ਸਾਕਾ ਨਨਕਾਣਾ ਸਾਹਿਬ (2)
ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ
ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਾਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ ਸਿੱਖ ਕੌਮ ਦੀ ਸੋਚ ਨੂੰ ਸਦੀਆਂ ਤੋਂ ਗ੍ਰਹਿਣ ਲਾਇਆ ਹੋਇਆ ਹੈ। ਇੰਜ ਹੀ ‘ਸਾਕਾ ਨਨਕਾਣਾ ਸਾਹਿਬ’ ਬਾਬਤ ਬੜਾ ਕੁਝ ਲਿਖਿਆ ਗਿਆ ਹੈ। ਇਹ ਸਾਕਾ ਵਾਪਰੇ ਨੂੰ ਇੱਕ ਸਦੀ ਅਤੇ 4 ਸਾਲ ਹੋ ਚੱਲੇ ਹਨ। ਹਥਲੇ ਲੰਮੇ ਲੇਖ ਵਿੱਚ ਇਸ ਸਾਕੇ ਲਈ ਜ਼ਿੰਮੇਵਾਰ ਧਿਰਾਂ ਜਾਂ ਹਾਲਾਤ ਨੂੰ ਪੜਚੋਲਣ ਜਾਂ ਨਜ਼ਰਸਾਨੀ ਕਰਨ ਦਾ ਯਤਨ ਕੀਤਾ ਗਿਆ ਹੈ। ਪੇਸ਼ ਹੈ, ਲੇਖ ਦੀ ਦੂਜੀ ਕਿਸ਼ਤ… ਪ੍ਰਬੰਧਕੀ ਸੰਪਾਦਕ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਹੁਣ ਇੱਥੇ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਵੇਗਾ, ਜਿਨ੍ਹਾਂ ਦਾ ਸਬੰਧ ਅਕਾਲੀਆਂ ਵੱਲੋਂ ਗੁਰਦੁਆਰਿਆਂ ’ਤੇ ਕਬਜ਼ੇ ਕਰਕੇ ਮਹੰਤਾਂ ਨੂੰ ਬਾਹਰ ਕੱਢਣ ਨਾਲ ਹੈ। ਇਸ ਜ਼ਿਕਰ ਵਿੱਚ ਸਾਰੇ ਸਾਕੇ ਦਾ ਵਿਸਥਾਰ ਨਾ ਦਿੰਦਿਆਂ ਸਿਰਫ ਸਰਕਾਰ ਵੱਲੋਂ ਮਹੰਤਾਂ ਦੀ ਪਿੱਠ ’ਤੇ ਹੋਣ ਜਾਂ ਨਾ ਹੋਣ ਦੇ ਨਜ਼ਰੀਏ ਤੋਂ ਹੀ ਦੇਖਿਆ ਜਾਵੇਗਾ।
ਬਾਬੇ ਦੀ ਬੇਰ ਗੁਰਦੁਆਰੇ ’ਤੇ ਕਬਜ਼ਾ
ਸਿਆਲਕੋਟ ਵਿੱਚ ਗੁਰਦੁਆਰਾ ਸਾਹਿਬ ਬਾਬੇ ਦੀ ਬੇਰ ਦੇ ਮਹੰਤ ਗਿਆਨੀ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਮਹੰਤ ਹਰਨਾਮ ਦਾਸ ਗੱਦੀ ’ਤੇ ਬੈਠਾ, ਜੋ ਕਿ ਛੋਟੀ ਉਮਰ ਦਾ ਨਾ ਤਜ਼ਰਬੇਕਾਰ ਹੀ ਸੀ। ਇਸਨੂੰ ਲੋਕਲ ਹਿੰਦੂਆਂ ਨੇ ਵਰਗਲਾ ਕੇ ਇੱਕ ਪਤਿਤ ਗੰਢਾ ਸਿੰਘ ਓਬਰਾਏ ਨੂੰ ਗੁਰਦੁਆਰੇ ਦਾ ਮੈਨੇਜਰ ਲਗਾ ਦਿੱਤਾ। 9 ਅਕਤੂਬਰ 1920 ਨੂੰ ਅਕਾਲੀ ਸਿੰਘ ਇਸ ਗੁਰਦੁਆਰੇ ’ਤੇ ਕਬਜ਼ਾ ਕਰਨ ਗਏ। ਮਹੰਤ ਦੇ ਬੰਦਿਆਂ ਨਾਲ ਅਕਾਲੀਆਂ ਦੀ ਹੱਥੋ ਪਾਈ ਵੀ ਹੋਈ। ਅਗਲੇ ਦਿਨ ਮੈਨੇਜਰ ਗੰਢਾ ਸਿੰਘ ਨੇ ਪੁਲਿਸ ਕਪਤਾਨ ਦੀ ਕੋਠੀ ਜਾ ਕੇ ਦਾਦ ਫਰਿਆਦ ਕੀਤੀ। ਉਹਨੇ ਇੱਕ ਥਾਣੇਦਾਰ ਤੇ ਪੁਲਿਸ ਦੀ ਗਾਰਦ ਘੱਲ ਦਿੱਤੀ। ਥਾਣੇਦਾਰ ਨੇ ਆ ਕੇ ਅਕਾਲੀਆਂ ਨਾਲ ਮਾੜੀ-ਮੋਟੀ ਹਮਤੋ-ਤੁਮਤੋ ਕੀਤੀ। ਅਕਾਲੀਆਂ ਨੇ ਅੱਗੋਂ ਇੱਕ ਦੀਆਂ ਚਾਰ ਸੁਣਾਈਆਂ, ਫੇਰ ਪੁਲਿਸ ਕੋਈ ਬਹਾਨਾ ਬਣਾ ਕੇ ਇੱਥੋਂ ਖਿਸਕ ਗਈ ਤੇ ਮੁੜ ਕੇ ਨਹੀਂ ਆਈ। ਅਗਲੇ ਦਿਨ ਗੰਢਾ ਸਿੰਘ ਕੁਝ ਹਿੰਦੂਆਂ ਨੂੰ ਲੈ ਕੇ ਆਇਆ, ਪਰ ਅਕਾਲੀ ਸਿੰਘਾਂ ਮੂਹਰੇ ਪੇਸ਼ ਨਾ ਗਈ। ਉਨ੍ਹਾਂ ਨੇ ਗੁਰਦੁਆਰਾ ਸਟੋਰ ਦੇ ਜ਼ਿੰਦੇ ਤੋੜ ਕੇ ਲੰਗਰ ’ਤੇ ਕਬਜ਼ਾ ਕਰ ਲਿਆ। ਤਿੰਨ ਚਾਰ ਦਿਨਾਂ ਪਿੱਛੋਂ ਜ਼ਿਲ੍ਹੇ ਵਿੱਚੋਂ ਹੋਰ ਅਕਾਲੀ ਜੱਥੇ ਪਹੁੰਚ ਗਏ। ਉਨ੍ਹਾਂ ਨੇ ਸ. ਖੜਕ ਸਿੰਘ ਦੀ ਪ੍ਰਧਾਨਗੀ ਵਿੱਚ ਲੋਕਲ ਸਿੰਘਾਂ ਦੀ ਕਮੇਟੀ ਬਣਾ ਕੇ ਗੁਰਦੁਆਰਾ ਪ੍ਰਬੰਧ ਉਨ੍ਹਾਂ ਦੇ ਸਪੁਰਦ ਕਰ ਦਿੱਤਾ। ਇਹੀ ਸ. ਖੜਕ ਸਿੰਘ ਬਾਅਦ ਵਿੱਚ ਸਿੱਖ ਪੰਥ ਦੇ ਉੱਘੇ ਲੀਡਰ ਬਣੇ।
ਅਕਾਲ ਤਖਤ ’ਤੇ ਪੰਥ ਦਾ ਕਬਜ਼ਾ
ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ’ਤੇ ਕਬਜ਼ੇ ਦਾ ਬਿਰਤਾਂਤ ਤਾਂ ਬਹੁਤ ਸਾਰੇ ਅਖਬਾਰਾਂ-ਰਸਾਲਿਆਂ ਵਿੱਚ ਛਪ ਚੁੱਕਾ ਹੈ। ਸੰਖੇਪ ਵਿੱਚ ਦੱਸਿਆ ਜਾਂਦਾ ਹੈ ਕਿ 12 ਅਕਤੂਬਰ 1920 ਨੂੰ ਅਕਾਲੀ ਸਿੰਘਾਂ ਨੇ ਇੱਥੇ ਕਬਜ਼ਾ ਕਰਕੇ ਪਹਿਰਾ ਲਾ ਦਿੱਤਾ। ਪੁਜਾਰੀ ਤਾਂ ਡਰਦੇ ਪਹਿਲਾਂ ਹੀ ਭੱਜ ਗਏ ਸਨ। ਜਿਹੜੇ ਉਨ੍ਹਾਂ ਦੇ ਸੇਵਾਦਾਰ ਬਚੇ, ਉਨ੍ਹਾਂ ਨੂੰ ਅਕਾਲੀਆਂ ਨੇ ਕੰਨੋਂ ਫੜ ਕੇ ਬਾਹਰ ਕੱਢ ਦਿੱਤਾ। ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸ. ਤੇਜਾ ਸਿੰਘ ਭੁੱਚਰ ਨੂੰ ਸੌਂਪ ਦਿੱਤਾ ਗਿਆ।
ਇਸ ਗੱਲ ਦਾ ਪਤਾ ਤਾਂ ਕਿਸੇ ਕਿਤਾਬ ਤੋਂ ਨਹੀਂ ਲੱਗਦਾ ਕਿ ਪੁਜਾਰੀਆਂ ਨੇ ਸਰਕਾਰ ਕੋਲ ਕੋਈ ਦਾਦ ਫਰਿਆਦ ਕੀਤੀ ਕਿ ਨਹੀਂ! ਪਰ ਕਈ ਦਿਨਾਂ ਬਾਅਦ ਇੱਥੋਂ ਦੇ ਪੁਜਾਰੀ ਭੱਜ ਕੇ ਬੁਰਜ ਅਕਾਲੀ ਫੂਲਾ ਸਿੰਘ ਵਿੱਚ ਬੈਠੇ ਨਿਹੰਗਾਂ ਕੋਲ ਗਏ। ਉਨ੍ਹਾਂ ਨੂੰ ਪੰਜ ਬੱਕਰੇ, ਦੋ ਬੋਰੀਆਂ ਖੰਡ, ਇੱਕ ਬੋਰੀ ਬਦਾਮ, ਆਟਾ ਤੇ ਹੋਰ ਰਸਦ ਪੇਸ਼ ਕਰਕੇ ਅਕਾਲ ਤਖਤ ਤੋਂ ਅਕਾਲੀਆਂ ਦਾ ਕਬਜ਼ਾ ਛੁਡਾਉਣ ਲਈ ਪ੍ਰੇਰ ਕੇ ਸੱਦ ਲਏ; ਪਰ ਅਕਾਲੀਆਂ ਨੇ ਨਿਹੰਗਾਂ ਨੂੰ ਵੀ ਡਾਂਗਾਂ ਮਾਰ ਮਾਰ ਸਿੱਧੇ ਕਰਕੇ ਲਿਖਤੀ ਮੁਆਫੀ ਮੰਗਵਾਈ। ਇੱਥੋਂ ਜ਼ਾਹਰ ਹੁੰਦਾ ਹੈ ਕਿ ਪੁਜਾਰੀਆਂ ਨੇ ਅਕਾਲੀਆਂ ਦਾ ਕਬਜ਼ਾ ਛੁਡਾਉਣ ਲਈ ਸਰਕਾਰ ਪਾਸ ਜ਼ਰੂਰ ਅਰਜ਼ ਗੁਜਾਰੀ ਹੋਊ ਅਤੇ ਇਮਦਾਦ ਨਾ ਮਿਲਣ ਦੀ ਸੂਰਤ ਵਿੱਚ ਹੀ ਨਿਹੰਗਾ ਵਾਲਾ ਰਾਹ ਅਖਤਿਆਰ ਕੀਤਾ।
ਸਰਕਾਰ ਨੇ ਕਬਜ਼ੇ ਨੂੰ ਕਾਨੂੰਨੀ ਮਾਨਤਾ ਦਿੱਤੀ
ਅੰਗਰੇਜ਼ ਸਰਕਾਰ ਨੇ ਅਕਾਲ ਤਖਤ ਸਾਹਿਬ ’ਤੇ ਕਬਜ਼ੇ ਦੇ ਅਕਾਲੀਆਂ ਦੇ ਕਬਜ਼ੇ ਨੂੰ ਕਾਨੂੰਨੀ ਕਰਾਰ ਦੇਣ ਲਈ ਕਬਜ਼ੇ ਵਾਲੇ ਦਿਨ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਕਬਜ਼ੇ ਤੋਂ ਦੂਜੇ ਦਿਨ ਭਾਵ 14 ਅਕਤੂਬਰ 1920 ਨੂੰ ਪੰਜਾਬ ਦੇ ਗਵਰਨਰ ਵੱਲੋਂ ਅਕਾਲੀਆਂ ਨੂੰ ਲਿਖਤੀ ਕਬਜ਼ਾ ਦੇਣ ਵਾਲਾ ਹੁਕਮ ਡੀ.ਸੀ. ਤਕ ਪੁੱਜ ਗਿਆ ਸੀ। ਕਬਜ਼ੇ ਤੋਂ ਬਾਅਦ ਕੁਝ ਹੀ ਘੰਟਿਆਂ ਵਿੱਚ ਅਕਾਲੀਆਂ ਦੇ ਕਬਜ਼ੇ ਨੂੰ ਮਾਨਤਾ ਦੇਣ ਵਾਲੀ ਕਾਰਵਾਈ ਜਿਸ ਤਰ੍ਹਾਂ ਪੂਰੀ ਹੋਈ ਅਤੇ ਅਕਾਲੀਆਂ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਫਟਾਫਟ ਕਬਜ਼ੇ ਦਾ ਕਾਗਜ਼ ਲਿਖਿਆ, ਇਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਸਰਕਾਰ ਨੂੰ ਅਕਾਲੀਆਂ ਦੇ ਕਬਜ਼ੇ ਦਾ ਚਾਅ ਚੜ੍ਹਿਆ ਪਿਆ ਸੀ।
15 ਅਕਤੂਬਰ ਸਵੇਰੇ 10 ਵਜੇ ਡਿਪਟੀ ਕਮਿਸ਼ਨਰ ਦਾ ਹੁਕਮ ਲੈ ਕੇ ਦਰਬਾਰ ਸਾਹਿਬ ਦੇ ਸਰਬਰਾਹ ਸ. ਸੁੰਦਰ ਸਿੰਘ ਜੀ ਰਾਮਗੜ੍ਹੀਆ ਅਕਾਲੀਆਂ ਦੇ ਜਥੇਦਾਰ ਸ. ਤੇਜਾ ਸਿੰਘ ਭੁੱਚਰ ਪਾਸ ਪੁੱਜੇ ਤੇ ਆਖਿਆ ਕਿ ਡੀ.ਸੀ. ਸਾਹਿਬ ਨੇ ਤੁਹਾਨੂੰ ਸੱਦਿਆ ਹੈ। ਪਰ ਅਕਾਲੀਆਂ ਦੇ ਮਨ ਵਿੱਚ ਸਰਕਾਰ ਵਿਰੋਧੀ ਭਾਵਨਾ ਹੋਣ ਕਰਕੇ ਇਸਨੂੰ ਗਲਤ ਅਰਥਾਂ ਵਿੱਚ ਲਿਆ ਅਤੇ ਸੁਨੇਹੇ ਦੇ ਜੁਆਬ ਵਿੱਚ ਆਖਿਆ ਕਿ ਅਸੀਂ ਨ੍ਹੀਂ ਡੀ.ਸੀ. ਕੋਲ ਜਾਣਾ, ਜੇ ਡੀ.ਸੀ. ਨੂੰ ਸਾਡੀ ਲੋੜ ਹੈ ਤਾਂ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਵੇ।
ਸ. ਰਾਮਗੜ੍ਹੀਆ ਉਨ੍ਹੀਂ ਪੈਰੀਂ ਡੀ.ਸੀ. ਕੋਲ ਗਏ ਅਤੇ ਡੀ.ਸੀ. ਦਾ ਮੋੜਵਾਂ ਸੁਨੇਹਾ ਲਿਆਏ, ਜਿਸ ਵਿੱਚ ਡੀ.ਸੀ. ਦਾ ਕਹਿਣਾ ਸੀ ਕਿ ਮੈਂ ਅਕਾਲੀਆਂ ਨੂੰ ਆਪਣੀ ਕਚਹਿਰੀ ਨਹੀਂ ਸੱਦ ਰਿਹਾਂ ਬਲਕਿ ਰਾਮ ਬਾਗ ਵਿੱਚ ਸਥਿਤ ਆਪਣੀ ਕੋਠੀ ’ਤੇ ਬੁਲਾ ਰਿਹਾ ਹਾਂ, ਬਸ ਕੁਝ ਗੱਲ ਕਰਨੀ ਹੈ, ਗਲਤ ਨਾ ਸਮਝੋ, ਮੇਰੀ ਕੋਠੀ ਆਓ।
ਧਰਮ ਸਿੰਘ, ਬਸੰਤ ਸਿੰਘ ਰਸਾਲਦਾਰ ਨੌਸ਼ਹਿਰਾ ਪੰਨੂਆਂ, ਤੇਜਾ ਸਿੰਘ ਭੁੱਚਰ, ਤੇਜਾ ਸਿੰਘ ਚੂੜ੍ਹਕਾਣਾ ਅਤੇ ਕਰਤਾਰ ਸਿੰਘ ਝੱਬਰ ਡੀ.ਸੀ. ਦੀ ਕੋਠੀ ਪੁੱਜੇ। ਡੀ.ਸੀ. ਨਾਲ ਅੰਗਰੇਜ਼ੀ ਵਿੱਚ ਗੱਲ ਕਰਨ ਲਈ ਖਾਲਸਾ ਕਾਲਜ ਦੇ ਪ੍ਰੋਫੈਸਰ ਕਸ਼ਮੀਰਾ ਸਿੰਘ, ਬਾਵਾ ਹਰੀ ਕ੍ਰਿਸ਼ਨ ਸਿੰਘ ਨੂੰ ਵੀ ਅਕਾਲੀਆਂ ਨੇ ਉਥੇ ਸੱਦ ਲਿਆ। ਡੀ.ਸੀ. ਮਿਸਟਰ ਬਾਲਟਨ ਅਤੇ ਪੁਲਿਸ ਕਪਤਾਨ ਖੜ੍ਹੇ ਹੋ ਕੇ ਅਕਾਲੀਆਂ ਨੂੰ ਮਿਲੇ ਤੇ ਆਪਣੇ ਬਰਾਬਰ ਕੁਰਸੀਆਂ ’ਤੇ ਬਿਠਾਇਆ। ਡੀ.ਸੀ. ਨੇ ਗਵਰਨਰ ਵੱਲੋਂ ਆਇਆ ਅੰਗਰੇਜ਼ੀ ਵਿੱਚ ਟਾਈਪ ਕੀਤਾ ਸੰਦੇਸ਼ ਲਿਖਾਇਆ ਅਤੇ ਇਸਦਾ ਉਰਦੂ ਤਰਜ਼ਮਾ ਵੀ ਸੁਣਾਇਆ ਗਿਆ। ਦੱਸਿਆ ਗਿਆ, ਇਸ ਵਿੱਚ ਲਿਖਿਆ ਸੀ ਕਿ ਜੋ ਆਪ ਨੇ ਦਰਬਾਰ ਸਾਹਿਬ ਉਪਰ ਕਬਜ਼ਾ ਕਰ ਲਿਆ ਹੈ, ਸਰਕਾਰ ਇਸ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੁੰਦੀ, ਪਰ ਇਸਦੇ ਪ੍ਰਬੰਧ ਵਿੱਚ ਸਰਕਾਰ ਦਾ ਜੋ ਥੋੜ੍ਹਾ ਬਹੁਤਾ ਸਬੰਧ ਹੈ, ਅਸੀਂ ਉਸਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ। ਸੋ ਤੁਸੀਂ ਕੋਈ ਪ੍ਰਬੰਧਕ ਕਮੇਟੀ ਮੁਕੱਰਰ ਕਰੋ ਅਤੇ ਅਸੀਂ ਉਸਦੇ ਨਾਂ ਦਰਬਾਰ ਸਾਹਿਬ ਦਾ ਕਬਜ਼ਾ ਲਿਖ ਦਿੰਦੇ ਹਾਂ।
ਅਕਾਲੀਆਂ ਨੂੰ ਕੋਈ ਆਸ ਨਹੀਂ ਸੀ ਕਿ ਉਹ ਐਨੀ ਛੇਤੀ ਉਨ੍ਹਾਂ ਨੂੰ ਕਬਜ਼ਾ ਦੇਣ ਲਈ ਤਿਆਰ ਹੋ ਜਾਣਗੇ। ਇਸਦੇ ਜੁਆਬ ਵਿੱਚ ਉਨ੍ਹਾਂ ਨੇ ਡੀ.ਸੀ. ਨੂੰ ਆਖਿਆ ਕਿ ਇੱਕ ਦਿਨ ਸਾਰਾ ਪੰਥ ਇਕੱਠਾ ਹਊਗਾ, ਓਹੀ ਪ੍ਰਬੰਧਕ ਕਮੇਟੀ ਚੁਣੇਗਾ।
ਸਰਕਾਰ ਕਬਜ਼ਾ ਲਿਖਣ ਲਈ ਕਾਹਲੀ
ਸਰਕਾਰ ਅਕਾਲੀਆਂ ਦੇ ਕਬਜ਼ੇ ਨੂੰ ਕਾਨੂੰਨੀ ਮਾਨਤਾ ਦੇਣ ਲਈ ਏਨੀ ਕਾਹਲੀ ਸੀ ਕਿ ਡੀ.ਸੀ. ਨੇ ਅਕਾਲੀਆਂ ਨੂੰ ਝੱਟ ਉਤਰ ਦਿੱਤਾ ਕਿ ਸਰਕਾਰ ਸਾਹਿਬ ਤੁਸੀਂ ਇੱਕ ਆਰਜ਼ੀ ਕਮੇਟੀ ਹੁਣੇ ਬਣਾਓ ਅਤੇ ਫੌਰਨ ਕਬਜ਼ੇ ਦੀ ਲਿਖਤ ਲਓ। ਜਦੋਂ ਤੁਹਾਡਾ ਪੰਥ ਇਕੱਠਾ ਹੋ ਕੇ ਪੱਕੀ ਕਮੇਟੀ ਬਣਾਊਗਾ ਤਾਂ ਇਹ ਆਰਜ਼ੀ ਕਮੇਟੀ ਓਹਨੂੰ ਕਬਜ਼ਾ ਦੇਣ ਲਈ ਆਜ਼ਾਦ ਹੈ।
ਸਿੰਘ ਮੰਨ ਗਏ ਅਤੇ ਬਾਹਰ ਆ ਕੇ ਬੈਠੀ ਹੋਰ ਸੰਗਤ ਨੂੰ ਆ ਕੇ ਡੀ.ਸੀ. ਵਾਲੀ ਗੱਲ ਦੱਸੀ ਤਾਂ ਸੰਗਤਾਂ ਨੇ ਇਹ ਨਾਂ ਤਜਵੀਜ਼ ਕੀਤੇ ਸ. ਤੇਜਾ ਸਿੰਘ ਚੂੜ੍ਹਕਾਣਾ, ਸ. ਕਰਤਾਰ ਸਿੰਘ ਝੱਬਰ, ਬਾਬਾ ਕੇਹਰ ਸਿੰਘ ਪੱਟੀ, ਭਾਈ ਬਹਾਦਰ ਸਿੰਘ ਹਕੀਮ ਅਤੇ ਮੁਕੰਦ ਸਿੰਘ ਟਾਲ ਵਾਲਾ; ਤੇ ਦੋ ਹੋਰਨਾਂ ਦੇ ਨਾਂ ਸਨ। ਦੋ ਪ੍ਰੋਫੈਸਰਾਂ ਦੇ ਨਾਂ ਵੀ ਜੋੜ ਲਏ ਗਏ। ਭਾਈ ਤੇਜਾ ਸਿੰਘ ਨੇ ਭਾਈ ਗੁਰਦਿਆਲ ਸਿੰਘ ਨਾਮਧਾਰੀ ਦਾ ਵੀ ਨਾਂ ਪੇਸ਼ ਕੀਤਾ, ਪਰ ਸ. ਝੱਬਰ ਨੇ ਮੁਖਾਲਫਤ ਕੀਤੀ ਕਿ ਨਾਮਧਾਰੀ ਦੇਹਧਾਰੀ ਗੁਰੂਆਂ ਨੂੰ ਮੰਨਦੇ ਹਨ, ਇਸ ਲਈ ਨਾਮਧਾਰੀ ਨੂੰ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸੰਗਤ ਨੇ ਇਸਦੀ ਪ੍ਰੋੜ੍ਹਤਾ ਕੀਤੀ, ਜਿਸ ’ਤੇ ਭਾਈ ਤੇਜਾ ਸਿੰਘ ਵਾਕਆਊਟ ਕਰਕੇ ਚਲੇ ਗਏ। ਇਨ੍ਹਾਂ ਨੌਂ ਮੈਂਬਰਾਂ ਦੀ ਕਮੇਟੀ ਬਣਾ ਕੇ ਲਿਸਟ ਡੀ.ਸੀ. ਨੂੰ ਦੇ ਦਿੱਤੀ ਗਈ। ਡੀ.ਸੀ. ਨੇ ਇੱਕ ਵੱਖਰੇ ਕਾਗਜ਼ ’ਤੇ ਕਬਜ਼ੇ ਦੀ ਲਿਖਤ ਦੇ ਦਿੱਤੀ।
ਪੰਜਾ ਸਾਹਿਬ ’ਤੇ ਪੰਥ ਦਾ ਕਬਜ਼ਾ; ਸਰਕਾਰ ਵੱਲੋਂ ਕਬਜ਼ੇ ’ਚ ਸਹਾਇਤਾ
ਗੁਰਦੁਆਰਾ ਪੰਜਾ ਸਾਹਿਬ ’ਤੇ ਕਬਜ਼ਾ ਕਰਨ ਲਈ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਇੱਕ 25 ਸਿੰਘਾਂ ਦਾ ਜਥਾ 19 ਨਵੰਬਰ 1920 ਨੂੰ ਹਸਨ ਅਬਦਾਲ ਰੇਲਵੇ ਸਟੇਸ਼ਨ ’ਤੇ ਲਗਭਗ 3 ਵਜੇ ਪਹੁੰਚ ਗਿਆ। ਜਥੇ ਨੇ ਗੁਰਦੁਆਰੇ ਦੇ ਮਹੰਤ ਸੰਤ ਸਿੰਘ ਨੂੰ ਆਖਿਆ ਕਿ ਜਥਾ ਦਰਸ਼ਨ ਕਰਨ ਆਇਆ ਹੈ, ਇਸ ਲਈ ਸਾਨੂੰ ਰਿਹਾਇਸ਼ ਲਈ ਕੋਈ ਵੱਡਾ ਕਮਰਾ ਦੇ ਦਿਓ, ਤੇ ਮਹੰਤ ਨੇ ਇੱਕ ਕਮਰਾ ਦੇ ਦਿੱਤਾ।
ਮਹੰਤ ਨੂੰ ਜਥੇ ਦੇ ਆਉਣ ਦੀ ਕਨਸੋਅ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਸਨੇ ਜ਼ਿਲ੍ਹਾ ਹੈੱਡਕੁਆਰਟਰ ਕੈਮਲਪੁਰ ਟੈਲੀਗ੍ਰਾਮ ਭੇਜ ਕੇ ਪੁਲਿਸ ਮੰਗਵਾਈ ਹੋਈ ਸੀ; ਪਰ ਪੁਲਿਸ ਨੇ ਅਕਾਲੀਆਂ ਨੂੰ ਕੁਝ ਨਾ ਆਖਿਆ, ਸਗੋਂ ਥਾਣੇਦਾਰ ਖੁਦ ਗੁਰਦੁਆਰੇ ਤੋਂ ਬਾਹਰ ਚਲਾ ਗਿਆ। ਮਹੰਤ ਸੰਤ ਸਿੰਘ ਨੇ ਪੁਲਿਸ ਵਾਲਾ ਦਾਅ ਫੇਲ੍ਹ ਹੋਣ ’ਤੇ ਹਸਨ ਅਬਦਾਲ ਵਿੱਚ ਲੱਗੀ ਮਾਲ ਮੰਡੀ ਵਿੱਚੋਂ ਬਦਮਾਸ਼ਾਂ ਨੂੰ ਅਕਾਲੀਆਂ ਨਾਲ ਲੜਨ ਵਾਸਤੇ ਭਾੜੇ ’ਤੇ ਕਰ ਲਿਆ ਤੇ ਹਨੇਰੇ ਵਿੱਚ ਗੁਰਦੁਆਰੇ ਦੇ ਚਹੁੰ ਕਮਰਿਆਂ ਵਿੱਚ ਬਦਮਾਸ਼ ਬਿਠਾ ਦਿੱਤੇ।
ਮਹੰਤ ਦੇ ਸੱਦੇ ’ਤੇ ਆਈ ਪੁਲਿਸ ਨਾਲ ਇੱਕ ਮੈਜਿਸਟ੍ਰੇਟ ਸ. ਰਤਨ ਸਿੰਘ ਤਹਿਸੀਲਦਾਰ ਵੀ ਆਇਆ ਹੋਇਆ ਸੀ। ਉਹਨੇ ਜਥੇਦਾਰ ਕਰਤਾਰ ਸਿੰਘ ਝੱਬਰ ਨੂੰ ਮਿਲ ਕੇ ਆਖਿਆ ਕਿ ਤੁਸੀਂ ਆਪਣਾ ਕੰਮ ਚੁੱਪ ਚਾਪ ਕਰੀ ਜਾਓ, ਪਰ ਲੜਾਈ ਨਾ ਕਰਿਓ। ਜਥੇਦਾਰ ਝੱਬਰ ਨੇ ਮੈਜਿਸਟ੍ਰੇਟ ਨੂੰ ਗੁਰਦੁਆਰੇ ਵਿੱਚ ਬਦਮਾਸ਼ਾਂ ਦੇ ਬੈਠੇ ਹੋਣ ਦੀ ਗੱਲ ਦੱਸੀ। ਮੈਜਿਸਟ੍ਰੇਟ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਬਦਮਾਸ਼ਾਂ ਨੂੰ ਫੌਰਨ ਗ੍ਰਿਫਤਾਰ ਕਰੋ। ਪੁਲਿਸ ਇੰਸਪੈਕਟਰ ਦੀ ਇੱਕ ਸੀਟੀ ਮਾਰਨ ਦੀ ਦੇਰ ਸੀ ਕਿ ਗੁਰਦੁਆਰੇ ਵਿੱਚੋਂ 40-50 ਮੁਸਲਮਾਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਹਵਾਲਾਤੇ ਘੱਲ ਦਿੱਤਾ। ਹਸਨ ਅਬਦਾਲ ਦੇ ਨੇੜੇ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਵਿੱਚੋਂ ਸੱਯਦਾਂ ਦਾ ਪਿੰਡ ਸੀ। ਇਹ ਪਿੰਡ ਵਾਸੀ ਅਗਲੇ ਦਿਨ ਆ ਕੇ ਸ. ਝੱਬਰ ਨੂੰ ਮਿਲੇ ਤੇ ਮਦਦ ਦੀ ਪੇਸ਼ਕਸ਼ ਕੀਤੀ।
ਹਸਨ ਅਬਦਾਲ ਦੇ ਹਿੰਦੂ ਮਹੰਤ ਦੇ ਹੱਕ ’ਚ
ਅਕਾਲੀ ਜਥੇ ਵੱਲੋਂ ਗੁਰਦੁਆਰੇ ਵਿੱਚ ਪਹਿਲੀ ਰਾਤ ਕੱਟਣ ਤੋਂ ਅਗਲੀ ਸਵੇਰ ਕੀਰਤਨ ਦਰਬਾਰ ਸਜਾਇਆ ਸੀ। ਮਹੰਤ ਸੰਤ ਸਿੰਘ ਨੇ ਅਕਾਲੀ ਰਾਗੀ ਜਥੇ ਨੂੰ ਸਮਾਂ ਦੇਣ ਤੋਂ ਨਾਂਹ ਕਰ ਦਿੱਤੀ। ਭੋਗ ਤੋਂ ਬਾਅਦ ਸ਼ਹਿਰ ਦੇ ਇੱਕ ਲਾਲਾ ਰਾਮ ਚੰਦ ਨੇ ਆਪਣੀ ਤਕਰੀਰ ਇਓਂ ਸ਼ੁਰੂ ਕੀਤੀ: “ਹਸਨ ਅਬਦਾਲ ਕੇ ਹਿੰਦੂ ਭਾਈਓ! ਯੇਹ ਲੋਗ ਜੋ ਹਮਾਰੇ ਗੁਰਦੁਆਰੇ ਪਰ ਕਬਜ਼ਾ ਕਰਨੇ ਕੇ ਲੀਯੇ ਆਏ ਹੈਂ, ਇਨ ਕੇ ਮੁਤੱਲਕ ਕੁਛ ਬਤਾਨਾ ਚਾਹਤਾ ਹੂੰ। ਮੈਂ ਇਨ ਸਭ ਸਿੰਘੋਂ ਕੋ ਤੋ ਨਹੀਂ ਜਾਨਤਾ ਮਗਰ ਇਨਕੇ ਜਥੇਦਾਰ ਝੱਬਰ ਸਾਹਿਬ ਕੋ ਅੱਛੀ ਤਰ੍ਹਾਂ ਜਾਨਤਾ ਹੂੰ। ਮੈਂ ਸ਼ਾਹਦਰਾ ਔਰ ਸਾਂਗਲਾ ਕੇ ਦਰਮਿਆਨ ਜੋ ਰੇਲ ਲਾਈਨ ਨਈ ਬਣੀ ਥੀ, ਵਹਾਂ ਚਾਰ ਸਾਲ ਠੇਕੇਦਾਰ ਰਹਾ ਥਾ। ਇਸ ਇਲਾਕੇ ਮੇਂ ਜੱਟ ਸਿੱਖੋਂ ਕੀ ਇੱਕ ਵਿਰਕ ਕੌਮ ਆਬਾਦ ਹੈ; ਜੋ ਖੈਬਰ ਕੇ ਪਠਾਨੋਂ ਕੀ ਤਰ੍ਹਾਂ ਚੋਰ ਡਾਕੂ ਔਰ ਸਭ ਕੇ ਸਭ ਬਦਮਾਸ਼ ਹੈਂ। ਉਨ ਮੇਂ ਸੇ ਯਹ ਝੱਬਰ ਸਾਹਿਬ ਭੀ ਹੈਂ। ਅਗਰ ਇਨ ਲੋਗੋਂ ਨੇ ਗੁਰਦੁਆਰੇ ਪਰ ਕਬਜ਼ਾ ਕਰ ਲੀਆ ਤੋ ਯਿਹ ਇਨ ਕਾ ਅੱਡਾ ਬਨ ਜਾਏਗਾ ਔਰ ਯਹ ਲੋਗ ਹਸਨ ਅਬਦਾਲ ਕੇ ਹਿੰਦੂਓਂ ਕੀ ਖੂਬਸੂਰਤ ਲੜਕੀਓਂ ਔਰ ਔਰਤੇਂ ਉਠਾ ਕੇ ਲੇ ਜਾਏਂਗੇ।”
ਇੰਝ ਲਾਲਾ ਰਾਮ ਚੰਦ ਨੇ ਸ਼ਹਿਰ ਦੇ ਹਿੰਦੂਆਂ ਨੂੰ ਅਕਾਲੀਆਂ ਖ਼ਿਲਾਫ਼ ਭੜਕਾਉਣ ਦੀ ਕੋਈ ਕਸਰ ਨਾ ਛੱਡੀ। ਹਿੰਦੂਆਂ ਨੂੰ ਸੰਬੋਧਨ ਕਰਕੇ ‘ਹਮਾਰੇ ਗੁਰਦੁਆਰੇ’ ਕਹਿਣ ਦਾ ਭਾਵ ਇਹ ਸੀ ਕਿ ਇਹ ਗੁਰਦੁਆਰਾ ਸਿੱਖਾਂ ਦਾ ਨਹੀਂ ਬਲਕਿ ਹਿੰਦੂਆਂ ਦਾ ਹੈ। ਇਸਦੇ ਜੁਆਬ ਵਿੱਚ ਸ. ਝੱਬਰ ਨੇ ਵੀ ਇੱਕ ਲੰਬੀ ਚੌੜੀ ਤਕਰੀਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਿੱਖ ਤਾਂ ਹਜ਼ਾਰਾਂ ਹਿੰਦੂ ਲੜਕੀਆਂ ਨੂੰ ਅਬਦਾਲੀ ਹੋਰਾਂ ਦੇ ਲਸ਼ਕਰਾਂ ਤੋਂ ਛੁਡਾ ਕੇ ਲਿਆਂਦੇ ਰਹੇ ਹਨ। ਸੋ ਸਿੱਖਾਂ ’ਤੇ ਅਜਿਹਾ ਇਲਜ਼ਾਮ ਲਾਉਣ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਮੌਕੇ ਸ. ਅਮਰ ਸਿੰਘ ਝਬਾਲ ਨੇ ਵੀ ਸ. ਝੱਬਰ ਨੂੰ ਆਖਿਆ ਕਿ ਇਹ ਇਲਾਕਾ ਹਿੰਦੂਆਂ ਦਾ ਗੜ੍ਹ ਹੈ, ਸਿੱਖਾਂ ਦੀ ਤਾਕਤ ਥੋੜ੍ਹੀ ਹੈ, ਸੋ ਸਾਨੂੰ ਇੱਥੋਂ ਵਾਪਸ ਚਲੇ ਜਾਣਾ ਚਾਹੀਦਾ ਹੈ; ਪਰ ਝੱਬਰ ਸਾਹਿਬ ਨਹੀਂ ਮੰਨੇ। ਇਹ ਉਹੀ ਅਮਰ ਸਿੰਘ ਹੈ, ਜਿਹੜਾ ਕਬਜ਼ੇ ਨਾ ਕਰਨ ਬਾਬਤ ਮਹਾਤਮਾ ਗਾਂਧੀ ਦਾ ਏਲਚੀ ਬਣ ਕੇ ਜਥੇਦਾਰ ਝੱਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ’ਚ ਮਿਲਿਆ ਸੀ, ਜਦੋਂ ਸ. ਝੱਬਰ ਦਾ ਜਥਾ ਹਸਨ ਅਬਦਾਲ ਨੂੰ ਜਾਂਦਿਆ ਗੁਰਦੁਆਰੇ ਵਿੱਚ ਠਹਿਰਿਆ ਸੀ। ਇਹ ਸੰਭਾਵਨਾ ਹੈ ਕਿ ਅਮਰ ਸਿੰਘ ਝੱਬਰ ਦੇ ਜਥੇ ਤੋਂ ਅਗਲੇ ਦਿਨ ਹੀ ਹਸਨ ਅਬਦਾਲ ਪਹੁੰਚ ਗਿਆ ਹੋਵੇ; ਕਿਉਂਕਿ ਇਹ ਸੰਭਵ ਨਹੀਂ ਕਿ ਉਹ ਜਥੇ ਨੂੰ ਇੱਕ ਪਾਸੇ ਤਾਂ ਕਬਜ਼ਾ ਮੁਹਿੰਮ ਬੰਦ ਕਰਨ ਦੀ ਸਲਾਹ ਦੇ ਰਿਹਾ ਹੋਵੇ ਤੇ ਨਾਲੋਂ ਨਾਲ ਕਬਜ਼ਾ ਕਰਨ ਵਾਲਿਆਂ ਦਾ ਹਮਸਫਰ ਬਣ ਕੇ ਵੀ ਤੁਰੇ।
ਅਗਲੇ ਦਿਨਾਂ ਦੌਰਾਨ ਆਲੇ-ਦੁਆਲੇ ਤੋਂ ਹੋਰ ਵੀ ਸਿੱਖਾਂ ਦੇ ਬਹੁਤ ਸਾਰੇ ਜਥੇ ਪਹੁੰਚ ਗਏ ਅਤੇ ਰਸਦ ਪਾਣੀ ਤੇ ਮਾਇਆ ਵੀ ਬਹੁਤ ਹੋ ਗਈ। ਮਹੰਤ ਡਰ ਗਿਆ ਅਤੇ ਸਾਲਸਾਂ ਨੇ ਅਕਾਲੀਆਂ ਨਾਲ ਉਸਦਾ ਸਮਝੌਤਾ ਕਰਾ ਦਿੱਤਾ। 50 ਰੁਪਏ ਮਹੀਨਾ ਖਰਚਾ ਅਤੇ ਕਈ ਹੋਰ ਖਰਚਿਆਂ ਸਮੇਤ ਸੰਤ ਸਿੰਘ ਗੁਰਦੁਆਰੇ ਦਾ ਕਬਜ਼ਾ ਦੇਣ ਲਈ ਸਹਿਮਤ ਹੋ ਗਿਆ। ਇਸ ਸਮਝੌਤੇ ਦਾ ਅਰਦਾਸਾ ਹੋ ਗਿਆ; ਪਰ ਕੁਝ ਮਿੰਟਾਂ ਪਿੱਛੋਂ ਇੱਕ ਹਿੰਦੂ ਸੈਨਤ ਮਾਰ ਕੇ ਸੰਤ ਸਿੰਘ ਨੂੰ ਉਥੋਂ ਉਠਾ ਕੇ ਬਾਹਰ ਲੈ ਗਿਆ। ਸ. ਝੱਬਰ ਨੇ ਮਹੰਤ ਨੂੰ ਆਖਿਆ, “ਨਾ ਜਾਹ, ਲੋਕਾਂ ਨੇ ਤੈਨੂੰ ਵਿਗਾੜ ਦੇਣਾ ਏ ਤੇ ਤੈਨੂੰ ਇਹ ਵੇਲਾ ਹੱਥ ਨਹੀਂ ਆਉਣਾ।” ਪਰ ਵਿਗਾੜਨ ਵਾਲਿਆਂ ਦੇ ਇਰਾਦੇ ਤਾਂ ਪਹਿਲਾਂ ਹੀ ਭੈੜੇ ਸਨ। ਸੋ ਮਹੰਤ ਉਨ੍ਹਾਂ ਦੇ ਆਖਣ ’ਤੇ ਬਾਹਰ ਚਲਿਆ ਗਿਆ ਤੇ ਸਮਝੌਤਿਉਂ ਮੁੱਕਰ ਗਿਆ। ਅਰਦਾਸੇ ਵੇਲੇ ਇਹ ਆਖਿਆ ਗਿਆ ਸੀ ਕਿ ਜਿਹੜਾ ਇਸ ਸਮਝੌਤੇ ਤੋਂ ਮੁੱਕਰੂ, ਉਹ ਗੁਰੂ ਦਾ ਸਿੱਖ ਨਹੀਂ। ਸਰਬਸਮਤੀ ਨਾਲ ਮਤਾ ਪਾਸ ਹੋਇਆ ਕਿ ਮਹੰਤ ਨੂੰ ਅਰਦਾਸੇ ਤੋਂ ਮੁਕਰਨ ਬਦਲੇ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ, ਜਦ ਤੱਕ ਮਹੰਤ ਨੂੰ ਅਕਾਲ ਤਖਤ ਵੱਲੋਂ ਮਾਫ ਨਹੀ ਕੀਤਾ ਜਾਂਦਾ, ਉਦੋਂ ਤੱਕ ਉਹਨੂੰ ਗੁਰਦੁਆਰੇ ਨਾ ਵੜ੍ਹਨ ਦਿੱਤਾ ਜਾਵੇ। ਦਰਵਾਜ਼ੇ `ਤੇ ਪਹਿਰੇਦਾਰਾਂ ਨੂੰ ਆਖਿਆ ਗਿਆ ਕਿ ਮਹੰਤ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ।
ਹਿੰਦੂਆਂ ਦਾ ਗੁਰਦੁਆਰੇ ’ਤੇ ਧਾਵਾ
ਅਗਲੀ ਸਵੇਰ ਅਜੇ ਦੀਵਾਨ ਦਾ ਭੋਗ ਵੀ ਨਹੀਂ ਸੀ ਪਿਆ ਕਿ ਲਗਭਗ ਤਿੰਨ ਚਾਰ ਹਜ਼ਾਰ ਹਿੰਦੂਆਂ ਨੇ ਡਾਂਗਾਂ ਸੋਟੇ ਫੜ ਕੇ ਗੁਰਦੁਆਰੇ ਨੂੰ ਘੇਰਾ ਪਾ ਲਿਆ। ਝੱਬਰ ਸਾਹਿਬ ਨੇ ਪੁਲਿਸ ਕਪਤਾਨ ਨੂੰ ਖਬਰ ਕਰਕੇ ਕਿਹਾ ਕਿ ਇਨ੍ਹਾਂ ਹਜ਼ਾਰਾਂ ਦੇ ਹਜ਼ੂਮ ਵਾਸਤੇ ਮੇਰੇ ਬਾਜਾਂ ਵਰਗੇ 25 ਸਿੰਘ ਹੀ ਕਾਫੀ ਹਨ, ਜੇ ਕਹੋਂ ਤਾਂ ਛੱਡਾਂ? ਪੁਲਿਸ ਕਪਤਾਨ ਨੇ ਕਿਹਾ ਕਿ ਨਹੀਂ-ਨਹੀਂ ਇਨ੍ਹਾਂ ਦਾ ਇੰਤਜ਼ਾਮ ਮੈਂ ਖੁਦ ਕਰਦਾ ਹਾਂ। ਉਹ ਨੇ ਸੀਟੀ ਮਾਰ ਕੇ ਸਿਪਾਹੀਆਂ ਨੂੰ ਹਿੰਦੂ ਹਜ਼ੂਮ ਨੂੰ ਡਾਂਗਾਂ ਮਾਰ ਮਾਰ ਕੇ ਦਬੱਲਣ ਦਾ ਹੁਕਮ ਦਿੱਤਾ। ਹਜ਼ੂਮ ਵਿੱਚੋਂ ਜਿਹੜੇ ਬੰਦੇ ਗੁਰਦੁਆਰੇ ਦੇ ਅੰਦਰ ਵੜ ਗਏ ਸਨ, ਪੁਲਿਸ ਨੇ ਉਨ੍ਹਾਂ ਨੂੰ ਵੀ ਕੁੱਟ ਕੁੱਟ ਬਾਹਰ ਕੱਢਿਆ। ਮੁੜ ਅਜਿਹੀ ਕਾਰਵਾਈ ਦੀ ਪੇਸ਼ਬੰਦੀ ਸਤਹਿਤ ਸਾਰੇ ਰਾਹਾਂ ’ਤੇ ਪੁਲਿਸ ਪਹਿਰਾ ਬਿਠਾ ਦਿੱਤਾ।
ਫਿਰ ਹਿੰਦੂ ਔਰਤਾਂ ਗੁਰਦੁਆਰੇ ’ਚ ਭੇਜੀਆਂ
ਕੋਈ ਪੇਸ਼ ਨਾ ਜਾਂਦੀ ਵੇਖ ਕੇ ਸ਼ਹਿਰ ਦੇ ਹਿੰਦੂਆਂ ਨੇ ਅਗਲੀ ਰਾਤ ਆਪਣੀਆਂ ਲਗਭਗ ਦੋ-ਢਾਈ ਸੌ ਤੀਵੀਆਂ ਗੁਰਦੁਆਰੇ ਵਿੱਚ ਵਾੜ ਦਿੱਤੀਆਂ। ਇਸ ਸ਼ਰਾਰਤ ਦਾ ਮਕਸਦ ਇਹ ਸੀ ਕਿ ਤੀਵੀਆਂ ਸਿੰਘਾਂ ਨਾਲ ਹੱਥੋ-ਪਾਈ ਦਾ ਕੋਈ ਬਹਾਨਾ ਬਣਾਉਣਗੀਆਂ ਤੇ ਫੇਰ ਸਿੰਘਾਂ ’ਤੇ ਤੀਵੀਆਂ ਨੂੰ ਹੱਥ ਪਾਉਣ ਦਾ ਰੌਲਾ ਪਾਇਆ ਜਾਵੇਗਾ। ਸ. ਝੱਬਰ ਨੇ ਅਕਾਲੀਆਂ ਨੂੰ ਇਨ੍ਹਾਂ ਔਰਤਾਂ ਦਾ ਸਭ ਕੁਝ ਚੁੱਪਚਾਪ ਬਰਦਾਸ਼ਤ ਕਰਨ ਦਾ ਹੁਕਮ ਦੇ ਦਿੱਤਾ ਤੇ ਇੱਕ ਹੋਰ ਤਰਕੀਬ ਘੜੀ।
ਜਿਹੜੀ ਪੁਲਿਸ ਗਾਰਦ ਗੁਰਦੁਆਰੇ ਦੇ ਬਾਹਰ ਬੈਠੀ ਸੀ, ਉਨ੍ਹਾਂ ਵਿੱਚੋਂ ਇੱਕ ਨਿਵੇਕਲੀ ਜਿਹੀ ਮਦਦ ਮੰਗੀ। ਪੁਲਿਸ ਨੇ ਮਦਦ ਕਰਦਿਆਂ ਝੱਬਰ ਦੇ ਕਹੇ ਮੁਤਾਬਕ ਸ਼ਹਿਰ ਦੇ ਹਿੰਦੂਆਂ ਨੂੰ ਆਖਿਆ, “ਤੁਸੀਂ ਚੰਗੇ ਬੰਦੇ ਹੋ! ਤੁਹਾਡੀਆਂ ਜਨਾਨੀਆਂ ਗੁਰਦੁਆਰਾ ਸਾਹਿਬ ਇਕੱਲੀਆਂ ਬੈਠੀਆਂ ਹਨ। ਝੱਬਰ ਦੇ ਨਾਲ ਤਾਂ ਡਾਕੂ ਬਦਮਾਸ਼ ਬਾਰ ਦੇ ਜੱਟ ਆਏ ਹੋਏ ਹਨ। ਉਨ੍ਹਾਂ ਤੁਹਾਡੀਆਂ ਤੀਵੀਆਂ ਲੈ ਕੇ ਤੁਰ ਜਾਣਾ ਹੈ, ਫਿਰ ਵੇਖਦੇ ਰਹੋਗੇ। ਜਾਓ, ਆਪਣੀਆਂ ਤੀਵੀਆਂ ਉਠਾ ਲਿਆਓ। ਨਹੀਂ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਨਾ ਹੀ ਅਸੀਂ ਕੋਈ ਰਿਪੋਰਟ ਲਿਖਣੀ ਹੈ।” ਲਾਲੇ ਫੌਰਨ ਆਏ ਤੇ ਆਪਣੀਆਂ ਤੀਵੀਆਂ ਨੂੰ ਉਠਾ ਕੇ ਲੈ ਗਏ। (ਅਕਾਲੀ ਮੋਰਚੇ ਤੇ ਝੱਬਰ, ਸਫਾ 91, ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)
ਬਾਅਦ ਵਿੱਚ ਪਤਾ ਲੱਗਾ ਕਿ ਇਨ੍ਹਾਂ ਲਾਲਿਆਂ ਦੀ ਬਾਹਰੋਂ ਕਮਾਨ ਰਾਵਲਪਿੰਡੀ ਦੇ ‘ਸ਼ਾਂਤੀ’ ਅਖਬਾਰ ਦਾ ਐਡੀਟਰ ਕਿਸ਼ਨ ਚੰਦ ਕਰ ਰਿਹਾ ਸੀ।
ਹਕੂਮਤ ਨੇ ਮਹੰਤ ਦੀ ਇੱਕ ਨਾ ਸੁਣੀ
ਸਾਰੇ ਹਰਬੇ ਫੇਲ੍ਹ ਹੋ ਜਾਣ ਤੋਂ ਬਾਅਦ ਮਹੰਤ ਸੰਤ ਸਿੰਘ ਨੇ ਜਦੋਂ ਸਰਕਾਰੇ ਦਰਬਾਰੇ ਬਹੁਤਾ ਪਿੱਟ ਸਿਆਪਾ ਕੀਤਾ ਤਾਂ ਕੈਮਲਪੁਰ ਜ਼ਿਲ੍ਹੇ ਦਾ ਡੀ.ਸੀ. ਅਤੇ ਐੱਸ.ਪੀ. ਮਹੰਤ ਦੀ ਫਰਿਆਦ ਸੁਣਨ ਲਈ ਹਸਨ ਅਬਦਾਲ ਦੇ ਡਾਕ ਬੰਗਲੇ ਪੁੱਜੇ। ਐੱਸ.ਪੀ. ਅੰਗਰੇਜ਼ ਸੀ ਅਤੇ ਡੀ.ਸੀ. ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਪਿੰਡ ਕੁੰਜਾਹ ਦਾ ਵੜੈਚ ਜੱਟ ਚੌਧਰੀ ਸੁਲਤਾਨ ਅਹਿਮਦ ਸੀ। ਦੋਵੇਂ ਧਿਰਾਂ ਉਨ੍ਹਾਂ ਸਾਹਮਣੇ ਪੇਸ਼ ਹੋਈਆਂ। ਮਹੰਤ ਸੰਤ ਸਿੰਘ ਅਤੇ ਕਰਤਾਰ ਸਿੰਘ ਝੱਬਰ ਦਾ ਪੱਖ ਸੁਣਨ ਤੋਂ ਬਾਅਦ ਡੀ.ਸੀ. ਨੇ ਮਹੰਤ ਸੰਤ ਸਿੰਘ ’ਤੇ ਗੁਰਦੁਆਰੇ ਵਿੱਚ ਵੜਨ ਦੀ ਪਾਬੰਦੀ ਦਾ ਹੁਕਮ ਸੁਣਾਇਆ। ਰੋਅਬ ਨਾਲ ਗੱਲ ਕਰਦਿਆਂ ਮਹੰਤ ਨੇ ਆਖਿਆ, “ਮੈਂ ਗੁਰਦੁਆਰੇ ਜਾਸਾਂ (ਜਾਉਂਗਾ)।” ਡੀ.ਸੀ. ਨੇ ਦੁਬਾਰੇ ਫੇਰ ਆਖਿਆ, “ਸੰਤ ਸਿੰਘ ਤੁਮ ਮਤ ਜਾਓ।” ਸੰਤ ਸਿੰਘ ਨੇ ਫੇਰ ਆਖਿਆ, “ਮੈਂ ਜਾਸਾਂ, ਜਾਸਾਂ।” ਮਹੰਤ ਦਾ ਇਨਕਾਰ ਸੁਣ ਕੇ ਡੀ.ਸੀ. ਨੇ ਪੁਲਿਸ ਨੂੰ ਆਖਿਆ, “ਮਹੰਤ ਸੰਤ ਸਿੰਘ ਨੂੰ ਹੁਣੇ ਹੱਥ ਕੜੀ ਲਾ ਦਿਓ।” ਮਹੰਤ ਨੇ ਜਦੇ ਪਲਟ ਕੇ ਆਖਿਆ, “ਹਜ਼ੂਰ ਮੈਂ ਗੁਰਦੁਆਰੇ ਨਹੀਂ ਜਾਸਾਂ।”
ਮਹੰਤ ਨੇ ਆਪਣੇ ਨਾਲ ਵਕੀਲ ਵੀ ਲਿਆਂਦਾ ਸੀ ਅਤੇ ਗੁਰਦੁਆਰੇ ਨੂੰ ਝਗੜੇ ਵਾਲੀ ਜਾਇਦਾਦ ਕਰਾਰ ਦੇ ਕੇ ਦਫਾ 145 ਤਹਿਤ ਸਰਕਾਰੀ ਕਬਜ਼ੇ ਹੇਠ ਲੈਣ ਲਈ ਇੱਕ ਦਰਖਾਸਤ ਡੀ.ਸੀ. ਨੂੰ ਦਿੱਤੀ। ਡੀ.ਸੀ. ਨੇ ਇਹ ਕਹਿ ਕੇ ਟਰਕਾਅ ਦਿੱਤਾ ਕਿ ਸਬੂਤ ਲੈ ਕੇ ਕੈਮਲਪੁਰ ਆਓ, ਉਥੇ ਤੁਹਾਡੀ ਦਰਖਾਸਤ ’ਤੇ ਗੌਰ ਕਰਾਂਗੇ। ਡੀ.ਸੀ. ਅਤੇ ਐੱਸ.ਪੀ. ਦੇ ਜਾਣ ਤੋਂ ਬਾਅਦ ਸਿੱਖਾਂ ਦੀ ਹਮਾਇਤ ਵਿੱਚ ਆਏ ਸਾਰੇ ਸੱਜਣ ਝੱਬਰ ਸਾਹਿਬ ਨਾਲ ਜੇਤੂ ਜਲੂਸ ਦੀ ਸ਼ਕਲ ਵਿੱਚ ਗੁਰਦੁਆਰਾ ਸਾਹਿਬ ਪੁੱਜੇ।
ਇਸ ਮੌਕੇ ਵੀ ਹਕੂਮਤ ਅਕਾਲੀਆਂ ਦੇ ਪੱਖ ਵਿੱਚ ਸ਼ੱਰੇਆਮ ਭੁਗਤ ਰਹੀ ਜਾਪਦੀ ਹੈ। ਕਾਨੂੰਨਨ ਗੁਰਦੁਆਰੇ ਵਿੱਚ ਬੈਠੇ ਮਹੰਤ ਨੂੰ ਗੁਰਦੁਆਰੇ ਵੜਨੋਂ ਰੋਕਣਾ, ਨਾ ਮੰਨਣ ’ਤੇ ਗ੍ਰਿਫਤਾਰ ਕਰਨ ਦਾ ਹੁਕਮ ਸੁਨਾਉਣਾ, ਉਸ ਵੱਲੋਂ ਦਿੱਤੀ ਦਫਾ 145 ਲਾਉਣ ਦੀ ਦਰਖਾਸਤ ’ਤੇ ਮੌਕੇ ’ਤੇ ਗੌਰ ਨਾ ਕਰਨਾ ਸਾਬਤ ਕਰਦਾ ਹੈ ਕਿ ਹਕੂਮਤ ਅਕਾਲੀਆਂ ਨੂੰ ਕਬਜ਼ਾ ਕਰਾਉਣਾ ਮਨੋਂ ਚਾਹੁੰਦੀ ਹੈ। ਨਹੀਂ ਤਾਂ ਕਬਜ਼ਾ ਕਰਨ ਆਏ ਅਕਾਲੀਆਂ ਨੂੰ ਕਿਹਾ ਜਾ ਸਕਦਾ ਸੀ ਕਿ ਜੇ ਮਹੰਤ ਦਾ ਕਬਜ਼ਾ ਗੈਰ-ਕਾਨੂੰਨੀ ਹੈ ਤਾਂ ਤੁਸੀਂ ਕਾਨੂੰਨੀ ਤੌਰ ’ਤੇ ਆਪਣੀ ਦਰਖਾਸਤ ਕਰੋ। ਇਸ ਦੇ ਉਲਟ ਮਹੰਤ ਦਾ ਕਬਜ਼ਾ ਛੁਡਾ ਕੇ ਉਸਨੂੰ ਆਪਦੀ ਅਰਜ਼ ਕਰਨ ਲਈ ਕਿਹਾ ਗਿਆ।
(ਬਾਕੀ ਅਗਲੇ ਅੰਕ ਵਿੱਚ)