ਪੰਜਾਬੀਆਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ `ਚ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਟਾਪੂਆਂ ਦਾ ਸਮੂਹ ‘ਕਿਊਬਾ’ ਦੇਸ਼, ਪੰਜਾਬ ਨਾਲ ਜੁੜੇ ਇੱਕ ਉੱਘੇ ਰਾਜਨੇਤਾ ਨੂੰ ਆਪਣਾ ‘ਅੰਨਦਾਤਾ’ ਅਤੇ ‘ਸੰਕਟ ਮੋਚਕ’ ਮੰਨਦਾ ਹੈ, 1992 ਵਿੱਚ ਗੰਭੀਰ ਆਰਥਕ ਸੰਕਮ ਸਮੇਂ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਆਮ ਲੋਕਾਂ ਨੇ ਕਿਊਬਾ ਦੀ ਵਿਸ਼ੇਸ਼ ਮਦਦ ਹਿਤ ਦਸ ਹਜ਼ਾਰ ਟਨ ਕਣਕ ਅਤੇ ਦਸ ਹਜ਼ਾਰ ਟਨ ਚੌਲ਼ ਭੇਜੇ ਗਏ ਸਨ। ਕਿਊਬਾ, ਭਾਰਤ ਪ੍ਰਤੀ ਵੀ ਅਜਿਹੀ ਸੋਚ ਤੇ ਦ੍ਰਿਸ਼ਟੀਕੋਣ ਰੱਖਦਾ ਹੈ, ਕਿਉਂਕਿ ਕਿਊਬਾ ਨੂੰ ਇੱਕ ਸੁਤੰਤਰ ਮੁਲਕ ਵਜੋਂ ਮਾਨਤਾ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਵੀ ਪ੍ਰਮੁੱਖ ਤੌਰ ’ਤੇ ਸ਼ਾਮਿਲ ਸੀ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਭਾਰਤ ਨੇ, ਤੇ ਖ਼ਾਸ ਕਰਕੇ ਪੰਜਾਬ ਨਾਲ ਜੁੜੇ ਰਾਜਨੇਤਾਵਾਂ ਨੇ ਤਾਂ ਸੰਸਾਰ ਦੇ ਸਮੂਹ ਦੇਸ਼ਾਂ ਨਾਲ ਸੁਖਾਵੇਂ ਸਬੰਧ ਬਣਾਉਣ ਦੀਆਂ ਸਦਾ ਹੀ ਕੋਸ਼ਿਸਾਂ ਕੀਤੀਆਂ ਹਨ। ਭਾਰਤ ਨੇ ਖ਼ੁਦ ਇੱਕ ਗੁਜ਼ਾਰੇਯੋਗ ਅਰਥ ਵਿਵਸਥਾ ਵਾਲਾ ਮੁਲਕ ਹੁੰਦਿਆਂ ਵੀ ਆਪਣੀ ਸਮਰੱਥਾ ਅਨੁਸਾਰ ਸੰਸਾਰ ਦੇ ਲੋੜਵੰਦ ਮੁਲਕਾਂ ਦੀ ਮਦਦ ਕਰਨ ਅਤੇ ਮਨੁੱਖਤਾ ਦੀ ਹਰ ਹਾਲ ਵਿੱਚ ਰਾਖੀ ਕਰਨ ਤੋਂ ਵੀ ਕਦੇ ਹੱਥ ਪਿੱਛੇ ਨਹੀਂ ਖਿੱਚਿਆ ਹੈ। ਵੱਖ-ਵੱਖ ਸੰਕਟਾਂ ਵਿੱਚ ਘਿਰੇ ਜਿਨ੍ਹਾਂ ਮੁਲਕਾਂ ਦੀ ਭਾਰਤ ਨੇ ਮਦਦ ਕੀਤੀ ਹੈ, ਉਨ੍ਹਾਂ ਵਿੱਚੋਂ ਇੱਕ ਦੇਸ਼ ਅਜਿਹਾ ਹੈ, ਜੋ ਭਾਰਤ ਨੂੰ ਤੇ ਖ਼ਾਸ ਕਰਕੇ ਪੰਜਾਬ ਨਾਲ ਜੁੜੇ ਇੱਕ ਉੱਘੇ ਰਾਜਨੇਤਾ ਨੂੰ ਆਪਣਾ ‘ਅੰਨਦਾਤਾ’ ਅਤੇ ‘ਸੰਕਟ ਮੋਚਕ’ ਮੰਨਦਾ ਹੈ। ਭਾਰਤ ਪ੍ਰਤੀ ਅਜਿਹੀ ਸੋਚ ਅਤੇ ਦ੍ਰਿਸ਼ਟੀਕੋਣ ਰੱਖਣ ਵਾਲੇ ਅਜਿਹੇ ਹੀ ਇੱਕ ਦੇਸ਼ ਦਾ ਨਾਂ ਹੈ- ‘ਕਿਊਬਾ।’
ਕਿਊਬਾ ਇੱਕ ਅਜਿਹਾ ਮੁਲਕ ਹੈ, ਜੋ 4195 ਦੇ ਕਰੀਬ ਟਾਪੂਆਂ ਦਾ ਇੱਕ ਵੱਡਾ ਸਮੂਹ ਹੈ। ਇਸ ਮੁਲਕ ਦੀ ਸਥਾਪਨਾ ਦਾ ਇਤਿਹਾਸ ਲਗਪਗ ਛੇ ਹਜ਼ਾਰ ਸਾਲ ਪੁਰਾਣਾ ਹੈ ਤੇ 27 ਅਕਤੂਬਰ 1492 ਨੂੰ ਇੱਥੇ ਅਮਰੀਕਾ ਦੀ ਖੋਜ ਕਰਨ ਵਾਲਾ ਕੋਲੰਬਸ ਵੀ ਆਇਆ ਸੀ। ਇਸ ਮੁਲਕ ਦਾ ਕੁੱਲ ਰਕਬਾ 110,860 ਵਰਗ ਕਿਲੋਮੀਟਰ ਹੈ ਤੇ ਸਾਲ 2023 ਦੇ ਅੰਕੜਿਆਂ ਅਨੁਸਾਰ ਇੱਥੋਂ ਦੀ ਆਬਾਦੀ 10 ਮਿਲੀਅਨ ਭਾਵ ਇੱਕ ਕਰੋੜ ਦੇ ਕਰੀਬ ਹੈ। ਇੱਥੋਂ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 22,237 ਅਮਰੀਕੀ ਡਾਲਰ ਹੈ। ਇਹ ਦੇਸ਼ ਮੈਕਸੀਕੋ ਦੇ ਪੂਰਬ, ਫ਼ਲੋਰੀਡਾ ਅਤੇ ਬਾਹਾਮਾਸ ਦੇ ਦੱਖਣ, ਹੈਤੀ ਦੇ ਪੱਛਮ ਅਤੇ ਜਮਾਇਕਾ ਦੇ ਉੱਤਰ ਵਿੱਚ ਸਥਿਤ ਹੈ। ਇਸਦੀ ਰਾਜਧਾਨੀ ਅਤੇ ਇਸਦੇ ਸਭ ਤੋਂ ਵੱਡੇ ਸ਼ਹਿਰ ਦਾ ਨਾਂ ਹਵਾਨਾ ਹੈ। ਇਹ ਹੈਤੀ ਅਤੇ ਡੋਮੀਨੀਕਨ ਸਾਮਰਾਜ ਤੋਂ ਬਾਅਦ ਕੈਰੇਬੀਅਨ ਸਾਗਰ ਵਿੱਚ ਸਥਿਤ ਤੀਜਾ ਸਭ ਤੋਂ ਵੱਡਾ ਮੁਲਕ ਹੈ। ਇਹ ਦੇਸ਼ ਸੰਸਾਰ ਵਿੱਚ ਇੱਕ ਕਮਿਊਨਿਸਟ ਮੁਲਕ ਵਜੋਂ ਜਾਣਿਆ ਜਾਂਦਾ ਹੈ।
ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਜਾ ਚੁੱਕਾ ਹੈ, ਕਿਊਬਾ ਦੇ ਭਾਰਤ ਨਾਲ ਸਬੰਧ ਬਹੁਤ ਹੀ ਸੁਖਾਵੇਂ ਹਨ। ਇਸਦਾ ਕਾਰਨ ਇਹ ਹੈ ਕਿ ਕਿਊਬਾ ਵਿਖੇ ਆਈ ਕ੍ਰਾਂਤੀ ਤੋਂ ਬਾਅਦ ਸੰਨ 1959 ਵਿੱਚ ਕਿਊਬਾ ਨੂੰ ਇੱਕ ਸੁਤੰਤਰ ਮੁਲਕ ਵਜੋਂ ਮਾਨਤਾ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਵੀ ਪ੍ਰਮੁੱਖ ਤੌਰ ’ਤੇ ਸ਼ਾਮਿਲ ਸੀ। ਦਰਅਸਲ ਕ੍ਰਾਂਤੀ ਤੋਂ ਬਾਅਦ ਕਿਊਬਾ ਦੇ ਪ੍ਰਮੁੱਖ ਨੇਤਾ ਫੀਦਲ ਕਾਸਤਰੋ ਨੇ ਭਾਰਤ ਨਾਲ ਕਿਊਬਾ ਦੇ ਸਬੰਧਾਂ ਨੂੰ ਇੱਕ ਨਵਾਂ ਰੂਪ ਅਤੇ ਆਕਾਰ ਦੇਣ ਦੇ ਮਕਸਦ ਨਾਲ ਆਪਣੇ ਮੁੱਖ ਪ੍ਰਤੀਨਿਧੀ ਵਜੋਂ ਅਰਨੈਸਟ ਚੀ ਗੁਵੇਰਾ ਨੂੰ ਦੋ ਹਫ਼ਤਿਆਂ ਲਈ ਭਾਰਤ ਦੇ ਦੌਰੇ ’ਤੇ ਭੇਜਿਆ ਸੀ ਤੇ ਪਹਿਲੀ ਜੁਲਾਈ 1959 ਨੂੰ ਚੀ ਗੁਵੇਰਾ ਨੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮੁਲਕਾਤ ਕੀਤੀ ਸੀ। ਪੰਡਿਤ ਨਹਿਰੂ ਨੇ ਉਨ੍ਹਾਂ ਨੂੰ ਹਾਥੀ ਦੰਦ ਦੀ ਬਣੀ ਹੋਈ ਇੱਕ ਖ਼ੂਬਸੂਰਤ ‘ਖੁਖਰੀ’ ਤੋਹਫ਼ੇ ਵਜੋਂ ਪ੍ਰਦਾਨ ਕੀਤੀ ਸੀ, ਜੋ ਕਿ ਕਿਊਬਾ ਦੀ ਰਾਜਧਾਨੀ ਹਵਾਨਾ ਵਿਖੇ ਸੰਭਾਲੀ ਹੋਈ ਹੈ। ਚੀ ਗੁਵੇਰਾ ਨੇ ਭਾਰਤ ਦੇ ਉਸ ਵੇਲੇ ਦੇ ਰੱਖਿਆ ਮੰਤਰੀ ਸ੍ਰੀ ਵੀ.ਕੇ. ਕ੍ਰਿਸ਼ਨਾ ਮੈਨਨ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਮਹਾਤਮਾ ਗਾਂਧੀ ਦੇ ‘ਅਹਿੰਸਾ’ ਦੇ ਸਿਧਾਂਤ ਦੀ ਪ੍ਰਸ਼ੰਸਾ ਵੀ ਕੀਤੀ ਸੀ। ਇੱਥੇ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹੈ ਕਿ ਜਿੱਥੇ ਕਿਊਬਾ ਦੇ ਕੌਮੀ ਨੇਤਾ ਫ਼ੀਦਲ ਕਾਸਤਰੋ ਖ਼ੁਦ ਸੰਨ 1973 ਅਤੇ 1983 ਵਿੱਚ ਭਾਰਤ ਦੇ ਦੌਰੇ ’ਤੇ ਆਏ ਸਨ, ਉਥੇ ਹੀ ਭਾਰਤ ਦੇ ਦੋ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਸੰਨ 1985 ਵਿੱਚ ਅਤੇ ਮਰਹੂਮ ਸ. ਮਨਮੋਹਨ ਸਿੰਘ ਸੰਨ 2006 ਵਿੱਚ ਕਿਊਬਾ ਦੇ ਦੌਰੇ ’ਤੇ ਗਏ ਸਨ। ਭਾਰਤ ਨੇ ਹੁਣ ਤੱਕ ਕਿਊਬਾ ਨਾਲ ਵਪਾਰਕ ਸਬੰਧ ਮਜਬੂਤ ਕਰਨ ਦੇ ਨਾਲ-ਨਾਲ ਬਹੁਤ ਸਾਰੀ ਮਦਦ ਵੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਉਥੇ ਆਏ ਭੂਚਾਲ ਉਪਰੰਤ 2 ਮਿਲੀਅਨ ਡਾਲਰ ਦਿੱਤੇ ਗਏ ਸਨ ਤੇ ਹਾਕੀ ਦੇ ਐਸਟ੍ਰੋ-ਟਰਫ਼ ਮੈਦਾਨ ਤਿਆਰ ਕਰਨ ਲਈ ਇੱਕ ਮਿਲੀਅਨ ਡਾਲਰ ਦੀ ਮਦਦ ਦਿੱਤੀ ਗਈ ਸੀ। ਬੜਾ ਹੀ ਦਿਲਚਸਪ ਤੱਥ ਹੈ ਕਿ ਕਿਊਬਾ ਦੇ ਸਕੂਲਾਂ ਦੇ ਪਾਠਕ੍ਰਮ ਵਿੱਚ ‘ਯੋਗਾ’ ਵੀ ਸ਼ਾਮਿਲ ਹੈ ਤੇ ਉਸ ਮੁਲਕ ਵਿੱਚ ਭਾਰਤ ਦੇ ਮਹਾਨ ਕਵੀ ਰਬਿੰਦਰਨਾਥ ਟੈਗੋਰ ਦਾ ਜਨਮ ਦਿਨ ਹਰ ਸਾਲ ਮਨਾਇਆ ਜਾਂਦਾ ਹੈ।
ਕਿਊਬਾ ਆਪਣੇ ਆਪ ਨੂੰ ਪੰਜਾਬੀਆਂ ਦਾ ਅਹਿਸਾਨਮੰਦ ਮੰਨਦਾ ਹੈ। ਭਾਰਤੀ ਰਾਜਨੀਤੀ ਵਿੱਚ ‘ਕਿੰਗ ਮੇਕਰ’ ਮੰਨੇ ਜਾਂਦੇ ਅਤੇ ਪੰਜਾਬ ਦੀ ਧਰਤੀ ਤੋਂ ਕੌਮੀ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਨਾਮਵਰ ਕਮਿਊਨਿਸਟ ਰਾਜਨੇਤਾ ਸ. ਹਰਕਿਸ਼ਨ ਸਿੰਘ ਸੁਰਜੀਤ ਨੇ ਵਿਸ਼ੇਸ਼ ਯਤਨ ਕਰਕੇ ਸੰਨ 1992 ਵਿੱਚ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਊਬਾ ਦੀ ਵਿਸ਼ੇਸ਼ ਮਦਦ ਹਿਤ ਭਾਰਤ ਨੇ ਦਸ ਹਜ਼ਾਰ ਟਨ ਕਣਕ ਅਤੇ ਦਸ ਹਜ਼ਾਰ ਟਨ ਚੌਲ਼ ਭੇਜੇ ਸਨ, ਜਿਸ ਨਾਲ ਕਿਊਬਾ ਦੇ ਹਰੇਕ ਨਾਗਰਿਕ ਨੂੰ ਰੋਟੀ ਨਸੀਬ ਹੋਈ ਸੀ। ਭਾਰਤ ਵੱਲੋਂ ਭੇਜੀ ਗਈ ਇਸ ਮਦਦ ਲਈ ਤੇ ਪੰਜਾਬੀ ਰਾਜਨੇਤਾ ਸ. ਹਰਕਿਸ਼ਨ ਸਿੰਘ ਸੁਰਜੀਤ ਦੇ ਵਿਸ਼ੇਸ਼ ਉੱਦਮਾਂ ਲਈ ਕਿਊਬਾ ਦੇ ਮੁੱਖ ਰਾਜਨੇਤਾ ਆਪਣੇ ਆਪ ਨੂੰ ਇਨ੍ਹਾਂ ਦਾ ਰਿਣੀ ਮੰਨਦੇ ਸਨ।
ਸ. ਹਰਕਿਸ਼ਨ ਸਿੰਘ ਸੁਰਜੀਤ ਦੇ ਬੇਟੇ ਗੁਰਚੇਤਨ ਸਿੰਘ ਨੇ ਕਿਹਾ ਸੀ, “ਮੇਰੇ ਪਿਤਾ ਨੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਕਣਕ ਅਤੇ ਹੋਰ ਲੋੜੀਂਦੀਆਂ ਵਸਤਾਂ ਦਾਨ ਵਜੋਂ ਦੇਣ ਦੀ ਅਪੀਲ ਕੀਤੀ ਸੀ। ਉਹ ਕਣਕ ਅਤੇ ਹੋਰ ਵਸਤਾਂ ਨਾਲ ਭਰਿਆ ਇੱਕ ਸਮੁੰਦਰੀ ਜਹਾਜ਼ ਮਦਦ ਵਜੋਂ ਕਿਊਬਾ ਭੇਜਣਾ ਚਾਹੁੰਦੇ ਸਨ। ਸਿੱਟੇ ਵਜੋਂ ਉਹ ਦਸ ਹਜ਼ਾਰ ਟਨ ਕਣਕ ਅਤੇ ਹੋਰ ਕਈ ਪ੍ਰਕਾਰ ਦੀਆਂ ਘਰੇਲੂ ਵਰਤੋਂ ਦੀਆਂ ਵਸਤਾਂ, ਜਿਨ੍ਹਾਂ ਦੀ ਉਸ ਵੇਲੇ ਦੇ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਬਣਦੀ ਸੀ, ਕਿਊਬਾ ਵਿਖੇ ਭੇਜਣ ਵਿੱਚ ਸਫ਼ਲ ਰਹੇ ਸਨ।” ਗੁਰਚੇਤਨ ਦਾ ਇਹ ਵੀ ਕਹਿਣਾ ਸੀ ਕਿ “ਫ਼ੀਦਲ ਕਾਸਤਰੋ ਮੇਰੇ ਪਿਤਾ ਨੂੰ ਆਪਣਾ ਵੱਡਾ ਭਰਾ ਮੰਨਦਾ ਸੀ ਤੇ ਮੇਰੇ ਪਿਤਾ ਵੀ ਕਿਊਬਾ ਨੂੰ ਆਪਣਾ ਦੂਜਾ ਘਰ ਹੀ ਮੰਨਦੇ ਸਨ।”
ਸੋ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਕਿਊਬਾ ਨੂੰ ਦਰਪੇਸ਼ ਸੰਕਟ ਸਮੇਂ ਪੰਜਾਬੀ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦੀ ਅਪੀਲ ’ਤੇ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਆਮ ਲੋਕਾਂ ਨੇ ਕਿਊਬਾ ਦੇ ਨਾਗਰਿਕਾਂ ਦੀ ਭਰਪੂਰ ਮਦਦ ਕੀਤੀ ਸੀ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ। ਕਿਊਬਾ ਵਿੱਚ ਅੱਜ ਵੀ ਉਸ ਸੰਕਟ ਦੀ ਘੜੀ ਨੂੰ ‘ਸਪੈਸ਼ਲ ਪੀਰੀਅਡ’ ਆਖ਼ ਕੇ ਯਾਦ ਕੀਤਾ ਜਾਂਦਾ ਹੈ।
ਪੰਜਾਬੀਆਂ ਨੇ ਮੋਟੇ ਤੌਰ ’ਤੇ ਵੀਹਵੀਂ ਸਦੀ ਵਿੱਚ ਕਿਊਬਾ ਵਿਖੇ ਜਾਣਾ ਸ਼ੁਰੂ ਕੀਤਾ ਸੀ, ਪਰ ਉਥੇ ਜਾ ਕੇ ਉਨ੍ਹਾਂ ਨੂੰ ਉਥੋਂ ਦੀ ਭਾਰੀ ਗਰਮੀ ਅਤੇ ਬੁਖ਼ਾਰ ਦੇ ਰੋਗ ਨੇ ਬਹੁਤ ਪ੍ਰੇਸ਼ਾਨ ਕੀਤਾ ਸੀ। ਉਕਤ ਦੋਵਾਂ ਸਮੱਸਿਆਵਾਂ ਕਰਕੇ ਜ਼ਿਆਦਾਤਰ ਪੰਜਾਬੀ ਇੱਥੇ ਲੰਮੇ ਸਮੇਂ ਤੱਕ ਨਹੀਂ ਟਿਕੇ ਤੇ ਮੌਕਾ ਮਿਲਣ ’ਤੇ ਹੋਰ ਮੁਲਕਾਂ ਨੂੰ ਹੋ ਤੁਰੇ ਸਨ। ਜਿਹੜੇ ਪੰਜਾਬੀ ਕਿਊਬਾ ਛੱਡ ਕੇ ਦੂਜੇ ਮੁਲਕਾਂ ਨੂੰ ਨਹੀਂ ਗਏ ਸਨ, ਉਹ ਇੱਥੇ ਹੀ ਟਿਕ ਗਏ ਸਨ ਤੇ ਇੱਥੋਂ ਦੇ ਲੋਕਾਂ ਦੇ ਵਿੱਚ ਹੀ ਘੁਲ-ਮਿਲ ਕੇ ਇੱਥੋਂ ਦਾ ਹੀ ਹਿੱਸਾ ਬਣ ਗਏ ਸਨ। ਇੱਥੋਂ ਤੱਕ ਕਿ ਉਥੇ ਦੀਆਂ ਲੜਕੀਆਂ ਨਾਲ ਵਿਆਹ ਕਰਵਾ ਕੇ ਪੱਕੇ ਤੌਰ ’ਤੇ ਉਥੇ ਹੀ ਵੱਸ ਜਾਣ ਵਾਲੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਵਿੱਚੋਂ ਕੈਸਟੀਲੋ ਸਿੰਘ ਨਾਂ ਦਾ ਨੌਜਵਾਨ ਉਥੇ ਟੀ.ਵੀ. ’ਤੇ ਅਨਾਊਂਸਰ ਵੀ ਬਣਿਆ ਸੀ ਤੇ ਉਥੇ ਵੱਸਦੇ ਜਗਤਾਰ ਸਿੰਘ ਨਾਂ ਦੇ ਪੰਜਾਬੀ ਸ਼ਖ਼ਸ ਨੇ ਭਾਰਤੀ ਦੂਤਘਰ ਨਾਲ ਸੰਪਰਕ ਕਰਕੇ ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ’ਤੇ ਕਾਬਜ਼ ਲੋਕਾਂ ਤੋਂ ਆਪਣੀਆਂ ਜ਼ਮੀਨਾਂ ਛੁਡਵਾਉਣ ਦੀ ਬੇਨਤੀ ਕੀਤੀ ਸੀ। ਇੱਕ ਹੋਰ ਜਾਣਕਾਰੀ ਅਨੁਸਾਰ ਸ. ਅਮਰ ਸਿੰਘ ਨਾਂ ਦਾ ਇੱਕ ਪੰਜਾਬੀ ਸੰਨ 1917 ਵਿੱਚ ਕਿਊਬਾ ਵਿਖੇ ਆਇਆ ਸੀ ਤੇ ਇੱਥੋਂ ਦੀ ਇੱਕ ਖੰਡ ਮਿਲ ਵਿੱਚ ਨੌਕਰੀ ਕਰਨ ਲੱਗ ਪਿਆ ਸੀ। ਬਾਅਦ ਵਿੱਚ ਉਸਨੇ ਇੱਥੋਂ ਦੀ ਵਸਨੀਕ ਫ਼ੈਲਿਪ ਐਸਟੀਰੀਆ ਲਬਨੇਜ਼ ਨਾਂ ਦੀ ਮੁਟਿਆਰ ਨਾਲ ਸ਼ਾਦੀ ਕਰਵਾ ਲਈ ਸੀ। ਸੰਨ 1924 ਵਿੱਚ ਕਿਊਬਾ ਵਿਖੇ ਆ ਕੇ ਵੱਸਣ ਵਾਲੇ ਸ. ਊਧਮ ਸਿੰਘ ਨਾਂ ਦੇ ਪੰਜਾਬੀ ਨਾਗਰਿਕ ਨੇ ਆਪਣੇ ਭਤੀਜੇ ਅਜੀਤ ਸਿੰਘ ਨੂੰ ਪੰਜਾਬ ਦੇ ਪਿੰਡ ਮਾਹਿਲਪੁਰ ਤੋਂ ਸੰਨ 1955 ਵਿੱਚ ਇੱਥੇ ਲਿਆ ਕੇ ਕਾਰੋਬਾਰ ਵਿੱਚ ਸਥਾਪਿਤ ਕਰ ਦਿੱਤਾ ਸੀ। ਅਜੀਤ ਸਿੰਘ ਨੇ ਸੰਨ 1953 ਵਿੱਚ ਡੀ.ਏ.ਵੀ. ਕਾਲਜ ਜਲੰਧਰ ਤੋਂ ਬੀ.ਐਸਸੀ. ਦੀ ਡਿਗਰੀ ਹਾਸਿਲ ਕੀਤੀ ਸੀ। ਸ. ਊਧਮ ਸਿੰਘ ਖ਼ੁਦ ਵੀ 30-35 ਪੰਜਾਬੀ ਨੌਜਵਾਨਾਂ ਨਾਲ ਇੱਥੇ ਪੁੱਜਾ ਸੀ ਤੇ ਉਸਨੇ ਇੱਥੇ ਆ ਕੇ ਗੰਨੇ ਦੇ ਖੇਤਾਂ ਵਿੱਚ ਕਰੜੀ ਮਿਹਨਤ ਨਾਲ ਕੰਮ ਕੀਤਾ ਸੀ। ਬਾਅਦ ਵਿੱਚ ਉਸਨੇ ਹਵਾਨਾ ਦੀਆਂ ਗਲੀਆਂ ਵਿੱਚ ਫੇਰੀ ਲਗਾ ਕੇ ਕੱਪੜਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਊਧਮ ਸਿੰਘ ਨੇ ਨਾ ਤਾਂ ਵਿਆਹ ਹੀ ਕਰਵਾਇਆ ਤੇ ਨਾ ਹੀ ਕਦੇ ਉਹ ਵਾਪਸ ਪੰਜਾਬ ਪਰਤਿਆ ਸੀ। ਅਜੀਤ ਸਿੰਘ ਨੇ 32 ਵਰਿ੍ਹਆਂ ਦੀ ਉਮਰ ਵਿੱਚ ਕਿਊਬਾ ਦੀ ਇੱਕ ਲੜਕੀ ਨਾਲ ਸ਼ਾਦੀ ਕਰਵਾ ਲਈ ਸੀ, ਪਰ ਉਸਨੂੰ ਇੱਥੇ ਕਾਫੀ ਸੰਘਰਸ਼ ਭਰਿਆ ਜੀਵਨ ਬਤੀਤ ਕਰਨਾ ਪਿਆ ਸੀ। ਸਾਲ 2014 ਵਿੱਚ ਜੂਲੀਅਨ ਕਿਊਬਾ ਨਾਂ ਦੀ ਇੱਕ ਮਹਿਲਾ ਪੱਤਰਕਾਰ ਪੰਜਾਬ ਦੇ ਦੌਰੇ ’ਤੇ ਆਈ ਸੀ। ਉਹ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਦੇ ਹੋਰ ਸਿੱਖ ਤੇ ਹਿੰਦੂ ਤੀਰਥ ਅਸਥਾਨਾਂ ਦੇ ਦਰਸ਼ਨ ਕਰਕੇ ਅਤੇ ਉੱਥੋਂ ਦੇ ਪੂਜਾ-ਪਾਠ ਦੇ ਤਰੀਕਿਆਂ ਤੇ ਲੰਗਰ ਪ੍ਰਥਾ ਨੂੰ ਵੇਖ਼ ਕੇ ਬੇਹੱਦ ਪ੍ਰਭਾਵਿਤ ਹੋਈ ਸੀ।