ਪੰਜ ਆਬ ਤੋਂ ਢਾਈ ਆਬ ਤੱਕ : ਨਵੀਂ ਵਾਰਤਕ, ਨਵੀਂਆਂ ਦਿਸ਼ਾਵਾਂ

ਸਾਹਿਤਕ ਤੰਦਾਂ

ਪਰਮਜੀਤ ਢੀਂਗਰਾ
ਫੋਨ: +91-94173 58120
ਅਜੋਕੇ ਜੁੱਗ ਵਿੱਚ ਵਾਰਤਕ ਦੀ ਸਰਦਾਰੀ ਹੈ। ਸੂਚਨਾ ਤਕਨਾਲੌਜੀ ਦੇ ਦੌਰ ਵਿੱਚ ਸੁਨੇਹੇ ਤੇ ਗਿਆਨ ਦੇ ਪ੍ਰਸਾਰ ਲਈ ਵਾਰਤਕ ਦੀ ਲੋੜ ਪੈਂਦੀ ਹੈ। ਪੁਰਾਤਨ ਸਮਿਆਂ ਵਿੱਚ ਜਦੋਂ ਵਾਰਤਕ ਦਾ ਮੁਹਾਂਦਰਾ ਨਿਖਰਿਆ ਨਹੀਂ ਸੀ ਤਾਂ ਗਿਆਨ ਦੀ ਗੱਲ ਕਵਿਤਾ ਵਿੱਚ ਕਹਿਣ ਦਾ ਰਿਵਾਜ ਸੀ; ਪਰ ਓਦੋਂ ਕਹੀ ਗੱਲ ਕਈ ਵਾਰ ਅਧੂਰੇ ਤੇ ਭਰਮ ਉਪਜਾਊ ਅਰਥਾਂ ਦੀ ਵਾਹਕ ਬਣ ਜਾਂਦੀ ਸੀ। ਇਸ ਲਈ ਜਦੋਂ ਗਿਆਨ, ਵਿਗਿਆਨ ਵਾਲੇ ਸਪਸ਼ਟ ਅਰਥਾਂ ਦਾ ਧਾਰਨੀ ਬਣ ਗਿਆ ਤਾਂ ਨਵੀਂ ਵਾਰਤਕ ਦਾ ਜਨਮ ਹੋਇਆ।

ਇਸਨੇ ਗਿਆਨ ਨੂੰ ਸ਼ਾਸਤਰ ਵਿੱਚ ਢਾਲਣ ਦਾ ਕੰਮ ਕੀਤਾ ਤੇ ਨਵੀਂਆਂ ਗਿਆਨ ਪਰੰਪਰਾਵਾਂ ਦੀ ਸਿਰਜਣਾ ਕੀਤੀ। ਇਸ ਨਾਲ ਵਾਰਤਕ ਰੂਪਾਂ ਤੇ ਸ਼ੈਲੀਆਂ ਦੇ ਨਵੇਂ-ਨਵੇਂ ਵਰਗ ਸਾਹਮਣੇ ਆਏ। ਸਾਲ ਦਰ ਸਾਲ ਇਨ੍ਹਾਂ ਦਾ ਵਿਸਥਾਰ ਹੁੰਦਾ ਜਾ ਰਿਹਾ ਹੈ। ਜੇ ਇਹ ਕਹਿ ਲਈਏ ਕਿ ਭਾਸ਼ਾ ਵਾਰਤਕ ਰਾਹੀਂ ਵਿਕਾਸ ਕਰ ਰਹੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹਦੇ ਲਈ ਸਾਹਿਤਕ, ਵਿਗਿਆਨਕ, ਪੱਤਰਕਾਰਤਾ, ਧਾਰਮਿਕ, ਰਾਜਨੀਤਕ, ਗਿਆਨ ਮੂਲਕ, ਇਤਿਹਾਸ ਮੂਲਕ, ਸੂਚਨਾਵਾਂ, ਤਕਨਾਲੌਜੀ ਤੇ ਫਿਲਾਸਫੀਕਲ ਵਾਰਤਕ ਦੇ ਅਨੇਕਾਂ ਵਰਗ ਘੋਖੇ ਜਾ ਸਕਦੇ ਹਨ।
ਹਰ ਸਾਲ ਦੁਨੀਆ ਦੀਆਂ ਭਾਸ਼ਾਵਾਂ ਵਿੱਚ ਵਾਰਤਕ ਦੀਆਂ ਅਨੇਕਾਂ ਕਿਤਾਬਾਂ ਦੇ ਵੱਖ-ਵੱਖ ਵਰਗ ਸਾਹਮਣੇ ਆਉਂਦੇ ਹਨ। ਪੰਜਾਬੀ ਵਿੱਚ ਵੀ 2024 ਵਿੱਚ ਕੁਝ ਵਿਸ਼ੇਸ਼ ਵਾਰਤਕ ਪੁਸਤਕਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚੋਂ ਅਸੀਂ ਕੁਝ ਵਿਸ਼ੇਸ਼ ਦੀ ਚੋਣ ਕਰਕੇ ਉਨ੍ਹਾਂ ਦਾ ਲੇਖਾ-ਜੋਖਾ ਕਰਨ ਦੀ ਕੋਸ਼ਿਸ਼ ਕਰਾਂਗੇ।
ਅੱਜ ਕੱਲ੍ਹ ਪੰਜਾਬ ਕਈ ਤਰ੍ਹਾਂ ਦੇ ਸੰਕਟਾਂ ਵਿੱਚੋਂ ਲੰਘ ਰਿਹਾ ਹੈ। ਇਨ੍ਹਾਂ ਸੰਕਟਾਂ ਦੀ ਨਿਸ਼ਾਨਦੇਹੀ ਕਰਨ ਤੋਂ ਬਾਅਦ ਇਸਨੂੰ ਅੱਜ ਦੇ ਪ੍ਰਸੰਗ ਵਿੱਚ ਮੁੜ ਪਰਿਭਾਸ਼ਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਮਨਮੋਹਨ ਪੰਜਾਬੀ ਦਾ ਉੱਘਾ ਕਵੀ ਹੈ। ਪੰਜਾਬ ਬਾਰੇ ਉਹਦੀ ਨਵੀਂ ਕਿਤਾਬ ‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ…’ ਨੇ ਨਵੀਂ ਬਹਿਸ ਛੇੜੀ ਹੈ ਕਿ ਜੇ ਇਹੋ ਜਿਹਾ ਕੋਈ ਹੋਰ ਮੁਲਕ ਨਹੀਂ ਤਾਂ ਫਿਰ ਅੱਜ ਇਹ ਸੰਕਟਗ੍ਰਸਤ ਕਿਉਂ ਹੈ? ਨਸ਼ੇ, ਬੇਰੁਜ਼ਗਾਰੀ, ਪਲੀਤ ਹੋ ਗਏ ਪਾਣੀ, ਖੁਰਦੀ ਜਾ ਰਹੀ ਖੇਤੀ ਬਾੜੀ, ਵੱਧ ਰਿਹਾ ਪਰਵਾਸ, ਭਾਸ਼ਾ ਤੇ ਸਭਿਆਚਾਰ ਨੂੰ ਚੁਣੌਤੀਆਂ ਰਾਹੀਂ ਉਹ ਕਈ ਪ੍ਰਕਾਰ ਦੇ ਇਤਿਹਾਸਕ ਹਵਾਲਿਆਂ ਨਾਲ ਚਿੰਤਾਵਾਂ ਜ਼ਾਹਰ ਕਰਦਾ ਹੈ। ਇਨ੍ਹਾਂ ਵਿੱਚ ਕਈ ਵਿਰੋਧਾਭਾਸ ਵੀ ਨਜ਼ਰ ਆਉਂਦੇ ਹਨ, ਪਰ ਪੰਜਾਬ ਦੇ ਸੰਕਟਾਂ ਦੀ ਨਿਸ਼ਾਨਦੇਹੀ ਇਸ ਕਿਤਾਬ ਦਾ ਹਾਸਲ ਹੈ। ਇਨ੍ਹਾਂ ਲੇਖਾਂ ਵਿੱਚ ਕਈ ਦਿਸ਼ਾਵਾਂ ਤੇ ਪੱਖ ਉਭਰਦੇ ਹਨ, ਜੋ ਵਿਚਾਰ ਉਤੇਜਕ ਵੀ ਹਨ, ਸਵਾਲ ਵੀ ਖੜ੍ਹੇ ਕਰਦੇ ਹਨ ਤੇ ਬਹਿਸ ਲਈ ਵੰਗਾਰਦੇ ਵੀ ਹਨ। ਇਹ ਸੰਕਟ ਡਰ ਵੀ ਪੈਦਾ ਕਰਦੇ ਹਨ, ਪਰ ਇਨ੍ਹਾਂ ਦੇ ਹੱਲ ਵੀ ਵਿੱਚੇ ਹੀ ਪਏ ਹਨ, ਜਿਨ੍ਹਾਂ ਨੂੰ ਸੇਧਿਤ ਕਰਨਾ ਜ਼ਰੂਰੀ ਹੈ।
ਕਿਤਾਬਾਂ ਸਾਡੀ ਜ਼ਿੰਦਗੀ ਵਿੱਚ ਉਨ੍ਹਾਂ ਦੀਵਿਆਂ ਵਾਂਗ ਹਨ, ਜੋ ਸਿਰਫ਼ ਦੀਵਾਲੀ `ਤੇ ਹੀ ਨਹੀਂ ਸਗੋਂ ਪੂਰੀ ਜ਼ਿੰਦਗੀ ਦਿਨ ਰਾਤ ਬਲ਼ਦੇ ਹਨ। ਸੁਭਾਸ਼ ਪਰਿਹਾਰ ਉੱਘਾ ਇਤਿਹਾਸ ਲੇਖਕ ਤੇ ਸੰਸਾਰ ਸਾਹਿਤ ਦਾ ਜਾਗਰੂਕ ਪਾਠੀ ਹੈ। ਉਨ੍ਹਾਂ ਦੀ ਵਾਰਤਕ ਕਿਤਾਬ ‘ਕਿਤਾਬਾਂ ਦੀ ਕਿਤਾਬ’ ਇਸ ਵਰ੍ਹੇ ਵਿਸ਼ੇਸ਼ ਚਰਚਿਤ ਹੈ। ਇਤਿਹਾਸ ਤੇ ਸਾਹਿਤ ਬਾਰੇ ਉਨ੍ਹਾਂ ਨੇ ਜਿਨ੍ਹਾਂ ਕਿਤਾਬਾਂ ਦਾ ਨਿੱਠ ਕੇ ਪਾਠ ਕੀਤਾ, ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ ਤੇ ਨਿੱਕੇ-ਨਿੱਕੇ ਪਾਠ ਤਿਆਰ ਕੀਤੇ, ਜੋ ਇਸ ਵਿੱਚ ਦਰਜ ਹਨ। ਪਾਠਕੀ ਪ੍ਰਤੀਕਿਰਿਆ ਪੱਖੋਂ ਇਹ ਬੜੀ ਬੇਹਤਰੀਨ ਕਿਤਾਬ ਹੈ। ਕਿਸੇ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਉਹਦੇ ਬਾਰੇ ਪਾਠਕੀ ਪ੍ਰਤੀਕਿਰਿਆ ਔਖਾ ਤੇ ਜੋਖਮ ਭਰਿਆ ਕੰਮ ਹੈ, ਪਰ ਪਰਿਹਾਰ ਹੋਰਾਂ ਦੀ ਸੰਖੇਪ ਸ਼ੈਲੀ ਤੇ ਬੱਝਵੇਂ ਫਿਕਰੇ ਜਿੱਥੇ ਕਿਤਾਬ ਨੂੰ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ, ਓਥੇ ਗਿਆਨ ਦੇ ਸੋਮੇ ਵੀ ਹਨ। ਇਸ ਨੂੰ ਇਤਿਹਾਸ, ਸਾਹਿਤ (ਨਾਨ-ਫਿਕਸ਼ਨ), ਗੈਰ ਗਲਪ, ਸਾਹਿਤ (ਫਿਕਸ਼ਨ) ਦੇ ਵਰਗਾਂ ਵਿੱਚ ਵੰਡਿਆ ਹੋਇਆ ਹੈ।
ਯਾਦਾਂ ਜ਼ਿੰਦਗੀ ਦਾ ਕੀਮਤੀ ਸਰਮਾਇਆ ਹੁੰਦੀਆਂ ਹਨ, ਜੋ ਕਦੇ ਨਹੀਂ ਨਿਖੁਟਦੀਆਂ। ਸਾਧਾਰਨ ਵਿਅਕਤੀ ਵੀ ਜਦੋਂ ਮੂਡ ਵਿੱਚ ਹੋਵੇ ਤਾਂ ਬੀਤੇ ਨੂੰ ਯਾਦ ਕਰਕੇ ਕਦੇ ਖੁਸ਼ ਹੁੰਦਾ ਹੈ, ਕਦੇ ਝੂਰਦਾ ਹੈ; ਪਰ ਵਿਦਵਾਨ ਲੇਖਕ ਕੋਲ ਕਲਮ ਤੇ ਸ਼ਬਦਾਂ ਦੇ ਸੰਦੂਕ ਹੁੰਦੇ ਹਨ ਤੇ ਜਦੋਂ ਉਹ ਉਨ੍ਹਾਂ ਯਾਦਾਂ ਦੇ ਹਾਰ ਪਰੋ ਦਿੰਦਾ ਹੈ ਤਾਂ ਉਹ ਸੋਹਣੀਆਂ ਲਿਖਤਾਂ ਬਣ ਜਾਂਦੇ ਹਨ। ਸਤੀਸ਼ ਕੁਮਾਰ ਵਰਮਾ ਪੰਜਾਬੀ ਦਾ ਉੱਘਾ ਨਾਟਕਕਾਰ ਤੇ ਆਲੋਚਕ ਹੈ। ‘ਸਿਮਰਤੀਆਂ ਨੂੰ ਸਿਮਰਦਿਆਂ’ ਉਨ੍ਹਾਂ ਦੀ ਯਾਦਾਂ ਬਾਰੇ ਵਾਰਤਕ ਕਿਤਾਬ ਖਿੱਚ ਦਾ ਕਾਰਨ ਹੈ। ਇਸ ਵਿੱਚ ਉਨ੍ਹਾਂ ਨੇ ਆਪਣੀਆਂ ਯਾਦਾਂ ਤੇ ਅਨੁਭਵ ਨੂੰ ਸਾਂਝਿਆਂ ਕਰਦਿਆਂ ਨਾਟਕੀ ਪੁੱਠ ਦੇਣ ਦਾ ਜਤਨ ਕੀਤਾ ਹੈ। ਸੂਤਰਧਾਰ ਵਾਂਗ ਉਹ ਪਾਠਕ ਨੂੰ ਕਹਿੰਦੇ ਹਨ-ਆਓ ਦੇਵਿੰਦਰ ਸਤਿਆਰਥੀ ਨੂੰ ਮਿਲੀਏ, ਕਿਤੇ ਕਾਵਿ ਸ਼ੈਲੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ-ਮੇਰੀ ਟਰੰਕੀ ਮੇਰਾ ਹੈਲੀਪੈਡ। ਇਸੇ ਤਰ੍ਹਾਂ ਲਾਲੀ ਬਾਬੇ, ਚਰਨ ਦਾਸ ਸਿੱਧੂ, ਗੁਰਸ਼ਰਨ ਭਾ ਜੀ, ਸੁਲਤਾਨਾ ਬੇਗਮ ਆਦਿ ਰੇਖਾ ਚਿੱਤਰਾਂ ਵਰਗਾ ਪ੍ਰਭਾਵ ਸਿਰਜਦੇ ਹਨ। ਉਹ ਅਧਿਆਪਕ ਵਜੋਂ ਕਾਰਜਸ਼ੀਲ ਰਹੇ ਹਨ, ਇਸ ਲਈ ਆਲੋਚਨਾ ਦਾ ਪ੍ਰਭਾਵ ਸ਼ੈਲੀ ਨੂੰ ਪੁਖਤਾ ਕਰ ਦਿੰਦਾ ਹੈ। ਇਸ ਕਿਤਾਬ ਨੂੰ ਪੜ੍ਹਦਿਆਂ ਲੇਖਕਾਂ ਦੇ ਪ੍ਰਭਾਵ, ਉਨ੍ਹਾਂ ਦੀ ਸੋਚ ਤੇ ਕੰਮ ਕਰਨ ਦੀਆਂ ਬਾਰੀਕੀਆਂ ਬੜੀਆਂ ਕਮਾਲ ਦੀਆਂ ਹਨ। ਇਹ ਚਿਰ ਸਥਾਈ ਪ੍ਰਭਾਵ ਸਿਰਜਣ ਵਾਲੀ ਕਿਤਾਬ ਹੈ।
ਇਸ ਵਰ੍ਹੇ ਮੇਰੀਆਂ (ਪਰਮਜੀਤ ਢੀਂਗਰਾ) ਚਾਰ ਵਾਰਤਕ ਕਿਤਾਬਾਂ ਛਪੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਕਿਤਾਬ ‘ਕਿਤਾਬ ਜੋ ਅਜੇ ਬਾਕੀ ਹੈ’ ਡਾਇਰੀ ਦੇ ਰੂਪ ਵਿੱਚ ਹੈ। ਇਹ ਕੋਵਿਡ ਤੋਂ ਲੈ ਕੇ ਵਰਤਮਾਨ ਤੱਕ ਨਿਰੰਤਰ ਲਿਖੀ ਡਾਇਰੀ ਹੈ, ਜਿਸ ਵਿੱਚ ਲੋਕਧਾਰਾ, ਵਾਤਾਵਰਣ, ਸਾਹਿਤ, ਇਤਿਹਾਸ, ਵਿਗਿਆਨ, ਤਕਨਾਲੌਜੀ, ਨਸ਼ੇ, ਭਾਸ਼ਾ, ਸਭਿਆਚਾਰ ਤੇ ਰਾਜਨੀਤੀ ਆਦਿ ਅਨੇਕਾਂ ਵਿਸ਼ਿਆਂ ਬਾਰੇ ਗੱਲ ਕੀਤੀ ਹੈ। ਇਹ ਗਿਆਨ ਦੀ ਵਗਦੀ ਧਾਰਾ ਵਰਗੀ ਹੈ, ਜਿਸ ਵਿੱਚ ਜਿੱਥੋਂ ਦਿਲ ਕਰੇ ਚੁਲੀ ਭਰ ਕੇ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ। ਦੂਜੀ ਕਿਤਾਬ ‘ਇਸ਼ਕ ਦਾ ਜੋਗੀ’ ਹੈ, ਜਿਸ ਵਿੱਚ ਸੰਸਾਰ ਦੇ ਵੱਡੇ ਵੱਡੇ ਲੇਖਕਾਂ, ਪੇਂਟਰਾਂ ਦੀਆਂ ਮੁਹੱਬਤੀ ਦਾਸਤਾਨਾਂ ਦੇ ਨਾਲ ਨਾਲ ਨਾਜ਼ੀ ਕੈਂਪਾਂ ਦੇ ਦਰਦਨਾਕ ਕਿੱਸੇ ਵੀ ਸ਼ਾਮਲ ਹਨ। ਇਹ ਕਿਤਾਬ ‘ਇਸ਼ਕ ਦਾ ਰਾਹ ਅਵੱਲੜਾ’ ਦਾ ਦੂਸਰਾ ਭਾਗ ਹੈ। ਇਸੇ ਤਰ੍ਹਾਂ ਸੰਸਾਰ ਸਾਹਿਤ ਦੇ ਝਰੋਖਿਆਂ ਵਜੋਂ ‘ਅੰਬਰ ਚਾਨਣੇ’ ਤੇ ‘ਅੰਬਰਾਂ ਦੇ ਚੰਨ ਸੂਰਜ’ ਦੋ ਭਾਗਾਂ ਵਿੱਚ ਸੰਸਾਰ ਪ੍ਰਸਿੱਧ ਲੇਖਕਾਂ, ਚਿੰਤਕਾਂ ਤੇ ਵਿਦਵਾਨਾਂ ਬਾਰੇ ਵਾਰਤਕ ਲੇਖ ਹਨ। ਇਨ੍ਹਾਂ ਵਿੱਚ ਲੇਖਕਾਂ ਦੀ ਜ਼ਿੰਦਗੀ ਤੇ ਰਚਨਾਵਾਂ ਨੂੰ ਕਾਵਿਕ ਸ਼ੈਲੀ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹ ਸਾਰੀਆਂ ਕਿਤਾਬਾਂ ਵਿਸ਼ਵ ਪੱਧਰ ਦੇ ਸਾਹਿਤ ਨੂੰ ਕਲਾਵੇ ਵਿੱਚ ਲੈਂਦੀਆਂ ਜ਼ਿੰਦਗੀ ਨੂੰ ਸਮਝਣ ਤੇ ਮਨੁੱਖੀ ਮਨ ਵਿੱਚ ਸੁਹਜ ਸੰਚਾਰ ਕੇ ਪਾਠਕ ਨੂੰ ਵਿਸਮਾਦੀ ਅਵਸਥਾ ਵਿੱਚ ਲੈ ਜਾਂਦੀਆਂ ਹਨ।
ਸੂਚਨਾਵਾਂ ਦਾ ਸੰਸਾਰ ਵਿਲੱਖਣ ਤੇ ਵਿਸ਼ਾਲ ਹੈ। ਜਿਹੜਾ ਵਿਅਕਤੀ ਇਸ ਸਮੁੰਦਰ ਵਿੱਚ ਰਹਿੰਦਾ ਹੈ, ਉਹ ਇੱਕ ਤਾਕ ਸ਼ਿਕਾਰੀ ਵਾਂਗ ਸੂਚਨਾ ਵਿੱਚੋਂ ਨਵੀਂ ਗੱਲ ਲੱਭ ਲੈਂਦਾ ਹੈ। ਕੁਲਦੀਪ ਸਿੰਘ ਬੇਦੀ ਖਬਰਾਂ ਤੇ ਸਾਹਿਤ ਦਾ ਅਲੰਬਰਦਾਰ ਹੈ। ਜ਼ਿੰਦਗੀ ਦਾ ਵੱਡਾ ਹਿੱਸਾ ਉਨ੍ਹਾਂ ਅਖਬਾਰ ਵਿੱਚ ਖਬਰਾਂ ਬਣਾਉਂਦਿਆਂ ਤੇ ਸਾਹਿਤਕ ਪਾਠਾਂ ਦਾ ਵਿਸ਼ਲੇਸ਼ਣ ਕਰਦਿਆਂ ਬਿਤਾਇਆ ਹੈ। ‘ਅੱਧੀ ਸਦੀ ਦਾ ਸਫ਼ਰ’ ਕਿਤਾਬ ਇਸੇ ਦੀ ਦੇਣ ਹੈ। ਉਨ੍ਹਾਂ ਦੀ ਕਰਮਭੂਮੀ ਮਸ਼ੀਨਾਂ ਦੀ ਖੜ ਖੜ ਤੋਂ ਲੈ ਕੇ ਅੱਖਰਕਾਰੀ ਕਰਨ ਤੇ ਸੰਪਾਦਕੀ ਕੁਰਸੀ ਨਾਲ ਬੱਝੀ ਹੋਈ ਹੈ। ਆਪਣੇ ਬਾਰੇ ਉਨ੍ਹਾਂ ਲਿਖਿਆ ਹੈ, “ਮੇਰਾ ਲਿਖਣ ਦਾ ਕਾਰਜ ਤੇ ਪੱਤਰਕਾਰੀ ਨਾਲ ਜੁੜਨ ਦਾ ਕਾਰਜ ਲਗਪਗ ਇੱਕੋ ਵੇਲੇ ਅਰੰਭ ਹੋਇਆ, ਇਸਨੂੰ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਅੱਖਰਾਂ ਨਾਲ ਜੁੜਨ ਦੇ ਇਸ ਪੰਜਾਹ ਸਾਲ ਦੇ ਇਤਿਹਾਸ `ਚ ਮੈਂ ਕੀ ਕੁਝ ਦੇਖਿਆ ਤੇ ਮਹਿਸੂਸ ਕੀਤਾ, ਇਸ ਵਿੱਚ ਉਲੀਕਿਆ ਹੈ।” ਇਹ ਅਨੁਭਵ ਉਨ੍ਹਾਂ ਨੇ ਪੱਤਰਕਾਰੀ ਸ਼ੈਲੀ ਵਿੱਚ ਬੜੇ ਸਲੀਕੇ ਨਾਲ ਪੇਸ਼ ਕੀਤੇ ਹਨ। ਉਨ੍ਹਾਂ ਦੀ ਵਾਰਤਕ ਸਪਸ਼ਟ ਤੇ ਰੌਚਿਕ ਗੁਣਾਂ ਵਾਲੀ ਹੈ ਤੇ ਕਈ ਥਾਵਾਂ `ਤੇ ਲੰਮੇ ਵਹਾਅ ਵਿੱਚ ਲੈ ਜਾਂਦੀ ਹੈ। ਇਸਦਾ ਇੱਕ ਹੋਰ ਵੱਡਾ ਗੁਣ ਇਹ ਹੈ ਕਿ ਪੱਤਰਕਾਰੀ ਦੇ ਇਤਿਹਾਸ ਦੇ ਅਨੇਕਾਂ ਤੱਥ ਵੀ ਇਸ ਵਿੱਚ ਮੌਜੂਦ ਹਨ। ਅੱਧੀ ਸਦੀ ਨੂੰ ਕਿਤਾਬ ਵਿੱਚ ਸਮੇਟਨਾ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਰਗਾ ਕਰਮ ਹੈ, ਜੋ ਬੇਦੀ ਹੋਰਾਂ ਬਾਖੂਬੀ ਕਰ ਦਿਖਾਇਆ ਹੈ।
ਸਾਂਝਾਂ, ਦੋਸਤੀਆਂ, ਯਾਦਾਂ, ਯਾਤਰਾਵਾਂ, ਅਵਾਰਗੀਆਂ, ਸਾਹਿਤ ਦੀਆਂ ਪੜ੍ਹਤਾਂ, ਅਨੁਭਵਾਂ ਤੇ ਹੁੰਗਾਰਿਆਂ ਨੂੰ ਸੂਖਮ ਵਾਰਤਕ ਸ਼ੈਲੀ ਵਿੱਚ ਚਿਤਰਣ ਵਾਲਾ ਗੁਰਦੇਵ ਨਿਰਧਨ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਕਵਿਤਾ ਵਿੱਚ ਆਬਸ਼ਾਰਾਂ ਨੂੰ ਗੀਤ ਗਾਉਣ ਲਾ ਦਿੰਦਾ ਹੈ ਤੇ ਵਾਰਤਕ ਵਿੱਚ ਸ਼ਬਦਾਂ ਦੀ ਬਰਫਬਾਰੀ ਨੂੰ ਕੋਲਿਆਂ ਵਾਂਗ ਮਘਾ ਦੇਣ ਦਾ ਸਮਰੱਥ ਕਲਮਕਾਰ ਹੈ। ਇਸ ਵਰ੍ਹੇ ਉਹਦੀ ਵਾਰਤਕ ਕਿਤਾਬ ‘ਕਲਮੀ ਗੁਲਾਬ’ ਚਰਚਿਤ ਰਹੀ ਹੈ। ਇਸ ਵਿੱਚ ਉਹ ਕਿਤੇ ਲੇਖਕਾਂ ਦੀਆਂ ਯਾਦਾਂ ਚਿਤਰ ਰਿਹਾ ਹੈ, ਕਿਤੇ ਕਿਤਾਬਾਂ ਦੀਆਂ ਬਾਤਾਂ ਪਾ ਰਿਹਾ ਹੈ ਤੇ ਕਿਤੇ ਜ਼ਿੰਦਗੀ ਦੇ ਅਨੁਭਵ ਨੂੰ ਕਸ਼ੀਦ ਕਰਕੇ ਸਵੈ ਦੇ ਝਰੋਖਿਆਂ ਵਿੱਚੋਂ ਬੀਤੇ ਦੇ ਅਕਸ ਦਿਖਾ ਰਿਹਾ ਹੈ। ਇਸ ਵਿੱਚ ਅੰਮ੍ਰਿਤਾ ਪ੍ਰੀਤਮ ਤੋਂ ਲੈ ਕੇ ਲਾਲੀ ਬਾਬਾ, ਸ਼ਿਵ ਕੁਮਾਰ, ਹਰਿਭਜਨ ਸਿੰਘ, ਭੂਸ਼ਨ, ਨਵਤੇਜ ਭਾਰਤੀ, ਚੰਦਨ, ਰੋਡੇ, ਜੀਰਵੀ, ਗੁਰਬਚਨ, ਸੁਖਪਾਲ ਤੇ ਹੋਰ ਕਿੰਨੇ ਚਿਹਰੇ ਕਲਮੀ ਗੁਲਾਬਾਂ ਵਾਂਗ ਮਹਿਕ ਰਹੇ ਹਨ। ਬਰਫਨਾਮਾ ਤੋਂ ਲੈ ਕੇ ਸੰਤਾਲੀ ਦੀ ਵੰਡ, ਸਫਰਨਾਮਾ, ਵਿਦੇਸ਼ ਯਾਤਰਾ, ਨਵ-ਉਦਾਰਵਾਦ, ਮੋਟਲਨਾਮਾ, ਤੇ ਹੋਰ ਪ੍ਰਕਾਰ ਦੀ ਸਮੱਗਰੀ ਪਾਠਕ ਨੂੰ ਕੀਲਣ ਲਈ ਫਨ ਖਿਲਾਰੀ ਖੜ੍ਹੀ ਹੈ। ਇੱਕ ਵਿਦਵਾਨ ਨੇ ਠੀਕ ਕਿਹਾ ਹੈ ਕਿ ਇਹ ਸਭ ਤੇ ਹੋਰ ਬਹੁਤ ਕੁਝ ਉਹਦੀ ਜਾਦੂਈ ਵਾਰਤਕ ਵਿੱਚ ਆ ਉਤਰਿਆ ਹੈ, ਜੋ ਚਿੰਤਨ-ਦੇਹਾਂ ਬਣ ਕੇ ਪਾਠਕ ਨਾਲ ਦੋਸਤੀ ਨਿਭਾਉਣ ਦੇ ਸਮਰੱਥ ਹੈ।
ਕਾਵਿਮਈ ਵਾਰਤਕ ਉਹੀ ਲਿਖ ਸਕਦਾ ਹੈ, ਜੋ ਕਵੀ ਹੋਣ ਦੇ ਨਾਲ ਨਾਲ ਭਾਸ਼ਾ ਦੇ ਸੂਖਮ ਵਿਹਾਰ ਦੀ ਸੂਝ ਰੱਖਦਾ ਹੋਵੇ। ਅੰਬਰੀਸ਼ ਬਾਰੀਕ ਬੁੱਧ ਵਾਲਾ ਵੱਡਾ ਕਵੀ ਹੈ। ਉਹਦੀ ਕਾਵਿ ਆਬਸ਼ਾਰ ਵੱਖਰੇ ਸੁਭਾਅ ਤੇ ਰਾਹਾਂ ਦੀ ਪਾਂਧੀ ਹੈ। ਇਸੇ ਕਰਕੇ ਉਹਦੀ ਵਾਰਤਕ ਇੱਕ ਪਾਸੇ ਗਿਆਨ ਸਿਰਜਦੀ ਹੈ, ਸੂਚਨਾ ਦਿੰਦੀ ਹੈ ਤੇ ਦੂਜੇ ਪਾਸੇ ਕਾਵਿਕ ਮੁਹਾਵਰੇ ਵਿੱਚ ਬੰਨ੍ਹ ਦਿੰਦੀ ਹੈ। ਪਿਛਲੇ ਵਰ੍ਹੇ ਉਹਦੀਆਂ ਦੋ ਕਿਤਾਬਾਂ ‘ਘਾੜਤਾਂ’ ਅਤੇ ‘ਜਿਥੇ ਜੋਗੀ ਤਪ ਕਰਦੇ’ ਆਈਆਂ ਹਨ। ਪਹਿਲੀ ਕਿਤਾਬ ਨਿਬੰਧਾਂ ਦੀ ਹੈ ਤੇ ਦੂਜੀ ਪਹਾੜਾਂ `ਚ ਕੀਤੀਆਂ ਯਾਤਰਾਵਾਂ ਨਾਲ ਸੰਬੰਧਤ ਹੈ। ਘਾੜਤਾਂ ਵੱਡੇ ਆਕਾਰ ਦੀ ਕਿਤਾਬ ਹੈ। ਇਸਨੂੰ ਦਸ ਉਪ ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਸਦੇ ਵਿਸ਼ੇ ਤੇ ਸ਼ੈਲੀ ਨਿਵੇਕਲੀ ਤੇ ਵਿਚਾਰ ਉਤੇਜਕ ਹੈ। ਕਵੀਆਂ ਵਾਲੀ ਸੁਹਜ ਬਿਰਤੀ ਹਰ ਨਿਬੰਧ ਵਿੱਚ ਹਾਜ਼ਰ ਹੈ। ਅੰਗਰੇਜ਼ੀ ਦੇ ਕਈ ਸ਼ਬਦਾਂ ਦੀ ਪੰਜਾਬੀ ਵਿੱਚ ਵਧੀਆ ਘਾੜਤ ਕਰਨ ਦਾ ਯਤਨ ਕੀਤਾ ਹੈ। ਮਨੁੱਖੀ ਪ੍ਰਵਿਰਤੀਆਂ ਤੋਂ ਲੈ ਕੇ ਕਵਿਤਾ, ਭਾਸ਼ਾ, ਆਲੋਚਨਾ, ਰੁੱਤਾਂ, ਮਾਪੇ, ਸ਼ਹਿਰ, ਪਿੰਡ, ਧਰਤੀ, ਗ੍ਰਹਿ, ਬ੍ਰਹਿਮੰਡ, ਪੰਛੀ ਨਿਹਾਰਨ, ਬਿਰਖ, ਜੰਗਲੀ, ਫੁਲ, ਅਧਿਆਤਮ ਆਦਿ ਵਿਸ਼ਿਆਂ ਨਾਲ ਓਤਪੋਤ ਇਸ ਵਾਰਤਕ ਵਿੱਚ ਬਹੁਤ ਕੁਝ ਹੈ। ਇਸੇ ਤਰ੍ਹਾਂ ਦੀ ਦੂਜੀ ਯਾਤਰਾਵਾਂ ਬਾਰੇ ਕਿਤਾਬ ਹੈ। ਇਸ ਵਿੱਚ ਹਿਮਾਚਲ, ਜੰਮੂ ਕਸ਼ਮੀਰ, ਪੰਜਾਬ, ਉਤਰਾਖੰਡ ਤੇ ਉਤਰ-ਪੂਰਬ ਵੱਲ ਕੀਤੀਆਂ ਯਾਤਰਾਵਾਂ ਦੇ ਰੌਚਕ ਵੇਰਵੇ, ਅਨੁਭਵ ਤੇ ਲੋਕਾਂ, ਵਸਤਾਂ ਨਾਲ ਮੇਲ ਮਿਲਾਪ ਨੂੰ ਕਾਵਿਕ ਸ਼ੈਲੀ ਵਿੱਚ ਪੇਸ਼ ਕਰਨ ਦਾ ਯਤਨ ਸ਼ਲਾਘਾਯੋਗ ਹੈ।
ਪੰਜਾਬੀ ਵਿੱਚ ਚਿੱਤਰਕਾਰੀ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ, ਜਦ ਕਿ ਪੰਜਾਬ ਵਿੱਚ ਕਈ ਪ੍ਰਸਿੱਧ ਚਿੱਤਰਕਾਰ ਹੋਏ ਹਨ, ਜਿਨ੍ਹਾਂ ਦੀ ਕੌਮਾਂਤਰੀ ਪਛਾਣ ਹੈ। ਦਰਅਸਲ ਇਹ ਕੰਮ ਉਹੀ ਕਰ ਸਕਦਾ ਹੈ, ਜਿਸਨੂੰ ਲੇਖਣੀ ਦੇ ਨਾਲ ਨਾਲ ਰੰਗਾਂ, ਖਾਕਿਆਂ ਤੇ ਬੁਰਸ਼ ਦਾ ਸੂਖਮ ਗਿਆਨ ਹੋਵੇ। ਜਗਤਾਰਜੀਤ ਪੰਜਾਬੀ ਦਾ ਉੱਘਾ ਕਵੀ ਤੇ ਆਲੋਚਕ ਹੈ। ਉਸਨੂੰ ਰੰਗਾਂ, ਖਾਕਿਆਂ ਤੇ ਉਨ੍ਹਾਂ ਪਿਛੇ ਛੁਪੇ ਅਰਥਾਂ ਦੀ ਪਛਾਣ ਹੈ। ਇਸ ਵਰ੍ਹੇ ਉਹਦੀ ਵਾਰਤਕ ਕਿਤਾਬ ‘ਸੰਤਾਲੀ ਤੋਂ ਚੁਰਾਸੀ ਤੱਕ’ ਵਿਸ਼ੇਸ਼ ਧਿਆਨ ਖਿੱਚਦੀ ਹੈ। ਸੰਤਾਲੀ ਤੇ ਚੁਰਾਸੀ ਦੋਵੇਂ ਅਜਿਹੇ ਸੰਤਾਪ ਹਨ, ਜਿਨ੍ਹਾਂ ਨੂੰ ਪੰਜਾਬੀਆਂ ਨੇ ਆਪਣੇ ਪਿੰਡੇ `ਤੇ ਹੰਡਾਇਆ ਹੈ। ਸਿੱਖ ਜਗਤ ਵਿੱਚ ਚੁਰਾਸੀ ਦਾ ਸੰਤਾਪ ਕਦੇ ਨਾ ਭੁੱਲਣਯੋਗ ਵਰਤਾਰਾ ਹੈ। ਇਨ੍ਹਾਂ ਦੋਹਾਂ ਸੰਤਾਪਾਂ ਨੂੰ ਜਿੱਥੇ ਨਾਵਲਾਂ, ਕਹਾਣੀਆਂ ਤੇ ਕਵਿਤਾਵਾਂ ਵਿੱਚ ਪੇਸ਼ ਕੀਤਾ ਗਿਆ, ਓਸੇ ਤਰ੍ਹਾਂ ਚਿੱਤਰਕਾਰਾਂ ਨੇ ਰੰਗਾਂ ਤੇ ਬੁਰਸ਼ ਨਾਲ ਇਨ੍ਹਾਂ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਵਿੱਚ ਲੇਖਕ ਨੇ ਪ੍ਰਮੁੱਖ ਪੇਂਟਰਾਂ ਸੋਭਾ ਸਿੰਘ, ਧੰਨਰਾਜ, ਪ੍ਰਾਨ ਨਾਥ ਮਾਗੋ, ਸਤੀਸ਼ ਗੁਜਰਾਲ, ਪ੍ਰੇਮ ਸਿੰਘ, ਸੁਰਜੀਤ ਅਕਰੇ ਤੇ ਸਿੰਘ ਟਵਿਨਜ਼ ਤੋਂ ਇਲਾਵਾ ਕੁਝ ਹੋਰ ਚਿੱਤਰਕਾਰਾਂ ਦੀਆਂ ਕਲਾ ਕਿਰਤਾਂ ਨੂੰ ਅਰਥਵਾਨ ਕਰਨ ਲਈ ਉਨ੍ਹਾਂ ਦੇ ਸੂਖਮ ਵੇਰਵਿਆਂ ਤੇ ਰੰਗਾਂ ਦੀ ਪੇਸ਼ਕਾਰੀ ਨੂੰ ਫੜਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਉੱਘੇ ਚਿੱਤਰਕਾਰ ਕਿਰਪਾਲ ਸਿੰਘ ਦੀ ਜੀਵਨੀ ਤੇ ਚਿੱਤਰਾਂ ਦਾ ਵਿਸ਼ਲੇਸ਼ਣ ਦੂਜੀ ਕਿਤਾਬ ‘ਚਿੱਤਰਕਾਰ-ਕਿਰਪਾਲ ਸਿੰਘ’ ਵਿੱਚ ਓਸੇ ਅੰਦਾਜ਼ ਵਿੱਚ ਕੀਤਾ ਹੈ। ਕਿਰਪਾਲ ਸਿੰਘ ਨੇ ਰੰਗਾਂ ਤੇ ਬੁਰਸ਼ ਰਾਹੀਂ ਸਿੱਖ ਇਤਿਹਾਸ ਤੇ ਯੋਧਿਆਂ ਨੂੰ ਉਨ੍ਹਾਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਰੂਪ ਵਿੱਚ ਚਿਤਰਿਆ ਹੈ।
ਵਾਰਤਕ ਰੂਪਾਂ ਵਿੱਚ ਡਾਇਰੀ ਤੇ ਰੇਖਾ ਚਿੱਤਰ ਵਿਸ਼ੇਸ਼ ਸਥਾਨ ਰੱਖਦੇ ਹਨ। ਡਾਇਰੀ ਲਿਖਣ ਦਾ ਰਿਵਾਜ ਘੱਟ ਹੈ। ਡਾਇਰੀ ਇੱਕ ਤਰ੍ਹਾਂ ਨਾਲ ਲੇਖਕ ਦੀ ਜ਼ਿੰਦਗੀ ਤੇ ਅਨੁਭਵ ਦਾ ਮੌਖਿਕ ਇਤਿਹਾਸ ਹੁੰਦਾ ਹੈ। ਇਸ ਵਰ੍ਹੇ ਨਿੰਦਰ ਘੁਗਿਆਣਵੀ ਦੀ ਡਾਇਰੀ ‘ਮੇਰਾ ਸੰਖਨਾਦ’ ਛਪੀ ਹੈ। ਇਸ ਵਿੱਚ ਕਾਫੀ ਕੁਝ ਪੇਂਡੂ ਅਨੁਭਵ ਤੇ ਬਾਕੀ ਦਾ ਚੰਡੀਗੜ੍ਹ ਦੇ ਰੋਜ਼ ਗਾਰਡਨ ਨਾਲ ਸੰਬੰਧਤ ਹੈ। ਇਸ ਵਿੱਚ ਰੁੱਤਾਂ, ਪ੍ਰਭਾਤ, ਪੰਛੀ, ਰੁੱਖ, ਵਣ-ਤ੍ਰਿਣ ਤੇ ਵਰਖਾ ਦੀਆਂ ਵਾਰਤਕ ਟੁੱਕੜੀਆਂ ਸ਼ਾਮਲ ਹਨ। ਇਸਦੇ ਨਾਲ ਕੁਝ ਨੇੜਲਿਆਂ ਦੀਆਂ ਯਾਦਾਂ ਵੀ ਅੰਕਿਤ ਹਨ, ਜੋ ਇਸ ਦੁਨੀਆ ਤੋਂ ਰੁਖਸਤ ਹੋ ਗਏ। ਨਿੰਦਰ ਨੂੰ ਵਿਅੰਗ ਤੇ ਪ੍ਰਗਟਾਊ ਸ਼ੈਲੀ ਦਾ ਸ਼ਰਫ ਹਾਸਲ ਹੈ। ਉਸ ਸੰਖੇਪ ਤੇ ਸੰਜਮੀ ਭਾਸ਼ਾ ਵਿੱਚ ਗੱਲ ਕਹਿਣ ਦਾ ਮਾਹਰ ਹੈ। ਇਸੇ ਸਾਲ ਉਹਦੀ ਵਾਰਤਕ ਦੀ ਇੱਕ ਹੋਰ ਕਿਤਾਬ ‘ਮੇਰੇ ਆਪਣੇ ਲੋਕ’ ਆਈ ਹੈ। ਇਸ ਵਿੱਚ ਉਹਨੇ ਲੇਖਕਾਂ, ਕਲਾਕਾਰਾਂ ਤੇ ਮਿੱਤਰਾਂ ਦੇ ਰੇਖਾ ਚਿੱਤਰ ਲਿਖੇ ਹਨ। ਰੇਖਾ ਚਿੱਤਰਾਂ ਵਿੱਚ ਵੀ ਉਹਨੇ ਕਮਾਲ ਦੇ ਖਾਕੇ ਚਿਤਰੇ ਹਨ। ਵਾਰਤਕ ਰਾਹੀਂ ਉਹ ਵਿਅਕਤੀ ਨੂੰ ਸਾਕਾਰ ਕਰਨ ਦਾ ਹੁਨਰ ਰੱਖਦਾ ਹੈ। ਉਹਦੀ ਸ਼ੈਲੀ ਤੇ ਮੁਹਾਵਰੇ ਵਿੱਚ ਪੇਂਡੂ ਰਹਿਤਲ ਦੀ ਪੁੱਠ ਨਜ਼ਰ ਆਉਂਦੀ ਹੈ। ਮਲਵਈ ਭਾਸ਼ਾ ਦੇ ਪਰਛਾਵੇਂ ਵੀ ਉਹਦੀ ਲੇਖਣੀ ਦਾ ਅੰਗ ਹਨ।
ਯੂਨਾਨ ਨਾਲ ਪੰਜਾਬ ਦਾ ਇਤਿਹਾਸਕ ਸੰਬੰਧ ਰਿਹਾ ਹੈ, ਪਰ ਇਸ ਬਾਰੇ ਖੋਜ ਕਾਫੀ ਘੱਟ ਹੋਈ ਹੈ। ਯੂਨਾਨੀ ਇਤਿਹਾਸ, ਮਿੱਥਾਂ ਤੇ ਸਾਹਿਤ ਨੇ ਦੁਨੀਆ ਵਿੱਚ ਅਮਿੱਟ ਛਾਪ ਛੱਡੀ ਹੈ। ‘ਯੂਨਾਨੀ ਤਿੱਬ’ ਅਥਵਾ ਇਲਾਜ ਪ੍ਰਣਾਲੀ ਪੰਜਾਬ ਵਿੱਚ ਬੜਾ ਚਿਰ ਪ੍ਰਚਲਤ ਰਹੀ ਹੈ, ਪਰ ਹੌਲੀ ਹੌਲੀ ਉਹਦਾ ਭੋਗ ਪੈ ਗਿਆ। ‘ਯੂਨਾਨੀ ਸੱਭਿਅਤਾ ਦੀਆਂ ਅਮਿੱਟ ਪੈੜਾਂ’ ਨਾਂ ਦੀ ਵਾਰਤਕ ਕਿਤਾਬ ਦੇ ਲੇਖਕ ਪ੍ਰੇਮ ਪਾਲੀ ਹਨ ਤੇ ਮਨਜੀਤ ਪੁਰੀ ਨੇ ਇਹਦੀ ਸੰਪਾਦਨਾ ਕੀਤੀ ਹੈ। ਇਸ ਵਿੱਚ ਕਲਾਸੀਕਲ ਯੂਨਾਨੀ ਸਾਹਿਤ ਦੀਆਂ ਕਈ ਪਰਤਾਂ ਖੋਲ੍ਹੀਆਂ ਹਨ। ਯੂਨਾਨੀ ਕਲਾ, ਇਤਿਹਾਸ, ਬੁੱਤ ਤਰਾਸ਼ੀ, ਫਲਸਫੇ, ਓਲਿੰਪਕ ਖੇਡਾਂ ਤੇ ਨਾਟਕ ਪਰੰਪਰਾ ਬਾਰੇ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈ। ਸੰਜਮਤਾ ਤੇ ਸੰਖੇਪਤਾ ਇਸਦਾ ਹਾਸਲ ਹੈ। ਲੇਖਕ ਕੋਲ ਪ੍ਰਗਟਾਉਣ ਲਈ ਸਪਸ਼ਟ ਜਾਣਕਾਰੀ ਹੈ ਤੇ ਉਹ ਯੂਨਾਨੀ ਸੰਸਾਰ ਨੂੰ ਪੰਜਾਬੀ ਸੰਸਾਰ ਵਾਂਗ ਪੇਸ਼ ਕਰਦਾ ਹੈ।
ਵਿਅੰਗ ਕਾਵਿ ਤੇ ਵਾਰਤਕ ਦੀ ਵਿਧਾ ਹੈ। ਲੰਮਾ ਸਮਾਂ ਇਸਨੂੰ ਸਾਹਿਤਕ ਜੁਗਤ ਦੇ ਤੌਰ `ਤੇ ਪਰਿਭਾਸ਼ਤ ਕੀਤਾ ਜਾਂਦਾ ਰਿਹਾ ਹੈ; ਪਰ ਹੁਣ ਵਾਰਤਕ ਵਿੱਚ ਇਹਦੀ ਪੇਸ਼ਕਾਰੀ ਕਾਫੀ ਹੋ ਰਹੀ ਹੈ। ਇਸ ਵਰ੍ਹੇ ਵਿਅੰਗ ਸਾਹਿਤ `ਤੇ ਦੋ ਕਿਤਾਬਾਂ ਨੇ ਧਿਆਨ ਖਿੱਚਿਆ ਹੈ। ਪਹਿਲੀ ਡਾ. ਮੋਨੋਜੀਤ ਦੀ ‘ਛਨੀਵਾਰ ਹੇ’ ਤੇ ਦੂਜੀ ਮੰਗਤ ਕੁਲਜਿੰਦ ਤੇ ਜਗਦੀਸ਼ ਕੁਲਰੀਆਂ ਦੀ ਸੰਪਾਦਿਤ ਕਿਤਾਬ ‘ਗਰਾਰੀ ਅੜ ਗਈ’ ਹੈ। ਮੋਨੋਜੀਤ ਉੱਘਾ ਵਿਅੰਗਕਾਰ ਹੈ ਤੇ ਲਗਾਤਾਰ ਇਸ ਬਾਰੇ ਲਿਖ ਰਿਹਾ ਹੈ। ਹਥਲੀ ਕਿਤਾਬ ਵਿੱਚ ਉਹ ਰਾਜਨੀਤੀ `ਤੇ ਸਿੱਧਾ ਵਿਅੰਗ ਕੱਸਦਾ ਹੈ। ਉਹ ਸਮਕਾਲੀ ਰਾਜਨੀਤੀ ਤੋਂ ਖੁਸ਼ ਨਹੀਂ। ਸਮਾਜਕ ਧਰੁਵੀਕਰਨ ਤੋਂ ਉਹ ਤ੍ਰਹਿੰਦਾ ਹੈ। ਸਭਿਆਚਾਰਕ ਤਣਾਓ ਦੇਸ਼ ਦੀ ਏਕਤਾ ਨੂੰ ਬਰਬਾਦ ਕਰ ਦਏਗਾ, ਇਸ ਲਈ ਉਹ ਵਿਅੰਗ ਲੇਖਾਂ ਰਾਹੀਂ ਉਸ ਪ੍ਰਤੀ ਸੁਚੇਤ ਕਰਦਾ ਹੈ।
‘ਗਰਾਰੀ ਅੜ ਗਈ’ ਵਿੱਚ ਸੰਪਾਦਕ ਨੇ ਵਿਅੰਗ ਲੇਖਾਂ ਦੀਆਂ ਵਿਭਿੰਨ ਵੰਨਗੀਆਂ ਪੇਸ਼ ਕੀਤੀਆਂ ਹਨ। ਇਸ ਵਿੱਚ ਨਵੇਂ-ਪੁਰਾਣੇ ਲੇਖਕਾਂ ਨੂੰ ਇੱਕ ਧਰਾਤਲ `ਤੇ ਇਕੱਠਿਆਂ ਕੀਤਾ ਹੈ। ਇਹ ਸਾਰੇ ਲੇਖ ਸੰਪਾਦਕ ਅਨੁਸਾਰ ਪੰਜਾਬੀ ਹਾਸ ਵਿਅੰਗ ਅਕਾਦਮੀ ਦੇ ਪ੍ਰੋਜੈਕਟ ਨੂੰ ਮੁਖ ਰੱਖਦਿਆਂ ਇਕੱਠੇ ਕਰ ਕੇ ਸੰਪਾਦਤ ਕੀਤੇ ਹਨ। ਇਸ ਨਾਲ ਵਿਅੰਗ ਵਾਰਤਕ ਨੂੰ ਹੋਰ ਹੁਲਾਰਾ ਮਿਲੇਗਾ।
ਅਸੀਂ ਆਪਣੀ ਗੱਲ ਪੰਜਾਬ (ਪੰਜ ਆਬ) ਤੋਂ ਸ਼ੁਰੂ ਕੀਤੀ ਸੀ, ਜੋ ‘ਢਾਈ ਆਬ’ ਉਤੇ ਪਹੁੰਚ ਗਈ ਹੈ। ਪੰਜਾਬ ਜੋ ਕਦੇ ਪੰਜਾਂ ਦਰਿਆਵਾਂ ਦਾ ਸਾਂਝਾ ਤੇ ਵਿਸ਼ਾਲ ਭੂਗੋਲਿਕ ਖਿੱਤੇ ਵਿੱਚ ਫੈਲਿਆ ਹੋਇਆ ਸੀ, ਅੱਜ ਰਾਜਨੀਤਕ ਬਦਨੀਤੀਆਂ ਕਰਕੇ ਢਾਈ ਦਰਿਆਵਾਂ ਦਾ ਰਹਿ ਗਿਆ ਹੈ। ਕਿਸੇ ਵੀ ਖਿੱਤੇ ਲਈ ਭੂਗੋਲਿਕਤਾ ਵਿਸ਼ੇਸ਼ ਮਹੱਤਤਾ ਵਾਲੀ ਹੁੰਦੀ ਹੈ। ਕਮਲਜੀਤ ਬਨਵੈਤ ਉੱਘਾ ਤੇ ਤਜ਼ਰਬੇਕਾਰ ਪੱਤਰਕਾਰ ਹੈ। ਲੰਮਾ ਸਮਾਂ ਉਹਨੇ ਪੱਤਰਕਾਰਤਾ ਦੀ ਖੋਜਬੀਨ `ਤੇ ਲਾਇਆ ਹੈ। ਉਹਦੇ ਲੇਖਾਂ ਦੀ ਕਿਤਾਬ ‘ਢਾਈ ਆਬ’ ਚਰਚਾ ਵਿੱਚ ਰਹੀ, ਜਿਸ ਵਿੱਚ ਉਹ ਪਰਵਾਸ ਤੋਂ ਲੈ ਕੇ ਪੰਜਾਬੀਆਂ ਦੇ ਡੁੱਲ੍ਹੇ ਖੂਨ, ਇਸ ਨਾਲ ਹੋਈਆਂ ਜ਼ਿਆਦਤੀਆਂ, ਚਿੱਕੜਬਾਜ਼ੀ ਦੀ ਸਿਆਸਤ, ਕਿਸਾਨੀ, ਵਿਦਿਆਰਥੀਆਂ ਤੇ ਹੋਰ ਸਮਕਾਲੀ ਸੰਕਟਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਪੇਸ਼ਕਾਰੀ ਕਰਦਾ ਹੈ। ਉਸ ਕੋਲ ਮਸਲਿਆਂ ਦੇ ਅੰਦਰ ਬਾਹਰ ਝਾਕਣ ਦੀ ਸਮਰੱਥਾ ਹੈ, ਜਿਸਨੂੰ ਉਹ ਸੰਜਮੀ ਤੇ ਪੱਤਰਕਾਰੀ ਵਾਲੀ ਸ਼ੈਲੀ ਵਿੱਚ ਸਮਾ ਕੇ ਲਿਖਦਾ ਹੈ।
ਇਸ ਤਰ੍ਹਾਂ ਅਸੀਂ ਸਿਰਫ ਉਨ੍ਹਾਂ ਕਿਤਾਬਾਂ ਦੀ ਚੋਣ ਕੀਤੀ ਹੈ, ਜੋ ਸਾਡੀ ਦ੍ਰਿਸ਼ਟੀ ਵਿੱਚ ਬੀਤ ਗਏ ਵਰ੍ਹੇ ਦੀਆਂ ਪ੍ਰਤੀਨਿਧ ਹਨ। ਹਾਲਾਂਕਿ ਸਾਲ 2024 ਵਿੱਚ ਹੋਰ ਵੀ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ, ਪਰ ਸਾਰੀਆਂ ਬਾਰੇ ਗੱਲ ਕਰਨੀ ਸੰਭਵ ਨਹੀਂ। ਇਹ ਵਾਰਤਕ ਕਿਤਾਬਾਂ ਵੱਡੇ ਪਿੱੜ ਮੱਲ ਕੇ ਸਾਹਿਤਕ ਦ੍ਰਿਸ਼ਟੀ ਨੂੰ ਵੀ ਵਿਸ਼ਾਲਤਾ ਪ੍ਰਦਾਨ ਕਰ ਰਹੀਆਂ ਹਨ। ਇਨ੍ਹਾਂ ਬਾਰੇ ਗੱਲਾਂ ਕਰਨ ਲਈ ਬਹੁਤ ਵੱਡੇ ਕੈਨਵਸ ਦੀ ਲੋੜ ਹੈ, ਪਰ ਅਸਾਂ ਇਨ੍ਹਾਂ ਨਾਲ ਸੰਖੇਪ ਜਾਣ-ਪਛਾਣ ਕਰਾ ਕੇ ਪਾਠਕਾਂ ਲਈ ਰਾਹ ਖੋਲਿ੍ਹਆ ਹੈ ਤਾਂ ਜੋ ਖੁਦ ਉਤਸ਼ਾਹਿਤ ਹੋ ਕੇ ਇਨ੍ਹਾਂ ਦਾ ਪਾਠ ਕਰਕੇ ਲਾਭ ਲੈ ਸਕਣ।

Leave a Reply

Your email address will not be published. Required fields are marked *