ਕਦੇ ਦੱਖਣੀ ਰੂਸ ਤੱਕ ਵਪਾਰ ਕਰਦੇ ਸਨ ਸਿੱਖ ਵਪਾਰੀ

ਗੂੰਜਦਾ ਮੈਦਾਨ

ਰੂਸ ਨਾਲ ਵੀ ਸਾਂਝ ਰੱਖਦੇ ਨੇ ਪੰਜਾਬੀ
ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਪੰਜਾਬੀ ਸਿੱਖਾਂ ਵੱਲੋਂ ਰੂਸੀ ਸ਼ਹਿਰ ਮਾਸਕੋ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਤੋਂ ਪਹਿਲਾਂ ਦੇ ਸਮੇਂ ਅੰਦਰ ਸਮੂਹ ਪੰਜਾਬੀ ਇੱਥੇ ਇੱਕ ਕੰਟੀਨ ਹਾਲ ਕਿਰਾਏ ’ਤੇ ਲੈ ਕੇ ਪਾਠ/ਕੀਰਤਨ ਆਦਿ ਧਾਰਮਿਕ ਗਤੀਵਿਧੀਆਂ ਕਰਿਆ ਕਰਦੇ ਸਨ। ਹੈਰਾਨੀਜਨਕ ਤੱਥ ਹੈ ਕਿ ਰੂਸ ਦੇ ਸੇਂਟ ਪੀਟਰਸਬਰਗ ਵਿਖੇ ਸਥਿਤ ਕੇਂਦਰੀ ਪੁਸਤਕਾਲੇ ਵਿੱਚ ਸਿੱਖਾਂ ਦੀਆਂ ਸਾਹਿਤਕ ਕ੍ਰਿਤਾਂ ਦਾ ਇੱਕ ਵਿਸ਼ਾਲ ਸੰਗ੍ਰਿਹ ਮੌਜੂਦ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੂੰ ਰੂਸ ਵਿੱਚ ‘ਨਾਨਕ ਕਦਮਦਾਰ’ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਕਦੇ ਦੱਖਣੀ ਸਿੱਖ ਵਪਾਰੀ ਰੂਸ ਤੱਕ ਵਪਾਰ ਕਰਿਆ ਕਰਦੇ ਸਨ। ਪੇਸ਼ ਹੈ, ਰੂਸ ਨਾਲ ਪੰਜਾਬੀਆਂ ਦੀ ਸਾਂਝ ਦਾ ਸੰਖੇਪ ਕਿੱਸਾ…

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008

ਕਿਸੇ ਵੇਲੇ ‘ਸੋਵੀਅਤ ਸੰਘ’ ਦੇ ਨਾਂ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਵਜੋਂ ਜਾਣਿਆ ਜਾਂਦਾ ਰੂਸ ਅੱਜ ਵੀ 1,70,98246 ਵਰਗ ਕਿਲੋਮੀਟਰ ਖੇਤਰਫ਼ਲ ਸਹਿਤ ਦੁਨੀਆਂ ਦੇ ਨਕਸ਼ੇ ਦਾ ਸਭ ਤੋਂ ਵੱਡਾ ਮੁਲਕ ਹੈ। ਇਹ ਪੂਰਬੀ ਯਰੂਪ ਤੋਂ ਲੈ ਕੇ ਉੱਤਰੀ ਏਸ਼ੀਆ ਤੱਕ ਪਸਰਿਆ ਹੋਇਆ ਇੱਕ ਅਜਿਹਾ ਮੁਲਕ ਹੈ, ਜਿਸਦੀ ਸਰਹੱਦ 14 ਦੇਸ਼ਾਂ ਨੂੰ ਛੂੰਹਦੀ ਹੈ। ਇਸਦੀ ਆਬਾਦੀ 15 ਕਰੋੜ ਦੇ ਕਰੀਬ ਹੈ ਅਤੇ ਜਨਸੰਖਿਆ ਘਣਤਾ 8.4 ਪ੍ਰਤੀ ਵਰਗ ਕਿਲੋਮੀਟਰ ਹੈ। ਆਬਾਦੀ ਪੱਖੋਂ ਇਹ ਦੁਨੀਆਂ ਦਾ ਨੌਵਾਂ ਮੁਲਕ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਾਸਕੋ ਹੈ, ਜਦੋਂ ਕਿ ਇਸਦੇ ਦੂਜੇ ਵੱਡੇ ਸ਼ਹਿਰ ਸੇਂਟ ਪੀਟਰਸਬਰਗ ਨੂੰ ਰੂਸ ਦੀ ‘ਸੱਭਿਆਚਾਰਕ ਰਾਜਧਾਨੀ’ ਵਜੋਂ ਜਾਣਿਆ ਜਾਂਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਸ਼ੁਮਾਰ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਵਿੱਚ ਕੀਤਾ ਜਾਂਦਾ ਹੈ, ਪਰ ਬੀਤੇ ਕੁਝ ਵਰਿ੍ਹਆਂ ਤੋਂ ਯੁਕਰੇਨ ਨੇ ਰੂਸ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ ਤੇ ਰੂਸ-ਯੁਕਰੇਨ ਯੁੱਧ ਨਿਰੰਤਰ ਜਾਰੀ ਹੈ।
ਭਾਰਤੀ ਦੂਤਾਵਾਸ ਦੁਆਰਾ ਸਾਂਝੀ ਕੀਤੀ ਗਈ ਇੱਕ ਜਾਣਕਾਰੀ ਅਨੁਸਾਰ ਰੂਸ ਵਿੱਚ 14 ਹਜ਼ਾਰ ਦੇ ਕਰੀਬ ਭਾਰਤੀ ਵੱਸਦੇ ਹਨ ਤੇ ਇਨ੍ਹਾਂ ਤੋਂ ਇਲਾਵਾ 1500 ਦੇ ਕਰੀਬ ਭਾਰਤੀ ਮੂਲ ਦੇ ਅਫ਼ਗ਼ਾਨੀ ਨਾਗਰਿਕਾਂ ਦਾ ਨਿਵਾਸ ਵੀ ਇੱਥੇ ਹੀ ਹੈ। ਨਾਮਵਰ ਰੂਸੀ ਯਾਤਰੀ ‘ਪਲਾਸ’ ਨੇ ਆਪਣੇ ਬਿਰਤਾਂਤ ਵਿੱਚ ਦੱਸਿਆ ਹੈ ਕਿ ਅਠਾਰ੍ਹਵੀਂ ਸਦੀ ਵਿੱਚ ਵੋਲਗਾ ਨਦੀ ਦੇ ਮੁਹਾਣੇ ’ਤੇ ਸਥਿਤ ਅਸਤਰਖ਼ਾਨ ਨਾਮਕ ਇਲਾਕੇ ਵਿੱਚ ਮੁਲਤਾਨੀ ਵੈਸ਼ਨਵ ਹਿੰਦੂ ਪਰਿਵਾਰ ਵੱਸਦੇ ਸਨ, ਜੋ ਤਿਜਾਰਤ ਭਾਵ ਵਪਾਰ ਕਰਦੇ ਸਨ। ਬਾਅਦ ਵਿੱਚ ਸੰਨ 1957 ਵਿੱਚ ਸਥਾਪਿਤ ਹੋਇਆ ‘ਹਿੰਦੁਸਤਾਨੀ ਸਮਾਜ’ ਨਾਮਕ ਸੰਗਠਨ ਇੱਥੇ ਸਥਿਤ ਸਭ ਤੋਂ ਪੁਰਾਣਾ ਭਾਰਤੀ ਸੰਗਠਨ ਹੈ। ਇੱਥੇ ਭਾਰਤੀ ਸੱਭਿਆਚਾਰ ਦੀ ਮਹਿਕ ਬਿਖੇਰਨ ਲਈ ਸੰਨ 1989 ਵਿੱਚ ‘ਜਵਾਹਰ ਲਾਲ ਨਹਿਰੂ ਕਲਚਰਲ ਸੈਂਟਰ’ ਦੀ ਸਥਾਪਨਾ ਕੀਤੀ ਗਈ ਸੀ। ਭਾਰਤ ਦੇ ਫ਼ਿਲਮ ਅਦਾਕਾਰ ਰਾਜ ਕਪੂਰ ਨੂੰ ਰੂਸ ਵਿੱਚ ਬੇਹੱਦ ਪਸੰਦ ਕੀਤਾ ਜਾਂਦਾ ਸੀ ਤੇ ਰਾਜ ਕਪੂਰ ਨੇ ਵੀ ਆਪਣੀ ਇੱਕ ਫ਼ਿਲਮ ਵਿੱਚ ‘ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਇੰਗਲਿਸ਼ਸਤਾਨੀ, ਸਰ ਪੇ ਲਾਲ ਟੋਪੀ ਰੂਸੀ, ਫਿਰ ਭੀ ਦਿਲ ਹੈ ਹਿੰਦੁਸਤਾਨੀ’ ਨਾਮੀਂ ਗੀਤ ਸ਼ਾਮਿਲ ਕੀਤਾ ਸੀ।
ਭਾਰਤ-ਰੂਸ ਦੀ ਦੋਸਤੀ ਦਾ ਆਲਮ ਇਹ ਹੈ ਕਿ ਸੰਨ 2022 ਵਿੱਚ ਰੂਸ-ਯੁਕਰੇਨ ਯੁੱਧ ਦੌਰਾਨ ਰੂਸੀ ਸੈਨਿਕਾਂ ਦੀ ਮਦਦ ਲਈ ‘ਦਿਸ਼ਾ: ਰੂਸੀ-ਭਾਰਤੀ ਮਿੱਤਰਤਾ ਸੁਸਾਇਟੀ’ ਨਾਮਕ ਸੰਗਠਨ ਵੱਲੋਂ ਦਵਾਈਆਂ ਦੀਆਂ ਦੋ ਵੱਡੀਆਂ ਖੇਪਾਂ ਭੇਜੀਆਂ ਗਈਆਂ ਸਨ। ਇਸ ਸੰਗਠਨ ਦੀ ਸਥਾਪਨਾ ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਪੱਤਰਕਾਰ ਅਤੇ ਉੱਘੇ ਵਪਾਰੀ ਰਾਮੇਸ਼ਵਰ ਸਿੰਘ ਵੱਲੋਂ ਕੀਤੀ ਗਈ ਸੀ। ਇੱਥੇ ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ਅੰਦਰ ਵੀ ਜਾਰੀ ਰੂਸ-ਯੁਕਰੇਨ ਯੁੱਧ ਵਿੱਚ ਭਾਗ ਲੈਣ ਲਈ ਸੈਂਕੜੇ ਭਾਰਤੀਆਂ ਨੂੰ ਜਨਵਰੀ 2024 ਵਿੱਚ ਧੋਖੇ ਨਾਲ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਸੀ ਤੇ ਉਕਤ ਯੁੱਧ ਵਿੱਚ ਜ਼ਬਰਦਸਤੀ ਭੇਜ ਦਿੱਤਾ ਗਿਆ ਸੀ, ਜਿੱਥੇ ਸਤੰਬਰ 2024 ਵਿੱਚ ਨੌਂ ਭਾਰਤੀ ਨੌਜਵਾਨ ਸ਼ਹੀਦੀ ਪਾ ਗਏ ਸਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਸਦਕਾ 45 ਭਾਰਤੀ ਨੌਜਵਾਨਾਂ ਨੂੰ ਰੂਸ ਦੀ ਫ਼ੌਜ ਵੱਲੋਂ ਸੇਵਾਮੁਕਤ ਕਰਕੇ ਆਜ਼ਾਦ ਕਰ ਦਿੱਤਾ ਗਿਆ ਸੀ।
ਰੂਸ ਵਿੱਚ ਮਸ਼ਹੂਰ ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ ਵਿੱਚ ਅਨੰਤ ਮਹਿੰਦਰੂ, ਸਵਾਤੀ ਰੈੱਡੀ ਅਤੇ ਅਲੀਸ਼ਾ ਰਾਓਤ ਨਾਮੀਂ ਫ਼ਿਲਮ ਅਤੇ ਟੀ.ਵੀ. ਅਦਾਕਾਰਾਵਾਂ ਤੋਂ ਇਲਾਵਾ ਅਬਾਨੀ ਮੁਖਰਜੀ ਦਾ ਨਾਂ ਲਿਆ ਜਾ ਸਕਦਾ ਹੈ, ਜਿਨ੍ਹਾ ਨੂੰ ‘ਕਮਿਊਨਿਸਟ ਪਾਰਟੀ ਆੱਫ਼ ਇੰਡੀਆ’ ਦੀ ਸਹਿ-ਸੰਸਥਾਪਕ ਹੋਣ ਦਾ ਸ਼ਰਫ਼ ਹਾਸਿਲ ਹੈ।
ਰੂਸ ਵਿਖੇ ਵੱਸਣ ਵਾਲੇ ਪੰਜਾਬੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਇੱਥੇ ਪੰਜਾਬੀ ਬਹੁਤ ਹੀ ਘੱਟ ਗਿਣਤੀ ਵਿੱਚ ਹਨ। ਇੱਥੇ ਵੱਸਦੇ ਪੰਜਾਬੀਆਂ ਦੀ ਸੰਖਿਆ ਇੱਕ ਹਜ਼ਾਰ ਦੇ ਨੇੜੇ-ਤੇੜੇ ਹੈ। ਇੱਥੇ ਰੂਸ ਵਿੱਚ ਸਿੱਖ ਧਰਮ ਨਾਲ ਸਬੰਧਿਤ ਇੱਕੋ-ਇੱਕ ਗੁਰਦੁਆਰਾ ਹੈ, ਜੋ ਕਿ ਮਾਸਕੋ ਵਿਖੇ ਸਥਿਤ ਹੈ। ਸੰਨ 2020 ਵਿੱਚ ਇੱਥੋਂ ਦੀ ਮਸ਼ਹੂਰ ‘ਮਾਸਕੋ ਵਿਕਟਰੀ ਪਰੇਡ’ ਵਿੱਚ ਭਾਰਤੀ ਫ਼ੌਜ ਦੀ ‘ਸਿੱਖ ਲਾਈਟ ਇਨਫ਼ੈਂਟਰੀ ਰੈਜੀਮੈਂਟ’ ਨੇ ਵੀ ਸ਼ਮੂਲੀਅਤ ਕਰਨ ਦਾ ਮਾਣ ਹਾਸਿਲ ਕੀਤਾ ਸੀ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੂੰ ਰੂਸ ਵਿੱਚ ‘ਨਾਨਕ ਕਦਮਦਾਰ’ ਵਜੋਂ ਜਾਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ‘ਭਾਰਤ-ਸੋਵੀਅਤ ਸੰਘ ਸੱਭਿਆਚਾਰਕ ਵਟਾਂਦਰੇ’ ਅਧੀਨ ਕੁਝ ਸਿੱਖ ਵਿਦਿਆਰਥੀਆਂ ਨੂੰ ਇੱਥੇ ਸੱਦਿਆ ਗਿਆ ਸੀ ਤੇ ਕੱਚੇ ਤੌਰ ’ਤੇ ਰਹਿਣ ਦੀ ਆਗਿਆ ਵੀ ਪ੍ਰਦਾਨ ਕੀਤੀ ਗਈ ਸੀ। ਜਿਹੜੇ ਸਿੱਖ ਨੌਜਵਾਨ ‘ਕਮਿਊਨਿਜ਼ਮ’ ਨੂੰ ਸਵੀਕਾਰ ਕਰਦੇ ਸਨ, ਉਨ੍ਹਾਂ ਨੂੰ ਸੋਵੀਅਤ ਸੰਘ ਵਿਖੇ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਨੀਤੀ ਤਹਿਤ ਰੂਸ ਆਉਣ ਵਾਲੇ ਸਿੱਖ ਵਿਦਿਆਰਥੀ ਵਧੇਰੇ ਕਰਕੇ ਰੇਡੀਓ ਅਤੇ ਪ੍ਰਕਾਸ਼ਨ ਵਿਭਾਗ ਵਿੱਚ ਕੰਮ ਕਰਦੇ ਸਨ। ਸੰਨ 1991 ਵਿੱਚ ‘ਸੋਵੀਅਤ ਸੰਘ’ ਦੇ ਭੰਗ ਹੋ ਜਾਣ ਪਿੱਛੋਂ ਇਹ ਸੱਭਿਆਚਾਰਕ ਆਦਾਨ-ਪ੍ਰਦਾਨ ਤਾਂ ਖ਼ਤਮ ਹੋ ਗਿਆ, ਪਰ ਪੰਜਾਬੀਆਂ ਦਾ ਰੂਸ ਵੱਲ ਨੂੰ ਜਾਣ ਦਾ ਪ੍ਰਚਲਨ ਖ਼ਤਮ ਨਹੀਂ ਹੋਇਆ।
ਪੰਜਾਬੀ ਸਿੱਖਾਂ ਵੱਲੋਂ ਇੱਥੇ ਮਾਸਕੋ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਤੋਂ ਪਹਿਲਾਂ ਦੇ ਸਮੇਂ ਅੰਦਰ ਸਮੂਹ ਪੰਜਾਬੀ ਇੱਥੇ ਇੱਕ ਕੰਟੀਨ ਹਾਲ ਕਿਰਾਏ ’ਤੇ ਲੈ ਕੇ ਪਾਠ/ਕੀਰਤਨ ਆਦਿ ਧਾਰਮਿਕ ਗਤੀਵਿਧੀਆਂ ਕਰਿਆ ਕਰਦੇ ਸਨ। ਸੰਨ 1996 ਵਿੱਚ ‘ਮਾਸਕੋ ਗੁਰਦੁਆਰਾ ਕਮੇਟੀ’ ਨੂੰ ਰਜਿਸਟਰ ਕਰਵਾ ਲਿਆ ਗਿਆ ਸੀ ਤੇ ਸੰਨ 2005 ਵਿੱਚ ਅਫ਼ਗ਼ਾਨੀ ਸਿੱਖਾਂ ਵੱਲੋਂ ਇੱਥੇ ‘ਗੁਰਦੁਆਰਾ ਨਾਨਕ ਦਰਬਾਰ’ ਦੀ ਸਥਾਪਨਾ ਕਰ ਦਿੱਤੀ ਗਈ ਸੀ। ਇੱਥੇ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਰੂਸ ਦੀ ਸਰਕਾਰ ਕਿਉਂਕਿ ਪ੍ਰਤੱਖ ਰੂਪ ਵਿੱਚ ਇਥੇ ਕਿਸੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਨੂੰ ਪ੍ਰਵਾਨਗੀ ਨਹੀਂ ਦਿੰਦੀ ਹੈ, ਇਸ ਲਈ ਰੂਸੀ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਗੁਰਦੁਆਰਾ ਸਾਹਿਬ ਕੇਵਲ ਇੱਕ ‘ਸੱਭਿਆਚਾਰਕ ਕੇਂਦਰ’ ਹੈ, ਜਿੱਥੇ ਪੰਜਾਬੀ ਲੋਕ ਜੁੜ ਬੈਠਦੇ ਹਨ। ਇੱਥੇ ਹਰੇਕ ਐਤਵਾਰ ਸੌ ਦੇ ਕਰੀਬ ਸਿੱਖ ਇਕੱਤਰ ਹੁੰਦੇ ਹਨ, ਪਰ ‘ਗੁਰਪੁਰਬ’ ਜਾਂ ਵਿਸ਼ੇਸ਼ ਮੌਕਿਆਂ ’ਤੇ ਇਸ ਗੁਰਦੁਆਰਾ ਸਾਹਿਬ ਵਿੱਚ ਦੋ ਸੌ ਤੋਂ ਵੱਧ ਪੰਜਾਬੀ ਲੋਕ ਇਕੱਠੇ ਹੋ ਜਾਂਦੇ ਹਨ ਤੇ ਸ਼ਰਧਾਪੂਰਵਕ ਸਮੁੱਚਾ ਸਮਾਗਮ ਨੇਪਰੇ ਚਾੜ੍ਹਦੇ ਹਨ। ਸਾਲ 2010 ਦੇ ਆਸ-ਪਾਸ ਅਫ਼ਗਾਨਿਸਤਾਨ ਵੱਲੋਂ ਸਿੱਖਾਂ ਦੇ ਰੂਸ ਵੱਲ ਆਉਣ ਨਾਲ ਇੱਥੇ ਵੱਸਦੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਸੀ। ਮਾਸਕੋ ਵਿਖੇ ਵੱਸਣ ਵਾਲੇ ਜ਼ਿਆਦਾਤਰ ਪੰਜਾਬੀ ਪਰਿਵਾਰ ਵੱਖ-ਵੱਖ ਵਸਤਾਂ ਦੇ ਵਪਾਰ ਦਾ ਕਾਰੋਬਾਰ ਕਰਦੇ ਹਨ।
ਇੱਕ ਹੋਰ ਜਾਣਕਾਰੀ ਅਨੁਸਾਰ ਭਾਰਤੀ ਪੰਜਾਬ ਵਿੱਚ ‘ਮਿਸਲਾਂ’ ਦੇ ਰਾਜ ਵੇਲੇ ਤੋਂ ਲੈ ਕੇ ਵੀਹਵੀਂ ਸਦੀ ਦੇ ਪਹਿਲੇ ਅੱਧ ਤੱਕ ਸਿੱਖ ਵਪਾਰੀ ਦੱਖਣੀ ਰੂਸ ਤੋਂ ਲੈ ਕੇ ਮੱਧ ਏਸ਼ੀਆ ’ਚੋਂ ਹੁੰਦੇ ਹੋਏ ਚੀਨ ਤੱਕ ਵੱਖ-ਵੱਖ ਵਸਤਾਂ ਦਾ ਵਪਾਰ ਕਰਦੇ ਰਹੇ ਸਨ। ਬੜਾ ਹੈਰਾਨੀਜਨਕ ਤੱਥ ਹੈ ਕਿ ਰੂਸ ਦੇ ਸੇਂਟ ਪੀਟਰਸਬਰਗ ਵਿਖੇ ਸਥਿਤ ਕੇਂਦਰੀ ਪੁਸਤਕਾਲੇ ਵਿੱਚ ਸਿੱਖਾਂ ਦੀਆਂ ਸਾਹਿਤਕ ਕ੍ਰਿਤਾਂ ਦਾ ਇੱਕ ਵਿਸ਼ਾਲ ਸੰਗ੍ਰਿਹ ਮੌਜੂਦ ਹੈ। ਇਨ੍ਹਾਂ ਸਾਹਿਤਕ ਕ੍ਰਿਤਾਂ ਨੂੰ ਰੂਸੀਆਂ ਵੱਲੋਂ ਸਿੱਖ ਵਪਾਰੀਆਂ ਅਤੇ ਗ੍ਰੰਥੀਆਂ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਸੀ। ਜਦੋਂ ਰੂਸੀ ਸਮਾਰਾਜ ਦੇ ਪਤਨ ਪਿੱਛੋਂ ਸੋਵੀਅਤ ਸੰਘ ਦਾ ਜਨਮ ਹੋਇਆ ਤਾਂ ਬਹੁਤ ਸਾਰੇ ਸਿੱਖ ਆਪਣੇ ਭਲੇ ਲਈ ਰੂਸ ਛੱਡ ਕੇ ਚਲੇ ਗਏ ਸਨ। ਉਨ੍ਹਾਂ ਵਿੱਚੋਂ ਕੁਝ ਕੁ ਸਿੱਖ ਅਜੇ ਵੀ ਈਰਾਨ ਸਥਿਤ ਤਹਿਰਾਨ ਅਤੇ ਜ਼ਹਦਾਨ ਵਿਖੇ ਵੱਸਦੇ ਹਨ। ਇਹ ਦੋਵੇਂ ਹੀ ਕਿਸੇ ਵੇਲੇ ਸਿੱਖਾਂ ਲਈ ਵੱਡੇ ਵਪਾਰਕ ਕੇਂਦਰ ਸਨ। ਇੱਕ ਜਾਣਕਾਰੀ ਅਨੁਸਾਰ ਰੂਸ ਦੇ ਹੀ ਹਿੱਸੇ ਯੁਕਰੇਨ ਦੇ ਉਡੇਸਾ ਨਗਰ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਸਨੂੰ ਰੂਸ-ਯੁਕਰੇਨ ਯੁੱਧ ਕਰਕੇ ਹਾਲ ਦੀ ਘੜੀ ਪੂਰੀ ਤਰ੍ਹਾਂ ਖ਼ਾਲੀ ਕੀਤਾ ਹੋਇਆ ਹੈ।

Leave a Reply

Your email address will not be published. Required fields are marked *