’47 ਤੋਂ ਪਹਿਲਾਂ ਦੇ ਪਿੰਡ

ਆਮ-ਖਾਸ

ਪਿੰਡ ਵਸਿਆ-22
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, 1947 ਤੋਂ ਪਹਿਲਾਂ ਦੇ ਪਿੰਡਾਂ ਦੀ ਤਸਵੀਰਕਸ਼ੀ…

ਵਿਜੈ ਬੰਬੇਲੀ
ਫੋਨ: +91-9463439075

1947 ਤੋਂ ਕਿਤੇ ਪਹਿਲਾਂ ਵਸੋਂ ਬਣਤਰ ਅਨੁਸਾਰ ਅਕਸਰ ਪਿੰਡ ਦੀ ਮੋੜ੍ਹੀ ਬੰਨਣ ਵਾਲੀ ਧਿਰ ਦੀ ਹੀ, ਸਬੰਧਿਤ ਖੈੜੇ ਵਿੱਚ ਬਹੁਤੀ ਵਸੇਬ ਹੁੰਦੀ ਸੀ, ਭਾਵੇਂ ਕਿ ਹੋਰਾਂ ਜਾਤਾਂ ਵੀ ਇੱਥੇ ਆ ਵਸਦੀਆਂ ਰਹੀਆਂ। ਕਾਰਨ; ਪੁਰਾਣੇ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ। ਉਸਨੂੰ ਹੋਰ ਕਿੱਤਾ ਜਾਤੀਆਂ, ਜਿਨ੍ਹਾਂ ਕੋਲ ਵਿਸ਼ੇਸ਼ ਧੰਦਿਆਂ, ਹੁਨਰਾਂ ਜਾਂ ਕੋਈ ਹੋਰ ਮੁਹਾਰਤ ਹੁੰਦੀ ਸੀ, ਦੀ ਲੋੜ ਪੈਂਦੀ ਸੀ। ਉਨ੍ਹਾਂ ਦੇ ਵਸੇਬ ਨਾਲ ਹੀ ਕਿਸੇ ਪਿੰਡ ਦੀ ਉਸਾਰੀ ਸੰਪੂਰਨ ਹੁੰਦੀ ਸੀ। ਮਿਸਾਲ ਵਜੋਂ ਡੁਮੇਲੀ (ਫਗਵਾੜਾ, ਕਪੂਰਥਲਾ) ਵੀ ਇਸ ਪੱਖੋਂ ਸੁਲੱਖਣਾ ਪਿੰਡ ਸੀ। ਕਰੀਬ ਤਾਅ-ਜਾਤਾਂ ਧਰਮ ਇੱਥੇ ਵੱਸਦੇ ਸਨ/ਹਨ। ਮੁਸਲਮਾਨਾਂ ਦਾ ਰੈਣ-ਵਸੇਰਾ ਮੁੱਢੋਂ-ਸੁਢੋਂ ਸੀ, ਪਰ ਸਨ ਇਹ ਨਿਰੋਲ ਕਾਮੇ। ਗੁੱਜਰ ਭੇਡਾਂ-ਬੱਕਰੀਆਂ ਪਾਲਦੇ। ਅਰਾਂਈ ਸਬਜ਼ੀਆਂ ਉਗਾਂਉਦੇ, ਅੱਧ-ਵਟਾਈ ‘ਤੇ ਖੇਤੀ ਕਰਦੇ। ਮਰਾਸੀ ਮਰਸੀਏ ਅਤੇ ਉਤਸਤ ਪੜ੍ਹਦੇ, ਬੰਸਾਂਵਲੀ ਦੱਸਦੇ। ਤੇਲੀ ਕੋਹਲੂ ਬੀੜਦੇ। ਲਲਾਰੀ ਕੱਪੜੇ ਰੰਗਦੇ, ਨਿਲਾਰੀ ਸੂਤ ਨੂੰ ਨੀਲ ਕਰਦੇ। ਕੁਝ ਮੁਸਲਿਮ ਲੁਹਾਰਾਂ ਕੰਮ ਕਰਦੇ, ਬਹੁਤੇ ਕੱਪੜਾ ਬੁਣਦੇ। ਮੁਸਲਮਾਨਾਂ ਦੇ ਆਪਣੇ ਖਰਾਸ ਵੀ ਸਨ। ਭਿੱਤ ਕੁੱਟਣ ਵਿੱਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ, ਜ਼ਿਆਦਾ ਰੈਣ-ਵਸੇਰੇ ਉਨ੍ਹਾਂ ਹੱਥੋਂ ਹੀ ਬਣੇ ਹੋਏ ਸਨ। ਇਹੀ ਨਹੀਂ, ਪਾਂਧਾ ਵਿਆਹ ਪੜ੍ਹਦਾ ਤੇ ਸ਼ਾਹੂਕਾਰ ਗਰਜ਼ ਸਾਰਦਾ। ਨੈਣ ਮੀਢੀਆਂ ਗੁੰਦਦੀ ਅਤੇ ਨਾਈ ਵਾਲ-ਸੰਵਾਰ ਦਿੰਦਾ, ਵਿਆਹ-ਪਰ੍ਹੇ ਦਾ ਸੁਨੇਹਾ ਵੀ ਉਹੀ ਲਾਉਂਦੇ ਅਤੇ ਭਾਂਡੇ-ਸਵਾਂਰੀ ਦਾ ਕੰਮ ਝਿਉਰ ਕਰਦਾ। ਤਰਖਾਣ ਲੱਕੜ ਅਤੇ ਹਲ-ਮੁੰਨੇ ਦੀ ਬਣਵਾਈ ਕਰਦਾ ਅਤੇ ਲੋਹ-ਕਾਰਜ਼ ਲੁਹਾਰਾਂ ਦਾ ਕਿਸਬ ਸੀ। ਪੇਂਜਾ ਰੂੰ ਦਾ ਕੰਮ ਕਰਦਾ ਤੇ ਛੀਬਾਂ ਛਾਪੇ ਤੇ ਕੋਰਿਆਂ ਦਾ।
ਭਲਿਆਂ ਵਕਤੀਂ ਸਭ ਪਿੰਡ ਬੁਨਿਆਦੀ ਸਰੂਪ ਵਿੱਚ ਇੱਕ-ਦੂਜੇ ਨਾਲ ਮੇਲ ਖਾਂਦੇ ਸਨ/ਹਨ। ਕੁਝ ਕੁ ਕੱਚੇ-ਪੱਕੇ ਘਰਾਂ ਦਾ ਸਮੂਹ। ਪਸ਼ੂਆਂ ਦੇ ਨਹਾਉਣ-ਪੀਣ ਲਈ ਇੱਕ ਛੱਪੜ, ਪਾਣੀ ਲਈ ਖੂਹ। ਹਰ ਪਿੰਡ ਦੀ ਸਾਂਝੀ ਸੱਥ, ਜਿੱਥੇ ਤਬਸਰੇ ਚੱਲਦੇ, ਰਾਗ-ਰਤਨ ਹੁੰਦੇ। ਪਿੱਪਲਾਂ-ਬੋਹੜਾਂ ‘ਤੇ ਤੀਆਂ, ਪਿੰਡ ਦੀ ਬਾਹਰਲੀ ਹੱਦ ਉੱਤੇ ਜਠੇਰਿਆਂ ਤੇ ਸਤੀਆਂ ਦੇ ਸਥਾਨ ਅਤੇ ਖੈੜੇ ਦੀਆਂ ਮਮਟੀਆਂ। ਹੱਟੀ, ਭੱਠੀ ਅਤੇ ਸੱਥ ਨੂੰ ਪਿੰਡ ਦਾ ਸੰਚਾਰ ਕੇਂਦਰ ਕਿਹਾ ਜਾ ਸਕਦਾ ਸੀ।
ਜਿੱਥੋਂ ਤੱਕ ਆਰਥਿਕ, ਸਮਾਜਿਕ ਅਤੇ ਅੰਸ਼ਕ ਹੱਦ ਤੀਕ ਸਿਆਸੀ ਮਾਮਲਿਆਂ ਦਾ ਸਬੰਧ ਸੀ, ਸਾਰੇ ਪੇਂਡੂ ਤਾਣੇ-ਪੇਟੇ ਵਾਂਗ ਇੱਕ ਦੂਜੇ ਵਿੱਚ ਰਚੇ ਤੇ ਰਮੇ ਹੋਏ ਸਨ। ਮੁੱਖ ਤੌਰ ‘ਤੇ ਪ੍ਰਮੁੱਖ ਧੰਦਾ ਵਾਹੀ-ਬੀਜੀ ਸੀ। ਪਿੰਡ ਦੀ ਸਾਰੀ ਵਸੋਂ ਕਿਰਸਾਨੀ ਦੇ ਧੁਰੇ ਨਾਲ ਬੀੜੀ ਹੋਈ ਕਰਕੇ ਖੇਤ ਅਤੇ ਫਸਲ ਹੀ ਤਾਅ-ਪਿੰਡ ਦੀ ਹੋਣੀ ਨਿਰਧਾਰਤ ਕਰਦੀ ਸੀ। ਭਾਵ, ਪਿੰਡ ਵਿੱਚ ਵਸਦੇ ਸ਼ਿਲਪੀ ਅਤੇ ਹੋਰ ਕਾਮੇ, ਪ੍ਰੋਹਿਤ ਸ਼੍ਰੇਣੀਆਂ ਤੇ ਸੇਪੀਦਾਰ, ਭਾਵਂੇ ਵੱਖੋ-ਵੱਖਰਾ ਕੰਮ-ਧੰਦਾ ਕਰਦੇ ਸਨ, ਪਰ ਸਭਨਾਂ ਦੀ ਹੋਣੀ ਕਿਰਸਾਨੀ ਨਾਲ ਬੱਝੀ ਹੋਣ ਕਾਰਨ ਸੁਚੇਤ ਰੂਪ ਵਿੱਚ ਸਭ ਪਿੰਡ ਦੀ ਸਾਹ-ਰਗ ‘ਖੇਤੀ’ ਵਿੱਚ ਦਿਲਚਸਪੀ ਲੈਂਦੇ ਸਨ।
ਕਿਉਂਕਿ ਪੁਰਾਣੇ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ, ਜਿਸ ਕਰਕੇ ਹਰ ਧਿਰ ਦੀ ਕਦਰ ਸੀ; ਇਹੀ ਪਿੰਡਾਂ ਦਾ ਸਿਫਤੀ ਪੱਖ ਸੀ। ਪਿੰਡ ਦੇ ਹਰ ਘਰ ਜਾਂ ਵਿਸ਼ੇਸ਼ ਕਿੱਤਾ ਸਮੂਹ ਨੂੰ ਹੋਰ ਕਿੱਤਾ ਸਮੂਹਾਂ (ਜਾਤੀਆਂ), ਜਿਨ੍ਹਾਂ ਕੋਲ ਧੰਦਾ ਵਿਸ਼ੇਸ਼/ਵਿਸ਼ੇਸ਼ ਕਿਰਤ ਜਾਂ ਪੇਸ਼ਿਆਂ ਦੀ ਮੁਹਾਰਤ ਤੇ ਇਜਾਰੇਦਾਰੀ ਹੁੰਦੀ ਸੀ, ਦੀਆਂ ਸੇਵਾਵਾਂ ਦੀ ਲੋੜ ਪੈਂਦੀ ਸੀ। ਨਵਾਂ ਪਿੰਡ ਬੰਨ੍ਹਣ ਸਮੇਂ ਤਾਂ ਅਜਿਹਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਸੀ ਜਾਂ ਹੋਰ ਪਾਸਿਓਂ ਵੀ, ਹੋਰ ਜਾਤਾਂ (ਧਰਮੀ) ਵੀ ਆਪਣੀਆਂ ਰੋਜ਼ੀ-ਰੋਟੀ ਦੀਆਂ ਲੋੜਾਂ ਨਮਿਤ ਉਥੇ ਵਸੇਬ ਕਰ ਲੈਂਦੀਆਂ। ਇੰਵ ਹੀ ਪ੍ਰੋਹਿਤ ਅਤੇ ਸ਼ਾਹੂਕਾਰ ਸ਼੍ਰੇਣੀਆਂ ਵੀ ਆਈਆਂ, ਭਾਵੇਂ ਕਈ ਕਾਰਨੀ ਉਹ ਪਹਿਲ-ਪਲੱਕੜਿਆਂ, ਖਾਸ ਕਰਕੇ ਪੰਜਾਬ-ਸੰਤਾਪ (90ਵਿਆਂ ‘ਚ) ਦੇ ਦਿਨਾਂ ਵਿੱਚ ਸ਼ਹਿਰਾਂ-ਕਸਬਿਆਂ (ਮੰਡੀਆਂ) ਨੂੰ ਪ੍ਰਸਥਾਨ ਕਰ ਗਈਆਂ। ਮਹਾਜਨ ਜਾਤਾਂ ਹੀ ਨਹੀਂ ਸਗੋਂ ਕਈ ਖਾਂਦੇ-ਪੀਂਦੇ ਵਾਹੀਕਾਰ ਵੀ ਉਦੋਂ ਸ਼ਹਿਰੀ ਆ ਵੜੇ, ਜਿਸ ਨਾਲ ਪਿੰਡਾਂ ਦਾ ਤਵਾਜਨ ਵਿਗੜ ਗਿਆ। ਹਾਂ, ਕਾਮਾ ਅਤੇ ਸ਼ਿਲਪੀ ਸ਼੍ਰੇਣੀਆਂ, ਜੋ ਬਹੁਤਾ ਕਰਕੇ ਵਾਹੀਕਾਰਾਂ ਨਾਲ ਸਬੰਧਿਤ ਸਨ, ਅਤਿ ਮਾੜੇ ਦਿਨਾਂ ਵਿੱਚ ਵੀ ਪਿੰਡਾਂ ‘ਚ ਟਿਕੇ ਰਹੇ।
ਕਰੀਬ 70ਵੇਂ ਤੱਕ ਪੇਂਡੂ ਅਰਥਚਾਰੇ ਦੇ ਸਾਰੇ ਸਾਧਨ, ਤਾਅ ਜਾਤਾਂ-ਧਰਮ ਅਤੇ ਪਿਤਾ-ਪੁਰਖੀ ਕਿੱਤੇ, ਅੰਤਰ-ਸਬੰਧਿਤ ਤੇ ਇੱਕ-ਦੂਜੇ ਉੱਤੇ ਨਿਰਭਰ ਸਨ। ਭਾਰਤ, ਖਾਸ ਕਰਕੇ ਪੰਜਾਬ ਵੀ, ਜਿਹੜਾ ਪਿੰਡਾਂ ਦਾ ਦੇਸ਼ ਹੈ, ਦੀ ਇਹੋ ਖੂਬਸੂਰਤੀ ਸੀ। ਪਿੰਡ ਆਤਮ-ਨਿਰਭਰ ਸਨ, ਜਿਹੜੇ ਇੱਕ-ਦੂਜੇ ਦੇ ਸਿੱਧੇ-ਅਸਿੱਧੇ ਰੁਜ਼ਗਾਰ ਦੇ ਵੀ ਵਾਹਕ ਸਨ। ਅਰਥਾਤ ਪਿੰਡ ਸਵੈ-ਕੇਂਦਰਤ ਅਤੇ ਵਾ-ਰੁਜ਼ਗਾਰ ਸਨ। ਸਾਰੀਆਂ ਸਮਾਜਿਕ, ਆਰਥਿਕ ਤੇ ਨਿੱਜੀ ਸੇਵਾਵਾਂ ਅਤੇ ਜੀਵਨ ਨਿਰਵਾਹ ਲਈ ਲੋੜੀਂਦੀਆਂ ਸਾਰੀਆਂ ਵਸਤਾਂ ਤੇ ਸੇਵਾਵਾਂ ਪਿੰਡ ‘ਚੋਂ ਜਾਂ ਨਾਲ ਲੱਗਵੇਂ ਵੱਡੇ ਪਿੰਡ ਤੋਂ ਮਿਲ ਜਾਂਦੀਆਂ ਸਨ।
ਪਰ ਹੁਣ ਕਰੀਬ 80ਵੇਂ ਤੋਂ ਬਾਅਦ, ਸਾਰਾ ਕੁਝ ਬਦਲ/ਉਲਟ-ਪੁਲਟ ਗਿਆ ਹੈ। ਹੱਥ-ਕਿਰਤ (ਸੇਪੀ/ਉਪਜ ਜਾਂ ਕਿਰਤ ਵਟਾਦਰਾਂ) ਦੀ ਥਾਂ ਨਗਦ ਉਜਰਤ ਨੇ ਲੈ ਲਈ ਹੈ। ਸਭ ਜਾਤਾਂ ਆਪੋ ਵਿੱਚ ਰਚ-ਮਿਚ ਇੱਕ-ਦੂਜੇ ਦੇ ਵਿਹੜੀਂ-ਖੇਤੀਂ ਵੱਸਣ ਲੱਗ ਪਈਆਂ ਹਨ। ਅਰਥਾਤ ਕਿਰਤ-ਵਿਰਤ ਦੇ ਪੈਟਰਨ ਵਿੱਚ ਵੀ ਨਵੀਆਂ ਤਬਦੀਲੀਆਂ ਵੇਖਣ ਵਿੱਚ ਆਈਆਂ ਹਨ। ਪੁਰਾਣੀ ਜਾਤੀ ਵੰਡ ਤੇ ਪਿਤਾ-ਪੁਰਖੀ ਕਿੱਤੇ ਅਪਨਾਉਣ ਦੀ ਪ੍ਰਥਾ ਤਕਰੀਬਨ ਖਤਮ ਹੋ ਰਹੀ ਹੈ। ਅਖੌਤੀ ‘ਮਾੜੀ-ਧੀੜੀਆਂ ਜਾਤਾਂ’ ਨੇ ਪੁਰਾਣੇ ਜੁੱਲੇ ਲਾਹ, ਮਨਮਰਜ਼ੀ ਦੇ ਕਿੱਤੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਉਨ੍ਹਾਂ ਵਿੱਚ ਨਵੀਂ ਅਤੇ ਉਸਾਰੂ ਚੇਤਨਾ ਉਭਰੀ ਹੈ। ਉਨ੍ਹਾਂ ਆਪਣੀ ਸਮਾਜਿਕ ਅਤੇ ਆਰਥਿਕ ਦਸ਼ਾ ਸੁਧਾਰਨ ਲਈ ਅਚੇਤ-ਸੁਚੇਤ ਹੱਡ-ਭੰਨਵੀਂ ਘਾਲਣਾ ਘਾਲੀ।

Leave a Reply

Your email address will not be published. Required fields are marked *