ਰਾਵਣ ਹੀ ਰਾਵਣ (ਕਾਵਿ-ਸੰਗ੍ਰਹਿ)

ਸਾਹਿਤਕ ਤੰਦਾਂ

ਨਵਦੀਪ ਕੌਰ
ਬਾਬਾ ਫ਼ਰੀਦ ਕਾਲਜ, ਬਠਿੰਡਾ
ਰਵਿੰਦਰ ਸਿੰਘ ਸੋਢੀ ਪੰਜਾਬੀ ਦਾ ਬਹੁ-ਵਿਧਾਈ ਸਾਹਿਤਕਾਰ ਅਤੇ ਆਲੋਚਕ ਹੈ। ਹੁਣ ਤੱਕ ਲੇਖਕ ਦੀਆਂ ਆਲੋਚਨਾ, ਨਾਟਕ, ਕਹਾਣੀਆਂ, ਕਵਿਤਾਵਾਂ, ਅਨੁਵਾਦਿਤ ਸਾਹਿਤ ਅਤੇ ਸੰਪਾਦਨਾਂ ਦੀਆਂ ਲਗਭਗ ਸਵਾ ਦਰਜਨ ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਰਾਵਣ ਹੀ ਰਾਵਣ’ ਲੇਖਕ ਦਾ ਕਾਵਿ-ਸੰਗ੍ਰਹਿ ਹੈ, ਜਿਸ ਵਿੱਚ ਗੀਤ, ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਦੇ ਰੂਪ ਵਿੱਚ ਕੁੱਲ 43 ਰਚਨਾਵਾਂ ਦਰਜ ਹਨ। ਇਨ੍ਹਾਂ ਰਚਨਾਵਾਂ ਰਾਹੀਂ ਲੇਖਕ ਨੇ ਜਿੱਥੇ ਵਰਤਮਾਨ ਸਮੇਂ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪੱਖਾਂ ਨੂੰ ਸਿੱਧੇ ਤੇ ਅਸਿੱਧੇ ਰੂਪ ਵਿੱਚ ਵਿਸ਼ਾ ਬਣਾਇਆ ਹੈ, ਉੱਥੇ ਹੀ ਮਨੁੱਖ ਦੇ ਨਿੱਜੀ ਭਾਵਾਂ ਨੂੰ ਵੀ ਟੁੰਬਿਆ ਹੈ।

‘ਰਾਵਣ ਹੀ ਰਾਵਣ’ ਪੁਸਤਕ ਦਾ ਸਿਰਲੇਖ ਸਾਧਾਰਨ ਦੀ ਬਜਾਇ ਗਹਿਰੇ ਅਰਥਾਂ ਵਿੱਚ ਆਪਣੇ ਭਾਵ ਪ੍ਰਗਟਾਉਂਦਾ ਹੋਇਆ ਸਮਾਜ ਦੇ ਹਰ ਖੇਤਰ ਵਿੱਚ ਫੈਲੀ ਹੋਈ ਬੁਰਾਈ ਵੱਲ ਸੰਕੇਤ ਕਰਦਾ ਹੈ। ਰਾਵਣ, ਰਾਮਾਇਣ ਵਿੱਚ ਬੁਰਾਈ ਦਾ ਪ੍ਰਤੀਕ ਹੈ ਅਤੇ ਲੇਖਕ ਲਈ ਸਮਾਜ ਵਿੱਚ ਮੌਜੂਦ ਵੱਖ-ਵੱਖ ਬੁਰਾਈਆਂ ਦਾ ਅਧਿਕਾਰਿਕ ਰੂਪ ਹੈ। ਜਿੱਥੇ ਰਾਮਾਇਣ ਕਾਲ ਵਿੱਚ ਸਿਰਫ ਇੱਕ ਰਾਵਣ ਸੀ, ਉੱਥੇ ਆਧੁਨਿਕ ਸਮਾਜ ਦੀ ਹਰ ਨੁੱਕਰ ਵਿੱਚ ਬੁਰਾਈਆਂ ਦੇ ਰਾਵਣ ਖੜ੍ਹੇ ਹਨ। ਲੇਖਕ ਰਾਵਣ ਦੇ ਪ੍ਰਤੀਕ ਰਾਹੀਂ ਸਮਾਜ ਵਿੱਚ ਮੌਜੂਦ ਵਿਸੰਗਤੀਆਂ, ਧੋਖੇ ਅਤੇ ਅਨਿਆਂ ਆਦਿ ਦੀ ਗਹਿਰਾਈ ਨਾਲ ਪੜਤਾਲ ਕਰਦਾ ਹੋਇਆ ਸਮਾਜ ਦੇ ਕਣ-ਕਣ ਵਿੱਚ ਫੈਲੇ ਬੁਰਾਈ ਰੂਪੀ ਰਾਵਣ ਨੂੰ ਖ਼ਤਮ ਕਰਨ ਲਈ ਆਵਾਜ਼ ਬੁਲੰਦ ਕਰਦਾ ਹੋਇਆ ਕਹਿੰਦਾ ਹੈ,
ਹੋਰ ਵੀ ਬਹੁਤ ਰਾਵਣ
ਫਿਰ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ
ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਾ ਹੋਵੇ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ
ਪ੍ਰਬੰਧ ਕਰੋ।
ਇਸ ਪੁਸਤਕ ਵਿੱਚ ਕਈ ਕਵਿਤਾਵਾਂ ਰਾਜਨੀਤਿਕ ਹਾਲਾਤ `ਤੇ ਤਿੱਖੇ ਤਨਜ਼ ਕਰਦੀਆਂ ਹਨ; ਜਿਵੇਂ ਕਵਿਤਾ ‘ਡਾਇਨਾਸੋਰ’ ਸੱਤਾ ਦੀ ਭੁੱਖ ਅਤੇ ਰਾਜਨੀਤਿਕ ਲਾਲਚ ਨੂੰ ਬੇਨਕਾਬ ਕਰਦੀ ਹੈ,
ਆਪਣੀ-ਆਪਣੀ ਕੁਰਸੀ ਦੇ ਲਾਲਚ ਵਿੱਚ,
ਇੱਕ ਦੇਸ਼ ਦੇ ਦੋ ਹਿੱਸੇ ਬਣਾਉਣ ਵਾਲੇ,
ਅਣਗਿਣਤ ਲੋਕਾਂ ਦੇ ਖ਼ੂਨ ਨਾਲ ਨਹਾਉਂਦੇ ਰਹੇ।
ਇਸੇ ਤਰ੍ਹਾਂ ਹੀ ਕਵਿਤਾ ‘ਸੋਚ ਦਾ ਫ਼ਰਕ’ ਅਸਲੀ ਆਗੂ ਅਤੇ ਰਾਜਸੀ ਆਗੂ ਵਿੱਚ ਫਰਕ ਕਰਦੀ ਹੋਈ ਰਾਜਨੀਤਿਕ ਲੀਡਰਾਂ ਦੁਆਰਾ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ‘ਤੇ ਕਰਾਰੀ ਚੋਟ ਕਰਦੀ ਹੈ ਤੇ ਰਾਜਸੀ ਆਗੂਆਂ ਵੱਲੋਂ ਵੋਟਾਂ ਵੇਲੇ ਲੋਕਾਂ ਤੱਕ ਕੀਤੀ ਜਾਂਦੀ ਰਸਾਈ ‘ਤੇ ਵੀ ਵਿਅੰਗ ਕਰਦੀ ਹੈ। ਉਹ ਲਿਖਦੇ ਹਨ,
ਰਾਜਸੀ ਨੇਤਾ ਤਾਂ
ਮਤਲਬ ਤੋਂ ਬਿਨਾਂ
ਕਿਸੇ ਵੀ ਝਮੇਲੇ ਵਿੱਚ ਪੈਣ ਤੋਂ ਡਰੇ
ਚੋਣਾਂ ਵੇਲੇ
ਆਮ ਲੋਕਾਂ ਸਾਹਮਣੇ
ਹੱਥ ਜੋੜ
ਸੇਵਾ ਦਾ ਇੱਕ ਹੋਰ ਮੌਕਾ
ਦੀ ਫ਼ਰਿਆਦ ਕਰੇ।
ਕਵੀ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਨੂੰ ਵੀ ਆਪਣਾ ਵਿਸ਼ਾ ਬਣਾਉਂਦਾ ਹੈ। ਉਹ ‘ਮਾਨਸਿਕ ਬਲਾਤਕਾਰ’ ਕਵਿਤਾ ਰਾਹੀਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਇੱਕ ਔਰਤ ਨਾਲ, ਹਰ ਖੇਤਰ ਵਿੱਚ ਹੁੰਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਬਿਆਨਦਾ ਹੈ ਤੇ ਔਰਤ ਨੂੰ ਮਜਬੂਤ ਬਣਨ ਦੀ ਪ੍ਰੇਰਨਾ ਵੀ ਦਿੰਦਾ ਹੈ, ਜਦੋਂ ਉਹ ਕਹਿੰਦਾ ਹੈ,
ਇਹ ਸਭ ਕੁੱਝ ਔਰਤ ਦਾ
ਮਾਨਸਿਕ ਬਲਾਤਕਾਰ ਹੀ ਹੁੰਦਾ ਹੈ।
ਇਸ ਬਲਾਤਕਾਰ ਦੀ ਸਜ਼ਾ
ਕਾਨੂੰਨ ਨਹੀਂ
ਔਰਤ ਆਪ ਤੈਅ ਕਰ ਸਕਦੀ ਹੈ
ਬਸ਼ਰਤੇ ਉਸਦੀਆਂ ਬਾਹਾਂ ਵਿਚ
ਰੰਗ ਬਰੰਗੀਆਂ ਚੂੜੀਆਂ ਦੇ ਨਾਲ
ਹੱਥ, ਲੱਤ
ਚਲਾਉਣ ਦੀ ਕਲਾ ਹੋਵੇ
ਸਮਾਜ ਦੀ ਸ਼ਰਮ ਨਾਲੋਂ
ਦਿਲੋ ਦਿਮਾਗ ਵਿਚ
ਇੱਕ ਲਲਕਾਰ ਹੋਵੇ।
ਕਵੀ ਆਪਣੀ ਗ਼ਜ਼ਲ ਰਾਹੀਂ ਇੱਕ ਔਰਤ ਮਨ ਵਿੱਚ ਮਾਂ ਬਣਨ ਦੀ ਪਈ ਤਾਂਘ, ਮਾਂ ਦੀ ਜੀਵਨ ਵਿੱਚ ਮਹੱਤਤਾ ਅਤੇ ਔਰਤ ਦੇ ਮਤਰੇਈ ਮਾਂ ਦੇ ਕਰੂਰ ਰੂਪ ਨੂੰ ਵੀ ਆਪਣਾ ਵਿਸ਼ਾ ਬਣਾਉਂਦਾ ਹੈ, ਜਦੋਂ ਉਹ ਕਹਿੰਦਾ ਹੈ,
ਸੁੰਨੀ ਕੁੱਖ ਤੋਂ ਜਾ ਕੇ ਪੁੱਛੋ
ਬਾਲ ਦੀ ਚਾਹਤ ਕੀ ਹੁੰਦੀ ਹੈ।
ਮਤਰੇਈ ਦੇ ਵੱਸ ਪਿਆਂ ਲਈ
ਮਾਂ ਦੀ ਚਾਹਤ ਕੀ ਹੁੰਦੀ ਹੈ।
ਲੇਖਕ ਸਮਾਜ ਦੀਆਂ ਸਮੱਸਿਆਵਾਂ ਅਤੇ ਵਿਸੰਗਤੀਆਂ ਦੇ ਨਾਲ-ਨਾਲ ਮਨੁੱਖ ਦੇ ਦਿਲ ਵਿੱਚ ਪਏ ਪਿਆਰ ਭਾਵਾਂ ਨੂੰ ਵੀ ਬੜੇ ਖੂਬਸੂਰਤ ਢੰਗ ਨਾਲ ਬਿਆਨਦਾ ਹੈ, ਜਦੋਂ ਉਹ ਲਿਖਦਾ ਹੈ,
ਕਦੇ ਉਹ ਫੁੱਲ ਬਣ ਜਾਵੇ, ਕਦੇ ਖ਼ਾਰ ਬਣ ਜਾਵੇ
ਕਦੇ ਖ਼ਿਜ਼ਾ ਜਹੀ ਲੱਗਦੀ ਕਦੇ ਬਹਾਰ ਬਣ ਜਾਵੇ।
ਉਹਦੇ ਸੁਰਮੇ ਦੀ ਧਾਰੀ ਲੱਗੇ ਸਭ ਨੂੰ ਪਿਆਰੀ
ਕਦੇ ਸੂਲਾਂ ਜਹੀ ਜਾਪੇ, ਕਦੇ ਹਾਰ ਬਣ ਜਾਵੇ।
ਪੁਸਤਕ ਵਿੱਚ ਲੇਖਕ ਨੇ ਮਨੁੱਖੀ ਜੀਵਨ ਨਾਲ ਜੁੜੇ ਹਰ ਸੁਖਦ ਅਤੇ ਤਲਖ਼ ਪਲਾਂ ਤੇ ਹਾਲਾਤ ਨੂੰ ਆਪਣਾ ਵਿਸ਼ਾ ਬਣਾਇਆ ਹੈ। ਭਾਸ਼ਾ ਸਰਲ, ਪਰ ਪ੍ਰਭਾਵਸ਼ਾਲੀ ਹੈ। ਲੇਖਕ ਨੇ ਕਾਵਿ ਦੇ ਵੱਖ-ਵੱਖ ਰੂਪਾਂ- ਗੀਤ, ਗ਼ਜ਼ਲ ਅਤੇ ਕਵਿਤਾਵਾਂ ਰਾਹੀਂ ਆਪਣੇ ਵਿਚਾਰਾਂ ਨੂੰ ਮਜਬੂਤੀ ਨਾਲ ਪੇਸ਼ ਕੀਤਾ ਹੈ। ਹਰ ਰਚਨਾ ਦੇ ਸ਼ਬਦਾਂ ਦੀ ਚੋਣ ਅਤੇ ਪੇਸ਼ਕਾਰੀ ਉਨ੍ਹਾਂ ਦੀ ਲਿਖਣ ਦੀ ਸਮਝ ਅਤੇ ਕਲਾ ਨੂੰ ਦਰਸਾਉਂਦੀ ਹੈ।
‘ਰਾਵਣ ਹੀ ਰਾਵਣ’ ਸਿਰਫ ਕਾਵਿ ਸੰਗ੍ਰਹਿ ਨਹੀਂ, ਸਗੋਂ ਸਮਾਜ ਦੇ ਵੱਖ-ਵੱਖ ਮੁੱਦਿਆਂ ਦਾ ਦਰਪਣ ਹੈ। ਲੇਖਕ ਨੇ ਆਪਣੇ ਸ਼ਬਦਾਂ ਦੇ ਜ਼ਰੀਏ ਸਮਾਜ ਦੇ ਅਸਲੀ ਚਿਹਰੇ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਦੀ ਸਮਾਜਿਕ ਸੱਚਾਈ ਅਤੇ ਸੰਵੇਦਨਸ਼ੀਲਤਾ ਕਾਬਿਲ-ਏ-ਤਾਰੀਫ਼ ਹੈ। ਇਹ ਪੁਸਤਕ ਸਿਰਫ ਪਾਠਕਾਂ ਦੇ ਸੁਹਜ ਸਵਾਦ ਦੀ ਤ੍ਰਿਪਤੀ ਹੀ ਨਹੀਂ ਕਰਦੀ, ਬਲਕਿ ਉਨ੍ਹਾਂ ਨੂੰ ਸਮਾਜਕ ਬਦਲਾਅ ਲਈ ਪ੍ਰੇਰਿਤ ਵੀ ਕਰਦੀ ਹੈ।
‘ਰਾਵਣ ਹੀ ਰਾਵਣ’ ਜਿੱਥੇ ਪਾਠਕਾਂ ਅਤੇ ਆਲੋਚਕਾਂ ਲਈ ਮਾਣਨ ਅਤੇ ਅਧਿਐਨ ਦੀ ਪੁਸਤਕ ਹੈ, ਉੱਥੇ ਹੀ ਆਦਰਸ਼ ਸਮਾਜ ਦੀ ਨਿਰਮਾਣਕਾਰੀ ਲਈ ਇੱਕ ਮਹੱਤਵਪੂਰਨ ਦਸਤਾਵੇਜ਼ ਵੀ ਹੈ। ਇਹ ਪੁਸਤਕ ਵਿਚਲੀਆਂ ਰਚਨਾਵਾਂ ਪਾਠਕਾਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੀਆਂ ਹੋਈਆਂ ਸੱਚ ਦੇ ਮਾਰਗ ‘ਤੇ ਚੱਲਣ ਅਤੇ ਸਮਾਜ ਨੂੰ ਬਿਹਤਰ ਬਣਾਉਣ ਲਈ ਪ੍ਰੇਰਨ ਦੇ ਸਮਰੱਥ ਹਨ। ਪੁਸਤਕ 80 ਪੰਨਿਆਂ ਦੀ ਹੈ ਅਤੇ ਜੇ.ਪੀ. ਪਬਲੀਕੇਸ਼ਨ ਨੇ ਪ੍ਰਕਾਸ਼ਿਤ ਕੀਤੀ ਹੈ, ਤੇ ਕੀਮਤ 130 ਰੁਪਏ ਹੈ।

‘ਰਾਵਣ ਹੀ ਰਾਵਣ’ ਵਿੱਚੋਂ ਕੁਝ ਰਚਨਾਵਾਂ

ਕੈਦ ਕਰੋ, ਕੈਦ ਕਰੋ
ਇਹ ਰੁੱਤਾਂ ਕਿੱਥੋਂ ਆਈਆਂ ਨੇ, ਜੋ ਆਪਣੀ ਮਰਜ਼ੀ ਬਦਲ ਦੀਆਂ
ਇਹ ਪੌਣਾਂ ਕਿਹੜੇ ਦੇਸ ਦੀਆਂ, ਜੋ ਬਿਨ ਪੁੱਛੇ ਹੀ ਰੁਮਕਦੀਆਂ
ਇਹਨਾਂ ਰੁੱਤਾਂ ਨੂੰ ਵੀ ਕੈਦ ਕਰੋ, ਇਹਨਾਂ ਪੌਣਾਂ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਇਹ ਰੁੱਖ ਕਿਵੇਂ ਮਸਤੀ ‘ਚ ਖੜ੍ਹੇ, ਸਾਡੇ ਰਾਹਾਂ ‘ਚੋਂ ਨਹੀਂ ਹਟਦੇ
ਇਹ ਬੁੱਤ ਕਿਵੇਂ ਜੋ ਤਣੇ-ਤਣੇ, ਸਾਨੂੰ ਸਲਾਮਾਂ ਨਹੀਂ ਕਰਦੇ
ਇਹਨਾਂ ਰੁੱਖਾਂ ਨੂੰ ਵੀ ਕੈਦ ਕਰੋ, ਇਹਨਾਂ ਬੁੱਤਾਂ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਸਾਡੀ ਥੋਹਰਾਂ ਦੀ ਬਾੜੀ ਵਿੱਚ, ਚੌਲਾਂ ਦੀ ਖਿੜੀ ਬਹਾਰ ਕਿਵੇਂ
ਰੰਗ ਬਰੰਗੀਆਂ ਤਿਤਲੀਆਂ ਦੀ, ਫੁੱਲਾਂ ‘ਤੇ ਆਈ ਡਾਰ ਕਿਵੇਂ
ਇਹਨਾਂ ਫੁੱਲਾਂ ਨੂੰ ਵੀ ਕੈਦ ਕਰੋ, ਇਹਨਾਂ ਤਿਤਲੀਆਂ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਉਹ ਕਿਹੜੇ ਨੇ ਕਲਮਾਂ ਵਾਲੇ, ਜੋ ਸਾਡੇ `ਤੇ ਤਨਜ਼ਾਂ ਕੱਸਦੇ
ਉਹ ਕਿਹੜੇ ਨੇ ਗੁਸਤਾਖ ਲੋਕ, ਜੋ ਸਾਡੀ ਹਰ ਗੱਲ `ਤੇ ਹੱਸਦੇ
ਇਹ ਕਲਮਾਂ ਵਾਲੇ ਕੈਦ ਕਰੋ, ਇਹ ਹੱਸਣ ਵਾਲੇ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਜੋਬਨ ਮੱਤੀਆਂ ਮੁਟਿਆਰਾਂ ਨੇ, ਜਾਗੋ ਦੀ ਲਾਈ ਹੇਕ ਹੈ ਕਿਉਂ
ਮੁੱਛ-ਫੁੱਟ ਗੱਭਰੂ ਜਵਾਨਾਂ ਨੇ, ਨਗਾਰੇ `ਤੇ ਲਾਈ ਚੋਟ ਹੈ ਕਿਉਂ
ਇਹਨਾਂ ਮੁਟਿਆਰਾਂ ਨੂੰ ਕੈਦ ਕਰੋ, ਇਹ ਗੱਭਰੂ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਹੌਸਲਾ ਬੁੱਢੇ ਬਾਬਿਆਂ ਦਾ, ਦੇਖੇ ਕੁੱਲ ਜਹਾਨ ਪਿਆ
ਕੇਸਰੀ ਚੁੰਨੀਆਂ ਵਾਲੀਆਂ ਨੇ ਵੀ, ਕੀਤਾ ਸਾਨੂੰ ਪ੍ਰੇਸ਼ਾਨ ਬੜਾ
ਇਹ ਬੁੱਢੇ ਬਾਬੇ ਕੈਦ ਕਰੋ, ਇਹ ਕੇਸਰੀ ਚੁੰਨੀਆਂ ਕੈਦ ਕਰੋ
ਕੈਦ ਕਰੋ, ਕੈਦ ਕਰੋ।
***

ਗ਼ਜ਼ਲ
ਕਦੇ ਮਹਿਮਾਨ ਸੀ ਰੱਬ ਵਰਗੇ, ਹੁਣ ਇੱਕ ਵੀ ਵਾਧੂ ਲੱਗਦਾ ਹੈ
ਘਰ ਦਾ ਹਰ ਵਿਹਲਾ ਬੰਦਾ, ਹੁਣ ਸਭ ਨੂੰ ਵਾਧੂ ਲੱਗਦਾ ਹੈ।

ਘਰ ਦੇ ਬਜ਼ੁਰਗਾਂ ਨੂੰ ਕਦੇ, ਘਰ ਦਾ ਜਿੰਦਰਾ ਕਹਿੰਦੇ ਸੀ
ਹੁਣ ਤਾਂ ਘਰ ਦੇ ਹਰ ਕਮਰੇ ‘ਤੇ, ਵੱਖਰਾ ਜਿੰਦਰਾ ਲੱਗਦਾ ਹੈ।

ਇੱਕ ਰੂਹ ਦੋ ਜਿਸਮ ਜਿਹਾ, ਕਦੇ ਮੀਆਂ-ਬੀਵੀ ਦਾ ਰਿਸ਼ਤਾ ਸੀ
ਹੁਣ ਤਾਂ ਦਿਨ ਵਿੱਚ ਕਈ ਬਾਰ, ਦੋਹਾਂ ਦਾ ਅਖਾੜਾ ਲੱਗਦਾ ਹੈ।

ਗਰਮੀ ਸਰਦੀ ਬੁੱਢਾ ਬਾਪੂ, ਵਿਹੜੇ ਦੇ ਵਿੱਚ ਰੁਲਦਾ ਰਹੇ
ਟਿੱਲੇ ਵਾਲੇ ਸਾਧ ਦਾ ਆਸਣ, ਘਰ ਦੇ ਅੰਦਰ ਲੱਗਦਾ ਹੈ।

ਰੱਬ ਦੇ ਘਰ ਵਿੱਚ ਚੋਰ ਉਚੱਕੇ, ਲੰਬੇ ਚੋਲ਼ੇ ਪਾਈ ਫਿਰਨ
ਤਾਂ ਹੀ ਦਾਨ ਪਾਤਰਾਂ ‘ਤੇ ਹੁਣ, ਮੋਟਾ ਜਿੰਦਰਾ ਲੱਗਦਾ ਹੈ।

ਚੌਂਕ ‘ਚ ਬੈਠੇ ਮਜ਼ਦੂਰਾਂ ਵਾਂਗੂ, ਨੇਤਾ ਜੀ ਵੀ ਤਿਆਰ ਖੜੇ
ਮਰੀਆਂ ਜ਼ਮੀਰਾਂ ਵਾਲਿਆਂ ਦਾ ਹੁਣ, ਦੇਖੋ ਕਦੋਂ ਮੁੱਲ ਲੱਗਦਾ ਹੈ।

ਤੋਤੇ, ਚਿੜੀਆਂ, ਗੋਲੇ ਕਬੂਤਰ, ਲੱਭਿਆਂ ਵੀ ਹੁਣ ਲੱਭਦੇ ਨਹੀਂ
ਗਊਆਂ, ਵੱਛੀਆਂ ਤੇ ਸਾਨ੍ਹਾਂ ਦਾ, ਮੇਲਾ ਸੜਕਾਂ `ਤੇ ਲੱਗਦਾ ਹੈ।

ਵਿਦੇਸ਼ਾਂ ਵਿੱਚ ਪੱਕੇ ਹੋਣ ਲਈ, ਵਿਆਹ ਵੀ ਕੱਚੇ ਹੋ ਗਏ ਨੇ
ਇਸ਼ਤਿਹਾਰ ਕੱਚੇ ਵਿਆਹਵਾਂ ਦਾ, ਅਖ਼ਬਾਰਾਂ ਵਿੱਚ ਲੱਗਦਾ ਹੈ।

ਸ਼ਰਮ ਹਿਆ ਤਾਂ ਉਡ ਹੀ ਗਈ, ਬੇਸ਼ਰਮੀ ਦਾ ਆਲਮ ਹੈ
ਮੇਲਾ ਨੰਗੇ ਜਿਸਮਾਂ ਦਾ, ਹੁਣ ਸ਼ੱਰ੍ਹੇਆਮ ਹੀ ਲਗਦਾ ਹੈ।

ਮਾਸਾਹਾਰੀ ਲੋਕ ਨੇ ਭੈੜੇ, ਹੋਰਾਂ ਨੂੰ ਨਾ ਜਿਊਣ ਦੇਣ
ਆਪਣੀ ਰਸੋਈ ‘ਚ ਰਿੱਝਦਾ ਕੁੱਕੜ, ਸਭ ਨੂੰ ਚੰਗਾ ਲੱਗਦਾ ਹੈ।

ਏਕੇ ਦੇ ਵਿੱਚ ਬਰਕਤ ਭਾਰੀ, ਇਸ ਗੱਲ ਦੀ ਹੁਣ ਸਮਝ ਪਈ
ਇੱਕ ਹੀ ਬੋਤਲ ਦੇ ਵਿੱਚੋਂ, ਪੈੱਗ ਸਾਰੇ ਟੱਬਰ ਦਾ ਲੱਗਦਾ ਹੈ।
***

ਗ਼ਜ਼ਲ
ਕਦੇ ਜਿੱਤਾਂ ਦੇ ਕਦੇ ਹਾਰਾਂ ਦੇ, ਕਦੇ ਫੁੱਲਾਂ ਦੇ ਕਦੇ ਖਾਰਾਂ ਦੇ
ਚਰਚੇ ਤਾਂ ਹੁੰਦੇ ਰਹਿਣ ਸਦਾ, ਕਦੇ ਵਸਲਾਂ ਦੇ ਕਦੇ ਪਿਆਰਾਂ ਦੇ।

ਇਹ ਬੱਦਲ ਕਾਲੇ-ਕਾਲੇ ਜੋ, ਕਦੇ ਨਾਲ ਕੰਜੂਸੀ ਵਰ੍ਹਦੇ ਨੇ,
ਆਪਣੇ ਕਈ ਰੰਗ ਦਿਖਾ ਜਾਂਦੇ, ਕਦੇ ਡੋਬੂ ਬਣਨ ਕਿਆਰਾਂ ਦੇ।

ਲੰਮੀ ਜੋ ਉਡਾਰੀ ਲਾਉਣੀ ਹੈ, ਬੱਸ ਜੁੰਬਸ਼ ਹੋਣੀ ਚਾਹੀਦੀ
ਖੰਭ ਆਪੇ ਸਾਥ ਨਿਭਾਵਣਗੇ, ਅੰਬਰ ਵੱਲ ਤੇਰੀਆਂ ਮਾਰਾਂ ਦੇ।

ਮੰਜ਼ਿਲ `ਤੇ ਪਹੁੰਚਣ ਤੋਂ ਪਹਿਲਾਂ, ਰਾਹਾਂ ਵਿਚ ਰੁਕਣਾ ਵੀ ਪੈਣਾ
ਟੀਸੀ `ਤੇ ਜਦ ਪਰਚਮ ਲਹਿਰਾਏ, ਕਿੱਸੇ ਯਾਦ ਆਉਣ ਫੇਰ ਠਾਹਰਾਂ ਦੇ।

ਕੀ ਹੋਇਆ ਖ਼ਿਜਾਂ ਹੈ ਜੇ ਆਈ, ਇਸ ਨੂੰ ਵੀ ਸਹਿਣਾ ਹੀ ਪੈਣਾ
ਦਿਲ ਦੇ ਵਿੱਚ ਯਕੀਨ ਇਹ ਰੱਖ, ਇੱਥੇ ਪੈਰ ਵੀ ਪੈਣੇ ਬਹਾਰਾਂ ਦੇ।

ਲੁਕ-ਛਿਪ ਕੇ ਜੋ ਵਾਰ ਕਰਨ, ਇਹ ਕੰਮ ਨੇ ਧੋਖੇਬਾਜ਼ਾਂ ਦੇ
ਦੁਸ਼ਮਣ ਨੂੰ ਲਲਕਾਰਦੇ ਜੋ, ਇਹ ਹੌਸਲੇ ਹੋਣ ਸਰਦਾਰਾਂ ਦੇ।

ਦੋ ਮੂੰਹਿਆਂ ਦੇ ਸਿਰ ਫੇਹਣ ਲਈ, ਲੋੜ ਨਹੀਂ ਹੈ ਜ਼ੋਰਾਂ ਦੀ
ਢੰਗ ਹੱਥ ਪਾਉਣ ਦਾ ਸਿੱਖ ਲੈ ਤੂੰ, ਵਿੱਚ ਪਹਾੜਾਂ ਦੀਆਂ ਦਰਾਰਾਂ ਦੇ।

Leave a Reply

Your email address will not be published. Required fields are marked *