ਨਵੀਆਂ ਰਾਹਾਂ ਦੀ ਤਲਾਸ਼ ਵੇਲੇ ਸੁਚੇਤ ਰਹਿਣ ਦੀ ਲੋੜ

ਅਧਿਆਤਮਕ ਰੰਗ

ਡਾ. ਅਰਵਿੰਦਰ ਸਿੰਘ ਭੱਲਾ
ਫੋਨ: +91-9463062603
‘ਪਰਿਵਰਤਨ ਕੁਦਰਤ ਦਾ ਨਿਯਮ’ ਅਤੇ ‘ਯੋਗ ਨੂੰ ਜਿਊਣ ਦਾ ਅਧਿਕਾਰ’ ਦੋ ਅਜਿਹੀਆਂ ਅਟੱਲ ਸੱਚਾਈਆਂ ਹਨ, ਜਿਨ੍ਹਾਂ ਤੋਂ ਕੋਈ ਵੀ ਬਾਸ਼ਊਰ ਇਨਸਾਨ ਕਦੇ ਵੀ ਮੁਨਕਰ ਨਹੀਂ ਹੋ ਸਕਦਾ ਹੈ। ਖੜੋਤ ਅਤੇ ਅਯੋਗਤਾ ਦਰਅਸਲ ਕਿਸੇ ਵੀ ਪ੍ਰਾਣੀ ਜਾਂ ਸਮੁੱਚੀ ਮਨੁੱਖੀ ਸੱਭਿਅਤਾ ਦੇ ਵਿਨਾਸ਼ ਦਾ ਕਾਰਨ ਬਣਦੀ ਹੈ। ਗੱਲ ਭਾਵੇਂ ਕਿਸੇ ਇਨਸਾਨ, ਮੁਆਸ਼ਰੇ, ਮੁਲਕ, ਕੌਮ ਜਾਂ ਕਿਸੇ ਤਨਜ਼ੀਮ ਦੀ ਹੋਵੇ, ਜਿੱਥੇ ਕਿਤੇ ਵੀ ਕੋਈ ਵਕਤ ਦੀ ਨਬਜ਼ ਨੂੰ ਪਹਿਚਾਨਣ ਵਿੱਚ ਜਦੋਂ ਕੁਤਾਹੀ ਕਰਦਾ ਹੈ ਤਾਂ ਉਸ ਦਾ ਖਮਿਆਜ਼ਾ ਕਿਸੇ ਨਾ ਕਿਸੇ ਰੂਪ ਵਿੱਚ ਖੁਦ ਉਸ ਨੂੰ ਜਾਂ ਉਸ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪੈਂਦਾ ਹੈ।

ਆਪਣੀ ਤਵਾਰੀਖ਼ ਤੋਂ ਕੋਈ ਵੀ ਸਬਕ ਨਾ ਸਿੱਖਣ ਵਾਲੇ ਲੋਕ ਅਕਸਰ ਤਵਾਰੀਖ਼ ਦੇ ਪੰਨਿਆਂ ਵਿੱਚ ਇਉਂ ਦਫ਼ਨ ਹੋ ਜਾਂਦੇ ਹਨ, ਜਿਵੇਂ ਕਦੇ ਇਸ ਸੰਸਾਰ ਵਿੱਚ ਉਨ੍ਹਾਂ ਦਾ ਕੋਈ ਵਜੂਦ ਹੀ ਨਾ ਰਿਹਾ ਹੋਵੇ। ਬਹੁਤ ਅਫ਼ਸੋਸ ਹੁੰਦਾ ਹੈ ਕਿ ਜਦੋਂ ਆਪਣੇ ਗੁਜ਼ਰੇ ਕੱਲ ਨੂੰ ਯਾਦ ਕਰਕੇ ਡੀਂਗਾਂ ਮਾਰਨ ਵਾਲੇ ਲੋਕ ਆਪ ਵੀ ਕੋਈ ਅਜਿਹੀ ਮਿਸਾਲ ਕਾਇਮ ਕਰਨ ਤੋਂ ਖੁੰਝ ਜਾਂਦੇ ਹਨ, ਜਿਨ੍ਹਾਂ ਉਤੇ ਕੋਈ ਉਨ੍ਹਾਂ ਉੱਪਰ ਨਾਜ਼ ਕਰ ਸਕੇ। ਗੁਜ਼ਰੇ ਵਕæਤ ਜਾਂ ਮਾਣਮੱਤੀਆਂ ਪਰੰਪਰਾਵਾਂ ਦਾ ਜ਼ਿਕਰ ਕਰਨਾ ਉਨ੍ਹਾਂ ਨੂੰ ਹੀ ਸੋਭਦਾ ਹੈ, ਜੋ ਖੁਦ ਵੀ ਆਪਣੀ ਵਿਰਾਸਤ ਦੇ ਸੱਚੇ ਵਾਰਸ ਕਹਾਉਣ ਦੇ ਯੋਗ ਹੋਣ। ਸਮਾਜ ਵਿੱਚ ਵਿਚਰਦਿਆਂ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜੋ ਲੋਕ ਕਥਨੀ ਅਤੇ ਕਰਨੀ ਵਿੱਚ ਇੱਕ ਨਹੀਂ ਹੁੰਦੇ, ਉਹ ਵਧੇਰੇ ਕਰਕੇ ਆਮ ਲੋਕਾਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਬਦਗੁਮਾਨ ਕਰਨ ਵਿੱਚ ਵਧੇਰੇ ਰੁਚਿਤ ਹੁੰਦੇ ਹਨ।
ਸਾਡੇ ਸਮਾਜ ਵਿੱਚ ਅਣਗਿਣਤ ਸੰਸਥਾਵਾਂ ਵਿੱਚ ਅਜਿਹੇ ਬੇਸ਼ੁਮਾਰ ਲੋਕ ਵਿਚਰਦੇ ਹੋਏ ਦਿਖਾਈ ਦੇਣਗੇ, ਜੋ ਹਮੇਸ਼ਾ ਇਸ ਕੋਸ਼ਿਸ਼ ਵਿੱਚ ਰਹਿੰਦੇ ਹਨ ਕਿ ਉਹ ਕਿਸ ਤਰ੍ਹਾਂ ਆਪਣੇ ਹੱਥਾਂ ਦੀ ਕਾਲਖ਼ ਨੂੰ ਦੂਜਿਆਂ ਦੇ ਪਾਕ ਦਾਮਨ ਨਾਲ ਪੂੰਝਣ ਤਾਂ ਜੋ ਉਹ ਖੁਦ ਸਮਾਜ ਵਿੱਚ ਦੂਜਿਆਂ ਨਾਲੋਂ ਉਜਲੇ ਦਿਖਾਈ ਦੇਣ। ਅਜਿਹੇ ਲੋਕਾਂ ਦੀ ਤਾਦਾਦ ਦਾ ਕਿਆਸ ਲਾਉਣਾ ਵੀ ਬੇਹੱਦ ਮੁਸ਼ਕਲ ਹੁੰਦਾ ਹੈ, ਜੋ ਖੁਦ ਤਾਂ ਬੁਨਿਆਦੀ ਤੌਰ ਉੱਪਰ ਅਕ੍ਰਿਤਘਣ ਹੁੰਦੇ ਹਨ, ਲੇਕਿਨ ਉਹ ਦੂਜਿਆਂ ਤੋਂ ਹਮੇਸ਼ਾ ਇਹੀ ਉਮੀਦ ਰੱਖਦੇ ਹਨ ਕਿ ਲੋਕ ਉਨ੍ਹਾਂ ਨੂੰ ਮੋਮਿਨ ਸਮਝਣ। ਸਾਡੇ ਸਮਾਜ ਵਿੱਚ ਭਾਂਤ-ਭਾਂਤ ਦੇ ਲੋਕਾਂ ਨਾਲ ਮਿਲਦਿਆਂ-ਜੁਲਦਿਆਂ ਲੋਕਾਂ ਦਾ ਗਿਰਗਿਟ ਦੀ ਤਰ੍ਹਾਂ ਰੰਗ ਬਦਲਣਾ, ਆਪਣੇ ਮੁਫਾਦ ਲਈ ਕਿਸੇ ਵੀ ਹੱਦ ਤੱਕ ਗਿਰਨਾ ਅਤੇ ਵੱਖ-ਵੱਖ ਮਖੌਟੇ ਪਹਿਣ ਕੇ ਲੋਕਾਂ ਨੂੰ ਧੋਖਾ ਦੇਣਾ ਹੁਣ ਰੋਜ਼ਮੱਰਾ ਦਾ ਆਮ ਜਿਹਾ ਵਰਤਾਰਾ ਬਣ ਗਿਆ ਹੈ। ਅਜਿਹੇ ਮੌਕਾਪ੍ਰਸਤ ਲੋਕਾਂ ਦੀ ਸੰਕੀਰਣ ਸੋਚ ਅਤੇ ਸਤਹੀ ਪੱਧਰ ਦੇ ਸਰੋਕਾਰਾਂ ਦੇ ਕਾਰਨ ਸਾਡੇ ਸਮਾਜ ਵਿੱਚ ਨਾਇਕ ਦਾ ਸੰਕਲਪ ਹੀ ਬਦਲਦਾ ਜਾ ਰਿਹਾ ਹੈ। ਹੁਣ ਲੋਕ ਵਕਤ ਨਾਲ ਇਸ ਕਰਕੇ ਨਹੀਂ ਬਦਲਦੇ ਕਿ ਉਹ ਆਪਣੇ ਆਪ ਨੂੰ ਦਰੁਸਤ ਕਰਨ ਜਾਂ ਸਮਾਜ ਵਿੱਚ ਕੋਈ ਉਸਾਰੂ ਭੂਮਿਕਾ ਨਿਭਾਉਣ, ਬਲਕਿ ਉਹ ਇਸ ਲਈ ਬਦਲਦੇ ਹਨ ਕਿ ਕੋਈ ਉਨ੍ਹਾਂ ਦੀ ਵਾਸਤਵਿਕ ਹਕੀਕਤ ਨਾ ਜਾਣ ਲਵੇ। ਹੁਣ ਲੋਕ ਮੁਕਾਬਲੇ ਦੀ ਦੌੜ ਵਿੱਚ ਖੁਦ ਨੂੰ ਯੋਗ ਸਿੱਧ ਕਰਨ ਲਈ ਸ਼ਾਮਲ ਹੋਣ ਨੂੰ ਤਰਜੀਹ ਨਹੀਂ ਦਿੰਦੇ, ਬਲਕਿ ਉਹ ਦੂਜਿਆਂ ਲਈ ਨਿੱਤ ਨਵੀਆਂ ਅਜ਼ਮਾਇਸ਼ਾਂ ਪੈਦਾ ਕਰਕੇ ਕਿਸੇ ਨੂੰ ਅਯੋਗ ਕਰਾਰ ਦਿੰਦੇ ਹਨ।
ਜਦੋਂ ਸਮਾਜ ਵਿੱਚ ਲੋਕ ਆਪਣੇ ਆਪ ਨੂੰ ਇਖ਼ਲਾਕ ਦੇ ਪੱਧਰ ਤੋਂ ਗਿਰਾ ਕੇ ਮੁਕਾਬਲੇ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਕੋਈ ਉੱਚਾ ਮੁਕਾਮ ਹਾਸਲ ਕਰਨ ਲਈ ਤਰੱਦਦ ਕਰਦੇ ਹਨ ਤਾਂ ਉਹ ਆਪਣੀ ਸਹੂਲਤ ਅਨੁਸਾਰ ਠੀਕ-ਗਲਤ ਅਤੇ ਸੱਚ-ਝੂਠ ਦੇ ਮਾਇਨੇ ਵੀ ਬਦਲ ਲੈਂਦੇ ਹਨ। ਕੁਝ ਲੋਕਾਂ ਲਈ ਬਦਲਾਅ ਹੁਣ ਕੇਵਲ ਸਿਆਸੀ ਪੈਂਤੜਾ ਜਾਂ ਖੋਖਲਾ ਨਾਅਰਾ ਜਾਂ ਆਪਣੀ ਹਵਸ ਦੀ ਪੂਰਤੀ ਲਈ ਅਪਣਾਈ ਗਈ ਰਣਨੀਤੀ ਦਾ ਇੱਕ ਅਟੁੱਟ ਅੰਗ/ਹਿੱਸਾ ਬਣ ਗਿਆ ਹੈ। ਸੱਤਾਧਾਰੀ, ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣਨ ਦੀ ਦੌੜ ਵਿੱਚ ਇਨਸਾਨ ਬਦਲਾਅ ਦਾ ਨਾਅਰਾ ਲਗਾ ਕੇ ਆਪਣੀਆਂ ਮੁਖ਼ਾਲਿਫ਼ ਧਿਰਾਂ ਨੂੰ ਨੇਸਤੋ ਨਾਬੂਦ ਕਰਨ ਲਈ ਹਰ ਹੀਲਾ ਵਰਤਦਾ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂ ਕਿ ਅਸਲ ਵਿੱਚ ਅਜਿਹਾ ਬਦਲਾਅ ਸਿਰਫ ਇੱਕ ਖੋਖਲੇ ਨਾਅਰੇ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਹੈ। ਲੋਕ ਆਪਣੇ ਪੁਰਖਿਆਂ ਦੀ ਘਾਲਣਾ ਨੂੰ ਅਕਸਰ ਢਾਲ ਦੀ ਤਰ੍ਹਾਂ ਇਸਤੇਮਾਲ ਕਰਨ ਨੂੰ ਤਰਜੀਹ ਦਿੰਦੇ ਤਾਂ ਹਨ, ਪਰ ਆਪਣੇ ਪੁਰਖਿਆਂ ਦੀਆਂ ਸਿੱਖਿਆਵਾਂ ਦੀ ਪਾਲਣਾ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ਉੱਤੇ ਚਲਣ ਦਾ ਹੌਸਲਾ ਨਹੀਂ ਰੱਖਦੇ ਹਨ। ਇਸ ਸਭ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੁਝ ਸ਼ਬਦਾਂ ਦੇ ਜਾਦੂਗਰ, ਕੁਝ ਸਬਜ਼ਬਾਗ਼ ਦਿਖਾਉਣ ਵਿੱਚ ਮਾਹਿਰ, ਕੁਝ ਤੱਤੇ-ਤੱਤੇ ਭਾਸ਼ਨ ਦੇਣ ਦੀ ਕਲਾ ਵਿੱਚ ਨਿਪੁੰਨ ਅਤੇ ਕੁਝ ਗੈਰ-ਹਕੀਕ ਸੁਪਨਿਆਂ ਦੇ ਸੌਦਾਗਰ ਸਧਾਰਨ ਲੋਕਾਂ ਨੂੰ ਜ਼ਿਹਨੀ ਤੌਰ ਉੱਪਰ ਵਰਗਲਾਉਣ ਵਿੱਚ ਬੜੀ ਆਸਾਨੀ ਨਾਲ ਕਾਮਯਾਬ ਹੋ ਜਾਂਦੇ ਹਨ।
ਸਾਡੇ ਸਮਾਜ ਵਿੱਚ ਜੋ ਲੋਕ ਕੇਵਲ ਦੂਜਿਆਂ ਦੇ ਬਖੀਏ ਉਧੇੜਨ ਨੂੰ ਆਪਣਾ ਸ਼ੌਕ ਜਾਂ ਕਿੱਤਾ ਬਣਾ ਲੈਂਦੇ ਹਨ, ਜੋ ਹਮੇਸ਼ਾ ਲੋਕਾਂ ਦੀ ਮਾਸੂਮੀਅਤ ਦਾ ਲਾਭ ਉਠਾਉਣ ਨੂੰ ਆਪਣਾ ਹੱਕ ਸਮਝਦੇ ਹਨ ਅਤੇ ਜੋ ਲੋਕ ਖੁਦ ਨੂੰ ਆਪਣੀਆਂ ਖ਼ਾਮੀਆਂ ਕਰਕੇ ਹਮੇਸ਼ਾ ਅਸਰੁਖਿਅਤ ਮਹਿਸੂਸ ਕਰਦੇ ਹਨ, ਉਹ ਹੀ ਅਕਸਰ ਦੂਸਰਿਆਂ ਦੀ ਅਜ਼ਮਤ ਨੂੰ ਤਾਰ-ਤਾਰ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਜੋ ਧੁਰ ਅੰਦਰੋਂ ਸ਼ਰਾਰਤੀ ਬਿਰਤੀ ਦੇ ਮਾਲਕ ਹੁੰਦੇ ਹਨ, ਉਨ੍ਹਾਂ ਦੇ ਹੱਥ ਸਭ ਤੋਂ ਪਹਿਲਾਂ ਦੂਜਿਆਂ ਦੇ ਗਿਰੇਬਾਨ ਤੱਕ ਪਹੁੰਚਦੇ ਹਨ। ਇਸ ਨੂੰ ਅਜੋਕੇ ਯੁੱਗ ਦਾ ਇੱਕ ਕੋਝਾ ਵਰਤਾਰਾ ਹੀ ਕਿਹਾ ਜਾ ਸਕਦਾ ਹੈ ਕਿ ਲੋਕ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਬਜਾਏ ਦੂਜਿਆਂ ਉਤੇ ਚਿੱਕੜ ਸੁੱਟਣ ਨੂੰ ਅਕਸਰ ਪਹਿਲ ਦਿੰਦੇ ਹਨ। ਬੇਸ਼ੱਕ ਇਸ ਸੰਸਾਰ ਵਿੱਚ ਆਪਣੇ ਖ਼ਵਾਬਾਂ ਦੇ ਮਹਿਲ ਸਿਰਜਣ ਦਾ ਸਭ ਨੂੰ ਹੱਕ ਹੁੰਦਾ ਹੈ, ਪਰ ਇਹ ਹਰਗਿਜ਼ ਮੁਨਾਸਿਬ ਨਹੀਂ ਕਿ ਉਸ ਮਹਿਲ ਦੀ ਬੁਨਿਆਦ ਕਿਸੇ ਦੀ ਬੇਹੁਰਮਤੀ ਉੱਪਰ ਆਧਾਰਿਤ ਹੋਵੇ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਨਿੰਦਕਾਂ ਦੀ ਬਿਰਤੀ ਅਤੇ ਉਨ੍ਹਾਂ ਦੇ ਹਸ਼ਰ ਬਾਰੇ ਬਹੁਤ ਤਫ਼ਸੀਲ ਵਿੱਚ ਲਿਖਿਆ ਹੋਇਆ ਪੜ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵਰਤਾਰਾ ਵੀ ਬੇਹੱਦ ਅਫ਼ਸੋਸਜਨਕ ਹੈ ਕਿ ਸਾਡੇ ਮੁਆਸ਼ਰੇ ਵਿੱਚ ਤਿਕੜਮਬਾਜ਼ੀ ਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ। ਜੋ ਲੋਕ ਆਪਣੀ ਸਾਰੀ ਸਮਰੱਥਾ ਅਤੇ ਸਲਾਹੀਅਤ ਲੋਕਾਂ ਨੂੰ ਬਦਗੁਮਾਨ ਤੇ ਗੁੰਮਰਾਹ ਕਰਕੇ ਆਪਣੇ ਛੁਪੇ ਹੋਏ ਏਜੰਡੇ ਨੂੰ ਬੜਾਵਾ ਦੇ ਕੇ ਖੁਦ ਸ਼ਰਾਫਤ ਦਾ ਢੋਂਗ ਰਚਦੇ ਹਨ, ਲੋਕ ਉਨ੍ਹਾਂ ਨੂੰ ਬਾਰਸੂਖ਼ ਅਤੇ ਸਾਹਿਬ-ਏ-ਹੈਸੀਅਤ ਕਰਾਰ ਦੇ ਕੇ ਉਨ੍ਹਾਂ ਦਾ ਕੱਦ ਉੱਚਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਹਨ।
ਅਜੋਕੇ ਸਮੇਂ ਵਿੱਚ ਸਾਨੂੰ ਪਰਦੇ ਪਿੱਛੇ ਛੁਪੇ ਅਦਿੱਖ ਦ੍ਰਿਸ਼ ਨੂੰ, ਕਿਸੇ ਇਬਾਰਤ ਵਿੱਚ ਅਣਲਿਖੇ ਵਾਕਾਂ ਨੂੰ ਅਤੇ ਕਿਸੇ ਸ਼ੋਰ ਪਿਛੇ ਛੁਪੀ ਸ਼ਰਾਰਤ ਦੀ ਆਹਟ ਨੂੰ ਸੁਣਨ ਦਾ ਫ਼ਨ ਸਿਖਣਾ ਚਾਹੀਦਾ ਹੈ। ਸਾਨੂੰ ਆਪਣੇ ਨਾਇਕ ਦੇ ਸੰਕਲਪ ਦੀ ਇੱਕ ਵਾਰ ਫਿਰ ਤੋਂ ਪੜਚੋਲ ਕਰਨੀ ਚਾਹੀਦੀ ਹੈ ਅਤੇ ਕਿਸੇ ਅਜਿਹੇ ਵਿਅਕਤੀ ਨੂੰ ਆਪਣਾ ਨਾਇਕ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿ ਜੋ ਆਪਣੀਆਂ ਸਮੱਸਿਆਵਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੱਸ ਕੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਲਈ ਤਤਪਰ ਰਹਿੰਦਾ ਹੋਵੇ। ਸਾਨੂੰ ਅਜਿਹੇ ਲੋਕਾਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ, ਜੋ ਆਪਣੇ ਵਕਤੀ ਤੌਰ ਉੱਪਰ ਨਿਗੂਣੇ ਜਿਹੇ ਫਾਇਦਿਆਂ ਦੀ ਖ਼ਾਤਰ ਭੀੜ ਦਾ ਹਿੱਸਾ ਬਣ ਕੇ ਅਜਿਹੇ ਲੋਕਾਂ ਨੂੰ ਆਪਣੇ ਰਹਿਨੁਮਾਵਾਂ ਦਾ ਦਰਜਾ ਦੇ ਦਿੰਦੇ ਹਨ, ਜੋ ਕਿ ਅਸਲ ਵਿੱਚ ਉਨ੍ਹਾਂ ਨੂੰ ਇਸਤੇਮਾਲ ਕਰਨ ਦਾ ਹੁਨਰ ਜਾਣਦੇ ਹੁੰਦੇ ਹਨ। ਸੱਚ ਜਾਣਿਓ! ਸਾਨੂੰ ਤਦ ਹੀ ਕੋਈ ਵਰਗਲਾ ਸਕਦਾ ਹੈ, ਜਦੋਂ ਅਸੀਂ ਸਮੇਂ ਤੋਂ ਪਹਿਲਾਂ ਅਤੇ ਆਪਣੀ ਔਕਾਤ ਤੋਂ ਵੱਧ ਕੁਝ ਚਾਹੁੰਦੇ ਹਾਂ, ਜਦੋਂ ਅਸੀਂ ਕਿਸੇ ਦੇ ਹੱਥਾਂ ਵਿੱਚ ਖੇਡਦੇ ਹੋਏ ਖੁਦ ਨੂੰ ਸੁਰੱਖਿਅਤ ਸਮਝਣ ਦਾ ਵਹਿਮ ਪਾਲਦੇ ਹਾਂ ਅਤੇ ਜਦੋਂ ਅਸੀਂ ਬੇਜ਼ਮੀਰੇ ਲੋਕਾਂ ਨੂੰ ਆਪਣੀ ਆਬਰੂ ਦੇ ਰਾਖੇ ਸਮਝਣ ਦੀ ਭੁੱਲ ਕਰਦੇ ਹਾਂ।

ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।

Leave a Reply

Your email address will not be published. Required fields are marked *