ਪੀ.ਐਸ. ਬਟਾਲਾ
ਮਨ ਦੁੱਖ ਅਤੇ ਰੋਸ ਦੀ ਭਾਵਨਾ ਨਾਲ ਭਰਿਆ ਪਿਆ ਹੈ। ਮੈਂ ਅਤੀਤ ਅਤੇ ਵਰਤਮਾਨ ਦੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਿਹਾ ਹਾਂ। ਮੇਰਾ ਅਤੀਤ ਮੈਨੂੰ ਦਰਸਾ ਰਿਹਾ ਹੈ ਕਿ ਕਿਵੇਂ ਗੰਗੂ ਬ੍ਰਾਹਮਣ ਨਿੱਕੇ-ਨਿੱਕੇ ਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹਵਾਲੇ ਕਰਕੇ ਮੰਦ-ਮੰਦ ਮੁਸਕਰਾ ਰਿਹਾ ਹੈ ਤੇ ਮੇਰਾ ਵਰਤਮਾਨ ਮੈਨੂੰ ਦਰਸਾ ਰਿਹਾ ਹੈ ਕਿ ਇੱਧਰ ਇੱਕ ਪਾਸੇ ਤਾਂ ਟਰੈਵਲ ਏਜੰਟਾਂ ਦੇ ਧੋਖੇ ਦੇ ਸ਼ਿਕਾਰ ਪੰਜਾਬ ਦੇ ਨਿਰਦੋਸ਼ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲੁਹਾ ਕੇ ਤੇ ਉਨ੍ਹਾਂ ਨੂੰ ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਨਾਲ ਜਕੜ ਕੇ ਅਮਰੀਕਾ ਤੋਂ ਆਏ ਫ਼ੌਜੀ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਏਅਰਪੋਰਟ ’ਤੇ ਉਤਾਰਿਆ ਗਿਆ ਹੈ; ਤੇ ਉਧਰ ਦੂਜੇ ਪਾਸੇ ਅਮਰੀਕਾ ਦੌਰੇ ਦੌਰਾਨ ਭਾਰਤ ਦਾ ਅਖੌਤੀ ‘ਰਾਸ਼ਟਰਵਾਦੀ’ ਪ੍ਰਧਾਨ ਮੰਤਰੀ ਮੰਦ-ਮੰਦ ਮੁਸਕਰਾ ਰਿਹਾ ਸੀ।
ਮੈਂ ਆਪਣੀਆਂ ਭਾਵਨਾਵਾਂ ਦੇ ਆਵੇਗ ’ਤੇ ਕਾਬੂ ਪਾਉਣ ਤੋਂ ਅਸਮਰੱਥ ਮਹਿਸੂਸ ਕਰ ਰਿਹਾ ਹਾਂ।
ਸਮੇਂ ਦੇ ਹਾਕਮ ਦੀ ਕਿੰਨੀ ਸਿਤਮਜ਼ਰੀਫ਼ੀ ਹੈ ਕਿ ‘ਤਿਲਕ-ਜੰਞੂ’ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਕੌਮ ਦੇ ਨੌਜਵਾਨਾਂ ਦੀ ਸ਼ੱਰ੍ਹੇਆਮ ਲੱਥ ਰਹੀਆਂ ਦਸਤਾਰਾਂ ’ਤੇ ਉਸਦੇ ਮੂੰਹੋਂ ਰੋਸ ਜਾਂ ਦੁੱਖ ਦਾ ਕੋਈ ਬੋਲ ਨਹੀਂ ਫੁੱਟਿਆ। ਪਤਾ ਨਹੀਂ ਉਹ ਕਿਹੜਾ ਮੂੰਹ ਹੈ, ਜਿਸ ਨਾਲ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਵਿਖੇ ਪੁੱਜ ਕੇ ਇਹੋ ਅਖੌਤੀ ‘ਰਾਸ਼ਟਰਵਾਦੀ ਰਾਜਨੇਤਾ’ ਆਪਣੇ ਘੋਨੇ ਸਿਰਾਂ ’ਤੇ ਕੇਸਰੀ ਦਸਤਾਰਾਂ ਸਜਾ ਕੇ ਤੇ ਗਲ ਵਿੱਚ ਪੱਲਾ ਪਾ ਕੇ ਆਖ਼ਦੇ ਹਨ, “ਜੇਕਰ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਬਲੀਦਾਨ ਨਾ ਦਿੰਦੇ ਤਾਂ ਸ਼ਾਇਦ ਸਾਡੀ ਸਾਰੀ ਕੌਮ ਮੁਸਲਮਾਨ ਹੋ ਚੁੱਕੀ ਹੁੰਦੀ। ਅਸੀਂ ਗੁਰੂ ਸਾਹਿਬ ਦੇ ਤੇ ਸਮੁੱਚੀ ਸਿੱਖ ਕੌਮ ਦੇ ਸਦਾ ਹੀ ਰਿਣੀ ਹਾਂ।”
ਉਹ ‘ਰਿਣ’ ਅੱਜ ਜਿਸ ਪ੍ਰਕਾਰ ਇਨ੍ਹਾਂ ਰਾਜਨੇਤਾਵਾਂ ਨੇ ਸਿੱਖ ਨੌਜਵਾਨਾਂ ਨੂੰ ਬੇਪਤ ਕਰਕੇ ਚੁਕਾਇਆ ਹੈ, ਉਹ ਸਦਾ ਯਾਦ ਰੱਖਿਆ ਜਾਵੇਗਾ। ਭਾਜਪਾ ਦੀ ਗੋਦ ਵਿੱਚ ਬੈਠ ਚੁੱਕੇ ਤੇ ਮੱਥੇ ’ਤੇ ਤਿਲਕ ਸਜਾਅ ਚੁੱਕੇ ਦਿੱਲੀ ਦੇ ਕੁਝ ਸਿੱਖ ਆਗੂਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਨਿੰਦਾ ਵਿੱਚ ਇੱਕ ਵੀ ਲਫ਼ਜ਼ ਨਾ ਬੋਲਣਾ ਵੀ ਬੜਾ ਹੀ ਸ਼ਰਮਨਾਕ ਹੈ ਤੇ ਇਹ ਸਾਬਿਤ ਕਰਦਾ ਹੈ ਕਿ ਰਾਜਨੇਤਾ ਲੋੜ ਪੈਣ ’ਤੇ ਸੱਤਾ ਲਈ ਆਪਣੀ ਇੱਜ਼ਤ, ਆਪਣਾ ਮਜ਼ਹਬ ਤੇ ਆਪਣਾ ਈਮਾਨ ਵੀ ਵੇਚ ਖਾਂਦੇ ਹਨ।
ਜ਼ਮੀਨ-ਜਾਇਦਾਦ ਵੇਚ ਕੇ ਅਤੇ ਮਾਪਿਆਂ ਦੀ ਹੱਡ-ਭੰਨ੍ਹਵੀਂ ਕਮਾਈ ਖ਼ਰਚ ਕਰਨ ਤੋਂ ਇਲਾਵਾ ਲੱਖਾਂ ਰੁਪਏ ਦੇ ਕਰਜ਼ੇ ਚੁੱਕ ਕੇ ਅਮਰੀਕਾ ਨੂੰ ਗਏ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀ ਟਰੈਵਲ ਏਜੰਟਾਂ ਦੀ ਧੋਖੇਬਾਜ਼ੀ ਦੇ ਸ਼ਿਕਾਰ ਹੋਏ ਪੰਜਾਬੀ ਨੌਜਵਾਨਾਂ ਦੀ ਬੇਹੁਰਮਤੀ ਪ੍ਰਤੀ ਭਾਰਤ ਸਰਕਾਰ ਨੇ ਰਤਾ ਵੀ ਚਿੰਤਾ ਨਹੀਂ ਪ੍ਰਗਟਾਈ ਹੈ। ਸਰਕਾਰਾਂ ਇਸ ਗੱਲ ਦਾ ਜਵਾਬ ਨਹੀਂ ਦਿੰਦੀਆਂ ਹਨ ਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ‘ਹਰ ਸਾਲ ਦੋ ਕਰੋੜ ਨੌਕਰੀਆਂ ਦੇਣ’ ਦੇ ਵਾਅਦੇ ਜਦੋਂ ਵਫ਼ਾ ਨਹੀਂ ਹੁੰਦੇ ਹਨ ਤਾਂ ਨੌਜਵਾਨਾਂ ਨੂੰ ‘ਜੋ ਵਿਦੇਸ਼ਾਂ ’ਚ ਰੁਲਦੇ ਨੇ ਰੋਜ਼ੀ ਲਈ…’ ਵਾਲਾ ਰਸਤਾ ਹੀ ਅਖ਼ਤਿਆਰ ਕਰਨਾ ਪੈਂਦਾ ਹੈ। ਸਾਡੇ ਜਿਨ੍ਹਾਂ ਨੌਜਵਾਨਾਂ ਨੂੰ ਇੱਥੇ ਪੰਜਾਬ ’ਚ ਰਹਿ ਕੇ, ਆਪਣੇ ਪਰਿਵਾਰਾਂ ’ਚ ਰਹਿ ਕੇ ਇੱਕ ਖ਼ੁਸ਼ਹਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ, ਉਹ ਵਿਚਾਰੇ ਵਿਦੇਸ਼ਾਂ ਨੂੰ ਜਾ ਕੇ ‘ਚਾਕਰੀ’ ਕਰਦੇ ਹਨ ਤੇ ਬੇਸਮੈਂਟਾਂ ਵਿਚ ਰਹਿ ਕੇ ਗੁਜ਼ਾਰਾ ਕਰਦੇ ਹਨ। ਆਪਣੀ ਨਾਕਾਮੀ ਨੂੰ ਨਾ ਕਬੂਲਣ ਵਾਲੀਆਂ ਸਰਕਾਰਾਂ ਵਿਦੇਸ਼ਾਂ ਵੱਲ ਜਾਣ ਵਾਲੇ ਨੌਜਵਾਨਾਂ ਨੂੰ ਹੀ ਦੋਸ਼ੀ ਠਹਿਰਾ ਦਿੰਦੀਆਂ ਹਨ ਤੇ ਸਰਕਾਰ ਦਾ ‘ਪਾਲਤੂ’ ਅਤੇ ‘ਵਿਕਾਊ’ ਬਣ ਚੁਕੇ ਮੀਡੀਆ ਦਾ ਇੱਕ ਵਰਗ ਵੀ ਓਹੀ ਬੋਲੀ ਬੋਲਦਾ ਹੈ, ਜੋ ਸਰਕਾਰ ਬੋਲਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਇਹ ਦ੍ਰਿਸ਼ ਸਿਰਜਿਆ ਜਾਂਦਾ ਹੈ ਕਿ ਵਿਦੇਸ਼ਾਂ ਨੂੰ ਜਾਣ ਵਾਲੇ ਨੌਜਵਾਨ ਹੀ ‘ਗ਼ਲਤ’ ਹਨ ਤੇ ਖ਼ੁਦ ਸਰਕਾਰਾਂ ਪੂਰੀ ਤਰ੍ਹਾਂ ‘ਠੀਕ’ ਹਨ।
ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਨੌਜਵਾਨਾਂ ਨਾਲ ਲੱਦੇ ਹਵਾਈ ਜਹਾਜ਼ਾਂ ਨੂੰ ਭਾਰਤ ਸਰਕਾਰ ਜਾਣ-ਬੁੱਝ ਕੇ ਸ੍ਰੀ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਦੇ ਰਹੀ ਹੈ ਅਤੇ ਦੇਸੀ ਤੇ ਵਿਦੇਸ਼ੀ ਮੀਡੀਆ ਕਵਰੇਜ ਰਾਹੀਂ ਇਹ ਵਿਚਾਰ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਨੂੰ ਜਾਣ ਵਾਲੇ ਬਹੁਤੇ ਲੋਕ ਪੰਜਾਬੀ ਹੀ ਹਨ। ਕਿਸਾਨੀ ਅੰਦੋਲਨ ਰਾਹੀਂ ਕੇਂਦਰ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣ ਵਾਲੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ-ਨਾਲ ਮੌਜੂਦਾ ਪੰਜਾਬ ਸਰਕਾਰ ਨੂੰ ਨੀਵਾਂ ਵਿਖਾਉਣ ਲਈ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਜਹਾਜ਼ ਉਤਾਰਨ ਦਾ ਸਾਰਾ ‘ਪਰਪੰਚ’ ਰਚਿਆ ਗਿਆ। ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਨਾਲ ਤੇ ਬੰਦੀ ਸਿੱਖਾਂ ਦੇ ਮਸਲੇ ਸਮੇਤ ਇਸ ਸਬੰਧਿਤ ਮਸਲੇ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਨਿਰੰਤਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਸਾਰੀ ਦੁਨੀਆਂ ਵਿੱਚ ‘ਵਿਸ਼ਵ ਗੁਰੂ’ ਬਣਨ ਦੀ ਡੁਗਡੁਗੀ ਵਜਾਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਮਨ ਅੰਦਰ ਸਿੱਖ ਧਰਮ ਪ੍ਰਤੀ ਜੇਕਰ ਰਤਾ ਜਿੰਨਾ ਵੀ ਹੇਜ ਜਾਂ ਸਤਿਕਾਰ ਮੌਜੂਦ ਹੈ ਤਾਂ ਉਹ ਬੜੇ ਹੀ ਬੇਪਤੀ ਭਰੇ ਤਰੀਕੇ ਨਾਲ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਅਤੇ ਖ਼ਾਸ ਕਰਕੇ ਦਸਤਾਰਧਾਰੀ ਪੰਜਾਬੀ ਨੌਜਵਾਨਾਂ ਦਾ ਮੁੱਦਾ ਟਰੰਪ ਕੋਲ ਕਰੜੇ ਸ਼ਬਦਾਂ ਵਿੱਚ ਉਠਾਉਣ ਅਤੇ ਆਪਣਾ ਉਹ ‘56 ਇੰਚ’ ਦਾ ਸੀਨਾ ਵਿਖਾਉਣ ਜਿਹੜਾ ਉਹ ‘ਟ੍ਰਿਪਲ ਤਲਾਕ’, ‘ਧਾਰਾ 370’ ਅਤੇ ਪਾਕਿਸਤਾਨ ’ਤੇ ‘ਸਰਜੀਕਲ ਸਟ੍ਰਾਈਕ’ ਕਰਨ ਸਮੇਂ ਵਿਖਾਉਂਦੇ ਸਨ। ਇਸਦੇ ਨਾਲ ਹੀ ਮੂੰਹ ਵਿਚ ਘੁੰਙਣੀਆਂ ਪਾ ਕੇ ਸਿੱਖ ਸੰਗਠਨਾਂ ਨੂੰ ਵੀ ਪੰਜਾਬੀ ਨੌਜਵਾਨਾਂ ਦੀ ਹੋ ਰਹੀ ਬੇਪਤੀ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਕੇਂਦਰ ਸਰਕਾਰ ਨੂੰ ਦੋ-ਟੂਕ ਸਮਝਾ ਦੇਣਾ ਚਾਹੀਦਾ ਹੈ ਕਿ ਪੰਜਾਬੀਆਂ ਦਾ ਤੇ ਖ਼ਾਸ ਕਰਕੇ ਸਿੱਖਾਂ ਦਾ ਇਸ ਕਦਰ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬੀਆਂ ਲਈ ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੈ।