ ਆ ਕੇ ਵਸਿਆ ਸੀ। ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਨੇ ਕੇਸਰ ਸਿੰਘ ਨੂੰ ਗਾਮੇ ਪਹਿਲਵਾਨ ਨੂੰ ਦਿੱਤਾ ਹੋਇਆ 25 ਏਕੜ ਰਕਬੇ ਵਿੱਚ ਫੈਲਿਆ ਬਾਗ ਅਤੇ ਅਖਾੜਾ ਸੌਂਪ ਦਿੱਤਾ, ਜੋ ਹੁਣ ਐਨ.ਆਈ.ਐਸ. ਪਟਿਆਲਾ ਦੇ ਐਨ ਸਾਹਮਣੇ ਹੈ। ਕੇਸਰ ਸਿੰਘ ਚੀਮਾ ਰੁਸਤਮੇ-ਏ-ਹਿੰਦ ਬਣਿਆ। ਦੂਜੀ ਪੀੜ੍ਹੀ ਵਿੱਚ ਉਸ ਦੇ ਪੁੱਤਰ ਸੁਖਚੈਨ ਸਿੰਘ ਚੀਮਾ ਨੇ ਇਸ ਵਿਰਾਸਤ ਨੂੰ ਹੋਰ ਅੱਗੇ ਤੋਰਿਆ। ਤੀਜੀ ਪੀੜ੍ਹੀ ਵਿੱਚ ਕੇਸਰ ਸਿੰਘ ਦੇ ਪੋਤਰੇ ਤੇ ਸੁਖਚੈਨ ਸਿੰਘ ਦੇ ਪੁੱਤਰ ਪਲਵਿੰਦਰ ਸਿੰਘ ਨੇ ਚੀਮਾ ਪਰਿਵਾਰ ਦੀਆਂ ਖੇਡ ਪ੍ਰਾਪਤੀਆਂ ਨੂੰ ਹੋਰ ਚਾਰ ਚੰਨ ਲਾ ਦਿੱਤੇ।
ਓਲੰਪੀਅਨ ਪਲਵਿੰਦਰ ਸਿੰਘ ਚੀਮਾ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗ਼ਾ, ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ, ਜੂਨੀਅਰ ਵਿਸ਼ਵ ਚੈਂਪੀਅਨ, ਚਾਰ ਵਾਰ ਏਸ਼ੀਅਨ ਚੈਂਪੀਅਨਸ਼ਿਪ ਦਾ ਤਮਗਾ, ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਗੋਲਡਨ ਹੈਟ੍ਰਿਕ, 5 ਵਾਰ ਵਿਸ਼ਵ ਪੁਲਿਸ ਖੇਡਾਂ ਦਾ ਚੈਂਪੀਅਨ, 10 ਸਾਲ ਲਗਾਤਾਰ ਆਲ ਇੰਡੀਆ ਪੁਲਿਸ ਖੇਡਾਂ ਦਾ ਚੈਂਪੀਅਨ, ਸਭ ਤੋਂ ਛੋਟੀ ਉਮਰ ਵਿੱਚ ਰੁਸਤਮ-ਏ-ਹਿੰਦ ਦਾ ਖਿਤਾਬ ਜਿੱਤਿਆ। ਉਸ ਨੇ ਪੰਜਾਬ ਕੁਮਾਰ ਤੋਂ ਲੈ ਕੇ ਰੁਸਤਮ-ਏ-ਹਿੰਦ, ਰੁਸਤਮ-ਏ-ਏਸ਼ੀਆ ਤੇ ਵਰਲਡ ਖਾਲਸਾ ਕੇਸਰੀ ਤੱਕ ਹਰ ਟਾਈਟਲ ਜਿੱਤਿਆ। ਕੌਮੀ ਤੇ ਕੌਮਾਂਤਰੀ ਪੱਧਰ ਉਤੇ ਉਸ ਨੇ ਕੁੱਲ 64 ਤਮਗੇ ਜਿੱਤੇ ਹਨ।
ਪਲਵਿੰਦਰ ਦਾ ਜਨਮ ਸੁਖਚੈਨ ਸਿੰਘ ਚੀਮਾ ਦੇ ਘਰ ਹਰਜਿੰਦਰ ਕੌਰ ਦੀ ਕੁੱਖੋਂ 11 ਨਵੰਬਰ 1982 ਨੂੰ ਹੋਇਆ। ‘ਕੇਸਰ ਵਿਲਾ’ ਵਿੱਚ ਪੈਦਾ ਹੋਏ ਪਲਵਿੰਦਰ ਦਾ ਭਾਰ ਜਨਮ ਸਮੇਂ ਸਾਢੇ ਚਾਰ ਕਿਲੋ ਸੀ। ਜਨਮ ਤੋਂ ਹੀ ਉਸ ਵਿੱਚ ਤਕੜੇ ਭਲਵਾਨ ਦੀ ਸੰਭਾਵਨਾ ਜਾਪ ਰਹੀ ਸੀ। ਪਲਵਿੰਦਰ ਦਾ ਘਰਦਿਆਂ ਨੇ ਲਾਡਲਾ ਨਾਂ ਸੋਨੂੰ ਰੱਖਿਆ। ਨਿੱਕੇ ਸੋਨੂੰ ਦੇ ਆਲੇ-ਦੁਆਲੇ ਖਿਡੌਣੇ ਨਹੀਂ, ਬਲਕਿ ਉਸ ਦੇ ਪਿਤਾ ਤੇ ਦਾਦੇ ਵੱਲੋਂ ਜਿੱਤੀਆਂ ਗੁਰਜਾਂ ਹੁੰਦੀਆਂ ਸਨ।
10 ਵਰਿ੍ਹਆਂ ਦੀ ਉਮਰੇ ਘਰੇਲੂ ਅਖਾੜੇ ਵਿੱਚ ਘੁਲਣਾ ਸ਼ੁਰੂ ਕਰਨ ਵਾਲੇ ਪਲਵਿੰਦਰ ਨੇ ਬੁੱਢਾ ਦਲ ਸਕੂਲ ਵਿੱਚ ਪੜ੍ਹਦਿਆਂ 1998 ਵਿੱਚ ਕੌਮੀ ਸਕੂਲ ਖੇਡਾਂ ਵਿੱਚ ਆਪਣੀ ਸਰਦਾਰੀ ਕਾਇਮ ਕਰ ਲਈ ਸੀ। 87 ਕਿੱਲੋ ਤੋਂ ਵੱਧ ਭਾਰ ਵਿੱਚ ਘੁਲਣ ਵਾਲੇ ਪਲਵਿੰਦਰ ਨੇ ਪਹਿਲੇ ਦੋ ਸਾਲ (1996 ਤੇ 1997) ਕੌਮੀ ਸਕੂਲ ਖੇਡਾਂ ਵਿੱਚੋਂ ਚਾਂਦੀ ਦਾ ਤਮਗਾ ਜਿੱਤਿਆ ਅਤੇ ਤੀਜੇ ਸਾਲ 1998 ਵਿੱਚ ਉਹ ਕੌਮੀ ਸਕੂਲ ਖੇਡਾਂ ਦਾ ਚੈਂਪੀਅਨ ਬਣ ਗਿਆ। ਸਰਕਾਰੀ ਮਹਿੰਦਰਾ ਕਾਲਜ ਵਿਖੇ ਪੜ੍ਹਦਿਆਂ ਪਲਵਿੰਦਰ ਅਗਲੇ ਹੀ ਸਾਲ 1999 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨ ਬਣ ਗਿਆ। ਇਸੇ ਸਾਲ ਉਸ ਨੇ ਤਹਿਰਾਨ ਵਿਖੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਵੱਡਾ ਕੌਮਾਂਤਰੀ ਟੂਰਨਾਮੈਂਟ ਖੇਡਦਿਆਂ ਚਾਂਦੀ ਦਾ ਤਮਗਾ ਜਿੱਤਿਆ।
ਸੰਨ 2000 ਵਿੱਚ ਪਲਵਿੰਦਰ ਹਾਲੇ 17 ਵਰਿ੍ਹਆਂ ਦਾ ਹੀ ਸੀ, ਜਦੋਂ ਉਹ ਹੁਸ਼ਿਆਪੁਰ ਵਿਖੇ ਹੋਏ ਦੰਗਲ ਵਿੱਚ ‘ਰੁਸਤਮੇ-ਏ-ਹਿੰਦ’ ਬਣ ਗਿਆ। ਇਹ ਵੱਕਾਰੀ ਖਿਤਾਬ ਜਿੱਤਣ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਪਹਿਲਵਾਨ ਸੀ। ਪਿੱਠ ਦੀ ਸਮੱਸਿਆ ਕਾਰਨ ਕੁਝ ਮਹੀਨੇ ਅਖਾੜੇ ਤੋਂ ਬਾਹਰ ਰਿਹਾ। ਸੰਨ 2001 ਵਿੱਚ ਪਲਵਿੰਦਰ ਨੇ ਜੂਨੀਅਰ ਨੈਸ਼ਨਲ ਦਾ ਤੀਜੀ ਵਾਰ ਖਿਤਾਬ ਜਿੱਤ ਕੇ ਗੋਲਡਨ ਹੈਟ੍ਰਿਕ ਲਗਾਈ। ਕੈਰੋਂ ਵਿਖੇ ਹੋਏ ਮੁਸਤਫਾ ਗੋਲਡ ਕੱਪ ਵਿੱਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ। ਤਾਸ਼ਕੰਦ ਵਿਖੇ ਹੋਈ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 2002 ਵਿੱਚ ਮਾਨਚੈਸਟਰ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ। ਸੁਪਰ ਹੈਵੀਵੇਟ ਵਰਗ ਵਿੱਚ ਕਿਸੇ ਭਾਰਤੀ ਵੱਲੋਂ ਜਿੱਤਿਆ ਇਹ ਪਹਿਲਾ ਸੋਨ ਤਮਗਾ ਸੀ। ਇਸੇ ਸਾਲ ਪਲਵਿੰਦਰ ਨੇ ਬੁਸਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ 120 ਕਿਲੋ ਭਾਰ ਵਾਲੇ ਸੁਪਰ ਹੈਵੀਵੇਟ ਵਰਗ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਮਗਾ ਜਿੱਤਿਆ। ਸਾਲ 2003 ਵਿੱਚ ਪਲਵਿੰਦਰ ਨੇ ਕੈਨੇਡਾ ਕੱਪ ਵਿੱਚ ਗੋਲਡ ਮੈਡਲ ਜਿੱਤਣ ਦੇ ਨਾਲ ‘ਸਰਵੋਤਮ ਪਹਿਲਵਾਨ’ ਦਾ ਖਿਤਾਬ ਵੀ ਜਿੱਤਿਆ। ਦਿੱਲੀ ਵਿਖੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਗਲੇ ਸਾਲ ਉਸ ਨੇ ਤਹਿਰਾਨ ਵਿਖੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜੇ ਸਾਲ ਚਾਂਦੀ ਦਾ ਤਮਗਾ ਜਿੱਤਿਆ। ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਉਸ ਨੇ ਏਥਨਜ਼ ਓਲੰਪਿਕਸ ਦੀ ਟਿਕਟ ਖੱਟ ਲਈ। 2004 ਵਿੱਚ ਏਥਨਜ਼ ਵਿਖੇ ਹੋਈਆਂ 28ਵੀਆਂ ਓਲੰਪਿਕ ਖੇਡਾਂ ਵਿੱਚ ਪਲਵਿੰਦਰ ਨੇ ਹਿੱਸਾ ਲਿਆ। ਸਾਲ ਦੇ ਅਖੀਰ ਵਿੱਚ ਪਹਿਲੀ ਵਾਰ ਹੋਈਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਵਿੱਚ ਪਲਵਿੰਦਰ ਨੇ ਰੁਸਤਮ-ਏ-ਪਾਕਿਸਤਾਨ ਬਸ਼ੀਰ ਭੋਲਾ ਨੂੰ ਪਛੜਨ ਤੋਂ ਬਾਅਦ ਆਖਰੀ ਪਲਾਂ ਵਿੱਚ ਚਿੱਤ ਕਰਕੇ ਸੋਨ ਤਮਗ਼ਾ ਜਿੱਤਿਆ।
ਸਾਲ 2005 ਵਿੱਚ ਕੇਪਟਾਊਨ ਵਿਖੇ ਹੋਈ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪਲਵਿੰਦਰ ਨੇ ਗਰੀਕੋ ਰੋਮਨ ਤੇ ਫਰੀ ਸਟਾਈਲ- ਦੋਵੇਂ ਵਰਗਾਂ ਵਿੱਚ ਸੋਨ ਤਮਗ਼ਾ ਜਿੱਤਿਆ। ਵੁਹਾਨ ਵਿਖੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਸਾਲ 2006 ਵਿੱਚ ਦੋਹਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਿਆਂ ਕਾਂਸੀ ਦਾ ਤਮਗਾ ਜਿੱਤਿਆ। ਸਾਲ 2007 ਵਿੱਚ ਕਿਰਗਿਸਤਾਨ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਅਗਲੇ ਸਾਲ ਫਰਾਂਸ ਵਿਖੇ ਹੋਏ ਹੈਨਰੀ ਡਗਲਸ ਗੋਲਡ ਕੱਪ ਵਿੱਚ ਸੋਨੇ ਦਾ ਤਮਗ਼ਾ ਅਤੇ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਹੋਏ ਇੰਟਰਨੈਸ਼ਨਲ ਗੋਲਡ ਕੱਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਉਸ ਨੇ ਚਾਰ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਵੱਡੇ ਦੰਗਲਾਂ ਅਤੇ ਗੁਰਜਾਂ ਦੀ ਗੱਲ ਕਰੀਏ ਤਾਂ ਦੁਬਈ ਵਿਖੇ ਰੁਸਤਮ-ਏ-ਏਸ਼ੀਆ ਅਤੇ ਹਜ਼ੂਰ ਸਾਹਿਬ ਵਿਖੇ ਵਰਲਡ ਖਾਲਸਾ ਕੇਸਰੀ ਖਿਤਾਬ ਜਿੱਤਿਆ। ਹਕੀਮਪੁਰ ਵਿਖੇ ਪੁਰੇਵਾਲ ਭਰਾਵਾਂ ਵੱਲੋਂ ਕਰਵਾਈ ਜਾਂਦੀ ਮਿੰਨੀ ਓਲੰਪਿਕਸ ਦੌਰਾਨ ਚਾਰ ਵਾਰ ਮਹਾਂਭਾਰਤ ਕੇਸਰੀ ਦਾ ਖਿਤਾਬ ਜਿੱਤਿਆ ਹੈ। ਤਿੰਨ-ਤਿੰਨ ਵਾਰ ਭਾਰਤ ਕੇਸਰੀ ਤੇ ਸ਼ਕਤੀ ਕੇਸਰੀ, ਦੋ-ਦੋ ਵਾਰ ਰੁਸਤਮ-ਏ-ਹਿੰਦ ਤੇ ਭਾਰਤ ਕੁਮਾਰ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਤਰਨ ਤਾਰਨ ਵਿਖੇ 400 ਸਾਲਾ ਸ਼ਤਾਬਦੀ ਕੇਸਰੀ, ਭਾਰਤ ਮੱਲ ਸਮਰਾਟ, ਮਹਾਰਾਜਾ ਰਣਜੀਤ ਸਿੰਘ ਗੋਲਡ ਕੱਪ, ਦਾਰਾ ਗੋਲਡ ਕੱਪ, ਰਾਜੀਵ ਗਾਂਧੀ ਗੋਲਡ ਕੱਪ ਤੇ ਪੰਜਾਬ ਕੁਮਾਰ ਦੇ ਟਾਈਟਲ ਜਿੱਤੇ ਹਨ। ਕੌਮੀ ਪੱਧਰ ਦੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪਲਵਿੰਦਰ ਨੇ 2005 ਤੇ 2006 ਵਿੱਚ ਦੋ ਵਾਰ ਨੈਸ਼ਨਲ ਚੈਂਪੀਅਨਸ਼ਿਪ ਅਤੇ 2002 ਵਿੱਚ ਇਕ ਵਾਰ ਕੌਮੀ ਖੇਡਾਂ ਵਿੱਚ ਪੰਜਾਬ ਲਈ ਸੋਨੇ ਦਾ ਤਮਗਾ ਜਿੱਤਿਆ।
ਮੁੱਢੋਂ ਹੀ ਹੁੰਦੜਹੇਲ ਪਲਵਿੰਦਰ ਦੀ ਖੁਰਾਕ ਵੀ ਖੁੱਲ੍ਹੀ ਸੀ। ਦੁੱਧ-ਘਿਓ, ਬਦਾਮ ਦੇ ਨਾਲ ਮੁਰਗਾ, ਆਂਡੇ, ਸ਼ਰਦਈ ਆਦਿ ਖੁਰਾਕ ਦਾ ਹਿੱਸਾ ਸੀ। 5-7 ਕਿੱਲੋ ਦੁੱਧ, ਦਰਜਨ ਅੰਡੇ, ਦੋ-ਤਿੰਨ ਕਿੱਲੋ ਮੀਟ ਉਸ ਦੀ ਰੋਜ਼ਾਨਾ ਦੀ ਖੁਰਾਕ ਸੀ। ਪੰਜਾਬ ਪੁਲਿਸ ਵਿੱਚ ਐਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਪਲਵਿੰਦਰ ਨੇ 2002 ਤੋਂ 2011 ਤੱਕ ਲਗਾਤਾਰ 10 ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਵਿਸ਼ਵ ਪੁਲਿਸ ਖੇਡਾਂ ਵਿੱਚ ਪੰਜ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਪਲਵਿੰਦਰ ਦੇ ਪਿਤਾ ਸੁਖਚੈਨ ਸਿੰਘ ਚੀਮਾ ਨੂੰ ਭਾਰਤ ਸਰਕਾਰ ਵੱਲੋਂ ਦਰੋਣਾਚਾਰੀਆ ਐਵਾਰਡ ਨਾਲ ਵੀ ਸਨਮਾਨਿਆ ਗਿਆ। ਪਲਵਿੰਦਰ ਦੇ ਨਾਨਕੇ ਮੁਕਤਸਰ ਜ਼ਿਲੇ ਦੇ ਪਿੰਡ ਧਗਾਣਾ ਹਨ ਅਤੇ ਉਹ ਵਿਆਹਿਆ ਬਠਿੰਡਾ ਨੇੜੇ ਪਿੰਡ ਗੋਨਿਆਣਾ ਵਿਖੇ ਹੈ। ਪਲਵਿੰਦਰ ਤੇ ਉਸ ਦੀ ਪਤਨੀ ਖੁਸ਼ਵਿੰਦਰ ਕੌਰ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ। ਬੇਟੀ ਦਾ ਨਾਮ ਬਨਮੀਤ ਅਤੇ ਬੇਟੇ ਦਾ ਨਾਮ ਬਿਲਾਵਨ ਹੈ।