ਡਾ. ਅਰਵਿੰਦਰ ਸਿੰਘ ਭੱਲਾ*
ਫੋਨ:+91-9463062603
ਗੁਰੂਦੇਵ ਨੇ ਜਗਿਆਸੂ ਨੂੰ ਉਪਦੇਸ਼ ਦਿੰਦੇ ਹੋਏ ਫ਼ੁਰਮਾਇਆ ਕਿ ਦੁਨਿਆਵੀ ਪੱਧਰ ਉੱਪਰ ਹਰ ਹਸਰਤ, ਹਰ ਆਰਜ਼ੂ ਅਤੇ ਹਰੇਕ ਖ਼ਾਹਿਸ਼ ਜਾਂ ਅਭਿਲਾਸ਼ਾ ਕਦੀ ਨਾ ਕਦੀ ਵਿਅਕਤੀ ਲਈ ਰੁਸਵਾਈ, ਨਦਾਮਤ, ਦੁਸ਼ਵਾਰੀ ਜਾਂ ਅਜ਼ਮਾਇਸ਼ ਦਾ ਸਬੱਬ ਜ਼ਰੂਰ ਬਣਦੀ ਹੈ। ਦਰਅਸਲ ਮਨੁੱਖ ਖੁਦ ਨੂੰ ਹਵਸ ਅਤੇ ਹਿਰਸ ਦੀ ਭੱਠੀ ਵਿੱਚ ਉਸ ਸਮੇਂ ਤੱਕ ਤਪਾਉਂਦਾ ਜਾਂ ਸਾੜਦਾ ਹੈ, ਜਦੋਂ ਤੱਕ ਉਹ ਉਸ ਵਿੱਚ ਸੜਦਾ ਹੋਇਆ ਖ਼ੁਦ ਫ਼ਨਾ ਨਹੀਂ ਹੋ ਜਾਂਦਾ ਹੈ।
ਸਾਰੀ ਕਾਇਨਾਤ ਦਾ ਇਲਮ ਜਾਂ ਸਿਆਣਪ ਵੀ ਭਾਵੇਂ ਕਿਉਂ ਨਾ ਉਸ ਦੀ ਝੋਲੀ ਪਾ ਦਿੱਤੀ ਜਾਵੇ, ਪਰ ਉਹ ਆਪਣੀਆਂ ਖਵਾਹਿਸ਼ਾਂ ਦੀ ਪੂਰਤੀ ਤੱਕ ਆਪਣੇ ਮਨ ਦੇ ਆਖੇ ਲੱਗ ਕੇ ਆਪਣੇ ਹੱਥੀਂ ਆਪਣੇ-ਆਪ ਨੂੰ ਦਰ-ਦਰ ਉਤੇ ਜ਼ਲੀਲ-ਓ-ਖ਼ੁਆਰ ਕਰਵਾਉਣ ਤੋਂ ਜ਼ਰਾ ਵੀ ਨਹੀਂ ਝਿਜਕਦਾ ਹੈ। ਆਪਣੀ ਹਰ ਆਰਜ਼ੂ ਦੀ ਕਿਸੇ ਵੀ ਹੀਲੇ ਤਕਮੀਲ ਦੀ ਖਾਹਿਸ਼ ਰੱਖਣ ਵਾਲਾ ਹਰ ਮਨੁੱਖ ਆਪਣੀਆਂ ਹਸਰਤਾਂ ਅਤੇ ਖ਼ਵਾਬਾਂ ਦੇ ਚੱਕਰਵਿਊ ਵਿੱਚ ਹਮੇਸ਼ਾ ਘਿਰਿਆ ਰਹਿੰਦਾ ਹੈ। ਸਕੂਨ, ਖੁਸ਼ੀ, ਸ਼ੋਹਰਤ ਅਤੇ ਕਾਮਯਾਬੀ ਦਾ ਚਾਹਵਾਨ ਮਨੁੱਖ ਇੱਕ ਤੋਂ ਬਾਅਦ ਇੱਕ ਖਾਹਿਸ਼ ਦੀ ਪੂਰਤੀ ਤੋਂ ਬਾਅਦ ਵੀ ਰੁਸਵਾ ਹੋਣ ਦੇ ਨਾਲ-ਨਾਲ ਬੇਚੈਨ, ਗਮਗੀਨ ਅਤੇ ਨਾਕਾਮ ਹੀ ਰਹਿੰਦਾ ਹੈ।
ਗੁਰੂਦੇਵ ਨੇ ਜਗਿਆਸੂ ਨੂੰ ਫ਼ੁਰਮਾਇਆ ਕਿ ਦੁਨਿਆਵੀ ਪੱਧਰ ਉਤੇ ਕੋਈ ਵੀ ਪ੍ਰਾਪਤੀ ਅਸਲ ਵਿੱਚ ਨਾ ਤਾਂ ਮਨੁੱਖ ਨੂੰ ਕਦੇ ਸਕੂਨ ਪ੍ਰਦਾਨ ਕਰ ਸਕਦੀ ਹੈ ਅਤੇ ਨਾ ਹੀ ਮਨੁੱਖ ਅੰਦਰ ਕੋਈ ਸਦੀਵੀਂ ਖੇੜਾ ਜਾਂ ਵਿਸਮਾਦ ਪੈਦਾ ਕਰ ਸਕਦੀ ਹੈ। ਕਾਸ਼! ਮਨੁੱਖ ਆਪਣੇ ਖ਼ਵਾਬਾਂ ਦੀ ਤਾਬੀਰ ਨਾਲ ਜੇਕਰ ਕਿਤੇ ਪੁਰਸਕੂਨ ਹੋ ਜਾਂਦਾ ਤਾਂ ਸ਼ਾਇਦ ਉਸ ਅੰਦਰ ਕਿਸੇ ਜੰਨਤ ਨੂੰ ਪਾਉਣ ਦੀ ਆਰਜ਼ੂ ਬਾਕੀ ਨਾ ਰਹਿੰਦੀ; ਜੇਕਰ ਕਿਤੇ ਉਸ ਦੀਆਂ ਹਸਰਤਾਂ ਦੀਆਂ ਕੋਈ ਹੱਦਾਂ ਹੁੰਦੀਆਂ ਤਾਂ ਸ਼ਾਇਦ ਇਸ ਦੁਨੀਆਂ ਦੀ ਤਸਵੀਰ ਹੀ ਕੁਝ ਅਲੱਗ ਹੁੰਦੀ; ਜੇਕਰ ਕਿਤੇ ਉਸ ਨੂੰ ਆਪਣੀਆਂ ਕੁਝ ਤਮੰਨਾਵਾਂ ਦਾ ਗਲਾ ਘੋਟਣ ਦਾ ਹੁਨਰ ਆ ਜਾਂਦਾ ਤਾਂ ਸ਼ਾਇਦ ਉਹ ਗੁਨਾਹਾਂ ਦੇ ਰਸਤੇ ਉਤੇ ਏਨੀ ਦੂਰ ਤੱਕ ਨਾ ਨਿਕਲ ਜਾਂਦਾ; ਜੇਕਰ ਕਿਤੇ ਉਸ ਨੂੰ ਆਪਣੀ ਹਰ ਆਰਜ਼ੂ ਨੂੰ ਇਖ਼ਲਾਕ ਦੀ ਕਸਵੱਟੀ ਉਤੇ ਪਰਖਣਾ ਆ ਜਾਂਦਾ ਤਾਂ ਸ਼ਾਇਦ ਉਹ ਆਪਣੇ ਅੰਦਰ ਬਦੀ ਦੇ ਖ਼ਿਆਲ ਨੂੰ ਅੰਗੜਾਈ ਲੈਣ ਤੋਂ ਰੋਕਣ ਵਿੱਚ ਕਾਮਯਾਬ ਹੋ ਜਾਂਦਾ; ਜੇਕਰ ਉਹ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨ ਦਾ ਫ਼ਨ ਸਿੱਖ ਲੈਂਦਾ ਤਾਂ ਸ਼ਾਇਦ ਉਹ ਆਪਣੀਆਂ ਬੇਲਗਾਮ ਖਾਹਿਸ਼ਾਂ ਦੀ ਪੂਰਤੀ ਖ਼ਾਤਰ ਹਰ ਕਦਮ ਉਤੇ ਸਮਝੌਤੇ ਕਰਨ ਤੋਂ ਗੁਰੇਜ਼ ਕਰਦਾ; ਜੇਕਰ ਕਿਤੇ ਉਸ ਨੂੰ ਆਪਣੇ ਅੰਦਰ ਦੇ ਸ਼ੋਰ ਨੂੰ ਆਪਣੇ ਅੰਦਰ ਹੀ ਨੇਸਤੋ-ਨਾਬੂਦ ਕਰਨ ਦਾ ਹੁਨਰ ਮਾਲੂਮ ਹੁੰਦਾ ਤਾਂ ਸ਼ਾਇਦ ਉਹ ਇਉਂ ਆਸ਼ਾਂਤ ਅਤੇ ਉਦਾਸ ਨਾ ਰਹਿੰਦਾ ਅਤੇ ਜੇਕਰ ਕਿਤੇ ਉਹ ਆਪਣੀ ਨਫ਼ਸ ਨੂੰ ਆਪਣੇ ਕਾਬੂ ਵਿੱਚ ਰੱਖਣ ਵਿੱਚ ਸਫ਼ਲ ਹੋ ਪਾਉਂਦਾ ਤਾਂ ਸ਼ਾਇਦ ਉਹ ਆਪਣੇ ਅੰਦਰੋਂ ਹੀ ਆਪਣੇ ਸੋਹਣੇ ਰੱਬ ਦੇ ਦੀਦਾਰ ਕਰ ਪਾਉਂਦਾ।
ਗੁਰੂਦੇਵ ਨੇ ਇਹ ਵੀ ਬਚਨ ਕੀਤਾ ਕਿ ਦਰਅਸਲ ਗਿਆਨ ਇੰਦਰੀਆਂ ਦੇ ਰਸਾਂ ਤੋਂ ਪਰਾਂ ਵੀ ਇੱਕ ਬੇਹੱਦ ਖੂਬਸੂਰਤ ਸੰਸਾਰ ਹੁੰਦਾ ਹੈ। ਕੇਵਲ ਆਪਣੀਆਂ ਤਮੰਨਾਵਾਂ ਦਾ ਪ੍ਰਗਟਾਵਾ ਜਾਂ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਹੀ ਜ਼ਿੰਦਗੀ ਦਾ ਪਹਿਲਾ ਅਤੇ ਆਖਰੀ ਮਕਸਦ ਹਰਗਿਜ਼ ਨਹੀਂ ਹੋ ਸਕਦਾ ਹੈ। ਕੋਈ ਵੀ ਦੁਨਿਆਵੀ ਰਸ ਮਨੁੱਖ ਨੂੰ ਆਤਮਿਕ ਤੌਰ ਉੱਪਰ ਕਦੇ ਵੀ ਸਦੀਵੀਂ ਤੌਰ `ਤੇ ਤ੍ਰਿਪਤ ਨਹੀਂ ਕਰ ਸਕਦਾ ਹੈ। ਤ੍ਰਿਸ਼ਨਾਵਾਂ- ਲਾਲਚ ਅਤੇ ਈਰਖਾ ਵਿੱਚੋਂ ਪੈਦਾ ਹੁੰਦੀਆਂ ਹਨ। ਤ੍ਰਿਸ਼ਨਾਲੂ ਕਦੇ ਵੀ ਕਿਸੇ ਨਾਲ ਪਿਆਰ ਜਾਂ ਹਮਦਰਦੀ ਦੇ ਭਾਵ ਨਹੀਂ ਰੱਖ ਸਕਦਾ ਹੈ, ਕਿਉਂ ਕਿ ਨਾ ਤਾਂ ਉਹ ਜ਼ਹੀਨ ਹੁੰਦਾ ਹੈ ਅਤੇ ਨਾ ਉਹ ਹਸਾਸ ਹੁੰਦਾ ਹੈ। ਤ੍ਰਿਸ਼ਨਾਵਾਂ ਦੀ ਪਾਉੜੀਆਂ ਚੜ੍ਹਨ ਦਾ ਚਾਹਵਾਨ ਮਨੁੱਖ ਕਦੇ ਵੀ ਕਿਤੇ ਨਹੀਂ ਪੁੱਜਦਾ ਹੈ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਲਾਲਸਾਵਾਂ ਦਾ ਕਦੇ ਵੀ ਕੋਈ ਅੰਤ ਨਹੀਂ ਹੁੰਦਾ। ਭਾਵੇਂ ਮਨੁੱਖ ਦੀ ਇੱਕ ਤੋਂ ਬਾਅਦ ਇੱਕ ਕਾਮਨਾ ਵੀ ਕਿਉਂ ਨਾ ਪੂਰੀ ਹੋਵੇ, ਪਰ ਉਸ ਦੀਆਂ ਇੱਛਾਵਾਂ ਦੀ ਫਹਿਰਿਸਤ ਬਹੁਤ ਲੰਮੀ ਹੁੰਦੀ ਹੈ। ਖਵਾਇਸ਼ਾਂ ਦੀ ਚੱਕੀ ਵਿੱਚ ਪਿਸ ਰਿਹਾ ਮਨੁੱਖ ਕਦੇ ਵੀ ਜ਼ਿਹਨੀ ਤੌਰ ਉੱਪਰ ਸਕੂਨ ਹਾਸਲ ਨਹੀਂ ਕਰ ਸਕਦਾ ਹੈ। ਮਨੁੱਖ ਜ਼ਰਾ ਕੁ ਆਪਣੀ ਤਰਜ਼-ਏ-ਜ਼ਿੰਦਗੀ ਉੱਪਰ ਝਾਤ ਮਾਰੇ ਤਾਂ ਉਸ ਨੂੰ ਇੱਕ ਪੜਾਅ ਉਤੇ ਇਹ ਸਹਿਜੇ ਹੀ ਮਹਿਸੂਸ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਿਸ਼ਾਹੀਣਤਾ ਦਾ ਸ਼ਿਕਾਰ ਹੋ ਕੇ ਬੇਮਕਸਦ ਜ਼ਿੰਦਗੀ ਗੁਜ਼ਾਰ ਰਿਹਾ ਹੈ। ਅਸੀਂ ਲੋਕ ਅਕਸਰ ਇਸ ਮੁਗਾਲਤੇ ਦੇ ਸ਼ਿਕਾਰ ਹੁੰਦੇ ਹਾਂ ਕਿ ਜਿਵੇਂ ਸਫ਼ਲਤਾ ਦੇ ਕਿਸੇ ਸਿਖ਼ਰ ਨੂੰ ਛੂਹ ਕੇ ਸਾਨੂੰ ਸਭ ਕੁਝ ਮਿਲ ਜਾਵੇਗਾ; ਪਰ ਇਹ ਸੱਚ ਨਹੀਂ ਹੁੰਦਾ। ਆਪਣੀਆਂ ਖਵਾਹਿਸ਼ਾਂ ਦੀ ਪੂਰਤੀ ਤੋਂ ਬਾਅਦ ਵੀ ਅਸੀਂ ਆਪਣੇ ਆਖ਼ਰੀ ਸਾਹਾਂ ਤੱਕ ਅਧੂਰੇ, ਅਤ੍ਰਿਪਤ, ਅਸੰਤੁਸ਼ਟ ਅਤੇ ਨਾਖੁਸ਼ ਰਹਿੰਦੇ ਹਾਂ।
ਖੋਖਲੇ ਵਜੂਦ ਵਾਲੇ ਮਾਨਸਿਕ ਕੰਗਾਲੀ ਦਾ ਸੰਤਾਪ ਹੰਢਾਅ ਰਹੇ ਲੋਕ ਹਮੇਸ਼ਾ ਆਪਣੀ ਤੁਲਨਾ ਦੂਜਿਆਂ ਨਾਲ ਕਰਦੇ ਹੋਏ ਖੁਦ ਨੂੰ ਦੂਜਿਆਂ ਨਾਲੋਂ ਬੇਹਤਰ ਬਣਾਉਣ ਦੀ ਅੰਨ੍ਹੀ ਦੌੜ ਵਿੱਚ ਇਸ ਹੱਦ ਤੱਕ ਅੰਨ੍ਹੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਛੋਟੀਆਂ-ਛੋਟੀਆਂ ਲੇਕਿਨ ਬੇਸ਼ਕੀਮਤੀ ਖੁਸ਼ੀਆਂ ਨੂੰ ਮਾਣਨਾ ਨਸੀਬ ਹੀ ਨਹੀਂ ਹੁੰਦਾ ਹੈ। ਅਜਿਹੇ ਨਾਸ਼ੁਕਰੇ ਲੋਕ ਆਪਣੀ ਝੋਲੀ ਨੂੰ ਹਮੇਸ਼ਾ ਖਾਲੀ ਮਹਿਸੂਸ ਕਰਦੇ ਹਨ ਅਤੇ ਦੂਜਿਆਂ ਨੂੰ ਦੇਖ-ਦੇਖ ਕਿ ਅਹਿਸਾਸ-ਏ-ਕਮਤਰੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦਾ ਲੋਭ ਸਮੇਂ ਦੇ ਬੀਤਣ ਨਾਲ ਵੱਧਦਾ ਹੀ ਚਲਿਆ ਜਾਂਦਾ ਹੈ। ਇਨ੍ਹਾਂ ਦੀ ਕਾਮ ਚੇਸ਼ਟਾ ਦਾ ਸਫ਼ਰ ਇਨ੍ਹਾਂ ਨੂੰ ਥਕਾ ਦਿੰਦਾ ਹੈ। ਅਜਿਹੇ ਲੋਕਾਂ ਅੰਦਰ ਦੂਜਿਆਂ ਨਾਲੋਂ ਹਮੇਸ਼ਾ ਇੱਕ ਕਦਮ ਅੱਗੇ ਹੋਣ ਦੀ ਤੀਬਰ ਇੱਛਾ ਇਨ੍ਹਾਂ ਨੂੰ ਹਮੇਸ਼ਾ ਅਸ਼ਾਂਤ, ਵਿਚਲਿਤ ਅਤੇ ਪ੍ਰੇਸ਼ਾਨ ਕਰੀ ਰੱਖਦੀ ਹੈ। ਦਰਅਸਲ ਅਜੋਕੇ ਸਮੇਂ ਵਿੱਚ ਰੋਜ਼ਮੱਰਾ ਦੀ ਦੌੜ-ਭੱਜ ਵਿੱਚ ਮਨੁੱਖ ਬੁਨਿਆਦੀ ਤੌਰ ਉੱਪਰ ਇਹ ਭੁੱਲ ਹੀ ਗਿਆ ਹੈ ਕਿ ਭਟਕਣ ਦਾ ਸ਼ਿਕਾਰ ਬਣ ਕੇ, ਮਾਨਸਿਕ ਸ਼ਾਂਤੀ ਗਵਾ ਕੇ ਅਤੇ ਹਮੇਸ਼ਾ ਲੋਭ ਤੇ ਈਰਖਾ ਦੀ ਭੱਠੀ ਦਾ ਬਾਲਣ ਬਣ ਕੇ ਉਹ ਆਪਣੀ ਅਸਲ ਮੰਜ਼ਿਲ ਤੋਂ ਲੱਖਾਂ ਕੋਹਾਂ ਦੂਰ ਹੀ ਰਹੇਗਾ।
ਗੁਰੂਦੇਵ ਨੇ ਅੰਤ ਵਿੱਚ ਜਗਿਆਸੂ ਨੂੰ ਫ਼ੁਰਮਾਇਆ ਕਿ ਜ਼ਰੂਰਤਾਂ ਅਤੇ ਖਵਾਹਿਸ਼ਾਂ ਵਿੱਚ ਹਮੇਸ਼ਾ ਮੁਨਾਸਿਬ ਦੂਰੀ ਬਣਾ ਕੇ ਰੱਖੋ; ਆਪਣੇ ਲਾਲਚ ਨੂੰ ਆਪਣੀ ਅੰਤਰ ਆਤਮਾ ਉਤੇ ਬੋਝ ਨਾ ਪਾਉਣ ਦਿਉ; ਆਪਣਾ ਸਹਿਜ ਗਵਾ ਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਦੀ ਕੋਸ਼ਿਸ਼ ਨਾ ਕਰੋ ਅਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਇਹ ਜ਼ਿੰਦਗੀ ਦੀ ਦਾਤ ਕੇਵਲ ਆਪਣੀਆਂ ਅੱਥਰੀਆਂ ਖਾਹਿਸ਼ਾਂ ਦੀ ਪੂਰਤੀ ਲਈ ਨਹੀਂ ਮਿਲੀ ਹੈ। ਮਨੁੱਖ ਦੀ ਹਰ ਆਰਜ਼ੂ ਦੀ ਪੂਰਤੀ ਦੀ ਕੀਮਤ ਜੇਕਰ ਸਮੁੱਚੇ ਮੁਆਸ਼ਰੇ ਨੂੰ ਚੁਕਾਉਣੀ ਪੈਂਦੀ ਹੈ ਜਾਂ ਆਪਣੀਆਂ ਖਾਹਿਸ਼ਾਂ ਕਰਕੇ ਜੇਕਰ ਇਨਸਾਨ ਨੂੰ ਗੈਰ-ਸਿਧਾਂਤਕ ਅਤੇ ਗੈਰ-ਇਖਲਾਕੀ ਸਮਝੌਤੇ ਵੀ ਕਰਨੇ ਪੈਂਦੇ ਹਨ ਤਾਂ ਉਸ ਸੂਰਤ ਵਿੱਚ ਇਹ ਹੀ ਬੇਹਤਰ ਸਾਬਤ ਹੋਵੇਗਾ ਕਿ ਮਨੁੱਖ ਦੀਆਂ ਕੁਝ ਗੈਰ-ਵਾਜਬ ਖਾਹਿਸ਼ਾਂ ਅਧਵਾਟੇ ਹੀ ਦਮ ਤੌੜ ਦੇਣ। ਇਹ ਵੀ ਯਾਦ ਰਹੇ ਕਿ ਆਪਣੀ ਜ਼ਿੰਦਗੀ ਦੇ ਰਾਹਾਂ ਨੂੰ ਖੁਸ਼ਨੁਮਾ, ਪੁਰਸਕੂਨ, ਸਾਜ਼ਗਾਰ ਅਤੇ ਹਮਵਾਰ ਬਣਾਉਣ ਦੀ ਖ਼ਾਤਰ ਬੇਲਗਾਮ ਹਸਰਤਾਂ ਦੇ ਅੰਧੇਰੀ ਅਤੇ ਬੰਦ ਗਲੀ ਵਿੱਚ ਦਾਖਲ ਹੋਣ ਤੋਂ ਜਿੰਨਾ ਸੰਭਵ ਹੋ ਸਕੇ, ਸੰਕੋਚ ਕਰਨ ਦੀ ਜ਼ਰੂਰਤ ਹੁੰਦੀ ਹੈ।
—
*ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।