ਜਾਰਜੀਆ ਵਿਖੇ ਅਨੇਕਾਂ ਦੁਸ਼ਵਾਰੀਆਂ ਦੇ ਰੂਬਰੂ ਹਨ ਪੰਜਾਬੀ

ਗੂੰਜਦਾ ਮੈਦਾਨ

ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ; ਪਰ ਜਾਰਜੀਆ ਵਿੱਚ ਸਥਾਨਕ ਬੋਲੀ ਸਮਝਣ ਦੀ ਘਾਟ ਅਤੇ ਆਪਣੇ ਪੰਜਾਬੀ ਵੇਸ, ਖ਼ਾਸ ਕਰਕੇ ਖੁੱਲ੍ਹੇ ਦਾਹੜੇ ਤੇ ਸਿਰ ’ਤੇ ਸਜਾਈ ਦਸਤਾਰ ਕਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪਿਆ ਹੈ।

ਉਂਜ ਜਾਰਜੀਆ ਵੱਸਣ ਵਾਲੇ ਪੰਜਾਬੀ ਦੋ ਗੱਲਾਂ ਤੋਂ ਬਹੁਤ ਖੁਸ਼ ਵੀ ਹਨ- ਪਹਿਲੀ, ਜਾਰਜੀਆ ‘ਜੁਰਮ ਮੁਕਤ’ ਮੁਲਕ ਹੈ; ਤੇ ਦੂਜੀ, ਇੱਥੇ ਸਾਰੀਆਂ ਜ਼ਮੀਨਾਂ ਦਾ ਰਿਕਾਰਡ ‘ਆਨਲਾਈਨ’ ਹੈ, ਜਿਸ ਕਰਕੇ ਜ਼ਮੀਨ ਦੀ ਮਾਲਕੀ ਸਬੰਧੀ ਝਗੜਿਆਂ ਦੀ ਕੋਈ ਗੁੰਜਾਇਸ਼ ਨਹੀਂ ਹੈ। ਪੇਸ਼ ਹੈ, ਜਾਰਜੀਆ ਵਿਖੇ ਦੁਸ਼ਵਾਰੀਆਂ ਦੇ ਰੂਬਰੂ ਪੰਜਾਬੀਆਂ ਦਾ ਸੰਖੇਪ ਵੇਰਵਾ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008

ਵੱਖ-ਵੱਖ ਵਿਦੇਸ਼ੀ ਮੁਲਕਾਂ ਦੀ ਧਰਤ ’ਤੇ ਜਾ ਕੇ ਵੱਸਣ ਵਾਲੇ ਬਹੁਤੇ ਪੰਜਾਬੀਆਂ ਨੂੰ ਸਬੰਧਿਤ ਮੁਲਕ ਦੀ ਸਥਾਨਕ ਬੋਲੀ ਸਮਝਣ ਦੀ ਘਾਟ ਅਤੇ ਆਪਣੇ ਪੰਜਾਬੀ ਵੇਸ, ਖ਼ਾਸ ਕਰਕੇ ਖੁੱਲ੍ਹੇ ਦਾਹੜੇ ਤੇ ਸਿਰ ’ਤੇ ਸਜਾਈ ਦਸਤਾਰ ਕਰਕੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਅਕਸਰ ਹੀ ਸਾਹਮਣਾ ਕਰਨਾ ਪਿਆ ਹੈ। ਜਾਰਜੀਆ ਵੀ ਅਜਿਹਾ ਹੀ ਇੱਕ ਮੁਲਕ ਹੈ, ਜਿੱਥੇ ਜਾਣ ਵਾਲੇ ਪੰਜਾਬੀਆਂ ਨੂੰ ਉਕਤ ਦੋਵਾਂ ਹੀ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪਿਆ ਹੈ ਤੇ ਭਾਰੀ ਪ੍ਰੇਸ਼ਾਨੀ ਸਹਿਣ ਕਰਨੀ ਪਈ ਹੈ।
ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆਈ ਖਿੱਤੇ ਵਿੱਚ ਸਥਿਤ ਮੁਲਕ ‘ਜਾਰਜੀਆ’ ਦਾ ਕੁੱਲ ਰਕਬਾ 69,700 ਵਰਗ ਕਿਲੋਮੀਟਰ ਹੈ ਤੇ ਇੱਥੋਂ ਦੀ ਕੁੱਲ ਜਨਸੰਖਿਆ 31 ਲੱਖ ਦੇ ਕਰੀਬ ਹੈ। ਇਸਦੀ ਰਾਜਧਾਨੀ ਦਾ ਨਾਂ ਤਬਿਲੀਸੀ ਹੈ, ਜੋ ਕਿ ਇਸ ਮੁਲਕ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਜਿੱਥੇ ਇਸ ਸਮੁੱਚੇ ਮੁਲਕ ਦੀ ਇੱਕ ਤਿਹਾਈ ਆਬਾਦੀ ਸਮਾਈ ਹੋਈ ਹੈ। ਇਹ ਸ਼ਹਿਰ 12ਵੀਂ ਸਦੀ ਨਾਲ ਜੁੜੀਆਂ ਇਤਿਹਾਸਕ ਗੁਫ਼ਾਵਾਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਵਾਲਾ ਇੱਕ ਵਿਰਾਸਤੀ ਸ਼ਹਿਰ ਹੈ, ਜਿਸਦੇ ਪੁਰਾਣੇ ਭਾਗ ਵਿੱਚ ਅੱਜ ਵੀ ਪ੍ਰਾਚੀਨ ਪੱਥਰ ਦੀਆਂ ਬਣੀਆਂ ਗਲੀਆਂ ਮੌਜੂਦ ਹਨ। ਭੂਗੋਲਿਕ ਪੱਖੋਂ ਇਸ ਦੇਸ਼ ਨੂੰ ਉੱਤਰ ਵਿੱਚ ਰੂਸ, ਦੱਖਣ-ਪੱਛਮ ਵਿੱਚ ਤੁਰਕੀ, ਦੱਖਣ ਵਿੱਚ ਆਰਮੀਨੀਆ ਅਤੇ ਦੱਖਣ-ਪੂਰਬ ਵਿੱਚ ਅਜ਼ਰਾਬਾਈਜਾਨ ਦੀਆਂ ਸਰਹੱਦਾਂ ਛੂੰਹਦੀਆਂ ਹਨ। ਇਤਿਹਾਸਕ ਪੱਖੋਂ ਇਹ ਮੁਲਕ ਕਿਸੇ ਵਕਤ ਸੋਵੀਅਤ ਸੰਘ ਦਾ ਹਿੱਸਾ ਵੀ ਰਿਹਾ ਸੀ। ਜਾਰਜੀਆ ਦੀ ਸਰਕਾਰ ਦੇ ਵਰਤਮਾਨ ਮੁਖੀ ਉਥੋਂ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖ਼ਿਜ਼ੇ ਹਨ।
ਜਾਰਜੀਆ ਦੇ ਭਾਰਤ ਨਾਲ ਕਾਫ਼ੀ ਮਿੱਤਰਤਾਪੂਰਨ ਸਬੰਧ ਰਹੇ ਹਨ ਤੇ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਮਸ਼ਹੂਰ ਗ੍ਰੰਥ ‘ਪੰਚਤੰਤਰ’ ਵਿਚਲੀਆਂ ਗਿਆਨ ਕਥਾਵਾਂ ਨੇ ਜਾਰਜੀਆ ਦੀਆਂ ਲੋਕ ਕਥਾਵਾਂ ’ਤੇ ਡੂੰਘਾ ਪ੍ਰਭਾਵ ਪਾਇਆ ਸੀ। ਮੱਧ ਕਾਲ ਦੌਰਾਨ ਜਾਰਜੀਆ ਤੋਂ ਬਹੁਤ ਸਾਰੇ ਮਿਸ਼ਨਰੀ, ਯਾਤਰੀ ਅਤੇ ਵਪਾਰੀ ਭਾਰਤ ਆਉਂਦੇ ਰਹੇ ਸਨ। ਜਾਰਜੀਆ ਤੋਂ ਆਏ ਕੁਝ ਇੱਕ ਨਾਗਰਿਕਾਂ ਨੇ ਤਾਂ ਮੁਗਲ ਬਾਦਸ਼ਾਹਾਂ ਦੇ ਦਰਬਾਰ ਵਿੱਚ ਨੌਕਰੀ ਵੀ ਕੀਤੀ ਸੀ। ਇਤਿਹਾਸਕ ਹਵਾਲਿਆਂ ਅਨੁਸਾਰ ‘ਉਦੇਪੁਰੀ ਬੇਗ਼ਮ’ ਜੋ ਕਿ ਬਾਦਸ਼ਾਹ ਔਰੰਗਜ਼ੇਬ ਦੀ ਪਤਨੀ ਸੀ, ਦਾ ਪਿਛੋਕੜ ਵੀ ਜਾਰਜੀਆ ਨਾਲ ਸਬੰਧ ਰੱਖਦਾ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੰਨ 1955 ਵਿੱਚ ਜਾਰਜੀਆ ਦੀ ਰਾਜਧਾਨੀ ਦਾ ਦੌਰਾ ਕੀਤਾ ਸੀ ਤੇ ਜਾਰਜੀਆ ਦੀਆਂ ਕਈ ਉੱਘੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਵਿੱਚ ਜਾਰਜੀਆ ਦੇ ਨਾਗਰਿਕ ਪਰ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਜਾਰਜੀ ਅਖਵਲੇਦਿਆਨੀ ਵੀ ਸ਼ਾਮਿਲ ਸਨ। ਉਨ੍ਹਾਂ ਤੋਂ ਬਾਅਦ ਸੰਨ 1976 ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਨ 1978 ਵਿੱਚ ਕੇਂਦਰੀ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਜਾਰਜੀਆ ਵਿਖੇ ਸ਼ਿਰਕਤ ਕੀਤੀ ਸੀ। ਸੰਨ 1991 ਵਿੱਚ ਸੋਵੀਅਤ ਸੰਘ ਤੋਂ ਵੱਖ ਹੋਣ ਉਪਰੰਤ ਸੁਤੰਤਰ ਮੁਲਕ ਵਜੋਂ ਤਸਲੀਮ ਭਾਵ ਪ੍ਰਵਾਨ ਕਰਨ ਵਾਲੇ ਮੁਲਕਾਂ ਵਿੱਚ ਭਾਰਤ ਵੀ ਸ਼ਾਮਿਲ ਸੀ। ਜਾਰਜੀਆ ਵਾਸੀਆਂ ਦੀ ਹਿੰਦੀ ਭਾਸ਼ਾ, ਭਾਰਤੀ ਫ਼ਿਲਮਾਂ ਅਤੇ ਭਾਰਤੀ ਪਕਵਾਨਾਂ ਵਿੱਚ ਗਹਿਰੀ ਦਿਲਚਸਪੀ ਰਹੀ ਹੈ, ਜਿਸਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਜਾਰਜੀਆ ਦੀ ਰਾਜਧਾਨੀ ਤਬਿਲੀਸੀ ਵਿਖੇ ਪੰਜ ਭਾਰਤੀ ਰੈਸਟੋਰੈਂਟ ਉਪਲਬਧ ਹਨ। ਜਾਰਜੀਆ ਦੀ ਅੰਬੈਸੀ ਭਾਰਤੀ ਰਾਜਧਾਨੀ ਨਵੀਂ ਦਿੱਲੀ ਵਿਖੇ ਮੌਜੂਦ ਹੈ ਤੇ ਲਗਪਗ ਅੱਠ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਜਾਰਜੀਆ ਵਿਖੇ ਪੜ੍ਹਾਈ ਲਈ ਵੱਸ ਰਹੇ ਹਨ। ਸਾਲ 2021 ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜਾਰਜੀਆ ਦਾ ਦੌਰਾ ਕੀਤਾ ਸੀ, ਇੱਥੇ ਵੱਸਦੇ ਭਾਰਤੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਸੀ।
ਜਾਰਜੀਆ ਅਤੇ ਭਾਰਤ ਦਰਮਿਆਨ ਸੁਖਾਵੇਂ ਸਬੰਧ ਹੋਣ ਦੇ ਬਾਵਜੂਦ ਪੰਜਾਬੀਆਂ ਨੂੰ ਜਾਰਜੀਆ ਵਿੱਚ ਕੋਈ ਬਹੁਤ ਹੀ ਸੁਖਾਵਾਂ ਮਾਹੌਲ ਨਹੀਂ ਮਿਲਿਆ। ਦਰਅਸਲ ਇਸ ਪਿੱਛੇ ਜਾਰਜੀਆ ਵਾਸੀਆਂ ਦੀ ਕੋਈ ਮੰਦਭਾਵਨਾ ਨਹੀਂ ਹੈ, ਸਗੋਂ ਕੁਝ ਸਥਾਨਿਕ ਨਿਯਮ-ਕਾਨੂੰਨ ਅਤੇ ਪੰਜਾਬੀ ਸਿੱਖਾਂ ਦੀ ਦਿੱਖ ਦਾ ਮੁਸਲਮਾਨਾਂ ਨਾਲ ਮੇਲ ਖਾਣਾ ਹੈ, ਜਿਨ੍ਹਾਂ ਨੂੰ ਜ਼ਿਆਦਾਤਰ ਜਾਰਜੀਆ ਵਾਸੀ ‘ਅਤਿਵਾਦੀ’ ਹੀ ਸਮਝਦੇ ਹਨ। ਬੀਤੇ 25-30 ਸਾਲ ਤੋਂ ਪੰਜਾਬੀਆਂ ਨੇ ਜਾਰਜੀਆ ਦਾ ਰੁਖ਼ ਕੀਤਾ ਸੀ, ਕਿਉਂਕਿ ਜਾਰਜੀਆ ਦੀ ਸਰਕਾਰ ਨੂੰ ਮਿਹਨਤੀ ਕਿਸਾਨਾਂ ਦੀ ਲੋੜ ਸੀ ਤੇ ਉਸ ਸਰਕਾਰ ਨੇ ਵੀਜ਼ਾ ਦੀਆਂ ਸ਼ਰਤਾਂ ਅਤੇ ਖੇਤੀਯੋਗ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਕਾਫੀ ਨਰਮੀ ਲਿਆਂਦੀ ਸੀ, ਜਿਸ ਕਰਕੇ ਪੰਜਾਬ ਵਿੱਚ ਬੈਠੇ ਟਰੈਵਲ ਏਜੰਟਾਂ ਨੇ ਪੰਜਾਬੀ ਨੌਜਵਾਨਾਂ ਤੇ ਕਿਸਾਨਾਂ ਨੂੰ ਜਾਰਜੀਆ ਵੱਲ ਤੋਰਨਾ ਸ਼ੁਰੂ ਕਰ ਦਿੱਤਾ ਸੀ। ਟਰੈਵਲ ਏਜੰਟਾਂ ਅਤੇ ਜਾਰਜੀਆ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਨੂੰ ਉਮੀਦ ਸੀ ਕਿ ਜਾਰਜੀਆ ਇੱਕ ਦਿਨ ‘ਯੂਰਪੀਅਨ ਯੂਨੀਅਨ’ ਦਾ ਮੈਂਬਰ ਬਣ ਜਾਵੇਗਾ, ਜਿਸ ਕਰਕੇ ਪੰਜਾਬੀਆਂ ਦਾ ਉਥੋਂ ਕੈਨੇਡਾ ਅਤੇ ਅਮਰੀਕਾ ਜਾਣਾ ਆਸਾਨ ਹੋ ਜਾਵੇਗਾ। ਸੰਨ 2000 ਤੋਂ ਬਾਅਦ ਤਕਰੀਬਨ ਤਿੰਨ ਹਜ਼ਾਰ ਦੇ ਕਰੀਬ ਪੰਜਾਬੀ ਸਿੱਖ ਇੱਥੇ ਪੁੱਜੇ ਸਨ, ਪਰ ਜਦੋਂ ਸਾਲ 2012 ਵਿੱਚ ਜਾਰਜੀਆ ਦੀ ਸਰਕਾਰ ਨੇ ‘ਪੀ.ਆਰ.’ ਲੈਣ ਦੇ ਨਿਯਮਾਂ ਵਿਚ ਸਖ਼ਤੀ ਲਿਆਂਦੀ ਤਾਂ ਬਹੁਤ ਸਾਰੇ ਪੰਜਾਬੀ ਨੌਜਵਾਨ ਹੋਰਨਾਂ ਮੁਲਕਾਂ ਵੱਲ ਨੂੰ ਖਿਸਕ ਗਏ ਜਾਂ ਭਾਰਤ ਪਰਤ ਗਏ। ਸੰਨ 2013 ਦੇ ਸ਼ੁਰੂ ਹੋਣ ਤੱਕ ਉਥੇ ਵੱਸਣ ਵਾਲੇ ਪੰਜਾਬੀਆਂ ਦੀ ਸੰਖਿਆ ਕੇਵਲ 200 ਤੋਂ ਲੈ ਕੇ 300 ਦੇ ਦਰਮਿਆਨ ਰਹਿ ਗਈ ਸੀ, ਜਿਨ੍ਹਾਂ ਵਿੱਚੋਂ 100 ਦੇ ਕਰੀਬ ਪੰਜਾਬੀ ਨੌਜਵਾਨ ਰਾਜਧਾਨੀ ਤਬਿਲੀਸੀ ਵਿਖੇ ਰਹਿ ਰਹੇ ਸਨ।
ਜਾਰਜੀਆ ਦੀ ਸਥਾਨਕ ਬੋਲੀ ਦਾ ਨਾਂ ‘ਕਰਤੁਲੀ’ ਹੈ, ਜਿਸ ’ਤੇ ਮੁਹਾਰਤ ਹਾਸਿਲ ਕਰਨਾ ਤਾਂ ਕਿਸੇ ਲਈ ਵੀ ਪਹਾੜ ਤੀ ਚੋਟੀ ’ਤੇ ਚੜ੍ਹਨ ਦੇ ਬਰਾਬਰ ਹੈ। ਸੰਨ 2013 ਵਿੱਚ ਜਾਰਜੀਆ ਵਿਖੇ 950 ਅਮਰੀਕੀ ਡਾਲਰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਖੇਤੀਯੋਗ ਜ਼ਮੀਨ ਪੰਜਾਬੀਆਂ ਨੇ 99 ਸਾਲ ਦੀ ਲੀਜ਼ ’ਤੇ ਲਈ ਸੀ। ਪੰਜਾਬ ਵਿੱਚ ਬੈਠੇ ਟਰੈਵਲ ਏਜੰਟਾਂ ਨੇ ਉਨ੍ਹਾਂ ਸਾਲਾਂ ਵਿੱਚ ਪੰਜਾਬੀ ਕਿਸਾਨਾਂ ਨੂੰ ਜਾਰਜੀਆ ਵਿਖੇ ਜਾ ਕੇ ਜ਼ਮੀਨਾਂ ਖਰੀਦਣ ਅਤੇ ਖੇਤੀ ਕਰਨ ਦੇ ਸੁਪਨੇ ਵਿਖਾ ਕੇ ਉਨ੍ਹਾਂ ਦੇ ਵੀਜ਼ੇ ਲਗਵਾ ਦਿੱਤੇ ਸਨ। ਇਹ ਸੱਚ ਤਾਂ ਸੀ ਕਿ ਜਾਰਜੀਆ ਵਿਖੇ ਭਾਰਤੀ ਕਰੰਸੀ ਦੇ ਹਿਸਾਬ ਨਾਲ 25 ਲੱਖ ਰੁਪਏ ਵਿੱਚ ਖੇਤੀਯੋਗ 87 ਏਕੜ ਜ਼ਮੀਨ ਹਾਸਿਲ ਹੋ ਜਾਂਦੀ ਸੀ, ਪਰ ਏਜੰਟਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਸ ਜ਼ਮੀਨ ’ਤੇ ਖੇਤੀ ਕਰਨ ਲਈ ਲੋੜੀਂਦਾ ਪਾਣੀ ਲੈਣ ਲਈ ਟਿਊਬਵੈੱਲ ਜਾਂ ਨਹਿਰੀ ਪਾਣੀ ਉਪਲਬਧ ਨਹੀਂ ਸੀ। ਖੇਤੀਬਾੜੀ ਲਈ ਲੋੜੀਂਦੀ ਮਸ਼ੀਨਰੀ ਵੀ ਉਪਲਬਧ ਨਹੀਂ ਸੀ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਸੀ। ਸਥਾਨਕ ਭਾਸ਼ਾ ਨਾ ਆਉਣ ਕਰਕੇ ਆਮ ਲੋਕਾਂ ਨਾਲ ਗੱਲਬਾਤ ਕਰਨ ਜਾਂ ਖੇਤੀ ਸਬੰਧੀ ਮਦਦ ਲੈਣ ਵਿੱਚ ਭਾਰੀ ਮੁਸ਼ਕਿਲ ਪੇਸ਼ ਆਉਂਦੀ ਸੀ। ਨਤੀਜਾ ਇਹ ਨਿਕਲਿਆ ਸੀ ਕਿ ਸਾਲ 2013 ਵਿੱਚ ਪਹਿਲੀ ਹੀ ਫ਼ਸਲ ਵੱਢਣ ਪਿੱਛੋਂ 1800 ਦੇ ਕਰੀਬ ਪੰਜਾਬੀ ਥੱਕ-ਹਾਰ ਕੇ ਵਾਪਸ ਪਰਤ ਆਏ ਸਨ। ਉਥੇ ਪਿੱਛੇ ਰਹਿ ਗਏ 200 ਦੇ ਕਰੀਬ ਪੰਜਾਬੀਆਂ ਵਿੱਚ ਪੰਜਾਬ ਦੇ ਜਗਰਾਉਂ ਨਾਲ ਸਬੰਧਿਤ ਕੁਲਵਿੰਦਰ ਸਿੰਘ ਝੱਜ ਵੀ ਸ਼ਾਮਿਲ ਸਨ, ਜਿਸਨੇ ਹਾਲਾਤ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਉਸਨੇ ਟਰੈਕਟਰ ਤੇ ਹੋਰ ਖੇਤੀਬਾੜੀ ਸਬੰਧੀ ਮਸ਼ੀਨਰੀ ਵਪਾਰ ਸ਼ੁਰੂ ਕਰ ਦਿੱਤਾ। ਉਸਨੇ ਭਾਰਤ ਤੋਂ ਖੇਤੀ ਮਸ਼ੀਨਰੀ ਜਾਰਜੀਆ ਵਿਖੇ ਲਿਜਾ ਕੇ ਉਥੇ ਖੇਤੀ ਕਰਦੇ ਪੰਜਾਬੀਆਂ ਦਾ ਸਾਹ ਸੌਖਾ ਕੀਤਾ ਸੀ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਤਰਲੋਕ ਸਿੰਘ ਖਹਿਰਾ ਕੋਲ ਵੀ ਜਾਰਜੀਆ ਵਿਖੇ 125 ਏਕੜ ਖੇਤੀਯੋਗ ਜ਼ਮੀਨ ਹੈ ਤੇ ਉਹ ਵੀ ਸਾਲ 2012 ਵਿੱਚ ਜਾਰਜੀਆ ਵਿਖੇ ਪੱਜੇ ਸਨ। ਉਨ੍ਹਾਂ ਦੀ ਜ਼ਮੀਨ ਕਾਫੀ ਉਪਜਾਊ ਹੈ ਤੇ ਉਹ ਇਹ ਮੰਨਦੇ ਹਨ ਕਿ ਇੱਥੇ ਪੰਜਾਬ ਦੇ ਮੁਕਾਬਲੇ ਕਾਫੀ ਸਸਤੀ ਕੀਮਤ ’ਤੇ ਵਾਹੀਯੋਗ ਜ਼ਮੀਨ ਮਿਲ ਜਾਂਦੀ ਹੈ। ਉਂਜ ਪੰਜਾਬ ਤੋਂ ਜਾਰਜੀਆ ਵਿਖੇ ਜਾ ਕੇ ਵੱਸਣ ਵਾਲੇ ਪੰਜਾਬੀ ਦੋ ਗੱਲਾਂ ਤੋਂ ਬਹੁਤ ਖੁਸ਼ ਵੀ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਜਾਰਜੀਆ ‘ਜੁਰਮ ਮੁਕਤ’ ਮੁਲਕ ਹੈ ਤੇ ਦੂਜਾ ਇਹ ਕਿ ਇੱਥੇ ਸਾਰੀਆਂ ਜ਼ਮੀਨਾਂ ਦਾ ਰਿਕਾਰਡ ‘ਆਨਲਾਈਨ’ ਹੈ, ਜਿਸ ਕਰਕੇ ਜ਼ਮੀਨ ਦੀ ਮਾਲਕੀ ਸਬੰਧੀ ਝਗੜਿਆਂ ਦੀ ਕੋਈ ਗੁੰਜਾਇਸ਼ ਨਹੀਂ ਹੈ।
ਪੰਜਾਬੀਆਂ ਨੂੰ ਜਾਰਜੀਆ ਵਿਖੇ ਜਿਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਇੱਕ ਵੱਡੀ ਦਿੱਕਤ ਇਹ ਹੈ ਕਿ ਇੱਥੋਂ ਦੇ ਲੋਕ ਭਾਰਤੀ ਤੇ ਖ਼ਾਸ ਕਰਕੇ ਪੰਜਾਬੀ ਤਿਉਹਾਰਾਂ ਸਬੰਧੀ ਜਾਣੂ ਨਹੀਂ ਹਨ, ਜਿਸ ਕਰਕੇ ਇੱਥੇ ਕੋਈ ਵੀ ਦਿਨ-ਤਿਉਹਾਰ ਜਾਂ ਗੁਰਪੁਰਬ ਆਦਿ ਮਨਾਉਣ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਦੂਜੀ ਦਿੱਕਤ ਇਹ ਹੈ, ਕਿਉਂਕਿ ਜਾਰਜੀਆ ਦੇ ਲੋਕਾਂ ਨੇ ਬੀਤੇ ਸਮੇਂ ਵਿਚ ਮੁਸਲਿਮ ਫ਼ੌਜਾਂ ਨਾਲ ਕਈ ਲੜਾਈਆਂ ਲੜੀਆਂ ਹਨ, ਇਸ ਕਰਕੇ ਮੁਹਾਂਦਰੇ ਪੱਖੋਂ ਉਹ ਪੰਜਾਬੀ ਸਿੱਖਾਂ ਨੂੰ ਮੁਸਲਿਮ ਮੰਨ ਬੈਠਦੇ ਹਨ ਤੇ ‘ਖ਼ਤਰਨਾਕ’ ਸਮਝ ਕੇ ਚੰਗਾ ਵਤੀਰਾ ਨਹੀਂ ਕਰਦੇ ਹਨ। ਤੀਜੀ ਦਿੱਕਤ ਇਹ ਹੈ ਕਿ ਇੱਥੇ ਜ਼ਮੀਨ ਸਸਤੀ ਤਾਂ ਹੈ, ਪਰ ਖੇਤੀ ਕਰਨੀ ਬਹੁਤ ਔਖੀ ਹੈ। ਚੌਥੀ ਦਿੱਕਤ ਇਹ ਹੈ ਕਿ ਫ਼ਸਲਾਂ ਨੂੰ ਸੰਭਾਲਣ ਲਈ ਇੱਥੇ ਗੁਦਾਮਾਂ ਦੀ ਘਾਟ ਹੈ, ਜਿਸ ਕਰਕੇ ਅਣਵਿਕੀ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਸਸਤੇ ਭਾਅ ਹੀ ਵੇਚ ਦੇਣਾ ਪੈਂਦਾ ਹੈ। ਪੰਜਵੀਂ ਦਿੱਕਤ ਇਹ ਹੈ ਕਿ ਸਥਾਨਕ ਭਾਸ਼ਾ ਨਾ ਆਉਣ ਕਰਕੇ ਅਤੇ ਖੇਤੀ ਤੋਂ ਇਲਾਵਾ ਹੋਰ ਕੋਈ ਕੰਮ ਨਾ ਮਿਲਣ ਕਰਕੇ ਪੰਜਾਬੀ ਔਰਤਾਂ ਨੂੰ ਜ਼ਿਆਦਾਤਰ ਸਮਾਂ ਘਰ ਵਿੱਚ ਹੀ ਬਤੀਤ ਕਰਨਾ ਪੈਂਦਾ ਹੈ। ਛੇਵੀਂ ਦਿੱਕਤ ਇਹ ਹੈ ਕਿ ਬਾਜ਼ਾਰ ਵਿਚ ਭਾਰਤੀ ਮਸਾਲਿਆਂ ਅਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਘਾਟ ਹੋਣ ਕਰਕੇ ਪੰਜਾਬੀਆਂ ਨੂੰ ਆਪਣੀ ਵਰਤੋਂ ਲਈ ਲੋੜੀਂਦੀਆਂ ਸਬਜ਼ੀਆਂ, ਮਸਾਲੇ ਅਤੇ ਹੋਰ ਚੀਜ਼ਾਂ ਆਪ ਹੀ ਆਪਣੇ ਖੇਤਾਂ ਤੇ ਘਰਾਂ ਵਿੱਚ ਉਗਾਉਣੀਆਂ ਪੈਂਦੀਆਂ ਹਨ। ਹੁਣ ਬੀਤੇ ਕੁਝ ਸਾਲਾਂ ਵਿੱਚ ਜਾਰਜੀਆ ਜਾਣ ਵਾਲੇ ਭਾਰਤੀਆਂ ਤੇ ਪੰਜਾਬੀਆਂ ਵਿੱਚ ਉਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਕਾਫੀ ਵਧੀ ਹੈ, ਜੋ ਦਵਾਈਆਂ ਅਤੇ ਡੈਂਟਿਸਟਰੀ ਨਾਲ ਸਬੰਧਿਤ ਉੱਚ-ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਹਨ। ਇੱਥੇ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਭਾਰਤ ਦੇ ਮੁਕਾਬਲੇ ਕਾਫੀ ਸਸਤੀ ਹੈ। ਦੁੱਖ ਦੀ ਗੱਲ ਹੈ ਕਿ ਸਾਲ 2024 ਦੇ ਅਖ਼ੀਰ ਵਿੱਚ ਜਾਰਜੀਆ ਵਿਖੇ ਵਾਪਰੇ ਇੱਕ ਦੁਖਦਾਇਕ ਹਾਦਸੇ ਵਿਚ ਜ਼ਹਿਰੀਲੀ ਗੈਸ ਚੜ੍ਹਨ ਕਰਕੇ 11 ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿੱਚੋਂ ਚਾਰ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚਾਉਣ ਵਿੱਚ ਉੱਘੇ ਸਮਾਜ ਸੇਵੀ ਡਾ. ਐਸ.ਪੀ.ਐਸ. ਓਬਰਾਏ ਦੁਆਰਾ ਵੱਡੀ ਮਦਦ ਪ੍ਰਦਾਨ ਕੀਤੀ ਗਈ ਸੀ।
ਅਖ਼ੀਰ ਵਿੱਚ ਇਹ ਦੱਸਣਾ ਬਣਦਾ ਹੈ ਕਿ ਜਾਰਜੀਆ ਦੀ ਨਾਗਰਿਕ ਇੱਕ ਬਜ਼ੁਰਗ ਮਹਿਲਾ, ਜਿਸਦੀ ਪੋਤਰੀ ਨੇ ਇੱਕ ਪਗੜੀਧਾਰੀ ਪੰਜਾਬੀ ਨੌਜਵਾਨ ਨਾਲ ਵਿਆਹ ਕਰਵਾਇਆ ਹੈ, ਦਾ ਕਹਿਣਾ ਹੈ, “ਜਦੋਂ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਪੋਤਰੀ ਦੇ ਹੋਣ ਵਾਲੇ ਪਤੀ ਦੀ ਦਾਹੜੀ ਅਤੇ ਪਗੜੀ ਵਾਲੀ ਤਸਵੀਰ ਵੇਖ਼ੀ ਸੀ ਤਾਂ ਉਸੇ ਵਕਤ ਹੀ ਆਖ਼ ਦਿੱਤਾ ਸੀ ਕਿ ਇਹ ਤਾਂ ਜ਼ਰੂਰ ਹੀ ਕੋਈ ‘ਅਤਿਵਾਦੀ’ ਹੋਵੇਗਾ, ਪਰ ਹੁਣ ਸ਼ਾਦੀ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖਾਂ ਦੀ ਅਸਲੀਅਤ ਅਤੇ ਉਨ੍ਹਾਂ ਦੇ ਮਿਹਨਤੀ ਅਤੇ ਰਾਂਗਲੇ ਸੁਭਾਅ ਬਾਰੇ ਪਤਾ ਲੱਗਾ ਹੈ ਤਾਂ ਉਹ ਉਸਨੂੰ ਬਾਕੀ ਸਭ ਨਾਲੋਂ ਵੱਧ ਪਿਆਰ ਕਰਦੇ ਹਨ।”
ਇਸ ਬਜ਼ੁਰਗ ਮਹਿਲਾ ਦਾ ਇਹ ਵਾਕ ਦਰਸਾਉਂਦਾ ਹੈ ਕਿ ਪੰਜਾਬੀਆਂ ਪ੍ਰਤੀ ਜਾਰਜੀਆ ਦੇ ਵਸਨੀਕਾਂ ਦੀ ਸੋਚ ਅਤੇ ਵਿਹਾਰ ਵਿੱਚ ਵੱਡੇ ਪਰਿਵਰਤਨ ਆ ਰਹੇ ਹਨ।

Leave a Reply

Your email address will not be published. Required fields are marked *