ਖਿਡਾਰੀ ਪੰਜ-ਆਬ ਦੇ (37)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਹਾਕੀ ਦੇ ਮੰਨੇ-ਪ੍ਰਮੰਨੇ ਖਿਡਾਰੀ ਰਹੇ ਸੁਰਜੀਤ ਸਿੰਘ ਦੇ ਖੇਡ ਕਰੀਅਰ ਦੀਆਂ ਬਾਤਾਂ ਪਾਈਆਂ ਗਈਆਂ ਹਨ।
ਉਸਤਾਦ ਗੁਰਦੀਪ ਸਿੰਘ ਦਾ ਚੰਡਿਆ ਸੁਰਜੀਤ ਸਿੰਘ ਆਪਣੇ ਸਮੇਂ ਵਿੱਚ ਵਿਸ਼ਵ ਦੇ ਸਿਖਰਲੇ ਫੁੱਲ ਬੈਕ ਖਿਡਾਰੀਆਂ ਵਿੱਚੋਂ ਇੱਕ ਸੀ, ਤੇ ਆਪਣੀ ਕਰਾਰੀ ਹਿੱਟ ਸਦਕਾ ਪੈਨਲਟੀ ਕਾਰਨਰ ਮਾਹਿਰ ਵੀ ਰਿਹਾ। ਸੁਰਜੀਤ ਸਿੰਘ ਦੀ ਗੁੱਡੀ ਉਦੋਂ ਸਿਖਰਾਂ ਉਤੇ ਚੜ੍ਹ ਗਈ, ਜਦੋਂ ਉਸ ਨੇ 1973 ਵਿੱਚ ਐਮਸਟਰਡਮ ਵਿਖੇ ਖੇਡੇ ਜਾ ਰਹੇ ਦੂਜੇ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਮੇਜ਼ਬਾਨ ਹਾਲੈਂਡ ਖਿਲਾਫ ਸ਼ੁਰੂਆਤੀ ਪਲਾਂ ਵਿੱਚ ਹੀ ਪੈਨਲਟੀ ਕਾਰਨਰ ਉਪਰ ਦੋ ਗੋਲ ਕਰ ਦਿੱਤੇ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਹਾਕੀ ਓਲੰਪੀਅਨ ਸੁਰਜੀਤ ਸਿੰਘ ਨੂੰ ਸਾਥੋਂ ਵਿਛੜਿਆਂ 41 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਸ ਦਾ ਜ਼ਿਕਰ ਕਰਦਿਆਂ ਅੱਖੇ ਅੱਗੇ ਅਜਿਹਾ ਵੱਡਾ ਖਿਡਾਰੀ ਆ ਜਾਂਦਾ ਹੈ, ਜਿਸ ਦੀ ਖੇਡ ਦੇ ਚਰਚੇ ਪੂਰੀ ਦੁਨੀਆਂ ਵਿੱਚ ਸਨ। ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦੇ ਮੈਂਬਰ ਇਸ ਖਿਡਾਰੀ ਕੋਲ ਭਾਵੇਂ ਓਲੰਪਿਕ ਖੇਡਾਂ ਦਾ ਕੋਈ ਤਮਗ਼ਾ ਨਹੀਂ ਹੈ, ਪਰ ਉਸ ਦੇ ਕੱਦ-ਬੁੱਤ ਅੱਗੇ ਓਲੰਪਿਕਸ ਜਿਹੀਆਂ ਪ੍ਰਾਪਤੀਆਂ ਵੀ ਬੌਣੀਆਂ ਪੈ ਜਾਂਦੀਆਂ ਹਨ। ਸੁਰਜੀਤ ਸਿੰਘ ਦੰਦ ਕਥਾਵਾਂ ਦਾ ਵੀ ਪਾਤਰ ਬਣਿਆ। ਸੁਰਜੀਤ ਸਿੰਘ ਨੂੰ ਪ੍ਰਿਥੀਪਾਲ ਸਿੰਘ ਤੋਂ ਬਾਅਦ ਭਾਰਤੀ ਹਾਕੀ ਦੇ ਸਭ ਤੋਂ ਵੱਡੇ ਫੁੱਲ ਬੈਕ ਖਿਡਾਰੀ ਦਾ ਦਰਜਾ ਮਿਲਿਆ, ਜੋ ਵਿਰੋਧੀ ਸਟਰਾਈਕਰਾਂ ਲਈ ਖੌਫਨਾਕ ਹੁੰਦਾ ਸੀ। ਪ੍ਰਿਥੀਪਾਲ ਸਿੰਘ ਵਾਂਗ ਹੀ ਉਹ ਆਪਣੀ ਕਰਾਰੀ ਹਿੱਟ ਸਦਕਾ ਪੈਨਲਟੀ ਕਾਰਨਰ ਮਾਹਿਰ ਵੀ ਰਿਹਾ। ਉਹ ਜਿੱਡਾ ਵੱਡਾ ਖਿਡਾਰੀ ਸੀ, ਉਨਾ ਹੀ ਅਣਖੀਲਾ ਤੇ ਖਿਡਾਰੀਆਂ ਦੇ ਹੱਕਾਂ ਦਾ ਰਾਖਾ। ਸੁਰਜੀਤ ਸਿੰਘ ਜਿੰਨਾ ਸਮਾਂ ਭਾਰਤ ਲਈ ਹਾਕੀ ਖੇਡਿਆ, ਉਹ ਪੂਰੀ ਅਣਖ ਅਤੇ ਸਵੈ–ਮਾਣ ਨਾਲ ਖੇਡਿਆ। ਸੁਰਜੀਤ ਆਪਣੇ ਵੇਲੇ ਭਾਰਤੀ ਹਾਕੀ ਟੀਮ ਦਾ ਸਭ ਤੋਂ ਤਕੜਾ ਫੁੱਲ ਬੈਕ ਖਿਡਾਰੀ ਸੀ। ਜੂੜੇ ’ਤੇ ਰੁਮਾਲ ਬੰਨ੍ਹਣ ਦੇ ਅੰਦਾਜ਼ ਤੋਂ ਲੈ ਕੇ ਹਾਕੀ ਮੈਦਾਨ ਵਿੱਚ ਵਿਚਰਨ ਤੱਕ ਸੁਰਜੀਤ ਸਿੰਘ ਦੀ ਹਰ ਅਦਾ ਦੇ ਖੇਡ ਪ੍ਰੇਮੀ ਦੀਵਾਨੇ ਸਨ।
ਸੁਰਜੀਤ ਸਿੰਘ ਵਿਸ਼ਵ ਹਾਕੀ ਦਾ ਇਕਲੌਤਾ ਖਿਡਾਰੀ ਹੈ, ਜਿਸ ਦੇ ਨਾਂ ਉਪਰ ਸਟੇਡੀਅਮ, ਟੂਰਨਾਮੈਂਟ, ਐਸੋਸੀਏਸ਼ਨ, ਸੁਸਾਇਟੀ, ਪਿੰਡ ਦਾ ਨਾਮ, ਅਕੈਡਮੀ, ਐਵਾਰਡ ਦਾ ਨਾਮ ਅਤੇ ਬੁੱਤ ਲੱਗੇ ਹਨ। ਜਲੰਧਰ ਵਿਖੇ ਬਰਲਟਨ ਪਾਰਕ ਵਿੱਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਸਟੇਡੀਅਮ ਦਾ ਨਾਮ ਓਲੰਪੀਅਨ ਸੁਰਜੀਤ ਸਿੰਘ ਸਟੇਡੀਅਮ ਹੈ। ਉਸ ਦੀ ਯਾਦ ਵਿੱਚ ਬਣੀ ਸੁਰਜੀਤ ਹਾਕੀ ਸੁਸਾਇਟੀ ਵੱਲੋਂ 40 ਵਰਿ੍ਹਆਂ ਤੋਂ ਦੇਸ਼ ਦਾ ਨੰਬਰ ਇੱਕ ਟੂਰਨਾਮੈਂਟ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇੱਥੇ ਹੀ ਸੁਰਜੀਤ ਹਾਕੀ ਅਕੈਡਮੀ ਹੈ, ਜਿਸ ਨੇ ਭਾਰਤੀ ਹਾਕੀ ਨੂੰ ਵੱਡੇ ਖਿਡਾਰੀ ਦਿੱਤੇ ਹਨ। ਬਟਾਲਾ ਨੇੜੇ ਖੰਡ ਮਿੱਲ ਦੇ ਕੋਲ ਉਸ ਦੇ ਪਿੰਡ ਦਾਖਲਾ ਦਾ ਨਾਮ ਹੁਣ ਸੁਰਜੀਤ ਸਿੰਘ ਵਾਲਾ ਹੈ। ਸੁਰਜੀਤ ਦੇ ਜੱਦੀ ਪਿੰਡ ਦੇ ਗੁਆਂਢ ਵਿੱਚ ਕੋਟਲਾ ਸ਼ਾਹੀਆ ਵਿਖੇ ਉਸ ਦੀ ਯਾਦ ਵਿੱਚ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਉਸਾਰਿਆ ਗਿਆ ਹੈ, ਜਿੱਥੇ ਪਿਛਲੇ ਤਿੰਨ ਦਹਾਕਿਆਂ ਤੋਂ ਉਸ ਦੀ ਯਾਦ ਵਿੱਚ ਖੇਡ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਨ। ਬਟਾਲਾ ਵਿਖੇ 2007 ਵਿੱਚ ਪਹਿਲੀ ਵਾਰ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਸੁਰਜੀਤ ਸਿੰਘ ਦਾ ਵੱਡਾ ਬੁੱਤ ਲਗਾਇਆ ਗਿਆ। 2024 ਵਿੱਚ ਇਸੇ ਬੁੱਤ ਦੀ ਥਾਂ ਨਵਾਂ ਬੁੱਤ ਲਗਾਇਆ ਗਿਆ। ਜਰਖੜ ਪਿੰਡ ਵਿਖੇ ਖੇਡ ਕੰਪਲੈਕਸ ਵਿੱਚ ਵੀ ਉਸ ਦਾ ਬੁੱਤ ਲਗਾਇਆ ਜਾਂਦਾ ਹੈ। ਕਮਲਜੀਤ ਖੇਡਾਂ ਅਤੇ ਜਰਖੜ ਖੇਡਾਂ ਦੋਵੇਂ ਮੁਕਾਬਲਿਆਂ ਵਿੱਚ ਹਰ ਸਾਲ ਵੱਡੇ ਹਾਕੀ ਖਿਡਾਰੀ ਨੂੰ ਸੁਰਜੀਤ ਯਾਦਗਾਰੀ ਐਵਾਰਡ ਦਿੱਤਾ ਜਾਂਦਾ ਹੈ।
ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦਾਖਲਾ ਵਿਖੇ ਮੱਘਰ ਸਿੰਘ ਰੰਧਾਵਾ ਦੇ ਘਰ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ। ਉਹ ਘਰਦਿਆਂ ਦਾ ਵੱਡਾ ਪੁੱਤਰ ਸੀ। ਸੁਰਜੀਤ ਸਿੰਘ ਨੇ ਬਟਾਲਿਓਂ ਮੁੱਢਲੀ ਸਿੱਖਿਆ ਹਾਸਲ ਕਰਕੇ ਸੁਰਜੀਤ ਸਪੋਰਟਸ ਸਕੂਲ ਜਲੰਧਰ ਦਾਖਲਾ ਲੈ ਲਿਆ ਤੇ ਫੇਰ ਇੱਥੇ ਹੀ ਅਗਲੇਰੀ ਪੜ੍ਹਾਈ ਲਈ ਸਪੋਰਟਸ ਕਾਲਜ ਦਾਖਲ ਹੋ ਗਿਆ। ਸੁਰਜੀਤ ਸਿੰਘ ਦੀ ਜ਼ਿੰਦਗੀ ਹੀ ਬਦਲ ਗਈ ਅਤੇ ਉਹ ਹਾਕੀ ਨੂੰ ਸਮਰਪਿਤ ਹੋ ਗਿਆ। ਉਹ ਸ਼ੁਰੂਆਤੀ ਦਿਨਾਂ ਵਿੱਚ ਸੈਂਟਰ ਹਾਫ ਖੇਡਦਾ ਸੀ। ਉਸ ਵੇਲੇ ਅਜੀਤ ਪਾਲ ਸਿੰਘ ਦੇ ਰੂਪ ਵਿੱਚ ਭਾਰਤ ਕੋਲ ਵਿਸ਼ਵ ਦਾ ਪ੍ਰਸਿੱਧ ਸੈਂਟਰ ਹਾਫ ਸੀ। ਸੁਰਜੀਤ ਸਿੰਘ ਫੁੱਲ ਬੈਕ ਦੀ ਪੁਜੀਸ਼ਨ ਉਤੇ ਖੇਡਣ ਲੱਗ ਗਿਆ। ਉਸਤਾਦ ਗੁਰਦੀਪ ਸਿੰਘ ਦਾ ਚੰਡਿਆ ਸੁਰਜੀਤ ਸਿੰਘ ਆਪਣੇ ਸਮੇਂ ਵਿੱਚ ਵਿਸ਼ਵ ਦੇ ਸਿਖਰਲੇ ਫੁੱਲ ਬੈਕ ਖਿਡਾਰੀਆਂ ਵਿੱਚੋਂ ਇੱਕ ਸੀ।
ਸੈਂਟਰਲ ਰੇਲਵੇ ਮੁੰਬਈ ਵੱਲੋਂ ਖੇਡਦਾ ਸੁਰਜੀਤ ਸਿੰਘ 22 ਵਰਿ੍ਹਆਂ ਦੀ ਉਮਰੇ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। ਸੁਰਜੀਤ ਸਿੰਘ ਦੀ ਗੁੱਡੀ ਉਦੋਂ ਸਿਖਰਾਂ ਉਤੇ ਚੜ੍ਹ ਗਈ, ਜਦੋਂ ਉਸ ਨੇ 1973 ਵਿੱਚ ਐਮਸਟਰਡਮ ਵਿਖੇ ਖੇਡੇ ਜਾ ਰਹੇ ਦੂਜੇ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਮੇਜ਼ਬਾਨ ਹਾਲੈਂਡ ਖਿਲਾਫ ਸ਼ੁਰੂਆਤੀ ਪਲਾਂ ਵਿੱਚ ਹੀ ਪੈਨਲਟੀ ਕਾਰਨਰ ਉਪਰ ਦੋ ਗੋਲ ਕਰ ਦਿੱਤੇ। ਹਾਲਾਂਕਿ ਭਾਰਤ ਉਹ ਮੈਚ 2-3 ਨਾਲ ਹਾਰਨ ਕਰਕੇ ਉਪ ਜੇਤੂ ਹੀ ਬਣਿਆ, ਪਰ ਕੁੱਲ ਦੁਨੀਆਂ ਵਿੱਚ ਸੁਰਜੀਤ ਸਿੰਘ ਦੀ ਖੇਡ ਦੇ ਚਰਚੇ ਹੋਣ ਲੱਗ ਗਏ। ਇਸ ਵਿਸ਼ਵ ਕੱਪ ਵਿੱਚ ਸੁਰਜੀਤ ਸਿੰਘ ਨੇ ਕੁੱਲ ਸੱਤ ਗੋਲ ਕੀਤੇ। 1974 ਵਿੱਚ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਸੁਰਜੀਤ ਸਿੰਘ ਨੇ ਭਾਰਤ ਵੱਲੋਂ ਖੇਡਦਿਆਂ ਚਾਂਦੀ ਦਾ ਤਮਗ਼ਾ ਜਿੱਤਿਆ। ਤਹਿਰਾਨ ਵਿਖੇ ਸੁਰਜੀਤ ਸਿੰਘ ਟਾਪ ਸਕੋਰਰ ਵੀ ਬਣਿਆ। ਸ੍ਰੀਲੰਕਾ ਵਿਰੁੱਧ ਹੈਟ੍ਰਿਕ ਨਾਲ ਉਹ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਛਾ ਗਿਆ। ਪੈਨਲਟੀ ਕਾਰਨਰ ਮਾਹਰਤ ਕਰਕੇ ਉਹ ਫੁੱਲਬੈਕ ਹੋਣ ਦੇ ਬਾਵਜੂਦ ਕਈ ਮੁਕਾਬਲਿਆਂ ਵਿੱਚ ਆਪਣੇ ਗੋਲਾਂ ਦੇ ਅੰਕੜੇ ਕਾਰਨ ਸੁਰਖੀਆਂ ਬਟੋਰਦਾ। ਨਿਊਜ਼ੀਲੈਂਡ ਦੇ ਇੱਕ ਦੌਰੇ ਦੌਰਾਨ ਉਸ ਨੇ 17 ਗੋਲ ਕੀਤੇ। ਤਹਿਰਾਨ ਏਸ਼ੀਆਡ ਤੋਂ ਬਾਅਦ ਸੁਰਜੀਤ ਸਿੰਘ ਦੀ ਚੋਣ ਆਲ ਏਸ਼ੀਅਨ ਟੀਮ ਵਿੱਚ ਹੋ ਗਈ ਅਤੇ ਉਹ ਏਸ਼ੀਅਨ ਇਲੈਵਨ ਵੱਲੋਂ ਯੂਰਪ ਵਿਰੁੱਧ ਮੈਚ ਖੇਡਿਆ, ਜੋ ਬਰਾਬਰ ਰਿਹਾ। ਏਸ਼ੀਅਨ ਆਲ ਸਟਾਰ ਟੀਮ ਵੱਲੋਂ ਉਸ ਨੇ ਪਾਕਿਸਤਾਨ ਅਤੇ ਭਾਰਤ ਵਿੱਚ ਵੀ ਮੈਚ ਖੇਡੇ। ਉਨ੍ਹਾਂ ਸਮਿਆਂ ਵਿੱਚ ਏਸ਼ੀਅਨ ਆਲ ਸਟਾਰ ਟੀਮ ਦੇ ਮੈਚਾਂ ਦੀ ਖਿੱਚ ਓਲੰਪਿਕਸ ਜਾਂ ਵਿਸ਼ਵ ਕੱਪ ਮੁਕਾਬਲੇ ਜਿੰਨੀ ਹੁੰਦੀ ਸੀ।
1975 ਵਿੱਚ ਕੁਆਲਾ ਲੰਪੁਰ ਵਿਖੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਹਾਕੀ ਟੀਮ ਦਾ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੱਗਿਆ ਸੀ। ਕੋਚ ਜੀ.ਐਸ. ਬੋਧੀ ਅਤੇ ਮੈਨੇਜਰ ਬਲਬੀਰ ਸਿੰਘ ਸੀਨੀਅਰ ਦੀ ਸ਼ਿੰਗਾਰੀ ਭਾਰਤੀ ਟੀਮ ਦੀ ਕਪਤਾਨੀ ਅਜੀਤ ਪਾਲ ਸਿੰਘ ਕੋਲ ਸੀ ਅਤੇ ਇਸ ਟੀਮ ਵਿੱਚ ਪੰਜਾਬ ਤੋਂ ਹਰਚਰਨ ਸਿੰਘ, ਸੁਰਜੀਤ ਸਿੰਘ, ਵਰਿੰਦਰ ਸਿੰਘ ਤੇ ਮਹਿੰਦਰ ਸਿੰਘ ਮੁਣਸ਼ੀ ਵੀ ਸ਼ਾਮਲ ਸਨ। ਵਿਸ਼ਵ ਕੱਪ ਵਿੱਚ ਸੁਰਜੀਤ ਸਿੰਘ ਵਿਰੋਧੀ ਟੀਮਾਂ ਲਈ ਚੀਨ ਦੀ ਦੀਵਾਰ ਸਾਬਤ ਹੋਇਆ ਅਤੇ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਹਾਕੀ ਵਿੱਚ ਭਾਰਤ ਵੱਲੋਂ ਜਿੱਤਿਆ ਇਹ ਇਕਲੌਤਾ ਵਿਸ਼ਵ ਕੱਪ ਖਿਤਾਬ ਹੈ। ਉਸ ਸਮੇਂ ਹਾਕੀ ਵਿੱਚ ਪੈਨਲਟੀ ਕਾਰਨਰ ਮੌਕੇ ਬਾਲ ਹੱਥ ਨਾਲ ਰੋਕੀ ਜਾਂਦੀ ਸੀ। ਕਪਤਾਨ ਅਜੀਤ ਪਾਲ ਸਿੰਘ ਬਾਲ ਰੋਕਦਾ ਸੀ ਅਤੇ ਸੁਰਜੀਤ ਸਿੰਘ ਹਿੱਟ ਲਗਾਉਂਦਾ ਸੀ। ਫ਼ਾਈਨਲ ਵਿੱਚ ਪਾਕਿਸਤਾਨ ਖਿਲਾਫ ਪਹਿਲਾ ਗੋਲ ਸੁਰਜੀਤ ਸਿੰਘ ਨੇ ਹੀ ਕੀਤਾ ਸੀ। ਸੁਰਜੀਤ ਸਿੰਘ ਨੇ 1976 ਵਿੱਚ ਮਾਂਟਰੀਅਲ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਉਹ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਖੇਡਿਆ। ਪਹਿਲੀ ਵਾਰ ਐਸਟੋਟਰਫ ਉਪਰ ਖੇਡੇ ਗਏ ਹਾਕੀ ਮੁਕਾਬਲਿਆਂ ਵਿੱਚ ਭਾਰਤੀ ਟੀਮ ਲੀਗ ਦੌਰ ਵਿੱਚੋਂ ਹੀ ਬਾਹਰ ਹੋ ਗਈ। 1928 ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਵਿੱਚੋਂ ਖਾਲੀ ਹੱਥ ਵਤਨ ਪਰਤੀ।
1978 ਵਿੱਚ ਬੈਂਕਾਕ ਵਿਖੇ ਹੋਈਆਂ ਏਸ਼ਿਆਈ ਖੇਡਾਂ ਦਾ ਫ਼ਾਈਨਲ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਉਦੋਂ ਪਾਕਿਸਤਾਨ ਹਾਕੀ ਟੀਮ ਪੂਰੇ ਜਲੌਅ ਵਿੱਚ ਸੀ। ਇੱਕ ਪਾਸੇ ਪੂਰੀ ਪਾਕਿਸਤਾਨੀ ਟੀਮ ਸੀ ਅਤੇ ਦੂਜੇ ਪਾਸੇ ਸੁਰਜੀਤ ਸਿੰਘ ਪੂਰੀ ਟੀਮ ਨੂੰ ਡੱਕੀ ਖੜ੍ਹਾ ਸੀ। ਪਾਕਿਸਤਾਨ ਇੱਕ ਗੋਲ ਨਾਲ ਮੈਚ ਜਿੱਤ ਗਿਆ। 1978 ਵਿੱਚ ਬਿਊਨਸ ਆਇਰਸ ਵਿਖੇ ਹੋਏ ਵਿਸ਼ਵ ਕੱਪ ਮੌਕੇ ਸੁਰਜੀਤ ਸਿੰਘ ਨੇ ਖਿਡਾਰੀਆਂ ਦੇ ਹੱਕਾਂ ਦੀ ਲੜਾਈ ਲੜਦਿਆਂ ਆਪਣੇ ਸਾਥੀ ਖਿਡਾਰੀਆਂ ਬਲਦੇਵ ਸਿੰਘ ਤੇ ਵਰਿੰਦਰ ਸਿੰਘ ਨਾਲ ਕੈਂਪ ਵਿਚਾਲੇ ਛੱਡ ਦਿੱਤਾ।
ਆਸਟਰੇਲੀਆ ਦੇ ਸ਼ਹਿਰ ਪਰਥ ਵਿਖੇ ਖੇਡੇ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਸੁਰਜੀਤ ਸਿੰਘ ਨੂੰ ਭਾਰਤ ਦਾ ਕਪਤਾਨ ਬਣਾਇਆ। ਉਸ ਦੀ ਕਪਤਾਨੀ ਵਿੱਚ ਭਾਰਤੀ ਹਾਕੀ ਟੀਮ ਨੇ ਰੂਸ ਵਿਰੁੱਧ ਤਿੰਨ ਨੁਮਾਇਸ਼ੀ ਮੈਚ ਖੇਡੇ, ਜਿਨ੍ਹਾਂ ਵਿੱਚੋਂ ਦੋ ਭਾਰਤ ਨੇ ਜਿੱਤੇ। ਉਸ ਦੀ ਅਗਵਾਈ ਹੇਠ ਹੀ ਭਾਰਤੀ ਹਾਕੀ ਟੀਮ ਮਾਸਕੋ ਵਿਖੇ ਪ੍ਰੀ ਓਲੰਪਿਕਸ ਟੂਰਨਾਮੈਂਟ ਵਿੱਚ ਖੇਡਣ ਗਈ, ਜਿੱਥੇ ਭਾਰਤ ਨੂੰ ਦੂਜਾ ਸਥਾਨ ਮਿਲਿਆ। 1980 ਵਿੱਚ ਪਾਕਿਸਤਾਨ ਵਿਖੇ ਖੇਡੀ ਗਈ ਚੈਪੀਅਨਜ਼ ਟਰਾਫੀ ਵਿੱਚ ਵੀ ਉਹ ਟੀਮ ਦਾ ਕਪਤਾਨ ਸੀ। ਮਾਸਕੋ ਓਲੰਪਿਕਸ ਲਈ ਉਹ ਟੀਮ ਵਿੱਚ ਸ਼ਾਮਲ ਵੀ ਨਾ ਕੀਤਾ ਗਿਆ। 1982 ਵਿਸ਼ਵ ਕੱਪ ਵਿੱਚ ਸੁਰਜੀਤ ਸਿੰਘ ਟੀਮ ਕਪਤਾਨ ਸੀ, ਪ੍ਰੰਤੂ 1982 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਮੌਕੇ ਫੇਰ ਉਸ ਨੂੰ ਚੁਣਿਆ ਨਾ ਗਿਆ। ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ 1-7 ਦੀ ਲੱਕ ਤੋੜਵੀਂ ਹਾਰ ਤੋਂ ਬਾਅਦ ਹਾਕੀ ਪ੍ਰੇਮੀਆਂ ਨੂੰ ਸੁਰਜੀਤ ਸਿੰਘ ਹੀ ਯਾਦ ਆਇਆ। ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਵੀ ਵਾਰ–ਵਾਰ ਸੁਰਜੀਤ ਸਿੰਘ ਨੂੰ ਚੇਤੇ ਕਰ ਰਿਹਾ ਸੀ।
ਸੁਰਜੀਤ ਸਿੰਘ ਭਾਰਤ-ਪਾਕਿਸਤਾਨ ਦੇ ਨਵੇਂ-ਪੁਰਾਣੇ ਖਿਡਾਰੀਆਂ ਵਿਚਾਲਾ ਦੋਸਤਾਨਾ ਬੈਨੀਫਿਟ ਮੈਚ ਕਰਵਾਉਣ ਲਈ ਆਪਣੇ ਦੋ ਦੋਸਤਾਂ ਅਥਲੈਟਿਕਸ ਕੋਚ ਰਾਮ ਪ੍ਰਤਾਪ ਅਤੇ ਬਾਸਕਟਬਾਲ ਕੋਚ ਓਮ ਪ੍ਰਕਾਸ਼ ਪਾਂਥੇ ਨਾਲ ਜਨਵਰੀ 1984 ਦੇ ਪਹਿਲੇ ਹਫਤੇ ਪਾਕਿਸਤਾਨ ਗਿਆ ਸੀ, ਜਿੱਥੇ ਉਹ ਪਾਕਿਸਤਾਨ ਦੇ ਵੱਡੇ ਖਿਡਾਰੀਆਂ ਨੂੰ ਮਿਲਿਆ। ਉਹ ਆਪਣੇ ਸਮਕਾਲੀ ਪਾਕਿਸਤਾਨੀ ਕਪਤਾਨ ਅਖ਼ਤਰ ਰਸੂਲ ਦੀ ਬੇਗ਼ਮ ਲਈ ਝਾਂਜਰਾਂ ਅਤੇ ਪਰਿਵਾਰਕ ਮੈਂਬਰਾਂ ਲਈ ਹੋਰ ਤੋਹਫੇ ਲੈ ਕੇ ਗਿਆ। ਪਾਕਿਸਤਾਨ ਦੇ ਖਿਡਾਰੀਆਂ ਨੇ ਅਖਤਰ ਰਸੂਲ ਦੀ ਅਗਵਾਈ ਵਿੱਚ ਖੇਡਣ ਆਉਣਾ ਸੀ। ਪਾਕਿਸਤਾਨ ਤੋਂ ਵਾਹਗਾ ਰਾਸਤਿਓਂ ਪਰਤਦਿਆਂ ਸੁਰਜੀਤ ਸਿੰਘ ਤੇ ਉਸ ਦੇ ਸਾਥੀਆਂ ਦੀ ਕਾਰ ਦਾ 6 ਤੇ 7 ਜਨਵਰੀ ਦੀ ਦਰਮਿਆਨੀ ਰਾਤ ਵੱਡੇ ਤੜਕੇ ਜਲੰਧਰ ਦਾਖਲ ਹੋਣ ਤੋਂ ਪਹਿਲਾਂ ਬਿਧੀਪੁਰ ਫਾਟਕ ਕੋਲ ਹਾਦਸਾ ਹੋ ਗਿਆ। ਵੱਡੇ ਲੇਖਕ ਪ੍ਰੋ. ਸੁਰਜੀਤ ਮਾਨ ਇਸ ਖੌਫ਼ਨਾਕ ਤੇ ਦਿਲ ਕੰਬਾਊ ਮੰਜ਼ਰ ਬਾਰੇ ਆਖਦੇ ਹੁੰਦੇ ਸਨ ਕਿ ਪੋਹ ਦੀ ਕਕਰੀਲੀ ਰਾਤ ਅੱਗ ਦੀ ਨਾਲ ਵਰਗੇ ਖਿਡਾਰੀ ਸੁਰਜੀਤ ਸਿੰਘ ਦਾ ਬਦਨ ਯਖ਼ ਠੰਢਾ ਪਿਆ ਸੀ। ਨਾ ਸਿਰਫ ਪੂਰੇ ਦੇਸ਼ ਬਲਕਿ ਵਾਹਗੇ ਦੇ ਪਾਰ ਵੀ ਸੁਰਜੀਤ ਸਿੰਘ ਦੀ ਅਣਕਿਆਸੀ ਤੇ ਅਣਚਿਤਵੀ ਮੌਤ ਦਾ ਸੋਗ ਮਨਾਇਆ ਗਿਆ। ਇਸ ਹਾਦਸੇ ਵਿੱਚ ਕੋਚ ਪਾਂਥੇ ਵੀ ਅਲਵਿਦਾ ਆਖ ਗਿਆ, ਜਦੋਂ ਕਿ ਰਾਮ ਪ੍ਰਤਾਪ ਦੇ ਸੱਟਾਂ ਲੱਗਣ ਕਾਰਨ ਕਾਫੀ ਸਮਾਂ ਇਲਾਜ ਚੱਲਿਆ। ਅੱਜ ਵੀ ਸੁਰਜੀਤ ਹਾਕੀ ਟੂਰਨਾਮੈਂਟ ਮੌਕੇ ਉਸ ਸਮੇਂ ਨੂੰ ਯਾਦ ਕਰਦਿਆਂ ਰਾਮ ਪ੍ਰਤਾਪ ਭਾਵੁਕ ਹੋ ਜਾਂਦਾ ਹੈ। ਉਸ ਤੋਂ ਮਗਰੋਂ ਕਿਸੇ ਵੀ ਖਿਡਾਰੀ ਦੇ ਭਲੇ ਲਈ ਕੋਈ ਮੈਚ ਅੱਜ ਤਕ ਨਹੀਂ ਹੋਇਆ। ਉਸ ਬੈਨੀਫਿਟ ਮੈਚ ਦਾ ਸੋਵੀਨਾਰ ਵੀ ਛਪ ਚੁੱਕਾ ਸੀ। ਸੁਰਜੀਤ ਸਿੰਘ ਦੀ ਯਾਦ ਵਿੱਚ ਵੱਡੇ ਖੇਡ ਮੇਲੇ ਅਤੇ ਐਵਾਰਡ ਜ਼ਰੂਰ ਦਿੱਤੇ ਜਾਂਦੇ ਹਨ। ਸੁਰਜੀਤ ਸਿੰਘ ਨੂੰ 1998 ਵਿੱਚ ਮਰਨ ਉਪਰੰਤ ਭਾਰਤ ਸਰਕਾਰ ਵੱਲੋਂ ਅਰਜੁਨਾ ਐਵਾਰਡ ਦਿੱਤਾ ਗਿਆ।
ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਸੁਰਜੀਤ ਸਿੰਘ ਦੀ ਇੱਕ ਅੰਦਰਲੀ ਕਮਜ਼ੋਰੀ ਦਾ ਜ਼ਿਕਰ ਕਰਦੇ ਹੋਏ ਅਕਸਰ ਦੱਸਦੇ ਹਨ ਕਿ ਸੁਰਜੀਤ ਸਿੰਘ ਵਹਿਮੀ ਵੀ ਬਹੁਤ ਸੀ। ਇੱਕ ਵਾਰ ਉਹ ਖੇਡ ਮੈਦਾਨ ਵਿੱਚ ਚੱਲ ਨਹੀਂ ਸੀ ਰਿਹਾ ਤਾਂ ਉਸ ਨੂੰ ਤਿਲ ਤੇ ਗੁੜ ਮੰਗਵਾ ਕੇ ਦਿੱਤੇ ਗਏ, ਉਸ ਮਗਰੋਂ ਉਹ ਚੰਗਾ ਭਲਾ ਸੀ। ਜਰਸੀ ਨੰਬਰ ਨੂੰ ਲੈ ਕੇ ਵੀ ਉਹ ਬਹੁਤ ਵਹਿਮ ਕਰਦਾ ਸੀ। ਸੁਰਜੀਤ ਸਿੰਘ ਨੇ ਘਰੇਲੂ ਹਾਕੀ ਵਿੱਚ ਸੈਂਟਰਲ ਰੇਲਵੇ ਵੱਲੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਫੇਰ ਉਹ ਇੰਡੀਅਨ ਏਅਰਲਾਈਨਜ਼ ਵੱਲੋਂ ਖੇਡਿਆ ਤੇ ਫੇਰ ਪੰਜਾਬ ਪੁਲਿਸ ਜੁਆਇਨ ਕੀਤੀ।
ਇਸ ਮਹਾਨ ਖਿਡਾਰੀ ਦੀਆਂ ਗੱਲਾਂ ਕਰਨ ਲੱਗ ਜਾਈਏ ਤਾਂ ਸੁਰਜੀਤ ਸਿੰਘ ਦੇ ਨੇੜਲਿਆਂ ਵਿੱਚੋਂ ਇੱਕ ਪ੍ਰਸਿੱਧ ਕਵੀ ਗੁਰਭਜਨ ਸਿੰਘ ਗਿੱਲ ਅਨੇਕਾਂ ਦਿਲਚਸਪ ਕਿੱਸੇ ਸੁਣਾਉਂਦੇ ਹਨ। ਇਕੇਰਾਂ ਸੁਰਜੀਤ ਸਿੰਘ ਨੇ ਸਾਥੀ ਦੋ ਹੋਰ ਖਿਡਾਰੀਆਂ ਨਾਲ ਖਿਡਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਰੋਸ ਵਜੋਂ ਭਾਰਤੀ ਹਾਕੀ ਟੀਮ ਦਾ ਕੈਂਪ ਛੱਡ ਦਿੱਤਾ। ਤਿੰਨੇ ਖਿਡਾਰੀ ਕਿਲਾ ਰਾਏਪੁਰ ਪਿੰਡ ਦੀ ਹਾਕੀ ਟੀਮ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਇੱਕ ਮਸ਼ਹੂਰ ਪਿੰਡ ਧਮੋਟ ਵਿਖੇ ਮਨਜੀਤ ਯਾਦਗਾਰੀ ਖੇਡ ਮੇਲੇ ਵਿੱਚ ਖੇਡਣ ਗਏ। ਪ੍ਰੋ. ਗਿੱਲ ਕੋਲ ਧਮੋਟ ਵਾਲੇ ਪ੍ਰੋ. ਕੇਸਰ ਸਿੰਘ ਗਿੱਲ ਦੇ ਘਰ ਇਨ੍ਹਾਂ ਖਿਡਾਰੀਆਂ ਨਾਲ ਗੁਜ਼ਾਰੀ ਯਾਦਗਾਰੀ ਸ਼ਾਮ ਅੱਜ ਵੀ ਚੇਤਿਆਂ ਵਿੱਚ ਵਸੀ ਹੈ। ਪ੍ਰੋ. ਗਿੱਲ ਦੀ ਮਰਹੂਮ ਪਤਨੀ ਨ੍ਰਿਪਜੀਤ ਕੌਰ ਦਾ ਵੱਡਾ ਵੀਰ ਜਗਵਿੰਦਰ ਗਰੇਵਾਲ ਸੁਰਜੀਤ ਸਿੰਘ ਦਾ ਸਪੋਰਟਸ ਕਾਲਜ ਦੇ ਦਿਨਾਂ ਤੋਂ ਗੂੜ੍ਹਾ ਮਿੱਤਰ ਸੀ। ਸੁਰਜੀਤ ਆਪਣੀਆਂ ਛੁੱਟੀਆਂ ਵੀ ਅਕਸਰ ਕਿਲਾ ਰਾਏਪੁਰ ਵਿਖੇ ਹੀ ਗੁਜ਼ਾਰਦਾ ਸੀ। ਦੋਵੇਂ ਇਕੱਠੇ ਹੀ ਖੇਡਦੇ–ਖੇਡਦੇ ਸੈਂਟਰਲ ਰੇਲਵੇ ਵਿੱਚ ਭਰਤੀ ਹੋ ਗਏ। ਇਸੇ ਲਈ ਕਿਲਾ ਰਾਏਪੁਰ ਸੁਰਜੀਤ ਸਿੰਘ ਦਾ ਦੂਜਾ ਘਰ ਸੀ।
ਪ੍ਰੋ. ਗਿੱਲ ਦੱਸਦੇ ਹਨ ਕਿ ਸੁਰਜੀਤ ਸਿੰਘ ਆਪਣੇ ਸਾਥੀ ਖਿਡਾਰੀਆਂ ਵਰਿੰਦਰ ਸਿੰਘ ਤੇ ਬਲਦੇਵ ਸਿੰਘ ਨਾਲ 1971 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤਰਫੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਡਿਆ, ਜਿੱਥੇ ਉਸ ਦੀ ਟੀਮ ਭਾਵੇਂ ਫ਼ਾਈਨਲ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੱਥੋਂ ਹਾਰ ਗਈ, ਪਰ ਤਿੰਨਾਂ ਦੀ ਖੇਡ ਇੰਨੀ ਸਲਾਹੀ ਗਈ ਕਿ ਉਹ ਕੰਬਾਈਂਡ ਯੂਨੀਵਰਸਿਟੀ ਅਤੇ ਫੇਰ ਭਾਰਤ ਦੀ ਟੀਮ ਵਿੱਚ ਚੁਣਿਆ ਗਿਆ। ਉਨ੍ਹਾਂ ਵੇਲਿਆਂ ਵਿੱਚ ਯੂਨੀਵਰਸਿਟੀਆਂ ਦੀ ਬਣਨ ਵਾਲੀ ਸਾਂਝੀ ਟੀਮ ਵਿੱਚ ਚੁਣੇ ਜਾਣਾ ਭਾਰਤੀ ਟੀਮ ਵਿੱਚ ਚੁਣੇ ਜਾਣ ਦੇ ਬਰਾਬਰ ਸੀ।
ਸੁਰਜੀਤ ਸਿੰਘ ਜਦੋਂ ਇੰਡੀਅਨ ਏਅਰ ਲਾਈਨਜ਼ ਵਿੱਚ ਨੌਕਰੀ ਕਰਦਾ ਸੀ ਤਾਂ ਉਸ ਨੇ ਖੇਡਣ ਖਾਤਰ ਆਪਣਾ ਹੈੱਡਕੁਆਟਰ ਲੁਧਿਆਣਾ ਹੀ ਰੱਖਿਆ ਹੋਇਆ ਸੀ। ਲੁਧਿਆਣੇ ਉਹ ਸੁਖਬੀਰ ਗਰੇਵਾਲ, ਗੁਰਦੀਪ ਸਿੰਘ ਮੰਗੂ, ਬਲਦੇਵ ਸਿੰਘ ਅਤੇ ਹੋਰਨਾਂ ਖਿਡਾਰੀਆਂ ਨਾਲ ਆਰੀਆ ਕਾਲਜ ਦੇ ਖੇਡ ਮੈਦਾਨ ਵਿੱਚ ਪ੍ਰੈਕਟਿਸ ਕਰਦਾ ਹੁੰਦਾ ਸੀ। ਸੁਰਜੀਤ ਦੀ ਖੇਡ ਸ਼ਿੰਗਾਰਨ ਵਿੱਚ ਜਲੰਧਰ ਤੇ ਲੁਧਿਆਣਾ ਦੋਵੇਂ ਸ਼ਹਿਰਾਂ ਦਾ ਵੱਡਾ ਰੋਲ ਹੈ। ਸੁਰਜੀਤ ਸਿੰਘ ਦੀ ਜੀਵਨ ਸਾਥਣ ਚੰਚਲ ਰੰਧਾਵਾ ਲੁਧਿਆਣਾ ਦੇ ਹੀ ਸਰਕਾਰੀ ਕਾਲਜ ਲੜਕੀਆਂ ਵਿੱਚ ਹਾਕੀ ਕੋਚ ਵਜੋਂ ਨਿਯੁਕਤ ਸੀ। ਖੇਡ ਵਿਭਾਗ ਵਿੱਚੋਂ ਜੁਆਇੰਟ ਡਾਇਰੈਕਟਰ ਵਜੋਂ ਰਿਟਾਇਰ ਹੋਈ ਚੰਚਲ ਰੰਧਾਵਾ ਵੀ ਕੌਮਾਂਤਰੀ ਹਾਕੀ ਖਿਡਾਰਨ ਸੀ। ਇਸ ਖੇਡ ਜੋੜੇ ਦੇ ਪੁੱਤਰ ਸਰਬਰਿੰਦਰ ਸਿੰਘ ਨੇ ਭਾਰਤ ਲਈ ਟੈਨਿਸ ਖੇਡੀ ਹੈ।