ਜਿਸ ਤਰ੍ਹਾਂ ਹੰਢੇ-ਵਰਤੇ ਹਾਲ਼-ਵਾਹਕ ਨੂੰ ਕਿਸੇ ਅੜਬ ਢੱਗੇ ਨੂੰ ਨਕੇਲ ਤੋਂ ਕਾਬੂ ਕਰਨ ਦਾ ਵੱਲ ਆਉਂਦਾ ਹੈ, ਉਵੇਂ ਹੀ ਪੱਤਰਕਾਰੀ ਦੇ ਖੇਤਰ ਵਿੱਚ ਸਿੱਧੀਆਂ-ਅਸਿੱਧੀਆਂ ਆਰਾਂ ਲਾਉਣ ਦੀ ਤੌਫ਼ੀਕ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦੇ ਹਿੱਸੇ ਆਈ ਹੈ। ਜਿਸ ਤਰ੍ਹਾਂ ਸੱਚ ਸੁਣਨ `ਚ ਚੰਗਾ ਤਾਂ ਲੱਗਦਾ ਹੈ, ਪਰ ਝੂਠਿਆਂ ਨੂੰ ਰੜਕਦਾ ਵੀ ਜ਼ਰੂਰ ਹੈ। ਇਸੇ ਤਰਜ ਦੀ ਛੋਟੀ ਜਿਹੀ ਇਹ ਲਿਖਤ ਵੱਡੇ ਪੱਧਰ `ਤੇ ਫੈਲੇ ਜਾਲ਼ ਵੱਲ ਇਸ਼ਾਰਾ ਕਰਦੀ ਹੈ। ਧਰਮ ਦੀ ਆੜ ਹੇਠ ਕੀ ਕੁਝ ਨਹੀਂ ਹੁੰਦਾ, ਇਹ ਕਿਹੜਾ ਕਿਸੇ ਤੋਂ ਲੁਕਿਆ ਰਹਿ ਗਿਆ ਹੈ…!
ਮੁਹੰਮਦ ਹਨੀਫ਼
ਸੀਨੀਅਰ ਪੱਤਰਕਾਰ
ਇੱਕ ਮੁੰਡਾ ਥੋੜ੍ਹਾ ਜਿਹਾ ਵੱਡਾ ਹੋਇਆ। ਮਜ਼ਦੂਰੀ ਕਰਨ ਲੱਗਾ ਅਤੇ ਪਾਕਿਸਤਾਨ ਦੇ ਇੱਕ ਬੈਂਕ ਵਿੱਚ ਖਾਤਾ ਖੁਲ੍ਹਾਉਣ ਚਲਾ ਗਿਆ। ਬੈਂਕ ਵਾਲਿਆਂ ਨੇ ਕਿਹਾ ਕਿ ਅਸੀਂ ਆਪਣੇ ਕਾਗ਼ਜ਼ਾਂ ਵਿੱਚ ਅਕਾਊਂਟ ਹੋਲਡਰ ਦਾ ਪੇਸ਼ਾ ਲਿਖਣਾ ਹੁੰਦਾ, ਤੇ ਮੁੰਡਿਆ ਦੱਸ ਤੂੰ ਕਰਦਾ ਕੀ ਹੈ?
ਮੁੰਡੇ ਨੇ ਲਿਖ ਕੇ ਦਿੱਤਾ ਕਿ ਮੈਂ ਸੰਗੀਤਕਾਰ ਹਾਂ ਅਤੇ ਗਾਉਣ-ਵਜਾਉਣ ਦਾ ਕੰਮ ਕਰਦਾ ਹਾਂ, ਨਾਲ ਹੀ ਮਾੜੀ-ਮੋੜੀ ਐਕਟਿੰਗ ਵੀ ਕਰ ਲੈਂਦਾ ਹਾਂ। ਬੈਂਕ ਵਾਲਿਆਂ ਨੇ ਕਿਹਾ ਕਿ ਨਾ ਬਈ ਨਾ, ਅਸੀਂ ਇੱਕ ਇਸਲਾਮੀ ਬੈਂਕ ਹਾਂ ਅਤੇ ਅਸੀਂ ਗਾਉਣ-ਵਜਾਉਣ ਵਾਲਿਆਂ ਦੇ ਬੈਂਕ ਅਕਾਊਂਟ ਨਹੀਂ ਖੋਲ੍ਹ ਸਕਦੇ। ਤੂੰ ਇੱਕ ਕੰਮ ਕਰ ਜਾਂ ਤਾਂ ਕੰਮ ਕੋਈ ਹੋਰ ਕਰ ਲੈ ਜਾਂ ਘੱਟੋ-ਘੱਟ ਸਾਨੂੰ ਕਾਗ਼ਜ਼ ਤੇ ਕੋਈ ਝੂਠ ਹੀ ਲਿਖ ਦੇ ਕਿ ਮੇਰਾ ਧੰਦਾ ਕੋਈ ਹੋਰ ਹੈ!
ਗੱਲ ਸੁਣ ਕੇ ਥੋੜ੍ਹਾ ਜਿਹਾ ਹਾਸਾ ਵੀ ਆਇਆ, ਅੰਦਰੋਂ ਥੋੜ੍ਹੀ ਗਾਲ਼ ਵੀ ਨਿਕਲੀ, ਪਰ ਮੂੰਹ `ਤੇ ਦੁਆ ਹੀ ਆਈ ਕਿ ਅੱਲ੍ਹਾ ਵਾਲਿਓ, ਨਬੀ ਪੈਗੰਬਰ ਬਹੁਤ ਬਾਅਦ ਵਿੱਚ ਆਏ ਹਨ।
ਇਹ ਬੈਂਕ ਵਾਲਾ ਕੰਮ ਤਾਂ ਬੜਾ ਕਦੀਮੀ ਹੈ। ਪੈਸਾ ਇਧਰੋਂ ਫੜ੍ਹ ਕੇ ਉਧਰ ਕਰਨਾ। ਥੋੜ੍ਹਾ ਜਿਹਾ ਮੁਨਾਫ਼ਾ ਕਿਸੇ ਨੂੰ ਦੇਣਾ ਬਹੁਤਾ ਸਾਰਾ ਆਪ ਖਾ ਜਾਣਾ। ਇਹ ਧੰਦਾ ਤਾਂ ਬਹੁਤ ਪੁਰਾਣਾ ਹੈ। ਨਾ ਕਦੇ ਬੰਦ ਹੋਇਆ ਤੇ ਨਾ ਕਦੇ ਇਸ ਨੇ ਬੰਦ ਹੋਣਾ ਹੈ। ਜੇ ਇਸ ਨਾਲ ਲਫਜ਼ ਇਸਲਾਮੀ ਲਗਾ ਕੇ ਤੁਹਾਡਾ ਧੰਦਾ ਜ਼ਿਆਦਾ ਵਧਦਾ ਹੈ ਤਾਂ ਵਧਾਈ ਜਾਓ, ਪਰ ਸਾਨੂੰ ਹਲ਼ਾਲ-ਹਰਾਮ ਦੀ ਤਮੀਜ਼ ਤਾਂ ਨਾ ਦੱਸੋ!
ਮੈਂ ਦੋ-ਚਾਰ ਹੋਰ ਫਨਕਾਰ ਭੈਣਾਂ-ਭਰਾਵਾਂ ਕੋਲੋਂ ਵੀ ਪੁੱਛਿਆ, ਉਨ੍ਹਾਂ ਨੇ ਵੀ ਕਿਹਾ ਕਿ ਇਹ ਇਸਲਾਮੀ ਬੈਂਕ ਸਾਡੇ ਅਕਾਊਂਟ ਨਹੀਂ ਖੋਲ੍ਹਦੇ ਹਨ। ਨਵੇਂ-ਨਵੇਂ ਮੁਸਲਮਾਨ ਹੋਏ ਬੈਂਕ ਤੁਹਾਡਾ ਹਰਾਮ ਪੈਸਾ ਹਲ਼ਾਲ ਕਰ ਦਿੰਦੇ ਹਨ।
ਪਾਕਿਸਤਾਨ ਵਿੱਚ ਸਿੱਧਰੇ-ਪੱਧਰੇ ਬੈਂਕ ਵੀ ਹਨ, ਪਰ ਪਿਛਲੇ 25-30 ਵਰਿ੍ਹਆਂ ਵਿੱਚ ਕਈ ਬੈਂਕਾਂ ਨੇ ਇਸਲਾਮ ਕਬੂਲ ਕਰ ਲਿਆ ਹੈ। ਕੰਮ ਪੁਰਾਣੇ ਹੀ ਹਨ, ਸੂਦਖ਼ੋਰਾਂ ਤੇ ਸ਼ਾਹੂਕਾਰਾਂ ਵਾਲੇ, ਪਰ ਨਾਲ ਥੋੜ੍ਹਾ ਜਿਹਾ ਇਸਲਾਮੀ ਟੱਚ ਲਗਾ ਦਿੱਤਾ ਹੈ। ਉਤੋਂ ਭਾਰੇ-ਭਾਰੇ ਅਰਬੀ ਲਫ਼ਜ਼ ਪਾ ਛੱਡੇ ਹਨ- ਜਿਵੇਂ ਮੁਦਾਰਬਾਂ, ਵਧੀਹਾ, ਬਸ਼ਾਰਕਾ, ਤਕਾਫ਼ੁਲ। ਮੇਰੇ ਵਰਗੇ ਗ਼ੁਨਾਹਗਾਰ ਮੁਸਲਮਾਨ ਇਹ ਸਮਝਦੇ ਹਨ ਕਿ ਬੈਂਕਿੰਗ ਨਹੀਂ ਕਰ ਰਹੇ, ਇਹ ਤਾਂ ਜਿਵੇਂ ਇਬਾਦਤ ਕਰ ਰਹੇ ਹੋਣ, ਨਫ਼ਲ ਪੜ੍ਹ ਰਹੇ ਹੋਣ।
ਇਹ ਇਸਲਾਮੀ ਬੈਂਕ ਕਦੇ ਕਿਸੇ ਕੋਲੋਂ ਇਹ ਨਹੀਂ ਪੁੱਛਦੇ ਕਿ ਤੂੰ ਕਿਤੇ ਗਰੀਬਾਂ ਦਾ ਖ਼ੂਨ ਤਾਂ ਨਹੀਂ ਚੂਸਦਾ, ਚੱਟੀ ਤਾਂ ਨਹੀਂ ਲਈ! ਤਨਖ਼ਾਹ ਤੇਰੀ 50 ਹਜ਼ਾਰ ਹੈ ਤੇ 10 ਕਰੋੜ ਦਾ ਮੁਦਾਰਬਾ ਕਿਵੇਂ ਲਈ ਫਿਰਦਾ!
ਪੁਰਾਣੇ ਬੈਂਕਾਂ ਤੇ ਕਾਫ਼ਰ ਬੈਂਕਾਂ `ਤੇ ਇਲਜ਼ਾਮ ਲੱਗਦਾ ਸੀ ਕਿ ਬਲੈਕ ਮਨੀ ਨੂੰ ਵ੍ਹਾਈਟ ਕਰਦੇ ਹਨ; ਪਰ ਇਸਲਾਮੀ ਜਮਹੂਰੀਆ ਪਾਕਿਸਤਾਨ ਵਿੱਚ ਨਵੇਂ-ਨਵੇਂ ਮੁਸਲਮਾਨ ਹੋਏ ਬੈਂਕ ਤੁਹਾਡਾ ਹਰਾਮ ਪੈਸਾ ਹਲ਼ਾਲ ਕਰ ਦਿੰਦੇ ਹਨ। ਇਹ ਕੰਮ ਕਰਨ ਲਈ ਬੈਂਕਾਂ ਨੂੰ ਸ਼ਾਇਦ ਆਲਮਾਂ ਦੀਆਂ ਮੁਫ਼ਤੀਆਂ ਦੀ ਲੋੜ ਹੈ ਤੇ ਉਹ ਸਾਡੇ ਕੋਲ ਇੱਕ ਤੋਂ ਇੱਕ ਪਿਆ ਹੈ।
ਇਨ੍ਹਾਂ ਵਿੱਚੋਂ ਇੱਕ ਮੁਫ਼ਤੀ ਹਨ, ਉਹ ਇੰਨੇ ਵੱਡੇ ਹਨ, ਉਨ੍ਹਾਂ ਦੀ ਇੰਨੀ ਜ਼ਿਆਦਾ ਇੱਜ਼ਤ ਹੈ ਕਿ ਉਨ੍ਹਾਂ ਦਾ ਨਾਮ ਲੈਣ ਤੋਂ ਪਹਿਲਾਂ ਕਹਿਣਾ ਪੈਂਦਾ ਕਿ ਅਸੀਂ ਤੇ ਉਨ੍ਹਾਂ ਦੀਆਂ ਜੁੱਤੀਆਂ ਦੀ ਖ਼ਾਕ ਵਰਗੇ ਵੀ ਨਹੀਂ। ਮੁਫ਼ਤੀ ਤਕੀ ਨੇ ਕਰਾਚੀ ਦੇ, ਉਹ ਕੋਈ ਦਰਜਨ ਤੋਂ ਜ਼ਿਆਦਾ ਬੈਂਕਾਂ ਦੇ ਬੋਰਡ `ਤੇ ਬੈਠੇ ਹਨ। ਉਨ੍ਹਾਂ ਤੋਂ ਜ਼ਿਆਦਾ ਬੈਂਕਾਂ ਦੀ ਸ਼ਰੀਅਤ ਨੂੰ ਕੌਣ ਸਮਝ ਸਕਦਾ ਹੈ!
—
‘ਬੈਂਕ ਦੇ ਖ਼ਤਨੇ’
ਪਰ ਬਾਹਰ ਬੈਠੇ ਸਾਡੇ ਵਰਗੇ ਉੱਜਡ ਮੁਸਲਮਾਨਾਂ ਨੂੰ ਤਾਂ ਇਹੀ ਲੱਗਦਾ ਹੈ ਕਿ ਉਹ ਕੋਈ ਕਾਫ਼ਰ ਬੈਂਕ ਫੜ੍ਹ ਲੈਂਦੇ ਹਨ ਤੇ ਉਸ ਦੇ ਬੋਰਡ `ਤੇ ਬੈਠ ਕੇ ਬੈਂਕ ਦੇ ਖ਼ਤਨੇ ਕਰ ਕੇ ਉਸ ਨੂੰ ਇਸਲਾਮੀ ਬਣਾ ਦਿੰਦੇ ਹਨ। ਨਾ ਬੈਂਕ ਰੋਂਦਾ ਹੈ ਤੇ ਬੈਂਕ ਦਾ ਮੁਨਾਫ਼ਾ ਵੀ ਵਧ ਜਾਂਦਾ ਹੈ। ਸੁਣਿਆ ਇਸ ਕੰਮ ਦਾ ਕੋਈ ਹਦੀਆ ਵੀ ਲੈਂਦੇ ਹੋਣਗੇ, ਪਰ ਸਾਡੇ ਦਿਲ ਵਿੱਚ ਇੰਨੀ ਇੱਜ਼ਤ ਹੈ ਕਿ ਜੇ ਪੰਜਾਬੀ ਵਿੱਚ ਸਮਝ ਨਹੀਂ ਤੇ ਮੈਂ ਉਰਦੂ ਵਿੱਚ ਕਹਿ ਦਿੰਦਾਂ ਕਿ ‘ਹਮ ਉਨਕੀ ਖਾਕ-ਏ-ਪਾ ਕੇ ਬਰਾਬਰ ਭੀ ਨਹੀਂ ਹੈਂ’, ਤੇ ਸਾਨੂੰ ਯਕੀਨ ਹੈ ਕਿ ਇਹ ਨੇਕੀ ਪੀਰ ਅੱਲ੍ਹਾ ਹੀ ਕਰਦੇ ਹੋਣਗੇ।
ਇਹ ਸਮਝ ਨਹੀਂ ਆਈ ਕਿ ਉਨ੍ਹਾਂ ਨੇ ਫਨਕਾਰ ਭਰਾਵਾਂ ਦੇ ਬੈਂਕ ਅਕਾਊਂਟਾਂ `ਤੇ ਪਾਬੰਦੀ ਕਿਉਂ ਲਗਾਈ ਹੈ! ਉਨ੍ਹਾਂ ਨੂੰ ਹਰਾਮ ਕਿਉਂ ਬਣਾ ਛੱਡਿਆ ਹੈ। ਸ਼ਾਇਦ ਇਸ ਲਈ ਕਿ ਮੁਫ਼ਤੀ ਸਾਬ੍ਹ ਸਭ ਤੋਂ ਵੱਡੇ ਫ਼ਨਕਾਰ ਆਪ ਹਨ। ਹੁਣ ਮੁਫ਼ਤੀ ਸਾਬ੍ਹ ਇੰਨੇ ਬੈਂਕਾਂ ਦੇ ਬੋਰਡ `ਤੇ ਬੈਠੇ ਹਨ ਤੇ ਸ਼ਰੀਅਤ ਦੇ ਨਾਲ-ਨਾਲ ਕੁਝ ਹਿਸਾਬ-ਕਿਤਾਬ ਵੀ ਆ ਹੀ ਗਿਆ ਹੋਣਾ।
ਪਾਕਿਸਤਾਨ ਵਿੱਚ ਕੋਈ 25-26 ਕਰੋੜ ਬੰਦਾ ਰਹਿੰਦਾ ਹੈ। ਉਨ੍ਹਾਂ ਵਿੱਚੋਂ 18 ਕਰੋੜ ਦਾ ਨਾ ਕਿਸੇ ਕਾਫ਼ਰ ਬੈਂਕ ਵਿੱਚ, ਨਾ ਕਿਸੇ ਇਸਲਾਮੀ ਬੈਂਕ ਵਿੱਚ ਕੋਈ ਅਕਾਊਂਟ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਬੜੇ ਖੁਸ਼ ਹੋਣਗੇ, ਜੇਕਰ ਉਨ੍ਹਾਂ ਦੀ ਧੀ ਨੂੰ ਕਿਸੇ ਬੈਂਕ ਅੰਦਰ ਨੋਟ ਗਿਣਨ ਦਾ ਕੰਮ ਲੱਭ ਜਾਵੇ। ਬਹੁਤ ਜ਼ਿਆਦਾ ਅਜਿਹੇ ਹਨ, ਜੋ ਤੁਹਾਨੂੰ ਦੁਆਵਾਂ ਦੇਣਗੇ, ਜੇਕਰ ਉਨ੍ਹਾਂ ਦੇ ਮੁੰਡੇ ਨੂੰ ਕਿਸੇ ਬੈਂਕ ਦੇ ਬਾਹਰ ਗਾਰਡ ਬਣਨ ਦੀ ਨੌਕਰੀ ਮਿਲ ਜਾਵੇ।
ਹੁਣ ਮੁਫ਼ਤੀ ਸਾਨੂੰ ਇਹ ਦੱਸਣ ਕਿ ਇਨ੍ਹਾਂ 18 ਕਰੋੜ ਨੂੰ ਹਲ਼ਾਲ-ਹਰਾਮ ਕੌਣ ਸਮਝਾਏਗਾ! ਬਾਕੀ ਰਹਿ ਗਏ ਵਿਚਾਰੇ ਫ਼ਨਕਾਰ ਲੋਕ, ਉਹ ਹਮੇਸ਼ਾ ਤੋਂ ਆਪਣੀਆਂ ਮੁਸਲਮਾਨੀਆਂ ਆਪ ਹੀ ਕਰਦੇ ਆਏ ਹਨ ਤੇ ਕਰਦੇ ਰਹਿਣਗੇ।