ਤਰਲੋਚਨ ਸਿੰਘ ਭੱਟੀ
ਸਾਬਕਾ ਪੀ.ਸੀ.ਐਸ. ਅਧਿਕਾਰੀ
ਫੋਨ: 91-9876502607
ਪੰਜਾਬ ਅਤੇ ਪੰਜਾਬੀਅਤ ਦਾ ਵਰਤਾਰਾ ਧਾਰਮਿਕ ਅਤੇ ਸਮਾਜਿਕ ਪਰੰਪਰਾਵਾਂ ਤੇ ਸੰਪਰਦਾਵਾਂ ਉਤੇ ਆਧਾਰਿਤ ਹੈ। ਇਸ ਵਰਤਾਰੇ ਵਿੱਚ ਡੇਰਿਆਂ ਦਾ ਬੜਾ ਮਹੱਤਵ ਹੈ। ਇੱਕ ਸੰਸਥਾ ਵਜੋਂ ਡੇਰਾ, ਮੱਠ, ਨਿਵਾਸ ਦਾ ਵਰਤਾਰਾ ਸਿੱਖ ਧਰਮ ਅਤੇ ਪੰਥ ਨਾਲੋਂ ਬਹੁਤ ਪੁਰਾਣਾ ਹੈ, ਜੋ ਪੰਜਾਬ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨ (ਗੁਰਦੁਆਰਿਆਂ) ਦੇ ਪ੍ਰਚਲਨ ਤੋਂ ਪਹਿਲਾਂ ਸੂਫੀ ਪੀਰਾਂ, ਨਾਥ ਜੋਗੀਆਂ ਅਤੇ ਭਗਤੀ ਲਹਿਰ ਦੇ ਸੰਤਾਂ ਨਾਲ ਜੁੜਦਾ ਹੈ। ਸੂਫੀ ਸੰਤਾਂ, ਪੀਰਾਂ ਦੇ ਸਥਾਪਨਾ ਦੀ ਪ੍ਰਸਿੱਧੀ ਹਿੰਦੂ, ਸਿੱਖ, ਮੁਸਲਮਾਨ ਭਾਈਚਾਰਿਆਂ ਵਿੱਚ ਡੇਰਿਆਂ ਦਾ ਪ੍ਰਚਲਨ ਵੇਖਿਆ ਜਾ ਸਕਦਾ ਹੈ, ਜਿੱਥੇ ਭਾਈਚਾਰਿਆਂ ਵਿਸ਼ੇਸ਼ ਤੌਰ `ਤੇ ਸਾਧਾਰਨ ਤੇ ਗਰੀਬ ਤਬਕੇ ਨੂੰ ਰਾਹਤ ਦਿੱਤੀ ਜਾਂਦੀ ਹੈ।
ਮਾਮੂਲੀ ਆਓ-ਭਗਤ ਅਤੇ ਉਦਾਰਤ ਵਿਹਾਰ ਤੋਂ ਇਲਾਵਾ ਅਧਿਆਤਮ ਮਾਰਗਦਰਸ਼ਨ, ਮਨੋਵਿਗਿਆਨ ਅਤੇ ਸਿਹਤ ਸਹੂਲਤਾਂ ਤੇ ਸਲਾਹ ਮੁਫ਼ਤ ਦਿੱਤੀ ਜਾਂਦੀ ਸੀ। ਸਖ਼ੀ ਸਰਵਰ ਸੁਲਤਾਨ ਸ਼ੇਖ ਫਰੀਦ, ਬੁੱਲੇ ਸ਼ਾਹ, ਸ਼ੇਖ ਫੱਤਾ, ਖਵਾਜਾ ਖਿਜਰ ਅਤੇ ਪੰਜ ਪੀਰਾਂ ਦੇ ਸੂਫ਼ੀ ਅਸਥਾਨ ਪੰਜਾਬੀਆਂ ਦੀ ਸਾਂਝੀ ਵਾਰਤਾ ਦਾ ਪ੍ਰਗਟਾਵਾ ਬਣ ਗਏ।
ਸਿੱਖ ਗੁਰੂਆਂ ਦੇ ਜੀਵਨ ਕਾਲ ਦੌਰਾਨ ਕਈ ਡੇਰਿਆ ਦੀ ਸਥਾਪਨਾ ਹੋਈ, ਜਿਨ੍ਹਾਂ ਵਿੱਚ ਉਦਾਸੀਆਂ, ਮੀਆਂ ਮੀਰ ਅਲੀ, ਰਾਮਰਾਇ, ਹੰਡਾਲੀਆਂ ਅਤੇ ਮਸੰਦੀਆਂ ਦੇ ਡੇਰੇ ਸ਼ਾਮਲ ਹਨ, ਜੋ ਗੁਰੂ ਪਰੰਪਰਾਵਾਂ ਦੇ ਵਿਰੋਧੀ ਸਨ। ਕਈ ਹੋਰ ਡੇਰੇ (ਬੰਦਈ ਖਾਲਸਾ/ਬੰਦਪੰਥੀ) ਨਾਨਕ ਪੋਥੀ ਸੇਵਾ ਪੰਥੀ, ਭਗਤ ਪੰਥੀ, ਸੁਤਰਾਧਾਰੀ, ਗੁਲਾਬਾਂ ਦਾਸੀ, ਨਿਰਮਲੇ ਅਤੇ ਨਿਹੰਗਾਂ ਦੇ ਡੇਰੇ ਸ਼ਾਮਲ ਸਨ। 19ਵੀਂ ਸਦੀ ਤੋਂ ਬਾਅਦ ਕਈ ਹੋਰ ਡੇਰੇ ਵੀ ਹੋਂਦ ਵਿੱਚ ਆਏ। ਨਵੇਂ ਡੇਰਿਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਦਲਿਤ ਭਾਈਚਾਰੇ ਨੂੰ ਲਾਮਬੰਦ ਕਰਨ ਦੇ ਕੇਂਦਰ ਬਣ ਗਏ, ਜਿੱਥੇ ਹਿੰਦੂਜਾਤੀ ਤੋਂ ਅਲ਼ੱਗ ਹੋ ਕੇ ਸਿੱਖ ਧਰਮ ਨੂੰ ਅਪਨਾਉਣ ਲੱਗੇ। ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ, ਜੋ ਸਿੱਖ ਧਰਮ ਅਤੇ ਇਸ ਨਾਲ ਸਬੰਧਤ ਗੁਰਦੁਆਰਿਆਂ ਤੇ ਹੋਰ ਸੰਸਥਾਵਾਂ ਨੂੰ ਕੰਟਰੋਲ ਕਰਦੀਆਂ ਸਨ, ਜੱਟ ਸਿੱਖਾਂ ਦੇ ਵਧ ਰਹੇ ਦਬਦਬੇ ਕਾਰਨ ਲੋਕ ਗੈਰ-ਸਿੱਖ ਡੇਰਿਆਂ ਵੱਲ ਖਿੱਚੇ ਗਏ। ਅਮੀਰ ਦਲਿਤਾਂ ਨੇ ਵੀ ਡੇਰਿਆਂ ਵਿੱਚ ਵਾਧਾ ਕੀਤਾ। 2006-07 ਦੇ ਇੱਕ ਅਧਿਐਨ ਅਨੁਸਾਰ ਪੰਜਾਬ ਦੇ ਪੇਂਡੂ ਖੇਤਰ ਵਿੱਚ 9000 ਤੋਂ ਵੱਧ ਸਿੱਖ ਅਤੇ ਗੈਰ-ਸਿੱਖ ਡੇਰੇ ਸਨ। ਗਵਾਂਢੀ ਰਾਜ ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਵਿੱਚ ਵੀ ਬਹੁਤ ਸਾਰੇ ਡੇਰੇ ਸਥਾਪਤ ਹੋਏ।
ਸਿੱਖ ਡੇਰਿਆਂ ਵਿੱਚ ਰਹਿਤ ਮਰਿਆਦਾ ਦਾ ਸਖਤੀ ਨਾਲ ਪ੍ਰਚਲਨ ਹੁੰਦਾ ਰਿਹਾ ਹੈ, ਐਸੇ ਡੇਰਿਆਂ ਦੇ ਮੁਖੀਆਂ ਵਿੱਚ ਬਹੁਗਿਣਤੀ ਜੱਟ ਜਾਂ ਸਵਰਨ ਜਾਤਾਂ ਦੇ ਹਨ। ਬਹੁਤ ਸਾਰੇ ਡੇਰੇ ਐਸੇ ਹਨ, ਜਿੱਥੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਹੀ ਹੁੰਦੀ, ਗੁਰਬਾਣੀ ਦੇ ਨਾਲ ਨਾਲ ਗੈਰ-ਸਿੱਖ ਗ੍ਰੰਥਾਂ ਦਾ ਪਾਠ ਵੀ ਹੁੰਦਾ ਹੈ, ਮੂਰਤੀ ਪੂਜਾ ਵੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜੀਵਤ ਸੰਤ ਨੂੰ ਗੁਰੂ ਮੰਨਿਆ ਜਾਂਦਾ ਹੈ ਅਤੇ ਇੱਕ ਸਮਕਾਲੀ ਮਨੁੱਖੀ ਗੁਰੂ ਪ੍ਰਤੀ ਸ਼ਰਧਾ ਦਾ ਅਹਿਸਾਸ ਕਰਦੇ ਹਨ। ਮਸ਼ਹੂਰ ਡੇਰਿਆਂ ਵਿੱਚ ਰਾਧਾ ਸੁਆਮੀ, ਸਤਿਸੰਗ ਬਿਆਸ, ਡੇਰਾ ਸੱਚਾ ਸੌਦਾ, ਰਵੀਦਾਸ ਡੇਰਾ (ਸੱਚਖੰਡ ਬੱਲਾਂ) ਨਾਮਧਾਰੀ, ਸੰਤ ਨਿਰੰਕਾਰੀ, ਦਿਵਿਆ ਜੋਤੀ ਜਾਗਰਿਤੀ ਸੰਗਠਨ, ਭਨਿਆਰਾ ਵਾਲੇ, ਡੇਰਾ ਬਾਬਾ ਭੁੱਮਣ ਸ਼ਾਹ ਆਦਿ। ਇਨ੍ਹਾਂ ਡੇਰਿਆਂ ਦੇ ਪੈਰੋਕਾਰਾਂ ਦੀ ਬਹੁਤੀ ਗਿਣਤੀ ਦਲਿਤ, ਪੱਛੜੀਆਂ ਜਾਤੀਆਂ ਅਤੇ ਗਰੀਬ ਜੱਟਾਂ ਦੀ ਹੈ। ਇਨ੍ਹਾਂ ਡੇਰਿਆਂ ਦੀ ਅਗਵਾਹੀ ਉੱਚ ਜਾਤੀ ਦੇ ਲੋਕ ਹੀ ਕਰਦੇ ਹਨ। ਦਲਿਤ ਪ੍ਰਧਾਨ ਡੇਰੇ ਵਿਰੋਧੀ ਸੱਭਿਅਤਾ ਦੇ ਪ੍ਰਮੁੱਖ ਕੇਂਦਰਾਂ ਵਜੋਂ ਉਭਰੇ ਹਨ। ਡੇਰਿਆਂ ਨੂੰ ਸਿੱਖ ਧਰਮ ਲਈ ਇੱਕ ਚੁਣੌਤੀ ਵਜੋਂ ਵੇਖਿਆ ਜਾ ਸਕਦਾ ਹੈ।
ਸਿਆਸੀ ਪਾਰਟੀਆਂ ਨੇ ਦਲਿਤ ਵੋਟ ਬੈਂਕ ਦੇ ਨਜ਼ਰੀਏ ਤੋਂ ਇਨ੍ਹਾਂ ਡੇਰਿਆਂ ਦੀ ਸਰਪ੍ਰਸਤੀ ਕੀਤੀ ਹੈ। ਚੋਣਾਂ ਵਿੱਚ ਡੇਰਿਆਂ ਦਾ ਯੋਗਦਾਨ ਪਹਿਲੀ ਵਾਰ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਦੇਖਿਆ ਗਿਆ। ਆਸ਼ੂਤੋਸ਼ ਕੁਮਾਰ, ਰੌਣਕੀ ਰਾਮ, ਸੁਰਿੰਦਰ ਸਿੰਘ, ਜਸਬੀਰ ਸਿੰਘ ਆਦਿ ਖੋਜਕਾਰਾਂ ਨੇ ਪੰਜਾਬ ਵਿੱਚ ਚੱਲ ਰਹੇ ਡੇਰਿਆਂ ਅਤੇ ਇਨ੍ਹਾਂ ਦੀ ਭੂਮਿਕਾ ਬਾਰੇ ਅਧਿਐਨ ਕੀਤੇ ਹਨ।
ਪਬਲਿਕ ਡੋਮੈਨ ਵਿੱਚ ਉਪਲਬੱਧ ਅਧਿਐਨਾਂ ਅਤੇ ਅੰਕੜਿਆਂ ਅਨੁਸਾਰ ਪੰਜਾਬ ਦੀ ਅੰਦਾਜਨ ਅਬਾਦੀ 3.81 ਕਰੋੜ ਹੈ, ਜਿਸ ਵਿੱਚੋਂ 62.52% ਪੇਂਡੂ ਖੇਤਰ ਨਾਲ ਸਬੰਧਤ ਹੈ। ਪੰਜਾਬ ਦੀ ਸਾਖਰਤਾ ਦਰ 75.8 % ਹੈ, ਜਦਕਿ ਭਾਰਤ ਦੀ ਸਾਖਰਤਾ ਦਰ 73% ਹੈ। 50,365 ਵਰਗ ਕਿਲੋਮੀਟਰ ਵਿੱਚ ਵੱਸੇ ਪੰਜਾਬ ਵਿੱਚ 29 ਯੂਨੀਵਰਸਿਟੀਆਂ ਹਨ, ਜਿਸ ਵਿੱਚੋਂ 16 ਪ੍ਰਾਈਵੇਟ ਖੇਤਰ ਵਿੱਚ ਹਨ, 31 ਵਿਦਿਅਕ ਸੰਸਥਾਵਾਂ ਯੂਨੀਵਰਸਿਟੀ ਦੇ ਬਰਾਬਰ ਦੀਆਂ ਮੰਨੀਆਂ ਜਾਂਦੀਆਂ ਹਨ। ਪੰਜਾਬ ਵਿੱਚ 276 ਡਿਗਰੀ ਕਾਲਜ, 9559 ਹਾਈ/ਹਾਇਰ ਸੈਕੰਡਰੀ ਸਕੂਲ, 5097 ਮਿਡਲ ਸਕੂਲ ਅਤੇ 13801 ਪ੍ਰਾਇਮਰੀ ਸਕੂਲ ਹਨ। ਸਿੱਖਿਆ ਪੱਖੋਂ ਪੰਜਾਬ ਪੱਛੜਿਆ ਹੋਇਆ ਨਹੀਂ ਹੈ। ਪੰਜਾਬ ਵਿੱਚ 58.09% ਸਿੱਖ, 38.49% ਹਿੰਦੂ, 1.93% ਮੁਸਲਮ ਅਤੇ 1.25% ਇਸਾਈ ਹਨ। ਜੇਕਰ ਪੰਜਾਬ ਦੇ ਡੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਵਰਗਾਂ ਦੇ 12000 ਤੋਂ ਵੱਧ ਡੇਰੇ ਹਨ, ਜਿਨ੍ਹਾਂ ਵਿਚੋਂ 9000 ਸਿੱਖ ਧਰਮ ਨਾਲ ਸਬੰਧਤ ਹਨ, ਜਿਸ ਵਿੱਚੋਂ 300 ਕਾਰਜਸ਼ੀਲ ਹਨ; 12 ਐਸੇ ਡੇਰੇ ਹਨ, ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਪ੍ਰਤੀ ਡੇਰਾ ਇੱਕ ਲੱਖ ਤੋਂ ਵਧੇਰੇ ਹੈ। ਡੇਰਿਆਂ ਦੀਆਂ ਸ਼ਾਖਾ ਪੰਜਾਬ ਦੇ ਸਾਰੇ 12581 ਪਿੰਡਾਂ ਵਿੱਚ ਹਨ। ਜੇਕਰ ਗੁਰਦੁਆਰਿਆਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ 30000 ਗੁਰਦੁਆਰੇ ਹਨ, ਹਰੇਕ ਪਿੰਡ ਵਿੱਚ ਇੱਕ ਤੋਂ ਲੈ ਕੇ 6 ਤੱਕ ਅਤੇ ਇਸੇ ਤਰ੍ਹਾਂ ਹਰੇਕ ਪਿੰਡ ਤੇ ਕਸਬੇ ਵਿੱਚ ਡੇਰੇ ਵੀ ਮੌਜੂਦ ਹਨ, ਜਿਨ੍ਹਾਂ ਦੇ ਮੁਖੀ ਡੇਰਿਆਂ ਨੂੰ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਰਤਦੇ ਹਨ।
ਭਾਈ ਕਾਹਨ ਸਿੰਘ ਨਾਭਾ ਵੱਲੋਂ ਆਪਣੇ ਮਹਾਨ ਕੋਸ਼ ਵਿੱਚ ਗੁਦੁਆਰਿਆਂ ਦੀ ਪਰਿਭਾਸ਼ਾ ਦਿੱਤੀ ਗਈ ਹੈ, ਜਿਸ ਅਨੁਸਾਰ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਆਤਮ ਕਲਿਆਣ ਲਈ ਉਪਦੇਸ਼ਨ ਆਚਰਨ, ਰੋਗੀਆਂ ਲਈ ਸਫਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ। ਇਸ ਪਰਿਭਾਸ਼ਾ ਦੇ ਸਬੰਧ ਵਿੱਚ ਵੇਖਣਾ ਹੋਵੇਗਾ ਕਿ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਕਿੰਨੇ ਕੁ ਗੁਰਦੁਆਰੇ, ਡੇਰੇ ਅਤੇ ਹੋਰ ਧਾਰਮਿਕ ਸਥਾਨ ਇਸ ਪਰਿਭਾਸ਼ਾ ਉਤੇ ਪੂਰੇ ਉਤਰਦੇ ਹਨ!