ਸਾਕਾ ਨਨਕਾਣਾ ਸਾਹਿਬ (3): ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ
ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ ਸਿੱਖ ਕੌਮ ਦੀ ਸੋਚ ਨੂੰ ਸਦੀਆਂ ਤੋਂ ਗ੍ਰਹਿਣ ਲਾਇਆ ਹੋਇਆ ਹੈ। ਇੰਜ ਹੀ ‘ਸਾਕਾ ਨਨਕਾਣਾ ਸਾਹਿਬ’ ਬਾਬਤ ਬੜਾ ਕੁਝ ਲਿਖਿਆ ਗਿਆ ਹੈ। ਇਹ ਸਾਕਾ ਵਾਪਰੇ ਨੂੰ ਇੱਕ ਸਦੀ ਅਤੇ 4 ਸਾਲ ਹੋ ਚੱਲੇ ਹਨ। ਹਥਲੇ ਲੰਮੇ ਲੇਖ ਵਿੱਚ ਇਸ ਸਾਕੇ ਲਈ ਜ਼ਿੰਮੇਵਾਰ ਧਿਰਾਂ ਜਾਂ ਹਾਲਾਤ ਨੂੰ ਪੜਚੋਲਣ ਜਾਂ ਨਜ਼ਰਸਾਨੀ ਕਰਨ ਦਾ ਯਤਨ ਕੀਤਾ ਗਿਆ ਹੈ। ਗਲਤ ਇਤਿਹਾਸਕਾਰੀ ਦੀ ਮਿਸਾਲ ਵਜੋਂ ਪੇਸ਼ ਹੈ ਇਹ ਲੇਖ… ਪ੍ਰਬੰਧਕੀ ਸੰਪਾਦਕ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਗੁਰਦੁਆਰਾ ਸੱਚਾ ਸੌਦਾ ’ਤੇ ਕਬਜ਼ਾ
27 ਦਸੰਬਰ 1920 ਨੂੰ 40-50 ਸਿੱਖਾਂ ਦਾ ਜਥਾ ਭਾਈ ਦਲੀਪ ਸਿੰਘ ਅਤੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਗੁਰਦੁਆਰਾ ਸੱਚਾ ਸੌਦਾ ਪਹੁੰਚਿਆ। ਇੱਥੋਂ ਦੇ ਮਹੰਤ ਦਾ ਨਾਂ ਵੀ ਨਰੈਣ ਦਾਸ ਸੀ। ਅਕਾਲੀਆਂ ਨੇ ਮਹੰਤ ਅਤੇ ਉਸਦੇ ਚੇਲੇ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਗੁਰਦੁਆਰੇ ’ਚ ਮੂਰਤੀ ਪੂਜਾ, ਤੰਬਾਕੂਨੋਸ਼ਾਂ ਤੋਂ ਕੀਰਤਨ ਕਰਵਾਉਣ ਅਤੇ ਨਾਜਾਇਜ਼ ਤੀਵੀਆਂ ਰੱਖਣ ਦੇ ਇਲਜ਼ਾਮ ਤਹਿਤ ਗੁਰਦੁਆਰਾ ’ਚੋਂ ਬਾਹਰ ਕੱਢ ਮਾਰਿਆ। ਸਿੰਘਾਂ ਨੂੰ ਹੁਕਮ ਦਿੱਤਾ ਕਿ ਅੰਦਰੋਂ ਤਾਂ ਕੋਈ ਸੂਈ ਵੀ ਬਾਹਰ ਨਹੀਂ ਨਿਕਲਣ ਦੇਣੀ ਤੇ ਬਾਹਰੋਂ ਡਾਂਗ ਸੋਟੇ ਵਾਲਾ ਕੋਈ ਅੰਦਰ ਨਹੀਂ ਵੜਨ ਦੇਣਾ। ਮਹੰਤ ਨੇ ਚੂੜ੍ਹਕਾਣਾ ਮੰਡੀ ਥਾਣੇ ਜਾ ਕੇ ਕਬਜ਼ੇ ਦੀ ਰਿਪੋਰਟ ਲਿਖਾਈ, ਪਰ ਕੋਈ ਪੁਲਿਸ ਵਾਲਾ ਉਹਦੇ ਨਾਲ ਨਹੀਂ ਤੁਰਿਆ। ਇੱਥੇ ਵੀ ਮਹੰਤਾਂ ਵੱਲੋਂ ਪੁਲਿਸ ਪਾਸ ਦਿੱਤੀ ਦਰਖਾਸਤ ਨੂੰ ਅਣਸੁਣਿਆ ਕਰਨਾ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ਪੂਰਨ ਦੇ ਦੋਸ਼ ਨੂੰ ਖਾਰਜ ਕਰਦਾ ਹੈ।
ਗੁਰਦੁਆਰਾ ਤਰਨਤਾਰਨ ’ਤੇ ਕਬਜ਼ਾ
29 ਜਨਵਰੀ 1921 ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਇੱਕ ਜਥਾ ਗੁਰਦੁਆਰਾ ਤਰਨਤਾਰਨ ਸਾਹਿਬ ’ਤੇ ਕਬਜ਼ੇ ਲਈ ਪੁੱਜਿਆ। ਇਸੇ ਰਾਤ ਪੁਜਾਰੀਆਂ ਤੇ ਅਕਾਲੀਆਂ ਵਿਚਕਾਰ ਟਕਰਾਅ ਹੋਇਆ, ਦੋਵੇਂ ਧਿਰਾਂ ਦੇ ਬੰਦੇ ਫੱਟੜ ਹੋਏ। ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦੋ ਅਕਾਲੀ ਸ਼ਹੀਦ ਹੋ ਗਏ। ਪੁਜਾਰੀਆਂ ’ਤੇ ਤਾਂ ਪੁਲਿਸ ਨੇ ਰਾਤ ਪਰਚਾ ਦਰਜ ਕਰ ਲਿਆ ਸੀ, ਪਰ ਅਗਲੀ ਸਵੇਰੇ ਤਕ ਅਕਾਲੀਆਂ ਦੇ ਖ਼ਿਲਾਫ਼ ਪੁਜਾਰੀਆਂ ਦਾ ਪਰਚਾ ਦਰਜ ਨਹੀਂ ਕੀਤਾ। ਕਿਉਂਕਿ ਅਕਾਲੀਆਂ ਨੇ ਆਪਣੇ ਫੱਟੜ ਰਾਤ ਨੂੰ ਹੀ ਹਸਪਤਾਲ ਭਰਤੀ ਕਰਵਾ ਦਿੱਤੇ ਸਨ ਤੇ ਕਿਹਾ ਕਿ ਸਾਡੇ ਸਿੰਘ ਸ਼ਹੀਦ ਹੋ ਜਾਣ ਦੀ ਖਬਰ ਸੁਣ ਕੇ ਆਪਣੇ ਬੰਦੇ ਆਪ ਹੀ ਫੱਟੜ ਕੀਤੇ ਹਨ। ਬਾਅਦ ਵਿੱਚ ਪਤਾ ਨਹੀਂ ਅਕਾਲੀਆਂ ਦਾ ਨਾਂ ਪਰਚੇ ਵਿੱਚ ਕਿਵੇਂ ਆਇਆ, ਜਿਸ ਵਿੱਚ 9 ਜਨਵਰੀ 1922 ਨੂੰ 15 ਅਕਾਲੀਆਂ ਨੂੰ ਇੱਕ ਇਕ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਜੁਰਮਾਨਾ ਹੋਇਆ। ਜਦਕਿ ਪੰਦਰਾਂ ਪੁਜਾਰੀਆਂ ਨੂੰ ਤਿੰਨ ਤਿੰਨ ਸਾਲ ਦੀ ਕੈਦ ਤੇ ਪੰਜਾਹ ਹਜ਼ਾਰ ਜੁਰਮਾਨਾ ਹੋਇਆ। ਅਪੀਲ ਦੌਰਾਨ ਸੈਸ਼ਨ ਜੱਜ ਨੇ ਪੁਜਾਰੀਆਂ ਦੀ ਸਜ਼ਾ ਨੌਂ-ਨੌਂ ਮਹੀਨੇ ਅਤੇ ਅਕਾਲੀਆਂ ਦੀ ਛੇ-ਛੇ ਮਹੀਨੇ ਕਰ ਦਿੱਤੀ। ਤਰਨਤਾਰਨ ਦੇ ਨੇੜੇ 14 ਫਰਵਰੀ ਨੂੰ ਨੌਰੰਗਾਬਾਦ ਅਤੇ 18 ਫਰਵਰੀ 1921 ਨੂੰ ਖਡੂਰ ਸਾਹਿਬ ਦੇ ਮਹੰਤਾਂ ਨੇ ਅਕਾਲੀਆਂ ਤੋਂ ਡਰਦਿਆਂ ਪੰਥ ਦੀ ਪਾਬੰਦੀ ’ਚ ਰਹਿ ਕੇ ਸੇਵਾ ਕਰਨੀ ਮੰਨ ਲਈ।
ਗੁਰਦੁਆਰਾ ਗੁਰੂ ਕੇ ਬਾਗ ’ਤੇ ਕਬਜ਼ਾ
31 ਜਨਵਰੀ 1921 ਨੂੰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ 50 ਸਿੰਘਾਂ ਦਾ ਜਥਾ ਅੰਮ੍ਰਿਤਸਰ ਤੋਂ ਟਾਂਗਿਆਂ ਰਾਹੀਂ ਅਤੇ ਉਥੋਂ ਪੈਦਲ ਚੱਲ ਕੇ ਗੁਰਦੁਆਰਾ ਗੁਰੂ ਕੇ ਬਾਗ ਘੁੱਕੇ ਵਾਲੀ ਰੋਡ ਪੁੱਜ ਗਿਆ। ਇੱਥੇ ਇਨ੍ਹਾਂ ਨੇ ਆਲੇ-ਦੁਆਲੇ ਪਿੰਡਾਂ ਵਿੱਚ ਖਬਰ ਕਰ ਦਿੱਤੀ ਤਾਂ 400-500 ਸਿੰਘਾਂ ਦਾ ਇਕੱਠ ਹੋ ਗਿਆ। ਅਗਲੀ ਸਵੇਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਸ. ਝੱਬਰ ਨੇ ਜਥੇ ਦੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਗੁਰਦੁਆਰੇ ਦੇ ਹਾਤੇ ਵਿੱਚੋਂ ਮਹੰਤ ਦੇ ਬੰਦਿਆਂ ਨੂੰ ਬਾਹਰ ਕੱਢ ਦਿਓ, ਪੰਜ ਸਿੰਘ ਗੁਰਦੁਆਰੇ ਦੇ ਅੰਦਰ ਬੈਠ ਜਾਓ, ਦਸ ਸਿੰਘ ਗੁਰਦੁਆਰੇ ਦੇ ਬਾਹਰਲੇ ਦਰਵਾਜ਼ੇ ਅੱਗੇ ਬੈਠੋ। ਅੱਜ ਸਾਰੇ ਸਿੰਘ ਰਾਤ ਗੁਰਦੁਆਰੇ ਵਿੱਚ ਹੀ ਰਹੋ। ਭਲਕੇ ਮਹੰਤ ਨੂੰ ਉਸਦੇ ਡੇਰੇ ਤੋਂ ਕੱਢਾਂਗੇ। ਇਸ ਕਾਰਵਾਈ ਨਾਲ ਮਹੰਤ ਡਰ ਗਿਆ, ਉਸ ਨੇ ਸ. ਅਮਰ ਸਿੰਘ ਝਬਾਲ ਨੂੰ ਵਿੱਚ ਪਾ ਕੇ ਕਬਜ਼ਾ ਅਕਾਲੀਆਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਅੱਗੇ ਤੋਂ ਮੈਂ ਪ੍ਰਬੰਧਕ ਕਮੇਟੀ ਦੇ ਹੁਕਮ ਮੁਤਾਬਕ ਗੁਰਦੁਆਰੇ ਦਾ ਪ੍ਰਬੰਧ ਕਰਾਂਗਾ; ਪਰ ਸ. ਝੱਬਰ ਨੇ ਕਿਹਾ ਕਿ ਨਹੀਂ! ਮਹੰਤ ਨੂੰ ਇੱਕ ਵਾਰੀ ਗੁਰਦੁਆਰੇ ’ਚੋਂ ਜ਼ਰੂਰ ਕੱਢ ਕੇ ਇਸਦਾ ਕਬਜ਼ਾ ਤੋੜਨਾ ਲਾਜ਼ਮੀ ਹੈ। ਇਸ ’ਤੇ ਮਹੰਤ ਸੁੰਦਰ ਦਾਸ ਨੇ ਇੱਕ ਕੋਰੇ ਕਾਗਜ਼ ’ਤੇ ਇਕਰਾਰਨਾਮਾ ਲਿਖ ਕੇ ਦੇ ਦਿੱਤਾ ਕਿ ਉਹ ਕਬਜ਼ਾ ਛੱਡ ਰਿਹਾ ਹੈ। ਅਕਾਲੀਆਂ ਨੇ ਲੋਕਲ ਸੰਗਤ ਦੀ ਇੱਕ ਕਮੇਟੀ ਬਣਾ ਕੇ ਪ੍ਰਬੰਧ ਉਸਨੂੰ ਸੌਂਪ ਦਿੱਤਾ। ਇਸ ਮੌਕੇ ਵੀ ਅਮਰ ਸਿੰਘ ਝਬਾਲ ਮਹੰਤ ਦੇ ਹੱਕ ਵਿੱਚ ਹੀ ਭੁਗਤਿਆ।
ਇਸੇ ਸਾਲ ਮਾਰਚ ਵਿੱਚ ਜਦੋਂ ਮੂਹਰਲੀ ਕਤਾਰ ਦੀ ਅਕਾਲੀ ਲੀਡਰਸ਼ਿਪ ਜੇਲ੍ਹਾਂ ਵਿੱਚ ਜਾਣ ਕਰਕੇ ਅਕਾਲੀ ਲਹਿਰ ਠੰਢੀ ਪੈ ਗਈ ਤਾਂ ਮਹੰਤ ਨੇ ਦੁਬਾਰਾ ਕਬਜ਼ੇ ਦੀ ਸੋਚੀ। ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ 500 ਰੁਪਏ ਰਿਸ਼ਵਤ ਦੇ ਕੇ ਆਪਣੇ ਇਕਰਾਰਨਾਮੇ ਵਾਲਾ ਕਾਗਜ਼ ਖਿਸਕਾ ਲਿਆ।
ਮਹੰਤ ਨੇ ਇਸ ਕਾਰਸਤਾਨੀ ਤੋਂ ਬਾਅਦ ਅਗਸਤ ਮਹੀਨੇ ਵਿੱਚ ਗੁਰਦੁਆਰੇ ’ਤੇ ਕਬਜ਼ਾ ਕਰਕੇ ਲੋਕਲ ਕਮੇਟੀ ਦੇ ਸਕੱਤਰ ਨੂੰ ਦਫਤਰੋਂ ਕੱਢ ਦਿੱਤਾ ਅਤੇ ਉਸਦੇ ਕਾਗਜ਼ ਪੱਤਰ ਪਾੜ ਦਿੱਤੇ। 23 ਅਗਸਤ 1921 ਨੂੰ ਅਕਾਲੀਆਂ ਨੇ ਫੇਰ ਮਹੰਤ ਨੂੰ ਗੁਰਦੁਆਰਿਓਂ ਬਾਹਰ ਕੱਢ ਦਿੱਤਾ।
ਮਹੰਤ ਨੇ ਸਰਕਾਰੇ-ਦਰਬਾਰੇ ਫਰਿਆਦ ਕੀਤੀ ਕਿ ਅਕਾਲੀਆਂ ਦਾ ਕਬਜ਼ਾ ਗੈਰ-ਕਾਨੂੰਨੀ ਹੈ ਅਤੇ ਮੈਂ ਉਨ੍ਹਾਂ ਨਾਲ ਕੋਈ ਇਕਰਾਰ ਨਹੀਂ ਕੀਤਾ। ਇਸ ’ਤੇ ਇੱਕ ਅੰਗਰੇਜ਼ ਅਫਸਰ ਮਿਸਟਰ ਮੈਕਫਰਸਨ ਪੁਲਿਸ ਲੈ ਕੇ ਗੁਰਦੁਆਰਾ ਗੁਰੂ ਕੇ ਬਾਗ ਪੁੱਜਿਆ। ਉਥੇ ਮੌਜੂਦ ਅਕਾਲੀ ਆਗੂ ਸ. ਦਾਨ ਸਿੰਘ ਨੇ ਅੰਗਰੇਜ਼ ਨੂੰ ਦੱਸਿਆ ਕਿ ਮਹੰਤ ਨੇ ਇੱਕ ਲਿਖਤ ਰਾਹੀਂ ਕਬਜ਼ਾ ਲੋਕਲ ਕਮੇਟੀ ਨੂੰ ਦਿੱਤਾ ਸੀ; ਉਹ ਲਿਖਤ ਤਾਂ ਲੱਭ ਨਹੀਂ ਰਹੀ, ਪਰ ਪੁਰਾਣੇ ਅਖਬਾਰਾਂ ਵਿੱਚ ਮਹੰਤ ਵੱਲੋਂ ਕਬਜ਼ਾ ਛੱਡਣ ਦੀਆਂ ਲੱਗੀਆਂ ਖਬਰਾਂ ਦਿਖਾਈਆਂ। ਇਹ ਖਬਰਾਂ ਦੇਖ ਕੇ ਹੀ ਅੰਗਰੇਜ਼ ਅਫਸਰ ਨੇ ਅਕਾਲੀਆਂ ਦੀ ਗੱਲ ਨੂੰ ਸੱਚ ਮੰਨਿਆ ਅਤੇ ਮਹੰਤ ਸੁੰਦਰ ਦਾਸ ਨੂੰ ਉਥੋਂ ਤਿੱਤਰ ਹੋ ਜਾਣ ਦਾ ਹੁਕਮ ਸੁਣਾਇਆ। ਉਹਨੇ ਗੁਰਦੁਆਰੇ ਦੀ ਰਾਖੀ ਵਾਸਤੇ ਇੱਕ ਪੁਲਿਸ ਦਸਤਾ ਵੀ ਬਿਠਾ ਦਿੱਤਾ। ਕੁਝ ਦਿਨਾਂ ਬਾਅਦ ਉਹਨੇ ਕਮੇਟੀ ਨੂੰ ਲਿਖਿਆ ਕਿ ਹੁਣ ਪੁਲਿਸ ਰਾਖੀ ਦੀ ਲੋੜ ਨਹੀਂ ਜਾਪਦੀ, ਪਰ ਜੇ ਫਿਰ ਵੀ ਕਮੇਟੀ ਚਾਹੁੰਦੀ ਹੈ ਤਾਂ ਪੁਲਿਸ ਦਾ ਖਰਚਾ ਭਰ ਕੇ ਪਹਿਰਾ ਹੋਰ ਵਧਾ ਸਕਦੀ ਹੈ। ਕਮੇਟੀ ਨੇ ਸਰਕਾਰ ਨੂੰ ਲਿਖਿਆ ਕਿ ਹੁਣ ਸਭ ਠੀਕ-ਠਾਕ ਹੈ, ਪੁਲਿਸ ਦੀ ਲੋੜ ਨਹੀਂ।
ਹੋਰ ਗੁਰਦੁਆਰਿਆਂ ’ਤੇ ਕਬਜ਼ੇ
ਇੱਥੇ ਗੱਲ ਜ਼ਿਕਰਯੋਗ ਹੈ ਕਿ ਅਕਾਲੀ ਜਥੇ ਉਨ੍ਹਾਂ ਪ੍ਰਮੁੱਖ ਗੁਰਦੁਆਰਿਆਂ ’ਤੇ ਵੀ ਕਬਜ਼ੇ ਕਰ ਰਹੇ ਸਨ, ਜਿਨ੍ਹਾਂ ਦੇ ਪੁਜਾਰੀਆਂ ਬਾਰੇ ਗੁਰਮਤਿ ਦੀ ਘੋਰ ਉਲੰਘਣਾ ਅਤੇ ਨਿੱਜੀ ਆਚਰਨ ਬਾਰੇ ਸ਼ਿਕਾਇਤਾਂ ਸਨ। ਇਸੇ ਦੌਰਾਨ ਅਕਾਲੀਆਂ ਨੇ ਹੋਰ ਬਹੁਤ ਸਾਰੇ ਗੁਰਦੁਆਰਿਆਂ ’ਤੇ ਕਬਜ਼ੇ ਕੀਤੇ। ਇਨ੍ਹਾਂ ਵਿੱਚ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਪਿਸ਼ੌਰ, ਗੁਰਦੁਆਰਾ ਜਮਰੌਦ, ਸੱਚਾ ਸੌਦਾ ਗੁਰਦੁਆਰੇ ਨੇੜੇ ਗੁਰਦੁਆਰਾ ਬਾਵੇ ਕੀ ਕੇਰ ਅਤੇ ਸ਼ੇਖੂਪੁਰੇ ਮਹਾਰਾਣੀ ਨਕੈਣ ਦਾ ਗੁਰਦੁਆਰਾ ਪ੍ਰਮੁੱਖ ਹਨ। ਇਨ੍ਹਾਂ ਦਿਨਾਂ ਵਿੱਚ ਅਕਾਲੀਆਂ ਦਾ ਦਬਕਾ ਐਨਾ ਹੋ ਗਿਆ ਸੀ ਕਿ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤ ਮੁਆਫੀ ਮੰਗ ਕੇ ਪੰਥਕ ਮਰਿਆਦਾ ਮੁਤਾਬਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ ਰਾਜ਼ੀ ਹੋ ਗਏ।
ਕਬਜ਼ਿਆਂ ਬਾਰੇ ਸਰਕਾਰ ਚੁੱਪ
ਇੱਥੇ ਇਹ ਗੱਲ ਧਿਆਨ ਮੰਗਦੀ ਹੈ ਕਿ ਆਪਣੇ ਧਾਰਮਿਕ ਫਰਜ਼ਾਂ ਪੱਖੋਂ ਤਾਂ ਅਕਾਲੀਆਂ ਦਾ ਗੁਰਦੁਆਰਿਆਂ ’ਤੇ ਕਬਜ਼ਾ ਕਰਨ ਦਾ ਕੰਮ ਜਾਇਜ਼ ਸੀ, ਪਰ ਸਰਕਾਰੀ ਨਜ਼ਰੀਏ ਤੋਂ ਇਹ ਕੰਮ ਗੈਰ-ਕਾਨੂੰਨੀ ਸੀ। ਗੁਰਦੁਆਰਿਆਂ ’ਤੇ ਕਬਜ਼ਿਆਂ ਦੀਆਂ ਉਪਰ ਦੱਸੀਆਂ ਘਟਨਾਵਾਂ ਨੂੰ ਜੇ ਦੇਖਿਆ ਜਾਵੇ ਤਾਂ ਨਨਕਾਣਾ ਸਾਹਿਬ ਦੇ ਸਾਕੇ ਤੱਕ ਸਰਕਾਰ ਨੇ ਮਹੰਤਾਂ ਦੀਆਂ ਅਰਜ਼-ਦਰਖਾਸਤਾਂ ਦੇ ਬਾਵਜੂਦ ਅਕਾਲੀਆਂ ਨੂੰ ਕਬਜ਼ੇ ਕਰਨ ਤੋਂ ਨਹੀਂ ਰੋਕਿਆ, ਸਗੋਂ ਕਈ ਥਾਈਂ ਕਬਜ਼ਿਆਂ ਵਿੱਚ ਅਸਿੱਧੀ ਅਤੇ ਸਿੱਧੀ ਸਹਾਇਤਾ ਵੀ ਕੀਤੀ। ਇੱਕ ਤਰ੍ਹਾਂ ਨਾਲ ਇਹ ਸਿੱਧਾ ਪੱਖਪਾਤ ਸੀ। ਸੋ ਮਹੰਤਾਂ ਦੇ ਹਮਾਇਤੀਆਂ ਵੱਲੋਂ ਸਰਕਾਰ ’ਤੇ ਪੱਖਪਾਤ ਦਾ ਇਲਜ਼ਾਮ ਸ਼ੋਭਦਾ ਹੈ, ਪਰ ਸਿੱਖਾਂ ਵੱਲੋਂ ਅੰਗਰੇਜ਼ ਸਰਕਾਰ ਨੂੰ ਮਹੰਤਾਂ ਪੱਖੀ ਕਹਿਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ।
ਗਾਂਧੀ ਨੂੰ ਮਹੰਤਾਂ ਨਾਲ ਹੇਜ
ਉਸ ਵੇਲੇ ਦਾ ਕਾਂਗਰਸ ਦਾ ਚੋਟੀ ਦਾ ਆਗੂ ਮੋਹਨ ਦਾਸ ਕਰਮਚੰਦ ਗਾਂਧੀ ਸਿੱਖ ਵਿਰੋਧੀ ਉਸ ਮਾਨਸਿਕਤਾ ਦੀ ਤਰਜ਼ਮਾਨੀ ਕਰਦਾ ਸੀ, ਜੋ ਕਿ ਸਿੱਖਾਂ ਨੂੰ ਹਿੰਦੂ ਬਣਾਉਣ ਲਈ ਗੁਰਦੁਆਰਿਆਂ ਨੂੰ ਮੰਦਰਾਂ ਵਿੱਚ ਤਬਦੀਲ ਕਰਨ ਦੇ ਏਜੰਡੇ ’ਤੇ ਕੰਮ ਕਰ ਰਿਹਾ ਸੀ। ਗੁਰਦੁਆਰਿਆਂ ’ਤੇ ਕਾਬਜ਼ ਮਹੰਤ ਇਸ ਏਜੰਡੇ ਨੂੰ ਬਾਖੂਬੀ ਨਿਭਾਉਂਦੇ ਹੋਏ ਇਸੇ ਬ੍ਰਾਹਮਣਵਾਦੀ ਲਾਬੀ ਦੇ ਹੱਥਠੋਕੇ ਬਣੇ ਹੋਏ ਸਨ। ਗਾਂਧੀ ਨੂੰ ਸਿੱਖਾਂ ਨਾਲ ਹਮਦਰਦੀ ਦਿਖਾਉਣ ਦੀ ਸਿਰਫ ਇਹ ਮਜਬੂਰੀ ਸੀ ਕਿ ਉਹ ਸਿੱਖਾਂ ਦੇ ਗੁੱਸੇ ਨੂੰ ਸਰਕਾਰ ਵਿਰੋਧੀ ਗੁੱਸੇ ਵਿੱਚ ਬਦਲ ਸਕੇ। ਇਸਦੇ ਨਾਲ ਨਾਲ ਉਹਨੂੰ ਗੁਰਦੁਆਰਿਆਂ ਵਿੱਚ ਪੰਥਕ ਮਰਿਆਦਾ ਬਹਾਲ ਹੋਣੀ ਚੁੱਭ ਰਹੀ ਸੀ। ਸਿੱਖਾਂ ਨਾਲ ਹਮਦਰਦੀ ਦੀ ਮਜਬੂਰੀ ਦੇ ਬਾਵਜੂਦ ਉਹ ਮਹੰਤਾਂ ਨਾਲ ਹੇਜ਼ ਕਰਨੋਂ ਨਹੀਂ ਰੁਕਿਆ।
ਹਾਲੇ ਗੁਰਦੁਆਰਿਆਂ ’ਤੇ ਕਬਜ਼ੇ ਦੀ ਸ਼ੁਰੂਆਤ ਹੀ ਹੋਈ ਸੀ, ਸਿਰਫ ਸਿਆਲਕੋਟ ਅਤੇ ਅਕਾਲ ਤਖਤ ਸਾਹਿਬ ’ਤੇ ਹੀ ਇੱਕ ਅਕਾਲੀਆਂ ਦਾ ਕਬਜ਼ਾ ਹੋਇਆ ਸੀ। ਇਨ੍ਹਾਂ ਦੋ ਕਬਜ਼ਿਆਂ ਦਾ ਹੀ ਗਾਂਧੀ ਨੂੰ ਏਨਾ ਦੁੱਖ ਹੋਇਆ ਕਿ 20 ਅਕਤੂਬਰ 1920 ਨੂੰ ਲਾਹੌਰ ਦੇ ਬਰੈਡਲੇ ਹਾਲ ਵਿੱਚ ਚੱਲ ਰਹੇ ਸਿੱਖ ਲੀਗ ਦੇ ਸਮਾਗਮ ਮੌਕੇ ਗਾਂਧੀ ਨੇ ਇਹ ਆਖਿਆ: “ਮੁਝੇ ਮਾਲੂਮ ਹੂਆ ਹੈ ਕਿ ਕੁਛ ਨੌਜਵਾਨ ਸਿੱਖ ਗੁਰਦੁਆਰੋਂ ਪਰ ਕਬਜ਼ੇ ਕਰ ਰਹੇ ਹੈਂ, ਯਿਹ ਠੀਕ ਨਹੀਂ ਹੈ, ਮਹੰਤ ਲੋਗੋਂ ਕੋ ਨਿਕਾਲ ਕਰ ਗੁਰਦੁਆਰੋਂ ਕਾ ਕਬਜ਼ਾ ਕਰਨਾ ਜਬਰ ਹੈ। ਕਾਂਗਰਸ ਕਾ ਕਾਮ ਕਰਨਾ ਚਾਹੀਏ।”
ਗਾਂਧੀ ਦਾ ਫੇਰ ਸੁਨੇਹਾ ‘ਕਬਜ਼ੇ ਨਾ ਕਰੋ’
ਅਕਾਲ ਤਖਤ ਸਾਹਿਬ ’ਤੇ ਕਬਜ਼ੇ ਤੋਂ ਬਾਅਦ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਜਿਹੜਾ ਜਥਾ ਪੰਜਾ ਸਾਹਿਬ ਨੂੰ ਰਵਾਨਾ ਹੋਇਆ, ਉਹਨੇ 17 ਨਵੰਬਰ 1920 ਦੀ ਰਾਤ ਲਾਹੌਰ ਦੇ ਗੁਰਦੁਆਰਾ ਸ਼ਹੀਦ ਗੰਜ ਮੁਕਾਮ ਕੀਤਾ। ਇੱਥੇ ਹੀ ਮਹਾਤਮਾ ਗਾਂਧੀ ਦਾ ਸੁਨੇਹਾ ਲੈ ਕੇ ਸ. ਅਮਰ ਸਿੰਘ ਝਬਾਲੀ ਸ. ਝੱਬਰ ਪਾਸ ਪਹੁੰਚੇ ਅਤੇ ਕਿਹਾ: “ਮਹਾਤਮਾ ਗਾਂਧੀ ਆਖਦੇ ਹਨ ਕਿ ਇਸੇ ਸਾਲ 31 ਦਸੰਬਰ ਸਵਰਾਜ ਹੋ ਜਾਣਾ ਹੈ (ਭਾਵ ਕਾਂਗਰਸ ਦਾ ਰਾਜ-ਭਾਗ ਹੋ ਜਾਣਾ ਹੈ।) ਸੋ ਤੁਸੀਂ ਸਾਰੇ ਜਣੇ ਗੁਰਦੁਆਰਿਆਂ ਦੇ ਕਬਜ਼ਿਆਂ ਦਾ ਕੰਮ ਛੱਡ ਕੇ ਕਾਂਗਰਸ ਦਾ ਕੰਮ ਕਰੋ। ਜਦੋਂ ਕਾਂਗਰਸ ਦੇ ਹੱਥ ਰਾਜ ਆ ਗਿਆ, ਤੁਹਾਡੇ ਸਾਰੇ ਮਸਲੇ ਹੱਲ ਕਰ ਦਿਆਂਗੇ।”
ਏਸ ਦੇ ਜੁਆਬ ਵਿੱਚ ਸ. ਝੱਬਰ ਨੇ ਆਖਿਆ, “ਸਰਦਾਰ ਸਾਹਿਬ! ਮੈਨੂੰ ਗਾਂਧੀ ਜੀ ਦੇ ਇਸ ਪ੍ਰੋਗਰਾਮ ’ਤੇ ਫਿਲਹਾਲ ਕੋਈ ਯਕੀਨ ਨਹੀਂ ਕਿ ਐਡੀ ਛੇਤੀ ਅੰਗਰੇਜ਼ ਹਿੰਦੁਸਤਾਨ ਛੱਡ ਕੇ ਟੁਰ ਜਾਣ, ਪਰ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਤੇ ਸਵਰਾਜ ਹੋ ਵੀ ਜਾਵੇ ਤਾਂ ਸਾਡੇ ਗੁਰਦੁਆਰੇ ਹੋਰ ਜ਼ਿਆਦਾ ਖਤਰੇ ਵਿੱਚ ਪੈ ਜਾਣਗੇ। ਆਜ਼ਾਦ ਹਿੰਦੁਸਤਾਨ ਵਿੱਚ ਹਿੰਦੂ ਰਾਜ ਹੋਵੇਗਾ। ਇਸ ਵੇਲੇ ਰਾਜ ਅੰਗਰੇਜ਼ ਦਾ ਹੈ। ਅਸੀਂ ਗੁਰਦੁਆਰਿਆਂ ’ਤੇ ਕਬਜ਼ੇ ਕਰਦੇ ਹਾਂ। ਹਕੂਮਤ ਚੁੱਪ ਹੈ, ਕਿਉਂਕਿ ਅੰਗਰੇਜ਼ਾਂ ਦਾ ਸਾਡੇ ਨਾਲ ਕੋਈ ਧਾਰਮਿਕ ਵਿਰੋਧ ਨਹੀਂ। ਜੇਕਰ ਗਾਂਧੀ ਦੇ ਕਹੇ ਮੁਤਾਬਕ ਸੱਚਮੁੱਚ ਹਿੰਦੂ ਰਾਜ ਹੋ ਜਾਵੇ ਤਾਂ ਫਿਰ ਸਾਨੂੰ ਗੁਰਦੁਆਰਿਆਂ ਦੇ ਨੇੜੇ ਕਿਸੇ ਨਹੀਂ ਆਉਣ ਦੇਣਾ। ਹਿੰਦੂ ਸਾਡੇ ਨਾਲ ਧਾਰਮਿਕ ਵਿਰੋਧ ਰੱਖਦਾ ਹੈ। ਇਸ ਲਈ ਅਸੀਂ ਪੰਜਾ ਸਾਹਿਬ ਜ਼ਰੂਰ ਜਾਵਾਂਗੇ।”
ਸ. ਝੱਬਰ ਦਾ ਇਹ ਬਿਆਨ ਇੱਕ ਪਾਸੇ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ਥਾਪੜਨ ਵਾਲੇ ਦੋਸ਼ ਦਾ ਖੰਡਨ ਕਰਦਾ ਹੈ, ਦੂਜਾ ਉਨ੍ਹਾਂ ਦੀ ਦੂਰਅੰਦੇਸ਼ੀ ਨੂੰ ਵੀ ਜ਼ਾਹਰ ਕਰਦਾ ਹੈ, ਜਿਸ ਵਿੱਚ ਉਨ੍ਹਾਂ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਗੁਰਦੁਆਰਿਆਂ ਦੀ ਆਜ਼ਾਦੀ ਵਧੇਰੇ ਖਤਰੇ ਵਿੱਚ ਪੈ ਜਾਵੇਗੀ। ਤੀਜਾ, ਇਹ ਗੱਲ ਵੀ ਸਾਬਤ ਹੁੰਦੀ ਹੈ ਕਿ ਅਮਰ ਸਿੰਘ ਝਬਾਲ ਵਰਗੇ ਉਚ ਕੋਟੀ ਦੇ ਅਕਾਲੀ ਆਗੂਆਂ ਨੂੰ ਗੁਰਦੁਆਰਿਆਂ ਦੀ ਆਜ਼ਾਦੀ ਦਾ ਫਿਕਰ ਘੱਟ ਅਤੇ ਗਾਂਧੀ ਦੇ ਏਲਚੀ ਬਣਨ ਦੀ ਜਿਆਦੇ ਖਸ਼ੀ ਸੀ।
ਅੱਗੇ ਦੱਸਿਆ ਜਾਵੇਗਾ ਕਿ ਇਹ ਝਬਾਲ ਭਾਈ ਕਿਵੇਂ ਗਾਂਧੀ ਦੇ ਏਜੰਡੇ `ਤੇ ਕੰਮ ਕਰ ਰਹੇ ਸਨ!
ਨਨਕਾਣਾ ਸਾਹਿਬ ਕਬਜ਼ੇ ਦੀਆਂ ਤਿਆਰੀਆਂ
ਗੁਰਦੁਆਰਾ ਖਰਾ ਸੌਦਾ (ਸੱਚਾ ਸੌਦਾ) ’ਤੇ ਕਬਜ਼ਾ ਹੋਣ ਕਰਕੇ ਨਨਕਾਣਾ ਸਾਹਿਬ ਦੇ ਨੇੜੇ ਅਕਾਲੀਆਂ ਨੂੰ ਇੱਕ ਚੰਗਾ ਹੈੱਡਕੁਆਰਟਰ ਮੁਹੱਈਆ ਹੋ ਗਿਆ। ਮਾਇਆ ਦੀ ਘਾਟ ਵੀ ਹੌਲੀ ਹੌਲੀ ਪੂਰੀ ਹੋਣ ਲੱਗੀ। ਇੱਥੋਂ ਹੀ ਉਨ੍ਹਾਂ ਨੇ ਨਨਕਾਣਾ ਸਾਹਿਬ ’ਤੇ ਕਬਜ਼ੇ ਦੀਆਂ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਇਸ ਬਾਰੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਨੂੰ ਸ਼ੱਰੇਆਮ ਲਲਕਾਰਨਾ ਵੀ ਸ਼ੁਰੂ ਕਰ ਦਿੱਤਾ।
ਧਾਰਮਿਕ ਦੀਵਾਨਾਂ ਦੇ ਜ਼ਰੀਏ ਅਕਾਲੀਆਂ ਨੇ ਅੰਦਰੂਨੀ ਰੂਪ ਵਿੱਚ ਕਬਜ਼ੇ ਲਈ ਲਾਮਬੰਦੀ ਸ਼ੁਰੂ ਕੀਤੀ ਹੋਈ ਸੀ, ਇੱਕ ਦਿਨ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਧਾਰੋਵਾਲੀ ਵਿੱਚ ਸਿੱਖਾਂ ਦਾ ਦੀਵਾਨ ਸਜਿਆ ਹੋਇਆ ਸੀ ਤੇ ਸ. ਕਰਤਾਰ ਸਿੰਘ ਝੱਬਰ ਤਕਰੀਰ ਕਰ ਰਹੇ ਸਨ। ਦੀਵਾਨ ਦੇ ਇੱਕ ਪਾਸੇ ਮਹੰਤ ਨਰੈਣ ਦਾਸ ਦੇ ਹਮਾਇਤੀ ਮਹੰਤ ਸੁੰਦਰ ਦਾਸ ਸ਼ਤਾਬਗੜ੍ਹੀਆ ਤੇ ਸੰਤ ਹਰੀ ਦਾਸ ਸੂਹੀਏ ਬਣ ਕੇ ਅਕਾਲੀਆਂ ਦੀ ਵਿਉਂਤਬੰਦੀ ਦਾ ਜਾਇਜ਼ਾ ਲੈਣ ਲਈ ਖੜ੍ਹੇ ਸਨ। ਜਿਉਂ ਹੀ ਸ. ਝੱਬਰ ਦੀ ਨਿਗਾਹ ਇਨ੍ਹਾਂ ’ਤੇ ਪਈ ਤਾਂ ਉਨ੍ਹਾਂ ਨੇ ਤਕਰੀਰ ਦਾ ਰੁੱਖ ਬਦਲਦਿਆਂ ਨਨਕਾਣਾ ਸਾਹਿਬ ਦੇ ਬਦਚਲਨ ਮਹੰਤ ਨਰੈਣ ਦਾਸ ਦੀਆਂ ਕਹਾਣੀਆਂ ਛੇੜਦੇ ਹੋਏ ਆਖਿਆ: “ਖਾਲਸਾ ਜੀ ਹੁਣ ਸਮਾਂ ਨੇੜੇ ਆ ਰਿਹਾ ਹੈ, ਜਿਸ ਦਿਨ ਖਾਲਸਾ ਨਰੈਣ ਦਾਸ ਮਹੰਤ, ਜੋ ਆਈਆਂ ਸਿੱਖ ਸੰਗਤਾਂ ਨੂੰ ਕਾਲੇ ਫਨੀਅਰ ਵਾਂਗੂੰ ਫੁੰਕਾਰੇ ਮਾਰ ਮਾਰ ਡਰਾਉਂਦਾ ਹੈ ਅਤੇ ਜੋ ਅਜਿਹੇ ਪਵਿੱਤਰ ਗੁਰਧਾਮ ਦਾ ਮਹੰਤ ਹੁੰਦਾ ਹੋਇਆ ਡੂਮਣੀ ਨੂੰ ਘਰ ਵਸਾਈ ਬੈਠਾ ਹੈ, ਦੇ ਫਨੀਅਰ ਫਨ ਨੂੰ ਖਾਲਸਾ ਕੁਚਲੇਗਾ?”
ਮਹੰਤ ਦਾ ਸਿਰ ਵੱਢਣ ਦੀਆਂ ਗੱਲਾਂ
ਉਪਰੋਕਤ ਦੀਵਾਨ ਵਿੱਚ ਸ. ਝੱਬਰ ਦੀ ਤਕਰੀਰ ਹਾਲੇ ਵਿਚੇ ਹੀ ਸੀ ਕਿ ਸੰਗਤ ਵਿੱਚ ਇੱਕ ਨੌਜਵਾਨ ਹੱਥ ਜੋੜ ਕੇ ਖੜ੍ਹਾ ਹੋਇਆ ਤੇ ਬੋਲਿਆ, “ਸੱਚੇ ਪਾਤਸ਼ਾਹ ਦਾਸ ਨੂੰ ਹੁਕਮ ਹੋਵੇ ਤਾਂ ਦਾਸ ਮਹੰਤ ਨਰੈਣ ਦਾਸ ਦਾ ਸਿਰ ਵੱਢ ਲਿਆਉਂਦਾ ਹਾਂ।”
ਸ. ਝੱਬਰ ਨੇ ਉਸ ਸਿੰਘ ਨੂੰ ਸਮਝਾ-ਬੁਝਾ ਕੇ ਬਿਠਾ ਦਿੱਤਾ। ਜਦ ਝੱਬਰ ਜੀ ਲੈਕਚਰ ਖਤਮ ਕਰ ਕੇ ਬੈਠੇ ਤਾਂ ਦੀਵਾਨ ਦੇ ਸਕੱਤਰ ਨੇ ਪੋਚਾ ਪਾਉਣ ਦੀ ਖਾਤਰ ਇਹ ਕਿਹਾ ਕਿ ‘ਖਾਲਸਾ ਜੀ ਉਸ ਨੌਜਵਾਨ ਸਿੰਘ ਨੇ ਭਾਵੇਂ ਅਜਿਹੇ ਸ਼ਬਦ ਵਰਤੇ ਹਨ, ਪਰ ਉਸ ਦਾ ਭਾਵ ਸਿਰ ਵੱਢਣ ਦਾ ਨਹੀਂ ਸੀ।’
ਇਹ ਸੁਣਦੇ ਹੀ ਉਹ ਨੌਜਵਾਨ ਫਿਰ ਖੜ੍ਹਾ ਹੋ ਗਿਆ ਤੇ ਬੋਲਿਆ: “ਸੱਚੇ ਪਾਤਸ਼ਾਹ ਮੈਂ ਕਦੀ ਝੂਠ ਤੇ ਨਹੀਂ ਆਖਦਾ ਮੇਰੇ ਪਾਸ ਛਵੀ ਭੀ ਹੈ, ਤੁਸੀਂ ਹੁਕਮ ਦਿਓ, ਜੇਕਰ ਮੈਂ ਮਹੰਤ ਨਰੈਣ ਦਾਸ ਦਾ ਸਿਰ ਵੱਢ ਕੇ ਨਾ ਲਿਆਵਾਂ ਤਾਂ ਮੈਂ ਆਪਣੇ ਪਿਓ ਦਾ ਪੁੱਤਰ ਨਹੀਂ।” ਇਸ ਪ੍ਰੇਮੀ ਨੇ ਇਸ ਤੋਂ ਥੋੜ੍ਹਾ ਚਿਰ ਪਿੱਛੋਂ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਮੋਹਰੀਆਂ ਵਿੱਚ ਥਾਂ ਹਾਸਲ ਕੀਤੀ।
ਇਸੇ ਤਰ੍ਹਾਂ ਸ਼ੇਖੂਪੁਰੇ ਮਹਾਰਾਣੀ ਨਕੈਣ ਦੇ ਗੁਰਦੁਆਰੇ ਮਹੰਤ ਨਰੈਣ ਦਾਸ ਦਾ ਇੱਕ ਚੇਲਾ ਲੱਧਾ ਰਾਮ ਦਾਰੂ ਦੀ ਲੋਰ ਵਿੱਚ ਦੀਵਾਨ ਵਾਲੀ ਥਾਂ ਪਹੁੰਚ ਗਿਆ। ਲੋਰ ਵਿੱਚ ਆ ਕੇ ਅਕਾਲੀਆਂ ਨੂੰ ਝੇਡ ਕਰਕੇ ਆਖਣ ਲੱਗਾ ਕਿ ਮੈਨੂੰ ਝੱਬਰ ਵਿਖਾਓ ਕਿਹੜਾ ਹੈ? ਮੈਂ ਵੀ ਉਹਦੇ ਜਥੇ ਵਿੱਚ ਭਰਤੀ ਹੋਣਾ ਹੈ। ਅਕਾਲੀਆਂ ਨੇ ਓਹਦੀ ਚੰਗੀ ਛਿੱਤਰ ਪਰੇਡ ਕਰਕੇ ਮੂੰਹ ਕਾਲਾ ਕੀਤਾ ਤੇ ਗਧੇ ’ਤੇ ਜਲੂਸ ਕੱਢਿਆ। ਸ. ਝੱਬਰ ਨੇ ਲਲਕਾਰ ਕੇ ਆਖਿਆ, “ਲੱਧਾ ਰਾਮ! ਮੇਰਾ ਇੱਕ ਸੁਨੇਹਾ ਹੈ ਜੋ ਚੰਗੀ ਤਰ੍ਹਾਂ ਕੰਨ ਖੋਲ੍ਹ ਕੇ ਸੁਣ ਲੈ ਅਤੇ ਇਹ ਸੁਨੇਹਾ ਆਪਣੇ ਗੁਰੂ ਮਹੰਤ ਨਰੈਣ ਦਾਸ ਨੂੰ ਜਾ ਕੇ ਦੇਵੀਂ ਕਿ ਅਕਾਲੀਆਂ ਨੇ ਤੇਰੇ ਇੱਕ ਚੇਲੇ ਨੂੰ ਭਰਤੀ ਕਰ ਲਿਆ ਹੈ, ਹੁਣ ਤੈਨੂੰ ਭਰਤੀ ਕਰਨ ਲਈ ਮੈਂ ਸ੍ਰੀ ਨਨਕਾਣਾ ਸਾਹਿਬ ਖੁਦ ਆਵਾਂਗਾ।”
ਨਰੈਣ ਦਾਸ ਵੱਲੋਂ ਸਰਕਾਰ ਕੋਲ ਪਹੁੰਚ
ਗੁਰਦੁਆਰਾ ਨਨਕਾਣਾ ਸਾਹਿਬ ’ਤੇ ਕਬਜ਼ੇ ਦੇ ਖਤਰੇ ਨੂੰ ਭਾਂਪਦਿਆਂ ਆਪਣੇ ਖਾਸਮ-ਖਾਸ ਕਰਤਾਰ ਸਿੰਘ ਬੇਦੀ ਪਾਸ ਪਹੁੰਚ ਕੀਤੀ। ਇਹ ਕਰਤਾਰ ਸਿੰਘ ਬੇਦੀ ਗਵਰਨਰ ਪੰਜਾਬ ਦੇ ਐਗਜ਼ੈਕਟਿਵ ਕੌਂਸਲ ਮੈਂਬਰ ਸੀ ਅਤੇ ਇਹ ਉਨ੍ਹਾਂ ਬੇਦੀ ਜਗੀਰਦਾਰਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਕੁੱਲ ’ਚੋਂ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਜਗੀਰਾਂ ਲਾਈਆਂ ਹੋਈਆਂ ਸਨ। ਕਰਤਾਰ ਸਿੰਘ ਬੇਦੀ ਨੇ ਲਾਹੌਰ ਡਵੀਜ਼ਨ ਦੇ ਕਮਿਸ਼ਨਰ ਮਿਸਟਰ ਸੀ.ਕੇ. ਕਿੰਗ ਕੋਲੋਂ ਮਹੰਤ ਖਾਤਰ ਹਿਫਾਜ਼ਤ ਮੰਗੀ।
ਕਮਿਸ਼ਨਰ ਨੇ ਬੜਾ ਟਰਕਾਊ ਜਿਹਾ ਜੁਆਬ ਦਿੰਦਿਆਂ ਬੇਦੀ ਨੂੰ ਆਖਿਆ ਕਿ ਮਹੰਤ ਨੂੰ ਜਿਹੜੇ ਬੰਦਿਆਂ ਤੋਂ ਖਤਰਾ ਜਾਪਦਾ ਹੈ, ਉਨ੍ਹਾਂ ਦੀਆਂ ਜ਼ਮਾਨਤਾਂ ਲਈ ਉਹ ਸੀ.ਆਰ.ਪੀ.ਸੀ. ਦੀ ਦਫਾ 107 (ਜੀਹਨੂੰ ਅੱਜ ਕੱਲ੍ਹ ਸੱਤ ਇਕਵੰਜਾ ਆਖਦੇ ਹਨ) ਦੇ ਤਹਿਤ ਜ਼ਮਾਨਤਾਂ ਲੈਣ ਦੀ ਵੀ ਦਰਖਾਸਤ ਮੈਜਿਸਟ੍ਰੇਟ ਕੋਲ ਦੇ ਸਕਦਾ ਹੈ। ਜੇ ਫੇਰ ਵੀ ਖਤਰਾ ਨਾ ਟਲੇ ਤਾਂ ਡੀ.ਸੀ. ਨੂੰ ਦਰਖਾਸਤ ਦੇ ਕੇ ਪੁਲਿਸ ਦੀ ਗਾਰਦ ਵੀ ਲੈ ਸਕਦਾ ਹੈ, ਪਰ ਪੁਲਿਸ ਦਾ ਖਰਚਾ ਮਹੰਤ ਨੂੰ ਭਰਨਾ ਪਵੇਗਾ। ਜੇ ਇਸਦੇ ਬਾਵਜੂਦ ਕੋਈ ਗੁਰਦੁਆਰੇ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਮਹੰਤ ਫੇਰ ਵੀ ਆਪਣੀ ਬਹਾਲੀ ਲਈ ਦੀਵਾਨੀ ਦਾਅਵਾ ਕਰ ਸਕਦਾ ਹੈ। ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮੁਕੱਦਮਾ ਕਰ ਸਕਦਾ ਹੈ।
ਮਹੰਤ ਦਾ ਡਰ ਹੋਰ ਵਧਿਆ
ਗਵਰਨਰ ਦੀ ਐਗਜ਼ੈਕਟਿਵ ਕੌਂਸਲ ਦੇ ਮੈਂਬਰ ਦਾ ਰੁਤਬਾ ਮੰਤਰੀ ਬਰਾਬਰ ਦਾ ਸੀ। ਜਦੋਂ ਏਨੇ ਅਸਰ ਰਸੂਖ ਵਾਲੇ ਬੰਦੇ ਰਾਹੀਂ ਵੀ ਜੇ ਮਹੰਤ ਸਰਕਾਰ ਤੋਂ ਆਪਣੀ ਹਿਫਾਜ਼ਤ ਬਾਰੇ ਕੋਈ ਠੋਸ ਯਕੀਨ ਦਹਾਨੀ ਨਾ ਲੈ ਸਕਿਆ ਤਾਂ ਉਸਦਾ ਡਰ ਹੋਰ ਵਧ ਗਿਆ। ਓਹਨੇ 500 ਸਾਧ ਮੁਕਤਸਰ ਤੋਂ ਲਿਆਂਦੇ। ਸਾਧਾਂ ਨੇ ਨਰੈਣ ਦਾਸ ਨੂੰ ਕਿਹਾ ਕਿ ਗੁਰਦੁਆਰਾ ਸਾਡੀ ਕਮੇਟੀ ਦੇ ਨਾਂ ਲਵਾ। ਮਹੰਤ ਦੇ ਇਨਕਾਰ ਕਰਨ ’ਤੇ ਸਾਧ ਇਹ ਕਹਿੰਦੇ ਉਥੋਂ ਭੱਜ ਗਏ ਕਿ ਜੇ ਗੁਰਦੁਆਰਾ ਸਾਨੂੰ ਨਹੀਂ ਮਿਲਣਾ ਤਾਂ ਅਸੀਂ ਕਿਉਂ ਅਕਾਲੀਆਂ ਨਾਲ ਲੜੀਏ?
ਉਨ੍ਹੀਂ ਦਿਨੀਂ ਲਾਲਾ ਲਾਜਪਤ ਰਾਏ ਆਰੀਆ ਸਮਾਜ ਦਾ ਉੱਘਾ ਆਗੂ ਲਾਹੌਰ ਰਹਿੰਦਾ ਸੀ। ਇਹ ਹਿੰਦੂਆਂ ਦਾ ਇੱਕ ਬੜਾ ਚਤੁਰ ਆਗੂ ਮੰਨਿਆ ਗਿਆ ਸੀ। ਮਹੰਤ ਨਰੈਣ ਦਾਸ ਓਹਦੇ ਕੋਲ ਪਹੁੰਚਿਆ ਅਤੇ ਕਬਜ਼ਾ ਟਾਲਣ ਲਈ ਕੋਈ ਜੁਗਤ ਪੁੱਛੀ। ਲਾਜਪਤ ਰਾਏ ਨੇ ਸਲਾਹ ਦਿੱਤੀ ਕਿ ਇੱਕ ਟਰੱਸਟ ਬਣਾ ਕੇ ਗੁਰਦੁਆਰਾ ਟਰੱਸਟ ਦੇ ਨਾਂ ਲਵਾ ਦੇ। ਮਹੰਤ ਨੇ ਟਰੱਸਟ ਬਣਾਉਣ ਦੇ ਖਰਚੇ ਵਜੋਂ 3000 ਰੁਪਏ ਲਾਲਾ ਲਾਜਪਤ ਰਾਏ ਨੂੰ ਦੇ ਦਿੱਤੇ। ਲਾਲਾ ਜੀ ਨੇ ਟਰੱਸਟ ਵਿੱਚ ਸਾਰੇ ਆਪਣੇ ਬੰਦਿਆਂ ਦੇ ਨਾਂ ਪਾ ਲਏ। ਮਹੰਤ ਨੇ ਲਾਲੇ ਨੂੰ ਆਖਿਆ ਕਿ ਅਕਾਲੀਆਂ ਨਾਲ ਲੜਨ ਲਈ ਬੰਦੇ ਵੀ ਘੱਲੋ। ਲਾਲਾ ਜੀ ਨੇ ਚਤੁਰਾਈ ਦਾ ਸਬੂਤ ਦਿੰਦਿਆਂ ਮਹੰਤ ਨੂੰ ਆਖਿਆ ਕਿ ਅਕਾਲੀਆਂ ਨਾਲ ਤਾਂ ਤੈਨੂੰ ਖੁਦ ਹੀ ਲੜਨਾ ਪਵੇਗਾ। ਮਹੰਤ ਕਹਿੰਦਾ, ਜੇ ਲੜਨਾ ਹੀ ਮੈਂ ਹੋਵੇ ਤਾਂ ਕਬਜ਼ਾ ਟਰੱਸਟ ਨੂੰ ਕਾਹਦਾ? ਸੋ, ਟਰੱਸਟ ਦਾ ਇੱਥੇ ਹੀ ਭੋਗ ਪੈ ਗਿਆ; ਤੇ ਮਹੰਤ ਵੱਲੋਂ ਦਿੱਤੇ ਤਿੰਨ ਹਜ਼ਾਰ ਰੁਪਏ ਲਾਲਾ ਜੀ ਕੋਲ ਹੀ ਰਹਿ ਗਏ।
ਮਹੰਤ ਵੱਲੋਂ ਪਠਾਣਾਂ ਦੀ ਭਰਤੀ
ਸਰਕਾਰੀ ਮਦਦ ਨਾ ਮਿਲਣ, ਟਰੱਸਟ ਬਣਾਉਣ ਵਰਗੀਆਂ ਕਾਨੂੰਨੀ ਘੁਣਤਰਾਂ ਵਿੱਚੇ ਰਹਿ ਜਾਣ ਅਤੇ ਸਾਧਾਂ ਦੀ ਧਾੜ ਵੱਲੋਂ ਵੀ ਨੱਠ ਜਾਣ ਤੋਂ ਨਿਰਾਸ਼ ਹੋਏ ਨਰੈਣ ਦਾਸ ਨੇ ਅਖੀਰ ਨੂੰ ਗੁੰਡਿਆਂ ਤੋਂ ਆਪਣੀ ਰਾਖੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਸ ਕੰਮ ਲਈ ਓਹਨੂੰ ਰਾਂਝਾ ਅਤੇ ਰਿਹਾਣਾ ਦੀ ਅਗਵਾਈ ਵਿੱਚ 40-50 ਪਠਾਣਾਂ ਨੂੰ ਭਾੜੇ ’ਤੇ ਲੈ ਆਂਦਾ। ਪਠਾਣ ਕੌਮ ਲੜਨ-ਮਰਨ ਲਈ ਮਸ਼ਹੂਰ ਹੈ। ਇਸੇ ਕੌਮ ਵਿੱਚੋਂ ਕਈ ਗੁੰਡਾ ਕਿਸਮ ਦੇ ਅਨਸਰ ਪੈਸੇ ਖਾਤਰ ਮਹੰਤ ਕੋਲ ਭਰਤੀ ਹੋ ਗਏ। ਮਹੰਤ ਕੋਲ ਕਈ ਆਪਣੇ ਲਾਇਸੈਂਸੀ ਹਥਿਆਰ ਸਨ ਤੇ ਕਈ ਗੈਰ-ਲਾਇਸੈਂਸੀ ਵੀ ਹੋਣਗੇ।
ਮਹੰਤ ਨੇ ਅੰਗਰੇਜ਼ਾਂ ਮੂਹਰੇ ਮੁੜ ਹਾੜ੍ਹੇ ਕੱਢੇ
ਅਕਾਲੀਆਂ ਵੱਲੋਂ ਨਨਕਾਣਾ ਸਾਹਿਬ ਦੇ ਗੁਰਦੁਆਰੇ ’ਤੇ ਕਬਜ਼ੇ ਦੀਆਂ ਤਿਆਰੀਆਂ ਤੇਜ ਹੋ ਗਈਆਂ ਸਨ। ਹਜ਼ਾਰਾਂ ਅਕਾਲੀਆਂ ਵੱਲੋਂ ਗੁਰਦੁਆਰੇ ’ਤੇ ਕਬਜ਼ੇ ਲਈ ਆਉਣ ਦੀਆਂ ਰਿਪੋਰਟਾਂ ਮਹੰਤ ਕੋਲ ਲਗਾਤਾਰ ਪੁੱਜ ਰਹੀਆਂ ਸਨ। ਅਜਿਹੇ ਹਾਲਾਤ ਦੇ ਮੱਦੇਨਜ਼ਰ ਉਸਨੂੰ ਯਕੀਨ ਹੋ ਗਿਆ ਕਿ ਭਾੜੇ ਦੇ ਗੁੰਡਿਆਂ ਦੇ ਬਾਵਜੂਦ ਉਹ ਮਹਿਫੂਜ਼ ਨਹੀਂ ਹੈ। ਸੋ ਡਰੇ ਹੋਏ ਮਹੰਤ ਨੇ ਜਨਵਰੀ ਦੇ ਸ਼ੁਰੂ ਵਿੱਚ ਸਰਕਾਰ ਨੂੰ ਤਾਰ ਘੱਲੀ, ਜਿਸ ਵਿੱਚ ਉਹਨੇ ਲਿਖਿਆ:
“ਸਿੱਖਾਂ ਨੇ ਗੁਰਦੁਆਰਾ ਜਨਮ ਅਸਥਾਨ (ਨਨਕਾਣਾ ਸਾਹਿਬ) ਉਤੇ ਤਾਕਤ ਦੇ ਬਲ ਨਾਲ ਕਬਜ਼ਾ ਕਰਨ ਦਾ ਐਲਾਨ ਕੀਤਾ ਹੈ। ਇਸ ਮਕਸਦ ਲਈ ਅਕਾਲੀ ਆਗੂਆਂ ਨੇ ਦਸ ਹਜ਼ਾਰ ਆਦਮੀ ਇਕੱਠੇ ਕਰ ਲਏ ਹਨ, ਹਾੜੇ-ਹਾੜੇ ਰਹਿਮ ਕਰਕੇ ਮੈਨੂੰ ਬਚਾਓ। ਮੈਂ ਪੁਲਿਸ ਵਗੈਰਾ ਦੇ ਖਰਚੇ ਸਹਿਣ ਲਈ ਤਿਆਰ ਹਾਂ। ਜੇ ਥਾਂ `ਤੇ ਹੀ ਕੋਈ ਮੌਤ ਹੋ ਗਈ ਤਾਂ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਗਰਦਾਨਾਂਗਾ। ਖਦਸ਼ੇ ਦੇ ਵੇਲੇ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਕਿਰਪਾ ਕਰਕੇ ਪੁਲਿਸ ਗਾਰਦ ਤਾਬੜਤੋੜ ਭੇਜੋ। (ਹਵਾਲਾ: ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਲਿਖਾਰੀ ਸੋਹਣ ਸਿੰਘ ਜੋਸ਼, ਸਫਾ 66, ਆਰਸੀ ਪਬਲਿਸ਼ਰ ਦਿੱਲੀ)
ਇਸ ਤੋਂ ਪਹਿਲਾਂ ਕਮਿਸ਼ਨਰ ਮਿਸਟਰ ਕਿੰਗ ਨੇ ਕਰਤਾਰ ਸਿੰਘ ਬੇਦੀ ਨੂੰ ਕਿਹਾ ਸੀ ਕਿ ਮਹੰਤ ਨੂੰ ਜੇ ਬਹੁਤਾ ਡਰ ਹੈ ਤਾਂ ਉਹ ਖਰਚਾ ਭਰ ਕੇ ਪੁਲਿਸ ਦੀ ਗਾਰਦ ਲੈ ਸਕਦਾ ਹੈ। ਪਰ ਹੁਣ ਮਹੰਤ ਵੱਲੋਂ ਖਰਚਾ ਦੇਣ ਦੀ ਪੇਸ਼ਕਸ਼ ’ਤੇ ਜਦੋਂ ਪੁਲਿਸ ਹਿਫਾਜ਼ਤ ਮੰਗੀ ਤਾਂ ਸਰਕਾਰ ਨੇ ਉਹ ਵੀ ਨਹੀਂ ਦਿੱਤੀ। ਹਜ਼ਾਰਾਂ ਅਕਾਲੀਆਂ ਵੱਲੋਂ ਇਕੱਠੇ ਹੋ ਕੇ ਕਬਜ਼ਾ ਕਰਨ ਦੀਆਂ ਤਿਆਰੀਆਂ ਦੀ ਇੱਕ ਰਿਪੋਰਟ ਡੀ.ਐਸ.ਪੀ. ਨੇ ਵੀ ਆਪਣੇ ਉੱਚ ਅਧਿਕਾਰੀਆਂ ਨੂੰ ਘੱਲੀ ਸੀ, ਪਰ ਸ਼ੇਖੂਪੁਰੇ ਦੇ ਡੀ.ਸੀ. ਮਿਸਟਰ ਕਰੀ ਨੇ ਮਹੰਤ ਦੀ ਮੰਗ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਉਹ ਤਾਂ ਐਵੇਂ ਵਾਧੂ ਡਰੀ ਜਾਂਦੈ।
ਸ਼ਹੀਦੀ ਸਾਕਾ ਵਾਪਰ ਗਿਆ
ਗੁਰਦੁਆਰਾ ਨਨਕਾਣਾ ਸਾਹਿਬ ਦੇ ਕਬਜ਼ੇ ਲਈ 20 ਫਰਵਰੀ 1921 ਸਵੇਰ ਤੜਕੇ ਦਾ ਸਮਾਂ ਮਿੱਥਿਆ ਗਿਆ ਸੀ। ਦਸ ਹਜ਼ਾਰ ਤੋਂ ਵੱਧ ਹਥਿਆਰਬੰਦ ਅਕਾਲੀਆਂ ਵੱਲੋਂ ਇੱਕ ਗੁਰੀਲਾ ਐਕਸ਼ਨ ਵਰਗੀ ਕਾਰਵਾਈ ਕਰਕੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕੀਤਾ ਜਾਣਾ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੇ ਇਸ ਕਾਰਵਾਈ ਨੂੰ ਰੋਕ ਦਿੱਤਾ। ਭਾਈ ਲਛਮਣ ਸਿੰਘ ਦੀ ਅਗਵਾਈ ਵਾਲੇ ਲਗਭਗ 150 ਸਿੰਘਾਂ ਦੇ ਜਥੇ ਨੂੰ ਇਸ ਐਕਸ਼ਨ ਦੇ ਰੱਦ ਹੋ ਜਾਣ ਦੀ ਪਹਿਲਾਂ ਕੋਈ ਖਬਰ ਨਾ ਪਹੁੰਚ ਸਕੀ। ਗੁਰਦੁਆਰਾ ਸਾਹਿਬ ਦੇ ਐਨ ਨੇੜੇ ਪਹੁੰਚਦਿਆਂ ਜਦੋਂ ਉਨ੍ਹਾਂ ਨੂੰ ਰੁਕਣ ਦਾ ਸੁਨੇਹਾ ਪੁੱਜਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਅਰਦਾਸ ਕਰ ਚੁੱਕੇ ਹਾਂ, ਹੁਣ ਨਹੀਂ ਰੁਕ ਸਕਦੇ। ਗੁਰਦੁਆਰੇ ਵਿੱਚ ਇਸ ਜਥੇ ਦੇ ਲਗਭਗ ਸਾਰੇ ਸਿੰਘਾਂ ਨੂੰ ਮਹੰਤ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤਾ, ਜਿਸ ਦਾ ਵਿਸਥਾਰ ਹਰ ਵਰ੍ਹੇ ਅਖਬਾਰਾਂ/ਰਸਾਲਿਆਂ ਵਿੱਚ ਛਪਦਾ ਰਹਿੰਦਾ ਹੈ।
(ਬਾਕੀ ਅਗਲੇ ਅੰਕ ਵਿੱਚ)