ਪ੍ਰਧਾਨ ਮੰਤਰੀ ਦਾ ਅਮਰੀਕਾ ਫੇਰੀ
*ਅਡਾਨੀ ਵਾਲਾ ਮਸਲਾ ਬਣ ਸਕਦਾ ਗਲੇ ਦੀ ਹੱਡੀ
ਜਸਵੀਰ ਸਿੰਘ ਮਾਂਗਟ
ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਹਨ। ਨਰਿੰਦਰ ਮੋਦੀ, ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਨੂੰ ਮਿਲ ਰਹੇ ਹਨ। ਨਰਿੰਦਰ ਮੋਦੀ ਦੇ ਇਸ ਦੌਰੇ ਦਾ ਮਕਸਦ ਅਸਲ ਵਿੱਚ ਅਮਰੀਕਾ ਨਾਲ ‘ਬਹੁਪੱਖੀ ਰਣਨੀਤਿਕ ਭਾਈਵਾਲੀ’ ਦੱਸਿਆ ਗਿਆ ਹੈ, ਪਰ ਲਗਦਾ ਹੈ ਕਿ ਆਪਸੀ ਗੱਲਬਾਤ ਕਾਰੋਬਾਰੀ ਲੈਣ-ਦੇਣ (ਖਾਸ ਕਰਕੇ ਫੌਜੀ ਸਾਜ਼ੋ ਸਮਾਨ) ਬਾਰੇ ਵੀ ਹੋਵੇਗੀ। ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੂਲ ਰੂਪ ਵਿੱਚ ਅਮਰੀਕਾ ਦੇ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਹਨ। ਇਸ ਲਈ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਭਾਰਤ ਨੂੰ ਕੁਝ ਵੇਚਣ ਦੀ ਗੱਲ ਨਾ ਕਰੇ, ਇਹ ਤੇ ਹੋ ਨਹੀਂ ਸਕਦਾ।
ਯਾਦ ਰਹੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇ ਹਾਲ ਵਿੱਚ ਇਜ਼ਰਾਇਲੀ ਬੰਬਾਰੀ ਨਾਲ ਥੇਹ ਹੋਏ ਗਾਜ਼ਾ ਦੇ ਸਮੁੰਦਰੀ ਕੰਢੇ ਨੂੰ ਬੀਚ ਬਣਾਉਣ ਦਾ ਆਈਡੀਆ ਮੀਡੀਏ ਵਿੱਚ ਠੇਲ੍ਹ ਦਿੱਤਾ ਸੀ, ਜਿਸ ਦੀ ਕੌਮਾਂਤਰੀ ਪੱਧਰ ‘ਤੇ ਵਿਰੋਧਤਾ ਹੋਣ ਲੱਗੀ, ਨਹੀਂ ਤੇ ਸ਼ਾਇਦ ਉਹ ਯਤਨ ਵੀ ਕਰ ਵੇਖਦੇ! ਗਾਜ਼ਾ ਨੂੰ ਇੱਕ ਖੂਬਸੂਰਤ ਬੀਚ ਵਿੱਚ ਬਦਲਣ ਦਾ ਉਨ੍ਹਾਂ ਦਾ ਇਹ ਵਿਚਾਰ ਕਿਸੇ ਗੰਭੀਰਤਾ ਵਿੱਚੋਂ ਨਿਕਲਿਆ ਸੀ ਜਾਂ ਵਕਤੀ ਫੁਰਨਾ ਸੀ, ਇਸ ਬਾਰੇ ਤਾਂ ਉਹ ਖੁਦ ਹੀ ਦੱਸ ਸਕਦੇ ਹਨ, ਕਿਉਂਕਿ ਉਨ੍ਹਾਂ ਦੇ ਭਵਿੱਖੀ ਅਮਲ ਬਾਰੇ ਲਗਾਏ ਅੰਦਾਜ਼ੇ ਅਕਸਰ ਗਲਤ ਹੀ ਸਾਬਤ ਹੁੰਦੇ ਹਨ। ਉਂਝ ਗਾਜ਼ਾ ਵਿੱਚ ਜੰਗ-ਬੰਦੀ ਕਰਾਉਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਸ ਦਾ ਸਿਹਰਾ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਜ਼ਬਰਦਸਤੀ ਆਪਣੇ ਸਿਰ ‘ਤੇ ਬੰਨ੍ਹਣ ਦਾ ਯਤਨ ਕੀਤਾ ਸੀ। ਇਹ ਜੰਗ-ਬੰਦੀ ਜੇ ਲੰਮੇਰੇ ਅਮਨ-ਅਮਾਨ ਵਿੱਚ ਬਦਲ ਜਾਂਦੀ ਹੈ ਤਾਂ ਇਸ ਨੂੰ ਉਨ੍ਹਾਂ ਦੀ ਇੱਕ ਵੱਡੀ ਉਪਲਬਧੀ ਗਿਣਿਆ ਜਾਵੇਗਾ।
ਗੱਲ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹੋਣ ਵਾਲੇ ਰੱਦੇਅਮਲ ਵੱਲ ਹੀ ਮੋੜਦੇ ਹਾਂ। ਰਾਸ਼ਟਰਪਤੀ ਟਰੰਪ ਦੀ ਪਿਛਲੀ ਟਰਮ ਵੇਲੇ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਰਹੀ ਸੀ। ਕਈ ਖੇਤਰਾਂ ਵਿੱਚ ਆਪਸੀ ਸਹਿਯੋਗ ਵੀ ਵਧਿਆ ਸੀ। ਪ੍ਰਧਾਨ ਮੰਤਰੀ, ਟਰੰਪ ਦੀ ਆਮਦ ਨੂੰ ਹਿੰਦੁਸਤਾਨੀਆਂ ਲਈ ਸ਼ੁਭ ਸ਼ਗਨ ਵੀ ਸਮਝਦੇ ਹਨ; ਪਰ ਉਨ੍ਹਾਂ ਆਉਂਦਿਆਂ ਹੀ ਅਮਰੀਕਾ ਵਿੱਚ ਵੱਸਦੇ ਵੱਖ-ਵੱਖ ਮੁਲਕਾਂ ਦੇ ਗੈਰ-ਕਾਨੂੰਨੀ ਪਰਵਾਸੀਆਂ ਵਿਰੁਧ ਮੁਹਿੰਮ ਛੇੜ ਲਈ ਹੈ। ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਪਰਵਾਸੀ ਚੀਨੀ ਅਤੇ ਭਾਰਤੀ ਹੀ ਹਨ। ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਅਮਰੀਕਾ ਦੀ ਧਰਤੀ ‘ਤੇ ਪੈਰ ਰੱਖਣ ਵਾਲੇ 104 ਪਰਵਾਸੀਆਂ ਨੂੰ ਉਨ੍ਹਾਂ ਨੇ ਹਥਕੜੀਆਂ ਅਤੇ ਬੇੜੀਆਂ ਲਗਾ ਕੇ ਭਾਰਤ ਵਾਪਸ ਭੇਜਿਆ। ਇਨ੍ਹਾਂ ਵਿੱਚ 23 ਔਰਤਾਂ, 12 ਬੱਚੇ ਅਤੇ 79 ਮਰਦ ਸ਼ਾਮਲ ਸਨ। ਇਹ ਵਿਹਾਰ ਮਨੁੱਖ ਹੋਣ ਦੇ ਜਨਮ ਸਿੱਧ ਅਧਿਕਾਰਾਂ ਦੀ ਘੋਰ ਬੇਅਦਬੀ ਹੈ। ਇਨ੍ਹਾਂ ਅਧਿਕਾਰਾਂ ਦਾ ਅਮਰੀਕਾ ਸਭ ਤੋਂ ਵੱਡਾ ਖੈਰਖੁਆਹ ਹੈ। ਹਥਕੜੀਆਂ, ਬੇੜੀਆਂ ਵਿਰੁਧ ਆਵਾਜ਼ ਹਿੰਦੁਸਤਾਨੀ ਪਾਰਲੀਮੈਂਟ ਵਿੱਚ ਵੀ ਉੱਠੀ ਅਤੇ ਬਾਹਰ ਵੀ। ਭਾਰਤ ਵਿੱਚ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਨੂੰ ਦੱਬ ਕੇ ਚੁੱਕਿਆ। ਭਾਰਤੀ ਪ੍ਰਧਾਨ ਮੰਤਰੀ ਨੂੰ ਵੀ ਸ਼ਾਇਦ ਇਸ ਮਾਮਲੇ ਵਿੱਚ ਟਰੰਪ ਹੋਰਾਂ ਨਾਲ ਕੁਝ ਇਤਰਾਜ਼ ਸਾਂਝੇ ਕਰ ਹੀ ਲੈਣੇ ਚਾਹੀਦੇ ਹਨ।
ਹਿੰਦੁਸਤਾਨ ਦੇ ਆਮ ਲੋਕਾਂ ਨੇ ਵੀ ਭਾਰਤੀ ਪਰਵਾਸੀਆਂ ਨੂੰ ਇਸ ਤਰ੍ਹਾਂ ਕੈਦੀਆਂ ਵਾਂਗ ਵਾਪਸ ਭੇਜਣ ਦਾ ਕਾਫੀ ਬੁਰਾ ਮਨਾਇਆ ਹੈ। ਉਹ ਵੀ ਉਦੋਂ, ਜਦੋਂ ਮੈਕਸੀਕੋ ਤੇ ਕੋਲੰਬੀਆ ਜਿਹੇ ਭਾਰਤ ਤੋਂ ਕਿਤੇ ਕਮਜ਼ੋਰ ਮੁਲਕਾਂ ਨੇ ਆਪਣੇ ਕੈਦੀਆਂ ਨੂੰ ਸਨਮਾਨ ਨਾਲ ਲੈ ਕੇ ਜਾਣ ਦਾ ਐਲਾਨ ਕੀਤਾ ਅਤੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਉਹ ਅਮਰੀਕਾ ਤੋਂ ਐਕਸਪੋਰਟ ਹੋਣ ਵਾਲਾ ਸਾਮਾਨ ਖਰੀਦਣਾ ਬੰਦ ਕਰ ਦੇਣਗੇ। ਕੈਨੇਡਾ ਤੇ ਚੀਨ ਨੇ ਤਾਂ ਰਿਵਰਸ ਟੈਰਿਫ ਵੀ ਲਗਾਏ, ਜਿਸ ਕਾਰਨ ਟਰੰਪ ਨੂੰ ਆਪਣੇ ਫੈਸਲੇ ‘ਤੇ ਅਮਲ ਰੋਕਣਾ ਪਿਆ; ਪਰ ਭਾਰਤ ਨੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ, ਸਗੋਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਹ ਆਖ ਦਿੱਤਾ ਕਿ ਗੈਰ-ਕਾਨੂੰਨੀ ਪਰਵਾਸੀਆਂ ਦੀ ਇਹ ਵਾਪਸੀ ਅਮਰੀਕੀ ਨੇਮਾਂ ਅਨੁਸਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਉਨ੍ਹਾਂ ਦੇ ਅਮਰੀਕੀ ਦੌਰੇ ਦਾ ਮਕਸਦ ਟਰੰਪ ਦੀ ਪਿਛਲੀ ਟਰਮ ਵੇਲੇ ਦੋਹਾਂ ਮੁਲਕਾਂ ਵਿਚਕਾਰ ਪੈਦਾ ਹੋਈ ਭਾਈਵਾਲੀ ਨੂੰ ਅੱਗੇ ਤੋਰਨਾ ਹੈ। ਖ਼ਾਸ ਕਰਕੇ ਸਿਖਰਲੀ ਤਕਨੀਕ (ਕਟਿੰਗ ਐਜ ਟੈਕਨੌਲੋਜੀ) ਦੇ ਮਾਮਲੇ ਵਿੱਚ। ਇਸ ਤੋਂ ਇਲਾਵਾ ਵਪਾਰ, ਰੱਖਿਆ ਖੇਤਰ, ਊਰਜਾ ਅਤੇ ਸਪਲਾਈ ਚੇਨਾਂ ਦੀ ਮਜਬੂਤੀ ਆਦਿ ਬਾਰੇ ਦੋਹਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਗੱਲਬਾਤ ਹੋਏਗੀ। ਦੋਹਾਂ ਮੁਲਕਾਂ ਦੇ ਆਗੂਆਂ ਦੀ ਦੁਵੱਲੇ ਸੰਬੰਧਾਂ ਬਾਰੇ ਇਸ ਗੱਲਬਾਤ ‘ਤੇ ਪਰਵਾਸੀਆਂ ਦੀ ਵਾਪਸੀ, ਸਿੱਖ ਮਸਲਿਆਂ ਅਤੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਖਿਲਾਫ ਅਮਰੀਕੀ ਅਦਾਲਤ ਵਿੱਚ ਚੱਲ ਰਹੇ ਕੇਸ ਦਾ ਪ੍ਰਛਾਵਾਂ ਜ਼ਰੂਰ ਪਵੇਗਾ।
ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਉਸ ਹਾਲਤ ਵਿੱਚ ਹੋ ਰਹੀ ਹੈ, ਜਦੋਂ ਚੀਨ ਦੀ ਇੱਕ ਨਵ ਜੰਮੀ ਕੰਪਨੀ ਨੇ ਏ.ਆਈ. (ਡੀਪ ਸੀਕ) ਦੇ ਖੇਤਰ ਵਿੱਚ ਤਹਿਲਕਾ ਮਚਾ ਦਿੱਤਾ ਹੈ। ਚੀਨ ਦੇ ਇਸ ਚੈਟ ਬੋਟ ਨੇ ਅਮਰੀਕਾ ਆਧਾਰਤ ਕੰਪਨੀਆਂ ਦੇ ਚੈਟ ਬੋਟ ਇੱਕ ਝਟਕੇ ਵਿੱਚ ਪਿੱਛੇ ਛੱਡ ਦਿੱਤੇ ਹਨ। ਇਸ ਤੋਂ ਅੱਗੇ ਇਹ ਵੀ ਕਿ ‘ਡੀਪ ਸੀਕ’ ਓਪਨ ਸੋਰਸ ਏ.ਆਈ. ਹੈ ਅਤੇ ਇਸ ਦੀ ਤਕਨੀਕ ਵੀ ਜਨਤਕ ਕਰ ਦਿੱਤੀ ਗਈ ਹੈ। ਇਸ ਤੋਂ ਕੋਈ ਹੋਰ ਦੇਸ਼ ਵੀ ਆਪਣਾ ਏ.ਆਈ. ਵਿਕਸਤ ਕਰਨ ਦਾ ਯਤਨ ਕਰ ਸਕਦਾ ਹੈ। ਚੀਨ ਨੂੰ ਆਮ ਤੌਰ ‘ਤੇ ਪੱਛਮੀ ਤਕਨੀਕ ਦੀ ਤੇਜ਼ੀ ਨਾਲ ਨਕਲ ਮਾਰਨ (ਰਿਵਰਸ ਇੰਜੀਨੀਅਰਿੰਗ) ਵਿੱਚ ਮਾਹਿਰ ਸਮਝਿਆ ਜਾਂਦਾ ਰਿਹਾ ਹੈ; ਪਰ ਡੀਪ ਸੀਕ ਦੇ ਮਾਮਲੇ ਵਿੱਚ ਉਸ ਦਾ ਤਕਨੀਕੀ ਉਦਮ ਸਿਰਜਣਾਤਮਕ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਆਰਟੀਫੀਸ਼ੀਲ ਇੰਟੈਲੀਜੈਂਸ ਦੇ ਵਿਕਾਸ ਵਿੱਚ ਭਾਈਵਾਲੀ ਵਾਲੀ ਪਹੁੰਚ’ ਸੰਬੰਧੀ ਪੈਰਿਸ ਵਿੱਚ ਹੋਈ ਕਾਨਫਰੰਸ ਦੀ ਫਰਾਂਸ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਰੂਪ ਵਿੱਚ ਪ੍ਰਧਾਨਗੀ ਕਰਕੇ ਆਏ ਹਨ। ਇਸ ਮੀਟਿੰਗ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਨਾਂਸ ਅਤੇ ਚੀਨ ਦੇ ਉਪ ਪ੍ਰਧਾਨ ਮੰਤਰੀ ਝਾਂਗ ਗੋਕਿੰਗ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਉਸ ਮੀਟਿੰਗ ਵਿੱਚ ਗੂਗਲ ਵੱਲੋਂ ਸੁੰਦਰ ਪਿਚਾਈ ਅਤੇ ਚੈਟ ਜੀ.ਪੀ. ਦੇ ਮਾਲਕ ਸੈਮ ਆਲਟਮੈਨ ਵੀ ਸ਼ਾਮਲ ਸਨ। ਇਸ ਮੀਟਿੰਗ ਦਾ ਮੁੱਖ ਮੁੱਦਾ ਦੁਨੀਆਂ ਦੀ ਭਾਈਵਾਲੀ ਵਾਲਾ, ਸੁਰੱਖਿਅਤ ਅਤੇ ਨੈਤਿਕ ਕਦਰਾਂ ਕੀਮਤਾਂ ‘ਤੇ ਆਧਾਰਤ ਏ.ਆਈ. ਵਿਕਸਤ ਕਰਨ ਵੱਲ ਵਧਣ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ। ਇਸ ਕਿਸਮ ਦੀਆਂ ਦੋ ਕਾਨਫਰੰਸਾਂ ਇਸ ਤੋਂ ਪਹਿਲਾਂ ਜਪਾਨ ਅਤੇ ਦੱਖਣੀ ਕੋਰੀਆ ਵਿੱਚ ਹੋ ਚੁੱਕੀਆਂ ਹਨ।
ਇਸ ਕਾਨਫਰੰਸ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਏਮੇਨੂਅਲ ਮੈਕਰੋਨ ਅਤੇ ਭਾਰਤੀ ਪ੍ਰਧਾਨ ਮੰਤਰੀ ਵਿਚਾਲੇ ਦਵੱਲੀ ਗੱਲਬਾਤ ਵੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਫਰਾਂਸ ਦੇ ਇਤਿਹਾਸਕ ਸ਼ਹਿਰ ਮਾਰਸਲੇ ਵਿੱਚ ਇੱਕ ਭਾਰਤੀ ਕੌਂਸਲੇਟ ਦਾ ਵੀ ਉਦਘਾਟਨ ਕੀਤਾ। ਉਹ ਇੰਟਰਨੈਸ਼ਨਲ ਥਰਮੋਨਿਊਕਲੀਅਰ ਰੀਐਕਟਰ ਪ੍ਰੋਜੈਕਟ ਵੇਖਣ ਵੀ ਗਏ, ਜਿਸ ਵਿੱਚ ਭਾਰਤ ਇੱਕ ਭਾਈਵਾਲ ਹੈ। ਇੱਥੇ ਪ੍ਰਧਾਨ ਮੰਤਰੀ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ‘ਪੈਰਿਸ ਕਾਨਫਰੰਸ’ ਤੋਂ ਇਲਾਵਾ ਪ੍ਰਧਾਨ ਮੰਤਰੀ ਦਾ ਫਰਾਂਸ ਦੌਰੇ ਦਾ ਮਕਸਦ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਵੈਲਪਮੈਂਟ ਵਿੱਚ ਦੋ-ਪੱਖੀ ਸਹਿਯੋਗ ਵਧਾਉਣ ਅਤੇ ਛੋਟੇ ਨਿਊਕਲੀਅਰ ਰਿਐਕਟਰ ਵਿਕਸਤ ਕਰਨ ਸੰਬੰਧੀ ਗੱਲਬਾਤ ਕਰਨਾ ਵੀ ਸੀ।