ਸ਼੍ਰੀ ਮਾਨ, ਸ਼੍ਰੀ ਮਤੀ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-9417358120
ਭਾਸ਼ਾ ਸਭਿਆਚਾਰ ਦਾ ਅੰਗ ਹੁੰਦੀ ਹੈ। ਸਭਿਆਚਾਰ ਭਾਸ਼ਾ ਦੀ ਤੋਰ ਨੂੰ ਜਿਵੇਂ ਨਿਸਚਿਤ ਕਰਦਾ ਹੈ, ਉਹ ਓਸੇ ਰੂਪ ਵਿੱਚ ਢਲ ਜਾਂਦੀ ਹੈ। ਸਾਡਾ ਸਮਾਜ ਹਜ਼ਾਰਾਂ ਸਾਲਾਂ ਤੋਂ ਪਿੱਤਰੀ ਸੱਤਾ ਵਿੱਚ ਢਲਿਆ ਹੋਇਆ ਹੈ। ਇਸ ਲਈ ਭਾਸ਼ਾ ਵਿੱਚ ਪਿੱਤਰੀ ਸੱਤਾ ਨੇ ਆਪਣੀ ਹੈਜਮਨੀ ਸਥਾਪਤ ਕਰਨ ਲਈ ਬਹੁਤ ਸਾਰੇ ਸ਼ਬਦਾਂ ਦਾ ਰਾਖਵਾਂਕਰਨ ਆਪਣੀ ਸੱਤਾ ਨੂੰ ਮਜਬੂਤ ਕਰਨ ਲਈ ਕਰ ਲਿਆ। ਸ਼੍ਰੀ ਮਾਨ ਤੇ ਸ਼੍ਰੀ ਮਤੀ ਦੋ ਅਜਿਹੇ ਸ਼ਬਦ ਹਨ, ਜਿਨ੍ਹਾਂ ਪਿਛੇ ਬੜੀ ਦਿਲਚਸਪ ਅਰਥ ਲੜੀ ਪਈ ਹੈ।

ਇਹ ਦੋਵੇਂ ਸੰਬੋਧਨ ਭਾਰਤੀ ਭਾਸ਼ਾਵਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਆਮ ਤੌਰ `ਤੇ ਸ਼੍ਰੀ ਜਾਂ ਸ਼੍ਰੀ ਮਾਨ ਸ਼ਬਦ ਪੁਰਸ਼ਾਂ ਲਈ ਰਾਖਵਾਂ ਹੈ ਤੇ ਸ਼੍ਰੀ ਮਤੀ ਔਰਤਾਂ ਲਈ। ਇਨ੍ਹਾਂ ਵਿੱਚ ਇਕ ਘੁੰਡੀ ਵੀ ਹੈ ਕਿ ਸ਼੍ਰੀ ਜਾਂ ਸ਼੍ਰੀ ਮਾਨ ਸ਼ਬਦ ਵਿਸ਼ੇਸ਼ਣੀ ਤੌਰ `ਤੇ ਬਾਲਗਾਂ ਤੇ ਅਣਵਿਆਹਿਆਂ- ਦੋਹਾਂ ਲਈ ਵਰਤੇ ਜਾਂਦੇ ਹਨ, ਜਦ ਕਿ ਸ਼੍ਰੀ ਮਤੀ ਸ਼ਬਦ ਸਿਰਫ ਵਿਆਹੀਆਂ ਔਰਤਾਂ ਲਈ ਰਾਖਵਾਂ ਹੈ। ਅਣਵਿਆਹੀਆਂ ਲਈ ਸੁਸ਼੍ਰੀ ਜਾਂ ਕੁਮਾਰੀ ਸ਼ਬਦ ਵਰਤਿਆ ਜਾਂਦਾ ਹੈ। ਪੰਜਾਬੀ ਵਿੱਚ ਬੀਬਾ ਸ਼ਬਦ ਦੋਹਾਂ ਲਈ ਵਰਤ ਲਿਆ ਜਾਂਦਾ ਹੈ। ਹਾਲਾਂਕਿ ਇਹ ਸ਼ਬਦ ਕਿਸੇ ਵੀ ਤਰ੍ਹਾਂ ਜ਼ਾਹਰ ਨਹੀਂ ਕਰਦਾ ਕਿ ਔਰਤ ਵਿਆਹੀ ਹੈ ਜਾਂ ਕੁਆਰੀ। ਇਸੇ ਤਰ੍ਹਾਂ ਸ਼੍ਰੀ ਮਤੀ ਸ਼ਬਦ ਵਿੱਚ ਵੀ ਇਹੋ ਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਵਿਆਹੀ ਹੀ ਸ਼੍ਰੀ ਮਤੀ ਹੈ।
ਸੰਸਕ੍ਰਿਤ ਵਿੱਚ ‘ਸ਼੍ਰੀ’ ਸ਼ਬਦ ਬੜਾ ਵਿਰਾਟ ਹੈ, ਇਸ ਵਿੱਚ ਸਭ ਕੁਝ ਸਮਾਇਆ ਹੋਇਆ ਹੈ, ਪਰ ਪਿੱਤਰੀ ਸੱਤਾ ਨੇ ਸ਼੍ਰੀ ਮਤੀ ਦੀ ਨਾ ਸਿਰਫ ਕਾਢ ਕੱਢੀ, ਸਗੋਂ ਵਿਆਹੀਆਂ ਸਿਰ ਛੱਜ ਵਾਂਗ ਧਰ ਕੇ ਉਨ੍ਹਾਂ ਨੂੰ ਸ਼੍ਰੀ ਹੀਨ ਕਰ ਦਿੱਤਾ। ਸੰਸਕ੍ਰਿਤ ਵਿੱਚ ‘ਸ਼੍ਰੀ’ ਦਾ ਅਰਥ ਹੈ- ਲੱਛਮੀ, ਸਮਰਿਧੀ, ਸੰਪਤੀ, ਧਨ, ਐਸ਼ਵਰਿਆ। ਇਸਦੇ ਨਾਲ ਇਸ ਵਿੱਚ ਸੱਤਾ, ਰਾਜ, ਸਨਮਾਨ, ਗੌਰਵ, ਮਹਿਮਾ, ਸਦਗੁਣ, ਸ੍ਰੇਸ਼ਟਤਾ, ਬੁੱਧੀ ਦੇ ਭਾਵ ਵੀ ਮਿਲਦੇ ਹਨ। ਬਨਸਪਤੀ, ਜਗਤ, ਜੀਵ ਜਗਤ ਇਸ ਵਿੱਚ ਵਾਸ ਕਰਦੇ ਹਨ। ਅਰਥਾਤ ਸਮੁੱਚਾ ਬ੍ਰਹਿਮੰਡ ਇਸ ‘ਸ਼੍ਰੀਮਯ’ ਵਿੱਚ ਸਮਾਇਆ ਹੋਇਆ ਹੈ। ਭਗਵਾਨ ਵਿਸ਼ਨੂੰ ਨੂੰ ਸ਼੍ਰੀ ਮਾਨ ਜਾਂ ਸ਼੍ਰੀਮਤੑ ਦੀ ਸੰਗਿਆ ਦਿੱਤੀ ਜਾਂਦੀ ਹੈ। ਇੱਥੇ ਧਿਆਨ ਜੋਗ ਹੈ ਕਿ ‘ਸ਼੍ਰੀ’ ਇ।ਵਾ। ਸ਼ਬਦ ਹੈ।
ਉਪਰੋਕਤ ਸਾਰੇ ਗੁਣਾਂ ਦੀ ਮਹਿਮਾ ‘ਸ਼੍ਰੀ’ ਵਿੱਚ ਹੈ, ਜਿਸ ਤੋਂ ਸਪਸ਼ਟ ਹੈ ਕਿ ਸਾਰੀ ਦੁਨੀਆ ਸ਼੍ਰੀ ਵਿੱਚ ਸਮਾਈ ਹੋਈ ਹੈ, ਭਾਵ ਸਾਰੇ ਸੰਸਾਰ ਨੂੰ ਸਮਾਉਣ ਵਾਲੀ ‘ਸ਼੍ਰੀ’ ਨਾਲ ਰਹਿਣ ਕਰਕੇ ਹੀ ਭਗਵਾਨ ਵਿਸ਼ਨੂੰ ਨੂੰ ਸ਼੍ਰੀ ਮਾਨ ਕਿਹਾ ਜਾਂਦਾ ਹੈ। ਇਸ ਲਈ ਉਹ ਸ਼੍ਰੀਪਤੀ ਹੋਏ, ਸ਼੍ਰੀਮਤੑ ਹੋਏ। ਇੱਥੇ ਇਹ ਸੁਆਲ ਵੀ ਪੈਦਾ ਹੁੰਦਾ ਹੈ ਕਿ ‘ਸ਼੍ਰੀ’ ਹੋਣ ਕਰਕੇ ਵਿਸ਼ਨੂੰ ਸ਼੍ਰੀ ਮਾਨ ਜਾਂ ਸ਼੍ਰੀਮਤੑ ਹੋਏ ਤਾਂ ਫਿਰ ਸ਼੍ਰੀ ਮਤੀ ਦੀ ਕੀ ਲੋੜ ਸੀ? ਸ਼੍ਰੀ ਤੋਂ ਬਣੇ ਸ਼੍ਰੀਮਤੑ ਦਾ ਅਰਥ ਹੈ- ਐਸ਼ਵਰਿਆਵਾਨ, ਧਨਵਾਨ, ਸੁੰਦਰ, ਪ੍ਰਤੀਸ਼ਿਸ਼ਟ, ਕੁਬੇਰ, ਸ਼ਿਵ। ਇਹ ਸਾਰੇ ਉਨ੍ਹਾਂ ਕੋਲ ਪਤਨੀ ਦੇ ਹੋਣ ਕਰਕੇ ਹੀ ਹਨ। ਪਿੱਤਰੀ ਸੱਤਾ ਨੇ ਸ਼੍ਰੀਮਤੑ ਦਾ ਇਸਤਰੀ ਵਾਚੀ ਸ਼੍ਰੀ ਮਤੀ ਬਣਾ ਦਿੱਤਾ ਅਤੇ ਸ਼੍ਰੀ ਮਾਨ ਪਹਿਲੇ ਸਥਾਨ `ਤੇ ਕਾਬਜ ਹੋ ਗਿਆ; ਤੇ ਸ਼੍ਰੀ ਮਤੀ ਜਿਸ ਕਰਕੇ ਸਭ ਕੁਝ ਸੀ, ਦੋਇਮ ਦਰਜੇ `ਤੇ ਆ ਗਈ। ਇਹ ਪਿੱਤਰੀ ਸੱਤਾ ਦੀ ਸ਼ਰਾਰਤ ਸੀ, ਜਿਸ ਨੇ ਇਸਤਰੀ ਕੋਲੋਂ ਉਹ ਸਾਰੀ ਤਾਕਤ ਹਥਿਆ ਲਈ, ਜਿਸਦੀ ਉਹ ਕੇਂਦਰੀ ਬਿੰਦੂ ਸੀ। ਪਿੱਤਰੀ ਸਮਾਜ ਇਹ ਭੁਲ ਗਿਆ ਕਿ ‘ਸ਼੍ਰੀ’ ਕਰਕੇ ਹੀ ਵਿਸ਼ਨੂੰ ਨੂੰ ਸ਼੍ਰੀਮਤੑ ਦਾ ਦਰਜਾ ਮਿਲਿਆ ਸੀ। ਸੰਸਕ੍ਰਿਤ ਦਾ ਇੱਕ ਪਿਛੇਤਰ ਹੈ-ਵਤੑ ਜਿਸ ਵਿੱਚ ਸੁਆਮੀ ਦਾ ਭਾਵ ਹੈ। ਇਸ ਵਿੱਚ ਅਕਸਰ ਅਨੁਸਵਰ ਲਾਇਆ ਜਾਂਦਾ ਹੈ ਜਿਵੇਂ ਬਲ+ਵੰਤ ਭਾਵ ਤਾਕਤਵਰ। ਇਸੇ ਤਰ੍ਹਾਂ ਸ਼੍ਰੀਮਤੑ ਵੀ ਸ਼੍ਰੀਮੰਤ ਹੋ ਜਾਂਦਾ ਹੈ। ਬਾਅਦ ਵਿੱਚ ਇਹ ‘ਵਾਨ’ ਵੀ ਬਣਦਾ ਹੈ ਜਿਵੇਂ ਬਲਵਾਨ, ਸੂਝਵਾਨ, ਸ਼ੀਲਵਾਨ, ਅਰਥਵਾਨ ਆਦਿ। ਸਪਸ਼ਟ ਹੈ ਕਿ ਵਿਸ਼ਨੂੰ ਸ਼੍ਰੀਵਾਨ ਹੈ, ਇਸ ਲਈ ਸ਼੍ਰੀ ਮਾਨ ਹੈ।
ਕਿਸੇ ਸਮੇਂ ਸਾਡਾ ਸਮਾਜ ਮਾਤਰੀ ਪ੍ਰਧਾਨ ਸੀ, ਜਿਸਦੇ ਅਵਸ਼ੇਸ਼ ਅੱਜ ਵੀ ਮਿਲ ਜਾਂਦੇ ਹਨ। ਇਸ ਸ਼ਿ੍ਰਸ਼ਟੀ ਅਥਵਾ ਪ੍ਰਕਿਰਤੀ ਜਾਂ ਕੁਦਰਤ ਨੂੰ ਭਾਸ਼ਾਈ ਰੂਪ ਵਿੱਚ ਇ.ਵਾ. ਮੰਨਿਆ ਗਿਆ ਹੈ, ਉਸਨੂੰ ਅਮੀਰੀ ਦਾ ਸ੍ਰੋਤ ਮੰਨਿਆ ਗਿਆ ਹੈ। ਇਸ ਲਈ ਲੱਛਮੀ ਦੇ ਯੋਗ ਬਿਨਾ ਵਿਸ਼ਨੂੰ ਸ਼੍ਰੀ ਮਾਨ ਨਹੀਂ ਹੋ ਸਕਦੇ, ਸ਼੍ਰੀਪਤੀ ਵੀ ਨਹੀਂ ਹੋ ਸਕਦੇ। ਇਸਤਰੀ, ਪੁਰਸ਼ ਇੱਕ ਦੂਜੇ ਦੇ ਪੂਰਕ ਹਨ। ‘ਸ਼੍ਰੀ’ ਤੇ ‘ਸ਼੍ਰੀ ਮਾਨ’ ਸ਼ਬਦ ਬੜੇ ਪ੍ਰਾਚੀਨ ਹਨ। ਇਨ੍ਹਾਂ ਵਿੱਚੋਂ ਮਾਤਰੀ ਸੱਤਾ ਦੀ ਝਲਕ ਮਿਲਦੀ ਹੈ। ਵਿਸ਼ਨੂੰ ਦੇ ਹਜ਼ਾਰ ਨਾਂ ਮੰਨੇ ਗਏ ਹਨ। ਵਿਦਵਾਨ ਸਾਰੀ ਸ੍ਰਿਸ਼ਟੀ ਵਿੱਚ ਇਸਤਰੀ ਤੇ ਪੁਰਸ਼ ਦਾ ਯੋਗ ਮੰਨਦੇ ਹਨ। ਸ਼੍ਰੀ ਮਾਨ ਨਾਂ ਵਿੱਚ ਪਰਾ-ਪ੍ਰਕਿਰਤੀ ਤੇ ਪਰਮਪੁਰਸ਼ ਦਾ ਯੋਗ ਹੈ; ਪਰ ਇਸ ਵਿੱਚ ਸ਼੍ਰੀ ਸ਼ਬਦ ਪਹਿਲਾਂ ਆਇਆ ਹੈ, ਇਸਨੂੰ ਪਛਾੜਿਆ ਨਹੀਂ ਜਾ ਸਕਿਆ। ਅੱਜ ਸ਼੍ਰੀ ਮਤੀ ਨੂੰ ਸਿਰਫ ਵਿਆਹੀ ਔਰਤ ਲਈ ਸੀਮਤ ਕਰਨ ਪਿਛੇ ਸੰਕੁਚਿਤ ਦ੍ਰਿਸ਼ਟੀ ਨਜ਼ਰ ਆਉਂਦੀ ਹੈ।
ਵਿਦਵਾਨਾਂ ਦਾ ਤਰਕ ਹੈ ਕਿ ਸ਼੍ਰੀ ਮਾਨ ਦੀ ਇ.ਲਿੰ. ਸ਼੍ਰੀਮਤੀ ਹੀ ਬਣੇਗੀ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਖੁਦ ਸ਼੍ਰੀਯੁਤ ਹੋਣ `ਤੇ ਹੀ ਉਹ ਸ਼੍ਰੀ ਮਾਨ ਬਣ ਸਕਦੇ ਹਨ। ਸ਼੍ਰੀ ਤਾਂ ਸਰਬਸੁਆਮੀ ਹਨ। ‘ਸ਼੍ਰੀ’ ਦੀ ਵਿਓਤਪਤੀ ਸੰਸਕ੍ਰਿਤ ਦੀ ਧਾਤੂ ‘ਸ਼ਿ੍ਰ’ ਤੋਂ ਹੋਈ ਹੈ, ਜਿਸ ਵਿੱਚ ਧਾਰਨ ਕਰਨ ਅਥਵਾ ਸ਼ਰਨ ਲੈਣ ਵਰਗੇ ਭਾਵ ਪਏ ਹਨ। ਸਪਸ਼ਟ ਹੈ ਕਿ ਸਮੁੱਚੀ ਸ਼ਿ੍ਰਸ਼ਟੀ ਦੇ ਮੂਲ ਵਿੱਚ ਇਸਤਰੀ ਸ਼ਕਤੀ ਹੈ, ਜੋ ਸਭ ਕੁਝ ਨੂੰ ਧਾਰਨ ਕਰ ਰਹੀ ਹੈ। ਇਸ ਲਈ ਉਹਨੂੰ ‘ਸ਼੍ਰੀ’ ਕਿਹਾ ਗਿਆ ਹੈ ਅਰਥਾਤ ਜਿਸ ਵਿੱਚ ਸਾਰੇ ਸ਼ਰਨ ਲੈਣ, ਜਿਸਦੇ ਗਰਭ ਵਿੱਚੋਂ ਸਾਰੇ ਜਨਮ ਲੈਣ। ਹੁਣ ਅਜਿਹੀ ਸ਼੍ਰੀ ਦਾ ਸਾਥੀ ਸ਼੍ਰੀ ਮਾਨ ਬਣ ਜਾਵੇ ਤਾਂ ਸਮਝ ਵਿੱਚ ਆਉਂਦਾ ਹੈ, ਪਰ ਜਿਸ ‘ਸ਼੍ਰੀ’ ਤੋਂ ਉਹ ਬਣਿਆ ਹੈ, ਉਹ ਸ਼੍ਰੀ ਮਤੀ ਬਣ ਜਾਏ, ਇਹ ਸਮਝੋਂ ਬਾਹਰੀ ਹੈ। ਅਸਲ ਵਿੱਚ ਪਿੱਤਰੀ ਸੱਤਾ ਨੇ ‘ਸ਼੍ਰੀ’ ਦੀ ਤਾਕਤ ਪਛਾਣਦੇ ਹੋਏ ਹੀ ਇਸ ਵਿਸ਼ੇਸ਼ਣ `ਤੇ ਆਪਣੀ ਹੈਜਮਨੀ ਸਥਾਪਤ ਕਰ ਲਈ। ਵਿਦਵਾਨਾਂ ਦਾ ਮੱਤ ਹੈ ਕਿ ਇਹ ਸ਼੍ਰੀ ਮਾਨ ਦਾ ਸੰਖੇਪ ਰੂਪ ਹੈ ਤਾਂ ਫਿਰ ਸ਼੍ਰੀ ਮਤੀ ਦਾ ਸੰਖੇਪ ਸ਼੍ਰੀ ਹੋਇਆ। ਇਸ ਲਈ ਔਰਤਾਂ ਨੂੰ ਆਪਣੇ ਨਾਂ ਨਾਲ ‘ਸ਼੍ਰੀ’ ਲਾ ਲੈਣਾ ਚਾਹੀਦਾ ਹੈ।
ਦਿਲਗੀਰ ਕੋਸ਼ ਅਨੁਸਾਰ-ਸ਼੍ਰੀ ਲੱਛਮੀ (ਸੰਸਕ੍ਰਿਤ ਸ਼ਰੀ) ਧਨ ਦੌਲਤ ਦੀ (ਮਿਥਿਹਾਸਕ) ਦੇਵੀ, ਧਨ ਦੌਲਤ, ਖੁਸ਼ਹਾਲੀ, ਸਿਆਸੀ, ਠਾਠ-ਬਾਠ, ਉਚ ਪਦਵੀ, ਅਹੁਦਾ, ਗੌਰਵ ਵਡਿਆਈ, ਸ਼ੁਭ, ਫਖਰ, ਸ਼ੋਭਾ, ਸ਼੍ਰੇਸ਼ਠ, ਰੰਗ-ਰੂਪ, ਸਜਾਵਟ, ਗੁਣ, ਬੁੱਧੀ, ਵਿਕਾਸ, ਸਿਧੀ, ਅਲੌਕਿਕ ਸ਼ਕਤੀ, ਧਰਮ, ਅਰਥ, ਕਾਮ ਦਾ ਸਮੂਹ, ਸਰਲ ਨਾਂ ਦਾ ਰੁੱਖ, ਲੌਂਗ ਫਲ, ਬਿੱਲ ਦਾ ਰੁੱਖ, ਕੰਵਲ, ਵਡਿਆਈ ਦੱਸਣ ਵਾਲਾ ਇੱਕ ਸ਼ਬਦ, ਜੋ ਪ੍ਰਮਾਤਮਾ, ਮਾਨਯੋਗ ਦੇਵਤੇ ਜਾਂ ਵਿਅਕਤੀਆਂ ਦੇ ਨਾਂ ਅੱਗੇ ਲੱਗਦਾ ਹੈ। ‘ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ, ਸ੍ਰੀ ਸਤਿ ਨਾਮੁ ਕਰਤਾ ਪੁਰਖੁ ਗੁਰ ਰਾਮਦਾਸ ਚਿਤਹ ਬਸੈ।’
ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੇ ਨਾਂ ਅੱਗੇ ਸ੍ਰੀ ਦੀ ਵਰਤੋਂ ਕੀਤੀ ਗਈ ਹੈ। ਸ੍ਰੀ ਗੁਰ…, ਸ੍ਰੀ ਸਤਿਗੁਰ…, ਸ੍ਰੀ ਰਾਮ ਰਮੋ…, ਸ੍ਰੀ ਰਾਮ ਨਾਮਾ…, ਆਦਿ ਵਿੱਚ ਇਸਦੀ ਵਰਤੋਂ ਹੋਈ ਹੈ। ਇਸ ਨਾਲ ਜੁੜੇ ਕਈ ਸ਼ਬਦ ਮਿਲਦੇ ਹਨ- ਸ਼੍ਰੀਸ਼-ਸ਼੍ਰੀ (ਲੱਛਮੀ) ਦਾ ਈਸ਼ (ਪਤੀ) ਵਿਸ਼ਨੂੰ, ਸ਼੍ਰੀ ਸਦਨ, ਸ੍ਰੀ ਸਾਹਿਬ, ਸ਼੍ਰੀਹਤ, ਸ੍ਰੀ ਹਰਗੋਬਿੰਦਪੁਰ, ਸ੍ਰੀ ਗੁਰੂ ਸਿੰਘ ਸਭਾ, ਸ੍ਰੀਖੰਡ, ਸ੍ਰੀਚੰਦ, ਸ੍ਰੀਧਰ, ਸ੍ਰੀਨਗਰ, ਸ਼੍ਰੀਨੰਦਨ, ਸ਼੍ਰੀਨਾਥ, ਸ੍ਰੀਨਿਵਾਸ, ਸ਼੍ਰੀਪੰਚਮੀ, ਸ਼੍ਰੀਪੁੱਤਰ, ਸ਼੍ਰੀਫਲ, ਸ਼੍ਰੀਬਰਣ, ਸ਼੍ਰੀਮੰਤ, ਸ੍ਰੀ ਮੁਖਬਾਕ, ਸ਼੍ਰੀਯੁਤ, ਸ੍ਰੀਰੰਗ, ਸ਼੍ਰੀ ਸਸਿ, ਸ਼੍ਰੀਪਤਿ, ਸ਼੍ਰੀਫਲਾ, ਸ੍ਰੀ ਰਾਗ, ਸ੍ਰੀ ਲੰਕਾ, ਸ੍ਰੀਵਤਸ, ਸ੍ਰੀਵਰਿਕਸ਼, ਸ੍ਰੀਵਲਭ, ਸ੍ਰੀਵਾਸ, ਆਦਿ। ਇਸ ਤਰ੍ਹਾਂ ਸਪਸ਼ਟ ਹੈ ਕਿ ਇਸ ਪ੍ਰਾਚੀਨ ਸ਼ਬਦ ਦਾ ਵੱਡਾ ਕੁਨਬਾ ਤੇ ਪਾਸਾਰਾ ਹੈ, ਜੋ ਜੁਗੋ ਜੁਗ ਵਧਦਾ ਜਾ ਰਿਹਾ ਹੈ।

Leave a Reply

Your email address will not be published. Required fields are marked *