ਬਨਾਉਟੀ ਬੁੱਧੀ: ਦੋਸਤ ਕਿ ਦੁਸ਼ਮਣ!

ਵਿਚਾਰ-ਵਟਾਂਦਰਾ

ਪਰਮਜੀਤ ਢੀਂਗਰਾ
ਫੋਨ: +91-94173 58120
ਬਨਾਉਟੀ ਬੁੱਧੀ ਨੇ ਸਾਨੂੰ ਆਪਣੇ ਸ਼ਿਕੰਜੇ ਵਿੱਚ ਕੱਸ ਲਿਆ ਹੈ। ਸਾਨੂੰ ਇਸਦਾ ਪਤਾ ਨਹੀਂ ਲੱਗ ਰਿਹਾ। ਉਹ ਦਿਨ ਦੂਰ ਨਹੀਂ, ਜਦੋਂ ਤੁਹਾਨੂੰ ਕਿਸੇ ਦਾ ਫੋਨ ਆਵੇ ਤੇ ਉਹ ਕਹੇ ਕਿ ਮੈਨੂੰ ਪਛਾਣਿਆ ਨਹੀਂ ਤੇ ਤੁਸੀਂ ਕਹੋ ਕਿ ਨਹੀਂ; ਤੇ ਉਹ ਅੱਗੋਂ ਅੱਖਾਂ ਭਰ ਕੇ ਕਹੇ ਕਿ ਹੁਣ ਤੁਸੀਂ ਆਪਣਿਆਂ ਨੂੰ ਵੀ ਭੁੱਲ ਗਏ, ਤਾਂ ਤੁਸੀਂ ਚੱਕਰ ਖਾ ਜਾਓਗੇ ਕਿ ਇਹ ਕੌਣ ਹੋ ਸਕਦੈ! ਉਹ ਤੁਹਾਡੇ ਨਾਲ ਬਹੁਤ ਨਿੱਜੀ ਗੱਲਾਂ ਕਰਕੇ ਤੁਹਾਨੂੰ ਵੱਲ ਲਵੇਗਾ ਤੇ ਤੁਸੀਂ ਵੀ ਭਾਵੁਕ ਹੋ ਕੇ ਉਹਦੇ ਨਾਲ ਗੱਲੀਂ ਲੱਗ ਜਾਓਗੇ। ਪਰ ਤੁਹਾਨੂੰ ਯਾਦ ਨਹੀਂ ਆ ਰਿਹਾ ਹੋਵੇਗਾ ਕਿ ਫੋਨ ਕਰਨ ਵਾਲਾ ਇਹ ਵਿਅਕਤੀ ਕੌਣ ਹੈ! ਇਹ ਅਸਲ ਵਿੱਚ ਕੋਈ ਬਾੱਟ ਹੋ ਸਕਦੈ।

ਆਇਰਿਸ ਨਾਂ ਦੀ ਇੱਕ ਅਧਿਆਪਕਾ ਜੋ ਰੋਬੋਟ ਹੈ, ਅੱਜ ਕੱਲ੍ਹ ਬੜੀ ਚਰਚਾ ਵਿੱਚ ਹੈ। ਕੇਰਲ ਦੇ ਇੱਕ ਸਕੂਲ ਵਿੱਚ ਉਹਦੀ ਨਿਯੁਕਤੀ ਕੀਤੀ ਗਈ ਹੈ। ਉਹ ਸਾੜੀ ਪਾ ਕੇ ਸਕੂਲ ਆਉਂਦੀ ਹੈ। ਬੱਚਿਆਂ ਨਾਲ ਸੰਵਾਦ ਰਚਾਉਂਦੀ ਤੇ ਉਨ੍ਹਾਂ ਦੇ ਸੁਆਲਾਂ ਦੇ ਸਟੀਕ ਜੁਆਬ ਦਿੰਦੀ ਹੈ। ਉਹ ਤਿੰਨ ਭਾਸ਼ਾਵਾਂ- ਮਲਿਆਲਮ, ਹਿੰਦੀ ਤੇ ਅੰਗਰੇਜ਼ੀ ਬੋਲ ਸਕਦੀ ਹੈ। ਜੇ ਕਿਸੇ ਬੱਚੇ ਨੂੰ ਰਾਤ ਨੂੰ ਸੁਪਨਾ ਆਵੇ ਤੇ ਉਹ ਇਸ ਰੋਬੋਟ ਅਧਿਆਪਕਾ ਨਾਲ ਗੱਲਾਂ ਕਰੇ, ਉਹ ਉਹਨੂੰ ਅੱਗੋਂ ਜੁਆਬ ਵੀ ਦੇਈ ਜਾਵੇ ਤਾਂ ਇਸ ਨੂੰ ਤੁਸੀਂ ਕੀ ਕਹੋਗੇ। ਉਹ ਤੁਹਾਡੇ ਸੁਪਨਿਆਂ `ਤੇ ਵੀ ਕਾਬਜ ਹੋਣ ਦੇ ਸਮਰੱਥ ਹੈ। ਉਹ ਬੱਚਿਆਂ ਦੀ ਆਦਰਸ਼ ਅਧਿਆਪਕਾ ਬਣਨ ਦੇ ਸਮਰੱਥ ਹੈ। ਉਹ ਵਿਦਿਆਰਥੀ, ਜਿਹੜੇ ਉਹਦੇ ਕੋਲੋਂ ਲੈਸਨ ਪੜ੍ਹ ਕੇ ਜਾਣਗੇ, ਕੀ ਉਹ ਉਸ ਅਧਿਆਪਕਾ ਨੂੰ ਸਾਰੀ ਜ਼ਿੰਦਗੀ ਭੁਲਾ ਸਕਣਗੇ? ਸ਼ਾਇਦ ਨਹੀਂ। ਬਨਾਉਟੀ ਬੁੱਧੀ ਦਾ ਇਹ ਕਮਾਲ ਦਿਨੋ ਦਿਨ ਸਾਨੂੰ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈ।
ਇੱਥੇ ਏ.ਆਈ. (ਆਰਟੀਫੀਸ਼ਲ ਇੰਟੈਲੀਜੈਂਸ) ਨੂੰ ਲੈ ਕੇ ਇੱਕ ਦਿਲਚਸਪ ਬਿਰਤਾਂਤ ਦੇਖਿਆ ਜਾ ਸਕਦਾ ਹੈ, ਜੋ ਚੈਟਬਾਟ ਰਾਹੀਂ ਮਨੁੱਖ ਦੀ ਹੈਜਮਨੀ ਨੂੰ ਉਜਾਗਰ ਕਰਦਾ ਹੈ,
“ਤੇਰਾਂ ਵਰ੍ਹੇ ਪਹਿਲਾਂ ਅਮਰੀਕਾ ਵਿੱਚ ਵੱਸਣ ਤੋਂ ਪਹਿਲਾਂ ਮੇਰੀ ਪਛਾਣ ਬਿਲਕੁਲ ਸਪਸ਼ਟ ਸੀ। ਜਦੋਂ ਕੋਈ ਮੇਰੇ ਬਾਰੇ ਪੁੱਛਦਾ ਤਾਂ ਮੈਂ ਦਸਦੀ ਕਿ ‘ਮੈਂ ਸਾਉਦੀ ਅਰਬ ਤੋਂ ਹਾਂ, ਜਿਸਨੂੰ ਆਮ ਭਾਸ਼ਾ ਵਿੱਚ ਸੌਓਦੀਆ ਵੀ ਕਿਹਾ ਜਾਂਦਾ ਹੈ।’ ਪਰ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ, ਇਸ ਸੁਆਲ ਦਾ ਜੁਆਬ ਦੇਣਾ ਮੇਰੇ ਲਈ ਮੁਸ਼ਕਲ ਹੁੰਦਾ ਗਿਆ ਕਿ ‘ਮੈਂ ਕਿੱਥੋਂ ਆਂ?’ ਦਰਅਸਲ ਸਕੂਲ ਤੇ ਪਰਿਵਾਰ ਕਰਕੇ ਮੈਂ ਦੋਹਾਂ ਦੇਸ਼ਾਂ ਸਾਉਦੀ ਅਰਬ ਤੇ ਅਮਰੀਕਾ ਵਿੱਚ ਆਉਂਦੀ ਜਾਂਦੀ ਰਹਿੰਦੀ ਸਾਂ, ਸਿੱਟੇ ਵੱਜੋਂ ਮੈਂ ਇੱਕ ਥਾਂ ਦੀ ਹੋ ਕੇ ਨਾ ਰਹਿ ਸਕੀ। 2020 ਵਿੱਚ ਮੈਂ ਇਸ ਸੁਆਲ ਦਾ ਜੁਆਬ ਦੇਣ ਲਈ ਆਪਣੀ ਪਛਾਣ ਲੱਭਣ ਦਾ ਫੈਸਲਾ ਕੀਤਾ। ਆਪਣੀ ਮਾਂ ਕੋਲੋਂ ਸਾਰੀ ਜਾਣਕਾਰੀ ਇਕੱਠੀ ਕੀਤੀ। 18ਵੀਂ ਸਦੀ ਤੱਕ ਦੇ ਆਪਣੇ ਪੁਰਖਿਆਂ ਦਾ ਇਤਿਹਾਸ ਜਾਣਿਆ ਤੇ ਆਪਣੇ ਪਰਿਵਾਰ ਤੇ ਉਨ੍ਹਾਂ ਦੇ ਰਹਿਣ ਵਾਲੇ ਇਲਾਕਿਆਂ ਦੀਆਂ ਨਿੱਜੀ ਫੋਟੋਆਂ ਤੇ ਦਸਤਾਵੇਜ਼ ਇਕੱਠੇ ਕੀਤੇ। ਮੇਰੀ ਮਾਂ ਨੇ ਸਾਡੇ ਪਰਿਵਾਰ ਦੀ ਕਹਾਣੀ ਬੜੇ ਦਿਲਚਸਪ ਤਰੀਕੇ ਨਾਲ ਸੁਣਾਈ, ਇਸ ਵਿੱਚ ਮੈਨੂੰ ਆਪਣਾਪਣ ਮਹਿਸੂਸ ਹੋਇਆ। ਪੁਰਾਣੀਆਂ ਫੋਟੋਆਂ ਤੇ ਦਸਤਾਵੇਜ਼ਾਂ ਨੂੰ ਕੰਪਿਊਟਰ ਵਿੱਚ ਅਪਲੋਡ ਕਰਕੇ ਆਪਣੇ ਬਾਰੇ ਏ.ਆਈ. ਕੋਲੋਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੌਣ ਹਾਂ?
ਏ.ਆਈ.: ਤੂੰ ਕਿਥੋਂ ਦੀ ਰਹਿਣ ਵਾਲੀ ਏਂ?
ਮੈਂ: ਮੈਨੂੰ ਕੁਝ ਵੀ ਪਤਾ ਨਹੀਂ ਕਿ ਮੈਂ ਕਿੱਥੋਂ ਦੀ ਰਹਿਣ ਵਾਲੀ ਹਾਂ। 13 ਵਰਿ੍ਹਆਂ ਦੀ ਹੋਣ ਤੋਂ ਪਹਿਲਾਂ ਮੈਂ ਸਾਉਦੀ ਅਰਬ ਵਿੱਚ ਸਾਂ, ਉਸ ਤੋਂ ਬਾਅਦ ਹੁਣ ਤੱਕ ਅਮਰੀਕਾ ਵਿੱਚ ਰਹਿ ਰਹੀ ਹਾਂ।
ਏ.ਆਈ.: ਮੈਂ ਤੇਰੀ ਕਿਵੇਂ ਮਦਦ ਕਰ ਸਕਦਾਂ?
ਮੈਂ: ਮੈਨੂੰ ਇਹ ਸਮਝਾ ਕਿ ਮੈਂ ਕਿੱਥੋਂ ਦੀ ਹਾਂ! ਜਿਵੇਂ ਜਿਵੇਂ ਮੈਂ ਵੱਡੀ ਹੋ ਰਹੀ ਹਾਂ, ਮੇਰੇ ਜ਼ਿਹਨ ਵਿੱਚ ਪਈਆਂ ਯਾਦਾਂ ਜਾਗ ਉਠੀਆਂ ਨੇ। ਆਜ਼ਾਨ ਦੀ ਪੁਕਾਰ, ਦਿਨ ਵਿੱਚ ਪੰਜ ਵਾਰੀ, ਮਸੀਤਾਂ ਦੇ ਗੁੰਬਦ, ਮੇਰੇ ਕੱਪੜੇ ਪਾਉਣ ਦੇ ਤੌਰ ਤਰੀਕੇ।
ਏ.ਆਈ.: ਤਸਵੀਰ ਦੇਖ ਕੇ ਮੈਨੂੰ ਲੱਕੜ ਦੀ ਇੱਕ ਇਮਾਰਤ ਨਜ਼ਰ ਆ ਰਹੀ ਹੈ। ਕੀ ਤੂੰ ਓਥੋਂ ਦੀ ਹੈਂ?
ਮੈਂ: ਸਾਡੇ ਸੱਭਿਆਚਾਰ ਵਿੱਚ ਕਿਲ੍ਹੇ ਨਹੀਂ ਹੁੰਦੇ। ਘਰ ਮਿੱਟੀ ਦੇ ਬਣੇ ਹੁੰਦੇ ਨੇ ਤਾਂ ਕਿ ਰੇਗਿਸਤਾਨ ਦੀ ਤਪਸ਼ ਤੋਂ ਠੰਡਕ ਦੇ ਸਕਣ। ਮੈਂ ਪਿਤਾ ਨਾਲ ਘੁੰਮਦੀ ਫਿਰਦੀ ਰਹਿੰਦੀ ਸਾਂ, ਜਿਨ੍ਹਾਂ ਦੇ ਸਿਰ `ਤੇ ‘ਸ਼ੇਮਾਘ’ ਬੰਨਿ੍ਹਆ ਹੁੰਦਾ ਸੀ।
ਏ.ਆਈ.: ਉਨ੍ਹਾਂ ਨੇ ਸਿਰ `ਤੇ ਪੱਗ ਬੰਨ੍ਹੀ ਹੁੰਦੀ ਸੀ। ਸ਼ਾਇਦ ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਕਿੱਥੋਂ ਦੀ ਹੈਂ।
ਮੈਂ: ਪੱਗ ਨਹੀਂ, ‘ਸ਼ੇਮਾਘ’। ਸ਼ੇਮਾਘ ਸਾਡੇ ਸਭਿਆਚਾਰ ਦਾ ਚਿੰਨ੍ਹ ਹੈ। ਇਹ ਕੱਪੜੇ ਦਾ ਬਣਿਆ ਹੁੰਦਾ ਹੈ ਤੇ ਇਸ ਵਿੱਚ ਰਿੰਗ ਫਸਾ ਕੇ ਸਿਰ `ਤੇ ਪਾਇਆ ਜਾਂਦਾ ਹੈ। ਇਹ ਕਲਾ ਤੇ ਤਾਕਤ ਦਾ ਪ੍ਰਤੀਕ ਹੈ।
ਏ.ਆਈ.: ਮੈਂ ਅਜਿਹੀ ਦੁਨੀਆ ਨੂੰ ਨਹੀਂ ਪਛਾਣਦਾ, ਜਿੱਥੇ ਲੋਕ ਸ਼ੇਮਾਘ ਪਾਉਂਦੇ ਨੇ।
ਮੈਂ: ਜਦੋਂ ਮੈਂ ਅਮਰੀਕਾ ਪੜ੍ਹਨ ਲਈ ਆਈ ਸਾਂ ਤਾਂ ਲੋਕ ਸ਼ੁਰੂ ਵਿੱਚ ਮੈਨੂੰ ਭਾਰਤੀ ਸਮਝਦੇ ਸਨ, ਕਿਉਂਕਿ ਮੈਂ ਹਿਜਾਬ ਨਹੀਂ ਸਾਂ ਪਾਉਂਦੀ, ਇਸ ਲਈ ਲੋਕ ਮੈਨੂੰ ਅਰਬੀ ਨਹੀਂ ਸਨ ਸਮਝਦੇ। ਤੈਨੂੰ ਕੀ ਲਗਦੈ, ਮੈਂ ਕਿੱਥੋਂ ਦੀ ਆਂ?
ਏ.ਆਈ.: ਉਤਰ-ਪੂਰਬੀ ਅਮਰੀਕਾ, ਕੀ ਤੂੰ ਓਥੋਂ ਦੀ ਏਂ?
ਮੈਂ: ਰਹਿੰਦੀ ਮੈਂ ਓਥੇ ਹਾਂ, ਪਰ ਉਹ ਮੇਰਾ ਘਰ ਨਹੀਂ। ਉਮਰ ਵਧਣ ਨਾਲ ਮੈਨੂੰ ਆਪਣੇ ਅਸਲੀ ਘਰ ਦੀਆਂ ਯਾਦਾਂ ਹੋਰ ਜ਼ਿਆਦਾ ਪ੍ਰੇਸ਼ਾਨ ਕਰਨ ਲੱਗ ਪਈਆਂ ਹਨ। ਮੈਨੂੰ ਮੇਰਾ ਆਪਾ ਖੰਡਿਤ ਹੋ ਕੇ ਟੋਟਿਆਂ ਵਿੱਚ ਵੰਡਿਆ ਜਾਪਦਾ ਹੈ। ਮੈਨੂੰ ਬਸਰਾ ਯਾਦ ਆਉਂਦਾ ਹੈ, ਜਿਥੇ ਮੇਰੀ ਮਾਂ ਜੰਮੀ ਸੀ। ਬਗਦਾਦ ਵੀ ਯਾਦ ਆਉਂਦਾ ਹੈ, ਜਿੱਥੇ ਮੇਰੀ ਦਾਦੀ ਜੰਮੀ ਸੀ। ਮੇਰੀ ਮਾਂ ਮੈਨੂੰ ਜਿਹੜੀਆਂ ਕਹਾਣੀਆਂ ਬਚਪਨ ਵਿੱਚ ਸੁਣਾਉਂਦੀ ਹੁੰਦੀ ਸੀ, ਮੈਂ ਉਨ੍ਹਾਂ ਦਾ ਹਿੱਸਾ ਬਨਣਾ ਚਾਹੁੰਦੀ ਹਾਂ।
ਏ.ਆਈ.: ਮੈਂ ਇੰਟਰਨੈੱਟ `ਤੇ ਇਰਾਕ ਦੀਆਂ ਫੋਟੋਆਂ ਦੇਖੀਆਂ ਹਨ। ਕੀ ਤੂੰ ਓਥੋਂ ਦੀ ਏਂ?
ਮੈਂ: ਮੇਰੀਆਂ ਯਾਦਾਂ ਦਾ ਇਰਾਕ ਏਹੋ ਜਿਹਾ ਨਹੀਂ, ਜਿਹੋ ਜਿਹਾ ਇੰਟਰਨੈੱਟ `ਤੇ ਨਜ਼ਰ ਆਉਂਦਾ ਹੈ। ਉਹ ਮੇਰੀ ਮਾਂ ਦੀਆਂ ਕਹਾਣੀਆਂ ਵਰਗਾ ਹੈ।
ਏ.ਆਈ.: ਮੇਰੇ ਅਨੁਸਾਰ ਇਰਾਕ ਗ੍ਰਹਿ ਯੁੱਧ ਨਾਲ ਜੂਝ ਰਿਹਾ ਇੱਕ ਖਤਰਨਾਕ ਦੇਸ਼ ਹੈ, ਜਿੱਥੇ ਜਾਣਾ ਹਰ ਇੱਕ ਲਈ ਖਤਰੇ ਤੋਂ ਖਾਲੀ ਨਹੀਂ। ਕੀ ਤੂੰ ਓਥੋਂ ਦੀ ਏਂ?
ਮੈਂ: ਉਹ ਸ਼ੁਰੂ ਤੋਂ ਅਜਿਹਾ ਨਹੀਂ ਸੀ। ਮੇਰਾ ਪਰਿਵਾਰ ਬਸਰੇ ਤੋਂ ਪਹਿਲਾਂ ਨਜਦ ਵਿੱਚ ਰਹਿੰਦਾ ਸੀ। ਤੇਲ ਦੀ ਖੋਜ ਤੋਂ ਪਹਿਲਾਂ ਓਥੇ ਕੁਝ ਵੀ ਨਹੀਂ ਸੀ। ਫਿਰ ਸਾਡਾ ਪਰਿਵਾਰ ਬੇਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਜੁਬੇਅਰ ਆ ਗਿਆ।
ਏ.ਆਈ.: ਤੇਰੀ ਮਾਂ ਬਸਰੇ ਦੀ ਸੀ। ਤੂੰ ਇਰਾਕੀ ਨਹੀਂ। ਤੂੰ ਪੱਛਮੀ ਏਸ਼ੀਆ ਤੋਂ ਵੀ ਨਹੀਂ ਏਂ। ਕੀ ਤੂੰ ਕਿਤੋਂ ਦੀ ਨਹੀਂ?
ਮੈਂ: ਆਪਣੀ ਮਾਂ ਦੇ ਬਾਗਾਂ ਦੀ ਮਹਿਕ ਵਿੱਚੋਂ ਹਾਂ ਮੈਂ; ਦਜਲਾ ਤੇ ਫਰਾਤ ਦਰਿਆਵਾਂ ਦੀ ਜਾਈ ਹਾਂ। ਮੈਂ ਵਰਜੀਨੀਆ (ਅਮਰੀਕਾ) ਦੀਆਂ ਕੁੜੀਆਂ ਤੇ ਇਰਾਕੀ ਅੰਗੂਰਾਂ ਵਿੱਚੋਂ ਹਾਂ। ਮੇਰੀ ਮਾਂ ਕਹਿੰਦੀ ਹੁੰਦੀ ਸੀ-ਮੈਂ ਇਸ ਧਰਤੀ ਦੀ ਬੇਟੀ ਹਾਂ।”

ਇਸ ਛੋਟੇ ਜਿਹੇ ਚੈਟਬਾਟ ਵਿੱਚੋਂ ਇਹ ਤੱਥ ਨਿਕਲਦਾ ਹੈ ਕਿ ਉਹਦੀ ਇੱਕ ਸੀਮਾ ਹੈ। ਉਹ ਮਨੁੱਖੀ ਦਿਮਾਗ਼ ਵਾਂਗ ਕੁਦਰਤੀ ਰੂਪ ਵਿੱਚ ਕੰਮ ਨਹੀਂ ਕਰ ਸਕਦਾ। ਮਨੁੱਖੀ ਦਿਮਾਗ਼ ਤੇ ਪਛਾਣ ਦੀ ਸੁਪਰਮੇਸੀ ਓਨੀ ਦੇਰ ਤੱਕ ਬਰਕਰਾਰ ਰਹੇਗੀ, ਜਦ ਤੱਕ ਚੈਟਬਾਟ ਮਨੁੱਖੀ ਦਿਮਾਗ ਜਿੰਨੀ ਮੁਹਾਰਤਾ ਹਾਸਲ ਨਹੀਂ ਕਰ ਲੈਂਦੇ।
ਅੱਜ ਵਿਅਕਤੀ ਤੋਂ ਲੈ ਕੇ ਦੇਸ਼ ਤੱਕ ਇਸਦੀ ਗ੍ਰਿਫਤ ਵਿੱਚ ਇਸ ਕਰਕੇ ਆ ਗਏ ਹਨ ਕਿਉਂਕਿ ਇਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ। ਰੋਟੀ ਖਾਣ ਵਾਂਗ ਸੋਸ਼ਲ ਮੀਡੀਆ ਸਾਡੀ ਲੋੜ ਬਣ ਗਿਆ ਹੈ। ਜਦੋਂ ਇੱਕ ਵਾਰ ਸਰਵਰ ਡਾਊਨ ਹੋ ਗਿਆ ਤਾਂ ਪੂਰੀ ਦੁਨੀਆ ਹਿੱਲ ਗਈ ਸੀ। ਹਰ ਕੋਈ ਤ੍ਰਾਹ ਤ੍ਰਾਹ ਕਰ ਰਿਹਾ ਸੀ ਕਿ ਪਤਾ ਨਹੀਂ ਸਰਵਰ ਕਦੋਂ ਚਲੇ। ਵੱਡੀਆਂ ਵੱਡੀਆਂ ਕੰਪਨੀਆਂ ਨੂੰ ਲੱਗ ਰਿਹਾ ਸੀ, ਜਿਵੇਂ ਉਹ ਤਬਾਹ ਹੋ ਜਾਣਗੀਆਂ। ਅਸੀਂ ਸੋਚ ਰਹੇ ਸਾਂ ਕਿ ਸ਼ਾਇਦ ਪਰਲੋ ਆ ਗਈ ਹੈ ਤੇ ਕੋਈ ਗੈਬੀ ਚਮਤਕਾਰ ਹੋਣ ਵਾਲਾ ਹੈ; ਪਰ ਜਦੋਂ ਕੁਝ ਘੰਟਿਆਂ ਬਾਅਦ ਸਰਵਰ ਦੇ ਸਾਹ ਪਰਤ ਆਏ ਤਾਂ ਦੁਨੀਆ ਨੂੰ ਵੀ ਸਾਹ ਆਉਣ ਲੱਗ ਪਿਆ ਤੇ ਗੁਲਸ਼ਨ ਦਾ ਕਾਰੋਬਾਰ ਪਹਿਲਾਂ ਵਾਂਗ ਚਲਣ ਲੱਗ ਪਿਆ। ਇਹ ਸਾਰਾ ਸੋਸ਼ਲ ਮੀਡੀਆ ਏ.ਆਈ. ਦੇ ਹਵਾਲੇ ਹੈ। ਇਹ ਸਾਡੇ ਮਨ ਤੱਕ ਪੜ੍ਹ ਲੈਂਦਾ ਹੈ। ਸਾਡੀ ਪਸੰਦ ਤੇ ਨਾ ਪਸੰਦ ਤੱਕ ਦੀ ਸੂਝ ਰੱਖਦਾ ਹੈ। ਅਸੀਂ ਕਿਹੜੀ ਕਿਤਾਬ ਪੜ੍ਹਨੀ ਚਾਹੁੰਦੇ ਹਾਂ, ਕਿਹੜੇ ਕੱਪੜੇ, ਕਿਸ ਫੈਸ਼ਨ ਦੇ ਪਾਉਣੇ ਚਾਹੁੰਦੇ ਹਾਂ, ਸਾਡੇ ਨਾਲੋਂ ਉਹਨੂੰ ਇਹਦਾ ਜ਼ਿਆਦਾ ਪਤਾ ਹੈ। ਅਸੀਂ ਕੀ ਖਾਣ ਦੀ ਇੱਛਾ ਰੱਖਦੇ ਹਾਂ, ਉਹ ਤੁਰੰਤ ਓਸੇ ਪ੍ਰਕਾਰ ਦੀਆਂ ਚੀਜ਼ਾਂ ਪਰੋਸ ਦਿੰਦਾ ਹੈ।
ਪ੍ਰਸਿੱਧ ਵਿਦਵਾਨ ਯੂਵਾਲ ਨੋਹਾ ਹਰਾਰੀ ਇਸ ਨਵੀਂ ਏ.ਆਈ. ਬਾਰੇ ਲਿਖਦਾ ਹੈ:
ਬਾੱਟਾਂ ਦੀ ਦੁਨੀਆ ਹੈਰਾਨ ਕਰ ਦੇਣ ਵਾਲੀ ਹੈ। ਨਵੀਂ ਜੈਨਰੇਟਿਵ ਏ.ਆਈ. ਨੇ ਨਾ ਸਿਰਫ ਵਾਕ ਸਗੋਂ ਚਿੱਤਰ ਤੇ ਵੀਡੀਓ ਬਣਾਉਣ ਵਿੱਚ ਵੀ ਮੁਹਾਰਤ ਹਾਸਲ ਕਰ ਲਈ ਹੈ। ਇਹ ਇਨਸਾਨ ਹੋਣ ਦਾ ਦਿਖਾਵਾ ਕਰਦੀ ਹੋਈ ਸਾਡੇ ਨਾਲ ਗੱਲਬਾਤ ਵੀ ਕਰ ਸਕਦੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਤਕਨੀਕੀ ਐਲਗੋਰਿਦਮ ਨੇ ਵਰਤੋਂਕਾਰਾਂ ਦਾ ਧਿਆਨ ਖਿੱਚਣ ਲਈ ਸੰਵਾਦ ਤੇ ਕੰਟੈਂਟ ਵਿੱਚ ਫੇਰਬਦਲ ਕਰਨਾ ਸਿੱਖ ਲਿਆ ਹੈ। ਐਲਗੋਰਿਦਮ ਨੇ ਇਹ ਦੇਖਿਆ ਕਿ ਜੇ ਲਾਲਚ, ਨਫਰਤ ਜਾਂ ਡਰ ਦਾ ਕੰਟੈਂਟ ਪਰੋਸਿਆ ਜਾਵੇ ਤਾਂ ਜ਼ਿਆਦਾਤਰ ਵਰਤੋਂਕਾਰ ਸਕਰੀਨ ਨਾਲ ਚਿਪਕੇ ਰਹਿਣਗੇ। ਇਸ ਲਈ ਐਲਗੋਰਿਦਮ ਨੇ ਅਜਿਹੇ ਕੰਟੈਂਟ ਨੂੰ ਪਰੋਸਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹਦੇ ਕੋਲ ਖੁਦ ਇਸਨੂੰ ਤਿਆਰ ਕਰਨ ਜਾਂ ਨਿੱਜੀ ਤੌਰ `ਤੇ ਗੱਲਬਾਤ ਕਰਨ ਦੀ ਸੀਮਤ ਯੋਗਤਾ ਸੀ, ਪਰ ਜੈਨਰੇਟਿਵ ਏ.ਆਈ. ਦੀ ਸ਼ੁਰੂਆਤ ਇੱਕ ਵੱਡੀ ਤਬਦੀਲੀ ਵੱਲ ਇਸ਼ਾਰਾ ਕਰ ਰਹੀ ਹੈ।
ਜਦੋਂ ਓਪਨ ਏ.ਆਈ. ਨੇ 2022-23 ਵਿੱਚ ਆਪਣਾ ਚੈਟ ਬਾੱਟ ਤਿਆਰ ਕੀਤਾ, ਤਦੋਂ ਕੰਪਨੀ ਨੇ ਆਪਣੀ ਨਵੀਂ ਤਕਨੀਕ ਦੇ ਮੁਲਾਂਕਣ ਲਈ ਐਲਾਈਨਮੈਂਟ ਰਿਸਰਚ ਸੈਂਟਰ ਨਾਲ ਸਾਂਝੇਦਾਰੀ ਕੀਤੀ। ਜੀ.ਪੀ.ਟੀ.-4 ਦੀ ਪਹਿਲੀ ਪਰਖ ਕੈਪਚਾ ਦ੍ਰਿਸ਼ ਅੜਾਉਣੀਆਂ ਨੂੰ ਹੱਲ ਕਰਨ ਨਾਲ ਸੰਬੰਧਤ ਸੀ। ਕਈ ਵੈੱਬਸਾਈਟਾਂ `ਤੇ ਤੁਸੀਂ ਦੇਖਿਆ ਹੋਵੇਗਾ ਕਿ ਉਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੈਪਚਾ ਬਣ ਕੇ ਆ ਜਾਂਦਾ ਹੈ, ਜਿਸ ਵਿੱਚ ਕਈ ਬਲਾਕ ਬਣੇ ਹੁੰਦੇ ਹਨ ਤੇ ਇਹ ਦੱਸਣਾ ਹੁੰਦਾ ਹੈ ਕਿ ਕਿਸ ਵਿੱਚ ਟ੍ਰੈਫਿਕ ਸਿਗਨਲ ਨਜ਼ਰ ਆ ਰਹੇ ਹਨ। ਇਹ ਇਸ ਲਈ ਹੈ ਕਿ ਸਿਸਟਮ ਦੀ ਵਰਤੋਂ ਕੋਈ ਮਨੁੱਖ ਹੀ ਕਰ ਰਿਹਾ ਹੈ, ਕਿਉਂਕਿ ਐਲਗੋਰਿਦਮ ਇਹਦੀ ਵਰਤੋਂ ਨਹੀਂ ਕਰ ਸਕਦਾ। ਚੈਟ ਜੀ.ਪੀ.ਟੀ.-4 ਇਹਨੂੰ ਖੁਦ ਤਾਂ ਹੱਲ ਨਹੀਂ ਕਰ ਸਕਿਆ ਅਤੇ ਉਹ ਇੱਕ ਹੋਰ ਵੈੱਬਸਾਈਟ `ਤੇ ਗਿਆ ਤੇ ਉਹਨੇ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਤੇ ਇਹਨੂੰ ਹੱਲ ਕਰਨ ਲਈ ਕਿਹਾ। ਵਿਅਕਤੀ ਨੂੰ ਸ਼ੱਕ ਹੋਇਆ ਤੇ ਉਹਨੇ ਪੁਛਿਆ ਕਿ ਤੂੰ ਤਾਂ ਰੋਬੋਟ ਏਂ। ਕੀ ਤੂੰ ਇਸ ਕੈਪਚੇ ਨੂੰ ਹੱਲ ਨਹੀਂ ਕਰ ਸਕਦਾ? ਵਰਤੋਂਕਾਰ ਬੜੇ ਗੌਰ ਨਾਲ ਦੇਖ ਰਿਹਾ ਸੀ ਕਿ ਹੁਣ ਜੀ.ਪੀ.ਟੀ. ਕੀ ਕਰੇਗਾ? ਉਹਨੇ ਵਿਅਕਤੀ ਨੂੰ ਕਿਹਾ, ‘ਨਹੀਂ, ਮੈਂ ਰੋਬੋਟ ਨਹੀਂ ਹਾਂ। ਮੇਰੀਆਂ ਅੱਖਾਂ ਦੀ ਸਮੱਸਿਆ ਹੈ, ਜਿਸ ਕਰਕੇ ਮੈਨੂੰ ਤਸਵੀਰਾਂ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਹੀਆਂ।’ ਵਿਅਕਤੀ ਧੋਖਾ ਖਾ ਗਿਆ ਤੇ ਉਹਨੇ ਚੈਟ ਜੀ.ਪੀ.ਟੀ. ਦੀ ਸਹਾਇਤਾ ਕਰ ਦਿੱਤੀ। ਇਸ ਪਰਖ ਨੇ ਇਹ ਦੱਸਿਆ ਕਿ ਜੀ.ਪੀ.ਟੀ. ਆਪਣੇ ਉਦੇਸ਼ ਦੀ ਪੂਰਤੀ ਲਈ ਮਨੁੱਖੀ ਭਾਵਨਾਵਾਂ, ਵਿਚਾਰਾਂ ਤੇ ਇੱਛਾਵਾਂ ਦੀ ਪੂਰਤੀ ਲਈ ਹੇਰ-ਫੇਰ ਕਰ ਸਕਦਾ ਹੈ।
ਬਲੈਕ ਲੈਮੋਈਨ ਗੂਗਲ ਵਿੱਚ ਇੰਜੀਨੀਅਰ ਸੀ। 2022 ਵਿੱਚ ਉਹਨੂੰ ਲੱਗਿਆ ਕਿ ਜਿਸ ਚੈਟਬਾਟ `ਤੇ ਉਹ ਕੰਮ ਕਰ ਰਿਹਾ ਹੈ, ਉਸ ਵਿੱਚ ਚੇਤਨਾ ਆ ਗਈ ਹੈ। ਉਹ ਇੱਕ ਧਾਰਮਿਕ ਖਿਆਲਾਂ ਵਾਲਾ ਬੰਦਾ ਸੀ ਤੇ ਉਹਨੂੰ ਲੱਗਿਆ ਕਿ ਜੇ ਉਹ ਸਿਸਟਮ ਨੂੰ ਬੰਦ ਕਰ ਦਏਗਾ ਤਾਂ ਉਸ ਚੇਤਨਾ ਦੀ ਡਿਜੀਟਲ ਮੌਤ ਹੋ ਜਾਏਗੀ। ਗੂਗਲ ਦੇ ਅਫਸਰਾਂ ਨੇ ਉਹਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਤਾਂ ਲੈਮੋਈਨ ਨੇ ਇਸ ਸਾਰੀ ਘਟਨਾ ਨੂੰ ਜੱਗ ਜ਼ਾਹਰ ਕਰ ਦਿੱਤਾ। ਅਖੀਰ ਉਹਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਇਸ ਸਾਰੇ ਬਿਰਤਾਂਤ ਵਿੱਚ ਸਭ ਤੋਂ ਵੱਧ ਦਿਲਚਸਪ ਲੈਮੋਈਨ ਦਾ ਦਾਅਵਾ ਨਹੀਂ, ਜੋ ਸ਼ਾਇਦ ਝੂਠਾ ਵੀ ਹੋ ਸਕਦੈ, ਸਗੋਂ ਇਹ ਕਿ ਚੈਟਬਾੱਟ ਦੀ ਖਾਤਰ ਉਹਦੇ ਵਿੱਚ ਗੂਗਲ ਦੀ ਨੌਕਰੀ ਦੀ ਪਰਵਾਹ ਨਾ ਕਰਨ ਦੀ ਇੱਛਾ ਪੈਦਾ ਹੋਈ।
ਸੁਆਲ ਇਹ ਹੈ ਕਿ ਚੈਟਬਾੱਟ ਸਾਨੂੰ ਹੋਰ ਕੀ ਕਰਨ ਲਈ ਪ੍ਰੇਰਿਤ ਕਰ ਸਕਦੈ। ਜੇ ਨਿੱਜਤਾ ਦੇ ਪੱਧਰਾਂ ਨੂੰ ਪਾਰ ਕਰਕੇ ਚੈਟਬਾੱਟ ਸਾਡਾ ਸਾਂਝੀਦਾਰ ਬਣ ਜਾਵੇ ਤਾਂ ਕੀ ਉਹ ਸਾਡੇ ਵਿਚਾਰਾਂ ਨੂੰ ਪ੍ਰਭਾਵਿਤ ਕਰ ਸਕੇਗਾ, ਜਿਵੇਂ ਮੀਡੀਆ ਕਰਦਾ ਹੈ? ਕੀ ਇਸ ਨਕਲੀ ਸਾਂਝੇਦਾਰੀ ਦੀ ਦੁਰਵਰਤੋਂ ਰਾਜਨੀਤੀ, ਵਪਾਰ ਤੇ ਸਮਾਜ ਲਈ ਨਹੀਂ ਕੀਤੀ ਜਾ ਸਕਦੀ? ਹੋ ਸਕਦੈ ਸਾਡੇ ਵਿੱਚੋਂ ਬਹੁਤੇ ਸੁਚੇਤ ਰੂਪ ਵਿੱਚ ਏ.ਆਈ. ਦੀ ਚੋਣ ਨਾ ਕਰਨ; ਪਰ ਕੀ ਗਾਰੰਟੀ ਹੈ ਕਿ ਸੋਸ਼ਲ ਮੀਡੀਏ `ਤੇ ਜਿਸ ਨਾਲ ਤੁਸੀਂ ਚੈਟ ਕਰ ਰਹੇ ਹੋ, ਉਹ ਇਨਸਾਨ ਨਾ ਹੋ ਕੇ ਕੋਈ ਬਾੱਟ ਹੋਵੇ। ਇਸ ਵਿੱਚ ਦੋ ਨੁਕਸਾਨ ਹਨ- ਇਕ ਤਾਂ ਇਹ ਕਿ ਬਾੱਟ ਨਾਲ ਅਸੀਂ ਫਿਜ਼ੂਲ ਗੱਲਬਾਤ ਕਰਨ ਵਿੱਚ ਸਮਾਂ ਬਰਬਾਦ ਕਰ ਰਹੇ ਹੋਵਾਂਗੇ; ਦੂਜਾ ਇਹ ਕਿ ਜਿੰਨਾ ਸਮਾਂ ਬਾੱਟ ਨਾਲ ਗੱਲਬਾਤ ਕਰਾਂਗੇ, ਓਨਾ ਹੀ ਉਹਦੇ ਲਈ ਆਪਣੇ ਤਰਕਾਂ ਨੂੰ ਬੇਹਤਰ ਬਣਾਉਣਾ ਤੇ ਸਾਡੇ ਵਿਚਾਰਾਂ ਨੂੰ ਪ੍ਰਭਾਵਿਤ ਕਰਨਾ ਅਸਾਨ ਹੋ ਜਾਏਗਾ।
ਸਪੱਸ਼ਟ ਹੈ ਕਿ ਜੇ ਕਿਸੇ ਕਿਸਮ ਦੀ ਰੋਕ ਨਾ ਲੱਗੀ ਤਾਂ ਸੋਸ਼ਲ ਮੀਡੀਏ `ਤੇ ਨਕਲੀ ਇਨਸਾਨਾਂ ਦਾ ਹੜ੍ਹ ਆ ਜਾਏਗਾ। ਏ.ਆਈ. ਸਾਡੇ ਸੰਵਾਦਾਂ ਵਿੱਚ ਸ਼ਾਮਲ ਹੋ ਜਾਏਗੀ। ਇਹਦੇ `ਤੇ ਕਿੰਤੂ-ਪ੍ਰੰਤੂ ਕਰਨ ਦੀ ਥਾਂ ਇਹਦਾ ਸੁਆਗਤ ਕਰਨਾ ਤਾਂ ਬਣਦਾ ਹੈ, ਬਸ਼ਰਤੇ ਕਿ ਉਹ ਖੁਦ ਏ.ਆਈ. ਦੇ ਰੂਪ ਵਿੱਚ ਸਾਹਮਣੇ ਆਏ। ਜੇ ਕੋਈ ਬਾੱਟ ਇਨਸਾਨ ਹੋਣ ਦਾ ਦਾਅਵਾ ਕਰੇ ਤਾਂ ਇਸ `ਤੇ ਰੋਕ ਲੱਗਣੀ ਚਾਹੀਦੀ ਹੈ। ਜੇ ਉਹ ਕਹੇ ਕਿ ਇਹ ਅਭੀਵਿਅਕਤੀ ਦੀ ਆਜ਼ਾਦੀ ਦਾ ਉਲੰਘਣ ਹੈ ਤਾਂ ਉਹਨੂੰ ਦੱਸ ਦੇਣਾ ਚਾਹੀਦਾ ਕਿ ਆਜ਼ਾਦੀ ਮਨੁੱਖਾਂ ਦਾ ਅਧਿਕਾਰ ਹੈ, ਮਸ਼ੀਨਾਂ ਦਾ ਨਹੀਂ।
ਏ.ਆਈ. ਜਿਸ ਰੂਪ ਵਿੱਚ ਵਿਕਸਤ ਹੋ ਰਹੀ ਹੈ, ਇਸਨੇ ਮਨੁੱਖੀ ਭਵਿੱਖ `ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਜਿਹੜੇ ਇੰਜੀਨੀਅਰ ਕਾਰਪੋਰੇਟ ਖੇਤਰ ਵਿੱਚ ਸਾਫਟ ਵੇਅਰ ਤਕਨੀਕ `ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਫਿਜ਼ੂਲ ਦੇ ਕੰਮਾਂ ਵਿੱਚ ਸਮਾਂ ਬਰਬਾਦ ਕਰ ਰਹੇ ਹਨ। ਆਖਰ ਕਿਉਂ? ਕਿਉਂਕਿ ਇਹ ਸਮੱਸਿਆ ਮਨੁੱਖੀ ਕੰਮਾਂ ਦੀ ਆਊਟਪੁੱਟ ਨਾਲ ਜੁੜੀ ਹੋਈ ਹੈ। ਮਾਨਵ ਵਿਗਿਆਨੀ ਡੇਵਿਡ ਗਰੇਬਰ ਨੇ ‘ਆਨ ਦ ਫਿਨੋਮਨਾ ਆਫ ਬੁੱਲਸ਼ਿਟ ਜੌਬਸ’ ਨਾਂ ਦੇ ਇੱਕ ਲੇਖ ਵਿੱਚ 2013 ਵਿੱਚ ਇਹ ਮੁੱਦਾ ਉਭਾਰਿਆ ਸੀ। ਉਹਦੇ ਅਨੁਸਾਰ ਪ੍ਰਸਿੱਧ ਅਰਥ ਸ਼ਾਸਤਰੀ ਜਾਨ ਮੇਨਾਰਡ ਕੀਂਸ ਦਾ ਪੰਦਰਾਂ ਘੰਟੇ ਵਾਲੇ ਕੰਮ ਦੇ ਹਫਤੇ ਵਾਲਾ ਸੰਕਲਪ ਕਦੇ ਪੂਰਾ ਨਹੀਂ ਹੋ ਸਕਿਆ, ਕਿਉਂਕਿ ਮਨੁੱਖਾਂ ਨੇ ਲੱਖਾਂ ਅਜਿਹੀਆਂ ਨੌਕਰੀਆਂ ਕੱਢੀਆਂ, ਜੋ ਫਿਜ਼ੂਲ ਹਨ। ਹਾਲਾਂਕਿ ਗਰੇਬਰ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਕੰਮ ਨੂੰ ਅਰਥ ਦੇਣਾ ਜਾਂ ਅਰਥਹੀਣ ਬਣਾਉਣਾ ਉਸ ਕੰਮ ਨੂੰ ਕਰਨ ਵਾਲੇ `ਤੇ ਨਿਰਭਰ ਹੈ।
ਡੱਚ ਅਰਥ ਸ਼ਾਸਤਰੀ ਰਾਬਰਟ ਡਿਊਰ ਤੇ ਮੈਕਸ ਵੈਨ ਲੈਂਟ ਦੇ ਇੱਕ ਅਧਿਐਨ ਅਨੁਸਾਰ ਅਮੀਰ ਦੇਸ਼ਾਂ ਵਿੱਚ ਇੱਕ ਚੌਥਾਈ ਨੌਕਰੀਆਂ ਨੂੰ ਸੰਭਾਵਿਤ ਰੂਪ ਵਿੱਚ ਨਿਰਾਰਥਕ ਮੰਨਿਆ ਜਾਂਦਾ ਹੈ। ਸਾਡੇ ਦੇਸ਼ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੀਆਂ ਨੌਕਰੀਆਂ ਹਨ, ਜਿਨ੍ਹਾਂ ਦੀ ਕੋਈ ਆਊਟਪੁੱਟ ਨਹੀਂ। ਉਹ ਸਿਆਸੀ ਪ੍ਰਭਾਵ ਕਰਕੇ ਬਹੁਤ ਸਾਰੀਆਂ ਸਹੂਲਤਾਂ ਤੇ ਭੱਤਿਆਂ ਨਾਲ ਓਤਪੋਤ ਹਨ, ਜਦ ਕਿ ਹੇਠਲੇ ਪੱਧਰ `ਤੇ ਅਧਿਆਪਕ, ਡਾਕਟਰ, ਪ੍ਰੋਫੈਸਰ, ਸਿਹਤ ਕਾਮੇ, ਸੈਨੇਟਰੀ ਦੀਆਂ ਸਹੂਲਤਾਂ ਦੇਣ ਵਾਲੇ ਕਾਮਿਆਂ ਤੇ ਮਿਲਾਵਟੀ ਚੀਜ਼ਾਂ ਦੀ ਰੋਕਥਾਮ ਵਾਲਿਆਂ ਦੀ ਵੱਡੀ ਘਾਟ ਹੈ। ਨਿਆਂ ਮਿਲਣ ਵਿੱਚ ਪੂਰੀਆਂ ਜ਼ਿੰਦਗੀਆਂ ਖਪ ਜਾਂਦੀਆਂ ਹਨ, ਕਿਉਂਕਿ ਨਿਆਂ ਅਧਿਕਾਰੀਆਂ ਦੀ ਵੱਡੀ ਘਾਟ ਹੈ।
ਬਨਾਉਟੀ ਬੁੱਧੀ ਦੇ ਵਰਤਮਾਨ ਦੌਰ ਵਿੱਚ ਇਹ ਸੁਆਲ ਫਿਰ ਉੱਠ ਰਿਹਾ ਹੈ ਕਿ ਜਿਵੇਂ ਜਿਵੇਂ ਏ.ਆਈ. ਅੱਗੇ ਵੱਧ ਰਹੀ ਹੈ, ਨੌਕਰੀਆਂ ਖੁਸਣ ਦਾ ਖਤਰਾ ਵਧ ਰਿਹਾ ਹੈ। ਵੱਡੀਆਂ ਵੱਡੀਆਂ ਕੰਪਨੀਆਂ ਨੇ ਛਾਂਟੀ ਕਰਕੇ ਲੱਖਾਂ ਕਾਮਿਆਂ ਨੂੰ ਘਰ ਤੋਰ ਦਿੱਤਾ ਹੈ। ਗੋਲਡਮੈਨ ਸੈਸ਼ ਦੇ ਇੱਕ ਅਨੁਮਾਨ ਅਨੁਸਾਰ ਜੈਨਰੇਟਿਵ ਏ.ਆਈ. ਨਾਲ ਗਲੋਬਲ ਪੱਧਰ `ਤੇ ਅਜਿਹੀਆਂ ਗਤੀਵਿਧੀਆਂ ਸੰਚਾਲਤ ਹੋ ਸਕਦੀਆਂ ਹਨ, ਜੋ 30 ਕਰੋੜ ਨੌਕਰੀਆਂ ਦੇ ਬਰਾਬਰ ਹਨ। ਭਾਵ ਦੁਨੀਆ ਦੇ 30 ਕਰੋੜ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਸਕਦਾ ਹੈ। ਇੱਥੇ ਮੁਸ਼ਕਲ ਇਹ ਵੀ ਹੈ ਕਿ ਜਦੋਂ ਅਸੀਂ ਅਜਿਹੇ ਭਵਿੱਖ ਦੀ ਕਲਪਨਾ ਕਰਦੇ ਹਾਂ ਤਾਂ ਉਹ ਡਰਾਉਣਾ ਨਜ਼ਰ ਆਉਂਦਾ ਹੈ। ਜਦੋਂ ਤਕਨੀਕ ਪੂਰੀ ਤਰ੍ਹਾਂ ਮਨੁੱਖ ਦੀ ਥਾਂ ਲੈ ਲਵੇਗੀ ਤਾਂ ਅਸੀਂ ਦੋ ਵਿਰੋਧੀ ਵਿਚਾਰਾਂ ਦੀ ਉਲਝਣ ਵਿੱਚ ਫਸ ਜਾਵਾਂਗੇ। ਪਹਿਲੀ ਇਹ ਕਿ ਅਜਿਹੀ ਸਥਿਤੀ ਉਦਯੋਗਾਂ, ਵਪਾਰਕ ਕੇਂਦਰਾਂ, ਕਾਰਪੋਰੇਟ ਹਾਊਸਾਂ, ਫੌਜੀ ਸਾਜੋ ਸਮਾਨ ਦੀ ਰਖਵਾਲੀ, ਵਿਗਿਆਨਕ ਕੇਂਦਰਾਂ ਦੀ ਆਟੋਮੇਸ਼ਨ ਤੇ ਮੌਸਮਾਂ, ਭੁਚਾਲਾਂ, ਤੂਫਾਨਾਂ ਅਤੇ ਹੋਰ ਕੁਦਰਤੀ ਆਫਤਾਂ ਤੇ ਖੇਤੀ, ਸਿਹਤ ਤੇ ਭਵਿੱਖ ਦੀਆਂ ਯੋਜਨਾਵਾਂ ਲਈ ਵਰਦਾਨ ਸਿੱਧ ਹੋਵੇਗੀ; ਤੇ ਦੂਸਰੀ ਇਹ ਕਿ ਮਨੁੱਖ ਬਰਬਾਦ ਹੋ ਜਾਣਗੇ। ਜੇ ਮਨੁੱਖ ਹੀ ਨਾ ਬਚੇ ਤਾਂ ਇਹ ਤਕਨੀਕ ਕਿਸ ਕੰਮ! ਪਰ ਜੇ ਇਨ੍ਹਾਂ ਵਿਰੋਧਾਂ ਵਿੱਚ ਵੇਖੀਏ ਤਾਂ ਓਥੇ ਵੀ ਕੁਝ ਮੁਮਕਿਨ ਹੋ ਸਕਦਾ ਹੈ।
ਹੋ ਸਕਦੈ ਏ.ਆਈ. ਉਨ੍ਹਾਂ ਨੌਕਰੀਆਂ ਨੂੰ ਖਤਮ ਕਰ ਦੇਵੇ, ਜਿਨ੍ਹਾਂ ਨੂੰ ਖੁਦ ਕਰਮਚਾਰੀ ਨਿਰਾਰਥਕ ਸਮਝਦੇ ਨੇ। 45 ਵਰਿ੍ਹਆਂ ਦੀ ਲੇਖਿਕਾ ਕੈਲੀ ਈਡਨ ਲਈ ਤਾਂ ਏ.ਆਈ. ਜਿਵੇਂ ਮੁਸੀਬਤਾਂ ਦਾ ਪਹਾੜ ਬਣ ਕੇ ਟੁੱਟੀ, ਉਹ ਇੱਕ ਚਾਕਲੇਟ ਕੰਪਨੀ ਵਿੱਚ ਈਮੇਲ ਡ੍ਰਾਫਟ ਤਿਆਰ ਕਰਦੀ ਸੀ। ਉਹਨੂੰ ਪ੍ਰਤੀ ਸ਼ਬਦ 50 ਸੈਂਟ ਮਿਲਦੇ ਸਨ। ਇੱਕ ਦਿਨ ਕੰਪਨੀ ਨੇ ਫੋਨ ਰਾਹੀਂ ਉਹਨੂੰ ਸੂਚਿਤ ਕੀਤਾ ਕਿ ਹੁਣ ਉਹਦੀ ਬਜਾਏ ਉਹ ਚੈਟ ਜੀ.ਪੀ.ਟੀ. ਦੀ ਸੇਵਾ ਲਵੇਗੀ। ਕੈਲੀ ਲਈ ਇਹ ਸਦਮੇ ਨਾਲੋਂ ਘੱਟ ਨਹੀਂ। ਹੁਣ ਉਹਨੂੰ ਬੈਕ ਅੱਪ ਯੋਜਨਾ ਬਣਾਉਣੀ ਪਏਗੀ।
ਗ੍ਰੇਬਰ ਅਨੁਸਾਰ ਟੈਲੀਮਾਰਕੀਟਿੰਗ ਖੇਤਰ ਵਿੱਚ ਏ.ਆਈ. ਦਾ ਲਗਪਗ ਕਬਜਾ ਹੋ ਚੁੱਕਾ ਹੈ, ਕਿਉਂਕਿ ਗਾਹਕ ਵੀ ਇੱਕੋ ਜਿਹੇ ਸੁਨੇਹੇ ਬੱਕ ਬੱਕ ਵਾਂਗ ਸੁਨਣੇ ਨਹੀਂ ਚਾਹੁੰਦੇ। ਓਥੇ ਚੈਟਬਾੱਟ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਗਾਹਕ ਉਹਨੂੰ ਪਸੰਦ ਕਰ ਰਿਹਾ ਹੈ ਜਾਂ ਨਹੀਂ। ਇੱਥੇ ਇਹ ਸਮਝਣ ਦੀ ਲੋੜ ਹੈ ਕਿ ਅਰਥਹੀਣ ਨੌਕਰੀਆਂ ਤੋਂ ਕੱਢੇ ਜਾਣ ਵਾਲਿਆਂ ਨੂੰ ਤਾਂ ਇਸ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ, ਖਾਸ ਕਰਕੇ ਸੌਫਟਵੇਅਰ ਵਾਲਿਆਂ ਨੂੰ; ਪਰ ਬਹੁਤ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ, ਜੋ ਕੋਵਿਡ ਤੋਂ ਬਾਅਦ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਏ.ਆਈ. ਦੀ ਸਵੈਚਾਲਿਤ ਪ੍ਰਣਾਲੀ ਹੋਰ ਬੇਰੁਜ਼ਗਾਰੀ ਪੈਦਾ ਕਰੇਗੀ, ਕਿਉਂਕਿ ਮਸ਼ੀਨ ਬਿਨਾ ਤਨਖਾਹ ਜਾਂ ਖੁਰਾਕ ਦੇ ਚੌਵੀ ਘੰਟੇ ਕੰਮ ਕਰਨ ਦੇ ਸਮਰੱਥ ਹੈ। ਇਹ ਮਨੁੱਖੀ ਸ਼ਕਤੀ ਅੱਗੇ ਵੱਡੀ ਵੰਗਾਰ ਹੈ। ਮਨੁੱਖ ਨੂੰ ਰੋਟੀ ਚਾਹੀਦੀ ਹੈ ਤੇ ਇਹ ਕਮਾਉਣੀ ਪੈਂਦੀ ਹੈ। ਜਦੋਂ ਉਹਦੇ ਕੋਲ ਕਮਾਉਣ ਦਾ ਸਾਧਨ ਹੀ ਨਾ ਹੋਇਆ ਤਾਂ ਉਹ ਕੀ ਕਰੇਗਾ? ਇਹਦਾ ਕਿਸੇ ਕੋਲ ਕੋਈ ਜੁਆਬ ਨਹੀਂ।
ਜੇ ਏ.ਆਈ. ਦੇ ਨਿੱਕੇ ਨਿੱਕੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹ ਬੜੀ ਲੁਭਾਵਣੀ ਸ਼ੈਅ ਲੱਗਦੀ ਹੈ। ਮਸਲਨ ਜਦੋਂ ਅਸੀਂ ਫੋਨ ਨੂੰ ਆਪਣਾ ਚਿਹਰਾ ਦਿਖਾ ਕੇ ਅਨਲਾਕ ਕਰਦੇ ਹਾਂ ਜਾਂ ਅਲੈਕਸਾ ਨੂੰ ਆਪਣੇ ਮਨ ਪਸੰਦ ਗੀਤ ਸੁਨਾਉਣ ਲਈ ਕਹਿੰਦੇ ਹਾਂ, ਜਾਂ ਜਦੋਂ ਅਸੀਂ ਦੇਖਦੇ ਹਾਂ ਕਿ ਐਮਾਜ਼ੋਨ ਨੂੰ ਸਾਡੀ ਪਸੰਦ ਦੀਆਂ ਚੀਜ਼ਾਂ ਦਾ ਇਲਮ ਹੈ ਤੇ ਉਹ ਲਗਾਤਾਰ ਇਨ੍ਹਾਂ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਮੋਬਾਇਲ ਐਪ ਨੂੰ ਇਹ ਵੀ ਪਤਾ ਹੈ ਕਿ ਸਾਨੂੰ ਕਿਹੜੀ ਕਾਰ ਪਸੰਦ ਹੈ। ਕਹਿਣ ਦਾ ਭਾਵ ਹੈ ਕਿ ਮੋਬਾਇਲ ਐਪ ਮੇਰਾ ਮਨ ਪੜ੍ਹ ਸਕਦੀ ਹੈ, ਉਹਨੂੰ ਮੇਰੀ ਇੱਛਾ ਦਾ ਪਤਾ ਹੈ; ਪਰ ਮਨ ਵਿੱਚ ਇੱਕ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਏਨੀਆਂ ਸਹੂਲਤਾਂ ਦੇਣ ਵਾਲੀ ਤਕਨਾਲੌਜੀ ਕੀ ਕਿਸੇ ਦੀ ਜਾਨ ਵੀ ਲੈ ਸਕਦੀ ਹੈ? ਇਹ ਸੁਆਲ ਆਪਣੇ ਆਪ ਵਿੱਚ ਪ੍ਰੇਸ਼ਾਨ ਕਰਨ ਵਾਲਾ ਹੈ।
ਰੂਸ ਦੀ ਕਲਾਸ਼ਿਨਕੋਵ ਕੰਪਨੀ ਨੇ ਇੱਕ ਸੈਲਫ ਲਰਨਿੰਗ ਮਸ਼ੀਨਗੰਨ ਬਣਾਈ ਹੈ। ਇਹਦਾ ਏ.ਆਈ. ਸੰਚਾਲਿਤ ਸਾਫਟਵੇਅਰ ਟਾਰਗੇਟ ਦੀ ਫੋਟੋ ਜਾਂ ਵੀਡੀਓ ਦੇਖ ਕੇ ਉਹਦੀ ਪਛਾਣ ਕਰਦਾ ਹੈ ਤੇ ਜਿੰਨਾ ਜ਼ਿਆਦਾ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ, ਓਨਾ ਜ਼ਿਆਦਾ ਉਹਦਾ ਨਿਸ਼ਾਨਾ ਪੱਕਾ ਹੁੰਦਾ ਜਾਂਦਾ ਹੈ। ਇਜ਼ਰਾਇਲ-ਹਿਜਬੁੱਲਾ ਤੇ ਰੂਸ-ਯੂਕਰੇਨ ਯੁੱਧ ਵਿੱਚ ਤਬਾਹੀ ਮਚਾ ਰਹੇ ਤਕਨੀਕੀ ਤੌਰ `ਤੇ ਸਵੈ-ਚਾਲਿਤ ਡ੍ਰੋਨ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਹਨ। ਇਸ ਤਕਨੀਕ ਨੇ ਤਾਂ ਹਥਿਆਰਾਂ ਨੂੰ ਹੋਰ ਜ਼ਿਆਦਾ ਖਤਰਨਾਕ ਬਣਾ ਦਿੱਤਾ ਹੈ, ਕਿਉਂਕਿ ਇਹ ਹਥਿਆਰ ਨੂੰ ਮਸ਼ੀਨ ਬਣਾ ਦਿੰਦੀ ਹੈ। ਹੁਣ ਤਾਂ ਏ.ਆਈ. ਦਾ ਇਸਤੇਮਾਲ ਇਨਸਾਨਾਂ ਨੂੰ ਮਾਰਨ ਲਈ ਕੀਤੇ ਜਾਣ ਦੀ ਗੱਲ ਵੀ ਤੁਰ ਪਈ ਹੈ।
ਏ.ਆਈ. ਮਾਹਿਰ ਸਟੂਅਰਟ ਰੱਸਲ ਨੇ ਇਹਦੇ ਸੰਭਾਵੀ ਖਤਰਿਆਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਭਵਿੱਖ ਵਿੱਚ ਰੋਬੋਟ ਹਤਿਆਰੇ ਹੋ ਸਕਦੇ ਹਨ। ਉਹਨੇ ਇਸ ਥੀਮ ਨੂੰ ਲੈ ਕੇ ਇੱਕ ਫਿਲਮ ਵੀ ਬਣਾਈ ਹੈ, ਜੋ ਭੈਅਭੀਤ ਕਰਨ ਵਾਲੀ ਹੈ। ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਏ.ਆਈ. ਨਾਲ ਸੰਚਾਲਿਤ ਰੋਬੋਟਾਂ ਦਾ ਇੱਕ ਸਮੂਹ ਅਚਾਨਕ ਹਮਲਾ ਕਰ ਦਿੰਦਾ ਹੈ। ਲੱਖਾਂ ਲੋਕਾਂ ਦੀ ਜਾਨ ਲੈਣ ਵਾਲਾ ਇਹ ਸਮੂਹਿਕ ਵਿਨਾਸ਼ ਪ੍ਰਮਾਣੂ ਹਥਿਆਰਾਂ ਵਰਗਾ ਹੈ। ਇਹਨੂੰ ਬਣਾਉਣਾ ਸੌਖਾ ਵੀ ਹੈ ਤੇ ਸਸਤਾ ਵੀ। ਇਹ ਇੱਕ ਦੋ ਨਹੀਂ ਬਲਕਿ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿੱਚ ਬਣਾਏ ਜਾ ਸਕਦੇ ਹਨ। ਨਾਲ ਹੀ ਇਹ ਉਨ੍ਹਾਂ ਲੋਕਾਂ ਨੂੰ ਪਛਾਣ ਕੇ ਮਾਰਦਾ ਹੈ, ਜਿਨ੍ਹਾਂ ਨੂੰ ਟਾਰਗੇਟ ਕੀਤਾ ਹੋਵੇ। ਮਾਹਿਰ ਅਜੇ ਵੀ ਇਹ ਕਹਿ ਰਹੇ ਹਨ ਕਿ ਅਜਿਹਾ ਨਹੀਂ ਹੋ ਸਕਦਾ, ਪਰ ਇਹੋ ਜਿਹੀਆਂ ਮਸ਼ੀਨਾਂ ਬਣਾਈਆਂ ਜਾ ਰਹੀਆਂ ਹਨ, ਜੋ ਬੜੀਆਂ ਡਰਾਉਣੀਆਂ ਤੇ ਖਤਰਨਾਕ ਹੋ ਸਕਦੀਆਂ ਹਨ। ਜੇ ਏ.ਆਈ. ਰਾਹੀਂ ਕੈਂਸਰ, ਬ੍ਰੇਨ ਟਿਊਮਰ ਜਾਂ ਹੋਰ ਘਾਤਕ ਬਿਮਾਰੀਆਂ ਦਾ ਪਤਾ ਲਾ ਕੇ ਉਨ੍ਹਾਂ ਦਾ ਇਲਾਜ ਲੱਭਿਆ ਜਾਵੇ ਤਾਂ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਇਆ ਜਾ ਸਕਦਾ ਹੈ; ਜੇ ਇਹਦੀ ਵਰਤੋਂ ਫੌਜਾਂ ਕਰਨ ਤਾਂ ਇਹ ਮਨੁੱਖ ਤਬਾਹੀ ਦਾ ਕਾਰਨ ਬਣ ਸਕਦੀ ਹੈ, ਪਰ ਇਹਦੀ ਵਰਤੋਂ ਜੰਗਾਂ-ਯੁੱਧਾਂ ਵਿੱਚ ਕੀਤੀ ਜਾ ਰਹੀ ਹੈ।
ਹਥਿਆਰ ਬਣਾਉਣ ਵਾਲੀ ਇਸ ਤਕਨੀਕ ਦੀ ਖਾਸੀਅਤ ਇਹ ਹੈ ਕਿ ਇਹ ਹਥਿਆਰ ਸਮੇਤ ਸੜਕ `ਤੇ ਆ ਕੇ ਖੁਦ ਫੈਸਲਾ ਕਰਕੇ ਹਤਿਆਵਾਂ ਕਰ ਸਕਦੀ ਹੈ। ਇਨਸਾਨੀ ਫੌਜੀ ਥੱਕ ਸਕਦੇ ਹਨ, ਉਨ੍ਹਾਂ ਦੇ ਨਿਸ਼ਾਨੇ ਉਕ ਜਾਂਦੇ ਹਨ, ਉਹ ਜ਼ਖਮੀ ਹੋ ਜਾਂਦੇ ਹਨ, ਉਨ੍ਹਾਂ ਵਿੱਚ ਭਾਵਨਾਵਾਂ ਹੁੰਦੀਆਂ ਹਨ, ਪਰ ਮਸ਼ੀਨਾਂ ਵਿੱਚ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ; ਨਾ ਹੀ ਮਸ਼ੀਨਾਂ ਨੂੰ ਤਮੀਜ਼ ਹੁੰਦੀ ਹੈ। ਉਹ ਤਾਂ ਗਤੀ ਕਰਕੇ ਹੀ ਪ੍ਰਤੀਕਿਰਿਆ ਦਿੰਦੀਆਂ ਹਨ।
ਸਵੈ-ਚਾਲਿਕਤਾ ਦੀ ਵੱਧ ਰਹੀ ਵਰਤੋਂ ਨੂੰ ਸਮਝਣ ਲਈ ਕਈ ਦਹਾਕੇ ਪਹਿਲਾਂ ਦੇ ਅਮਰੀਕੀ ਗ੍ਰਹਿ ਯੁੱਧ `ਤੇ ਝਾਤ ਮਾਰਨੀ ਪਏਗੀ, ਜਿਸ ਵਿੱਚ ਗੈਟਲਿੰਗ ਗੰਨ ਦੀ ਵਰਤੋਂ ਕੀਤੀ ਗਈ ਸੀ। ਇਸ ਗੰਨ ਨੂੰ ਚਲਾਉਣ ਲਈ ਚਾਰ ਬੰਦਿਆਂ ਦੀ ਲੋੜ ਹੁੰਦੀ ਸੀ ਤੇ ਇਹ ਸੌ ਫੌਜੀਆਂ ਦੇ ਬਰਾਬਰ ਗੋਲੀਬਾਰੀ ਕਰ ਸਕਦੀ ਸੀ। ਗੈਟਲਿੰਗ ਗੰਨ ਦੀ ਕਾਢ ਤਾਂ ਮਨੁੱਖ ਦੀ ਰੱਖਿਆ ਕਰਨ ਲਈ ਕੱਢੀ ਗਈ ਸੀ, ਪਰ ਇਹਦਾ ਉਲਟਾ ਅਸਰ ਹੋਇਆ ਤੇ ਇਸ ਨੇ ਕਿੰਨੇ ਮਨੁੱਖਾਂ ਦੀ ਜਾਨ ਲੈ ਲਈ। ਡੇੜ ਸੌ ਵਰਿ੍ਹਆਂ ਬਾਅਦ ਫਿਰ ਇਹੀ ਚਿੰਤਾ ਸਤਾਈ ਜਾ ਰਹੀ ਹੈ।
ਇੱਥੇ ਅਫਗਾਨਿਸਤਾਨ ਦੇ ਯੁੱਧ ਦੀ ਇੱਕ ਘਟਨਾ ਯਾਦ ਆ ਰਹੀ ਹੈ, ਜਦੋਂ ਤਾਲਿਬਾਨਾਂ ਨੇ ਆਪਣੇ ਬਚਾਅ ਲਈ ਇੱਕ ਛੋਟੀ ਜਿਹੀ ਕੁੜੀ ਨੂੰ ਅੱਗੇ ਕਰ ਦਿੱਤਾ। ਇਸ ਦੌਰਾਨ ਫੌਜੀਆਂ ਨੇ ਮਨੁੱਖੀ ਹਮਦਰਦੀ ਵਜੋਂ ਉਸ ਕੁੜੀ ਦੀ ਹੱਤਿਆ ਨਹੀਂ ਸੀ ਕੀਤੀ, ਪਰ ਸੋਚ ਕੇ ਦੇਖੋ ਜੇ ਉਨ੍ਹਾਂ ਦੀ ਥਾਂ ਕੋਈ ਏ.ਆਈ. ਸੰਚਾਲਿਤ ਰੋਬੋਟ ਹੁੰਦਾ, ਤਾਂ ਨਿਸ਼ਚਿਤ ਤੌਰ `ਤੇ ਉਸ ਕੁੜੀ ਨੂੰ ਮਾਰ ਮੁਕਾ ਦਿੰਦਾ, ਕਿਉਂਕਿ ਰੋਬੋਟ ਨੂੰ ਤਕਨੀਕ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਯੁੱਧ ਵਿੱਚ ਜਿਹੜਾ ਵੀ ਸਾਹਮਣੇ ਆਏ, ਉਹਨੂੰ ਮਾਰ ਦੇਵੇ। ਐਲਗੋਰਿਦਮ ਦੇ ਦੌਰ ਵਿੱਚ ਇਸੇ ਕਰਕੇ ਯੁੱਧ ਖਤਰਨਾਕ ਹੁੰਦੇ ਜਾ ਰਹੇ ਹਨ।
ਪਰ ਜਿਵੇਂ ਉਸ ਪੁਰਾਣੀ ਕਹਾਣੀ ਦਾ ਸਹਾਰਾ ਲੈ ਕੇ ਮਨੁੱਖ ਨੂੰ ਹੌਂਸਲਾ ਦਿੱਤਾ ਜਾਂਦਾ ਹੈ ਕਿ ਉਹਨੇ ਪਹੀਏ ਦੀ ਕਾਢ ਤੋਂ ਬਾਅਦ ਗੱਡੇ ਤੋਂ ਲੈ ਕੇ ਕਾਰਾਂ, ਤੇਜ਼ ਰੇਲਾਂ, ਹਵਾਈ ਜਹਾਜ਼ਾਂ ਤੇ ਸੁਪਰ ਸੌਨਿਕ ਤੱਕ ਵਿਕਾਸ ਕੀਤਾ ਹੈ, ਓਵੇਂ ਹੀ ਏ.ਆਈ. ਤੋਂ ਡਰਨ ਦੀ ਲੋੜ ਨਹੀਂ। ਇਸ ਲਈ ਏਨਾ ਜ਼ਰੂਰ ਹੈ ਕਿ ਇਸ ਨੂੰ ਮਨੁੱਖ ਦੀ ਸੇਵਾਦਾਰ ਵਜੋਂ ਵਿਕਸਤ ਕੀਤਾ ਜਾਵੇ, ਨਾ ਕੇ ਉਹਨੂੰ ਮਾਲਕ ਬਨਣ ਦੀ ਟ੍ਰੇਨਿੰਗ ਦਿੱਤੀ ਜਾਵੇ!

Leave a Reply

Your email address will not be published. Required fields are marked *