*ਭਾਜਪਾ ਰਹੀ ਗੈਰ-ਹਾਜ਼ਰ *ਕਾਂਗਰਸ ਵਿੱਚ ਲੀਡਰਸ਼ਿਪ ਲਈ ਖਿੱਚੋਤਾਣ
ਜਸਵੀਰ ਸਿੰਘ ਸ਼ੀਰੀ
2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਗੁੱਲੀ ਡੰਡਾ ਸ਼ੁਰੂ ਹੋ ਗਿਆ ਹੈ। ਰਾਜ ਵਿੱਚ ਇਸ ਮੌਕੇ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਆਪੋ-ਆਪਣਾ ਸਿਆਸੀ ਟੁੱਲ ਲਾਉਣ ਦਾ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਵਿਧੀਵਤ ਢੰਗ ਨਾਲ ਰਾਜਾਂ ਦੀ ਸੀਮਤ ਜਿਹੀ ਖੁਦਮੁਖਤਾਰੀ ਨੂੰ ਲਗਾਏ ਜਾ ਰਹੇ ਖ਼ੋਰੇ ਖਿਲਾਫ ਸਿਆਸੀ ਅਖਾੜੇ ਵਿੱਚ ਉਤਰਨ ਦਾ ਭਾਵੇਂ ਕਿਸੇ ਵੀ ਪਾਰਟੀ ਕੋਲ ਕੋਈ ਪ੍ਰੋਗਰਾਮ ਨਹੀਂ ਹੈ, ਫਿਰ ਵੀ ਪੰਜਾਬ ਵਿੱਚ ਵਿਚਰ ਰਹੀ ਹਰ ਪਾਰਟੀ ਦੇ ਆਗੂ ਪੰਜਾਬ ਦੇ ਹਿੱਤਾਂ ਦੇ ਰਾਖੇ ਹੋਣ ਦੀ ਗੁਰਜ ਹਾਸਲ ਕਰਨ ਵਿੱਚ ਰੁਝੇ ਹੋਏ ਹਨ।
ਪੰਜਾਬ ਕਾਂਗਰਸ ਵਿੱਚ ਵੱਡੇ ਆਗੂਆਂ ਵਿੱਚ ਪ੍ਰਧਾਨਗੀ ਹਾਸਲ ਕਰਨ ਲਈ ਵੀ ਇੱਕ ਅੰਤਰ ਪਾਰਟੀ ਮੁਕਾਬਲਾ ਚਲ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਇੱਕ ਦੂਜੇ ‘ਤੇ ਭਾਰੀ ਪੈਣ ਦਾ ਯਤਨ ਕਰ ਰਹੇ ਹਨ। ਆਪਣੀ ਪਤਨੀ ਦੇ ਰਾਜ਼ੀ ਹੋ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੀ ਰਾਜਸੀ ਡੰਡ ਬੈਠਕਾਂ ਮਾਰਦਾ ਦੱਸਿਆ ਜਾਂਦਾ ਹੈ।
ਪੰਜਾਬ ਵਿਧਾਨ ਸਭਾ ਵੱਲੋਂ ਕੁਝ ਦਿਨ ਪਹਿਲਾਂ ਰਾਜਾਂ ਨੂੰ ਖੇਤੀ ਉਪਜਾਂ ਦੇ ਵਪਾਰ ਸੰਬੰਧੀ ਕੇਂਦਰ ਵੱਲੋਂ ਭੇਜੇ ਗਏ ਖਰੜੇ ਨੂੰ ਰੱਦ ਕਰਨ ਲਈ ਸਰਬੰਮਤੀ ਨਾਲ ਮਤਾ ਪਾਸ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਤੋਂ ਬਿਨਾ ਤਕਰੀਬਨ ਸਾਰੀਆਂ ਪਾਰਟੀਆਂ ਨੇ ਇਸ ਖ਼ਰੜੇ ਨੂੰ ਰੱਦ ਕਰਨ ਲਈ ਸਹਿਮਤੀ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਮੌਕੇ ਗੈਰ-ਹਾਜ਼ਰ ਰਹੇ। ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਖਰੜਾ ਸਿੱਧੇ ਤੌਰ ‘ਤੇ ਸੂਬਾਈ ਅਧਿਕਾਰਾਂ ‘ਤੇ ਹਮਲਾ ਹੈ। ਇਸ ਤੋਂ ਇਲਾਵਾ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋ ਕੇਂਦਰੀ ਖਰੜੇ ਨੂੰ ਰੱਦ ਕਰਨ ਸੰਬੰਧੀ ਪੇਸ਼ ਕੀਤੇ ਗਏ ਮਤੇ ਦੀ ਹਮਾਇਤ ਕੀਤੀ। ਇਸ ਘਟਨਾਕ੍ਰਮ ਉੱਤੇ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਇਸ ਨੂੰ ਸੰਯੁਕਤ ਕਿਸਾਨ ਮੋਰਚਾ (ਰਾਜੇਵਾਲ ਗੁੱਟ) ਦੇ ਆਗੂਆਂ ਨੇ ਕਿਸਾਨਾਂ ਦੀ ਵੱਡੀ ਜਿੱਤ ਕਰਾਰ ਦਿੱਤਾ। ਯਾਦ ਰਹੇ, ਕਿਸਾਨ ਸੰਗਠਨ ਇਸ ਨੂੰ ਤਿੰਨ ਕਾਲੇ ਕਾਨੂੰਨਾਂ ਦਾ ਹੀ ਨਵਾਂ ਰੂਪ ਦੱਸ ਰਹੇ ਹਨ। ਇਸ ਵਿਚਕਾਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸ਼ੁਰਲੀ ਛੱਡ ਦਿੱਤੀ ਕਿ ‘ਆਪ’ ਸਰਕਾਰ ਕੁਝ ਸਮੇਂ ਦੀ ਪ੍ਰਾਹੁਣੀ ਹੈ ਅਤੇ ਆਮ ਆਦਮੀ ਪਾਰਟੀ ਦੇ 32 ਐਮ.ਐਲ.ਏ. ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਜਪਾ ਪੰਜਾਬ ਕਾਂਗਰਸ ਦੇ ਅਸੈਂਬਲੀ ਮੈਂਬਰਾਂ ਨੂੰ ਵੀ ਤੋੜਨ ਦਾ ਯਤਨ ਕਰ ਰਹੀ ਹੈ। ਇਸ ‘ਤੇ ਪ੍ਰਤੀਕਰਮ ਪਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਸਾਹਿਬ ਆਪਣੇ ਐਮ.ਐਲ.ਏ. ਬਚਾ ਕੇ ਰੱਖਣ। ‘ਆਪ’ ਦੇ ਪੰਜਾਬ ਯੂਨਿਟ ਦੇ ਆਗੂ ਅਮਨ ਅਰੋੜਾ ਨੇ ਵੀ ਬਾਜਵਾ ਦੇ ਬਿਆਨ ਦਾ ਖੰਡਨ ਕੀਤਾ ਅਤੇ ਇਸ ਨੂੰ ਮਹਿਜ ਇੱਕ ਕਲਪਨਾ ਦੱਸਿਆ। ਇੱਕ ਹੋਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਿਸਾਨ ਸਾਉਣੀ ਦੀ ਫਸਲ ਵਜੋਂ ਜਿੰਨੀ ਮਰਜ਼ੀ ਮੱਕੀ ਬੀਜਣ, ਉਹ ਆਪ ਇਸ ‘ਤੇ ਐਮ.ਐਸ.ਪੀ. ਦੇਣਗੇ। ਯਾਦ ਰਹੇ, ਰਾਣਾ ਵੱਡੇ ਸਨਅਤਕਾਰ ਵੀ ਹਨ। ਗੁਰਜੀਤ ਸਿੰਘ ਰਾਣਾ ਦੇ ਇਸ ਬਿਆਨ ਨੂੰ ਵੀ ਪ੍ਰਧਾਨਗੀ ਲਈ ਦੰਗਲ ਦੀ ਕਸਰਤ ਵਜੋਂ ਵੇਖਿਆ ਜਾ ਰਿਹਾ ਹੈ। ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਲਈ ਨਸ਼ਿਆਂ ਵਿਰੁਧ ਕੇੜਾ ਕੱਸਣ ਦਾ ਯਤਨ ਕਰ ਰਹੀ ਹੈ। ਲੁਧਿਆਣਾ ਵਿੱਚ ਦੋ ਨਸ਼ਾ ਤਸਕਰਾਂ ਦੇ ਘਰ ਢਾਹੇ ਜਾਣ ਦੀਆਂ ਵੀ ਖਬਰਾਂ ਹਨ।
ਬੀਤੇ ਤਿੰਨ ਸਾਲਾਂ ਵਿੱਚ ਅਸਰਹੀਣ ਵਿਖਾਈ ਦਿੰਦੀ ਸਰਕਾਰ ਹੁਣ ਹਾਈ ਸਪੀਡ ਮੋਡ ਵਿੱਚ ਦਿਸਣਾ ਚਾਹੁੰਦੀ ਹੈ। ਕਈ ਸਾਰੇ ਵਿਭਾਗਾਂ ਵਿੱਚ ਚੱਕ ਥੱਲ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਕਈ ਵੱਡੇ ਅਫਸਰਾਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਮਿਲਦੇ-ਜੁਲਦੇ ਵਿਭਾਗਾਂ ਨੂੰ ਇੱਕ ਦੂਜੇ ਵਿੱਚ ਮਿਲਾਉਣ ਦੇ ਯਤਨ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਮਾਮਲਾ ਵੀ ਵਾਰ ਵਾਰ ਉਠਾਇਆ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਨੌਜਵਾਨਾਂ ਦੇ ਜਹਾਜ਼ ਜਾਣ-ਬੁੱਝ ਕੇ ਪੰਜਾਬ ਵਿੱਚ ਉਤਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਸਰਕਾਰੀ ਬੁਲਾਰਿਆਂ ਅਨੁਸਾਰ ਪਿਛਲੇ ਕੁਝ ਸਮੇਂ ਵਿੱਚ ਨਸ਼ਾ ਛੁਡਾਊ ਕੇਂਦਰਾਂ ‘ਤੇ 20,000 ਤੋਂ ਵੱਧ ਨੌਜਵਾਨਾਂ ਦੀ ਰਜਿਸਟਰੇਸ਼ਨ ਹੋਈ ਸੀ, ਪਰ ਇਨ੍ਹਾਂ ਵਿਚੋਂ 7 ਹਜ਼ਾਰ ਇਲਾਜ ਅਧੂਰਾ ਹੀ ਛੱਡ ਗਏ। ਇਨ੍ਹਾਂ ਨਸ਼ੇੜੀਆਂ ਦੀ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਮਰੀਕਾ ਤੋਂ ਵਾਪਸ ਪਰਤੇ ਲੋਕਾਂ ਦਾ ਗਮ ਗਲਤ ਕਰਨ ਲਈ ਪੰਜਾਬ ਪੁਲਿਸ ਟਰੈਵਲ ਏਜੰਟਾਂ ਦੇ ਮਗਰ ਹੱਥ ਧੋ ਕੇ ਪੈ ਗਈ ਹੈ। ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ 1300 ਦੇ ਕਰੀਬ ਟਰੈਵਲ ਫਰਮਾਂ ‘ਤੇ ਛਾਪੇ ਮਾਰੇ ਗਏ ਹਨ ਅਤੇ ਕੁਝ ਵਿਅਕਤੀ ਗ੍ਰਿਫਤਾਰ ਵੀ ਕੀਤੇ ਗਏ ਹਨ। ਇਸ ਤੋਂ ਇਲਾਵਾ ਹਾਲੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ 52 ਦਾਗੀ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ।
ਉਂਝ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕੁਝ ਸੰਜੀਦਾ ਆਵਾਜ਼ਾਂ ਦੀ ਦਸਤਕ ਵੀ ਸੁਣਾਈ ਦੇ ਰਹੀ ਹੈ। ਜੇ ਇਹ ਸਹੀ ਦਿਸ਼ਾ ਵਿੱਚ ਤੁਰੇ ਤਾਂ ਆਰਥਕ ਸਮਾਜਕ ਵਿਕਾਸ ਵਿੱਚ ਲਗਾਤਾਰ ਪਛੜ ਰਹੇ ਅਤੇ ਕਰਜ਼ੇ ਹੇਠ ਕੁੱਬੇ ਹੋ ਰਹੇ ਇਸ ਰਾਜ ਦੀ ਕਿਸਮਤ ਬਦਲ ਸਕਦੀ ਹੈ। ਇਸ ਨੁਕਤੇ ਤੋਂ ਪੰਜਾਬ ਅਸੈਂਬਲੀ ਵਿੱਚ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਅਤੇ ਪਰਗਟ ਸਿੰਘ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਦੋਹਾਂ ਆਗੂਆਂ ਨੇ ਪੰਜਾਬ ਵਿੱਚ ਕੁਝ ਇਸ ਕਿਸਮ ਦੇ ਸੁਆਲ ਉਠਾਏ ਹਨ, ਜਿਨ੍ਹਾਂ ਦੀ ਜੇ ਮਜਬੂਤੀ ਨਾਲ ਤੰਦ ਫੜ ਲਈ ਜਾਵੇ ਤਾਂ ਪੰਜਾਬ ਦੀ ਸਾਰੀ ਉਲਝੀ ਹੋਈ ਤਾਣੀ ਸੁਲਝ ਸਕਦੀ ਹੈ।
ਖੇਤੀ ਵਪਾਰ ਸੰਬੰਧੀ ਕੇਂਦਰ ਵੱਲੋਂ ਰਾਜਾਂ ਨੂੰ ਭੇਜੇ ਗਏ ਮਸੌਦੇ ‘ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਪਰਗਟ ਸਿੰਘ ਨੇ ਕਿਹਾ ਕਿ ਖੇਤੀ ਵਪਾਰ ਵਾਲੇ ਖਰੜੇ ਦੇ ਨਾਲ ਹੀ ਪੰਜਾਬ ਨੂੰ ਕੇਂਦਰ ਦੀ ਵਿਦਿਅਕ ਨੀਤੀ ਵੀ ਰੱਦ ਕਰ ਦੇਣੀ ਚਾਹੀਦੀ। ਕੇਂਦਰ ਵੱਲੋਂ ਲਿਆਂਦੀ ਗਈ ਵਿਦਿਅਕ ਨੀਤੀ ਸਿੱਖਿਆ ਦਾ ਖੇਤਰ ਰਾਜਾਂ ਤੋਂ ਖੋਹਣ ਵੱਲ ਅਗਰਸਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਨ ਤੋਂ ਰੋਕਿਆ ਜਾਵੇ। ਇਹ ਦੋਨੋਂ ਮਸਲੇ ਪੰਜਾਬ ਦੇ ਸਿਆਸੀ, ਸੱਭਿਆਚਰਕ ਖੇਤਰ ਅਤੇ ਇਤਿਹਾਸ ਨਾਲ ਜੁੜੇ ਹੋਏ ਹਨ। ਹਿੰਦੋਸਤਾਨ ਵੱਖ-ਵੱਖ ਇਤਿਹਾਸ ਵਾਲੇ ਵਿਲੱਖਣ ਸੱਭਿਆਚਾਰਾਂ ਦਾ ਮੁਲਕ ਹੈ। ਇਸ ਲਈ ਹਰ ਰਾਜ ਨੂੰ ਆਪਣੀ ਵਿਦਿਅਕ ਨੀਤੀ ਆਪਣੇ ਰਾਜ ਦੀਆਂ ਲੋੜਾਂ ਦੇ ਅਨੁਕੂਲ ਬਣਾਉਣ ਦਾ ਹੱਕ ਹੋਣਾ ਚਾਹੀਦਾ ਹੈ। ਦੇਸ਼ ਦੇ ਬਹੁਤੇ ਰਾਜਾਂ ਦੀ ਹੋਂਦ ਆਪੋ ਆਪਣੀ ਮਾਂ ਬੋਲੀ ਨਾਲ ਵੀ ਜੁੜੀ ਹੋਈ ਹੈ। ਮਨੋਵਿਗਿਆਨ ਦੇ ਖੇਤਰ ਵਿੱਚ ਹੁਣ ਇਹ ਸਰਬ ਪ੍ਰਵਾਨਤ ਸੱਚ ਹੈ ਕਿ ਉਹ ਬੱਚੇ ਹੀ ਕਿਸੇ ਦੂਜੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖ ਸਕਦੇ ਹਨ, ਜਿਨ੍ਹਾਂ ਦੀ ਆਪਣੀ ਮਾਂ ਬੋਲੀ ‘ਤੇ ਪਕੜ ਮਜਬੂਤ ਹੋਵੇਗੀ। ਸਾਰਾ ਪੰਜਾਬ ਅੰਗਰੇਜ਼ੀ/ਹਿੰਦੀ ਵੱਲ ਭੱਜਿਆ ਹੋਇਆ ਹੈ ਅਤੇ ਪੰਜਾਬੀ ਗਲਤ ਬੋਲਣ/ਲਿਖਣ ਲੱਗ ਪਿਆ ਹੈ; ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੂੰ ਅੰਗਰੇਜ਼ੀ, ਹਿੰਦੀ ਜਾਂ ਕੋਈ ਹੋਰ ਭਾਸ਼ਾ ਨਹੀਂ ਸਿੱਖਣੀ ਚਾਹੀਦੀ। ਮਨੋਵਿਗਿਆਨ ਨੇ ਇਸ ਸੱਚ ‘ਤੇ ਵੀ ਮੋਹਰ ਲਾ ਦਿੱਤੀ ਹੈ ਕਿ ਨਿੱਕਾ ਬੱਚਾ ਇੱਕ ਤੋਂ ਵੱਧ ਭਾਸ਼ਾਵਾਂ ਵੀ ਤੇਜ਼ੀ ਨਾਲ ਸਿੱਖ ਸਕਦਾ ਹੈ। ਅਸਲ ਵਿੱਚ 7 ਸਾਲ ਦੀ ਉਮਰ ਤੱਕ ਬੱਚੇ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਵਧੇਰੇ ਆਸਾਨੀ ਨਾਲ ਸਿੱਖਦੇ ਹਨ। ਕਿਸੇ ਕੌਮ/ਕੌਮੀਅਤ/ਸੱਭਿਆਚਾਰ ਦੀ ਬੋਲੀ ਅਤੇ ਸਿੱਖਿਆ ਦਾ ਮਸਲਾ ਬੇਹੱਦ ਗੰਭੀਰ ਹੈ ਤੇ ਇਸ ‘ਤੇ ਪੰਜਾਬ ਸਰਕਾਰ ਨੂੰ ਸਪਸ਼ਟ ਸਟੈਂਡ ਲੈਣਾ ਚਾਹੀਦਾ ਹੈ। ਇਹ ਸਿੱਖਿਆ, ਬੋਲੀ ਅਤੇ ਸੱਭਿਆਚਾਰ ਦਾ ਖੇਤਰ ਹੀ ਹੈ, ਜਿਥੇ ਮਨੁੱਖੀ ਮਨ, ਸ਼ਖਸੀਅਤ ਅਤੇ ਉਸ ਦੇ ਸਮਾਜਕ ਸੰਬੰਧਾਂ ਦੀ ਘਾੜਤ ਘੜੀ ਜਾਂਦੀ ਹੈ। ਜਿਹੋ ਜਿਹੀ ਸਿੱਖਿਆ ਹੋਵੇਗੀ, ਉਹੋ ਜਿਹਾ ਤੁਹਾਡਾ ਸਮਾਜੀ ਭਵਿੱਖ ਹੋਵੇਗਾ।
ਦੂਜਾ ਮਸਲਾ ਇਆਲੀ ਤੋਂ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਚੁੱਕਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ ਦੇ ਲੋਕ ਆਪਣੇ ਵਸੇਬੇ ਦੇ ਨਜ਼ਦੀਕ ਗੈਸ ਦੀ ਫੈਕਟਰੀ ਲਗਾਏ ਜਾਣ ਦਾ ਵਿਰੋਧ ਕਰ ਰਹੇ ਹਨ, ਜਦਕਿ ਕਾਨੂੰਨਨ 300 ਗਜ਼ ਦੇ ਘੇਰੇ ਵਿੱਚ ਇਸ ਕਿਸਮ ਦਾ ਕੋਈ ਪਲਾਂਟ ਨਹੀਂ ਲਗਾਇਆ ਜਾ ਸਕਦਾ। ਕਿਸਾਨੀ-ਵਾਤਾਵਰਣ, ਸਿੱਖਿਆ ਅਤੇ ਵਾਤਾਵਰਣ ਦੇ ਗੰਭੀਰ ਵਿਗਾੜ ਅੱਜ ਪੰਜਾਬ ਦੇ ਕੇਂਦਰੀ ਮਸਲੇ ਹਨ। ਇਨ੍ਹਾਂ ਨਾਲ ਹੀ ਸਾਡੀ ਹੋਂਦ ਦਾ ਮਸਲਾ ਜੁੜਿਆ ਹੋਇਆ ਹੈ। ਮਾਲਵੇ ਵਿੱਚ ਇੱਕ ਸ਼ਰਾਬ ਫੈਕਟਰੀ ਵੱਲੋਂ ਪਿੰਡਾਂ ਦਾ ਪਾਣੀ ਦੂਸ਼ਤ ਕਰਨ ਦੇ ਖਿਲਾਫ ਇੱਕ ਮੋਰਚਾ ਪਹਿਲਾਂ ਹੀ ਚੱਲ ਰਿਹਾ ਹੈ। ਸਮਾਜ ਸੇਵੀ ਲੱਖਾ ਸਿਧਾਣਾ ਤੇ ਅਮਿਤੋਜ ਮਾਨ ਬੁੱਢੇ ਨਾਲੇ ਅਤੇ ਸਤਲੁਜ ਦਰਿਆ ਦੇ ਪ੍ਰਦੂਸ਼ਣ ਦਾ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਚੁੱਕ ਰਹੇ ਹਨ।