*ਮੌਸਮੀ ਤਬਦਲੀਆਂ ਮਨੁੱਖੀ ਜਾਨਾਂ ਦਾ ਖੋਅ ਬਣੀਆਂ
*ਗਲੇਸ਼ੀਅਰ ਟੁੱਟਣ ਕਾਰਨ ਉੱਤਰ ਖੰਡ ‘ਚ ਅੱਠ ਕਾਮਿਆਂ ਦੀ ਮੌਤ
ਜਸਵੀਰ ਸਿੰਘ ਮਾਂਗਟ
ਝੰਡੀਆਂ ਗੱਡਣ ਅਤੇ ਪੁੱਟਣ ਦਾ ਰਿਵਾਜ਼ ਪੰਜਾਬ ਦੇ ਕੁਸ਼ਤੀ ਅਖਾੜਿਆਂ ਦੀ ਕਦੀ ਸ਼ਾਨ ਹੁੰਦਾ ਸੀ। ਹੁਣ ਨਾ ਉਹੋ ਜਿਹੇ ਪਹਿਲਵਾਨ ਰਹੇ ਹਨ ਅਤੇ ਨਾ ਹੀ ਦੇਸੀ ਕੁਸ਼ਤੀਆਂ ਦੇ ਇਹ ਅਖਾੜੇ। ਬਹੁਤੀ ਦੂਰ ਨਹੀਂ, 1977-78 ਦੇ ਦੌਰ ਵਿੱਚ ਪੰਜਾਬ ਵਿੱਚ ਹੋਣ ਵਾਲੇ ਤਕਰੀਬਨ ਹਰ ਖੇਡ ਮੇਲੇ ਵਿੱਚ ਭਲਵਾਨਾਂ ਦੀ ਜ਼ੋਰ ਅਜ਼ਮਾਈ ਲਈ ਅਖਾੜੇ ਲਾਜ਼ਮੀ ਹੁੰਦੇ ਸਨ।
ਇਲਾਕੇ ਦਾ ਸਭ ਤੋਂ ਤਕੜਾ ਭਲਵਾਨ ਅਖਾੜੇ ਵਿੱਚ ਝੰਡੀ ਗੱਡ ਕੇ ਕਿਸੇ ਨੂੰ ਵੀ ਆਪਣੇ ਨਾਲ ਘੁਲਣ ਲਈ ਚੁਣੌਤੀ ਦਿੰਦਾ ਸੀ ਅਤੇ ਉਸ ਦੇ ਮੁਕਾਬਲੇ ਵਿੱਚ ਉਤਰਨ ਵਾਲਾ ਪਹਿਲਵਾਨ ਇਹ ਝੰਡੀ ਪੁੱਟਦਾ ਸੀ। ਇਸ ਦਾ ਮਤਲਬ ਇਹ ਹੁੰਦਾ ਸੀ ਕਿ ਉਹ ਝੰਡੀ ਗੱਡਣ ਵਾਲੇ ਪਹਿਲਵਾਨ ਦੀ ਚਣੌਤੀ ਕਬੂਲ ਕਰਦਾ ਹੈ। ਇਸ ਮੁਕਾਬਲੇ ਵਿੱਚ ਜਿਹੜਾ ਜਿੱਤ ਜਾਵੇ, ਫਿਰ ਝੰਡੀ ਉਸ ਦੀ ਹੋ ਜਾਂਦੀ ਸੀ। 1947 ਤੋਂ ਪਹਿਲਾਂ ਸਾਂਝੇ ਪੰਜਾਬ ਦੇ ਇਕ ਪਹਿਲਵਾਨ ‘ਗਾਮੇ’ ਨੇ ਪਹਿਲਾਂ ਤਾਂ ਸਾਰੇ ਹਿੰਦੁਸਤਾਨ ਦੇ ਪਹਿਲਵਾਨਾਂ ਦੇ ਉਤੋਂ ਦੀ ਲੱਤ ਫੇਰੀ ਅਤੇ ਬਾਅਦ ਵਿੱਚ ਉਸ ਨੇ ਸਾਰੀ ਦੁਨੀਆਂ ਦੇ ਸਾਨ੍ਹ ਪਹਿਲਵਾਨਾਂ ਦੀਆਂ ਬਾਕਾਇਦਾ ਲਲਕਾਰ ਕੇ ਝੰਡੀਆਂ ਪੁੱਟ ਲਈਆਂ ਸਨ। ਇਸ ਤਰ੍ਹਾਂ ਪਹਿਲਵਾਨੀ ਵਿੱਚ ਉਸ ਦਾ ਝੰਡਾ ਸਾਰੇ ਸੰਸਾਰ ਵਿੱਚ ਸਭ ਤੋਂ ਉੱਚਾ ਝੂਲਣ ਲੱਗਾ ਸੀ।
ਝੰਡੇ ਤੇ ਅੱਜ ਵੀ ਸਾਡੇ ਝੂਲਦੇ ਹਨ, ਪਰ ਭ੍ਰਿਸ਼ਟਾਚਾਰ, ਖੁਰਾਕੀ ਤੱਤਾਂ ਦੀ ਥੁੜ੍ਹ, ਹੇਰਾ-ਫੇਰੀ, ਬੇਕਾਰੀ, ਫਿਰਕੇਦਾਰਾਨਾ ਹਿੰਸਾ ਅਤੇ ਪ੍ਰਦੂਸ਼ਣ ਆਦਿ ਫੈਲਾਉਣ ਵਿਚ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਦੇਸ਼ ਨੇ ਕਾਫੀ ਵਿਕਾਸ ਕੀਤਾ ਹੈ। ਇਹ ਵੀ ਠੀਕ ਹੈ, ਦੇਸ਼ ਦੀ ਵੱਡੀ ਗਰੀਬ ਆਬਾਦੀ ਕੋਲ ਖਾਣ ਲਈ ਮੁਫਤ ਦਾਣਾ ਫੱਕਾ ਪਹੁੰਚਾਉਣ ਦੇ ਯਤਨ ਹੋ ਰਹੇ ਹਨ। ਪਰ ਇਨ੍ਹਾਂ ਮਾਮਲਿਆਂ ਵਿੱਚ ਸਾਡੀ ਝੰਡੀ (ਲੀਡ) ਕਿਧਰੇ ਨਹੀਂ ਹੈ। ਜਿਸ ਕਿਸਮ ਦੇ ਵਿਕਾਸ ਦਾ ਰਾਹ ਅਸੀਂ ਅਪਣਾਇਆ ਹੋਇਆ ਹੈ, ਉਹ ਆਮ ਲੋਕਾਂ ਵਿੱਚ ਖੁਸ਼ੀਆਂ ਖੇੜਿਆਂ (ਹੈਪੀਨੈਸ) ਦਾ ਸੰਚਾਰ ਕਰਨ ਵਿੱਚ ਅਸਫਲ ਰਿਹਾ ਹੈ। ਇਸ ਦੇ ਉਪਰੋਕਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਪਰ ਇੱਕ ਵੱਡਾ ਕਾਰਨ ਹਿੰਦੁਸਤਾਨ ਦੇ ਵੱਡੇ ਹਿੱਸੇ ਕੋਲੋਂ ਸਾਫ ਸੁਥਰੀ ਅਤੇ ਜੀਣਯੋਗ ਆਬੋ-ਹਵਾ, ਪਾਣੀ-ਧਾਣੀ ਤੇ ਦੋਸ਼ ਮੁਕਤ ਖਾਧ ਖੁਰਾਕ ਦਾ ਖੁੱਸ ਜਾਣਾ ਹੈ।
ਸਵਿਟਜ਼ਰਲੈਂਡ ਦੀ ਇੱਕ ਸੰਸਥਾ ਆਈ.ਕਿਊ.ਏਅਰ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਦੁਨੀਆਂ ਦੇ 20 ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿੱਚੋਂ 13 ਸ਼ਹਿਰ ਭਾਰਤ ਨਾਲ ਸਬੰਧਤ ਹਨ। ਪੰਜਾਬ ਦਾ ਮੁਲਾਂਪੁਰ ਵੀ ਇਨ੍ਹਾਂ ਵਿੱਚੋਂ ਇੱਕ ਹੈ। ਦਿੱਲੀ ਦੁਨੀਆਂ ਦੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਹੈ। ਆਸਾਮ ਦਾ ‘ਬਰਨੀਹਾਟ’ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ। ਕਿਉਂ! ਹੈ ਨਾ ਝੰਡੀ ਸਾਡੀ ਦੁਨੀਆਂ ‘ਤੇ? ਪਰ ਆਪਾਂ ਇਨ੍ਹਾਂ ਨੈਗੇਟਿਵ ਸਵਾਲਾਂ ਨੂੰ ਸੰਬੋਧਤ ਨਹੀਂ ਹੋਣਾ, ਨਹੀਂ ਤਾਂ ਦੇਸ਼ ਧਰੋਹੀ ਐਲਾਨ ਦਿੱਤੇ ਜਾਵਾਂਗੇ!
ਗੁਲਾਮੀ ਵੇਲੇ ਝੰਡੀ ‘ਗਾਮੇ’ ਦੀ ਹੁੰਦੀ ਸੀ, ਹੁਣ ਅਜ਼ਾਦੀ ਵੇਲੇ ਖੁਨਾਮੇ (ਖੁਨਾਮੀਆਂ) ਦੀ ਹੁੰਦੀ ਹੈ। ਹੁਣ ਅਸੀਂ ਭੁੱਲ ਵੀ ਗਏ ਹੋਣੇ ਕਿ ਪੈਰਿਸ ਉਲੰਪਿਕ ਵਿੱਚ ਫਾਈਨਲ ਵਿੱਚ ਪਹੁੰਚੀ ਹਰਿਆਣੇ ਦੇ ਕਿਸਾਨਾਂ ਦੀ ਇੱਕ ਕੁੜੀ ਦੀ ਝੰਡੀ ਉਹਦੇ ਆਪਣਿਆਂ ਨੇ ਹੀ ਪੁੱਟ ਲਈ ਸੀ!
ਇਹ ਨਵੀਂ ਦੁਨੀਆਂ ਹੈ। ਫਾਸਟ ਫੂਡ, ਮਸਨੂਈ ਬੁੱਧੀ, ਪਰਖ ਨਲੀ ਪ੍ਰਜਨਣ ਅਤੇ ਆਵਾਜ਼ ਦੀ ਗਤੀ ਤੋਂ ਤੇਜ਼ ਭੱਜਦੇ ਸਮਾਰਟ ਬੰਦੇ ਦੀ ਦੁਨੀਆਂ। ਇਸ ਕੋਲ ਇਹ ਸੋਚਣ ਦੀ ਵੇਹਲ ਕਿੱਥੇ ਹੈ ਕਿ ਅਸੀਂ ਦੌੜੀ ਕਿਉਂ ਜਾ ਰਹੇ ਹਾਂ, ਕਿਧਰ ਨੂੰ ਜਾ ਰਹੇ ਅਤੇ ਕਿਉਂ ਜਾ ਰਹੇ ਹਾਂ? ਦੁਆਲੇ ਹੋ ਰਹੇ ਕੁਦਰਤੀ ਹਾਦਸਿਆਂ (ਆਫਤਾਂ) ਦੀ ਗਤੀ ਤੇਜ਼ ਹੋ ਗਈ ਹੈ, ਪਰ ਜਾਗ ਫਿਰ ਵੀ ਨਹੀਂ ਆ ਰਹੀ। ਯਾਦ ਵੀ ਨਹੀਂ ਆ ਰਹੀ ਕਿ ਥੋੜ੍ਹਾ ਰੁਕ ਕੇ ਸੋਚ ਤੇ ਲਈਏ ਕਿ ਕਰੀ ਕੀ ਜਾ ਰਹੇ ਹਾਂ ਅਤੇ ਇਸ ਦੇ ਸਿੱਟੇ ਕੀ ਨਿਕਲ ਰਹੇ ਹਨ! ਹਾਲੇ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ, ਹਿਮਾਚਲ ਵਿੱਚ ਬਰਫ ਦਾ ਅਣਕਿਆਸਿਆ ਝੱਖੜ ਵਗਿਆ। ਇਸ ਨਾਲ ਤਕਰੀਬਨ 200 ਪਹਾੜੀ ਰਸਤੇ ਬੰਦ ਕਰਨੇ ਪਏ, ਕਈ ਵਾਹਨ ਪਹਾੜਾਂ ਤੋਂ ਰੁੜ੍ਹੀ ਮਿੱਟੀ ਵਿੱਚ ਦਬ ਗਏ। ਇਹ ਮੌਸਮ ਇੱਕ-ਦੋ ਦਿਨ ਹੋਰ ਰਹਿ ਜਾਂਦਾ ਤਾਂ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਹੜ੍ਹਾਂ ਦੀ ਸਥਿਤੀ ਬਣ ਸਕਦੀ ਸੀ। ਰਾਵੀ ਤੇ ਉਛਲਣ ਲੱਗ ਹੀ ਪਈ ਸੀ। ਸਿਆਲ ਦੇ ਮਹੀਨੇ ਵਿੱਚ ਹੜ੍ਹ, ਇਹ ਸੋਚ ਕੇ ਵੀ ਡਰ ਲਗਦਾ ਹੈ।
ਉੱਤਰਾ ਖੰਡ ਦੇ ਚਮੋਲੀ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਨਾ ‘ਚ ਇੱਕ ਸੜਕ ਬਣਾ ਰਹੇ 55 ਕਾਮੇ ਪਹਾੜ ਤੋਂ ਟੁੱਟ ਕੇ ਆਏ ਗਲੇਸ਼ੀਅਰ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ਵਿੱਚੋਂ 11 ਨੂੰ ਤਾਂ ਸੁਰੱਖਿਅਤ ਕੱਢ ਲਿਆ ਗਿਆ ਅਤੇ 22 ਜਣੇ ਬਦਰੀਨਾਥ ਧਾਮ ਵੱਲ ਦੌੜ੍ਹ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ, ਜਦਕਿ 8 ਹੋਰਨਾਂ ਦੀ ਬਰਫ ਹੇਠਾਂ ਦਬਣ ਕਾਰਨ ਮੌਤ ਹੋ ਗਈ। ਚਾਰ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਯਾਦ ਰਹੇ, ਬਦਰੀਨਾਥ ਤੋਂ ਸਿਰਫ ਤਿੰਨ ਕਿਲੋਮੀਟਰ ਦੀ ਵਿੱਥ ‘ਤੇ ਮਾਨਾ ਪਿੰਡ ਭਾਰਤ-ਚੀਨ ਸਰਹੱਦ ‘ਤੇ ਵੱਸਿਆ ਹੋਇਆ ਹੈ। ਇਸ ਪਿੰਡ ਤੋਂ 50 ਕਿਲੋਮੀਟਰ ਦੂਰ ਮਾਨਾ ਪਾਸ ਤੱਕ ਪਹੁੰਚ ਸੌਖੀ ਕਰਨ ਲਈ ਸੜਕ ਚੌੜੀ ਕੀਤੀ ਜਾ ਰਹੀ ਹੈ। ਇਹ ਸੜਕ ਚੌੜੀ ਕਰਨ ਦਾ ਕੰਮ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ.ਆਰ.ਓ.) ਦੀ ਦੇਖ-ਰੇਖ ਹੇਠ ਇਨਫਰਾ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। 28 ਫਰਵਰੀ ਨੂੰ ਸਵੇਰੇ ਕਰੀਬ ਛੇ ਵਜੇ 57 ਕਾਮੇ ਮਾਨਾ ਪਿੰਡ ਲਾਗੇ ਲੱਗੇ ਕੈਂਪ ਵਿੱਚ ਸੌਂ ਰਹੇ ਸਨ ਕਿ ਨਰ ਪਹਾੜ ਲੜੀ ਦੀ ਮੋਲਫਾ ਬਾਂਕ ਘਾਟੀ ਤੋਂ ਲੰਘਦੇ ਦੌਣਾ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਕੇ ਕਾਮਿਆਂ ਦੇ ਕੈਂਪ ਵੱਲ ਨੂੰ ਖਿਸਕ ਗਿਆ। ਇਸ ਨੇ ਕਾਮਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗਲੇਸ਼ੀਅਰ ਟੁੱਟਣ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਨੂੰ ਸੁਣ ਕੇ ਅਧਿਕਾਰੀ ਤੇ ਮੁਲਾਜ਼ਮ ਸੁਰੱਖਿਅਤ ਥਾਵਾਂ ਵੱਲ ਭੱਜੇ। ਕਰੀਬ ਇੱਕ ਕਿਲੋਮੀਟਰ ਦੂਰ ਆਈ.ਟੀ.ਬੀ.ਪੀ. ਦੇ ਜਵਾਨਾਂ ਨੂੰ ਕਾਮਿਆਂ ਦੇ ਬਰਫ ਹੇਠਾਂ ਦੱਬੇ ਹੋਣ ਦੀ ਖ਼ਬਰ ਮਿਲੀ ਅਤੇ ਉਹ ਮੌਕੇ ‘ਤੇ ਪੁੱਜੇ ਤੇ ਬਚਾਅ ਕਾਰਜ ਸ਼ੁਰੂ ਕੀਤੇ। ਇਸ ਤੋਂ ਇਲਾਵਾ ਪੈਰਾ ਮਿਲਟਰੀ ਦਸਤਿਆਂ ਦੀਆਂ ਹੋਰ ਕੰਪਨੀਆਂ ਵੀ ਇੱਥੇ ਆ ਗਈਆਂ ਅਤੇ ਸਿੱਟੇ ਵਜੋਂ ਕੁਝ ਕਾਮਿਆਂ ਦੀ ਜਾਨ ਬਚ ਗਈ ਤੇ 8 ਇਸ ਦੁਨੀਆਂ ਤੋਂ ਤੁਰ ਗਏ।
ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਜਿਸ ਕਿਸਮ ਦਾ ਬਰਫਾਨੀ ਝੱਖੜ ਆਇਆ ਜਾਂ ਉੱਤਰਾਖੰਡ ਵਿੱਚ ਜਿਸ ਤਰ੍ਹਾਂ ਗਲੇਸ਼ੀਅਰ ਟੁਟਿਆ, ਇਸ ਸਭ ਕੁਝ ਨੂੰ ਐਕਸਟਰੀਮ ਵੈਦਰ ਕੰਡੀਸ਼ਨਜ਼ (ਹੱਦੋਂ ਵੱਧ ਤੇਜ਼ ਮੌਸਮੀ ਤਬਦੀਲੀਆਂ) ਕਿਹਾ ਜਾਂਦਾ ਹੈ। ਇਨ੍ਹਾਂ ਮੌਸਮੀ ਤਬਦੀਲੀਆਂ ਕਾਰਨ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਇੱਕੋ ਸੱਟੇ ਬਹੁਤ ਜ਼ਿਆਦਾ ਮੀਂਹ ਪੈ ਜਾਂਦਾ ਹੈ। ਕਿਧਰੇ ਹੱਦੋਂ ਵੱਧ ਬਰਫ ਪੈ ਜਾਂਦੀ ਹੈ। ਜਾਂ ਜਿਨ੍ਹਾਂ ਇਲਾਕਿਆਂ ਵਿੱਚ ਰੇਗਿਸਤਨ ਹਨ ਅਤੇ ਬਹੁਤ ਘੱਟ ਬਾਰਸ਼ ਹੁੰਦੀ ਸੀ, ਉਥੇ ਬਹੁਤ ਜ਼ਿਆਦਾ ਬਾਰਸ਼ ਹੋ ਜਾਂਦੀ ਹੈ। ਇਹ ਵੀ ਕਿ ਜਿੱਥੇ ਜ਼ਿਆਦਾ ਬਾਰਸ਼ ਹੁੰਦੀ ਰਹੀ ਹੈ, ਉਥੇ ਸੋਕੇ ਪੈਣ ਲਗਦੇ ਹਨ। ਗਲੇਸ਼ੀਅਰ ਪਿਘਲਣ/ਟੁੱਟਣ ਦਾ ਵਰਤਾਰਾ ਵੀ ਮਨੁੱਖੀ ਗਤੀਵਧੀਆਂ ਦੇ ਸਿੱਟੇ ਵਜੋਂ ਵਧ ਰਹੇ ਧਰਤੀ ਦੇ ਤਾਪਮਾਨ ਕਾਰਨ ਹੀ ਵਾਪਰਦਾ ਹੈ। ਇਸ ਮਾਮਲੇ ਨੂੰ ਲੈ ਕੇ ਦੁਨੀਆਂ ਭਰ ਦੇ ਵਾਤਾਵਰਣ ਵਿਗਿਆਨੀ ਅਤੇ ਸੰਯੁਕਤ ਰਾਸ਼ਟਰ ਵਾਰ-ਵਾਰ ਚਿਤਾਵਨੀਆਂ ਦੇ ਰਿਹਾ ਹੈ; ਪਰ ਆਪੋ-ਆਪਣੇ ਕੌਮੀ ਹਿੱਤਾਂ ਨੂੰ ਤਰਜੀਹ ਦੇਣ ਵਾਲੇ ਦੁਨੀਆਂ ਦੇ ਵੱਡੇ ਮੁਲਕ ਇਸ ਵੱਲ ਧਿਆਨ ਨਹੀਂ ਦੇ ਰਹੇ।
ਟਰੰਪ ਦੀ ਅਗਵਾਈ ਵਿੱਚ ਅਮਰੀਕਾ ਮੌਸਮੀ ਤਬਦੀਲੀਆਂ ਸੰਬੰਧੀ ਪੈਰਿਸ ਐਗਰੀਮੈਂਟ ਤੋਂ ਫਿਰ ਵੱਖ ਹੋ ਗਿਆ ਹੈ। ਇਸ ਨਾਲ ਮੌਸਮੀ ਤਬਦੀਲੀਆਂ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੱਡਾ ਧੱਕਾ ਲੱਗਾ ਹੈ। ਤੇਜ਼ ਮੌਸਮੀ ਤਬਦੀਲੀਆਂ ਨੇ ਭਾਵੇਂ ਹੁਣ ਪੱਛਮੀ ਅਮੀਰ ਮੁਲਕਾਂ ਨੂੰ ਵੀ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ, ਫਿਰ ਵੀ ਇਸ ਪਾਸੇ ਧਿਆਨ ਦੇਣ ਲਈ ਉਹ ਬਹੁਤੇ ਰਾਜ਼ੀ ਨਹੀਂ ਹਨ। ਕਾਰਨ ਇਸ ਦਾ ਆਪੋ-ਆਪਣੇ ਆਰਥਕ ਹਿੱਤਾਂ ਅਤੇ ਕਥਿੱਤ ਵਿਕਾਸ ਨੂੰ ਤਰਜੀਹ ਹੀ ਹੈ। ਅਸੀਂ ਵਿਕਾਸ ਵਾਲੀ ਝੰਡੀ ਤੇ ਭਾਵੇਂ ਹਾਲੇ ਨਹੀਂ ਪੁੱਟ ਸਕੇ, ਪਰ ਪ੍ਰਦੂਸ਼ਣ ਵਾਲੀ ਜ਼ਰੂਰ ਪੁੱਟ ਲਈ ਹੈ।