*ਬਾਪੂ ਤਰਸੇਮ ਸਿੰਘ ਵੱਲੋਂ ਆਪਣੀ ਪਾਰਟੀ ਵਿੱਚ ਆਉਣ ਦਾ ਸੱਦਾ
*ਪੜਤਾਲੀਆ ਕਮੇਟੀ ਨੇ ਵਿਰਸਾ ਸਿੰਘ ਵਲਟੋਹਾ ਦੇ ਦੋਸ਼ਾਂ ਨੂੰ ਸਹੀ ਕਿਹਾ
ਜਸਵੀਰ ਸਿੰਘ ਸ਼ੀਰੀ
ਲੰਘੀ 10 ਫਰਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੋਈ ਇੱਕ ਮੀਟਿੰਗ ਵਿੱਚ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਅੰਤਰਿੰਗ ਕਮੇਟੀ ਦਾ ਇਹ ਫੈਸਲਾ ਅਸਲ ਵਿੱਚ 2 ਦਸੰਬਰ 2024 ਨੂੰ ਅਕਾਲੀ ਦਲ ਦੇ ਆਗੂਆਂ ਨੂੰ ਉਨ੍ਹਾਂ ਦੇ ਰਾਜ ਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਸ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਅਤੇ ਸੌਦਾ ਸਾਧ ਨੂੰ ਮੁਆਫੀ ਦੁਆਉਣ ਕਾਰਨ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਪਿੱਠ-ਭੂਮੀ ਵਿੱਚ ਆਇਆ ਹੈ।
ਗਿਆਨੀ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲਿਆਂ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂ ਤਨਖਾਹੀਏ ਕਰਾਰ ਦਿੱਤੇ ਗਏ ਸਨ। ਇਹ ਲੀਡਰ ਇਸ ਹੁਕਮਨਾਮੇ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਦਿਮਾਗ ਦੀ ਕਾਢ ਸਮਝਦੇ ਸਨ। ਇਸ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਨਾਲ ਪੈਦਾ ਹੋਏ ਵਿਵਾਦ ਨੇ ਵੀ ਸਥਿਤੀ ਨੂੰ ਉਲਝਾਉਣ ਵਿੱਚ ਆਪਣੀ ਭੂਮਿਕਾ ਨਿਭਾਈ।
ਇਸ ਦੌਰਾਨ ਅੰਤਰਿੰਗ ਕਮੇਟੀ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਣਾਈ ਗਈ ਤਿੰਨ ਮੈਂਬਰੀ ਸਬ ਕਮੇਟੀ ਦੀ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਇਸ ਰਿਪੋਰਟ ਅਨੁਸਾਰ ਮੁਕਤਸਰ ਵਾਸੀ ਗੁਰਪ੍ਰੀਤ ਸਿੰਘ (ਗਿਆਨੀ ਹਰਪ੍ਰੀਤ ਸਿੰਘ ਦਾ ਸਾਢੂ) ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ‘ਤੇ ਜਿਹੜੇ ਦੋਸ਼ ਲਗਾਏ ਗਏ ਸਨ, ਉਨ੍ਹਾਂ ਦੀ ਪੜਤਾਲ ਲਈ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਅੰਤਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ‘ਤੇ ਆਧਾਰਤ ਸਬ ਕਮੇਟੀ ਬਣਾਈ ਗਈ ਸੀ। ਅੰਤਰਿੰਗ ਕਮੇਟੀ ਅਨੁਸਾਰ ਇਸ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ‘ਤੇ ਲੱਗੇ ਦੋਸ਼ ਸਹੀ ਪਾਏ ਹਨ। ਇਸੇ ਲਈ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ।
ਅੰਤਰਿੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਸਮਾਪਤ ਕਰਨ ਸੰਬੰਧੀ ਲਏ ਗਏ ਫੈਸਲੇ ਦਾ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ- ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਅਤੇ ਅਮਰੀਕ ਸਿੰਘ ਵਿਛੋਆ ਵੱਲੋਂ ਵਿਰੋਧ ਕੀਤਾ ਗਿਆ। ਬਹੁਗਿਣਤੀ ਮੈਂਬਰ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰਨ ਦੇ ਹੱਕ ਵਿੱਚ ਭੁਗਤੇ। ਤਿੰਨੋ ਵਿਰੋਧੀ ਆਗੂਆਂ ਨੇ ਇਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਤ ਕਾਰਵਾਈ ਦੱਸਿਆ। ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਇਹ ਕਾਰਵਾਈ 18 ਸਾਲ ਪਹਿਲਾਂ ਦੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ, ਜਿਸ ਦੀ ਕੋਈ ਤੁਕ ਨਹੀਂ ਸੀ ਬਣਦੀ। ਇੱਥੇ ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਇਹ ਪਹਿਲਾਂ ਹੀ ਆਖ ਚੁੱਕੇ ਹਨ ਕਿ ਤਿੰਨ ਮੈਂਬਰੀ ਕਮੇਟੀ ਨੂੰ ਜਥੇਦਾਰ ਵਿਰੁੱਧ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਥੇਦਾਰ ਸਾਹਿਬਾਨ ਵਿਰੁੱਧ ਪੜਤਾਲ ਅਕਾਲ ਤਖਤ ਸਾਹਿਬ ਵੱਲੋਂ ਹੀ ਕਰਵਾਈ ਜਾ ਸਕਦੀ ਹੈ।
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਅਤੇ ਬਾਪੂ ਤਰਸੇਮ ਸਿੰਘ ਨੇ ਜਥੇਦਾਰ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਬੇਇੱਜ਼ਤ ਕਰ ਕੇ ਲਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹਨ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀ ਦਲ (ਵਾਰਸ ਪੰਜਾਬ ਦੇ) ਵਿੱਚ ਸ਼ਮੂਲੀਅਤ ਕਰਨ, ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਪਰਿਵਾਰ ਦੀਆਂ ਮਨਮਾਨੀਆਂ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਪੂਰੀ ਤਰ੍ਹਾਂ ਖਤਮ ਕਰ ਦੇਣਗੀਆਂ। ਸਿੱਖ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੁਹਿਰਦ ਉਮੀਦਵਾਰ ਲੈ ਕੇ ਆਵੇ। ਉਨ੍ਹਾਂ ਹੋਰ ਕਿਹਾ ਕਿ ਜਥੇਦਾਰ ਸਹਿਬਾਨ ਦੀ ਨਿਯੁਕਤੀ ਅਤੇ ਸੇਵਾ ਨਵਿਰਤੀ ਸੰਬੰਧੀ ਨਿਯਮ ਬਣਨੇ ਚਾਹੀਦੇ ਹਨ।
ਰੈਡੀਕਲ ਸਿੱਖ ਜਥੇਬੰਦੀ ‘ਦਲ ਖਾਲਸਾ’ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਅਕਾਲੀ ਦਲ (ਬਾਦਲ) ਵੱਲੋਂ ਜਥੇਦਾਰ ਸਾਹਿਬਾਨ ਦੇ ਅਹੁਦਿਆਂ ਦੀ ਮਾਣ ਮਰਿਆਦਾ ਨਾਲ ਖਿਲਵਾੜ ਕਰਨ ਦਾ ਰੁਝਾਨ ਜਾਰੀ ਹੈ। ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਗੈਰ-ਸਿਧਾਂਤਕ ਕਾਰਵਾਈ ‘ਤੇ ਸਖਤ ਸਟੈਂਡ ਲੈਣ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀ ਜਥੇਦਾਰਾਂ ਅਤੇ ਪੰਥਕ ਪਵਿੱਤਰਤਾ ਦੀ ਬਹਾਲੀ ਕਰਨ। ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਸੇਵਾ ਸਿੰਘ ਰਾਮਪੁਰ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਪਿੱਛੇ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਦਾ ਬਹੁਤ ਵੱਡਾ ਹੱਥ ਹੈ। ਸਾਬਕਾ ਮੰਤਰੀ ਰਹੇ ਸੀਨੀਅਰ ਸਿੱਖ ਆਗੂ ਬਲਦੇਵ ਸਿੰਘ ਮਾਨ ਨੇ ਇਸ ਮਸਲੇ `ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਜਥੇਦਾਰ ਵਿਰੁੱਧ ਕਾਰਵਾਈ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਹੈ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ‘ਅਕਾਲ ਪੁਰਖ ਕੀ ਫੌਜ’ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਅਸੀਂ ਜਥੇਦਾਰਾਂ ਦੀ ਚੋਣ ਅਤੇ ਸੇਵਾਵਾਂ ਦੀ ਸਮਾਪਤੀ ਸੰਬੰਧੀ ਕੋਈ ਵਿਧੀ ਵਿਧਾਨ ਨਹੀਂ ਬਣਾਉਂਦੇ, ਇਹ ਕੁਝ ਵਾਪਰਦਾ ਰਹੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਸਿੱਖ ਇਤਿਹਾਸ ਵਿੱਚ ਇੱਕ ਕਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਬਦਲਾਖੋਰੀ ਦੀ ਕਾਰਵਾਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਕਿਹਾ ਕਿ ਅੰਤਰਿੰਗ ਕਮੇਟੀ ਦਾ ਇਹ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉਸ ਵਿਚਾਰ ਦੇ ਉਲਟ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਥੇਦਾਰਾਂ ਵਿਰੁੱਧ ਪੜਤਾਲ ਅਕਾਲ ਤਖਤ ਸਾਹਿਬ ਵੱਲੋਂ ਹੀ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਬਾਦਲ ਦਲ ਵਾਲੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਲਾਲਚਾਂ ਲਈ ਵਰਤ ਰਹੇ ਹਨ। ਅਕਾਲੀ ਦਲ ਬਾਦਲ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਏਗੀ।
ਇਸੇ ਦੌਰਾਨ ਯੁਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸਿੰਦਰ ਸਿੰਘ ਨੇ ਕਿਹਾ ਕਿ ਇਸ ਫੈਸਲੇ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਇਹ ਵੇਖਣ ਵਾਲਾ ਹੋਏਗਾ ਕਿ ਕਮੇਟੀ ਦੇ ਇਸ ਫੈਸਲੇ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੀ ਰੁਖ ਅਪਣਾਉਂਦੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਸ ਫੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਜ਼ਲੀਲ ਕਰ ਕੇ ਕੱਢਣਾ ਪੰਥਕ ਰਵਾਇਤ ਨਹੀਂ। ਉਨ੍ਹਾਂ ਕਿਹਾ ਕਿ ਇਹ ਸਿਆਸੀ ਲੋਕ ਤੁੱਛ ਜਿਹੀ ਆਪਣੀ ਸ਼ਕਤੀ ਨੂੰ ਸਤਿਗੁਰੂ ਦੇ ਅਸੀਮ ਬਲ ਤੋਂ ਵੀ ਉਪਰ ਮੰਨੀਂ ਬੈਠੇ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਤੇ ਹੁਣ ਗੁਰਦੁਆਰਾ ਸੰਤ ਸਾਗਰ ਨਿਊ ਯਾਰਕ ਅਤੇ ਸੈਕਰਾਮੈਂਟੋ ਦੇ ਮੁਖੀ ਸੱਜਣ ਸਿੰਘ ਅਤੇ ਨਰਿੰਦਰਪਾਲ ਸਿੰਘ ਹੁੰਦਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਨੂੰ ਨਾ ਬਰਦਾਸ਼ਤ ਕਰਨ ਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਆਗੂਆਂ ਦਾ ਯੂ.ਐਸ.ਏ. ਆਉਣ ‘ਤੇ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।