ਫਿਰੋਜ਼ਪੁਰੀ ਪਿੰਡਾਂ ਦੇ ਬਹਾਨੇ, ਪੰਜਾਬ ਦੇ ਪਿੰਡ

ਆਮ-ਖਾਸ

ਪਿੰਡ ਵਸਿਆਂ-20
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਫਿਰੋਜ਼ਪੁਰੀ ਪਿੰਡਾਂ ਦੇ ਬੰਨ੍ਹਣ ਦਾ ਸੰਖੇਪ ਜ਼ਿਕਰ…

ਵਿਜੈ ਬੰਬੇਲੀ
ਫੋਨ: +91-9463439075

ਅਣਵੰਡੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦਾ ਮੁੱਢ-ਕਦੀਮ ਗਜ਼ਟੀਅਰ ਸੰਨ 1888-89 ਵਿੱਚ ਸਮੇਂ ਦੀ ਬ੍ਰਿਟਿਸ਼ ਸਰਕਾਰ ਵਲੋਂ ਲਿਖਿਆ-ਛਾਪਿਆ ਗਿਆ ਸੀ। ਦਰਜ ਕੀਤਾ ਗਿਆ, “ਫਿਰੋਜ਼ਪੁਰ ਸ਼ਹਿਰ, 1881 ਤੋਂ ਵੱਡੀ ਫੌਜੀ ਛਾਉਣੀ ਵੀ ਹੈ। ਉਦੋਂ ਸ਼ਹਿਰ ਦੀ ਵਸੋਂ ਤਾਂ ਕਰੀਬ ਦਸ ਹਜ਼ਾਰ ਸੀ, ਪਰ ਛਾਉਣੀ ‘ਚ ਜੁਆਨਾਂ ਦੀ ਗਿਣਤੀ 39,570 ਹੈ। ਬਾਕੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਰ ਕੋਈ ਵੀ ਸ਼ਹਿਰ ਨਹੀਂ ਹੈ, ਪੰਜ ਕਸਬੇ ਕਹੇ ਜਾ ਸਕਦੇ ਹਨ। ਇਨ੍ਹਾਂ ਪੰਜ, ਹਿੰਦੂ-ਸਿੱਖ, ਪਰਗਣਿਆਂ (ਤਹਿਸੀਲਾਂ)- ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਜੀਰਾ ਅਤੇ ਮੋਗਾ ਵਿੱਚੋਂ ਮੁਕਤਸਰ ਤਹਿਸੀਲ ਦਾ ਜ਼ਿਆਦਾ ਇਲਾਕਾ ਨਵਾਬ ਮਮਦੌਟ ਦੀ ਜਗੀਰ ਸੀ, ਜਿਸ ਦੇ ਵਡੇਰੇ 1856 ਤੱਕ ਇਸ ਖਿੱਤੇ ‘ਤੇ ਰਾਜ ਕਰਦੇ ਰਹੇ ਸਨ।” ਲਿਖਿਆ ਗਿਆ, “ਮੋਗਾ, (ਜਿਹੜਾ ਹੁਣ ਜ਼ਿਲ੍ਹਾ ਸਦਰ-ਮੁਕਾਮ ਹੈ), 1888 ਵਿੱਚ ਇੱਕ ਛੋਟੇ ਪਿੰਡ ਦੀ ਨਿਆਂਈ ਸੀ। ਇੱਥੇ ਕੋਈ ਵੀ ਘਰ ਜਾਂ ਦੁਕਾਨ ਪੱਕੀ ਨਹੀਂ ਸੀ। ਕੇਂਦਰੀ ਪਿੰਡ ਹੋਣ ਦੇ ਬਾਵਜੂਦ ਅਨਾਜ ਮੰਡੀ ਵੀ ਨਹੀਂ ਸੀ। ਮਗਰੋਂ ਮੋਗੇ ਪੁਲਿਸ ਅਤੇ ਆਹਲਾ ਅਧਿਕਾਰੀਆਂ ਲਈ ਇੱਕ ਪੱਕਾ ਅਰਾਮਘਰ ਜ਼ਰੂਰ ਬਣਾਇਆ ਗਿਆ। ਜੰਗੀ ਅਹਿਮੀਅਤ ਦੇ ਬਾਵਜੂਦ ਇੱਥੇ ਕੋਈ ਫੌਜੀ ਕੈਮਪਿੰਗ ਮੈਦਾਨ ਨਹੀਂ ਸੀ। ਹਾਂ, ਫੌਜ ਦੇ ਉਤਾਰੇ ਲਈ ਡਗਰੂ (ਪਿੰਡ) ਅਤੇ ਮਹਿਣੇ (ਪਿੰਡ) ਦੇ ਖੇਤਾਂ-ਮੈਦਾਨਾਂ ਨੂੰ ਵਰਤਿਆ ਜਾਂਦਾ ਸੀ।”
1855 ਵਿੱਚ ਇੱਕ ਅੰਗਰੇਜ਼ ਦਾਨਿਸ਼ਵਰ ਮਿਸਟਰ ਬੈ੍ਰਂਡਰਥ ਫਿਰੋਜ਼ਪੁਰ ਦੇ ਪਿੰਡ ਬੱਝਣ ਬਾਰੇ ਲਿਖਦਾ ਹੈ, “ਫਿਰੋਜ਼ਪੁਰ ਅਤੇ ‘ਕਰੀਬ ਪੰਜਾਬ’ ਦੇ ਕਈ ਪਿੰਡ ਲਗਭਗ ਉਨ੍ਹਾਂ ਦਿਨਾਂ ਵਿੱਚ ਹੀ ਬੱਝੇ ਸਨ।” ਉਸ ਅਨੁਸਾਰ, “ਜ਼ਿਲ੍ਹੇ ਦੇ ਬਹੁਤੇ ਪਿੰਡ 50-60 ਸਾਲ ਤੋਂ ਵੱਧ ਪੁਰਾਣੇ ਨਹੀਂ ਹਨ।” ਇਸ ਦਾ ਅਰਥ ਇਹ ਹੈ ਕਿ ਜ਼ਿਲ੍ਹੇ ਦੇ ਬਹੁਤੇ ਪਿੰਡ ਮਹਿਜ਼ ਦੋ-ਸਵਾ ਦੋ ਸੋ ਸਾਲ ਹੀ ਪੁਰਾਣੇ ਹਨ, ਜਿਹੜੇ ਕਿ ਸੰਨ 1800 ਤੋਂ ਬਾਅਦ ਹੀ ਬੱਝੇ-ਵਸੇ ਹੋਣਗੇ। ਉਸ ਮੁਤਾਬਿਕ, “ਫਿਰੋਜ਼ਪੁਰ ਜ਼ਿਲ੍ਹੇ ਵਿੱਚ ਧੜਵੈਲ ਰਾਜਪੂਤ ਅਤੇ ਡੋਗਰ ਜ਼ਬਰਦਸਤੀ ਜ਼ਮੀਨ ਉਤੇ ਕਬਜ਼ਾ ਕਰਕੇ ਪਹਿਲਕਿਆਂ ਨੂੰ ਭਜਾ-ਉਜਾੜ ਦਿੰਦੇ ਸਨ।” ਪਰ ਜੱਟ ਤੈਅ-ਸ਼ੁਦਾ ਤਰੀਕੇ ਨਾਲ ਪਿੰਡ ਬੰਨਦੇ ਸਨ। ਜਦੋਂ ਕਿਸੇ ਕਾਰਨ ਜ਼ਮੀਨ ਦੀ ਹੋਰ ਲੋੜ ਭਾਸਦੀ ਤਾਂ ਉਹ ਕਿਸੇ ਹੋਰ ਢੁੱਕਵੇਂ ਪਾਸੇ ਖਾਲੀ ਭੋਇੰ ਲੱਭ ਕੇ ਉਥੇ ਪਿੰਡ ਦੀ ਮੋੜ੍ਹੀ ਗੱਡਣ ਦਾ ਤਰੱਦਦ ਕਰਦੇ। ਅਕਸਰ ਉਹ ਰਾਜਨੀਤਿਕ ਪ੍ਰਬੰਧਕਾਂ ਨੂੰ ਵੀ ਇਤਲਾਹ ਦਿੰਦੇ ਕਿ ਉਨ੍ਹਾਂ ਦਾ ਇਰਾਦਾ ਇੱਥੇ ਪਿੰਡ ਬੰਨਣ ਦਾ ਹੈ।
ਉਨ੍ਹਾਂ ਦਿਨਾਂ ਵਿੱਚ ਇੱਕ ‘ਕਾਰਦਾਰ’ ਨਾਮੀ ਸਰਕਾਰੀ ਅਹੁਦਾ ਹੁੰਦਾ ਸੀ। ‘ਕਾਰਦਾਰ’ ਇਲਾਕੇ ਦਾ ਦੌਰਾ ਕਰਦਾ, ਮਿਸਲ ਤਿਆਰ ਕਰਦਾ ਅਤੇ ਸਰਕਾਰ ਮਾਲਕ ਨੂੰ ਇਤਲਾਹ ਦਿੰਦਾ, ਜਿਹੜਾ ਸੰਭਵ ਨਜ਼ਰਾਨਾ ਜਾਂ ਹਕੂਮਤ ਪ੍ਰਤੀ ਭਰੋਸੇਯੋਗਤਾ ਲੈ ਕੇ ਕੁੱਝ ਨਿਯਮਾਂ-ਸ਼ਰਤਾਂ ਤਹਿਤ ਪਿੰਡ ਬੰਨ੍ਹਣ ਦੀ ਇਜਾਜ਼ਤ ਦਿੰਦੀ। ਕਈ ਵਾਰ ਹਕੂਮਤ ਕਿਸੇ ਨੂੰ, ਖਾਸ ਕਰ ਖੇਤੀਹਾਰਾਂ ਨੂੰ (ਬਹੁਤੇ ਜੱਟ) ਕੋਈ ਵੱਡਾ ਭੋਇੰ-ਟੁਕੜਾ ‘ਇਨਾਮ-ਸਤਿਕਾਰ’ ਵਜੋਂ ਵੀ ਦੇ ਦਿੰਦੀ, ਜਿੱਥੇ ਪਿੰਡ ਉੱਗ ਆਉਂਦਾ, ਪਰ ਅੰਗਰੇਜ਼ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੀ ਪਹਿਲਾਂ ਪਿੰਡ ਅਕਸਰ ਸੀਨੇ ਦੇ ਜ਼ੋਰ ਨਾਲ ਬੰਨ੍ਹੇ ਜਾਂਦੇ ਸਨ। ਹਾਂ, ਪਿੰਡਾਂ ਦੇ ਪੈਰ ਮੂਮਨ ਖਾਲਸਾ ਰਾਜ ਵੇਲੇ ਹੀ ਲੱਗਣੇ ਸ਼ੁਰੂ ਹੋਏ, ਜਦ ਸਿਆਸੀ ਹਫੜਾ-ਦਫੜੀ ਦਾ ਦੌਰ ਖ਼ਤਮ ਹੋਇਆ, ਉਸ ਤੋਂ ਪਹਿਲਾਂ ਦਾ ਸਮਾਂ ਤਾਂ ਮਹਿਜ਼ ਖੋਹ-ਖਿੰਝ ਦਾ ਹੀ ਸੀ।
ਪਿੰਡ ਬੰਨ੍ਹਣ ਦੀ ਇੱਕ ਵਿਸ਼ੇਸ ਰਸਮ ਹੁੰਦੀ। ਸੰਭਵ ਹੱਦ ਤੀਕ ਨੇੜੇ-ਤੇੜੇ ਦੇ ਮੋਹਤਬਰਾਨ ਨੂੰ ਸੱਦਿਆ ਜਾਂਦਾ। ਪਿੰਡ, ਜਿਹੜਾ ਕਿ ਅਕਸਰ ਉੱਚੇ ਥਾਵੇਂ ਬੰਨਿ੍ਹਆ ਜਾਂਦਾ, ਦੇ ਚੜ੍ਹਦੇ ਪਾਸੇ ਕਰੀਬ ਕੇਂਦਰ ‘ਚ, ਕਿਸੇ ਚੀੜ੍ਹੇ ਦਰੱਖਤ ਦੀ ਨਰੋਈ ਪਰ ਜਿਉਂਦੀ ਮੋੜ੍ਹੀ ਗੱਡੀ ਜਾਂਦੀ, ਜਿਹੜੀ ਅਕਸਰ ਹਰੀ ਹੋ ਜਾਂਦੀ। ਇਹ ਮੋੜ੍ਹੀ ਕੋਈ 5-7 ਹੱਥ ਲੰਬੀ ਹੁੰਦੀ, ਜਿਸਨੂੰ ਅਧਿਆਤਮਿਕ ਰਸਮਾਂ ਨਾਲ ਦੋ-ਚਾਰ ਹੱਥ, ਸਮੱਗਰੀਆਂ ਨਾਲ ਲਬਰੇਜ਼, ਟੋਏ ਵਿੱਚ ਸਿੱਧਾ ਗੱਡ ਦਿੱਤਾ ਜਾਂਦਾ ਸੀ। ਇਸ ਦੇ ਜੜ੍ਹ ਫੜ੍ਹ ਜਾਣ ਨੂੰ ਬੇਹੱਦ ਸ਼ੁੱਭ ਸਮਝਿਆ ਜਾਂਦਾ; ਅਕਸਰ ਬਨਸਪਤ ਵਿਗਿਆਨ ਅਨੁਸਾਰ ਅਜਿਹਾ ਵਾਪਰਦਾ।
ਪਿੰਡ ਬੱਝਣ ਬਾਅਦ ਕਬਜ਼ਈ-ਜ਼ਮੀਂ ਨੂੰ ਸਮੱਰਥਾ ਜਾਂ ਕੁਨਬੇ/ਧੜੇ ਅਨੁਸਾਰ ਵੰਡ-ਵਿਹਾਜ਼ ਲਿਆ ਜਾਂਦਾ। ਫਿਰ ਅੱਡ-ਅੱਡ ਲੋੜਾਂ ਤਹਿਤ ਹੋਰ ਜਾਤੀ-ਧਰਮੀਂ ਅਤੇ ਕਿਸਬੀ ਲਿਆਏ-ਵਸਾਏ ਜਾਂਦੇ। ਕਈ ਸ਼ਿਲਪੀ-ਕਿਰਤੀ-ਸ਼ਾਹ ਜਾਂ ਪ੍ਰੋਹਿਤ, ਆਪਣੀ ਰੋਜ਼ੀ-ਰੋਟੀ ਜਾਂ ਮਹੱਤਤਾ ਹਿੱਤ ਖੁਦ ਆ ਵੱਸਦੇ। ਜ਼ਮੀਨੀ ਵੰਡ ਨੂੰ ‘ਤਰਫ਼ੈਨ’ ਕਿਹਾ ਜਾਂਦਾ ਸੀ, ਜਿਹੜਾ ਕਿ ਫਾਰਸੀ ਦਾ ਸ਼ਬਦ ਹੈ, ਜਿਸਦਾ ਅਰਥ ਹੈ- ‘ਤਰਫ।’ ਬਲਦਾਂ ਦੀ ਇੱਕ ਜੋਗ ਮਗਰ ਵੱਧ ਤੋਂ ਵੱਧ 15 ਕਿੱਲੇ ਭੋਇੰ ਮਿਲਦੀ। ਹੋਰ ਕੰਮ-ਕਾਜ਼ੀਆਂ ਨੂੰ ਕਿੰਨਾ ਥਾਂ ਦੇਣਾ ਹੈ, ਇਹ ਵੀ ਤੈਅ ਹੁੰਦਾ। ਇਸ ‘ਤਰਫੈਨ’ ਨੂੰ ਫਿਰ ਅਗਾਂਹ ਕੁਨਬਾ-ਮੁਖੀਆਂ ਦਾ ਨਾਂ ਦਿੱਤਾ ਜਾਂਦਾ, ਜਿਸਨੂੰ ‘ਪੱਤੀਆਂ’ ਆਖਿਆ ਜਾਂਦਾ।
ਮਗਰੋਂ, ਮਾਲ-ਪ੍ਰਬੰਧ ਵਜੋਂ ਹਰ ਪੱਤੀ ਜਾਂ ਜਾਤ-ਸਮੂਹ ਦੇ ਅੱਡ-ਅੱਡ ‘ਨੰਬਰਦਾਰ’ ਨਿਯੁਕਤ ਹੋਏ, ਜਿਹੜੇ ਹੁਣ ਵੀ ਹਨ। ‘ਖੇਤੀ’ ਕਿਸੇ ਵੀ ਪਿੰਡ ਦਾ ਆਹਲਾ ਧੁਰਾ ਸੀ ਅਤੇ ਖੇਤੀ ਦਾ ਮੁੱਖ ਸਰੋਤ ਜ਼ਮੀਨ ਸੀ। ਰਕਬੇ ਦੇ ਸੌਖੇ ਪ੍ਰਬੰਧ ਵਜੋਂ ਬ੍ਰਿਟਿਸ਼ ਸਾਮਰਾਜ ਵੇਲੇ ਜ਼ਮੀਨੀ ਬੰਦੋਬਸਤ ਹੋਏ। ਇਤਿਹਾਸਕ ਕਾਲਾਂ ਵਜੋਂ ਇਹ ਪੰਜ ਸਨ, ਜਿਹੜੇ ਵੱਖ-ਵੱਖ ਇਲਾਕਿਆਂ ਵਿੱਚ ਸਿਰੇ ਚੜ੍ਹੇ: ਪਹਿਲਾ- 1846 ਤੋਂ 1863 ਤੱਕ ਦਾ ਬੰਦੋਬਸਤ; ਦੂਜਾ- 1863-1871 (ਇਨ੍ਹਾਂ ਦੋਹਾਂ ਦਾ ਮੁੱਖ ਕਮਿਸ਼ਨਰ ਮਿਸਟਰ ਐਡਵਰਡ ਪ੍ਰਿੰਸ ਸੀ); ਤੀਜਾ- ਮਿਸਟਰ ਜੇਮਜ਼ ਲਾਇਲ ਅਧੀਨ 1871/1879-1889; ਚੌਥਾ- ਕਰਨਲ ਵੇਸ ਤਹਿਤ 1879 ਤੋਂ 1889 ਵਿੱਚ ਸੰਪਨ ਹੋਇਆ। ਆਖਰੀ ਦਾ ਸਮਾਂ 1889 ਉਪਰੰਤ ਹੈ। ਮੇਰੇ ਪਿੰਡ ਬੰਬੇਲੀ (ਹੁਸ਼ਿਆਰਪੁਰ) ‘ਚ ਜ਼ਮੀਨੀ ਬੰਦੋਬਸਤ ਵੰਡ 1884 ਵਿੱਚ ਹੋਈ ਸੀ। ਸ਼ਾਇਦ ਤਾਹੀਂਓਂ ਬਾਬਾ ਕਹਿੰਦਾ ਹੁੰਦਾ ਸੀ, “ਸਹੀ ਮਾਇਨਿਆ ਵਿੱਚ ਤਾਂ ਸਾਡਾ ਪਿੰਡ 1884 ‘ਚ ਹੀ ਵਸਿਆ। ਪਹਿਲਾਂ ਤਾਂ ਐਂਵੇ…!”

Leave a Reply

Your email address will not be published. Required fields are marked *