(1)
ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ ਨਹੀਂ ਰਹਿ ਸਕਦੀ। ਇੱਕ ਪਾਸੜ ਇਤਿਹਾਸਕਾਰੀ ਦੇ ਦੁਖਾਂਤ ਨੇ ਸਿੱਖ ਕੌਮ ਦੀ ਸੋਚ ਨੂੰ ਸਦੀਆਂ ਤੋਂ ਗ੍ਰਹਿਣ ਲਾਇਆ ਹੋਇਆ ਹੈ। ਇੰਜ ਹੀ ‘ਸਾਕਾ ਨਨਕਾਣਾ ਸਾਹਿਬ’ ਬਾਬਤ ਬੜਾ ਕੁਝ ਲਿਖਿਆ ਗਿਆ ਹੈ। ਇਹ ਸਾਕਾ ਵਾਪਰੇ ਨੂੰ ਇੱਕ ਸਦੀ ਅਤੇ 4 ਸਾਲ ਹੋ ਚੱਲੇ ਹਨ। ਹਥਲੇ ਲੰਮੇ ਲੇਖ ਵਿੱਚ ਇਸ ਸਾਕੇ ਲਈ ਜ਼ਿੰਮੇਵਾਰ ਧਿਰਾਂ ਜਾਂ ਹਾਲਾਤ ਨੂੰ ਪੜਚੋਲਣ ਜਾਂ ਨਜ਼ਰਸਾਨੀ ਕਰਨ ਦਾ ਯਤਨ ਕੀਤਾ ਗਿਆ ਹੈ। ਗਲਤ ਇਤਿਹਾਸਕਾਰੀ ਦੀ ਮਿਸਾਲ ਵਜੋਂ ਪੇਸ਼ ਹੈ ਇਹ ਲੇਖ… ਪ੍ਰਬੰਧਕੀ ਸੰਪਾਦਕ
ਗੁਰਪ੍ਰੀਤ ਸਿੰਘ ਮੰਡਿਆਣੀ
ਫੋਨ: +91-8872664000
20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿੱਚ ਵਾਪਰੇ ਸ਼ਹੀਦੀ ਸਾਕੇ ਦੀ ਯਾਦ ਨੂੰ ਤਾਜ਼ਾ ਕਰਨ ਖਾਤਰ ਹਰ ਸਾਲ ਫਰਵਰੀ ਵਿੱਚ ਅਖਬਾਰਾਂ/ਰਸਾਲਿਆਂ ਵਿੱਚ ਲੇਖ ਛਾਪੇ ਜਾਂਦੇ ਹਨ। ਹਰ ਵਾਰ ਰਵਾਇਤੀ ਲੇਖ ਲਿਖਦਿਆਂ ਇਨ੍ਹਾਂ ਵਿੱਚ ਦੱਸਿਆ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਪਿੱਠੂ ਮਹੰਤ ਉਸ ਵੇਲੇ ਗੁਰਦੁਆਰਿਆਂ ’ਤੇ ਕਾਬਜ਼ ਸਨ ਤੇ ਅੰਗਰੇਜ਼ਾਂ ਦੀ ਸ਼ਹਿ ਨਾਲ ਹੀ ਉਨ੍ਹਾਂ ਨੇ ਲਗਭਗ ਡੇਢ ਸੌ ਸਿੱਖਾਂ ਨੂੰ ਇਸ ਦਿਨ ਕਤਲ ਕੀਤਾ। ਇਸਦੀ ਤਫਸੀਲ ਦੇਣ ਤੱਕ ਹੀ ਇਹ ਲੇਖ ਮਹਿਦੂਦ ਰਹਿੰਦੇ ਹਨ। ਇਸ ਸਾਕੇ ਨਾਲ ਸਬੰਧ ਰੱਖਦੇ ਹੋਰ ਬਹੁਤ ਸਾਰੇ ਸਵਾਲਾਂ ਨੂੰ ਇਨ੍ਹਾਂ ਲੇਖਾਂ ਵਿੱਚ ਛੇੜਿਆ ਹੀ ਨਹੀਂ ਜਾਂਦਾ। ਜਿਨ੍ਹਾਂ ਵਿੱਚ ਪ੍ਰਮੁੱਖ ਇਹ ਹਨ: ਮਹੰਤਾਂ ਤੋਂ ਪਹਿਲਾਂ ਗੁਰਦੁਆਰਿਆਂ ’ਤੇ ਕੌਣ ਕਾਬਜ਼ ਸੀ? ਇਸ ਕਤਲੇਆਮ ਬਾਬਤ ਫੌਜਦਾਰੀ ਕੇਸ ਦਾ ਕੀ ਬਣਿਆ? ਹਿੰਦੂਆਂ ਦੀ ਨੁਮਾਇੰਦਾ ਜਮਾਤਾਂ ਅਤੇ ਕਾਂਗਰਸ ਦਾ ਮਹੰਤਾਂ ਬਾਰੇ ਕੀ ਵਤੀਰਾ ਸੀ?
ਉਸ ਵੇਲੇ ਦੇ ਇਤਿਹਾਸ ’ਤੇ ਨਜ਼ਰ ਮਾਰਿਆਂ ਇਹ ਗੱਲ ਸਪੱਸ਼ਟ ਰੂਪ ਵਿੱਚ ਉਭਰ ਕੇ ਆਉਂਦੀ ਹੈ ਕਿ ਹਿੰਦੂਆਂ ਦੀ ਨੁਮਾਇੰਦਾ ਜਮਾਤ ਕਾਂਗਰਸ ਪਾਰਟੀ ਅਤੇ ਆਰੀਆ ਸਮਾਜ ਵਰਗੀਆਂ ਹੋਰ ਹਿੰਦੂ ਜੱਥੇਬੰਦੀਆਂ ਮਹੰਤਾਂ ਦੀ ਖੁੱਲ੍ਹੇਆਮ ਮਦਦ ਕਰਦੀਆਂ ਸਨ; ਜਦਕਿ ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਵਾਲੇ ਅਕਾਲੀਆਂ ਨੂੰ ਕੁਝ ਨਹੀਂ ਆਖਿਆ, ਹਾਲਾਂਕਿ ਮਹੰਤਾਂ ਨੇ ਸਰਕਾਰੇ-ਦਰਬਾਰੇ ਜਾ ਕੇ ਖੂਬ ਹਾਲ-ਪਾਰਿ੍ਹਆ ਕੀਤੀ। ਕਈ ਥਾਈਂ ਤਾਂ ਪੁਲਿਸ ਨੇ ਮਹੰਤਾਂ ਦੇ ਚੇਲਿਆਂ ਨੂੰ ਗੁਰਦੁਆਰਿਆਂ ਵਿੱਚੋਂ ਡੰਡੇ ਮਾਰ-ਮਾਰ ਬਾਹਰ ਕੱਢਿਆ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਆਏ ਹਜ਼ਾਰਾਂ ਹਿੰਦੂਆਂ ’ਤੇ ਵੀ ਡਾਂਗ ਫੇਰੀ।
ਨਨਕਾਣਾ ਸਾਹਿਬ ਦੇ ਕਤਲੇਆਮ ਦਾ ਮੌਕਾ ਦੇਖਣ ਲਈ ਪੰਜਾਬ ਦਾ ਗਵਰਨਰ ਖੁਦ ਪਹੁੰਚਿਆ ਅਤੇ ਉਸਨੇ ਸਿੱਖਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ। ਕਤਲੇਆਮ ਵਾਲੇ ਦਿਨ ਦੁਪਹਿਰ ਤਕ ਸ਼ੇਖੂਪੁਰੇ ਦਾ ਡੀ.ਸੀ. ਮੌਕੇ ’ਤੇ ਪੁੱਜਿਆ ਅਤੇ ਸ਼ਾਮ ਨੂੰ ਲਾਹੌਰ ਡਵੀਜ਼ਨ ਦਾ ਕਮਿਸ਼ਨਰ ਇੱਕ ਸਪੈਸ਼ਲ ਰੇਲ ਗੱਡੀ ਰਾਹੀਂ ਡੇਢ ਸੌ ਅੰਗਰੇਜ਼ ਸਿਪਾਹੀਆਂ ਨੂੰ ਲੈ ਕੇ ਨਨਕਾਣਾ ਸਾਹਿਬ ਅੱਪੜ ਗਿਆ ਸੀ। ਉਸੇ ਰਾਤ ਤੱਕ ਮਹੰਤ ਨਰੈਣ ਦਾਸ ਸਮੇਤ 26 ਪਠਾਣ ਗ੍ਰਿਫਤਾਰ ਕਰ ਲਏ ਗਏ।
5 ਅਪ੍ਰੈਲ 1921 ਨੂੰ ਇਸ ਕਤਲੇਆਮ ਦਾ ਮੁਕੱਦਮਾ ਸ਼ੁਰੂ ਹੋ ਗਿਆ। 12 ਅਕਤੂਬਰ 1921 ਨੂੰ ਸੈਸ਼ਨ ਕੋਰਟ ਨੇ ਮਹੰਤ ਨਰੈਣ ਦਾਸ ਅਤੇ ਉਸਦੇ 7 ਹੋਰ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ। ਅੱਠ ਨੂੰ ਉਮਰ ਕੈਦ ਅਤੇ 16 ਨੂੰ 7 ਸਾਲ ਸਖਤ ਸਜ਼ਾ ਦਿੱਤੀ ਗਈ।
ਮਹੰਤ ਵੱਲੋਂ ਇਸ ਫੈਸਲੇ ਦੇ ਖ਼ਿਲਾਫ਼ ਹਾਈਕੋਰਟ ਵਿੱਚ ਕੀਤੀ ਗਈ ਅਪੀਲ ਦਾ 3 ਮਾਰਚ 1922 ਨੂੰ ਫੈਸਲਾ ਹੋ ਗਿਆ। ਇਸ ਵਿੱਚ ਮਹੰਤ ਦੀ ਸਜ਼ਾ ਘਟਾ ਕੇ ਉਮਰ ਕੈਦ ਵਿੱਚ ਬਦਲ ਦਿੱਤੀ ਗਈ; ਜਦਕਿ ਤਿੰਨ ਜਣਿਆਂ- ਆਤਮਾ ਰਾਮ, ਰਾਂਝਾ ਅਤੇ ਰਿਹਾਣਾ ਦੀ ਫਾਂਸੀ ਬਰਕਰਾਰ ਰੱਖੀ ਗਈ। ਦੋ ਨੂੰ ਉਮਰ ਕੈਦ ਦਾ ਹੁਕਮ ਹੋਇਆ ਤੇ ਬਾਕੀ ਬਰੀ ਕਰ ਦਿੱਤੇ ਗਏ। 1978 ਦਾ ਨਿਰੰਕਾਰੀ ਕਾਂਡ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਸਜ਼ਾ ਦਿਵਾਉਣ ਵਾਲੀ ਕਾਰਵਾਈ ਦੀ ਤੁਲਨਾ ਨਨਕਾਣਾ ਸਾਹਿਬ ਦੇ ਸਾਕੇ ਨਾਲ ਕੀਤੀ ਜਾਵੇ ਤਾਂ ਅੰਗਰੇਜ਼ ਸਰਕਾਰ ਕਿਤੇ ਵੱਧ ਇਨਸਾਫ ਪਸੰਦ ਜਾਪਦੀ ਹੈ। ਨਨਕਾਣਾ ਸਾਹਿਬ ਵਿੱਚ ਹੋਏ ਸਿੱਖਾਂ ਦੇ ਕਾਤਲਾਂ ਨੂੰ ਉਸੇ ਦਿਨ ਗ੍ਰਿਫਤਾਰ ਕਰ ਲਿਆ ਗਿਆ। ਲਗਭਗ ਡੇਢ ਮਹੀਨੇ ਬਾਅਦ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋ ਗਿਆ। ਮੈਜਿਸਟ੍ਰੇਟ ਵੱਲੋਂ ਜੁਰਮ ਆਇਦ ਹੋਣ ਅਤੇ ਸੈਸ਼ਨ ਜੱਜ ਵੱਲੋਂ ਸਾਢੇ ਛੇ ਮਹੀਨੇ ਵਿੱਚ ਮੁਕੱਦਮਾ ਨਿਬੇੜ ਦਿੱਤਾ ਗਿਆ ਹੈ, ਜਿਸ ਵਿੱਚ ਮੁੱਖ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਈ। ਹਾਲਾਂਕਿ ਬਹੁਤ ਸਾਰੇ ਸਿੱਖਾਂ ਨੇ ਮਹਾਤਮਾ ਗਾਂਧੀ ਦੇ ਕਹਿਣ ’ਤੇ ਮੁਕੱਦਮੇ ਦੀ ਪੈਰਵਈ ਨਹੀਂ ਸੀ ਕੀਤੀ ਅਤੇ ਗਵਾਹੀਆਂ ਵੀ ਨਹੀਂ ਦਿੱਤੀਆਂ। ਇਸ ਤੋਂ ਬਾਅਦ ਹਾਈ ਕੋਰਟ ਨੇ ਸਿਰਫ ਸਾਢੇ ਪੰਜ ਮਹੀਨਿਆਂ ਵਿੱਚ ਦੋਸ਼ੀਆਂ ਦੀਆਂ ਅਪੀਲਾਂ ਦਾ ਨਿਬੇੜਾ ਕਰ ਦਿੱਤਾ।
ਪਰ ਨਨਕਾਣਾ ਸਾਹਿਬ ਕਤਲੇਆਮ ਦੇ ਫੌਜਦਾਰੀ ਕੇਸ ਦੇ ਫੈਸਲੇ ਦਾ ਜ਼ਿਕਰ ਕਰਨਾ ਸਾਕੇ ਦੀ ਤਫਸੀਲ ਦੇਣ ਵੇਲੇ ਬਹੁਤ ਜ਼ਰੂਰੀ ਹੈ। ਰਵਾਇਤੀ ਇਤਿਹਾਸ ਵਿੱਚ ਬਹੁਤ ਸਾਰੀਆਂ ਉਹ ਗੱਲਾਂ ਲਕੋਅ ਲਈਆਂ ਜਾਂਦੀਆਂ ਹਨ, ਜੋ ਅੰਗਰੇਜ਼ਾਂ ਦੇ ਹੱਕ ਵਿੱਚ ਜਾਂਦੀਆਂ ਹਨ। ਅਜਿਹਾ ਕਰਨਾ ਇਤਿਹਾਸ ਨਾਲ ਨਾਇਨਸਾਫੀ ਹੈ।
ਮਹੰਤ ਕੌਣ ਸਨ?
ਗੁਰਦੁਆਰਾ ਸੁਧਾਰ ਲਹਿਰ ਮੌਕੇ ਜ਼ਿਕਰ ਵਿੱਚ ਆਏ ਖਲਨਾਇਕ ਮਹੰਤ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਪਹਿਲਾਂ ਹੀ ਗੁਰਦੁਆਰਿਆਂ ’ਤੇ ਕਾਬਜ਼ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਕਾਰ ਦੀ ਅਸਲੀ ਵਾਗਡੋਰ ਉਸਦੇ ਪ੍ਰਧਾਨ ਮੰਤਰੀ ਹਿੰਦੂ ਰਾਜਪੂਤ ਧਿਆਨ ਸਿੰਘ ਡੋਗਰੇ ਦੇ ਹੱਥ ਵਿੱਚ ਸੀ। ਡੋਗਰਿਆਂ ਦਾ ਕੁਲ ਪੁਰੋਹਿਤ ਪੰਡਤ ਜੱਲਾ ਉਸਦਾ ਖਾਸ ਸਲਾਹਕਾਰ ਸੀ। ਜਾਂ ਇਉਂ ਕਹਿ ਲਿਆ ਜਾਵੇ ਕਿ ਪੰਡਤ ਜੱਲਾ ਪ੍ਰਧਾਨ ਮੰਤਰੀ ਧਿਆਨ ਸਿੰਘ ਰਾਹੀਂ ਆਪਣੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਾਉਂਦਾ ਸੀ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਦੇ ਜਾਂ ਇਉਂ ਕਹਿ ਲਵੋ ਕਿ ਧਿਆਨ ਸਿੰਘ ਡੋਗਰੇ ਤੇ ਪੰਡਤ ਜੱਲੇ ਦਾ ਹੀ ਦੌਰ ਸੀ, ਜ਼ਿਕਰ ਵਿੱਚ ਆਏ ਮਹੰਤ ਗੁਰਦੁਆਰਿਆਂ ਦੇ ਮਾਲਕ ਬਣ ਬੈਠੇ। ਇਸ ਗੱਲ ਦੀ ਗਵਾਹੀ ਭਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਸਫਾ 417 ’ਤੇ ਲਿਖਦੇ ਹਨ:
“ਸਤਿਗੁਰਾਂ ਦੇ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰੀਆ (ਗੁਰਦੁਆਰੇ ਦਾ ਪ੍ਰਬੰਧਕ/ ਸੇਵਾਦਾਰ) ਉਹ ਹੋਇਆ ਕਰਦਾ, ਜੋ ਵਿਦਵਾਨ ਗੁਰਮਤਿ ਦਾ ਪੱਕਾ ਅਤੇ ਉਚੇ ਆਚਾਰ ਵਾਲਾ ਹੁੰਦਾ। ਜ਼ਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ-ਪੁਲਟ ਕਰ ਦਿੱਤਾ। ਇਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ’ਤੇ ਵੀ ਹੌਲੀ ਹੌਲੀ ਹੋਇਆ ਅਰ ਕੌਮ ਵਿੱਚੋਂ ਗੁਰਮਤਿ ਪ੍ਰਚਾਰ ਅਲੋਪ ਹੁੰਦਾ ਗਿਆ, ਤਿਉਂ ਤਿਉਂ ਮਰਿਆਦਾ ਵੀ ਬਿਗੜਦੀ ਗਈ ਅਰ ਇੱਥੋਂ ਤੱਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਹੀ ਗੁਰਧਾਮ ਰਹਿ ਗਏ।”
ਗੁਰਦੁਆਰਿਆਂ ’ਤੇ ਕਾਬਜ਼ ਮਹੰਤ ਭਗਵੇਂ ਲੀੜਿਆਂ ਵਾਲੇ ਹਿੰਦੂ ਸਾਧ ਸਨ ਤੇ ਇਨ੍ਹਾਂ ਦੇ ਨਾਂ- ਨਰੈਣ ਦਾਸ, ਸੁੰਦਰ ਦਾਸ, ਹਰੀ ਦਾਸ, ਕਿਸ਼ਨ ਦਾਸ, ਬਿਸ਼ਨ ਦਾਸ, ਜੀਵਨ ਦਾਸ ਵਗੈਰਾ-ਵਗੈਰਾ ਸਨ। ਕਈਆਂ ਦੇ ਨਾਵਾਂ ਪਿੱਛੇ ਸਿੰਘ ਵੀ ਲੱਗਦਾ ਸੀ, ਪਰ ਉਨ੍ਹਾਂ ’ਚੋਂ ਜ਼ਿਆਦਾਤਰ ਦੇ ਲੱਛਣ ਨਰੈਣ ਦਾਸ ਹੋਣਾ ਵਰਗੇ ਸਨ। ਬਹੁਤੇ ਮਹੰਤਾਂ ਦੇ ਅੱਜ ਕਲ੍ਹ ਦੇ ਹਿੰਦੂ ਸਾਧਾਂ ਵਾਗੂੰ ਦਾੜ੍ਹੀ ਕੇਸ ਰੱਖੇ ਹੁੰਦੇ ਸਨ ਤੇ ਕਈ ਘੋਨ-ਮੋਨ ਸਨ। ਇਹ ਲੋਕ ਗੁਰਦੁਆਰਿਆਂ ਦੇ ਉਸੇ ਤਰ੍ਹਾਂ ਗੱਦੀ-ਦਰ-ਗੱਦੀ ਮਾਲਕ ਸਨ ਜਿਵੇਂ ਕਿ ਅੱਜ ਕਲ੍ਹ ਹਿੰਦੂ ਡੇਰਿਆਂ ਦੇ ਹਨ। ਮਾੜੀ ਮੋਟੀ ਸਿੱਖ ਰਹਿਤ ਮਰਿਆਦਾ ਨੂੰ ਇਹ ਸਿਰਫ ਅਣਸਰਦੇ ਨੂੰ ਹੀ ਨਿਭਾਉਂਦੇ ਸਨ, ਜਦਕਿ ਸਿੱਖਾਂ ਵਿੱਚ ਵਰਜਿਤ ਬਹੁਤ ਸਾਰੀਆਂ ਹਿੰਦੂ ਰਹੁ-ਰੀਤਾਂ ਨੂੰ ਉਹ ਬੜੇ ਚਾਅ ਨਾਲ ਨਿਭਾਉਂਦੇ ਸਨ। ਬਹੁਤ ਸਾਰੇ ਗੁਰਦੁਆਰਿਆਂ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖੀਆਂ ਹੁੰਦੀਆਂ ਸਨ। ਇਹ ਲੋਕ ਵਿਭਚਾਰੀ, ਬਲਾਤਕਾਰੀ, ਅੱਯਾਸ਼ ਵੀ ਸਨ। ਮਹੰਤਾਂ ਦੇ ਦੌਰ ਦਾ ਇਤਿਹਾਸ ਲਿਖਣ ਵੇਲੇ ਉਨ੍ਹਾਂ ਦੇ ਵਿਭਚਾਰੀ ਅਤੇ ਅੱਯਾਸ਼ੀ ਵਾਲੇ ਪੱਖ ਨੂੰ ਤਾਂ ਉਭਾਰਿਆ ਜਾਂਦਾ ਹੈ, ਪਰ ਸਿੱਖ ਮਰਿਆਦਾ ਦੇ ਖ਼ਿਲਾਫ਼ ਉਨ੍ਹਾਂ ਦੇ ਕਰਮ ਨੂੰ ਬੜੀ ਮਾਮੂਲੀ ਜਗ੍ਹਾ ਦਿੱਤੀ ਜਾਂਦੀ ਹੈ। ਅੱਜ ਕਲ੍ਹ ਵੀ ਜਦੋਂ ਕਿਸੇ ਗ੍ਰੰਥੀ ਜਾਂ ਸਿੱਖ ਸੰਤ ਬਾਬੇ ਦੇ ਨਿੱਜੀ ਆਚਰਨ ਪੱਖੋਂ ਗਿਰਨ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਇਸਦਾ ਖੂਬ ਰੌਲਾ ਪੈਂਦਾ ਹੈ। ਪਰ ਅਨੇਕਾਂ ਗੁਰਦੁਆਰਿਆਂ ਵਿੱਚ ਸਿੱਖੀ ਰਹੁ-ਰੀਤਾਂ ਦੇ ਉਲਟ ਹੋ ਰਹੇ ਕਰਮਕਾਂਡਾਂ ’ਤੇ ਕੋਈ ਖਾਸ ਉਜਰ ਨਹੀਂ ਹੁੰਦਾ। ਕਾਂਗਰਸ ਅਤੇ ਹਿੰਦੂਆਂ ਵੱਲੋਂ ਅੱਧੇ ਰੂਪ ਵਿੱਚ ਤਨੋਂ ਅਤੇ ਪੂਰੇ ਰੂਪ ਵਿੱਚ ਮਨੋਂ ਮਹੰਤਾਂ ਦੇ ਹਮਾਇਤੀ ਹੋਣ ਕਾਰਨ, ਇਤਿਹਾਸਕਾਰਾਂ ਨੇ ਗੁਰਦੁਆਰਿਆਂ ’ਤੇ ਕਾਬਜ਼ ਇਨ੍ਹਾਂ ਹਿੰਦੂ ਸਾਧਾਂ ਨੂੰ ਹਿੰਦੂ ਨਾ ਆਖ ਕੇ ਮਹੰਤ ਹੀ ਲਿਖਿਆ। ਔਸਤ ਸਿੱਖਾਂ ਨੇ ਕਦੇ ਮਨੋਂ ਆਪਣੇ ਆਪ ਨੂੰ ਹਿੰਦੂਆਂ ਤੋਂ ਅਲਹਿਦਾ ਨਹੀਂ ਸਮਝਿਆ। ਇਸ ਮਨੋਅਵੱਸਥਾ ਤਹਿਤ ਉਹਦੇ ਵਾਸਤੇ ਕਿਸੇ ਅਜਿਹੇ ਹਿੰਦੂ ਨੂੰ ਹਿੰਦੂ ਕਹਿਣਾ ਔਖਾ ਹੈ, ਜੋ ਸਿੱਖਾਂ ਦੇ ਖ਼ਿਲਾਫ਼ ਭੁਗਤ ਰਿਹਾ ਹੋਵੇ। ਇਸੇ ਮਾਨਸਿਤਕਾ ਤਹਿਤ ਨਰੈਣ ਦਾਸ ਹੁਰਾਂ ਨੂੰ ਹਿੰਦੂ ਕਹਿਣ ਦੀ ਬਜਾਏ ਸਿਰਫ ਮਹੰਤ ਹੀ ਆਖਿਆ ਗਿਆ। ਠੀਕ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਉਮਰ ਤੰਗ ਕਰਨ ਵਾਲੇ ਹਿਮਾਚਲ ਦੇ ਰਾਜਿਆਂ ਭੀਮ ਚੰਦ ਕਹਿਲੂਰੀਆ, ਕਿਰਪਾਲ ਚੰਦ ਕਟੋਚੀਆ, ਕੇਸਰੀਆ ਚੰਦ ਜਸਵਾਲੀਆ, ਸੁਖਦਿਆਲ ਜਸਰੋਟੀਆ, ਹਰੀ ਚੰਦ ਹਿੰਡੂਰੀਆ, ਪ੍ਰਿਥੀ ਚੰਦ ਡਢਵਾਲੀਆ, ਫਤਹਿ ਸ਼ਾਹ ਸ੍ਰੀਨਗਰੀਆ ਵਰਗਿਆਂ ਨੂੰ ਹਿੰਦੂ ਰਾਜੇ ਕਹਿਣ ਦੀ ਬਜਾਏ ‘ਪਹਾੜੀ ਰਾਜਿਆਂ’ ਦਾ ਨਾਓ ਦਿੱਤਾ ਗਿਆ ਹੈ। ਇਸੇ ਹੀ ਕੜੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਧਰੋਹ ਕਮਾਉਣ ਵਾਲੇ ਦਰਬਾਰੀਆਂ ਜੰਮੂ ਦੇ ਹਿੰਦੂ ਰਾਜਪੂਤਾਂ- ਧਿਆਨ ਸਿੰਘ ਤੇ ਗੁਲਾਬ ਸਿੰਘ ਵਰਗਿਆਂ ਨੂੰ ਡੋਗਰਿਆਂ ਦੇ ਨਕਾਬ ਥੱਲੇ ਲਕੋ ਲਿਆ ਗਿਆ ਹੈ। ਕਹਿਣ ਦਾ ਭਾਵ ਸਿੱਖਾਂ ਨੂੰ ਦੁੱਖ ਦੇਣ ਵਾਲੇ ਇਹ ਤਿੰਨੋਂ ਕਿਸਮ ਦੇ ਖਲਨਾਇਕਾਂ ਦੇ ਹਿੰਦੂ ਹੋਣ ਨੂੰ ਲਕੋਣ ਖਾਤਰ ਇਨ੍ਹਾਂ ਦੇ ਨਾਂ ਪਹਾੜੀ ਰਾਜੇ, ਡੋਗਰੇ ਅਤੇ ਮਹੰਤ ਰੱਖੇ ਗਏ ਹਨ।
20ਵੀਂ ਸਦੀ ਦੇ ਸ਼ੁਰੂ ਵਿੱਚ ਆਰੰਭ ਹੋਈ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅੰਗਰੇਜ਼ਾਂ ਦੇ ਮਹੰਤਾਂ ਨੂੰ ਸ਼ਹਿ ਦੇਣ ਦੇ ਦੋਸ਼ ਨੂੰ ਪੜਚੋਲਣ ਤੋਂ ਪਹਿਲਾਂ ਉਸ ਵੇਲੇ ਦੇ ਹਾਲਤਾਂ ’ਤੇ ਨਜ਼ਰ ਮਾਰਨੀ ਜ਼ਰੂਰੀ ਹੈ।
ਸਿੱਖਾਂ ਦੀ ਵਿਰੋਧੀ ਆਰੀਆ ਸਮਾਜੀ ਲਹਿਰ ਦਾ ਦੌਰ
19ਵੀਂ ਸਦੀ ਦੇ ਅਖੀਰ ਵਿੱਚ ਇੱਕ ਗੁਜਰਾਤੀ ਬਾਹਮਣ ਸਵਾਮੀ ਦਯਾ ਨੰਦ ਸਰਸਵਤੀ ਪੰਜਾਬ ਆਇਆ ਅਤੇ ਇਸਨੇ ਆਰੀਆ ਸਮਾਜੀ ਲਹਿਰ ਖੜ੍ਹੀ ਕੀਤੀ। ਆਰੀਆ ਸਮਾਜ ਭਾਵੇਂ ਮੂਲ ਰੂਪ ਵਿੱਚ ਸ਼ੁੱਧ ਹਿੰਦੂ ਜਮਾਤ ਸੀ, ਪਰ ਮੂਰਤੀ ਪੂਜਾ ਦੇ ਵਿਰੋਧੀ ਹੋਣ ਕਰਕੇ ਉਸਨੇ ਬਹੁਤ ਸਾਰੇ ਸਿੱਖਾਂ ਨੂੰ ਆਪਣੇ ਨਾਲ ਰਲਾ ਲਿਆ ਸੀ। ਸਵਾਮੀ ਦਯਾ ਨੰਦ ਦੇ ਗ੍ਰੰਥ ਸਤਿਆਰਥ ਪ੍ਰਕਾਸ਼ ਵਿੱਚ ਸਿੱਖ ਗੁਰੂਆਂ ਬਾਰੇ ਬੇਢਵੀਆਂ ਟਿੱਪਣੀਆਂ ਦਾ ਪਤਾ ਲੱਗਣ ਅਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡਾਉਣ ਵਰਗੀਆਂ ਕਾਰਵਾਈਆਂ ਤੋਂ ਦੁਖੀ ਹੋ ਕੇ ਗਿਆਨੀ ਦਿੱਤ ਸਿੰਘ ਨੇ ਆਰੀਆ ਸਮਾਜ ਦੇ ਖ਼ਿਲਾਫ਼ ਸਿਧਾਂਤਕ ਮੁਹਿੰਮ ਵਿੱਢੀ ਅਤੇ ਭਰੇ ਜਲਸੇ ਵਿੱਚ ਸਵਾਮੀ ਦਯਾ ਨੰਦ ਨੂੰ ਬਹਿਸਾਂ ਰਾਹੀਂ ਹਰਾਇਆ।
ਆਰੀਆ ਸਮਾਜ ਨੇ ਬਹੁਤ ਸਾਰੇ ਸ਼ਹਿਰੀ ਅਤੇ ਕੁਲੀਨ ਵਰਗ ਦੇ ਹਿੰਦੂਆਂ ਨੂੰ ਆਪਣੇ ਨਾਲ ਰਲਾ ਲਿਆ। ਆਰੀਆ ਸਮਾਜ ਨੇ ਸਿੱਖਾਂ ਨੂੰ ਹਿੰਦੂ ਕਿਹਾ ਅਤੇ ਸਿੱਖਾਂ ਦੀਆਂ ਅੱਡਰੀਆਂ ਰਹੁ-ਰੀਤਾਂ ਦਾ ਖੰਡਨ ਕੀਤਾ। ਆਰੀਆ ਸਮਾਜ ਨੇ ਇਸੇ ਨੀਤੀ ਤਹਿਤ ਸਿੱਖਾਂ ਦੇ ਕੱਕਾਰ ਛੁਡਾਉਣ ਦੀ ਮੁਹਿੰਮ ਵਿੱਢੀ। ਸਿੱਖੀ ਛੱਡ ਰਹੇ ਲੋਕਾਂ ਨੂੰ ਸ਼ਰੇ-ਬਾਜ਼ਾਰ ਜਲਸਿਆਂ ਵਿੱਚ ਲਿਆ ਕੇ ਤਾੜੀਆਂ ਦੀ ਗੜਗੜਾਹਟ ਵਿੱਚ ਕੇਸ ਕਤਲ ਕਰਨੇ, ਹੁੱਕੇ ਪਿਆਉਣੇ, ਕਛਹਿਰੇ ਤੇ ਕਿਰਪਾਨਾਂ ਲੁਹਾ ਕੇ ਅਗਾਂਹ ਤੋਂ ਅਜਿਹਾ ਨਾ ਕਰਨ ਦੇ ਬਚਨ ਲੈਣੇ- ਇੱਕ ਆਮ ਜਿਹਾ ਦਸਤੂਰ ਬਣ ਗਿਆ ਸੀ। ਗੁਰਦੁਆਰਿਆਂ ਵਿੱਚ ਸਿੱਖ ਮਰਿਆਦਾ ਨੂੰ ਹਟਾ ਕੇ ਟੱਲ ਖੜਕਾਉਣ ਦੀ ਵੀ ਮੁਹਿੰਮ ਵਿੱਢੀ ਗਈ। (ਹਵਾਲਾ- ਭਾਈ ਕਾਨ੍ਹ ਸਿੰਘ ਨਾਭਾ: ਜੀਵਨ ਤੇ ਰਚਨਾ; ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਫਾ 78)
ਇਸੇ ਮੁਹਿੰਮ ਤਹਿਤ ਪਰਚੇ (ਪੈਂਫਲਿਟ) ਛਪਵਾ ਕੇ ਅਤੇ ਅਖਬਾਰੀ ਲੇਖ ਲਿਖ ਕੇ ਕਿਹਾ ਗਿਆ ਕਿ ਸਿੱਖ, ਹਿੰਦੂ ਹੀ ਹਨ। ਸਿੱਖਾਂ ਦੀ ਕੋਈ ਜਥੇਬੰਦੀ ਨਾ ਹੋਣ ਕਾਰਨ ਆਰੀਆ ਸਮਾਜੀ ਇਸ ਪ੍ਰਚਾਰ ਮੁਹਿੰਮ ਦਾ ਸਿੱਖਾਂ ’ਤੇ ਵੀ ਬਹੁਤ ਅਸਰ ਹੋ ਰਿਹਾ ਸੀ।
1897 ਵਿੱਚ ਇਸ ਪ੍ਰਚਾਰ ਦਾ ਜਵਾਬ ਦੇਣ ਲਈ ਨਾਭਾ ਰਿਆਸਤ ਦੇ ਰਾਜਾ ਹੀਰਾ ਸਿੰਘ ਦੇ ਦੌਰ ਵਿੱਚ ਭਾਈ ਕਾਨ੍ਹ ਸਿੰਘ ਨੇ ਰਿਆਸਤ ਦੇ ਨਹਿਰੀ ਮਹਿਕਮੇ ਦੇ ਅਫਸਰ ਹੁੰਦਿਆਂ, ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਬਿਲਕੁਲ ਵੱਖਰਾ ਹੋਣ ਦੀ ਵਜਾਹਤ ਕਰਦੀ ਇੱਕ ਕਿਤਾਬ ਲਿਖੀ ਜਿਸਦਾ ਨਉਂ ਸੀ, ‘ਹਮ ਹਿੰਦੂ ਨਹੀਂ।’ ਭਾਈ ਸਾਹਿਬ ਨੂੰ ਪੂਰਾ ਇਲਮ ਸੀ ਕਿ ਹਿੰਦੂਆਂ ਵੱਲੋਂ ਇਸ ਕਿਤਾਬ ਦਾ ਵਿਰੋਧ ਕੀਤਾ ਜਾਵੇਗਾ। ਇਸ ਕਿਤਾਬ ਦੇ ਲਿਖਾਰੀ ਵਜੋਂ ਉਨ੍ਹਾਂ ਨੇ ਆਪਣਾ ਨਉਂ ਕਾਨ੍ਹ ਸਿੰਘ ਨੂੰ ਲਕੋਂਦਿਆਂ ਆਪਣੇ ਉਪ-ਨਾਮ ਹਰਿ ਬਰਿਜੇਸ਼ ਦੇ ਅੰਗਰੇਜ਼ੀ ਵਿੱਚ ਮੁਢਲੇ ਅੱਖਰ ਸਿਰਫ ਐਚ.ਬੀ. ਹੀ ਦਰਜ ਕੀਤੇ। ਇਹ ਕਿਤਾਬ ਰਿਆਸਤ ਤੋਂ ਬਾਹਰ ਅੰਗਰੇਜ਼ੀ ਰਾਜ ਵਿੱਚ ਪੈਂਦੇ ਲਾਹੌਰ ਤੋਂ ਛਪਾਈ ਗਈ। ਇਹ ਕਿਤਾਬ ਛਪਣ ਦੀ ਦੇਰ ਸੀ ਕਿ ਰਿਆਸਤ ਦੀਆਂ ਹਿੰਦੂ ਜਥੇਬੰਦੀਆਂ ਨੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਇਸ ਕਿਤਾਬ ਦੇ ਖ਼ਿਲਾਫ਼ ਜਲਸਿਆਂ, ਮੁਜ਼ਾਹਰਿਆਂ ਰਾਹੀਂ ਅੰਦੋਲਨ ਚਲਾ ਕੇ ਇਉਂ ਕਹਿੰਦਿਆਂ ਸਿੰਗਾਂ ’ਤੇ ਮਿੱਟੀ ਚੱਕੀ ਕਿ ਹਾਂ-ਹਾਂ ਇਸ ਕਿਤਾਬ ’ਚ ਇਹ ਕਿਉਂ ਲਿਖਿਆ ਹੈ ਕਿ ਸਿੱਖ, ਹਿੰਦੂ ਨਹੀਂ ਹਨ। ਇਹ ਕਿਹਾ ਗਿਆ ਕਿ ਇਹ ਕਿਤਾਬ ਦਾ ਲਿਖਾਰੀ ਭਾਈ ਕਾਨ੍ਹ ਸਿੰਘ ਹੀ ਹੈ, ਸੋ ਸਰਕਾਰ ਨੂੰ ਚਾਹੀਦਾ ਹੈ ਕਿ ਕਾਨ੍ਹ ਸਿੰਘ ਵੱਲੋਂ ਸਿੱਖਾਂ ਨੂੰ ਅ-ਹਿੰਦੂ ਕਹਿਣ ਦੇ ‘ਘੋਰ ਪਾਪ’ ਕਾਰਨ, ਉਹ ਕਾਨ੍ਹ ਸਿੰਘ ਨੂੰ ਫੌਰਨ ਨੌਕਰੀ ਤੋਂ ਬਰਤਰਫ ਕਰੇ।
ਮਹਾਰਾਜਾ ਹੀਰਾ ਸਿੰਘ ਨੇ ਹਿੰਦੂਆਂ ਦੇ ਇਸ ਦਬਾਅ ਥੱਲੇ ਭਾਈ ਕਾਨ੍ਹ ਸਿੰਘ ਨੂੰ ਨੌਕਰੀਓਂ ਕੱਢ ਦਿੱਤਾ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਹਾਰਾਜਾ ਨਾਭਾ ਨੂੰ ਸਾਰੇ ਫੂਲਕੀਆ ਰਾਜਿਆਂ ਵਿੱਚੋਂ ਸਿੱਖ ਹਿਤੈਸ਼ੀ ਰਾਜਾ ਮੰਨਿਆ ਜਾਂਦਾ ਹੈ। ਨਾ ਹੀ ਰਿਆਸਤੀ ਰਾਜਿਆਂ ਨੂੰ ਹਿੰਦੂਆਂ ਦੀਆਂ ਵੋਟਾਂ ਦੀ ਲੋੜ ਸੀ ਤੇ ਨਾ ਹੀ ਕਿਸੇ ਹਿੰਦੂਪ੍ਰਸਤ ਕੇਂਦਰੀ ਸਰਕਾਰ ਦਾ ਡਰ ਸੀ। ਇਸ ਘਟਨਾ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਆਰੀਆ ਸਮਾਜੀ ਲਾਣਾ ਕਿੰਨਾ ਚਾਂਭਲਿਆ ਹੋਇਆ ਸੀ ਅਤੇ ਉਹ ਸਿੱਖ ਪ੍ਰਚਾਰਕਾਂ ਨੂੰ ਕਿਸ ਹੱਦ ਤਕ ਡਰਾ ਕੇ ਮੁੂੰਹ ਬੰਦ ਕਰਾਉਣ ਵਿੱਚ ਸਫਲ ਹੋ ਚੁੱਕਿਆ ਸੀ; ਤੇ ਸਿੱਖ ਰਾਜੇ ਵੀ ਉਨ੍ਹਾਂ ਦੀ ਦਾਬ ਮੰਨਦੇ ਸੀ।
ਉਪਰਲਾ ਮਾਮਲਾ ਠੰਡਾ ਪੈਣ ਤੋਂ ਬਾਅਦ ਭਾਈ ਕਾਨ੍ਹ ਸਿੰਘ ਨੂੰ 1902 ਵਿੱਚ ਰਾਜਾ ਨਾਭਾ ਨੇ ਰਿਆਸਤੀ ਨੌਕਰੀ ਵਿੱਚ ਤਾਂ ਮੁੜ ਸ਼ਾਮਲ ਕਰ ਲਿਆ, ਪਰ ਉਸਨੂੰ ਅੰਗਰੇਜ਼ੀ ਵਾਇਸਰਾਏ ਦੇ ਏਜੰਟ ਦੇ ਦਫਤਰ ਵਿੱਚ ਰਿਆਸਤ ਦਾ ਵਕੀਲ ਮੁਕੱਰਰ ਕਰ ਦਿੱਤਾ। ਇਸ ਨਾਲ ਇਹ ਪ੍ਰਭਾਵ ਦਿੱਤਾ ਗਿਆ ਕਿ ਭਾਵੇਂ ਕਾਨ੍ਹ ਸਿੰਘ ਦੀ ਬਹਾਲੀ ਹੋ ਗਈ ਹੈ, ਪਰ ਉਸਦਾ ਰਿਆਸਤੀ ਰਾਜਧਾਨੀ ਵਿੱਚ ਦਖਲ ਖਤਮ ਕਰ ਦਿੱਤਾ ਗਿਆ ਹੈ।
ਅੰਗਰੇਜ਼ਾਂ ਅਤੇ ਸਿੱਖ ਰਾਜੇ ਦਾ ਫਰਕ
1905 ਦੀ ਗੱਲ ਹੈ, ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀਆਂ ਪੌੜੀਆਂ ਅਤੇ ਪਰਕਰਮਾ ਵਿੱਚ ਅਨੇਕ ਬ੍ਰਾਹਮਣ ਡਕੌਤ ਅਤੇ ਭਾਟੜੇ ਵੱਖ ਵੱਖ ਦੇਵੀਆਂ ਦੀਆਂ ਮੂਰਤੀਆਂ ਲੈ ਕੇ ਬੈਠਦੇ ਸਨ ਤੇ ਹਰ ਯਾਤਰੀ ਪਾਸੋਂ ਕੌਡੀ, ਦਮੜੀ, ਧੇਲਾ ਜਾਂ ਪੈਸਾ ਮੂਰਤੀ ਦੇ ਨਾਂ ’ਤੇ ਹੋਰਨਾਂ ਹਿੰਦੂ ਤੀਰਥਾਂ ਵਾਂਗ ਉਗਰਾਹੁੰਦੇ ਸਨ। ਇੱਥੋਂ ਤੱਕ ਕਿ ਲਾਚੀ ਬੇਰੀ ਦੇ ਸਾਹਮਣੇ ਪਰਕਰਮਾ ਦੇ ਇੱਕ ਕਮਰੇ ਵਿੱਚ ਬਹੁ-ਭੁਜਾਂ ਵਾਲੀ ਇੱਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ, ਜਿਸਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਨੰਗੇ ਪੈਰੀਂ ਬੜੀ ਅਧੀਨਗੀ ਨਾਲ ਖੜ੍ਹੇ ਦਿਖਾਇਆ ਗਿਆ ਸੀ। ਇਨ੍ਹੀਂ ਦਿਨੀਂ ਸਿੰਘ ਸਭਾ ਲਹਿਰ ਦੇ ਅਸਰ ਹੇਠ ਇਸ ਸਿੱਖ ਵਿਰੋਧੀ ਰੀਤ ਵਿਰੁੱਧ ਆਵਾਜ਼ ਉਠਣ ਲੱਗੀ। ਝਗੜਾ ਵਧਦਾ-ਵਧਦਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ। ਡਿਪਟੀ ਕਮਿਸ਼ਨਰ ਨੇ ਇਹ ਮੂਰਤੀਆਂ ਗੁਰਦੁਆਰੇ ਵਿੱਚੋਂ ਚੁੱਕਣ ਦਾ ਹੁਕਮ ਦੇ ਦਿੱਤਾ। ਹਿੰਦੂਆਂ ਨੇ ਦਰਬਾਰ ਸਾਹਿਬ ਦੀ ਪਰਕਰਮਾ ’ਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ। ਆਰੀਆ ਸਮਾਜ ਭਾਵੇਂ ਖੁਦ ਮੂਰਤੀ ਪੂਜਾ ਦਾ ਵਿਰੋਧੀ ਸੀ, ਪਰ ਹਰਿਮੰਦਰ ਸਾਹਿਬ ਤੋਂ ਮੂਰਤੀਆਂ ਚੁੱਕਣ ਦੀ ਉਸ ਨੂੰ ਬਹੁਤ ਤਕਲੀਫ ਹੋਈ। ਆਰੀਆ ਸਮਾਜੀਆਂ ਨੇ ਤੇਰਾਂ ਹਜ਼ਾਰ ਦਸਤਖਤ ਕਰਾ ਕੇ ਸਰਕਾਰ ਨੂੰ ਇੱਕ ਪਟੀਸ਼ਨ ਭੇਜ ਕੇ ਹਿੰਦੂ ਮੂਰਤੀਆਂ ਮੁੜ ਹਰਿਮੰਦਰ ਸਾਹਿਬ ਵਿੱਚ ਰੱਖਣ ਦੀ ਫਰਿਆਦ ਕੀਤੀ ਅਤੇ ਮਹਾਰਾਜਾ ਨਾਭਾ ਤੋਂ ਵੀ ਇਸ ਕੰਮ ਵਿੱਚ ਸਹਾਇਤਾ ਮੰਗੀ। (ਹਵਾਲਾ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, ਸਫਾ 44; ਪ੍ਰਕਾਸ਼ਕ ਸਿੰਘ ਬ੍ਰਦਰਜ਼)
ਹਿੰਦੂਆਂ ਨੇ ਲੱਖ ਬੂ ਦੁਹਾਈ ਪਾਉਣ ਦੇ ਬਾਵਜੂਦ ਡੀ.ਸੀ. ਨੇ ਕਿਸੇ ਵੀ ਦਬਾਅ ਥੱਲੇ ਨਾ ਆ ਕੇ ਉਨ੍ਹਾਂ ਦੀ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ।
ਸਿੱਖ ਰਹਿਤ ਨੂੰ ਪਿਆਰ ਕਰਨ ਵਾਲੇ ਭਾਈ ਕਾਨ੍ਹ ਸਿੰਘ ਨਾਭਾ ਨੇ ਰਿਆਸਤ ਵਾਲੇ ਆਪਣੇ ਸਰਕਾਰੀ ਲੈਟਰਪੈਡ ਉਤੇ ਅੰਮ੍ਰਿਤਸਰ ਦੇ ਡੀ.ਸੀ. ਨੂੰ ਚਿੱਠੀ ਲਿਖ ਕੇ ਮੂਰਤੀਆਂ ਚੁਕਾਉਣ ਦੇ ਦਲੇਰਾਨਾ ਫੈਸਲੇ ’ਤੇ ਵਧਾਈ ਦਾ ਖਤ ਲਿਖ ਦਿੱਤਾ। ਮੂਰਤੀਆਂ ਦੇ ਹੱਕ ਵਿੱਚ ਆਏ ਇੱਕ ਡੈਪੂਟੇਸ਼ਨ ਨੂੰ ਡੀ.ਸੀ. ਨੇ ਇੱਕ ਸਿੱਖ ਮਰਿਆਦਾ ਦੇ ਗੂੜ੍ਹ ਗਿਆਨੀ ਵਜੋਂ ਦਿੱਤੀ ਰਾਏ ਆਪਣੇ ਹੱਕ ਵਿੱਚ ਭੁਗਤਾਉਣ ਲਈ ਭਾਈ ਕਾਨ੍ਹ ਸਿੰਘ ਨਾਭਾ ਦੀ ਉਕਤ ਚਿੱਠੀ ਡੈਪੂਟੇਸ਼ਨ ਨੂੰ ਦਿਖਾ ਦਿੱਤੀ। ਇਸ ਡੈਪੂਟੇਸ਼ਨ ਨੇ ਫੌਰਨ ਮਹਾਰਾਜਾ ਨਾਭਾ ਸਰਦਾਰ ਹੀਰਾ ਸਿੰਘ ਪਾਸ ਪਹੁੰਚ ਕੇ ਭਾਈ ਕਾਨ੍ਹ ਸਿੰਘ ਨਾਭਾ ਦੀ ਸ਼ਿਕਾਇਤ ਕਰਦਿਆਂ ਆਖਿਆ, “ਇਹ ਚਿੱਠੀ ਸਰਕਾਰੀ ਕਾਗਜ਼ ’ਤੇ ਲਿਖੀ ਹੋਣ ਕਾਰਨ ਇਹ ਪ੍ਰਭਾਵ ਪੈਂਦਾ ਹੈ ਕਿ ਨਾਭੇ ਦੀ ਰਿਆਸਤੀ ਸਰਕਾਰ ਖੁਦ ਵੀ ਹਰਿਮੰਦਰ ਸਾਹਿਬ ਵਿੱਚੋਂ ਮੂਰਤੀਆਂ ਚੁੱਕਣ ’ਤੇ ਖੁਸ਼ ਹੈ। ਸੋ ਹਿੰਦੂਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਮਹਾਰਾਜਾ ਨਾਭਾ ਹੀਰਾ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮੁੜ ਨੌਕਰਿਓਂ ਬਰਤਰਫ ਕਰ ਦਿੱਤਾ। ਭਾਵ ਇਹ ਹੋਇਆ ਕਿ ਮਹਾਰਾਜਾ ਵੀ ਦਰਬਾਰ ਸਾਹਿਬ ਵਿੱਚੋਂ ਮੁਰਤੀਆਂ ਚੁੱਕਣ ਦੇ ਖ਼ਿਲਾਫ਼ ਸੀ।
ਹਿੰਦੂਆਂ ਦੇ ਵਿਰੋਧ ਦੇ ਬਾਵਜੂਦ ਅੰਗਰੇਜ਼ਾਂ ਨੇ ਆਨੰਦ ਮੈਰਿਜ ਐਕਟ ਬਣਾਇਆ
ਆਰੀਆ ਸਮਾਜੀ ਸਿੱਖਾਂ ਦੀ ਹਰ ਉਸ ਰਹੁ-ਰੀਤ ਦਾ ਵਿਰੋਧ ਕਰਦੇ ਸਨ, ਜਿਹੜੀ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਦਰਸਾਉਂਦੀ ਸੀ। ਇਸੇ ਕੜੀ ਦੇ ਤਹਿਤ ਉਨ੍ਹਾਂ ਨੇ ਸਿੱਖਾਂ ਵਿੱਚ ਪ੍ਰਚਲਤ ਆਨੰਦ ਕਾਰਜ ਰੀਤ ਮੁਤਾਬਕ ਵਿਆਹ ਕਰਨ ਦਾ ਵਿਰੋਧ ਕੀਤਾ। ਸਿੱਖਾਂ ਨੂੰ ਕਿਹਾ ਗਿਆ ਕਿ ਉਹ ਹਿੰਦੂ ਰੀਤ ਮੁਤਾਬਕ ਪੰਡਤਾਂ ਰਾਹੀਂ ਅੱਗ ਦੁਆਲੇ ਫੇਰੇ ਲੈ ਕੇ ਵਿਆਹ ਰਚਾਉਣ। ਇਸੇ ਪ੍ਰਭਾਵ ਅਧੀਨ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਪੁਜਾਰੀ ਵੀ ਆਨੰਦ ਕਾਰਜ ਰੀਤ ਨੂੰ ਮਾਨਤਾ ਦੇਣੋਂ ਇਨਕਾਰੀ ਹੋਏ ਬੈਠੇ ਸਨ। ਉਸ ਵੇਲੇ ਦੇ ਵੱਡੇ ਰਈਸ ਸ. ਸੁੰਦਰ ਸਿੰਘ ਮਜੀਠੀਆ ਆਪਣੇ ਨਵੇਂ ਵਿਆਹੇ ਪੁੱਤਰ ਕ੍ਰਿਪਾਲ ਸਿੰਘ ਅਤੇ ਉਸਦੀ ਪਤਨੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ। ਉਨ੍ਹਾਂ ਨੇ ਪ੍ਰਸਾਦ ਅਤੇ ਇੱਕ ਸੌ ਇੱਕ ਰੁਪਈਆ ਭੇਟਾ ਕੀਤਾ, ਪਰ ਤਖਤ ’ਤੇ ਬੈਠੇ ਪੁਜਾਰੀਆਂ ਨੇ ਉਨ੍ਹਾਂ ਨੂੰ ਇਹ ਆਖ ਕੇ ਵਾਪਸ ਮੋੜ ਦਿੱਤਾ ਕਿ ਇਸ ਜੋੜੀ ਦਾ ਵਿਆਹ ਗੁਰਮਤਿ ਮੁਤਾਬਕ ਆਨੰਦ ਕਾਰਜ ਰੀਤ ਰਾਹੀਂ ਹੋਇਆ ਹੈ, ਸੋ ਤੁਹਾਡੀ ਅਰਦਾਸ ਅਸੀਂ ਨਹੀਂ ਕਰਦੇ। ਹਿੰਦੂਆਂ ਨੇ ਲਿਖਤੀ ਪ੍ਰਚਾਰ ਮੁਹਿੰਮ ਵੀ ਆਨੰਦ ਕਾਰਜ ਰੀਤ ਦੇ ਖ਼ਿਲਾਫ਼ ਵਿੱਢੀ ਹੋਈ ਸੀ। ਇਸ ਲਈ ਛਾਪੇ ਪਰਚਿਆਂ ਵਿੱਚ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਆਨੰਦ ਕਾਰਜ ਰੀਤ ਰਾਹੀਂ ਹੋਏ ਵਿਆਹ ਤੋਂ ਬਾਅਦ ਪੈਦਾ ਹੋਏ ਬੱਚੇ ਹਰਾਮੀ ਹਨ।
ਗੁਰਮਤਿ ਨੂੰ ਮੰਨਣ ਵਾਲੇ ਸਿੱਖਾਂ ਲਈ ਇਹ ਗੱਲਾਂ ਬਹੁਤ ਜਲਾਲਤ ਭਰੀਆਂ ਸਨ। ਟਿੱਕਾ ਰਿਪੁਦਮਨ ਸਿੰਘ ਨਾਭਾ ਉਸ ਵੇਲੇ ਵਾਇਸ ਰਾਏ ਹਿੰਦ ਦੀ ਅਗਜ਼ੈਕਟਿਵ ਕੌਂਸਲ ਦੇ ਮੈਂਬਰ ਸਨ। ਉਦੋਂ ਨਾਮਧਾਰੀ ਮੁਖੀ ਅਤੇ ਹੋਰ ਤੀਹ ਪ੍ਰਮੱਖ ਸਿੱਖਾਂ ਨੇ ਅਨੰਦ ਕਾਰਜ ਵਿਆਹ ਦੇ ਤਰੀਕੇ ਨੂੰ ਕਾਨੂੰਨੀ ਮਾਨਤਾ ਦਿਵਾਉਣ ਖਾਤਰ ਟਿੱਕਾ ਸਾਹਿਬ ਨੂੰ ਦਰਖਾਸਤ ਦਿੱਤੀ। ਅੱਗੋਂ ਉਨ੍ਹਾਂ ਨੇ ਕੌਂਸਲ ਦੇ ਕਾਨੂੰਨ ਮਹਿਕਮੇ ਬਾਰੇ ਮੈਂਬਰ ਨੂੰ ਇੱਕ ਖਤ ਲਿਖ ਕੇ ਬੇਨਤੀ ਕੀਤੀ ਕਿ ਸਿੱਖਾਂ ਵਿੱਚ ਆਨੰਦ ਕਾਰਜ ਰੀਤ ਰਾਹੀਂ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਆਨੰਦ ਮੈਰਿਜ ਐਕਟ ਪਾਸ ਕੀਤਾ ਜਾਵੇ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਰਾਏ ਜਾਣਨ ਲਈ ਇਹ ਬੇਨਤੀ ਸੂਬਾਈ ਸਰਕਾਰ ਨੂੰ ਭੇਜ ਦਿੱਤੀ। ਪੰਜਾਬ ਦੇ ਮੁੱਖ ਸਕੱਤਰ ਨੇ ਕੇਂਦਰ ਸਰਕਾਰ ਨੂੰ ਇਸਦੇ ਜੁਆਬ ਵਿੱਚ ਇਹ ਲਿਖਿਆ ਕਿ ਅਜਿਹਾ ਐਕਟ ਬਣਾਉਣ ਦੀ ਕੋਈ ਲੋੜ ਇਸ ਲਈ ਨਹੀਂ ਜਾਪਦੀ ਕਿ ਆਨੰਦ ਰੀਤ ਰਾਹੀਂ ਹੋਏ ਵਿਆਹ ਬਾਰੇ ਅਜੇ ਤੱਕ ਕੋਈ ਕਾਨੂੰਨੀ ਬਿਖੇੜਾ ਤਾਂ ਖੜ੍ਹਾ ਨਹੀਂ ਹੋਇਆ। ਕੇਂਦਰ ਸਰਕਾਰ ਨੇ ਇਸਦੇ ਜੁਆਬ ਵਿੱਚ ਪੰਜਾਬ ਸਰਕਾਰ ਨੂੰ ਲਿਖਿਆ ਕਿ ਗਵਰਨਰ ਪੰਜਾਬ ਇਸਦੀ ਲੋੜ ਬਾਰੇ ਟਿੱਕਾ ਰਿਪੁਦਮਨ ਸਿੰਘ ਤੋਂ ਖੁਦ ਪੁਛ ਲੈਣ। ਪੁੱਛਣ ’ਤੇ ਟਿੱਕਾ ਸਾਹਿਬ ਨੇ ਇਹ ਜੁਆਬ ਦਿੱਤਾ ਕਿ ਭਾਵੇਂ ਅੱਜ ਤੱਕ ਤਾਂ ਕੋਈ ਕਾਨੂੰਨੀ ਬਿਖੇੜਾ ਖੜ੍ਹਾ ਨਹੀਂ ਹੋਇਆ, ਪਰ ਸਿੱਖਾਂ ਨੂੰ ਸ਼ੱਕ ਹੈ ਕਿ ਕਲ੍ਹ ਨੂੰ ਕੋਈ ਅਜਿਹਾ ਬਿਖੇੜਾ ਖੜ੍ਹਾ ਹੋ ਸਕਦਾ ਹੈ। ਗਵਰਨਰ ਨੇ ਇਸ ਸ਼ੱਕ ਨੂੰ ਦੂਰ ਕਰਨ ਖਾਤਰ ਹੀ ਇਹ ਐਕਟ ਬਣਾਉਣ ਦੀ ਸਹਿਮਤੀ ਦਿੰਦਿਆਂ ਕੇਂਦਰ ਸਰਕਾਰ ਨੂੰ ਲਿਖਿਆ ਕਿ ਇਹ ਐਕਟ ਇਕੱਲੇ ਪੰਜਾਬ ਦੀ ਬਜਾਏ ਸਮੁੱਚੇ ਭਾਰਤ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ।
ਸਰਕਾਰ ਨੇ ਆਪਣੇ ਦਸਤੂਰ ਮੁਤਾਬਕ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਪ੍ਰਭਾਵਤ ਧਿਰਾਂ ਦੀ ਰਾਇ ਲੈਣ ਲਈ ਇਸਦਾ ਖਰੜਾ ਜਾਰੀ ਕੀਤਾ। ਹਿੰਦੂਆਂ ਨੇ ਖਾਸਕਰ ਆਰੀਆ ਸਮਾਜੀਆਂ ਨੇ ਉਸੇ ਤਰ੍ਹਾਂ ਲਿਖਤਾਂ ਅਤੇ ਮੁਜ਼ਾਹਰਿਆਂ ਰਾਹੀਂ ਆਨੰਦ ਮੈਰਿਜ ਐਕਟ ਦਾ ਵਿਰੋਧ ਕੀਤਾ। ਬਹੁਤ ਸਾਰੇ ਹਿੰਦੂ ਵਫਦ ਵੀ ਇਸਦੇ ਖ਼ਿਲਾਫ਼ ਸਰਕਾਰ ਨੂੰ ਮਿਲੇ ਅਤੇ ਤੇਰਾਂ ਹਜ਼ਾਰ ਦਸਤਖਤਾਂ ਵਾਲੀ ਇੱਕ ਪਟੀਸ਼ਨ ਵੀ ਦਿੱਤੀ। ਅੰਤ ਨੂੰ ਸਰਕਾਰ ਨੇ ਹਿੰਦੂਆਂ ਦੇ ਇਸ ਵਿਰੋਧ ਦੀ ਪ੍ਰਵਾਹ ਨਾ ਕਰਦਿਆਂ ਇਹ ਐਕਟ ਪਾਸ ਕਰ ਦਿੱਤਾ। ਸੋ ਸਿੱਖਾਂ ਦੀ ਇੱਕ ਬਹੁਤ ਵੱਡੀ ਮੰਗ ਸਰਕਾਰ ਨੇ ਬਿਨਾਂ ਕਿਸੇ ਅੰਦੋਲਨ ਤੋਂ ਪੂਰੀ ਕਰ ਦਿੱਤੀ। ਇਹ ਗੱਲ ਦੇਖਣ ਨੂੰ ਤਾਂ ਭਾਵੇਂ ਆਮ ਜਿਹਾ ਇਨਸਾਫ ਹੀ ਜਾਪੇ, ਪਰ ਜੇ ਇਸਨੂੰ ਅਜੋਕੇ ਹਾਲਤ ਨਾਲ ਮਿਲਾ ਕੇ ਦੇਖਿਆ ਜਾਵੇ ਤੇ ਇਸ ਵਿੱਚੋਂ ਅੰਗਰੇਜ਼ ਦੀ ਨਿਰਪੱਖਤਾ ਝਲਕਦੀ ਹੈ। ਪਾਠਕ ਅੰਦਾਜ਼ਾ ਲਾਉਣ ਕਿ ਸਿੱਖਾਂ ਦੀ ਕੋਈ ਅਜਿਹੀ ਮੰਗ ਅੱਜ ਦੀ ਸਰਕਾਰ ਪੂਰੀ ਕਰਨ ਲਈ ਤਿਆਰ ਨਹੀਂ, ਜੋ ਸਿੱਖਾਂ ਨੂੰ ਹਿੰਦੂਆਂ ਨਾਲੋਂ ਇੱਕ ਵੱਖਰੇ ਧਰਮ ਲਈ ਮਾਨਤਾ ਦਿੰਦੀ ਹੋਵੇ! ਪਰ ਅੰਗਰੇਜ਼ ਸਰਕਾਰ ਵੱਲੋਂ ਬਿਨਾ ਕਿਸੇ ਹੀਲ ਹੁੱਜਤ ਤੋਂ ਸਿੱਖਾਂ ਦੀ ਅਜਿਹੀ ਮੰਗ ਮੰਨ ਲੈਣਾ ਅੱਜ ਦੀ ਤਰੀਕ ਵਿੱਚ ਅਹਿਮ ਹੈ।
ਅੰਗਰੇਜ਼ਾਂ ਵੱਲੋਂ ਅਨੰਦ ਮੈਰਿਜ ਐਕਟ ਪਾਸ ਕਰਨਾ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋਂ ਮੂਰਤੀਆਂ ਚੁੱਕਣ ਦੇ ਹੁਕਮ ਦੇਣਾ- ਦੋ ਅਜਿਹੀਆਂ ਗੱਲਾਂ ਹਨ ਜੋ ਕਿ ਸਿੱਖਾਂ ਵੱਲੋਂ ਗੁਰਦੁਆਰਿਆਂ ਵਿੱਚੋਂ ਮਹੰਤਾਂ ਨੂੰ ਕੱਢਣ ਵਾਲੀ ਮੁਹਿੰਮ ਤੋਂ ਪਹਿਲਾਂ ਦੀਆਂ ਹਨ। ਜੇ ਸਰਕਾਰ ਮਹੰਤਾਂ ਦੀ ਪਿੱਠ ’ਤੇ ਹੁੰਦੀ ਤਾਂ ਸਿੱਖਾਂ ਦੇ ਬਿਨਾ ਕਿਸੇ ਅੰਦੋਲਨ ਤੋਂ ਅਤੇ ਮਹੰਤਾਂ ਦੇ ਵਿਰੋਧ ਦੇ ਬਾਵਜੂਦ ਇਹ ਗੱਲਾਂ ਕਿਉਂ ਮੰਨ ਲਈਆਂ?
(ਬਾਕੀ ਅਗਲੇ ਅੰਕ ਵਿੱਚ)