ਸੰਸਾਰਕ ਤਣਾਅ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ

ਆਮ-ਖਾਸ

ਸਤੀਸ਼ ਸਿੰਘ
14 ਫਰਵਰੀ 2025 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,360 ਰੁਪਏ `ਤੇ ਪਹੁੰਚ ਗਈ ਸੀ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਸੀ। ਪਹਿਲੀ ਜਨਵਰੀ ਤੋਂ 13 ਫਰਵਰੀ ਤੱਕ ਯਾਨੀ ਸਿਰਫ 44 ਦਿਨਾਂ `ਚ 10 ਗ੍ਰਾਮ ਵਾਲੇ 24 ਕੈਰੇਟ ਸੋਨੇ ਦੀ ਕੀਮਤ `ਚ 9,092 ਰੁਪਏ ਦਾ ਵਾਧਾ ਹੋਇਆ। ਜੇਕਰ ਇਸ ਨੂੰ ਪ੍ਰਤੀਸ਼ਤ ਦੇ ਹਿਸਾਬ ਨਾਲ ਦੇਖੀਏ ਤਾਂ ਇਸਦੀ ਕੀਮਤ ਵਿੱਚ ਕਰੀਬ 11 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹੁਣ ਸਿਰਫ 16 ਫੀਸਦੀ ਵਾਧੇ ਨਾਲ 1 ਲੱਖ ਰੁਪਏ ਦੇ ਪੱਧਰ ਨੂੰ ਛੂਹਣਾ ਬਾਕੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਦੀ ਕੀਮਤ ਆਸਾਨੀ ਨਾਲ 1 ਲੱਖ ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ।

ਸੋਨੇ ਦੀ ਕੀਮਤ ਵਧਣ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਹਨ। ਵਿਸ਼ਵ ਵਪਾਰ ਯੁੱਧ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਦੂਜੇ ਪਾਸੇ ਅਮਰੀਕੀ ਨੀਤੀਆਂ ਅਤੇ ਆਲਮੀ ਅਨਿਸ਼ਚਿਤਤਾਵਾਂ ਕਾਰਨ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਦੇਸ਼-ਵਿਦੇਸ਼ ਵਿੱਚ ਮਹਿੰਗਾਈ ਦਾ ਡਰ ਅਜੇ ਵੀ ਬਰਕਰਾਰ ਹੈ। ਹਾਲਾਂਕਿ ਭਾਰਤ `ਚ ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ `ਚ ਗਿਰਾਵਟ ਕਾਰਨ ਜਨਵਰੀ ਮਹੀਨੇ `ਚ ਪ੍ਰਚੂਨ ਮਹਿੰਗਾਈ ਦਰ 4.31 ਫੀਸਦੀ `ਤੇ ਆ ਗਈ ਸੀ, ਜੋ ਪਿਛਲੇ 5 ਮਹੀਨਿਆਂ `ਚ ਸਭ ਤੋਂ ਘੱਟ ਹੈ। ਅਮਰੀਕਾ ਅਤੇ ਇੰਗਲੈਂਡ ਵੱਲੋਂ ਨੀਤੀਗਤ ਵਿਆਜ ਦਰਾਂ ਵਿੱਚ ਕਟੌਤੀ ਅਤੇ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਕਾਰਨ ਵੀ ਸੋਨਾ ਚਮਕ ਰਿਹਾ ਹੈ। ਗੋਲਡ ਈ.ਟੀ.ਐਫ. ਵਿੱਚ ਵਧਦੇ ਨਿਵੇਸ਼ ਕਾਰਨ ਸੋਨੇ ਦੀ ਮੰਗ ਵੀ ਵਧ ਰਹੀ ਹੈ। ਸ਼ੇਅਰ ਬਾਜ਼ਾਰ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਕਾਰਨ ਨਿਵੇਸ਼ਕ ਸੋਨੇ ਵੱਲ ਰੁਖ ਕਰ ਰਹੇ ਹਨ। ਦੂਜੇ ਪਾਸੇ ਭਾਰਤ `ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਲਈ ਸੋਨੇ ਦੀ ਕੀਮਤ ਵਧਣ ਦੇ ਬਾਵਜੂਦ ਇਸ ਦੀ ਮੰਗ ਅਤੇ ਕੀਮਤ ਲਗਾਤਾਰ ਵਧ ਰਹੀ ਹੈ।
ਭਾਰਤ ਵਿੱਚ ਸੋਨਾ ਬਹੁਤ ਹੈ, ਕਿਉਂਕਿ ਭਾਰਤ ਵਿੱਚ ਔਰਤਾਂ ਸੋਨੇ ਦੀਆਂ ਸ਼ੈਦਾਈ ਹਨ ਅਤੇ ਇਹ ਸ਼ੈਦਾਅ ਆਦਿ ਕਾਲ ਤੋਂ ਹੀ ਕਾਇਮ ਹੈ। ਪੁਰਾਣੇ ਸਮਿਆਂ ਵਿਚ ਔਰਤਾਂ ਦੇ ਨਾਲ-ਨਾਲ ਮਰਦ ਵੀ ਸੋਨੇ ਦੇ ਗਹਿਣੇ ਪਹਿਨਦੇ ਸਨ। ਭਾਰਤ ਵਿੱਚ ਕਿਸੇ ਵੀ ਸ਼ੁਭ ਸਮੇਂ, ਵਿਆਹ, ਤਿਉਹਾਰ ਜਾਂ ਮੌਤ ਦੇ ਸਮੇਂ ਸੋਨਾ ਖਰੀਦਿਆ ਜਾਂਦਾ ਹੈ, ਜਦੋਂ ਕਿ ਪੱਛਮੀ ਦੇਸ਼ਾਂ ਵਿੱਚ ਅਜਿਹਾ ਨਹੀਂ ਹੁੰਦਾ। ਉੱਥੇ ਦੇ ਲੋਕ ਵਿਆਹਾਂ `ਚ ਜ਼ਿਆਦਾ ਗਹਿਣੇ ਨਹੀਂ ਪਾਉਂਦੇ। ਨਾ ਹੀ ਸੋਨੇ ਦੇ ਗਹਿਣੇ ਜਾਂ ਸੋਨਾ ਤੋਹਫ਼ੇ ਵਜੋਂ ਦੇਣ ਦਾ ਰੁਝਾਨ ਹੈ। ਅਮਰੀਕਾ ਅਤੇ ਯੂਰਪ ਵਿੱਚ ਵਿਆਹ ਮੌਕੇ ਸਿਰਫ਼ ਸੋਨੇ ਦੀਆਂ ਮੁੰਦਰੀਆਂ ਦਿੱਤੀਆਂ ਜਾਂਦੀਆਂ ਹਨ, ਜੋ ਕਿ 9 ਜਾਂ 12 ਕੈਰੇਟ ਦੀਆਂ ਹੁੰਦੀਆਂ ਹਨ, ਜਦੋਂ ਕਿ ਭਾਰਤ ਵਿੱਚ ਵਿਆਹ ਮੌਕੇ ਲੜਕੀ ਅਤੇ ਲੜਕੇ ਨੂੰ ਗਹਿਣੇ ਵਜੋਂ 22 ਜਾਂ 24 ਕੈਰੇਟ ਦਾ ਸੋਨਾ ਦਿੱਤਾ ਜਾਂਦਾ ਹੈ। ਅੱਜਕੱਲ੍ਹ ਵਿਆਹਾਂ ਵਿੱਚ ਤੋਹਫ਼ੇ ਵਜੋਂ ਸੋਨੇ ਦੇ ਬਿਸਕੁਟ ਵੀ ਦਿੱਤੇ ਜਾਂਦੇ ਹਨ।
ਭਾਰਤ ਵਿੱਚ ਫਿਲਮਾਂ ਦੀਆਂ ਹੀਰੋਇਨਾਂ, ਵੱਡੇ ਕਾਰੋਬਾਰੀਆਂ ਜਾਂ ਕਾਰਪੋਰੇਟ ਘਰਾਣਿਆਂ ਦੀਆਂ ਨੂੰਹਾਂ ਜਾਂ ਰਾਜਿਆਂ-ਰਜਵਾੜਿਆਂ ਦੇ ਵਾਰਸ ਵਿਆਹਾਂ, ਕਿਸੇ ਤਿਉਹਾਰ/ਕਿਸੇ ਪਾਰਟੀ ਜਾਂ ਸਮਾਗਮ ਵਿੱਚ ਮਹਿੰਗੇ ਸੋਨੇ ਦੇ ਗਹਿਣੇ ਪਹਿਨਣਾ ਪਸੰਦ ਕਰਦੇ ਹਨ। ਇਸੇ ਕਾਰਨ ਅੱਜ ਅਰਬਾਂ-ਖਰਬਾਂ ਰੁਪਏ ਵਿਆਹਾਂ ਲਈ ਸੋਨੇ ਦੇ ਗਹਿਣੇ ਖਰੀਦਣ `ਤੇ ਖਰਚ ਕੀਤੇ ਜਾ ਰਹੇ ਹਨ। ਵਿਆਹਾਂ ਦੇ ਸੀਜ਼ਨ, ਦੀਵਾਲੀ ਜਾਂ ਅਕਸ਼ੈ ਤ੍ਰਿਤੀਆ ਦੇ ਦੌਰਾਨ ਸੋਨੇ ਜਾਂ ਸੋਨੇ ਦੇ ਗਹਿਣਿਆਂ ਦੀ ਵੱਡੇ ਪੱਧਰ `ਤੇ ਖਰੀਦਦਾਰੀ ਕੀਤੀ ਜਾਂਦੀ ਹੈ, ਕਿਉਂਕਿ ਅੱਜਕੱਲ੍ਹ ਸੋਨਾ ਜਾਂ ਸੋਨੇ ਦੇ ਗਹਿਣੇ ਤੋਹਫ਼ੇ ਵਜੋਂ ਦੇਣ ਦਾ ਰੁਝਾਨ ਬਹੁਤ ਵਧ ਗਿਆ ਹੈ।
ਵਰਲਡ ਗੋਲਡ ਕੌਂਸਲ (ਡਬਲਯੂ.ਜੀ.ਸੀ.) ਦੀ ਸਾਲ 2024 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਸੋਨੇ ਦੀ ਮੰਗ ਸਾਲ 2024 ਵਿੱਚ ਸਭ ਤੋਂ ਵੱਧ ਵਧੀ ਹੈ। 2025 ਲਈ ਜਾਰੀ ਆਪਣੇ ਆਉਟਲੁੱਕ ਵਿੱਚ ਡਬਲਯੂ.ਜੀ.ਸੀ. ਨੇ ਕਿਹਾ ਕਿ ਕੇਂਦਰੀ ਬੈਂਕ ਸੋਨੇ ਵਿੱਚ ਵਧੇਰੇ ਨਿਵੇਸ਼ ਕਰ ਰਹੇ ਹਨ ਅਤੇ ਸੋਨੇ ਦੇ ਈ.ਟੀ.ਐਫ. ਵਿੱਚ ਵੀ ਵੱਡੀ ਰਕਮ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੋਨੇ ਦੀ ਮੰਗ ਲਗਾਤਾਰ ਵਧ ਰਹੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਮੰਦਰਾਂ ਵਿੱਚ 2000 ਤੋਂ 4000 ਟਨ ਸੋਨਾ ਰੱਖਿਆ ਜਾ ਸਕਦਾ ਹੈ।
ਭਾਰਤ ਆਪਣੇ ਦਮ `ਤੇ ਸੋਨੇ ਦੀ ਘਰੇਲੂ ਮੰਗ ਨੂੰ ਪੂਰਾ ਕਰਨ ਤੋਂ ਅਸਮਰੱਥ ਹੈ, ਇਸ ਲਈ ਉਸ ਨੂੰ ਦੂਜੇ ਦੇਸ਼ਾਂ `ਤੇ ਨਿਰਭਰ ਰਹਿਣਾ ਪੈਂਦਾ ਹੈ। 2024 ਦੇ 11 ਮਹੀਨਿਆਂ ਵਿੱਚ ਭਾਰਤ ਨੇ ਕੁੱਲ 47 ਬਿਲੀਅਨ ਅਮਰੀਕੀ ਡਾਲਰ ਦਾ ਸੋਨਾ ਆਯਾਤ ਕੀਤਾ ਸੀ, ਜੋ ਕਿ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ; ਜਦੋਂ ਕਿ ਸਾਲ 2023 ਵਿੱਚ ਭਾਰਤ ਨੇ ਕੁੱਲ 42.6 ਬਿਲੀਅਨ ਅਮਰੀਕੀ ਡਾਲਰ ਦਾ ਸੋਨਾ ਆਯਾਤ ਕੀਤਾ ਸੀ।
ਇਸ ਵਿੱਚ 40 ਫੀਸਦੀ ਸੋਨਾ ਸਵਿਟਜ਼ਰਲੈਂਡ ਤੋਂ, 16 ਫੀਸਦੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), 10 ਫੀਸਦੀ ਦੱਖਣੀ ਅਫਰੀਕਾ ਤੋਂ ਅਤੇ ਬਾਕੀ ਆਸਟ੍ਰੇਲੀਆ, ਗਿਨੀ, ਪੇਰੂ ਆਦਿ ਦੇਸ਼ਾਂ ਤੋਂ ਮੰਗਵਾਇਆ ਗਿਆ। ਚੀਨ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਖਰੀਦਦਾ ਹੈ। ਇਸ ਸਮੇਂ ਦੇਸ਼ `ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ `ਚ ਭਾਰਤ `ਚ ਸੋਨੇ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੌਜੂਦਾ ਗਲੋਬਲ ਅਨਿਸ਼ਚਿਤਤਾਵਾਂ, ਦੁਨੀਆ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਭੂ-ਰਾਜਨੀਤਿਕ ਤਣਾਅ, ਅਮਰੀਕੀ ਨੀਤੀਆਂ, ਡਾਲਰ ਦੇ ਮੁਕਾਬਲੇ ਰੁਪਏ ਦਾ ਲਗਾਤਾਰ ਕਮਜ਼ੋਰ ਹੋਣਾ, ਸਟਾਕ ਮਾਰਕੀਟ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਆਦਿ ਕਾਰਨ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

Leave a Reply

Your email address will not be published. Required fields are marked *