ਭਾਰਤ ਅਤੇ ਪਾਕਿਸਤਾਨ ‘ਚ ਲੋਕਾਂ ਨੂੰ ‘ਲੁੱਟਣ’ ਵਾਲੇ!

ਸਿਆਸੀ ਹਲਚਲ

ਸਿਆਸੀ ਤਨਜ਼
ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਕਲਮ ਦੀ ਤਨਜ਼ ਬੜੀ ਤਿੱਖੀ ਤੇ ਡੂੰਘੇ ਅਰਥਾਂ ਵਾਲੀ ਹੁੰਦੀ ਹੈ। ਉਹ ਬੜੇ ਸਹਿਜ, ਪਰ ਬੜੀ ਬੇਬਾਕੀ ਨਾਲ ਆਪਣੀ ਗੱਲ ਕਹਿ ਜਾਂਦੇ ਹਨ। ਉਨ੍ਹਾਂ ਦੇ ਵਲੌਗ ਪੜ੍ਹਨ ਤੇ ਮਾਨਣ ਵਾਲੇ ਹੁੰਦੇ ਹਨ। ਜਾਂ ਇਹ ਆਖ ਲਓ ਕਿ ਆਪਣੀਆਂ ਟਿੱਪਣੀਆਂ ਜ਼ਰੀਏ ਗੁੜ `ਚ ਕੁਨੈਨ ਪਾ ਕੇ ਦੇਣ ਦਾ ਵੱਲ ਉਨ੍ਹਾਂ ਨੂੰ ਆਉਂਦਾ ਹੈ। ਇਸੇ ਕਰਕੇ ਕਿਸੇ ਵੀ ਮੁੱਦੇ `ਤੇ ਉਨ੍ਹਾਂ ਦੀ ਟਿੱਪਣੀ ਪੜ੍ਹਨਯੋਗ ਹੁੰਦੀ ਹੈ। ਪਿੱਛੇ ਜਿਹੇ ਅੰਬਾਨੀ ਦੇ ਮੁੰਡੇ ਦੇ ‘ਬਬਲ ਗਮ’ ਵਾਂਗ ਲੰਮਾ ਸਮਾਂ ਚੱਲੇ ਵਿਆਹ ਉਤੇ ਵੀ ਉਨ੍ਹਾਂ ਵਿਅੰਗਮਈ ਸ਼ਗਨ ਪਾਇਆ ਸੀ। ਹਥਲੀ ਲਿਖਤ ਵਿੱਚ ਉਨ੍ਹਾਂ ਸੇਠਾਂ, ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਨੀਅਤ ਦਾ ਪਾਜ ਉਧੇੜਿਆ ਹੈ…

ਵੈਸੇ ਤਾਂ ਹਿੰਦੁਸਤਾਨ ‘ਚ ਵੀ ਵੱਡੇ-ਵੱਡੇ ਸੇਠ ਹਨ। ਕਈਆਂ ਉੱਤੇ ਇਲਜ਼ਾਮ ਲੱਗਦਾ ਹੈ ਕਿ ਉਹ ਮੁਲਕ ਨੂੰ, ਕੌਮ ਨੂੰ ਲੁੱਟ ਕੇ ਖਾ ਗਏ ਹਨ, ਪਰ ਆਖਿਰ ਨੂੰ ਸਾਰੇ ਹੱਥ ਬੰਨ੍ਹ ਕੇ ਭਾਰਤ ਮਾਤਾ ਨੂੰ ਸਲਾਮ ਹੀ ਕਰਦੇ ਹਨ। ਪਾਕਿਸਤਾਨ ‘ਚ ਕੁਝ ਪੁੱਠਾ ਹਿਸਾਬ ਹੈ। ਜਿਸ ਨੇ ਪਾਕਿਸਤਾਨ ਨੂੰ ਜ਼ਿਆਦਾ ਖਾਧਾ ਹੈ, ਰੱਜ ਕੇ ਖਾਧਾ ਹੈ, ਨਸਲੋਂ ਨਸਲੀ ਖਾਧਾ ਹੈ, ਉਹ ਸਭ ਤੋਂ ਜ਼ਿਆਦਾ ਰੋਂਦਾ ਹੈ ਤੇ ਨਾਲ ਹੀ ਪਾਕਿਸਤਾਨੀਆਂ ਨੂੰ ਤਾਅਨੇ ਵੀ ਮਾਰਦਾ ਹੈ।
ਪਹਿਲਾਂ ਕੋਈ ਵਾਲਾ ਬੰਦਾ ਅਮੀਰ ਹੋ ਕੇ ਕੋਠੀ ਬਣਾ ਲੈਂਦਾ ਸੀ ਅਤੇ ਬਾਹਰ ਹਾਜ਼ਾ ਮਿਨ ਫਜ਼ਲੇ ਰੱਬੇ ਅਲੀ ਦੀ ਤਖ਼ਤੀ ਲਗਾ ਲੈਂਦਾ ਸੀ ਤਾਂ ਕਿ ਕਿਸੇ ਦੀ ਭੈੜੀ ਨਜ਼ਰ ਵੀ ਨਾ ਲੱਗੇ ਤੇ ਕੋਈ ਇਹ ਵੀ ਨਾ ਪੁੱਛੇ ਕਿ ਤੇਰੇ ਕੋਲ ਇੰਨਾ ਮਾਲ ਆਇਆ ਕਿੱਥੋਂ? ਤਖ਼ਤੀ ਪੜ੍ਹ ਲਓ ਅਤੇ ਸਮਝ ਜਾਓ ਕਿ ਸਾਰਾ ਉੱਪਰ ਵਾਲੇ ਦਾ ਹੀ ਫਜ਼ਲ ਹੈ। ਇੱਥੇ ਕਿਸੇ ਮਜ਼ਦੂਰ ਦੀ ਦਿਹਾੜੀ ਲੱਗ ਜਾਵੇ ਤੇ ਸ਼ਾਮ ਨੂੰ ਉਸ ਨੂੰ ਪੂਰੀ ਮਿਲ ਵੀ ਜਾਵੇ ਤਾਂ ਉਹ ਰੱਬ ਦਾ ਸ਼ੁਕਰ ਕਰਕੇ ਘਰ ਚਲਾ ਜਾਂਦਾ ਹੈ।
ਬਾਕੀ ਸਾਡੇ ਸੇਠ, ਸ਼ਾਹੂਕਾਰ, ਸਿਆਸਤਦਾਨ ਅਤੇ ਜਨਰਲ ਭਰਾ ਖਰਬਾਂ ਖਾ ਕੇ ਡੱਕਾਰ ਵੀ ਨਹੀਂ ਮਾਰਦੇ ਤੇ ਉੱਤੋਂ ਇਹ ਵੀ ਕਹਿੰਦੇ ਹਨ ਕਿ ਪਾਕਿਸਤਾਨ ਬਹੁਤ ਹੀ ਕੋਝਾ ਮੁਲਕ ਹੈ ਤੇ ਪਾਕਿਸਤਾਨੀਆਂ ਨੇ ਸਾਡੀ ਕਦਰ ਨਹੀਂ ਕੀਤੀ। ਪਹਿਲਾਂ ਸਾਡੇ ਕੋਲ ਨਵਾਜ਼ ਸ਼ਰੀਫ ਸਾਹਿਬ ਹਨ। ਤਿੰਨ ਵਾਰ ਵਜ਼ੀਰ-ਏ-ਆਜ਼ਮ ਰਹੇ ਹਨ, ਜੇਲ੍ਹ ਵੀ ਗਏ ਹਨ, ਦੇਸ਼ ਨਿਕਾਲਾ ਵੀ ਕੱਟਿਆ ਹੈ, ਪਰ ਹੁਣ ਵੀ ਪੰਜਾਬ ਦੀ ਹੁਕਮਰਾਨ ਉਨ੍ਹਾਂ ਦੀ ਆਪਣੀ ਧੀ ਹੈ। ਪੂਰੇ ਮੁਲਕ ਦਾ ਵਜ਼ੀਰ-ਏ-ਆਜ਼ਮ ਉਨ੍ਹਾਂ ਦਾ ਛੋਟਾ ਭਰਾ ਹੈ। ਲੇਕਿਨ ਫਿਰ ਵੀ ਜਦੋਂ ਮੂੰਹ ਖੋਲ੍ਹਦੇ ਹਨ ਤਾਂ ਇਹ ਹੀ ਕਹਿੰਦੇ ਹਨ ਕਿ ਮੇਰੇ ਨਾਲ ਅਤੇ ਮੇਰੇ ਖ਼ਾਨਦਾਨ ਨਾਲ ਜਿੰਨਾ ਜ਼ੁਲਮ ਹੋਇਆ ਹੈ, ਓਨਾ ਪਾਕਿਸਤਾਨ ‘ਚ ਕਿਸੇ ਨਾਲ ਨਹੀਂ ਹੋਇਆ।
ਇੱਕ ਸਾਡੇ ਜਨਰਲ ਬਾਜਵਾ ਸਾਹਿਬ ਸਨ। ਤਿੰਨ ਸਾਲ ਲਈ ਆਰਮੀ ਚੀਫ਼ ਬਣੇ ਸਨ, ਫਿਰ ਸਿਆਸਤਦਾਨਾਂ ਦੀ ਗਿੱਚੀ ‘ਤੇ ਅੰਗੂਠਾ ਰੱਖ ਕੇ ਤਿੰਨ ਸਾਲ ਦੀ ਐਕਸਟੈਂਸ਼ਨ ਲਈ। ਇੱਕ ਵਜ਼ੀਰ-ਏ-ਆਜ਼ਮ ਨੂੰ ਫਾਰਿਕ ਕੀਤਾ, ਦੂਜੇ ਨੂੰ ਲੈ ਕੇ ਆਏ। ਫਿਰ ਉਸ ਨੂੰ ਵੀ ਕੱਢਿਆ, ਪਰ ਜਾਂਦੇ-ਜਾਂਦੇ ਆਪਣੇ ਅਲਵਿਦਾਈ ਖਿਤਾਬ ‘ਚ ਸੁਣਾ ਗਏ ਕਿ ਪਾਕਿਸਤਾਨੀਓ ਤੁਸੀਂ ਮੇਰੀ ਕਦਰ ਨਹੀਂ ਕੀਤੀ।
ਹੁਣ ਮਲਿਕ ਰਿਆਜ਼ ਸਾਹਿਬ ਨੇ ਬਿਹਰੀਆ ਟਾਊਨ ਵਾਲੇ, ਉਨ੍ਹਾਂ ਨੂੰ ਇਸ ਸੋਹਣੀ ਧਰਤੀ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਇਸ ਧਰਤੀ ਦੇ ਟੋਟੇ-ਟੋਟੇ ਕਰਕੇ ਪਲਾਟ ਬਣਾ ਕੇ, ਫਾਈਲਾਂ ਬਣਾ ਕੇ ਵੇਚੀਆਂ। ਸਰਕਾਰੀ ਜ਼ਮੀਨ ਸੀ, ਉਹ ਵੀ ਵੇਚ ਦਿੱਤੀ। ਕਿਸੇ ਮਾਤੜ੍ਹ ਕਿਸਾਨ ਦੀ ਜ਼ਮੀਨ ਸੀ, ਉਸ ‘ਤੇ ਵੀ ਕਬਜ਼ਾ ਹੋਇਆ ਅਤੇ ਉਨ੍ਹਾਂ ਦੀਆਂ ਕਾਲੋਨੀਆਂ ‘ਚ ਸ਼ਾਮਲ। ਮਲੀਰ ‘ਚ ਸਦੀਆਂ ਪੁਰਾਣੇ ਗੋਟ ਸਨ, ਉੱਥੇ ਉਨ੍ਹਾਂ ਨੇ ਬੁਲਡੋਜ਼ਾਰ ਚਲਾ ਛੱਡੇ। ਜਿਹੜੀ ਜ਼ਮੀਨ ਕਿਸੇ ਨਕਸ਼ੇ ‘ਤੇ ਮੌਜੂਦ ਹੈ ਹੀ ਨਹੀਂ ਸੀ, ਉਨ੍ਹਾਂ ਨੇ ਉਹ ਵੀ ਵੇਚ ਛੱਡੀ।
ਗੱਲ ਸੁਪਰੀਮ ਕੋਰਟ ਤੱਕ ਅੱਪੜੀ ਤੇ ਸਾਡੇ ਵੱਡੇ ਜੱਜਾਂ ਨੇ ਕਿਹਾ ਕਿ ਤੂੰ ਕਬਜ਼ੇ ਤਾਂ ਬਹੁਤ ਕੀਤੇ ਹਨ, ਉਨ੍ਹਾਂ ਦਾ ਹਿਸਾਬ ਤਾਂ ਅਸੀਂ ਲੈ ਨਹੀਂ ਸਕਦੇ। ਇਸ ਲਈ ਤੂੰ ਇੰਝ ਕਰ 400 ਅਰਬ ਜ਼ੁਰਮਾਨਾ ਭਰ ਦੇ ਤੇ ਆਪਣੇ ਧੰਦੇ ਨੂੰ ਜਾਰੀ ਰੱਖ। ਮਲਿਕ ਸਾਹਿਬ ਨੇ ਜ਼ੁਰਮਾਨਾ ਵੀ ਕੋਈ ਨਾ ਦਿੱਤਾ ਅਤੇ ਉਨ੍ਹਾਂ ਦੇ ਬੁਲਡੋਜ਼ਰ ਵੀ ਚੱਲਦੇ ਰਹੇ। ਹੁਣ ਇਮਰਾਨ ਖਾਨ ਵਾਲੇ ਕੇਸ ‘ਚ ਉਨ੍ਹਾਂ ਦਾ ਨਾਮ ਆਇਆ ਹੈ ਤੇ ਉੱਠ ਕੇ ਦੁਬਈ ਤੁਰ ਗਏ ਹਨ; ਤੇ ਉੱਥੋਂ ਬੈਠ ਕੇ ਸਾਨੂੰ ਜ਼ੁਲਮ ਦੀ ਦਾਸਤਾਨ ਸੁਣਾ ਰਹੇ ਹਨ।
ਫੁਰਮਾਉਂਦੇ ਹਨ, “ਪਾਕਿਸਤਾਨ ਮੇਂ ਕਾਰੋਬਾਰ ਕਰਨਾ ਕੋਈ ਆਸਾਨ ਕਾਮ ਨਹੀਂ। ਕਦਮ-ਕਦਮ ਪਰ ਰੁਕਾਵਟੋਂ ਕੇ ਬਾਵਜੂਦ 40 ਸਾਲ ਖੂਨ-ਪਸੀਨਾ ਏਕ ਕਰਕੇ ਅੱਲ੍ਹਾ ਕੇ ਫਜ਼ਲ ਸੇ ਬਿਹਰੀਆ ਟਾਊਨ ਬਨਾਇਆ।” ਫਿਰ ਫੁਰਮਾਉਂਦੇ ਹਨ, “ਮੈਂ ਦਿਲ ਮੇਂ ਏਕ ਤੂਫ਼ਾਨ ਲਿਏ ਬੈਠਾ ਹੂੰ। ਅਗਰ ਜੇ ਬੰਦ ਟੂਟ ਗਿਆ ਤੋ ਸਭ ਕਾ ਭਰਮ ਟੂਟ ਜਾਏਗਾ।” ਅਤੇ ਨਾਲ ਹੀ ਇੱਕ ਛੋਟੀ ਜਿਹੀ ਧਮਕੀ ਵੀ ‘ਕਿ ਯੇ ਮਤ ਭੂਲਣਾ ਕਿ ਪਿਛਲੇ 25-30 ਸਾਲੋਂ ਕੇ ਸਭ ਰਾਜ਼ ਸਬੂਤੋਂ ਕੇ ਸਾਥ ਮਹਿਫੂਜ਼ ਹੈਂ।’
ਪੰਜਾਬੀ ਵਿੱਚ ਮਲਿਕ ਸਾਹਿਬ ਫੁਰਮਾ ਰਹੇ ਕਿ ਤੁਸੀਂ ਸਾਰੇ ਮੇਰੇ ਕਾਣੇ ਹੋ, ਤੁਸੀਂ ਮੇਰਾ ਕੀ ਕਰ ਸਕਦੇ ਹੋ! ਉਨ੍ਹਾਂ ਦੀ ਗੱਲ ਸੱਚ ਵੀ ਲੱਗਦੀ ਹੈ। ਕਈ ਵਰ੍ਹੇ ਪਹਿਲਾਂ ਉਹ ਸੁਪਰੀਮ ਕੋਰਟ ‘ਚ ਪੇਸ਼ ਹੋਏ ਸਨ ਤੇ ਉਨ੍ਹਾਂ ਦੇ ਪਿੱਛੇ ਇੰਨੇ ਕੁ ਸੀਨੀਅਰ ਰਿਟਾਇਰ ਜਨਰਲ ਸਨ ਕਿ ਲੱਗਦਾ ਸੀ ਕਿ ਖੌਰੇ ਮਲਿਕ ਸਾਹਿਬ ਨੇ ਕੋਰ ਕਮਾਂਡਰਾਂ ਦੀ ਆਪਣੀ ਹੀ ਮੀਟਿੰਗ ਬੁਲਾਈ ਹੋਵੇ।
ਬਾਕੀਆਂ ਨੂੰ ਛੱਡੋ! ਅਸੀਂ ਮੀਡੀਆ ਵਾਲੇ ਮਲਿਕ ਸਾਹਿਬ ਦੇ ਸਭ ਤੋਂ ਵੱਡੇ ਕਾਣੇ ਹਾਂ। ਕਰਾਚੀ ਵਿੱਚ ਮੇਰੇ ਘਰ ਤੋਂ ਚਾਰ-ਪੰਜ ਗਲੀਆਂ ਛੱਡ ਕੇ ਮਲਿਕ ਸਾਹਿਬ ਜੁਨੂਬੀ ਏਸ਼ੀਆ ਦਾ ਸਭ ਤੋਂ ਵੱਡਾ ਟਾਵਰ ਬਣਾ ਰਹੇ ਸਨ। ਇੱਕ ਦਿਨ ਮੈਂ ਘਰੋਂ ਵੇਖਿਆ ਕੁਝ 60ਵੀਂ-62ਵੀਂ ਮੰਜ਼ਿਲ ‘ਤੇ ਵੱਡੀ ਅੱਗ ਲੱਗੀ ਸੀ। ਮੈਂ ਟੀਵੀ ਚੈਨਲ ਚੈੱਕ ਕੀਤੇ, ਪਰ ਕਿਤੇ ਕੋਈ ਖ਼ਬਰ ਨਹੀਂ। ਇੱਕ ਨਿਊਜ਼ਰੂਮ ਵਿੱਚ ਬੈਠੇ ਦੋਸਤ ਨੂੰ ਫੋਨ ਕੀਤਾ ਕਿ ਬਈ ਪੂਰੇ ਕਰਾਚੀ ਨੂੰ ਟਾਵਰ ‘ਚ ਲੱਗੀ ਅੱਗ ਨਜ਼ਰ ਆ ਰਹੀ ਹੈ, ਤੁਹਾਨੂੰ ਨਜ਼ਰ ਨਹੀਂ ਆ ਰਹੀ?
ਉਸ ਨੇ ਕਿਹਾ, ਤੁਸੀਂ ਆਪ ਸਿਆਣੇ ਹੋ ਏਵੇਂ ਜਬਲੀਆਂ ਨਾ ਮਾਰੋ। ਸਾਰੇ ਟੀਵੀ ਚੈਨਲਾਂ ਦਾ ਖਰਚਾ ਤੇ ਸਾਡੀਆਂ ਤਨਖਾਹਾਂ ਮਲਿਕ ਸਾਹਬ ਦੇ ਇਸ਼ਤਿਹਾਰਾਂ ਤੋਂ ਹੀ ਤਾਂ ਆਉਂਦੀਆ ਹਨ। ਜਿਹੜਾ ਬੰਦਾ ਆਪ ਕਾਣਾ ਹੋਵੇ, ਉਹ ਅੱਗੇ ਕਿਸੇ ਸੇਠ ਨੂੰ ਕੀ ਜਵਾਬ ਦੇ ਸਕਦਾ ਹੈ!
ਬਸ ਹੱਥ ਬੰਨ੍ਹ ਕੇ ਇਹ ਹੀ ਕਹਿ ਸਕਦਾ ਹਾਂ ਕਿ ‘ਜੇ ਸੋਹਣੀ ਧਰਤੀ ਦੇ ਟੋਟੇ-ਟੋਟੇ ਕਰਕੇ ਤੁਸੀਂ ਵੇਚੇ ਹਨ, ਬਿਲੀਨੀਅਰ ਬਣੇ ਹੋ ਤੇ ਹੁਣ ਵੀ ਇਸ ਦੇ ਨਾਲ ਸ਼ਿਕਾਇਤ ਹੈ ਤਾਂ ਫਿਰ ਹੋਰ ਮੁਲਕ ਲੱਭੋ ਅਤੇ ਉੱਥੇ ਜਾ ਕੇ ਹਾਜ਼ਾ ਮਿਨ ਫਜ਼ਲੇ ਰੱਬੀ ਵਾਲੀ ਤਖਤੀ ਲਗਾ ਲਓ!

ਇਲਮੋਂ ਬੱਸ ਕਰੀਂ ਓ ਯਾਰ
ਸੂਫੀ ਬਜ਼ੁਰਗਾਂ ਦਾ ਕਲਾਮ ਤੁਸੀਂ ਵੀ ਸੁਣਦੇ ਹੋਵੋਗੇ, ਅਸੀਂ ਵੀ ਸੁਣੀਦੇ ਹਾਂ। ਕੰਨਾਂ ਨੂੰ ਵੀ ਚੰਗਾ ਲੱਗਦਾ ਹੈ ਅਤੇ ਰੂਹ ਵੀ ਰਾਜ਼ੀ ਹੁੰਦੀ ਹੈ। ਲੇਕਿਨ ਕਦੇ-ਕਦੇ ਕੋਈ ਗੱਲ ਸਮਝ ਨਹੀਂ ਆਉਂਦੀ। ਬੁੱਲ੍ਹੇ ਸ਼ਾਹ ਦੀ ਮਸ਼ਹੂਰ ਕਾਫ਼ੀ ਹੈ, ਤੁਸੀਂ ਸੁਣੀ ਹੀ ਹੋਵੇਗੀ: ‘ਇਲਮੋਂ ਬਸ ਕਰੀਂ ਓ ਯਾਰ, ਇੱਕ ਅਲਫ਼ ਤੈਨੂੰ ਦਿਰਕਾਰ।’
ਮੈਂ ਹੈਰਾਨ ਹੁੰਦਾ ਸੀ ਕਿ ਆਪਣੇ ਜ਼ਮਾਨੇ ਦੇ ਹਿਸਾਬ ਨਾਲ ਬਲਕਿ ਸਾਰੇ ਜ਼ਮਾਨਿਆਂ ਦੇ ਹਿਸਾਬ ਨਾਲ ਬੁੱਲ੍ਹੇ ਸ਼ਾਹ ਇੱਕ ਆਲਮ ਆਦਮੀ ਹੈ। ਓਲਾ ਮੁਰਸ਼ਦ ਸ਼ਾਹ ਇਨਾਇਤ ਉਹ ਵੀ ਬੁੱਲ੍ਹੇ ਸ਼ਾਹ ਨੇ ਮਸ਼ਹੂਰ ਕੀਤਾ ਹੈ। ਹੁਣ ਵੀ ਸਾਨੂੰ ਜ਼ਿੰਦਗੀ ਵਿੱਚ ਕੋਈ ਮਸਲਾ ਹੋਵੇ ਤਾਂ ਅਸੀਂ ਬੁੱਲੇ ਸ਼ਾਹ ਦਾ ਕੋਈ ਨਾ ਕੋਈ ਸ਼ੇਅਰ ਸੁਣਾ ਛੱਡੀਦਾ ਹੈ।
ਮੈਂ ਹੈਰਾਨ ਸੀ ਕਿ ਇੰਨਾ ਪੜ੍ਹਿਆ ਬੁੱਲ੍ਹੇ ਲਿਖਿਆ ਆਲਮ ਆਦਮੀ ਸਾਨੂੰ ਤਾਲੀਮ ਤੋਂ ਕਿਉਂ ਮਨਾ ਕਰੀ ਜਾ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਬੁੱਲ੍ਹੇ ਸ਼ਾਹ ਦੇ ਸ਼ਹਿਰ ਕਸੂਰ ਦੇ ਨਾਲ ਹੀ ਲਾਹੌਰ ਹੈ, ਪੰਜਾਬ ਦਾ ਦਿਲ, ਉਥੇ ਕੁਝ ਸਟੂਡੈਂਟਸ ਦੇ ਨਾਲ ਟਾਕਰਾ ਹੋਇਆ ਤੇ ਪਹਿਲੀ ਦਫ਼ਾ ਸਮਝ ਆਈ ਕਿ ਬੁੱਲ੍ਹੇ ਸ਼ਾਹ ਇੰਨਾ ਐਂਟੀ ਐਜੂਕੇਸ਼ਨ ਕਿਉਂ ਹੋਇਆ ਸੀ!
ਮੇਰੀ ਆਪਣੀ ਤਾਲੀਮ ਕਿਉਂਕਿ ਪਿੰਡ ਦੇ ਟਾਟਾਂ ਵਾਲੇ ਸਕੂਲ `ਚ ਹੋਈ ਹੈ। ਮਾਸਟਰਾਂ ਦੇ ਡੰਡੇ ਖਾਧੇ ਹਨ। ਉਸ ਤੋਂ ਬਾਅਦ ਫੌਜੀ ਐਕਡਮੀਆਂ `ਚ ਪਰੇਡਾਂ ਕੀਤੀਆਂ ਹਨ ਤੇ ਉਥੇ ਵੀ ਉਨ੍ਹਾਂ ਨੇ ਸਾਨੂੰ ਅੰਗਰੇਜ਼ੀ `ਚ ਕੁਝ ਵੰਨ-ਸੁਵੰਨੀਆਂ ਗਾਲਾਂ ਸਿਖਾ ਕੇ, ਉਸ ਨੂੰ ਤਾਲੀਮ ਦਾ ਨਾਮ ਦੇ ਛੱਡਿਆ ਸੀ।
ਇਸ ਲਈ ਜਦੋਂ ਵੀ ਕਿਤੇ ਯੂਨੀਵਰਸਿਟੀ ਦੇ ਮੁੰਡੇ-ਕੁੜੀਆਂ ਨੂੰ ਵੇਖਣਾ ਤਾਂ ਇੰਝ ਜਾਪਦਾ ਹੈ ਕਿ ਤਾਲੀਮ ਤਾਂ ਇਹ ਹਾਸਲ ਕਰ ਰਹੇ ਹਨ, ਮੌਜਾਂ ਤਾਂ ਇਨ੍ਹਾਂ ਦੀਆਂ ਹਨ। ਪਰ ਇੱਥੇ ਜਿਹੜਾ ਵੀ ਸਟੂਡੈਂਟ ਮਿਲੇ, ਵੈਸੇ ਪੜ੍ਹਾਕੂ ਅਤੇ ਹੁਸ਼ਿਆਰ ਪਰ ਜ਼ਿੰਦਗੀ ਤੋਂ ਅਵਾਜ਼ਾਰ। ਪ੍ਰੋਫੈਸਰ ਨਾਲ ਗੱਲ ਕਰੋ ਤਾਂ ਉਹ ਸਟੂਡੈਂਟਸ ਤੋਂ ਅਵਾਜ਼ਾਰ। ਮੈਂ ਪੁੱਛਿਆ ਕਿ ਇਸ ਇਲਮ ਦੇ ਪੂਰੇ ਧੰਦੇ `ਚ ਖੁਸ਼ ਕੌਣ ਹੈ? ਪਤਾ ਲੱਗਿਆ ਕਿ ‘ਸੇਠ।’ ਉਹ ਸੇਠ ਜਿਨ੍ਹਾਂ ਨੇ ਵੱਡੇ-ਵੱਡੇ ਸਕੂਲ ਅਤੇ ਯੂਨੀਵਰਸਿਟੀਆਂ ਬਣਾਈਆਂ ਹਨ। ਫੀਸਾਂ ਇੰਨੀਆਂ ਜ਼ਿਆਦਾ ਰੱਖੀਆਂ ਹਨ ਕਿ ਇੰਝ ਲੱਗਦਾ ਹੈ ਕਿ ਤੁਹਾਡਾ ਬੱਚਾ ਕਿਸੇ ਨੇ ਅਗਵਾ ਕਰ ਲਿਆ ਹੋਵੇ ਅਤੇ ਤੁਹਾਨੂੰ ਹਰ ਸਮੈਸਟਰ `ਚ ਇੱਕ ਰੈਨਸਨ ਨੋਟ ਭੇਜੀ ਜਾਂਦੇ ਹਨ।
ਕਿਸੇ ਨੇ ਸਮਝਾਇਆ ਕਿ ਇਹ ਸ਼ਾਗਿਰਦ ਇਸ ਲਈ ਅਵਾਜ਼ਾਰ ਹਨ, ਕਿਉਂਕਿ ਇਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਇੰਨੀਆਂ ਮਹਿੰਗੀਆਂ-ਮਹਿੰਗੀਆਂ ਡਿਗਰੀਆਂ ਲੈ ਕੇ ਵੀ ਜਿਹੜੇ ਖਵਾਬ ਇਨ੍ਹਾਂ ਨੇ ਵੇਖੇ ਸਨ, ਉਹ ਪੂਰੇ ਨਹੀਂ ਹੋਣੇ। ਉਹ ਖਵਾਬ ਹੈ ਕੀ ਹਨ? ਉਹ ਉਹੀ ਖਵਾਬ ਹਨ, ਜਿਹੜੇ ਅਸੀਂ ਮਾਂ-ਪਿਓ ਬਚਪਨ ਤੋਂ ਇਨ੍ਹਾਂ ਨੂੰ ਵਿਖਾਉਣਾ ਸ਼ੁਰੂ ਕਰ ਦਿੰਦੇ ਹਾਂ।
ਤਾਲੀਮ ਨੂੰ ਜ਼ਿੰਦਗੀ-ਮੌਤ ਦਾ ਮਸਲਾ ਬਣਾ ਸਕਦੇ ਹਾਂ। ਬਸ ਪੁੱਤਰ ਮੈਟ੍ਰਿਕ `ਚ ਚੰਗੇ ਨੰਬਰ ਲੈ ਲਾ। ਇੰਨੇ ਉਹ ਲੈਵਲ ਅਤੇ ਇੰਨੇ ਇਹ ਲੈਵਲ ਕਰ ਲੈ ਤੇ ਜ਼ਿੰਦਗੀ ਤੇਰੀ ਸੈੱਟ ਹੋ ਜਾਵੇਗੀ। ਬਸ ਹੁਣ ਚਾਰ ਸਾਲ ਹੋਰ ਹਨ ਕੰਪਿਊਟਰ ਦੀ ਡਿਗਰੀ ਲੈ ਲਾ, ਫਿਰ ਅਮਰੀਕਾ ਅਤੇ ਯੂਰਪ ਵਾਲੇ ਤੈਨੂੰ ਘਰ ਬੈਠੇ ਨੌਕਰੀ ਦੇਣ ਆਉਣਗੇ। ਧੀਏ ਪੰਜ ਸਾਲ ਲਗਾ ਕੇ ਡਾਕਟਰੀ ਕਰ ਲੈ। ਪ੍ਰੈਕਟਿਸ ਭਾਵੇਂ ਨਾ ਕਰੀਂ, ਪਰ ਰਿਸ਼ਤਾ ਚੰਗਾ ਲੱਭ ਜਾਵੇਗਾ।
ਇਲਮ-ਸ਼ਿਲਮ ਬਸ ਇੱਕ ਬਹਾਨਾ ਹੈ। ਮਕਸਦ ਇਹੀ ਹੈ ਕਿ ਬਸ ਤਾਲੀਮ `ਤੇ ਪੈਸਾ ਖਰਚ ਕਰੋ, ਜਵਾਨੀ ਸਾੜੋ ਤੇ ਫਿਰ ਬਾਕੀ ਸਾਰੀ ਜ਼ਿੰਦਗੀ ਉਸ ਤਾਲੀਮ ਦੀ ਖੱਟੀ ਖਾਓ।
ਸ਼ਿਵ ਕੁਮਾਰ ਬਟਾਲਵੀ ਨੇ ਇੱਕ ਇੰਟਰਵਿਊ `ਚ ਕਿਹਾ ਸੀ ਕਿ “ਵਾਲਦੇਨ ਆਪਣੇ ਬੱਚੋਂ ਕੋ ਇਸ ਤਰ੍ਹਾਂ ਸੇ ਪੜ੍ਹਾਤੇ ਹੈਂ ਜਾਂ ਪੜ੍ਹਾਤੀ ਹੈਂ, ਜੈਸੇ ਵੋ ਜੂਆ ਖੇਲ ਰਹੇ ਹੋਂ। ਉਨ ਕੋ ਲਗਤਾ ਹੈ ਕਿ ਜੇ ਹਮਾਰੀ ਇਨਵੈਸਟਮੈਂਟ ਹੈ। ਏਕ ਦਿਨ ਇਸ ਕਾ ਹਮੇਂ ਰਿਟਰਨ ਮਿਲੇਗਾ, ਵਾਪਸੀ ਮਿਲੇਗੀ।”
ਤੇ ਜਿੱਥੇ ਜੂਆ ਹੁੰਦਾ ਹੋਵੇ, ਉੱਥੇ ਆਖਰਕਾਰ ਜਿੱਤਦਾ ਹਮੇਸ਼ਾ ਜੂਆਖਾਨੇ ਦਾ ਮਾਲਕ ਹੀ ਹੈ।
ਬੁੱਲ੍ਹੇ ਸ਼ਾਹ ਹੁਰਾਂ ਤੋਂ ਪੁਰਾਣਾ ਵੀ ਇੱਕ ਇਲਮ ਮੌਜੂਦ ਹੈ। ਉਹ ਇਹ ਕਿ ਜੇ ਤੁਸੀਂ ਅੱਜ ਰੁੱਖ ਲਗਾਓਗੇ ਤਾਂ ਆਪਣੀ ਜ਼ਿੰਦਗੀ ਵਿੱਚ ਉਸ ਦਾ ਫਲ ਤੁਹਾਨੂੰ ਨਸੀਬ ਨਹੀਂ ਹੋਵੇਗਾ, ਲੇਕਿਨ ਤੁਹਾਡੇ ਬੱਚੇ ਖਾਣਗੇ, ਅੱਗੇ ਉਨ੍ਹਾਂ ਦੇ ਬੱਚੇ ਖਾਣਗੇ। ਇਸ ਮਾਰਡਨ ਇਲਮ ਨੇ ਸਾਡੀ ਭੁੱਖ ਇੰਨੀ ਕੁ ਵਧਾ ਦਿੱਤੀ ਹੈ ਕਿ ਅਸੀਂ ਆਪਣੇ ਹਿੱਸੇ ਦਾ ਤਾਂ ਖਾਈ ਜਾ ਹੀ ਰਹੇ ਹਾਂ, ਪਰ ਆਪਣੇ ਬੱਚਿਆਂ ਲਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਵੀ ਕੁਝ ਨਹੀਂ ਛੱਡਣਾ।
‘ਪੜ੍ਹ-ਪੜ੍ਹ ਲਿਖ-ਲਿਖ ਲਾਵੇਂ ਢੇਰ
ਢੇਰ ਕਿਤਾਬਾਂ ਚਾਰ ਚੁਫੇਰ
ਕਰ ਦੇ ਚਾਣਨ ਵਿੱਚ ਹਨੇਰ
ਪੁੱਛੋ ਰਾਹ ਤਾਂ ਖ਼ਬਰ ਨਾ ਸਾਰ
ਇਲਮੋਂ ਬੱਸ ਕਰੀਂ ਓ ਯਾਰ।’

Leave a Reply

Your email address will not be published. Required fields are marked *