*ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਪ੍ਰਤੀ ਅਕਾਲੀ ਦਲ ਦੀ ਧੱਕੇਸ਼ਾਹੀ ਦਰੁੱਸਤ!
ਦਿਲਜੀਤ ਸਿੰਘ ਬੇਦੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਡਾ. ਰੂਪ ਸਿੰਘ, “ਹੁਕਮਨਾਮੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ” ਨਾਮੀ ਪੁਸਤਕ ਵਿੱਚ ਲਿਖਦੇ ਹਨ ਕਿ “ਹੁਕਮਨਾਮਿਆਂ ਦਾ ਇਤਿਹਾਸ ਗੁਰੂ ਕਾਲ ਤੱਕ ਜਾਂਦਾ ਹੈ, ਪਰ ਗੁਰੂ ਕਾਲ ਦੇ ਹੁਕਮਨਾਮਿਆਂ ਦੀ ਵਰਤਮਾਨ ਕਾਲ ਦੇ ਹੁਕਮਨਾਮਿਆਂ ਨਾਲ ਕੋਈ ਵੀ ਸਾਂਝ ਸਥਾਪਤ ਕਰਨੀ ਮੁਸ਼ਕਿਲ ਹੈ।
ਸਿੱਖ ਜਗਤ ਵਿੱਚ ਹੁਕਮਨਾਮਿਆਂ ਪ੍ਰਤੀ ਸ਼ਰਧਾ ਸਤਿਕਾਰ ਅੱਜ ਵੀ ਕਾਇਮ ਹੈ; ਪਰ ਇਸ ਸੁੱਚੀ ਭਾਵਨਾ ਦੇ ਅਪਹਰਣ ਦੀਆਂ ਸੰਭਾਵਨਾਵਾਂ ਵਰਤਮਾਨ ਵਿੱਚ ਪਹਿਲਾਂ ਨਾਲੋਂ ਵਧ ਗਈਆਂ ਹਨ। ਇਹ ਸਥਿਤੀ ਪੈਦਾ ਕਰਨ ਵਿੱਚ ਆਪਣਿਆਂ ਤੇ ਬੇਗਾਨਿਆਂ ਵਿੱਚੋਂ ਕੋਈ ਵੀ ਬਚਿਆ ਹੋਇਆ ਨਹੀਂ ਕਿਹਾ ਜਾ ਸਕਦਾ। ਵਾਰਸ ਜੇ ਅਵੇਸਲੇ, ਅਗਿਆਨੀ ਅਤੇ ਲਾਲਚੀ ਹੋ ਜਾਣ ਤਾਂ ਵਿੱਥ ਤੋਂ ਗੱਲ ਕਰਨ ਵਾਲਿਆਂ ਨੂੰ ਖੁੱਲ੍ਹ ਖੇਡ ਪ੍ਰਾਪਤ ਹੋ ਜਾਂਦੀ ਹੈ। ਗੁਰੂ ਜੁਗਤਿ ਅਨੁਸਾਰ ਆਪਣੀ ਲਕੀਰ ਲੰਮੀ ਖਿਚਣ ਦੀ ਹੈ। ਸਿੱਖ ਮਾਨਸਿਕਤਾ ਰੱਖਣ ਵਾਲੇ ਲੋਕ ਆਪਣੀ ਵਿਰਾਸਤ ਨੂੰ ਸੰਭਾਲਣ ਵਿੱਚ ਵੀ ਸਫਲ ਨਹੀਂ ਰਹੇ। ਆਪਣੀਆਂ ਕੇਂਦਰੀ ਸੰਸਥਾਵਾਂ ਨਾਲ ਸੰਬੰਧਤ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਸੱਭਿਆਚਾਰ ਅਜੇ ਵੀ ਅਸੀਂ ਪੈਦਾ ਨਹੀਂ ਕਰ ਸਕੇ। ਇਸ ਨਾਲ ਸਿੱਖ ਧਰਮ ਦੇ ਚਿੰਤਨ ਦੀ ਸੁਤੰਤਰ ਸਥਾਪਨਾ ਦਾ ਰਾਹ ਰੁਕਿਆ ਹੈ। ਕੌਮੀ ਆਤਮ ਚਿੰਤਨ ਦੀ ਭੂਮਿਕਾ ਨਾ ਹੀ ਸੰਸਥਾਵਾਂ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਨਾ ਹੀ ਪ੍ਰਬੰਧਕੀ ਸ਼੍ਰੇਣੀ ਵੱਲੋਂ। ਪਰੰਪਰਾਵਾਂ ਦੀ ਸੁੱਚੀ ਤਾਜਗੀ ਨੂੰ ਅਗਿਆਨ ਕਲਪਿਤ ਵਿਵਾਦਾਂ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ। ਹੁਣ ਸਮਾਂ ਜ਼ਿੰਮੇਵਾਰੀ ਮਿਥਣ ਦਾ ਨਹੀਂ, ਸਗੋਂ ਜ਼ਿੰਮੇਵਾਰੀ ਕਬੂਲਣ ਦਾ ਆ ਗਿਆ ਹੈ।”
ਸਿੱਖ ਪੰਥ ਨੂੰ ਚੜ੍ਹਦੀਕਲਾ ਵਿੱਚ ਤੇ ਇੱਕਮੁੱਠ ਵੇਖਣ ਲਈ ਸਮੇਂ ਸਮੇਂ ਅਕਾਲੀ ਸੋਚ ਵਾਲੇ ਪੁਰਸ਼ਾਂ ਨੂੰ ਇੱਕ ਪਲੇਟਫਾਰਮ `ਤੇ ਇਕੱਤਰ ਹੋਣ ਲਈ ਅਕਾਲ ਤਖ਼ਤ ਸਾਹਿਬ ਤੋਂ ਅਦੇਸ਼ ਹੁੰਦੇ ਰਹੇ ਹਨ। ਅੱਜ ਵੀ ਅਕਾਲੀ ਦਲ ਦੇ ਨਾਰਾਜ਼ ਧੜੇ ਨੂੰ ਅਕਾਲੀ ਦਲ ਦੀ ਮੁਖ ਧਾਰਾ ਵਿੱਚ ਮੁੜ ਸ਼ਾਮਲ ਕਰਨ ਬਾਰੇ ਚਰਚਾ ਹੈ। ਅਕਾਲੀ ਦਲ ਦੇ ਨਰਾਜ਼ ਧੜੇ ਦੇ ਆਗੂਆਂ ਵੱਲੋਂ ਅਜੇ ਤੀਕ ਭਰਤੀ ਦੀ ਪ੍ਰੀਕਿਰਿਆ ਸ਼ੁਰੂ ਨਹੀਂ ਕੀਤੀ ਗਈ, ਕੇਵਲ ਕਾਬਜ ਧੜੇ ਵੱਲੋਂ ਹੀ ਭਰਤੀ ਦਾ ਸਿਲਸਿਲਾ ਜਾਰੀ ਹੈ। ਇਹ ਰੇੜਕਾ ਹਾਲੇ ਖਤਮ ਨਹੀਂ ਹੋਇਆ। ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ ਵਾਲੀ ਟੀਮ ਫਿਲਹਾਲ ਅੱਡਰੀ ਤੁਰੀ ਫਿਰਦੀ ਹੈ। ਇਹ ਸਾਰੇ ਅਕਾਲੀ ਦਲ ਦੇ ਸਿਰਕੱਢ ਸੀਨੀਅਰ ਆਗੂ ਹਨ।
—
ਮਿਤੀ 01-05-1994 ਨੂੰ ਅਕਾਲੀ ਲੀਡਰਸ਼ਿਪ ਵੱਲੋਂ ਇੱਕ ਪ੍ਰਣ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਲਿਖਿਆ ਸੀ ਕਿ “ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ `ਤੇ ਜੁੜੇ ਪੰਥਕ ਇਕੱਠ ਵਿੱਚ ਏਕਤਾ ਸਿਧਾਂਤ ਆਧਾਰਿਤ ਇਹ ਪ੍ਰਣ ਗੁਰੂ ਸੰਗਤਾਂ ਦੇ ਸਾਹਮਣੇ ਕਰਦੇ ਹਾਂ ਕਿ ਅੱਜ ਤੋਂ ਅਸੀਂ ਸਾਰੇ ਮਤਭੇਦ ਭੁਲਾ ਕੇ ਕੌਮੀ ਹਿੱਤਾਂ ਦੀ ਖ਼ਾਤਰ ਇਕੱਠੇ ਵਿਚਰਾਂਗੇ। ਪੰਥ ਦੋਖੀਆਂ ਦੀਆਂ ਸਾਜਿਸ਼ਾਂ ਅਧੀਨ ਆਪਸੀ ਖਿੱਚੋਤਾਣ ਦੇ ਸ਼ਿਕਾਰ ਹੋਣ ਤੋਂ ਪੂਰਨ ਤੌਰ `ਤੇ ਮੁਕਤ ਰਹਾਂਗੇ। ਸਾਡੀ ਸੋਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਅਸੀਂ ਹਰ ਉਸ ਕਾਰਜ ਲਈ ਹਮੇਸ਼ਾ ਯਤਨਸ਼ੀਲ ਹੋਵਾਂਗੇ, ਜੋ ਸਾਨੂੰ ਖ਼ਾਲਸਾ ਪੰਥ ਦੀਆਂ ਪ੍ਰੇਰਨਾਵਾਂ `ਚੋਂ ਪ੍ਰਾਪਤ ਹੈ ਤੇ ਪ੍ਰਾਪਤ ਹੋਵੇਗਾ। ਖ਼ਾਲਸਾਈ ਰਵਾਇਤਾਂ ਦੀ ਪਾਲਣਾ ਲਈ ਆਪਣਾ ਤਨ, ਮਨ, ਧਨ ਕੌਮ ਨੂੰ ਸਮਰਪਿਤ ਕਰਦਿਆਂ ਅਸੀਂ ਹਰ ਸੰਭਵ ਯਤਨ ਕਰ ਕੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ `ਤੇ ਇਕੱਠੇ ਕਰ ਕੇ ਕੌਮੀ ਕਾਜ ਲਈ ਲੋਕਤੰਤਰੀ ਢੰਗ ਤਰੀਕੇ ਨਾਲ ਸਦੀਵੀ ਤੌਰ `ਤੇ ਜੂਝਦੇ ਰਹਾਂਗੇ। ਕਿਸੇ ਵੀ ਸੂਰਤ ਵਿੱਚ ਕੌਮ ਨਾਲ ਵਿਸ਼ਵਾਸਘਾਤ ਨਹੀਂ ਕਰਾਂਗੇ। ਇੱਕ ਸੇਵਕ ਦੀ ਹੈਸੀਅਤ ਵਿੱਚ ਵਿਚਾਰਾਂਗੇ।
ਗੁਰੂ ਪੰਥ ਦੇ ਦਾਸ: ਗੁਰਚਰਨ ਸਿੰਘ ਟੌਹੜਾ, ਭਾਈ ਮਨਜੀਤ ਸਿੰਘ, ਜਸਮੇਰ ਸਿੰਘ ਬਾਲਾ ਕਰਨਲ (ਰਿਟਾ.), ਜਗਦੇਵ ਸਿੰਘ ਤਲਵੰਡੀ, ਅਮਰਿੰਦਰ ਸਿੰਘ, ਸਿਮਰਨਜੀਤ ਸਿੰਘ ਮਾਨ, ਸੁਰਜੀਤ ਸਿੰਘ ਬਰਨਾਲਾ।
—
“ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਖ਼ਾਲਸਾ ਪੰਥ ਅਤੇ ਸਮੂਹ ਪੰਜਾਬ ਦੇ ਸੰਤਾਪ ਨੂੰ ਨਿਵਾਰਨ ਹਿੱਤ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਣਾਉਣ ਅਤੇ ਪਰਸਪਰ ਏਕਤਾ ਦਾ ਨਿਸ਼ਚਾ ਕਰਦੇ ਹਾਂ ਤੇ ਸਿਰ ਜੋੜ ਕੇ ਬੈਠਣ ਦੀ ਵਚਨਬੱਧਤਾ ਦੁਹਰਾਉਂਦੇ ਹਾਂ। ਇਹ ਵੀ ਬਚਨ ਕਰਦੇ ਹਾਂ ਕਿ ਪਿਛਲੇ ਕੁਝ ਸਮੇਂ ਦੇ ਹਾਲਾਤ ਤੇ ਅਜੋਕੀ ਪ੍ਰਸਥਿਤੀ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਰਾਜਸੀ ਮਨੋਰਥ, ਜਥੇਬੰਦਕ ਬਣਤਰ ਅਤੇ ਵਿਧਾਨਕ ਤੇ ਸੰਬੰਧਤ ਮਾਮਲਿਆਂ ਨੂੰ ਵਿਸਾਖੀ ਦੇ ਦਿਹਾੜੇ ਤੱਕ ਵਿਚਾਰ-ਵਟਾਂਦਰਾ ਕਰ ਕੇ ਫ਼ੈਸਲਾ ਕਰਨ ਦੇ ਪਾਬੰਦ ਹੋਵਾਂਗੇ। ਅਸੀਂ ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕਰਦੇ ਹਾਂ ਕਿ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਸਾਂਝਾ ਉਦਮ ਕਰਨ, ਤਾਂ ਕਿ ਬੀਤੇ ਸਮੇਂ ਵਿੱਚ ਪੈਦਾ ਹੋਈ ਕੁੜੱਤਣ ਤੇ ਵਿੱਥ ਨੂੰ ਸਮਾਪਤ ਕੀਤਾ ਜਾ ਸਕੇ। ਅਸੀਂ ਆਪਣੇ ਕੀਤੇ ਹੋਏ ਇਸ ਪ੍ਰਣ ਨੂੰ ਦੁਹਰਾਉਂਦੇ ਹਾਂ ਕਿ ਇੱਕ ਦੂਜੇ ਵਿਰੁੱਧ ਕੋਈ ਬਿਆਨ ਨਹੀਂ ਦੇਵਾਂਗੇ ਅਤੇ ਨਾ ਹੀ ਅਸੀਂ ਕਿਸੇ ਸਾਥੀ ਨੂੰ ਅਜਿਹਾ ਕਰਨ ਦੇਵਾਂਗੇ। ਇਸ `ਤੇ ਪੂਰੀ ਸੁਹਿਰਦਤਾ ਨਾਲ ਪਹਿਰਾ ਦੇਵਾਂਗੇ।” ਪ੍ਰਣ ਤੇ ਦਸਤਖਤ: ਰਣਜੀਤ ਸਿੰਘ ਬ੍ਰਹਮਪੁਰਾ, ਭਾਈ ਮਨਜੀਤ ਸਿੰਘ, ਜਗਦੇਵ ਸਿੰਘ ਤਲਵੰਡੀ, ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁੱਚਾ ਸਿੰਘ ਛੋਟੇਪੁਰ, ਪ੍ਰਕਾਸ਼ ਸਿੰਘ ਮਜੀਠਾ, ਅਸ਼ੋਕ ਸਿੰਘ ਭਾਈ, ਜਸਮੇਰ ਸਿੰਘ ਬਾਲਾ, ਕੁਲਦੀਪ ਸਿੰਘ ਵਡਾਲਾ, ਬਲਵਿੰਦਰ ਸਿੰਘ, ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ।
ਪਰ ਲੀਡਰ ਆਪਣੇ ਨਿਜੀ ਮੁਫਾਦ ਲਈ ਇੱਕਮੁੱਠ ਨਾ ਰਹਿ ਸਕੇ। ਅੱਜ ਵੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਉਹੀ ਹਲਾਤਾਂ ਦੇ ਸਨਮੁਖ ਖੜ੍ਹੀ ਹੈ। ਸੁਖਬੀਰ ਸਿੰਘ ਬਾਦਲ ਪਹਿਲੇ ਸਿਆਸੀ ਆਗੂ ਅਤੇ ਅਕਾਲੀ ਦੇ ਪ੍ਰਧਾਨ ਨਹੀਂ ਹਨ, ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲਾਈ ਗਈ ਹੈ। ਇੱਥੋਂ ਪ੍ਰੋ. ਗੁਰਮੁਖ ਸਿੰਘ, ਬਾਬੂ ਤੇਜਾ ਸਿੰਘ, ਬਾਬਾ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਭਾਗ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਸੰਤੋਖ ਸਿੰਘ ਦਿੱਲੀ, ਬਾਬਾ ਸੰਤਾ ਸਿੰਘ, ਗਿਆਨੀ ਜੈਲ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਰਛਪਾਲ ਸਿੰਘ ਦਿੱਲੀ, ਰਣਜੀਤ ਸਿੰਘ ਬ੍ਰਹਮਪੁਰਾ, ਅਵਤਾਰ ਸਿੰਘ ਹਿੱਤ ਦਿੱਲੀ ਵੀ ਤਨਖਾਹ ਲਵਾ ਚੁਕੇ ਹਨ। ਇਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ ਆਦਿ ਨੂੰ ਅਕਾਲ ਤਖ਼ਤ ਸਾਹਿਬ ਤੋਂ ਏਕਤਾ ਆਦਿ ਲਈ ਅਦੇਸ਼ ਹੁੰਦੇ ਰਹੇ ਹਨ। ਭਾਵੇਂ ਹਵਾਲੇ ਨਾਵਾਂ ਵਿੱਚ ਬਹੁਤ ਆਗੂ ਅਕਾਲ ਚਲਾਣਾ ਕਰ ਚੁੱਕੇ ਹਨ ਤੇ ਇੱਕ ਦੋ ਹੀ ਜ਼ਿੰਦਾ ਹਨ।
ਆਮ ਕਹਾਵਤ ਪ੍ਰਚਲਤ ਹੈ ਕਿ ਅਕਾਲੀ ਲਿਆਉਂਦੇ ਸ਼ਾਨੋ ਸ਼ੌਕਤ ਨਾਲ ਹਾਥੀ `ਤੇ ਚੜ੍ਹਾ ਕੇ, ਲੇਕਿਨ ਕੱਢਦੇ ਗਧੇ `ਤੇ! ਮੌਜੂਦਾ ਘਟਨਾਕ੍ਰਮ ਅਨੁਸਾਰ ਸਿੱਖ ਧਰਮ ਦੇ ਤਖ਼ਤਾਂ ਦੇ ਜਥੇਦਾਰ ਆਜ਼ਾਦ ਹੈਸੀਅਤ ਬਿਲਕੁਲ ਹੀ ਨਹੀਂ ਰੱਖਦੇ। ਉਹ ਕੌਮੀ ਤੌਰ `ਤੇ ਕੋਈ ਵੱਡਾ ਫੈਸਲਾ ਵੀ ਨਹੀਂ ਲੈ ਸਕਦੇ। ਉਨ੍ਹਾਂ ਦੀ ਕਾਰਗੁਜ਼ਾਰੀ ਆਮ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁਲਾਜ਼ਮਾਂ ਵਾਲੀ ਹੈ। ਸਿੱਖ ਜਗਤ ਉਨ੍ਹਾਂ ਦਾ ਸਤਿਕਾਰ ਇਸ ਲਈ ਕਰਦਾ ਹੈ ਕਿ ਉਹ ਗੁਰੂ ਸਾਹਿਬ ਦੇ ਤਖ਼ਤ ਸਾਹਿਬ ਵਿਖੇ ਬਤੌਰ ਮੁਖੀ, ਜਥੇਦਾਰ, ਸੇਵਾ ਸੰਭਾਲ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਹਨ। ਉਨ੍ਹਾਂ ਦਾ ਨਿਯੁਕਤੀ ਸਥਾਨ ਅਤੇ ਸੇਵਾਮੁਕਤ ਹੋਣ ਦੀ ਵਿਧੀ ਵਿਧਾਨ ਵੀ ਸ਼੍ਰੋਮਣੀ ਕਮੇਟੀ ਕੋਲ ਹੈ। ਜਿਨ੍ਹਾਂ ਚਿਰ ਆਜ਼ਾਦਦਾਨਾ ਤੌਰ `ਤੇ ਇਨ੍ਹਾਂ ਦੀ ‘ਨਿਯੁਕਤੀ-ਸੇਵਾਮੁਕਤੀ’ ਦੀ ਵਿਧੀ ਤਿਆਰ ਨਹੀਂ ਕੀਤੀ ਜਾਂਦੀ, ਉਨ੍ਹਾਂ ਚਿਰ ਇਸ ਤਰ੍ਹਾਂ ਦੇ ਦੁਖਦ ਹਿਰਦੇਵੇਧਕ ਫੈਸਲੇ ਹੁੰਦੇ ਰਹਿਣਗੇ ਅਤੇ ਜਥੇਦਾਰਾਂ ਨੂੰ ਬੇਪੱਤ ਕਰ ਕੇ ਕੱਢਿਆ ਜਾਂਦਾ ਰਹੇਗਾ। ਪਿਛਲੇ ਚਾਰ ਦਹਾਕਿਆਂ ਤੋਂ ਕੋਈ ਵੀ ਤਖ਼ਤ ਸਾਹਿਬ ਦਾ ਜਥੇਦਾਰ ਸ਼ਾਨੋ-ਸ਼ੌਕਤ ਤੇ ਨਿਯਮਤ ਸੇਵਾਵਾਂ ਅਨੁਸਾਰ ਸਤਿਕਾਰ ਸਾਹਿਤ ਮੁਕਤ ਨਹੀਂ ਹੋ ਸਕਿਆ। ਸਭ ਨੂੰ ਬੇਪਤ ਕਰਕੇ ਤੋਰਿਆ ਜਾਂਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੇ ਸਵੈ-ਚਿੰਤਨ ਕਰਨ ਦੀ ਪਰੰਪਰਾ ਵੀ ਤਿਆਗ ਦਿੱਤੀ ਹੈ।
2 ਦਸੰਬਰ 2024 ਨੂੰ ਬਹੁਤ ਦੇਰ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਇੱਕ ਕੌਮੀ ਪੱਧਰ ਦਾ ਇਤਿਹਾਸਕ ਹੁਕਮਨਾਮਾ ਹੋਇਆ, ਜਿਸ ਦਾ ਸਮੁੱਚੇ ਸਿੱਖ ਜਗਤ ਨੇ ਸਵਾਗਤ ਕੀਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਥੀਆਂ ਨੇ ਲੱਗੀ ਸੇਵਾ ਦੀ ਤਨਖਾਹ ਤਾਂ ਪੂਰੀ ਕਰ ਲਈ, ਪਰ ਅਕਾਲੀ ਦਲ ਦੀ ਭਰਤੀ ਪ੍ਰਤੀ ਬਣਾਈ 7 ਮੈਂਬਰੀ ਕਮੇਟੀ ਦਾ ਮਾਮਲਾ ਲੀਰੋ-ਲੀਰ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਬਹੁਤ ਮੁਸ਼ਕਲ ਨਾਲ ਹੀ ਦਿੱਤਾ, ਪਰ ਉਸ ਨੇ ਆਪਣਾ ਜਾਨਸ਼ੀਨ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਲਿਆ ਹੈ, ਜਦੋਂ ਮਰਜ਼ੀ ਅਸਤੀਫਾ ਲੈ ਕੇ ਮੁੜ ਪ੍ਰਧਾਨਗੀ ਹਥਿਆਈ ਜਾ ਸਕਦੀ ਹੈ। ਅਜੇ ਸਕਰੀਨਿੰਗ ਕਮੇਟੀ ਨੇ ਕੰਮ ਕਰਨਾ ਵੀ ਸ਼ੁਰੂ ਨਹੀਂ ਕੀਤਾ ਤੇ ਜਬਰੀ ਅਕਾਲੀ ਦਲ ਵੱਲੋਂ ਭਰਤੀ ਵੀ ਕਰ ਲਈ ਗਈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਉਂਦਾ ਰਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਪਹਿਲਾਂ ਦੀ ਤਰ੍ਹਾਂ ਕਾਇਮ ਹੈ। ਉਸ ਦੀ ਨਿਗਰਾਨੀ ਹੇਠ ਹੀ ਭਰਤੀ ਹੋਵੇਗੀ। 10 ਫਰਵਰੀ 2025 ਨੂੰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਬਣਾਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਆਧਾਰਤ ਉਨ੍ਹਾਂ ਨੂੰ ਜਥੇਦਾਰੀ ਪੱਦ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਇਹ ਫੈਸਲਾ ਨਵਾਂ ਨਹੀਂ, ਲੋਕਾਂ ਨੂੰ ਪਹਿਲਾਂ ਹੀ ਇਸ ਬਾਰੇ ਗਿਆਨ ਸੀ; ਕਿਉਂਕਿ ਇਹ ਵੀ ਇੱਕ ਰਾਜਸੀ ਤੇ ਧੱਕੜਸ਼ਾਹੀ ਵਾਲਾ ਫੈਸਲਾ ਹੈ। ਹੁਣ ਰਾਜਸੀ ਦਲ ਦੇ ਦਬਾਅ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਭਰਤੀ ਪ੍ਰਤੀ ਬਣਾਈ ਸੱਤ ਮੈਂਬਰੀ ਸਕਰੀਨਿੰਗ ਕਮੇਟੀ ਦੀ ਇੱਕ ਮੀਟਿੰਗ ਕੀਤੀ ਗਈ ਹੈ, ਪਰ ਉਸ ਵਿੱਚ ਵੀ ਕੋਈ ਸਾਰਥਿਕ ਫੈਸਲਾ ਨਹੀਂ ਲਿਆ ਗਿਆ। ਲੱਖਾਂ ਦੀ ਗਿਣਤੀ ਵਿੱਚ ਕੀਤੀ ਭਰਤੀ ਕਿਵੇਂ ਸਾਰਥਿਕ ਗਿਣੀ ਜਾਵੇਗੀ! ਇਹ ਤਾਂ ਅਕਾਲ ਤਖ਼ਤ ਦੇ ਹੁਕਮ ਤੋਂ ਭਗੌੜੇ ਹੋਣ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਰਾਜਸੀ ਜਬਰੀ ਫੈਸਲੇ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਅਕਾਲੀ ਦਲ ਇਸ ਸੋਚ ਦਾ ਧਾਰਨੀ ਬਣ ਰਿਹਾ ਹੈ ਕਿ ਭਵਿੱਖ ਵਿੱਚ 2027 ਨੂੰ ਹੋਣ ਜਾ ਰਹੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ ਦੇ ਆਹਦ ਵਿੱਚ ਪੂਰਾ ਉਤਰੇਗਾ, ਪਰ ਲੋਕ ਸ਼ਕਤੀ ਬਹੁਤ ਬਲਵਾਨ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਸ ਸਾਲ ਦਿੱਲੀ ਵਿੱਚ ਰਾਜ ਕੀਤਾ ਹੈ, ਪਰ ਇਸ ਵਾਰ ਜਨਤਾ ਨੇ ਉਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। 21 ਸਾਲਾਂ ਬਾਅਦ ਦਿੱਲੀ `ਤੇ ਭਾਜਪਾ ਕਾਬਜ ਹੋਈ ਹੈ।
ਅਕਾਲ ਤਖ਼ਤ ਦੀ ਮਾਣ ਮਰਯਾਦਾ ਨੂੰ ਢਾਹ ਲਾਉਣ ਵਾਲੇ ਕਦੀ ਵੀ ਰਾਜ ਸੱਤਾ ਨਹੀਂ ਭੋਗ ਸਕਦੇ। ਜਥੇਦਾਰ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਰਾਜਸੀ ਧੱਕੜਸ਼ਾਹੀ ਦਾ ਸ਼ਿਕਾਰ ਹੋਏ ਹਨ। ਇਸ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ, ਹਰਚਰਨ ਸਿੰਘ ਦਿੱਲੀ, ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ ਵੀ ਇਸੇ ਕਤਾਰ ਦੇ ਬੈਲ ਹਨ। ਤਿੰਨ-ਚਾਰ ਜਥੇਦਾਰਾਂ ਨਾਲ ਮੇਰਾ ਨਿਜੀ ਵਾਹ ਵੀ ਰਿਹਾ ਹੈ। ਮੈਂ ਅਗਾਊਂ ਉਨ੍ਹਾਂ ਨੂੰ ਸੁਚੇਤ ਕਰਦਾ ਰਿਹਾ ਹਾਂ ਕਿ ਰਾਜਸੀ ਟਕਰਾਅ ਤੁਹਾਡੇ ਲਈ ਠੀਕ ਨਹੀਂ, ਤੁਹਾਨੂੰ ਭਾਣਾ ਮੰਨਣਾ ਹੀ ਪੈਣਾ ਹੈ ਜਾਂ ਇਸ ਅਹੁਦੇ ਤੋਂ ਲਾਂਭੇ ਹੋ ਜਾਵੋ। ਉਹ ਸਾਰੇ ਹੀ ਏਸੇ ਰਾਜਸੀ ਦਲ ਦੀ ਧੱਕੇਜੋਰੀ ਤੇ ਬੇਇਨਸਾਫੀ ਦਾ ਸ਼ਿਕਾਰ ਹੋਏ ਹਨ। ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਤੇ ਉਚੇ ਸੁੱਚੇ ਸਿਧਾਂਤਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਭੰਨਣ ਤੋੜਨ ਤੇ ਪੈਰਾਂ ‘ਚ ਰੋਲਣ ਦਾ ਕੰਮ ਅਕਾਲੀ ਲੀਡਰਸ਼ਿਪ ਪੂਰੀ ਜ਼ਿੰਮੇਵਾਰੀ ਨਾਲ ਕਰਦੀ ਆ ਰਹੀ ਹੈ। ਕੌਮ ਦੀ ਹਮੇਸ਼ਾ ਮੰਗ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੋਵੇ। ਜੋ ਹਾਕਮਾਂ, ਰਜਵਾੜਾਸ਼ਾਹੀ, ਹੁਕਮਰਾਨਾਂ ਨੂੰ ਵੀ ਨੱਥ ਪਾ ਸਕਦਾ ਹੋਵੇ; ਪਰ ਉਹ ਕਿਵੇਂ ਹੋਵੇ? ਇਸ ਬਾਰੇ ਕਿਸੇ ਨੇ ਅੱਜ ਤੀਕ ਫਾਰਮੂਲਾ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿੱਤਾ। ਜਥੇਦਾਰ ਵੇਦਾਂਤੀ ਇਸ ਸਬੰਧੀ ਬਹੁਤ ਜ਼ੋਰ ਨਾਲ ਹਰ ਸਟੇਜ `ਤੇ ਰੋਲਾ ਪਾਉਂਦੇ ਰਹੇ ਹਨ ਕਿ ਅਜਿਹਾ ਵਿਧੀ ਵਿਧਾਨ ਬਨਣਾ ਚਾਹੀਦਾ ਹੈ, ਪਰ ਅਸਲ ਵਿੱਚ ਅੱਜ ਤੀਕ ਕੁੱਝ ਵੀ ਨਹੀਂ ਹੋ ਸਕਿਆ। 2 ਦਸੰਬਰ 2024 ਨੂੰ ਹੋਏ ਗੁਰਮਤਿਆਂ `ਤੇ ਤਖ਼ਤਾਂ ਦੇ ਜਥੇਦਾਰ ਡਟਵਾਂ ਪਹਿਰਾ ਨਹੀਂ ਦੇ ਸਕਦੇ, ਤਾਂ ਉਨ੍ਹਾਂ ਨੂੰ ਆਪਣੀ ਨੌਕਰੀ ਬਣਾਈ ਰੱਖਣ ਲਈ ਸੁਖਬੀਰ ਸਿੰਘ ਬਾਦਲ ਤੋਂ ਭੁਲ ਬਖਸ਼ਾ ਲੈਣੀ ਚਾਹੀਦੀ ਹੈ!
ਭਾਵੇਂ ਹਰਿਮੰਦਰ ਸਾਹਿਬ ਦੀਆਂ ਧਾਰਮਿਕ ਸ਼ਖਸੀਅਤਾਂ ਅੰਦਰ ਵੀ ਅਹੁਦੇ ਨੂੰ ਲੈ ਕੇ ਕਸ਼ਮਕਸ਼ ਲਗਾਤਾਰ ਜਾਰੀ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਕਹਿਣਾ ਹੈ ਕਿ ਮੈਂ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਹਾਂ, ਜਥੇਦਾਰ ਅਕਾਲ ਤਖ਼ਤ ਦਾ ਮੰਨਣਾ ਕਿ ਕੌਮ ਦੀ ਅਗਵਾਈ ਮੈਂ ਕਰਦਾ ਹਾਂ, ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖੀ ਗ੍ਰੰਥੀ ਤੋਂ ਵੱਡਾ ਹਾਂ। ਹੁਣ ਇਹ ਦੋਵੇਂ ਅਹੁਦੇ ਇੱਕੋ ਸਖ਼ਸੀਅਤ ਪਾਸ ਹਨ। ਕੇਸਗੜ੍ਹ ਸਾਹਿਬ ਦੇ ਜਥੇਦਾਰ ਆਪਣੇ ਕੰਮ ਦੇ ਨਾਲ ਨਾਲ ਕਾਰਜਕਾਰੀ ਤੌਰ `ਤੇ ਅਕਾਲ ਤਖ਼ਤ ਸਾਹਿਬ ਦਾ ਕਾਰਜ ਭਾਰ ਸੰਭਾਲਦੇ ਰਹੇ ਹਨ। ਨਿਜੀ ਕਿੜਾਂ ਕਾਰਨ ਅਕਾਲੀ ਦਲ ਦਾ ਕੱਦ-ਕਾਠ ਵਧਿਆ ਨਹੀਂ, ਪਹਿਲਾਂ ਨਾਲੋਂ ਵੀ ਘਟਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰੇ-ਏ-ਕੌਮ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਐਵਾਰਡ ਵਾਪਸ ਲੈਣਾ, ਅਕਾਲੀ ਦਲ ਦੇ ਸੁਪਰੀਮੋ ਅਤੇ ਸਮੁੱਚੀ ਲੀਡਰਸ਼ਿਪ ਸਮੇਤ ਤਲਬ ਕਰਨਾ, ਧਾਰਮਿਕ ਸਜ਼ਾ ਲਾਉਣੀ, ਇਹ ਸੁਖਬੀਰ ਸਿੰਘ ਬਾਦਲ ਨੂੰ ਪਚ ਨਹੀਂ ਸਕਿਆ। ਉਸ ਨੇ ਉਲਟੀ ਗੰਗਾ ਵਹਾਉਂਦਿਆਂ ਜਥੇਦਾਰ ਦੀ ਛੁੱਟੀ ਕਰਨੀ ਬੇਹਤਰ ਸਮਝੀ ਹੈ।