ਖਿਡਾਰੀ ਪੰਜ-ਆਬ ਦੇ (36)
ਪਾਕਿਸਤਾਨ ਕ੍ਰਿਕਟ ਦਾ ਮਸੀਹਾ ਇਮਰਾਨ ਖਾਨ
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਆਪਣੀ ਕਪਤਾਨੀ ਹੇਠ ਇਕਲੌਤਾ ਤੇ ਪਲੇਠਾ ਵਿਸ਼ਵ ਕੱਪ ਜਿਤਾਉਣ ਵਾਲੇ ਕ੍ਰਿਕਟਰ ਇਮਰਾਨ ਖਾਨ ਦਾ ਵੇਰਵਾ ਪੇਸ਼ ਹੈ। ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਇਮਰਾਨ ਨੇ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਵਿਸ਼ਵ ਕੱਪ ਦਾ ਫ਼ਾਈਨਲ ਉਸ ਦਾ ਆਖਰੀ ਕੌਮਾਂਤਰੀ ਮੈਚ ਸੀ, ਜਿਸ ਦੀ ਆਖਰੀ ਗੇਂਦ ਉਪਰ ਉਸ ਨੇ ਵਿਕਟ ਵੀ ਲਈ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਅਰਧ ਸੈਂਕੜਾ ਵੀ ਲਗਾਇਆ। ਉਸ ਦਾ ਨਾਮ ਇੱਕ ਭਾਰਤੀ ਹੀਰੋਇਨ ਤੋਂ ਇਲਾਵਾ ਅਮਰੀਕਾ ਤੇ ਇੰਗਲੈਂਡ ਦੀਆਂ ਮਾਡਲਾਂ/ਅਭਿਨੇਤਰੀਆਂ ਨਾਲ ਵੀ ਜੁੜਦਾ ਰਿਹਾ। ਕ੍ਰਿਕਟ ਛੱਡਣ ਤੋਂ ਬਾਅਦ ਉਸ ਨੇ ਸਿਆਸਤ ਵਿੱਚ ਐਂਟਰੀ ਮਾਰੀ, ਜਿੱਥੇ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਪ੍ਰਧਾਨ ਮੰਤਰੀ ਤੱਕ ਪੁੱਜਾ। ਉਹ ਇਸ ਵੇਲੇ ਗ੍ਰਿਫਤਾਰ ਹੈ ਤੇ ਉਸ ਉਪਰ ਕਈ ਮਾਮਲੇ ਚੱਲ ਰਹੇ ਹਨ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਇਮਰਾਨ ਖਾਨ ਪਾਕਿਸਤਾਨ ਕ੍ਰਿਕਟ ਦਾ ਮਸੀਹਾ ਹੈ। ਉਹ ਪਾਕਿਸਤਾਨ ਨੂੰ ਆਪਣੀ ਕਪਤਾਨੀ ਹੇਠ ਇਕਲੌਤਾ ਤੇ ਪਲੇਠਾ ਵਿਸ਼ਵ ਕੱਪ ਜਿਤਾਉਣ ਵਾਲਾ ਕ੍ਰਿਕਟਰ ਹੈ। ਸਹੀ ਮਾਅਨਿਆਂ ਵਿੱਚ ਇਮਰਾਨ ਨਾ ਸਿਰਫ ਪਾਕਿਸਤਾਨ ਬਲਕਿ ਏਸ਼ੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਆਖਿਆ ਜਾਂਦਾ ਹੈ। ਉਹ ਵਿਸ਼ਵ ਕ੍ਰਿਕਟ ਦੇ ਆਲ ਰਾਊਂਡਰਾਂ ਵਿੱਚੋਂ ਸਿਖਰਲੇ ਨੰਬਰ ਉਪਰ ਹੈ, ਜੋ ਸਿਰਫ ਆਪਣੀ ਬੱਲੇਬਾਜ਼ੀ ਅਤੇ ਸਿਰਫ ਗੇਂਦਬਾਜ਼ੀ ਵਿੱਚੋਂ ਕਿਸੇ ਵੀ ਇੱਕ ਚੀਜ਼ ਦੇ ਦਮ ਉਤੇ ਟੀਮ ਦਾ ਅਹਿਮ ਖਿਡਾਰੀ ਰਿਹਾ ਹੈ। ਕਈ ਮੈਚਾਂ ਵਿੱਚ ਉਸ ਨੇ ਸਿਰਫ ਬੱਲੇਬਾਜ਼ੀ ਕੀਤੀ ਅਤੇ ਕਈ ਮੈਚ ਉਸ ਨੇ ਬਤੌਰ ਗੇਂਦਬਾਜ਼ ਹੀ ਖੇਡੇ। ਇਮਰਾਨ ਨੇ ਇੱਕ ਦਹਾਕਾ ਟੀਮ ਦੀ ਕਪਤਾਨੀ ਕਰਦਿਆਂ ਪਾਕਿਸਤਾਨ ਦੇ ਨੌਜਵਾਨਾਂ ਕ੍ਰਿਕਟਰਾਂ ਨੂੰ ਖੋਜ ਕੇ ਅਜਿਹਾ ਤਰਾਸ਼ਿਆ ਕਿ ਉਹ ਵਿਸ਼ਵ ਕ੍ਰਿਕਟ ਦੇ ਵੱਡੇ ਖਿਡਾਰੀ ਬਣ ਕੇ ਉਭਰੇ। ਇਨ੍ਹਾਂ ਵਿੱਚ ਵਸੀਮ ਅਕਰਮ, ਵੱਕਾਰ ਯੂਨਿਸ, ਇੰਜ਼ਮਾਮ ਉਲ ਹੱਕ ਜਿਹੇ ਖਿਡਾਰੀ ਸ਼ਾਮਲ ਹਨ। ਇਮਰਾਨ ਨੂੰ ਰਿਵਰਸ ਸਵਿੰਗ ਦਾ ਮਾਹਿਰ ਮੰਨਿਆ ਜਾਂਦਾ ਸੀ, ਜਿਸ ਨੇ ਅਗਾਂਹ ਇਸ ਦਾ ਗੁਰ ਵਸੀਮ ਤੇ ਵੱਕਾਰ ਨੂੰ ਵੀ ਸਿਖਾਇਆ। ਇਮਰਾਨ ਖਾਨ ਨੇ ਕ੍ਰਿਕਟ ਛੱਡਣ ਤੋਂ ਬਾਅਦ ਸਿਆਸਤ ਵਿੱਚ ਐਂਟਰੀ ਮਾਰੀ, ਜਿੱਥੇ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਪ੍ਰਧਾਨ ਮੰਤਰੀ ਤੱਕ ਪੁੱਜਾ। ਇਮਰਾਨ ਖਾਨ ਦੀ ਪਛਾਣ ਹੋਰ ਵੀ ਬਣੀ, ਜਦੋਂ ਆਪਣੇ ਕਾਰਜਕਾਲ ਵਿੱਚ ਇਤਿਹਾਸਕ ਕਰਤਾਰਪੁਰ ਲਾਂਘਾ ਖੁਲ੍ਹਵਾਇਆ। ਸਿੱਖ ਸੰਗਤ ਦਹਾਕਿਆਂ ਤੋਂ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਅਰਦਾਸ ਕਰਦੀ ਸੀ ਅਤੇ ਇਸ ਲਾਂਘੇ ਦੇ ਖੁੱਲ੍ਹਣ ਨਾਲ ਭਾਰਤ ਰਹਿੰਦੀ ਸੰਗਤ ਹੁਣ ਨਿੱਤ ਦਿਨ ਡੇਰਾ ਬਾਬਾ ਨਾਨਕ ਕੋਲ ਰਾਵੀ ਪਾਰ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੀ ਹੈ।
ਇਮਰਾਨ ਖਾਨ ਦਾ ਜਨਮ 5 ਅਕਤੂਬਰ 1952 ਨੂੰ ਲਾਹੌਰ ਵਿਖੇ ਹੋਇਆ। ਉਸ ਦੇ ਪਿਤਾ ਇਕਚਮਾਉਲਾ ਖਾਨ ਨਿਆਜ਼ੀ ਸਿਵਲ ਇੰਜੀਨੀਅਰ ਸਨ। ਮਾਤਾ ਸ਼ੌਕਤ ਖਾਨਮ ਦੀ ਕੁੱਖੋਂ ਜਨਮੇ ਇਮਰਾਨ ਦੀਆਂ ਚਾਰ ਭੈਣਾਂ ਸਨ। ਇਮਰਾਨ ਦਾ ਬਚਪਨ ਲਹਿੰਦੇ ਪੰਜਾਬ ਦੇ ਉਤਰ ਪੱਛਮ ਵਿੱਚ ਸਥਿਤ ਮੀਆਂਵਾਲੀ ਵਿੱਚ ਬੀਤਿਆ। ਦਾਦਕਾ ਪਰਿਵਾਰ ਪਸ਼ਤੂਨ ਨਿਆਜ਼ੀ ਕਬੀਲੇ ਨਾਲ ਸਬੰਧਤ ਹੈ, ਜਿਨ੍ਹਾਂ ਦਾ ਸਬੰਧ ਪਠਾਨ ਬਾਦਸ਼ਾਹ ਸ਼ੇਰਸ਼ਾਹ ਸੂਰੀ ਦੇ ਪਰਿਵਾਰ ਨਾਲ ਹੈ। ਇਮਰਾਨ ਦੇ ਨਾਨਕਿਆਂ ਦਾ ਪਿਛੋਕੜ ਜਲੰਧਰ ਸ਼ਹਿਰ ਵਿੱਚ ਸਥਿਤ ਬਸਤੀ ਦਾਨਿਸ਼ਮੰਦਾਂ ਹੈ, ਜਿੱਥੋਂ ਉਸ ਦਾ ਨਾਨਕਾ ਪਰਿਵਾਰ ਛੇ ਸੌ ਸਾਲ ਪਹਿਲਾਂ ਜਲੰਧਰੋਂ ਸ਼ਿਫਟ ਹੋ ਕੇ ਚਲਾ ਗਿਆ ਸੀ, ਜੋ ਕਿ ਬਰਕੀ ਪਸ਼ਤੂਨ ਕਬੀਲੇ ਨਾਲ ਸਬੰਧਤ ਸਨ। ਨਾਨਕਾ ਪਰਿਵਾਰ ਵਿੱਚ ਕ੍ਰਾਂਤੀਕਾਰੀ ਸੂਫ਼ੀ ਕਵੀ ਪੀਰ-ਏ-ਰੌਸ਼ਨ ਉਸ ਦੇ ਵੱਡੇ ਵਡੇਰੇ ਸਨ। ਇਮਰਾਨ ਦੇ ਪਰਿਵਾਰ ਵਿੱਚ ਜਾਵੇਦ ਬਰਕੀ ਤੇ ਮਾਜਿਦ ਖਾਨ ਪਾਕਿਸਤਾਨ ਟੀਮ ਦੇ ਕ੍ਰਿਕਟਰ ਰਹੇ ਹਨ।
ਇਮਰਾਨ ਨੇ ਸਕੂਲੀ ਪੜ੍ਹਾਈ ਇੰਗਲੈਂਡ ਦੇ ਸ਼ਹਿਰ ਵਾਰਸੈਸਟਰ ਸਥਿਤ ਰੌਇਲ ਗਰਾਮਰ ਵਿੱਚੋਂ ਹਾਸਲ ਕੀਤੀ, ਜਿੱਥੋਂ ਉਸ ਨੂੰ ਕ੍ਰਿਕਟ ਖੇਡਣ ਦੀ ਜਾਗ ਲੱਗੀ। ਛੋਟੇ ਹੁੰਦਿਆਂ ਇੱਕ ਵਾਰ ਉਹ ਦਰੱਖਤ ਤੋਂ ਡਿੱਗ ਗਿਆ ਸੀ, ਜਿਸ ਕਾਰਨ ਖੱਬੀ ਬਾਂਹ ਟੁੱਟ ਗਈ ਸੀ। ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਨ ਵਾਲੇ ਇਮਰਾਨ ਦੀ ਸੱਜੀ ਬਾਂਹ ਬਚ ਗਈ ਸੀ, ਨਹੀਂ ਤਾਂ ਉਸ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਣਾ ਸੀ। 16 ਵਰਿ੍ਹਆਂ ਦੀ ਉਮਰੇ ਉਹ ਫਸਟ ਕਲਾਸ ਮੈਚ ਖੇਡਿਆ। ਲਾਹੌਰ ਦੇ ਐਥੀਸਨ ਕਾਲਜ ਵਿੱਚ ਪੜ੍ਹਦਿਆਂ ਉਹ ਹਾਕੀ ਵੀ ਖੇਡਦਾ ਹੁੰਦਾ ਸੀ। ਆਕਸਫੋਰਡ ਸਥਿਤ ਕੈਬਲੇ ਕਾਲਜ ਤੋਂ ਗਰੈਜੂਏਸ਼ਨ ਕਰਦਿਆਂ ਉਹ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ। 3 ਜੂਨ 1971 ਨੂੰ 19 ਵਰਿ੍ਹਆਂ ਦੇ ਇਮਰਾਨ ਐਡਿਬੈਸਟਨ ਵਿਖੇ ਇੰਗਲੈਂਡ ਖਿਲਾਫ ਆਪਣਾ ਪਹਿਲਾ ਟੈਸਟ ਮੈਚ ਖੇਡਿਆ। ਉਸ ਮੈਚ ਵਿੱਚ ਉਹ ਖਾਸ ਖੇਡ ਨਹੀਂ ਦਿਖਾ ਸਕਿਆ, ਜਿਸ ਕਾਰਨ ਅਗਲਾ ਮੈਚ ਖੇਡਣ ਲਈ ਉਸ ਨੂੰ ਤਿੰਨ ਸਾਲ ਉਡੀਕ ਕਰਨੀ ਪਈ। 1974 ਵਿੱਚ ਉਹ ਪਾਕਿਸਤਾਨ ਕ੍ਰਿਕਟ ਟੀਮ ਦਾ ਪੱਕਾ ਖਿਡਾਰੀ ਬਣ ਗਿਆ ਅਤੇ ਟ੍ਰੈਟ ਬ੍ਰਿਜ ਵਿਖੇ ਇੰਗਲੈਂਡ ਖਿਲਾਫ ਹੀ ਆਪਣਾ ਪਹਿਲਾ ਇੱਕ ਰੋਜ਼ਾ ਮੈਚ ਖੇਡਿਆ, ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਨੂੰ ਸਹੀ ਮਾਅਨਿਆਂ ਵਿੱਚ ਪਾਕਿਸਤਾਨ ਤੇ ਏਸ਼ੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਆਖਿਆ ਜਾਂਦਾ ਸੀ। 1975 ਵਿੱਚ ਖੇਡੇ ਗਏ ਪਹਿਲੇ ਵਿਸ਼ਵ ਕੱਪ ਵਿੱਚ ਇਮਰਾਨ ਨੇ ਆਸਟਰੇਲੀਆ ਖਿਲਾਫ ਦੋ ਅਤੇ ਸ੍ਰੀਲੰਕਾ ਖਿਲਾਫ ਤਿੰਨ ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ੀ ਨਾਲ ਸ਼ੁਰੂਆਤ ਕਰਨ ਵਾਲਾ ਇਮਰਾਨ ਬੱਲੇਬਾਜ਼ੀ ਵਿੱਚ ਮੱਧਕ੍ਰਮ ਵਿੱਚ ਖੇਡਦਾ ਸੀ, ਜੋ ਕਿ ਲੋੜ ਪੈਣ ਉਤੇ ਟੀਮ ਨੂੰ ਸੰਭਾਲਦਾ ਸੀ। ਇਮਰਾਨ ਖਾਨ ਸ਼ੁਰੂਆਤੀ ਸਮੇਂ ਚੈਸਟ ਆਨ ਐਕਸ਼ਨ ਨਾਲ ਗੇਂਦ ਸੁੱਟਦਾ ਸੀ, ਜਿਸ ਨਾਲ ਗੇਂਦ ਤੇਜ਼ ਨਹੀਂ ਸੁੱਟੀ ਜਾਂਦੀ ਸੀ। ਤੇਜ਼ ਗੇਂਦ ਸੁੱਟਣ ਲਈ ਉਸ ਨੇ ਆਪਣਾ ਐਕਸ਼ਨ ਬਦਲਿਆ, ਜਿਸ ਉਪਰ ਬਹੁਤ ਮਿਹਨਤ ਕੀਤੀ। ਉਸ ਦੀ ਮਿਹਨਤ ਦਾ ਮੁੱਲ ਪਿਆ ਅਤੇ ਉਹ ਤੇਜ਼ ਗੇਂਦ ਸੁੱਟਣ ਲੱਗਿਆ।
1978 ਵਿੱਚ ਪਰਥ ਵਿਖੇ ਆਸਟਰੇਲੀਆ ਖਿਲਾਫ ਖੇਡਦਿਆਂ ਉਸ ਨੇ 139.7 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਸੁੱਟੀ। ਉਹ ਉਸ ਵੇਲੇ ਜੈਫ ਥੌਮਸਨ ਤੇ ਮਾਈਕਲ ਹੋਲਡਿੰਗ ਤੋਂ ਬਾਅਦ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਤੇਜ਼ ਗੇਂਦਬਾਜ਼ ਸੁੱਟਣ ਵਾਲਾ ਗੇਂਦਬਾਜ਼ ਬਣਿਆ। 1979 ਵਿੱਚ ਖੇਡੇ ਦੂਜੇ ਵਿਸ਼ਵ ਕੱਪ ਵਿੱਚ ਇਮਰਾਨ ਖਾਨ ਨੇ ਕੁੱਲ ਪੰਜ ਵਿਕਟਾਂ ਲਈਆਂ ਅਤੇ ਇਸ ਵਿਸ਼ਵ ਕੱਪ ਵਿੱਚ ਪਾਕਿਸਤਾਨ ਟੀਮ ਸੈਮੀ ਫ਼ਾਈਨਲ ਖੇਡੀ। 1981-82 ਦੇ ਸੀਜ਼ਨ ਵਿੱਚ ਇਮਰਾਨ ਖਾਨ ਨੇ 139 ਵਿਕਟਾਂ ਨਾਲ ਪਾਕਿਸਤਾਨ ਲਈ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਫਜ਼ਲ ਮਹਿਮੂਦ ਦਾ ਰਿਕਾਰਡ ਤੋੜਿਆ। 1982 ਵਿੱਚ ਇਮਰਾਨ ਖਾਨ ਨੂੰ ਜਾਵੇਦ ਮਿਆਂਦਾਦ ਤੋਂ ਬਾਅਦ ਪਾਕਿਸਤਾਨ ਟੀਮ ਦੀ ਕਪਤਾਨੀ ਮਿਲੀ। ਆਪਣੀ ਕਪਤਾਨੀ ਵਿੱਚ ਇਮਰਾਨ ਦੀ ਖੇਡ ਵਿੱਚ ਹੋਰ ਨਿਖਾਰ ਆ ਗਿਆ। ਇੰਗਲੈਂਡ ਦੇ ਟੂਰ ਉਤੇ ਉਸ ਨੇ 21 ਵਿਕਟਾਂ ਲਈਆਂ ਅਤੇ 56 ਦੀ ਔਸਤ ਨਾਲ ਦੌੜਾਂ ਬਣਾਈਆਂ। ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਪੱਖਾਂ ਵਿੱਚ ਉਸ ਦਾ ਪ੍ਰਦਰਸ਼ਨ ਸਰਵੋਤਮ ਰਿਹਾ। ਭਾਰਤ ਖਿਲਾਫ 6 ਮੈਚਾਂ ਵਿੱਚ 40 ਵਿਕਟਾਂ ਲਈਆਂ। 1982-83 ਦੇ ਇੱਕ ਸੀਜ਼ਨ ਵਿੱਚ ਉਸ ਨੇ 13 ਮੈਚਾਂ ਵਿੱਚ 88 ਵਿਕਟਾਂ ਲਈਆਂ।
1983 ਵਿੱਚ ਖੇਡੇ ਗਏ ਤੀਜੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਇਮਰਾਨ ਖਾਨ ਦੀ ਕਪਤਾਨੀ ਵਿੱਚ ਹਿੱਸਾ ਲਿਆ। ਇਸ ਵਿਸ਼ਵ ਕੱਪ ਵਿੱਚ ਇਮਰਾਨ ਖਾਨ ਨੇ ਗੇਂਦਬਾਜ਼ੀ ਦੀ ਬਜਾਏ ਬੱਲੇਬਾਜ਼ ਵਜੋਂ ਛਾਪ ਛੱਡੀ। ਸ੍ਰੀਲੰਕਾ ਖਿਲਾਫ ਖੇਡੇ ਦੋ ਮੈਚਾਂ ਵਿੱਚ ਸ਼ਾਨਦਾਰ ਪਾਰੀਆਂ ਖੇਡੀਆਂ। ਨਾਬਾਦ 102 ਦੀ ਪਾਰੀ ਨਾਲ ਆਪਣੇ ਇੱਕ ਰੋਜ਼ਾ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਦੂਜੇ ਮੈਚ ਵਿੱਚ 33 ਗੇਂਦਾਂ ਵਿੱਚ ਨਾਬਾਦ 56 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਖਿਲਾਫ 74 ਗੇਂਦਾਂ ਉਤੇ ਨਾਬਾਦ 79 ਦੌੜਾਂ ਦੀ ਪਾਰੀ ਖੇਡੀ। ਇਸੇ ਸਾਲ ਉਸ ਦੇ ਸੱਟ ਲੱਗ ਗਈ, ਜਿਸ ਕਾਰਨ ਇੱਕ ਸੀਜ਼ਨ ਉਹ ਖੇਡ ਤੋਂ ਬਾਹਰ ਰਿਹਾ ਅਤੇ 1984-85 ਸੀਜ਼ਨ ਵਿੱਚ ਵਾਪਸੀ ਕੀਤੀ। ਇਮਰਾਨ ਖਾਨ ਦੀ ਕਪਤਾਨੀ ਹੇਠ ਪਾਕਿਸਤਾਨ ਟੀਮ 1985 ਵਿੱਚ ਵਿਸ਼ਵ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਦੂਜੇ ਸਥਾਨ ਉਤੇ ਰਹੀ ਅਤੇ 1986 ਵਿੱਚ ਏਸ਼ੀਆ ਕੱਪ ਵਿੱਚ ਉਪ ਜੇਤੂ ਰਹੀ। ਸ਼ਾਰਜਾਹ ਵਿਖੇ 1986 ਤੇ 1990 ਵਿੱਚ ਖੇਡੇ ਗਏ ਦੋ ਆਸਟਰੇਲੀਆ ਏਸ਼ੀਆ ਕੱਪਾਂ ਵਿੱਚ ਪਾਕਿਸਤਾਨ ਨੇ ਜਿੱਤ ਹਾਸਲ ਕੀਤੀ। 1987 ਵਿੱਚ ਪਾਕਿਸਤਾਨ ਨੂੰ ਇਮਰਾਨ ਦੀ ਕਪਤਾਨੀ ਹੇਠ ਭਾਰਤ ਤੇ ਇੰਗਲੈਂਡ ਖਿਲਾਫ ਪਹਿਲੀ ਲੜੀ ਦੀ ਜਿੱਤ ਮਿਲੀ। ਵਿਸ਼ਵ ਕ੍ਰਿਕਟ ਦੀ ਤਾਕਤਵਾਰ ਟੀਮ ਵੈਸਟ ਇੰਡੀਜ਼ ਨਾਲ ਤਿੰਨ ਡਰਾਅ ਮੈਚ ਖੇਡੇ। ਵੈਸਟ ਇੰਡੀਜ਼ ਖਿਲਾਫ ਲੜੀ ਦੀ ਜਿੱਤ ਵਿੱਚ 3 ਮੈਚਾਂ ਵਿੱਚ 23 ਵਿਕਟਾਂ ਨਾਲ ਮੈਨ ਆਫ਼ ਦੀ ਸੀਰੀਜ਼ ਬਣਿਆ। 1980 ਤੋਂ 1988 ਦੇ ਵਿਚਕਾਰ ਉਹ ਆਪਣੇ ਖੇਡ ਜੀਵਨ ਦੀ ਸਿਖਰ ਉਤੇ ਸੀ, ਜਦੋਂ ਉਸ ਨੇ 236 ਵਿਕਟਾਂ ਹਾਸਲ ਕੀਤੀਆਂ। 18 ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਅਤੇ 5 ਵਾਰ ਇੱਕ ਮੈਚ ਵਿੱਚ 10 ਵਿਕਟਾਂ ਹਾਸਲ ਕੀਤੀਆਂ। 1983 ਵਿੱਚ ਉਸ ਦੀ ਵਿਸ਼ਵ ਰੇਟਿੰਗ ਵਿੱਚ 922 ਅੰਕ ਸਨ, ਜਦੋਂ ਕਿ ਉਸ ਵੇਲੇ ਮੌਜੂਦਾ ਸਮੇਂ ਵਾਂਗ ਆਈ.ਸੀ.ਸੀ. ਦਰਜਾਬੰਦੀ ਅੰਕ ਨਹੀਂ ਹੁੰਦੇ ਸਨ।
1987 ਵਿੱਚ ਭਾਰਤ ਤੇ ਪਾਕਿਸਤਾਨ ਦੀ ਸਹਿ ਮੇਜ਼ਬਾਨੀ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਆਪਣੀ ਟੀਮ ਤੋਂ ਵੱਡੀਆਂ ਉਮੀਦਾਂ ਸਨ। ਇਮਰਾਨ ਖਾਨ ਨੇ ਕਪਤਾਨਾਂ ਵਾਲੀ ਖੇਡ ਦਿਖਾਈ। ਪੂਰੇ ਵਿਸ਼ਵ ਕੱਪ ਵਿੱਚ 17 ਵਿਕਟਾਂ ਲਈਆਂ। ਆਸਟਰੇਲੀਆ ਖਿਲਾਫ ਸੈਮੀ ਫ਼ਾਈਨਲ ਵਿੱਚ ਪਹਿਲਾਂ ਗੇਂਦਬਾਜ਼ੀ ਕਰਦਿਆਂ ਉਸ ਨੇ 10 ਓਵਰਾਂ ਵਿੱਚ 36 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਵਿਰੋਧੀ ਟੀਮ ਨੇ 267 ਦਾ ਸਕੋਰ ਬਣਾਇਆ। 268 ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਟੀਮ 249 ਦੌੜਾਂ ਹੀ ਬਣਾ ਸਕੀ ਅਤੇ ਪਾਕਿਸਤਾਨ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ। ਇਮਰਾਨ ਨੇ ਸੈਮੀ ਫ਼ਾਈਨਲ ਵਿੱਚ ਚੰਗੀ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਵੀ 58 ਦੌੜਾਂ ਬਣਾ ਕੇ ਆਲਰਾਊਂਡ ਪ੍ਰਦਰਸ਼ਨ ਕੀਤਾ। ਵਿਸ਼ਵ ਕੱਪ ਦੀ ਹਾਰ ਤੋਂ ਬਾਅਦ ਇਮਰਾਨ ਖਾਨ ਨੇ ਇਕੇਰਾਂ ਸੰਨਿਆਸ ਲੈ ਲਿਆ। ਇਮਰਾਨ ਦੀ ਉਮਰ ਉਸ ਵੇਲੇ 35 ਸਾਲ ਸੀ, ਪਰ ਪਾਕਿਸਤਾਨ ਕ੍ਰਿਕਟ ਨੂੰ ਹਾਲੇ ਵੀ ਉਸ ਦੀ ਲੋੜ ਸੀ, ਖਾਸ ਕਰਕੇ ਇਮਰਾਨ ਖਾਨ ਵਰਗੇ ਤਜ਼ਰਬੇਕਾਰ ਕਪਤਾਨ ਦੀ। ਇਮਰਾਨ ਦੀ ਵਡੇਰੀ ਉਮਰ ਦੇ ਬਾਵਜੂਦ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜ਼ਿਆ ਉਲ ਹੱਕ ਨੇ ਉਸ ਨੂੰ ਸੰਨਿਆਸ ਵਾਪਸ ਲੈਣ ਲਈ ਆਖਿਆ। ਇਮਰਾਨ ਨੇ 1988 ਵਿੱਚ ਕ੍ਰਿਕਟ ਵਿੱਚ ਫੇਰ ਵਾਪਸੀ ਕਰ ਲਈ।
ਆਸਟਰੇਲੀਆ ਵਿਖੇ 1992 ਦੇ ਵਿਸ਼ਵ ਕੱਪ ਵਿੱਚ ਇਮਰਾਨ ਖਾਨ ਜ਼ਖ਼ਮੀ ਸ਼ੇਰ ਵਾਂਗ ਆਪਣੀ ਟੀਮ ਲੈ ਕੇ ਪੁੱਜਾ। ਟੀਮ ਵਿੱਚ ਨਵੀਂ ਉਮਰ ਦੇ ਕਈ ਖਿਡਾਰੀ ਸਨ, ਜਿਹੜੇ ਇਮਰਾਨ ਖਾਨ ਨੇ ਉਚੇਚੇ ਤੌਰ ਉਤੇ ਵਿਸ਼ਵ ਕੱਪ ਲਈ ਟੀਮ ਵਿੱਚ ਚੁਣੇ ਸਨ। ਗੇਂਦਬਾਜ਼ੀ ਵਿੱਚ ਵਸੀਮ ਅਕਰਮ ਤੇ ਬੱਲੇਬਾਜ਼ੀ ਵਿੱਚ ਇੰਜ਼ਮਾਮ ਉਲ ਹੱਕ ਵਿਸ਼ਵ ਕ੍ਰਿਕਟ ਵਿੱਚ ਨਵੇਂ ਖਿਡਾਰੀ ਵਜੋਂ ਉਤਰੇ। ਸ਼ੁਰੂਆਤੀ ਮੈਚਾਂ ਵਿੱਚ ਪਾਕਿਸਤਾਨ ਟੀਮ ਥੋੜ੍ਹਾ ਲੜਖੜਾਈ ਅਤੇ ਅੰਤ ਆਖਰੀ ਲੀਗ ਮੈਚਾਂ ਵਿੱਚ ਸੰਭਲਦੀ ਹੋਈ ਨਿਊਜ਼ੀਲੈਂਡ ਖਿਲਾਫ ਆਖਰੀ ਲੀਗ ਮੈਚ ਦੀ ਜਿੱਤ ਨਾਲ ਸੈਮੀ ਫ਼ਾਈਨਲ ਵਿੱਚ ਪੁੱਜ ਗਈ। ਪਾਕਿਸਤਾਨ ਦੀ ਬੱਲੇਬਾਜ਼ੀ ਕਮਜ਼ੋਰ ਹੋਣ ਕਰਕੇ ਇਮਰਾਨ ਖਾਨ ਨੇ ਜਾਵੇਦ ਮਿਆਂਦਾਦ ਨਾਲ ਮਿਲ ਕੇ ਉਪਰ ਖੇਡਣਾ ਸ਼ੁਰੂ ਕੀਤਾ। ਲੀਗ ਦੌਰ ਵਿੱਚ ਇਮਰਾਨ ਨੇ ਦੱਖਣੀ ਅਫਰੀਕਾ ਖਿਲਾਫ 34 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਕਰਦਿਆਂ ਦੋ ਵਿਕਟਾਂ ਲਈਆਂ। ਸ੍ਰੀਲੰਕਾ ਖਿਲਾਫ ਇੱਕ ਵਿਕਟ ਹਾਸਲ ਕੀਤੀ ਅਤੇ ਘੱਟ ਸਕੋਰ ਵਾਲੇ ਮੈਚ ਵਿੱਚ 22 ਦੌੜਾਂ ਦੀ ਅਹਿਮ ਪਾਰੀ ਖੇਡੀ। ਆਸਟਰੇਲੀਆ ਖਿਲਾਫ ਦੋ ਅਤੇ ਨਿਊਜ਼ੀਲੈਂਡ ਖਿਲਾਫ ਇੱਕ ਵਿਕਟ ਹਾਸਲ ਕੀਤੀ। ਸੈਮੀ ਫ਼ਾਈਨਲ ਤੋਂ ਪਹਿਲਾਂ ਟੀਮ ਦਾ ਨਵਾਂ ਨਕੋਰ ਬੱਲੇਬਾਜ਼ ਇੰਜ਼ਮਾਮ ਉਲ ਹੱਕ ਫਿੱਟ ਨਹੀਂ ਸੀ, ਪਰ ਇਮਰਾਨ ਨੇ ਉਸ ਨੂੰ ਫੇਰ ਵੀ ਖੇਡਣ ਲਈ ਆਖਿਆ। ਇਮਰਾਨ ਖੁਦ ਪਹਿਲੀ ਵਾਰ ਤੀਜੇ ਨੰਬਰ ਉਤੇ ਖੇਡਣ ਆਇਆ ਅਤੇ 44 ਦੌੜਾਂ ਦੀ ਅਹਿਮ ਪਾਰੀ ਖੇਡੀ। ਇੰਜ਼ਮਾਮ ਨੇ 60 ਦੌੜਾਂ ਦੀ ਪਾਰੀ ਖੇਡੀ ਅਤੇ ਪਾਕਿਸਤਾਨ ਨੇ ਚਾਰ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇੰਗਲੈਂਡ ਖਿਲਾਫ ਫ਼ਾਈਨਲ ਮੈਚ ਵਿੱਚ ਪਾਕਿਸਤਾਨ ਨੇ 249 ਦਾ ਸਕੋਰ ਬਣਾਇਆ, ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਇਮਰਾਨ ਖਾਨ ਨੇ 72 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਪਾਇਆ। ਛੋਟੇ ਸਕੋਰ ਦਾ ਪਿੱਛਾ ਕਰ ਰਹੀ ਇੰਗਲੈਂਡ ਨੂੰ ਪਾਕਿਸਤਾਨੀ ਗੇਂਦਬਾਜ਼ਾਂ ਨੇ 227 ਦੇ ਸਕੋਰ ਉਤੇ ਰੋਕ ਕੇ 22 ਦੌੜਾਂ ਦੀ ਜਿੱਤ ਨਾਲ ਪਾਕਿਸਤਾਨ ਨੂੰ ਪਲੇਠਾ ਵਿਸ਼ਵ ਕੱਪ ਜਿਤਾਇਆ। ਇੰਗਲੈਂਡ ਦੇ ਆਖਰੀ ਬੱਲੇਬਾਜ਼ ਰਿਚਰਡ ਇਲਿੰਗਵਰਥ ਨੂੰ ਇਮਰਾਨ ਖਾਨ ਦੀ ਗੇਂਦ ਉਪਰ ਰਮੀਜ਼ ਰਾਜਾ ਨੇ ਕੈਚ ਆਊਟ ਕੀਤਾ। ਇਮਰਾਨ ਖਾਨ ਨੇ ਜੇਤੂ ਵਿਕਟ ਲਈ।
ਵਿਸ਼ਵ ਕੱਪ ਦੀ ਜਿੱਤ ਤੋਂ ਬਾਅਦ ਇਮਰਾਨ ਖਾਨ ਨੇ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਵਿਸ਼ਵ ਕੱਪ ਦਾ ਫ਼ਾਈਨਲ ਇਮਰਾਨ ਖਾਨ ਦਾ ਆਖਰੀ ਕੌਮਾਂਤਰੀ ਮੈਚ ਸੀ, ਜਿਸ ਦੀ ਆਖਰੀ ਗੇਂਦ ਉਪਰ ਉਸ ਨੇ ਵਿਕਟ ਵੀ ਲਈ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਅਰਧ ਸੈਂਕੜਾ ਵੀ ਲਗਾਇਆ। ਕਿਸੇ ਖਿਡਾਰੀ ਦੀ ਇਸ ਤੋਂ ਸੁਨਹਿਰੀ ਵਿਦਾਇਗੀ ਨਹੀਂ ਹੋ ਸਕਦੀ। ਇਮਰਾਨ ਖਾਨ ਦੀ ਉਮਰ ਉਦੋਂ 39 ਸਾਲ ਸੀ ਅਤੇ ਉਹ ਪੂਰੀ ਤਰ੍ਹਾਂ ਫਿੱਟ ਸੀ। ਇਮਰਾਨ ਖਾਨ ਦਾ ਖੇਡਿਆ ਹਰ ਪੱਤਾ ਪਾਕਿਸਤਾਨ ਲਈ ਕਾਰਗਾਰ ਸਿੱਧ ਹੋਇਆ। ਵਸੀਮ ਅਕਰਮ ਫ਼ਾਈਨਲ ਅਤੇ ਇੰਜ਼ਮਾਮ ਉਲ ਹੱਕ ਸੈਮੀ ਫ਼ਾਈਨਲ ਵਿੱਚ ਮੈਨ ਆਫ਼ ਦਾ ਮੈਚ ਬਣਿਆ। ਵਸੀਮ ਨੇ ਸੈਮੀ ਫ਼ਾਈਨਲ ਵਿੱਚ ਦੋ ਅਤੇ ਫ਼ਾਈਨਲ ਵਿੱਚ ਤਿੰਨ ਵਿਕਟਾਂ ਲਈਆਂ। ਇਮਰਾਨ ਖਾਨ ਦੀ ਕਪਤਾਨੀ ਵਿੱਚ ਪਾਕਿਸਤਾਨ ਵੱਲੋਂ ਜਿੱਤਿਆ ਇਹ ਪਹਿਲਾ ਤੇ ਹੁਣ ਤੱਕ ਦਾ ਇਕਲੌਤਾ ਵਿਸ਼ਵ ਕੱਪ ਹੈ। ਇਸ ਤੋਂ ਬਾਅਦ ਪਾਕਿਸਤਾਨ ਟੀਮ ਨੇ ਦੁਬਾਰਾ ਇੱਕ ਰੋਜ਼ਾ ਵਿਸ਼ਵ ਕੱਪ ਨਹੀਂ ਜਿੱਤਿਆ। ਇਮਰਾਨ ਨੇ ਜਨਵਰੀ 1992 ਵਿੱਚ ਹੀ ਫੈਸਲਾਬਾਦ ਵਿਖੇ ਸ੍ਰੀਲੰਕਾ ਖਿਲਾਫ ਆਪਣਾ ਆਖਰੀ ਟੈਸਟ ਖੇਡਿਆ ਸੀ।
ਇਮਰਾਨ ਖਾਨ ਨੇ ਆਪਣੇ ਖੇਡ ਜੀਵਨ ਵਿੱਚ 88 ਟੈਸਟ ਖੇਡੇ ਹਨ। ਬੱਲੇਬਾਜ਼ ਵਜੋਂ ਉਸ ਨੇ 37.69 ਦੀ ਔਸਤ ਨਾਲ ਕੁੱਲ 3807 ਦੌੜਾਂ ਬਣਾਈਆਂ ਹਨ, ਜਿਸ ਵਿੱਚ ਛੇ ਸੈਂਕੜੇ ਅਤੇ 18 ਅਰਧ ਸੈਂਕੜੇ ਸ਼ਾਮਲ ਹਨ। 136 ਸਰਵਉਚ ਸਕੋਰ ਹੈ। ਗੇਂਦਬਾਜ਼ ਵਜੋਂ ਉਸ ਨੇ 362 ਵਿਕਟਾਂ ਲਈਆਂ ਹਨ। 23 ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਅਤੇ ਛੇ ਵਾਰ ਇੱਕ ਮੈਚ ਵਿੱਚ 10 ਵਿਕਟਾਂ ਹਾਸਲ ਕੀਤੀਆਂ ਹਨ। 58 ਦੌੜਾਂ ਦੇ ਕੇ ਅੱਠ ਵਿਕਟਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਕਪਤਾਨ ਵਜੋਂ ਉਹ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਸਟਰਾਈਕ ਰੇਟ ਅਤੇ ਔਸਤ ਪੱਖੋਂ ਵੀ ਉਹ ਸਭ ਤੋਂ ਉਪਰ ਹੈ। 60 ਦੌੜਾਂ ਦੇ ਕੇ ਅੱਠ ਵਿਕਟਾਂ ਲੈ ਕੇ ਉਹ ਕਪਤਾਨ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਕ੍ਰਿਕਟਰ ਹੈ। ਬਤੌਰ ਕਪਤਾਨ ਗੇਂਦਬਾਜ਼ ਉਸ ਨੇ ਕਰੀਅਰ ਵਿੱਚ ਛੇ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ, ਜੋ ਕਿ ਇੱਕ ਕਪਤਾਨ ਵਜੋਂ ਵਿਸ਼ਵ ਰਿਕਾਰਡ ਹੈ। ਇਮਰਾਨ ਨੇ 75ਵੇਂ ਟੈਸਟ ਵਿੱਚ 3000 ਤੋਂ ਵੱਧ ਦੌੜਾਂ ਬਣਾਉਣ ਅਤੇ 300 ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਸੀ। ਉਸ ਤੋਂ ਉਪਰ ਸਿਰਫ ਇੰਗਲੈਂਡ ਦਾ ਇਆਨ ਬੌਥਮ ਸੀ, ਜਿਸ ਨੇ ਇਹ ਪ੍ਰਾਪਤੀ 72 ਮੈਚਾਂ ਵਿੱਚ ਹਾਸਲ ਕੀਤੀ ਸੀ। ਛੇਵੇਂ ਨੰਬਰ ਉਤੇ ਬੱਲੇਬਾਜ਼ੀ ਕਰਦਿਆਂ ਉਸ ਨੇ 61.86 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਜੋ ਕਿ ਔਸਤ ਪੱਖੋਂ ਵਿਸ਼ਵ ਵਿੱਚ ਦੂਜੇ ਨੰਬਰ ਉਤੇ ਹੈ। 362 ਵਿਕਟਾਂ ਹਾਸਲ ਕਰਨ ਵਾਲੇ ਉਹ ਉਸ ਵੇਲੇ ਪਾਕਿਸਤਾਨ ਦਾ ਸਭ ਤੋਂ ਵੱਧ ਅਤੇ ਵਿਸ਼ਵ ਵਿੱਚ ਚੌਥੇ ਨੰਬਰ ਉਤੇ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ ਸੀ। ਭਾਰਤੀ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਟੈਸਟ ਦੀ ਪਹਿਲੀ ਗੇਂਦ ਉਪਰ ਹੀ ਆਊਟ ਕਰਨ ਵਾਲੇ ਗੇਂਦਬਾਜ਼ਾਂ ਵਿੱਚ ਇਮਰਾਨ ਖਾਨ ਦਾ ਨਾਮ ਵੀ ਦਰਜ ਹੈ।
ਇੱਕ ਰੋਜ਼ਾ ਕ੍ਰਿਕਟ ਵਿੱਚ ਇਮਰਾਨ ਖਾਨ ਨੇ 175 ਮੈਚ ਖੇਡਦਿਆਂ 33.41 ਦੀ ਔਸਤ ਨਾਲ 3709 ਦੌੜਾਂ ਬਣਾਈਆਂ। ਇੱਕ ਸੈਂਕੜਾ ਤੇ 19 ਅਰਧ ਸੈਂਕੜੇ ਜੜੇ। ਇਕਲੌਤਾ ਸੈਂਕੜਾ 1983 ਵਿਸ਼ਵ ਕੱਪ ਵਿੱਚ ਸ੍ਰੀਲੰਕਾ ਖਿਲਾਫ ਲਗਾਇਆ ਸੀ, ਜੋ ਕਿ ਨਾਬਾਦ 102 ਉਸ ਦਾ ਸਰਵੋਤਮ ਸਕੋਰ ਹੈ। ਗੇਂਦਬਾਜ਼ ਵਜੋਂ ਉਸ ਨੇ 182 ਵਿਕਟਾਂ ਲਈਆਂ। ਇੱਕ ਵਾਰ ਹੀ ਇੱਕ ਮੈਚ ਵਿੱਚ ਪੰਜ ਤੋਂ ਵੱਧ ਵਿਕਟਾਂ ਲਈਆਂ, ਜੋ ਕਿ 14 ਦੌੜਾਂ ਦੇ ਕੇ ਛੇ ਵਿਕਟਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਫਸਟ ਕਲਾਸ ਕ੍ਰਿਕਟ ਵਿੱਚ ਇਮਰਾਨ ਨੇ 382 ਮੈਚ ਖੇਡ ਕੇ 17771 ਦੌੜਾਂ ਬਣਾਈਆਂ ਹਨ, ਜਿਸ ਵਿੱਚ 30 ਸੈਂਕੜੇ ਅਤੇ 93 ਅਰਧ ਸੈਂਕੜੇ ਸ਼ਾਮਲ ਹਨ ਅਤੇ ਗੇਂਦਬਾਜ਼ ਵਜੋਂ 1287 ਵਿਕਟਾਂ ਲਈਆਂ ਹਨ। ਲਿਸਟ-ਏ-ਕ੍ਰਿਕਟ ਵਿੱਚ 425 ਮੈਚ ਖੇਡਦਿਆਂ 5 ਸੈਂਕੜਿਆਂ ਤੇ 66 ਅਰਧ ਸੈਂਕੜਿਆਂ ਬਦੌਲਤ 10100 ਦੌੜਾਂ ਬਣਾਈਆਂ ਅਤੇ 507 ਵਿਕਟਾਂ ਲਈਆਂ।
ਇਮਰਾਨ ਖਾਨ ਨੇ ਲਾਹੌਰ ਵੱਲੋਂ ਘਰੇਲੂ ਕ੍ਰਿਕਟ ਖੇਡੀ ਹੈ। ਉਸ ਨੇ ਘਰੇਲੂ ਕ੍ਰਿਕਟ ਦੀ ਸ਼ੁਰੂਆਤ ਲਾਹੌਰ ‘ਏ’, ਲਾਹੌਰ ‘ਬੀ’ ਅਤੇ ਲਾਹੌਰ ਗਰੀਨ ਟੀਮ ਤੋਂ ਕੀਤੀ ਸੀ। ਉਸ ਨੇ ਦਾਊਦ ਇੰਡਸਟਰੀਜ਼ ਤੇ ਪਾਕਿਸਤਾਨ ਏਅਰ ਲਾਈਨਜ਼ ਦੀ ਪ੍ਰਤੀਨਿਧਤਾ ਵੀ ਕੀਤੀ ਹੈ। ਕਾਊਂਟੀ ਕ੍ਰਿਕਟ ਵਿੱਚ ਸੰਸੈਕਸ ਤੇ ਨਿਊ ਸਾਊਥ ਵੇਲਜ਼ ਵੱਲੋਂ ਵੀ ਕ੍ਰਿਕਟ ਖੇਡੀ ਹੈ। ਇਮਰਾਨ ਖਾਨ ਨੇ 1994 ਵਿੱਚ ਇੱਕ ਖੁਲਾਸਾ ਕੀਤਾ ਸੀ ਕਿ 1981 ਵਿੱਚ ਇੱਕ ਕਾਊਂਟੀ ਮੈਚ ਵਿੱਚ ਬਾਲ ਨਾਲ ਛੇੜਛਾੜ ਕੀਤੀ ਸੀ, ਜਿਸ ਕਾਰਨ ਉਸ ਦੀ ਕਾਫੀ ਆਲੋਚਨਾ ਹੋਈ ਸੀ।
ਇਮਰਾਨ ਖਾਨ ਸੰਗੀਤ ਦਾ ਬਹੁਤ ਸ਼ੌਕੀਨ ਹੈ ਅਤੇ ਮੁਹੰਮਦ ਰਫੀ ਤੇ ਨੁਸਰਤ ਫਤਿਹ ਆਲੀ ਖਾਨ ਉਸ ਦੇ ਪਸੰਦੀਦਾ ਗਾਇਕ ਸਨ। ਇਮਰਾਨ ਨੇ ਛੇ ਕਿਤਾਬਾਂ ਵੀ ਲਿਖੀਆਂ ਹਨ। ਇਮਰਾਨ ਨੇ ਜਿੱਥੇ ਤਿੰਨ ਵਿਆਹ ਕਰਵਾਏ, ਉਥੇ ਨਿੱਜੀ ਜ਼ਿੰਦਗੀ ਵਿੱਚ ਉਸ ਦੇ ਕਈ ਨਾਮੀ ਹਸਤੀਆਂ ਨਾਲ ਰਿਸ਼ਤੇ ਰਹੇ ਹੋਣ ਕਰਕੇ ਵੀ ਕਾਫੀ ਚਰਚਾ ਹੁੰਦੀ ਰਹੀ। ਉਸ ਦਾ ਨਾਮ ਇੱਕ ਭਾਰਤੀ ਹੀਰੋਇਨ ਤੋਂ ਇਲਾਵਾ ਅਮਰੀਕਾ ਤੇ ਇੰਗਲੈਂਡ ਦੀਆਂ ਮਾਡਲਾਂ/ਅਭਿਨੇਤਰੀਆਂ ਨਾਲ ਵੀ ਜੁੜਦਾ ਰਿਹਾ। ਇਮਰਾਨ ਦੀ ਪਹਿਲੀ ਪਤਨੀ ਜੈਮਿਮਾ ਤੋਂ ਉਸ ਦੇ ਦੋ ਬੇਟੇ ਹਨ। ਦੂਜੀ ਪਤਨੀ ਰੇਹਾਮ ਖਾਨ ਨੇ ਉਸ ਉਪਰ ਕਾਫੀ ਦੋਸ਼ ਲਗਾਏ ਸਨ। ਤੀਜੀ ਪਤਨੀ ਬੁਸ਼ਰਾ ਨਾਲ 2018 ਵਿੱਚ ਵਿਆਹ ਕਰਵਾਇਆ। ਇਸ ਤੋਂ ਇਲਾਵਾ ਉਸ ਦੇ ਇੱਕ ਬੇਟੀ ਇੱਕ ਬ੍ਰਿਟਿਸ਼ ਮਾਡਲ ਨਾਲ ਸਬੰਧਾਂ ਤੋਂ ਹੈ। ਇਮਰਾਨ ਨੇ ਆਪਣੀ ਮਾਤਾ ਸ਼ੌਕਤ ਖਾਨੁਮ, ਜਿਸ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਦੀ ਯਾਦ ਵਿੱਚ ਲਾਹੌਰ ਵਿਖੇ ਕੈਂਸਰ ਹਸਪਤਾਲ ਅਤੇ ਮੀਆਂਵਾਲੀ ਵਿਖੇ ਕਾਲਜ ਖੋਲਿ੍ਹਆ ਹੈ।
ਇਮਰਾਨ ਨੂੰ ਦੁਨੀਆਂ ਆਈ.ਕੇ., ਲਾਇਨ ਆਫ਼ ਲਾਹੌਰ ਅਤੇ ਕਿੰਗ ਆਫ਼ ਸਵਿੰਗ ਦੇ ਨਾਮ ਨਾਲ ਵੀ ਜਾਣਦੀ ਹੈ। ਇਮਰਾਨ ਨੂੰ 1983 ਵਿੱਚ ਵਿਜ਼ਡਨ ਕ੍ਰਿਕਟਰ ਚੁਣਿਆ ਗਿਆ। 1992 ਵਿੱਚ ਉਸ ਨੂੰ ਪਾਕਿਸਤਾਨ ਦਾ ਦੂਜਾ ਸਰਵਉਚ ਸਨਮਾਨ ਹਿਲਾਲ-ਏ-ਇਮਤਿਆਜ਼ ਨਾਲ ਸਨਮਾਨਿਆ ਗਿਆ। 1993 ਵਿੱਚ ਪਾਕਿਸਤਾਨ ਸਰਕਾਰ ਨੇ ਪ੍ਰਾਈਡ ਆਫ਼ ਪ੍ਰਫਾਰਮੈਂਸ ਨਾਲ ਸਨਮਾਨਤ ਕੀਤਾ। 2004 ਵਿੱਚ ਲੰਡਨ ਵਿਖੇ ਏਸ਼ੀਅਨ ਜਿਊਲ ਐਵਾਰਡ ਸਮਾਰੋਹ ਦੌਰਾਨ ਲਾਈਫ ਟਾਈਮ ਅਚੀਵਮੈਂਟ ਐਵਾਰਡ ਅਤੇ 2008 ਵਿੱਚ ਜਿਨਾਹ ਐਵਾਰਡ ਨਾਲ ਸਨਮਾਨਤ ਕੀਤਾ। 2012 ਵਿੱਚ 88 ਫੀਸਦੀ ਵੋਟ ਨਾਲ ਉਹ ਏਸ਼ੀਆ ਦਾ ‘ਪਰਸਨ ਆਫ਼ ਦਾ ਯੀਅਰ’ ਚੁਣਿਆ ਗਿਆ।
ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਮਰਾਨ ਖਾਨ ਨੇ ਰਾਜਨੀਤੀ ਵਿੱਚ ਦਾਖਲਾ ਪਾਇਆ। ਰਾਜਨੀਤੀ ਵਿੱਚ ਵੀ ਉਸ ਨੇ ਬਹੁਤ ਸੰਘਰਸ਼ ਕੀਤਾ। ਨਿਵਾਣ ਤੋਂ ਸਿਖਰਾਂ ਵੱਲ ਸਫਰ ਤੈਅ ਕੀਤਾ। ਬਹੁਤ ਉਤਰਾਅ-ਚੜ੍ਹਾਅ ਦੇਖੇ। ਉਸ ਉਪਰ ਕਾਤਲਾਨਾ ਹਮਲੇ ਵੀ ਹੋਏ ਅਤੇ ਉਹ ਇਸ ਵੇਲੇ ਗ੍ਰਿਫਤਾਰ ਹੈ ਤੇ ਉਸ ਉਪਰ ਕਈ ਮਾਮਲੇ ਚੱਲ ਰਹੇ ਹਨ। ਇਮਰਾਨ ਖਾਨ ਨੇ ਸਿਆਸੀ ਸਫਰ ਦੀ ਸ਼ੁਰੂਆਤ 1996 ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੀ ਸਥਾਪਨਾ ਕਰ ਕੇ ਕੀਤੀ ਸੀ। 1997 ਵਿੱਚ ਉਸ ਨੇ ਮੀਆਂਵਾਲੀ ਤੇ ਲਾਹੌਰ ਦੋ ਸੀਟਾਂ ਤੋਂ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਲੜੀਆਂ, ਪਰ ਦੋਵੇਂ ਸੀਟਾਂ ਤੋਂ ਹਾਰ ਗਿਆ। 2002 ਵਿੱਚ ਮੀਆਂਵਾਲੀ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣਿਆ। 2007 ਵਿੱਚ ਉਸ ਨੇ 85 ਹੋਰ ਸੰਸਦ ਮੈਂਬਰਾਂ ਦੇ ਨਾਲ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਅਸਤੀਫਾ ਦਿੱਤਾ। 2013 ਵਿੱਚ ਉਸ ਦੀ ਪਾਰਟੀ ਸੰਸਦ ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣੀ ਅਤੇ ਉਸ ਨੂੰ ਪੀ.ਪੀ.ਪੀ. ਤੋਂ ਸਾਂਝੀ ਸਰਕਾਰ ਬਣਾ ਕੇ ਪ੍ਰਧਾਨ ਮੰਤਰੀ ਬਣਨ ਦੀ ਪੇਸ਼ਕਸ਼ ਵੀ ਮਿਲੀ ਸੀ। ਇਮਰਾਨ ਖਾਨ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ 2018 ਵਿੱਚ ਮੀਆਂਵਾਲੀ ਤੇ ਇਸਲਾਮਾਬਾਦ- ਦੋਵੇਂ ਸੀਟਾਂ ਤੋਂ ਜਿੱਤ ਗਿਆ। 18 ਅਗਸਤ 2018 ਨੂੰ ਉਹ ਪਾਕਿਸਤਾਨ ਦਾ 22ਵਾਂ ਪ੍ਰਧਾਨ ਮੰਤਰੀ ਬਣਿਆ। ਆਪਣੇ ਕਾਰਜਕਾਲ ਦੌਰਾਨ ਉਸ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਇਤਿਹਾਸਕ ਫੈਸਲਾ ਕੀਤਾ। 2019 ਵਿੱਚ ਲਾਂਘਾ ਸ਼ੁਰੂ ਹੋ ਗਿਆ, ਜਿਸ ਨਾਲ ਹਰ ਰੋਜ਼ ਭਾਰਤੀ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੀ ਹੈ। ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ ਚਾਰ ਕਿਲੋਮੀਟਰ ਤੋਂ ਵੱਧ ਦੂਰੀ ਉਤੇ ਸਥਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਤੀਤ ਕਰਦਿਆਂ ਹੱਥੀਂ ਖੇਤੀ ਕਰਕੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ।
2022 ਵਿੱਚ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਹਾਰਨ ਤੋਂ ਬਾਅਦ ਇਮਰਾਨ ਖਾਨ ਨੂੰ ਅਸਤੀਫਾ ਦੇਣਾ ਪਿਆ। ਉਸ ਤੋਂ ਬਾਅਦ ਉਸ ਨੂੰ ਕਈ ਕੇਸਾਂ ਦਾ ਸਾਹਮਣਾ ਕਰਨਾ ਪਿਆ ਅਤੇ ਮੌਜੂਦਾ ਸਮੇਂ ਉਹ ਗ੍ਰਿਫਤਾਰ ਹੈ।