ਵਿਗਿਆਨ ਗਲਪ ਕਹਾਣੀ
ਡਾ. ਡੀ. ਪੀ. ਸਿੰਘ, ਕੈਨੇਡਾ
ਸਰਦੀ ਦੀ ਰੁੱਤ ਸੀ। ਦਸੰਬਰ ਦੀ ਇੱਕ ਸਰਦ ਸਵੇਰ। ਉਸ ਦਿਨ ਡਾ. ਸਾਮੰਥਾ ਕਾਰਟਰ ਨੇ ਨਾਰਥਵੈਸਟਰਨ ਮੈਮੋਰੀਅਲ ਹਸਪਤਾਲ, ਸ਼ਿਕਾਗੋ ਵਿਖੇ ਆਪਣੇ ਡਾਕਟਰੀ ਜੀਵਨ ਦਾ ਸਭ ਤੋਂ ਅਹਿਮ ਅਪ੍ਰੇਸ਼ਨ ਕੀਤਾ। ਤੀਹ ਸਾਲਾ ਗੋਰਾ ਡੈਨੀਅਲ ਹਾਰਪਰ ਇੱਕ ਨਿਵੇਸ਼ ਬੈਂਕਰ ਸੀ। ਜੋ ਅਕਸਰ ਸੂਟਿਡ-ਬੂਟਿਡ ਰਹਿੰਦਾ ਸੀ, ਪਰ ਜ਼ਬਾਨ ਦਾ ਕਾਫ਼ੀ ਤਲਖ਼ ਸੀ। ਉਸ ਦਿਨ ਉਹ ਹਸਪਤਾਲ ਵਿਖੇ ਓਪਰੇਟਿੰਗ ਟੇਬਲ ਉੱਤੇ ਬੇਹੋਸ਼ ਪਿਆ ਸੀ। ਗੰਭੀਰ ਹਰਟ-ਅਟੈਕ ਦੀ ਹਾਲਾਤ ਵਿਚ ਉਸ ਨੂੰ ਇੱਥੇ ਲਿਆਂਦਾ ਗਿਆ ਸੀ। ਲੋੜ ਸੀ ਉਸ ਦੇ ਨਾਕਾਮ ਹੋ ਚੁੱਕੇ ਦਿਲ ਨੂੰ ਬਦਲਣ ਦੀ।
ਡੈਨੀਅਲ ਦੀ ਚੰਗੀ ਕਿਸਮਤ ਨੂੰ ਉਸੇ ਦਿਨ ਹਸਪਤਾਲ ਵਿਚ ਏਲੀਯਾਹ ਬਰੂਕਸ ਦੀ ਲਾਸ਼ ਪਹੁੰਚੀ ਸੀ, ਜਿਸ ਦੀ ਕੁਝ ਦੇਰ ਪਹਿਲਾਂ ਹੀ ਇੱਕ ਮੋਟਰਸਾਈਕਲ ਦੁਰਘਟਨਾ ਵਿੱਚ ਦੁਖਦਾਈ ਮੌਤ ਹੋ ਗਈ ਸੀ। ਏਲੀਯਾਹ ਬਰੂਕਸ, ਕਾਲੀ ਨਸਲ ਦਾ ਇੱਕ 19 ਸਾਲਾ ਕਲਾਕਾਰ ਸੀ। ਹਸਪਤਾਲ ਦੀ ਮੈਡੀਕਲ ਨੈਤਿਕਤਾ ਕਮੇਟੀ ਨੇ ਇਸੇ ਨੌਜੁਆਨ ਦਾ ਦਿਲ ਡੈਨੀਅਲ ਹਾਰਪਰ ਨੂੰ ਲਗਾਉਣ ਦਾ ਫੈਸਲਾ ਕੀਤਾ ਸੀ।
ਏਲੀਯਾਹ ਬਰੂਕਸ ਦਾ ਨਰੋਆ ਦਿਲ ਡੈਨੀਅਲ ਹਾਰਪਰ ਨੂੰ ਨਵੀਂ ਜ਼ਿੰਦਗੀ ਦੇਣ ਜਾ ਰਿਹਾ ਸੀ।
—
ਜਿਵੇਂ ਹੀ ਉਹ ਏਲੀਯਾਹ ਦੇ ਦਿਲ ਨੂੰ ਨਵੇਂ ਸਰੀਰ ਵਿਚ ਲਗਾਉਣ ਲਈ ਤਿਆਰ ਕਰ ਰਹੀ ਸੀ ਤਾਂ ਡਾ. ਸਾਮੰਥਾ ਦੇ ਸਰਜੀਕਲ ਸਹਾਇਕ ਡਾਕਟਰ ਪਟੇਲ ਨੇ ਫੁਸਫੁਸਾਹਟ ਭਰੀ ਆਵਾਜ਼ ਵਿਚ ਉਸ ਨੂੰ ਪੁੱਛਿਆ, “ਸੈਮ! ਕੀ ਤੁਹਾਨੂੰ ਯਕੀਨ ਹੈ ਕਿ ਡੈਨੀਅਲ ਹਾਰਪਰ ਲਈ ਇਹ ਦਿਲ ਸਹੀ ਰਹੇਗਾ? ਅਜਿਹਾ ਓਪਰੇਸ਼ਨ ਬਹੁਤ ਹੀ ਮੁਸ਼ਕਲ ਹੋਣ ਦਾ ਅੰਦਾਜ਼ਾ ਹੈ।”
“ਹੁਣ ਹੋਰ ਸੋਚਣ ਦਾ ਸਮਾਂ ਨਹੀਂ ਹੈ,” ਸਮੰਥਾ ਦਾ ਦ੍ਰਿੜਤਾ ਭਰਪੂਰ ਜਵਾਬ ਸੀ। “ਸਾਡਾ ਕੰਮ ਇਹ ਨਹੀਂ ਕਿ ਕਿਸ ਦਾ ਦਿਲ ਕਿਸ ਨੂੰ ਦੇਣਾ ਹੈ; ਸਾਡਾ ਕੰਮ ਤਾਂ ਬੱਸ ਜਾਨ ਬਚਾਉਣਾ ਹੈ।”
ਸਫਲ ਸਰਜਰੀ ਦੀ ਬਦੌਲਤ ਡੈਨੀਅਲ ਬਚ ਗਿਆ। ਪਰ ਉਸ ਲਈ ਜ਼ਿੰਦਗੀ ਦਾ ਇਹ ਦੂਜਾ ਮੌਕਾ ਇੰਝ ਜ਼ਾਹਿਰ ਹੋਵੇਗਾ ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਸੀ।
********
ਪਹਿਲੀ ਤਬਦੀਲੀ ਓਪਰੇਸ਼ਨ ਤੋਂ ਛੇ ਹਫ਼ਤਿਆਂ ਬਾਅਦ ਨਜ਼ਰ ਆਈ। ਡੈਨੀਅਲ, ਜੋ ਆਪਣੇ ਨਿਵੇਸ਼ ਕਰੀਅਰ ਤੋਂ ਬਾਹਰ ਕਿਸੇ ਵੀ ਚੀਜ਼ ਵਿਚ ਕੋਈ ਰੁਚੀ ਨਹੀਂ ਸੀ ਰੱਖਦਾ, ਨੇ ਸਕੈਚਿੰਗ ਸ਼ੁਰੂ ਕਰ ਲਈ। ਸਿਹਤਯਾਬੀ ਦੇ ਅਰਸੇ ਦੌਰਾਨ ਪਹਿਲਾਂ ਪਹਿਲ ਤਾਂ ਇਹ ਬੇਢੰਗੀ ਜਿਹੀ ਚਿੱਤਰਕਾਰੀ ਹੀ ਸੀ, ਪਰ ਜਲਦੀ ਹੀ ਉਸ ਦੀ ਕਲਾ ਵਧੇਰੇ ਸੁਚੱਜੀ ਅਤੇ ਭਾਵਨਾਵਾਂ ਦਾ ਵਿਸਥਾਰਪੂਰਣ ਚਿੱਤਰਣ ਕਰਨ ਵਾਲੀ ਹੋ ਗਈ।
ਇੱਕ ਦਿਨ, ਜਦੋਂ ਉਸ ਨੇ ਚਾਰਕੋਲ ਨਾਲ ਇੱਕ ਕਾਲੀ ਔਰਤ, ਜਿਸ ਨੂੰ ਉਹ ਜਾਣਦਾ ਵੀ ਨਹੀਂ ਸੀ, ਦਾ ਖੂਬਸੂਰਤ ਚਿੱਤਰ ਮੁਕੰਮਲ ਹੀ ਕੀਤਾ ਸੀ ਕਿ ਉਸ ਦੀ ਮੰਗੇਤਰ ਕਲੇਰ ਉਸ ਨੂੰ ਮਿਲਣ ਆ ਗਈ।
“ਡੈਨੀਅਲ…! ਤੂੰ ਕਦੋਂ ਤੋਂ ਇਸ ਤਰ੍ਹਾਂ ਦੀ ਖੂਬਸੂਰਤ ਚਿੱਤਰਕਾਰੀ ਕਰ ਰਿਹਾ ਹੈਂ?” ਉਸ ਨੇ ਹੈਰਾਨ ਹੋ ਕੇ ਪੁੱਛਿਆ।
“ਮੈਨੂੰ ਨਹੀਂ ਪਤਾ। ਇਹ ਬੱਸ… ਇਹ ਆਪਣੇ ਆਪ ਹੀ ਜਨਮ ਲੈ ਲੈਂਦੀ ਹੈ,” ਉਹ ਸਕੈਚ ਵੱਲ ਵੇਖਦਿਆਂ ਬੁੜਬੁੜਾਇਆ।
ਇਸ ਦੌਰਾਨ ਉਸ ਨੂੰ ਅਜਬ ਸੁਪਨੇ ਵੀ ਦਿਸਣੇ ਸ਼ੁਰੂ ਹੋ ਗਏ ਸਨ– ਬਿਲਕੁਲ ਸਾਫ਼ ਸਾਫ਼ ਪਰ ਮਨ ਹਿਲਾ ਦੇਣ ਵਾਲੇ। ਇਨ੍ਹਾਂ ਸੁਪਨਿਆਂ ਵਿੱਚ ਉਸ ਨੂੰ ਏਲੀਯਾਹ ਦੇ ਬਚਪਨ ਦੇ ਅੰਸ਼ ਨਜ਼ਰ ਆਉਂਦੇ ਸਨ: ਕਦੇ ਇੱਕ ਛੋਟਾ ਜਿਹਾ ਘਰ, ਕਦੇ ਕਿਸੇ ਬਗੀਚੇ ਵਿੱਚ ਹੋਰ ਬੱਚਿਆਂ ਸੰਗ ਹੱਸਦੇ ਹੋਏ, ਕਦੇ ਸਕੂਲ ਵਿੱਚ ਨਸਲਵਾਦ ਬਾਰੇ ਬਹਿਸ ਵਿਚ ਹਿੱਸਾ ਲੈਂਦੇ ਹੋਏ। ਡੈਨੀਅਲ ਨੂੰ ਅਜਿਹੀਆਂ ਭਾਵਨਾਵਾਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ, ਜੋ ਉਸ ਨੇ ਪਹਿਲਾਂ ਕਦੇ ਵੀ ਅਨੁਭਵ ਨਹੀਂ ਸਨ ਕੀਤੀਆਂ, ਜਿਵੇਂ ਕਿ ਨਸਲੀ ਵਿਤਕਰੇ ਉੱਤੇ ਗੁੱਸਾ। ਖਾਸਕਰ ਰੰਗਭੇਦ ਆਧਾਰਿਤ ਬੇਇਨਸਾਫ਼ੀ ਦਾ ਵਰਤਾਰਾ ਤਾਂ ਉਸ ਨੇ ਪਹਿਲਾਂ ਕਦੇ ਵੀ ਅਨੁਭਵ ਨਹੀਂ ਸੀ ਕੀਤਾ।
—
ਇੱਕ ਦਿਨ, ਇੱਕ ਡਿਨਰ ਪਾਰਟੀ ਦੌਰਾਨ ਉਸ ਦੇ ਸਾਥੀਆਂ ਵਿੱਚ ਅਚਾਨਕ ਨਸਲਵਾਦ ਦੇ ਵਿਸ਼ੇ ਬਾਰੇ ਚਰਚਾ ਛਿੜ੍ਹ ਪਈ। ਡੈਨੀਅਲ, ਆਮ ਕਰ ਕੇ ਅਜਿਹੀਆਂ ਚਰਚਾਵਾਂ ਤੋਂ ਪਰਹੇਜ਼ ਹੀ ਕਰਦਾ ਸੀ, ਪਰ ਇਸ ਵਾਰ ਉਹ ਚੁੱਪ ਨਾ ਰਹਿ ਸਕਿਆ।
“ਮੈਨੂੰ ਖਿਆਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਚਮੜੀ ਦੇ ਰੰਗ ਵਰਗੀ ਸਾਧਾਰਣ ਜਿਹੀ ਚੀਜ਼ ਕਾਰਨ ਲਗਾਤਾਰ ਵਿਤਕਰੇ ਦਾ ਸਾਹਮਣਾ ਕਰਨਾ ਕਿੰਨਾ ਬੁਰਾ ਲੱਗਦਾ ਹੈ,” ਉਸ ਨੇ ਗੁੱਸੇ ਭਰੇ ਅੰਦਾਜ਼ ਵਿੱਚ ਕਿਹਾ।
ਸਭ ਪਾਸੇ ਚੁੱਪ ਛਾ ਗਈ।
“ਕਦੋਂ ਤੋਂ ਤੂੰ ਅਜਿਹੀ ਸੋਚ ਦਾ ਧਾਰਨੀ ਹੋ ਗਿਆ ਹੈਂ?” ਉਸ ਦੇ ਸਾਥੀ ਗ੍ਰੇਗ ਦੇ ਬੋਲ ਸਨ।
“ਮੇਰਾ ਭਾਵ ਤਾਂ ਇਹ ਹੈ ਕਿ ਸ਼ਾਇਦ ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀਂ ਉਨ੍ਹਾਂ ਆਵਾਜ਼ਾਂ ਨੂੰ ਸੁਣੀਏ, ਜਿਨ੍ਹਾਂ ਨੂੰ ਅਸੀਂ ਲੰਮੇ ਅਰਸੇ ਤੋਂ ਨਜ਼ਰਅੰਦਾਜ਼ ਕਰਦੇ ਰਹੇ ਹਾਂ।”
ਡੈਨੀਅਲ ਨੇ ਮਹਿਸੂਸ ਕੀਤਾ ਕਿ ਏਲੀਯਾਹ ਦੀ ਆਵਾਜ਼ ਉਸ ਦੇ ਦਿਲ ਵਿੱਚੋਂ ਆਪਣੇ ਆਪ ਬਾਹਰ ਆ ਰਹੀ ਸੀ। ਉਸ ਦੇ ਇਨ੍ਹਾਂ ਵਿਚਾਰਾਂ ਕਾਰਨ ਉਸ ਨੂੰ ਨਾ ਸਿਰਫ਼ ਸਮਾਜਿਕ ਵਿਰੋਧ ਦਾ ਸਾਹਮਣਾ ਹੀ ਕਰਨਾ ਪਿਆ, ਸਗੋਂ ਉਸ ਦੇ ਅੰਦਰ ਵੀ ਇੱਕ ਕਸ਼ਮਕਸ਼ ਚਲਣੀ ਸ਼ੁਰੂ ਹੋ ਗਈ ਸੀ। ਉਸ ਨੇ ਮਨ ਵਿੱਚ ਵਿਚਾਰਾਂ ਦੀ ਉਥਲ-ਪੁਥਲ ਵਾਪਰਨ ਲੱਗ ਪਈ ਸੀ। ਏਲੀਯਾਹ ਦੀ ਸੋਚ ਉਸ ਦੇ ਵਿਚਾਰਾਂ ਉੱਤੇ ਸਵਾਲ ਉਠਾਉਣ ਲੱਗ ਪਈ ਸੀ।
—
ਇੱਕ ਸ਼ਾਮ ਜਦੋਂ ਉਹ ਇੱਕ ਕਲਾ ਪ੍ਰਦਰਸ਼ਨੀ ਦੇਖਣ ਗਿਆ ਤਾਂ ਇਸ ਪ੍ਰਦਰਸ਼ਨੀ ਵਿਚ ਡੈਨੀਅਲ ਏਲੀਯਾਹ ਦੇ ਅਧੂਰੇ ਕੰਮਾਂ ਦੀ ਨੁਮਾਇਸ਼ ਦੇਖ ਉਹ ਬਹੁਤ ਉਦਾਸ ਹੋ ਗਿਆ। ਏਲੀਯਾਹ ਦੀ ਸਜੀਵ ਤੇ ਆਸ਼ਾਵਾਦੀ ਕਲਾ ਨੂੰ ਦੇਖ ਕੇ ਡੈਨੀਅਲ ਖੁਦ ਨੂੰ ਜ਼ਿੰਦਾ ਪਰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਸੀ।
ਉਸ ਸਮੇਂ ਜਦ ਉਹ ਪ੍ਰਦਰਸ਼ਨੀ ਹਾਲ ਦੀ ਕੰਧ ਉੱਤੇ ਲੱਗੇ ਇੱਕ ਵਿਸ਼ਾਲ ਚਿੱਤਰ ਸਾਹਮਣੇ ਖੜ੍ਹਾ ਸੀ, ਜਿਸ ਵਿੱਚ ਇੱਕ ਕਾਲਾ ਨੌਜਵਾਨ ਤਾਰਿਆਂ ਵੱਲ ਝਾਕ ਰਿਹਾ ਸੀ, ਉਸ ਨੂੰ ਏਲੀਯਾਹ ਦੀ ਆਵਾਜ਼ ਸਾਫ਼-ਸਾਫ਼ ਸੁਣਾਈ ਦਿੱਤੀ: “ਨਸਲੀ ਵਿਤਕਰਾ ਖਤਮ ਕਰੋ।”
“ਇਹ ਕੌਣ ਬੋਲ ਰਿਹਾ ਹੈ?” ਬੋਲਦਿਆਂ ਡੈਨੀਅਲ ਆਲੇ-ਦੁਆਲੇ ਝਾਕਿਆ।
“ਤੁਹਾਡੇ ਕੋਲ ਮੇਰਾ ਦਿਲ ਹੈ, ਪਰ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਰਹੇ। ਜ਼ਰਾ ਇਸ ਦੇ ਜਜ਼ਬਾਤ ਨੂੰ ਵੀ ਸਮਝੋ।”
ਹੈਰਾਨ-ਪ੍ਰੇਸ਼ਾਨ ਡੈਨੀਅਲ ਮਾਰੇ ਡਰ ਦੇ ਚੀਖ ਉੱਠਿਆ। ੳਾਲੇ-ਦੁਆਲੇ ਖੜ੍ਹੇ ਦਰਸ਼ਕ ਉਸ ਵੱਲ ਚਿੰਤਾ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਉਸ ਦੀ ਦੋਸਤ, ਕਲੇਰ ਨੇ ਉਸ ਨੂੰ ਸਹਾਰਾ ਦੇ ਪ੍ਰਦਰਸ਼ਨੀ ਹਾਲ ਵਿਚੋਂ ਬਾਹਰ ਲੈ ਆਂਦਾ।
“ਡੈਨੀਅਲ, ਕੀ ਹੋਇਆ?” ਉਸ ਨੇ ਪੁੱਛਿਆ।
“ਮੈਂ… ਮੈਨੂੰ ਲੱਗ ਰਿਹਾ ਹੈ ਕਿ ਇਹ ਏਲੀਯਾਹ ਹੈ। ਉਸ ਦਾ ਦਿਲ– ਇੰਝ ਲੱਗ ਰਿਹਾ ਹੈ ਕਿ ਜਿਵੇਂ ਉਹ ਅਜੇ ਵੀ ਇੱਥੇ ਹੈ, ਉਹ ਮੈਨੂੰ ਉਸ ਵਰਗਾ ਬਣਨ ਲਈ ਜ਼ੋਰ ਪਾ ਰਿਹਾ ਹੈ,” ਡੈਨੀਅਲ ਦੇ ਘਬਰਾਹਟ ਭਰੇ ਬੋਲ ਸਨ।
“ਤੈਨੂੰ ਡਾਕਟਰੀ ਮਦਦ ਦੀ ਲੋੜ ਹੈ,” ਬੋਲਦਿਆਂ ਕਲੇਅਰ ਦੀ ਆਵਾਜ਼ ਕੰਬ ਰਹੀ ਸੀ।
—
ਮਾਨਸਿਕ ਇਲਾਜ (ਥੈਰੇਪੀ) ਨਾਲ ਕੁਝ ਰਾਹਤ ਤਾਂ ਮਿਲੀ ਪਰ ਇਹ ਕੋਈ ਪੱਕਾ ਹੱਲ ਨਹੀਂ ਸੀ। ਡਾ. ਸਿਮੰਸ, ਜੋ ਇੱਕ ਮਨੋਵਿਗਿਆਨੀ ਸੀ, ਨੇ ਇਸ ਨੂੰ ‘ਟਰਾਂਸਪਲਾਂਟਡ ਮੈਮੋਰੀ’ ਵਜੋਂ ਦੱਸਿਆ। ਇਹ ਇੱਕ ਅਜਿਹਾ ਮਨੋਵਿਗਿਆਨਕ ਵਰਤਾਰਾ ਸੀ, ਜਿਸ ਅਨੁਸਾਰ ਅੰਗ ਪ੍ਰਾਪਤ ਕਰਨ ਵਾਲੇ ਵਿਚ, ਅੰਗ-ਦਾਨੀ ਦੇ ਗੁਣ ਪੈਦਾ ਹੋ ਜਾਂਦੇ ਹਨ।
“ਮੈਨੂੰ ਨਹੀਂ ਜਾਪਦਾ ਕਿ ਇਹ ਸਿਰਫ ਮਨੋਵਿਗਿਆਨਕ ਗੱਲ ਹੈ,” ਡੈਨੀਅਲ ਨੇ ਇੱਕ ਥੈਰੇਪੀ ਸੈਸ਼ਨ ਵਿੱਚ ਕਿਹਾ। “ਇੰਝ ਮਹਿਸੂਸ ਹੁੰਦਾ ਹੈ, ਜਿਵੇਂ… ਉਹ ਮੇਰੇ ਨਾਲ ਇਹ ਸਰੀਰ ਸਾਂਝਾ ਕਰ ਰਿਹਾ ਹੈ।”
“ਪਰ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?” ਡਾ. ਸਿਮੰਸ ਨੇ ਪੁੱਛਿਆ।
ਡੈਨੀਅਲ ਸੋਚਾਂ ਵਿੱਚ ਡੁੱਬ ਗਿਆ।
—
ਤਦ ਹੀ ਡੈਨੀਅਲ ਨੇ ਏਲੀਯਾਹ ਦੀ ਦੁਨੀਆਂ ਨੂੰ ਜਾਨਣ ਲਈ ਯਤਨ ਸ਼ੁਰੂ ਕਰ ਲਏ। ਉਸ ਦੇ ਪਰਿਵਾਰ ਨੂੰ ਮਿਲਣਾ ਸ਼ੁਰੂ ਕੀਤਾ। ਉਨ੍ਹਾਂ ਥਾਵਾਂ ਦਾ ਦੌਰਾ ਕੀਤਾ, ਜਿਨ੍ਹਾਂ ਨੂੰ ਏਲੀਯਾਹ ਨੇ ਪੇਂਟ ਕੀਤਾ ਸੀ। ਉਸ ਨੇ ਆਪਣੇ (ਗੋਰੇ ਰੰਗ ਦੀ ਬਦੌਲਤ ਪ੍ਰਾਪਤ) ਵਿਸ਼ੇਸ਼ ਅਧਿਕਾਰਾਂ ਦੀ ਤਲਖ ਹਕੀਕਤ ਜਾਨਣ ਲਈ ਏਲੀਯਾਹ ਦੇ ਦਿਲ ਦੀ ਵਰਤੋਂ ਕੀਤੀ। ਉਸ ਨੇ ਅਜਿਹੇ ਚਿੱਤਰ ਤਿਆਰ ਕੀਤੇ, ਜੋ ਏਲੀਯਾਹ ਦੀ ਕਹਾਣੀ ਨੂੰ ਬਿਆਨ ਕਰਦੇ ਸਨ। ਆਪਣੇ ਚਿੱਤਰਾਂ ਵਿਚ ਉਸ ਨੇ ਨਸਲਵਾਦ ਅਤੇ ਅਸਮਾਨਤਾ ਦੇ ਮੁੱਦਿਆਂ ਨੂੰ ਬਿਆਨ ਕੀਤਾ।
ਹੁਣ ਡੈਨੀਅਲ ਨੇ ਸਵੈ-ਪਛਾਣ ਦੇ ਦਵੈਤ ਨੂੰ ਅਪਣਾ, ਦੁਵਿਧਾ ਉੱਤੇ ਕਾਬੂ ਪਾ ਲਿਆ ਸੀ। ਇੱਕ ਰਾਤ ਏਲੀਯਾਹ ਦੇ ਤਾਰਿਆਂ ਵੱਲ ਝਾਕਣ ਵਾਲੇ ਚਿੱਤਰ ਨੂੰ ਪੂਰਾ ਕਰਦੇ ਹੋਏ, ਉਹ ਫੁਸਫੁਸਾਇਆ, “ਮੈਂ ਹੁਣ ਜਾਣ ਗਿਆ ਹਾਂ ਕਿ ਇਹ ਦੂਜਾ ਮੌਕਾ ਸਿਰਫ਼ ਮੇਰਾ ਹੀ ਨਹੀਂ ਹੈ। ਇਹ ਸਾਡੇ ਦੋਨਾਂ ਦਾ ਹੀ ਦੂਸਰਾ ਮੌਕਾ ਹੈ।”
ਹਰ ਰੋਜ਼ ਵਾਪਰਣ ਵਾਲੀ ਫੁਸਫੁਸਾਹਟ ਹੁਣ ਬੰਦ ਹੋ ਗਈ ਸੀ। ਇਸ ਲਈ ਨਹੀਂ ਕਿ ਏਲੀਯਾਹ ਚਲਾ ਗਿਆ ਸੀ, ਪਰ ਇਸ ਲਈ ਕਿਉਂਕਿ ਡੈਨੀਅਲ ਨੇ ਹੁਣ ਇਸ ਤੋਂ ਪ੍ਰੇਸ਼ਾਨ ਹੋਣਾ ਛੱਡ ਦਿੱਤਾ ਸੀ। ਹੁਣ ਉਹ ਦੋਨੋਂ ਇੱਕ ਹੋ ਚੁੱਕੇ ਸਨ।
—
ਕੁਝ ਮਹੀਨਿਆਂ ਬਾਅਦ ਡੈਨੀਅਲ ਨੇ “ਦੋ ਦਿਲ, ਇੱਕ ਧੜਕਣ” (ਠੱੋ ੍ਹੲਅਰਟਸ, ੌਨੲ ੜੋਚਿੲ) ਨਾਮੀ ਇੱਕ ਚਿੱਤਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਵਿਚ ਏਲੀਯਾਹ ਦੇ ਅਧੂਰੇ ਚਿੱਤਰਾਂ ਅਤੇ ਡੈਨੀਅਲ ਦੀਆਂ ਨਵੀਆਂ ਕਲਾ-ਕ੍ਰਿਤਾਂ ਸ਼ਾਮਿਲ ਸਨ। ਪ੍ਰਦਰਸ਼ਨੀ ਦੇ ਪਹਿਲੇ ਹੀ ਦਿਨ ਬਹੁਤ ਸਾਰੇ ਲੋਕ ਇਸ ਨੂੰ ਦੇਖਣ ਆਏ, ਜਿਸ ਨਾਲ ਕਲਾ, ਪਛਾਣ ਅਤੇ ਨਸਲਵਾਦ ਵਰਗੇ ਮੁੱਦੇ ਆਮ ਚਰਚਾ ਦਾ ਵਿਸ਼ਾ ਬਣ ਗਏ।
ਜਿਵੇਂ ਹੀ ਡੈਨੀਅਲ ਇੱਕ ਚਿੱਤਰ ਨੇੜੇ ਖੜ੍ਹਾ ਸੀ, ਇੱਕ ਕਾਲਾ ਨੌਜਵਾਨ ਉਸ ਕੋਲ ਆਇਆ। “ਡੈਨੀਅਲ, ਕੀ ਇਹ ਤੇਰੀ ਪੇਂਟਿੰਗ ਹੈ?”
“ਇਹ ਸਾਡੀ ਪੇਂਟਿੰਗ ਹੈ,” ਡੈਨੀਅਲ ਨੇ ਮੁਸਕਰਾ ਕੇ ਕਿਹਾ।
ਨੌਜਵਾਨ ਮੁਸਕਰਾ ਪਿਆ ਅਤੇ ਉਸ ਪੁੱਛਿਆ, “ਕੀ ਤੁਸੀਂ ਮੈਨੂੰ ਕਦੇ ਇਸ ਤਰ੍ਹਾਂ ਦਾ ਪੇਂਟ ਕਰਨਾ ਸਿਖਾ ਸਕਦੇ ਹੋ?”
“ਬਿਲਕੁਲ,” ਜਵਾਬ ਦਿੰਦਿਆਂ ਡੈਨੀਅਲ ਦਾ ਦਿਲ, ਸੱਚ ਉਸ ਦਾ ਅਤੇ ਏਲੀਯਾਹ ਦਾ ਦਿਲ, ਖੁਸ਼ੀ ਭਰਪੂਰ ਧੜਕ ਰਿਹਾ ਸੀ।
—
ਸ਼ਾਮ ਤਕ ਪ੍ਰਦਰਸ਼ਨੀ ਵਿਚ ਗਹਿਮਾ ਗਹਿਮੀ ਹੋ ਗਈ ਸੀ। ਏਲੀਯਾਹ ਦਾ ਪਰਿਵਾਰ, ਪ੍ਰਦਰਸ਼ਨੀ ਦੇ ਠੀਕ ਵਿਚਕਾਰ ਰੱਖੇ ਵੱਡੇ ਸਾਰੇ ਚਿੱਤਰ ਕੋਲ ਖੜ੍ਹਾ ਸੀ। ਉਹ ਸਾਰੇ ਹੀ ਏਲੀਯਾਹ ਦੀਆਂ ਕਲਾਕ੍ਰਿਤੀਆਂ ਬਾਰੇ ਲੋਕਾਂ ਦਾ ਉਤਸ਼ਾਹ ਦੇਖ ਸਪਸ਼ਟ ਰੂਪ ਵਿਚ ਪ੍ਰਭਾਵਿਤ ਨਜ਼ਰ ਆ ਰਹੇ ਸਨ। ਪੇਂਟਿੰਗ ਨੂੰ ਨਿਹਾਰਦਿਆਂ, ਏਲੀਯਾਹ ਦੀ ਮਾਂ ਲੀਨਾ ਦੀਆਂ ਅੱਖਾਂ ਭਰ ਆਈਆਂ।
“ਇੰਝ ਲੱਗ ਰਿਹਾ ਹੈ ਜਿਵੇਂ ਉਹ ਅੱਜ ਵੀ ਇੱਥੇ ਹੀ ਹੈ,” ਡੈਨੀਅਲ ਦੇ ਉਸ ਦੇ ਕੋਲ ਆਉਣ ਉੱਤੇ ਲੀਨਾ ਨੇ ਕਿਹਾ।
“ਉਹ ਇੱਥੇ ਹੀ ਹੈ,” ਬੋਲਦਿਆਂ ਡੈਨੀਅਲ ਦੀ ਆਵਾਜ਼ ਅਡੋਲ ਪਰ ਭਾਵੁਕ ਸੀ। “ਪੇਂਟਿੰਗ ਬੁਰਸ਼ ਦੀ ਹਰ ਛੋਹ, ਹਰ ਖਿਆਲ, ਇਹ ਸਭ ਉਸ ਦਾ ਹੀ ਪ੍ਰਗਟਾ ਹੈ, ਜਿਸ ਨੂੰ ਮੈਂ… ਸਾਕਾਰ ਰੂਪ ਦੇ ਰਿਹਾ ਹਾਂ।”
ਲੀਨਾ ਨੇ ਉਸ ਦਾ ਹੱਥ ਘੁੱਟ ਕੇ ਫੜ ਲਿਆ। “ਉਸ ਦੀ ਯਾਦ ਨੂੰ ਜ਼ਿੰਦਾ ਰੱਖਣ ਲਈ ਤੇਰਾ ਧੰਨਵਾਦ,” ਲੀਨਾ ਦੇ ਭਾਵੁਕ ਬੋਲ ਸਨ।
—
ਜਿਵੇਂ-ਜਿਵੇਂ ਸ਼ਾਮ ਢਲਦੀ ਗਈ, ਡੈਨੀਅਲ ਅਣਗਿਣਤ ਲੋਕਾਂ ਦੀਆਂ ਗੱਲਾਂਬਾਤਾਂ ਦਾ ਕੇਂਦਰ ਬਣ ਚੁੱਕਾ ਸੀ। ਪ੍ਰਦਰਸ਼ਨੀ ਵਿਖੇ ਜੀਵਨ ਦੇ ਲਗਭਗ ਹਰ ਖੇਤਰ ਦੇ ਲੋਕ, ਜਿਨ੍ਹਾਂ ਵਿਚ ਕਲਾਕਾਰ, ਕਾਰਿੰਦੇ ਤੇ ਕਾਰਪੋਰੇਟ ਪੇਸ਼ੇਵਰ ਵੀ ਸ਼ਾਮਿਲ ਸਨ, ਨੁਮਾਇਸ਼ੀ ਚਿੱਤਰਕਲਾ ਅਤੇ ਇਸ ਰਾਹੀਂ ਪ੍ਰਗਟਾਈਆਂ ਸੰਵੇਦਨਾਵਾਂ ਬਾਰੇ ਆਪਸੀ ਚਰਚਾ ਕਰ ਰਹੇ ਸਨ। ਕੁਝ ਲੋਕਾਂ ਨੇ ਡੈਨੀਅਲ ਦੇ ਕੰਮ ਦੀ ਕ੍ਰਾਂਤੀਕਾਰੀ ਪ੍ਰਗਟਾਵੇ ਵਜੋਂ ਪ੍ਰਸ਼ੰਸਾ ਕੀਤੀ; ਪਰ ਕਈ ਹੋਰਾਂ ਦਾ ਸਵਾਲ ਸੀ ਕਿ ਕੀ ਉਹ (ਗੋਰਾ ਵਿਅਕਤੀ), ਸੱਚਮੁੱਚ ਏਲੀਯਾਹ (ਕਾਲੇ ਨੌਜੁਆਨ) ਦੀ ਸੋਚ ਬਿਆਨ ਕਰ ਸਕਦਾ ਹੈ।
“ਕੀ ਤੂੰ ਇਹ ਮਹਿਸੂਸ ਨਹੀਂ ਕਰਦਾ ਕਿ ਤੂੰ ਉਸ ਦੀ ਆਵਾਜ਼ ਉੱਤੇ ਕਾਬਜ਼ ਹੋ ਰਿਹਾ ਹੈ। ਕੀ ਤੈਨੂੰ ਅਜਿਹਾ ਕਰਨ ਦਾ ਅਧਿਕਾਰ ਹੈ?” ਇੱਕ ਆਦਮੀ ਦੇ ਤਿੱਖੇ ਸਵਾਲ ਸਨ।
ਡੈਨੀਅਲ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਬੋਲਿਆ, “ਤੁਹਾਡਾ ਸਵਾਲ ਜਾਇਜ਼ ਹੈ। ਮੈਂ ਉਸ ਦੀ ਸੋਚ ਬਿਆਨ ਕਰਨ ਦਾ ਦਾਅਵਾ ਨਹੀਂ ਕਰ ਰਿਹਾ। ਮੈਂ ਸਿਰਫ਼ ਉਸ ਵਿਚਾਰ ਨੂੰ ਲੋਕਾਂ ਤਕ ਪਹੁੰਚਾਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਮੈਨੂੰ ਲੱਗਦਾ ਹੈ ਕਿ ਉਹ ਕਹਿਣਾ ਚਾਹੁੰਦਾ ਸੀ। ਮੈਂ ਇਸ ਨੂੰ ਅਣਦੇਖਾ ਨਹੀਂ ਸਾਂ ਕਰ ਸਕਦਾ- ਭਾਵੇਂ ਮੈਂ ਅਜਿਹਾ ਚਾਹੁੰਦਾ ਵੀ।”
ਉਸ ਆਦਮੀ ਨੇ ਡੈਨੀਅਲ ਵੱਲ ਪਲ ਕੁ ਲਈ ਇੱਕ ਟਕ ਦੇਖਿਆ, ਤੇ ਫਿਰ ਸਹਿਜਤਾ ਨਾਲ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ।
—
ਉਸ ਰਾਤ, ਜਿਵੇਂ ਹੀ ਲੋਕ ਵਾਪਸ ਜਾਣ ਲੱਗੇ, ਡੈਨੀਅਲ, ਏਲੀਯਾਹ ਦੇ ਚਿੱਤਰ ਦੇ ਸਾਹਮਣੇ ਇਕੱਲਾ ਖੜ੍ਹਾ ਸੀ। ਤਾਰਿਆਂ ਜੜ੍ਹੇ ਅੰਬਰ ਹੇਠਾਂ ਖੜ੍ਹਾ ਮੁੰਡਾ ਹੁਣ ਉਸ ਨੂੰ ਆਪਣਾ ਹੀ ਰੂਪ ਨਜ਼ਰ ਆ ਰਿਹਾ ਸੀ। ਇੱਕ ਛੋਟਾ ਜਿਹਾ ਰੂਪ, ਜੋ ਬਹੁਤ ਹੀ ਉਮੀਦ ਨਾਲ ਅਥਾਹ ਭਵਿੱਖੀ ਸੰਭਾਵਨਾਵਾਂ ਦੇ ਸੁਪਨੇ ਬੁਣ ਰਿਹਾ ਸੀ।
ਕਲੇਰ ਉਸ ਦੇ ਕੋਲ ਆਈ ਤੇ ਉਸ ਦੀ ਬਾਂਹ ਵਿਚ ਬਾਂਹ ਪਾਉਂਦੀ ਹੋਈ ਉਹ ਹੌਲ਼ੇ ਜਿਹੇ ਬੋਲੀ, “ਤੂੰ ਅੱਜ ਬਹੁਤ ਚੰਗਾ ਕੰਮ ਕੀਤਾ ਹੈ।”
“ਮੈਂ ਤੇਰੇ ਬਿਨਾ ਅਜਿਹਾ ਨਹੀਂ ਸਾਂ ਕਰ ਸਕਦਾ,” ਡੈਨੀਅਲ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ।
ਕਲੇਰ ਨੇ ਉਸ ਵੱਲ ਧਿਆਨ ਨਾਲ ਦੇਖਿਆ। “ਹੁਣ ਤੂੰ ਬਦਲ ਗਿਆ ਹੈ, ਪਰ ਮੈਨੂੰ ਲਗਦਾ ਹੈ ਕਿ ਇਹ ਇੱਕ ਵਧੀਆ ਬਦਲਾਵ ਹੈ।”
ਡੈਨੀਅਲ ਹੱਸ ਪਿਆ। “ਹੁਣ ਇਹ ਸਿਰਫ਼ ਮੈਂ ਹੀ ਨਹੀਂ ਰਿਹਾ, ਹੈ ਨਾ?”
“ਨਹੀਂ। ਅਜਿਹਾ ਤਾਂ ਨਹੀਂ,” ਉਹ ਬੋਲੀ, “ਪਰ ਸ਼ਾਇਦ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ।”
—
ਸਮਾਂ ਗੁਜ਼ਰਦਾ ਗਿਆ। ਮਹੀਨੇ ਸਾਲਾਂ ਵਿੱਚ ਬਦਲ ਗਏ। ਡੈਨੀਅਲ ਦੀ ਜ਼ਿੰਦਗੀ ਨੇ ਇੱਕ ਅਜਿਹਾ ਉਦੇਸ਼ ਅਪਨਾ ਲਿਆ, ਜਿਸ ਦੀ ਉਸ ਨੇ ਟ੍ਰਾਂਸਪਲਾਂਟ ਤੋਂ ਪਹਿਲਾਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਉਹ ਅੰਗ ਦਾਨ, ਨਸਲੀ ਸਮਾਨਤਾ ਅਤੇ ਕਲਾਵਾਂ ਦਾ ਇੱਕ ਪ੍ਰੇਰਨਾਦਾਇਕ ਸਮਰਥਕ ਬਣ ਗਿਆ। ਉਹ ਅਕਸਰ ਹਮਦਰਦੀ, ਸੰਵੇਦਨਾ ਅਤੇ ਸਮਝ ਦੀ ਸਾਂਝੀ ਤਾਕਤ ਬਾਰੇ ਭਾਸ਼ਣ ਦਿੰਦਾ।
ਉਸ ਦੀ ਦੋਹਰੀ ਪਛਾਣ ਉਸ ਲਈ ਕੋਈ ਬੋਝ ਨਾ ਰਹੀ, ਸਗੋਂ ਇਹ ਉਸ ਦੀ ਤਾਕਤ ਬਣ ਗਈ, ਜੋ ਦੋ ਸੰਸਾਰਾਂ, ਜੋ ਕਦੇ ਬਹੁਤ ਦੂਰ ਜਾਪਦੇ ਸਨ, ਵਿਚਕਾਰ ਇੱਕ ਪੁਲ ਦਾ ਕੰਮ ਕਰ ਰਹੀ ਸੀ।
ਖਿੜ੍ਹੀ ਧੁੱਪ ਵਾਲੇ ਇੱਕ ਦਿਨ, ਡੈਨੀਅਲ ਸ਼ਿਕਾਗੋ ਵਿਖੇ ਏਲੀਯਾਹ ਦੀ ਯਾਦ ਨੂੰ ਸਮਰਪਿਤ ਇੱਕ ਪਾਰਕ ਵਿੱਚ ਖੜ੍ਹਾ ਸੀ। ਉਹ ਖੁੱਲ੍ਹੇ ਅਸਮਾਨ ਹੇਠ ਪੇਂਟਿੰਗ ਕਰ ਰਹੇ ਬੱਚਿਆਂ ਨਾਲ ਘਿਰਿਆ ਹੋਇਆ ਸੀ। ਉਹੀ ਨੌਜਵਾਨ ਲੜਕਾ ਜਿਸ ਨੇ ਕੁਝ ਮਹੀਨੇ ਪਹਿਲਾਂ ਉਸ ਤੋਂ ਪੇਂਟਿੰਗ ਸਿੱਖਣ ਲਈ ਕਿਹਾ ਸੀ, ਹੁਣ ਉਸ ਦੇ ਕੋਲ ਬੈਠਾ ਬੜੇ ਮਾਣ ਨਾਲ ਇੱਕ ਕੰਧ-ਚਿੱਤਰ ਬਣਾਉਣ ਦਾ ਕੰਮ ਕਰ ਰਿਹਾ ਸੀ।
“ਤੁਹਾਡਾ ਕੀ ਵਿਚਾਰ ਹੈ, ਮਿਸਟਰ ਹਾਰਪਰ?” ਮੁੰਡੇ ਨੇ ਆਪਣੇ ਕਲਾਕ੍ਰਿਤੀ ਵੱਲ ਡੈਨੀਅਲ ਦਾ ਧਿਆਨ ਖਿੱਚਦੇ ਹੋਏ ਪੁੱਛਿਆ।
ਡੈਨੀਅਲ ਮੁਸਕਰਾਇਆ, “ਮੇਰਾ ਖਿਆਲ ਹੈ ਕਿ ਤੇਰਾ ਕੰਮ ਦੇਖ ਏਲੀਯਾਹ ਨੂੰ ਖੁਸ਼ੀ ਹੋਵੇਗੀ।”
ਜਿਵੇਂ ਹੀ ਉਸ ਨੇ ਆਪਣੇ ਆਲੇ-ਦੁਆਲੇ ਦੇ ਸੰਸਾਰ ਉੱਤੇ ਝਾਤ ਮਾਰੀ, ਬੱਚਿਆਂ ਦੇ ਹਾਸੇ ਅਤੇ ਜੀਵੰਤ ਰੰਗਾਂ ਨੂੰ ਵੇਖ ਉਸ ਨੇ ਅਜਬ ਸ਼ਾਂਤੀ ਮਹਿਸੂਸ ਕੀਤੀ।
ਏਲੀਯਾਹ ਦੀ ਆਵਾਜ਼ ਹੁਣ ਚੁੱਪ ਸੀ, ਉਹ ਗਾਇਬ ਨਹੀਂ, ਸ਼ਾਂਤ ਸੀ। ਡੈਨੀਅਲ ਲਈ ਇਹ ਅੰਤ ਨਹੀਂ ਸੀ, ਸਗੋਂ ਇੱਕ ਸ਼ੁਰੂਆਤ ਸੀ। ਇੱਕ ਅਜਿਹੀ ਯਾਦ-ਦਹਾਨੀ ਦੀ ਕਿ ਇੱਕ ਦਿਲ ਸੱਚਮੁੱਚ ਸੰਸਾਰ ਨੂੰ ਬਦਲ ਸਕਦਾ ਹੈ।
—
ਪਾਰਕ ਉੱਤੇ ਸੁਨਹਿਰੀ ਕਿਰਨਾਂ ਖਿਲਾਰਦਾ ਜਿਵੇਂ ਹੀ ਸੂਰਜ ਖਿਤਿਜ ਤੋਂ ਹੇਠਾਂ ਹੋਣ ਲੱਗਾ, ਡੈਨੀਅਲ ਬੱਚਿਆਂ ਦੁਆਰਾ ਬਣਾਏ ਚਿੱਤਰਾਂ ਦੀ ਪ੍ਰਸ਼ੰਸਾ ਕਰਨ ਲਈ ਖੜ੍ਹਾ ਹੋ ਗਿਆ। ਜਿਸ ਲੜਕੇ ਨੇ ਪਹਿਲਾਂ ਉਸ ਤੋਂ ਰਾਹਨੁਮਾਈ ਦੀ ਮੰਗ ਕੀਤੀ ਸੀ, ਉਹ ਹੁਣ, ਬਹੁਤ ਹੀ ਉਤਸ਼ਾਹ ਨਾਲ, ਹੋਰ ਬੱਚਿਆਂ ਨੂੰ ਰੰਗ ਮਿਲਾਉਣ ਦਾ ਢੰਗ ਸਿਖਾ ਰਿਹਾ ਸੀ।
ਕਲੇਰ, ਕੌਫੀ ਦੇ ਦੋ ਕੱਪ ਲੈ ਕੇ ਡੈਨੀਅਲ ਕੋਲ ਪਹੁੰਚੀ। ਉਹ ਇੱਕ ਕੱਪ ਉਸ ਨੂੰ ਫੜ੍ਹਾਉਂਦਿਆਂ ਬੋਲੀ, “ਜ਼ਰਾ ਇਨ੍ਹਾਂ ਖੁਸ਼ੀ ਭਰਪੂਰ ਬੱਚਿਆਂ ਵੱਲ ਦੇਖੋ, ਸੱਚ ਹੀ ਤੂੰ ਬਹੁਤ ਹੀ ਵਧੀਆ ਉੱਦਮ ਸ਼ੁਰੂ ਕੀਤਾ ਹੈ।”
“ਇਹ ਸਿਰਫ ਮੈਂ ਨਹੀਂ ਹਾਂ,” ਡੈਨੀਅਲ ਨੇ ਕਿਹਾ। “ਇਹ ਏਲੀਯਾਹ ਹੈ। ਇਹ ਉਸ ਦੀ ਕਹਾਣੀ ਹੈ, ਉਸ ਦੀ ਵਿਰਾਸਤ ਹੈ।” ਉਸ ਨੇ ਨਿੱਘੀ ਨਿੱਘੀ ਕੌਫੀ ਦੀ ਚੁਸਕੀ ਦਾ ਆਨੰਦ ਲੈਂਦੇ ਹੋਏ ਕਿਹਾ, “ਸ਼ਾਇਦ ਜੀਣ ਦਾ ਇਹੋ ਹੀ ਅਸਲ ਮਤਲਬ ਹੈ– ਜੋ ਤੁਹਾਨੂੰ ਜੀਵਨ ਵਿਚ ਮਿਲਦਾ ਹੈ, ਉਸ ਤੋਂ ਵੱਧ ਹੋਰਾਂ ਨੂੰ ਵੰਡਣਾ।”
ਡੈਨੀਅਲ ਦੇ ਹੱਥ ਨੂੰ ਮਜਬੂਤੀ ਨਾਲ ਫੜ੍ਹਦਿਆਂ ਕਲੇਰ ਬੋਲੀ, “ਅਤੇ ਆਪਣੇ ਡਰਾਂ ਨਾਲੋਂ ਵੱਧ ਪਿਆਰ ਵੰਡਣਾ।”
ਜਿਵੇਂ ਹੀ ਰਾਤ ਦੇ ਅਸਮਾਨ ਵਿੱਚ ਤਾਰੇ ਬਿੰਦੀਆਂ ਵਾਂਗ ਚਮਕਣ ਲੱਗੇ, ਉਹ ਵਿਸ਼ਾਲ ਅੰਬਰ ਹੇਠ ਚੁੱਪਚਾਪ ਖੜ੍ਹੇ ਤਾਰਿਆਂ ਨੂੰ ਨਿਹਾਰ ਰਹੇ ਸਨ। ਡੈਨੀਅਲ ਨੇ ਧੁਰ ਅੰਦਰ ਅਜਬ ਸ਼ਾਂਤੀ ਮਹਿਸੂਸ ਕੀਤੀ, ਜਿਸ ਤੋਂ ਉਹ ਸਾਲਾਂ ਬੱਧੀ ਅਣਜਾਣ ਸੀ। ਏਲੀਯਾਹ ਦਾ ਦਿਲ ਸਿਰਫ਼ ਉਸਨੂੰ ਜ਼ਿੰਦਾ ਹੀ ਨਹੀਂ ਸੀ ਰੱਖ ਰਿਹਾ, ਇਹ ਉਸ ਦੀ ਰਾਹਨੁਮਾਈ ਵੀ ਕਰ ਰਿਹਾ ਸੀ। ਉਸ ਦੀਆਂ ਰਚਨਾਵਾਂ ਵਿਚ ਅਜਿਹੀ ਦਾਸਤਾਨ ਮਿਲਾ ਰਿਹਾ ਸੀ, ਜੋ ਉਹ ਇਕੱਲੇ ਕਦੇ ਵੀ ਬਿਆਨ ਨਹੀਂ ਸੀ ਕਰ ਸਕਦਾ।
—
ਕਈ ਸਾਲਾਂ ਬਾਅਦ, ਇਹ ਪਾਰਕ ਨੌਜਵਾਨ ਕਲਾਕਾਰਾਂ ਅਤੇ ਸੁਪਨਸਾਜ਼ਾਂ ਲਈ ਇੱਕ ਪਨਾਹਗਾਹ ਬਣ ਗਿਆ। ਪਾਰਕ ਦੇ ਠੀਕ ਵਿਚਕਾਰ ਇੱਕ ਕਾਲੇ ਲੜਕੇ ਦਾ ਉੱਚਾ ਬੁੱਤ ਮੌਜੂਦ ਸੀ, ਜੋ ਤਾਰਿਆਂ ਵੱਲ ਦੇਖ ਰਿਹਾ ਸੀ। ਬੁੱਤ ਦੇ ਪੈਰਾਂ ਕੋਲ ਜੜ੍ਹੀ ਤਖ਼ਤੀ ਉੱਤੇ ਲਿਖਿਆ ਸੀ, “ਏਲੀਯਾਹ ਬਰੂਕਸ ਦੀ ਯਾਦ ਵਿੱਚ, ਜਿਸ ਦੇ ਦਿਲ ਨੇ ਤਬਦੀਲੀ ਲਈ ਪ੍ਰੇਰਿਤ ਕੀਤਾ ਅਤੇ ਡੈਨੀਅਲ ਹਾਰਪਰ ਦੇ ਉੱਦਮ ਲਈ, ਜਿਸ ਨੇ ਇਸ ਨੂੰ ਅੱਗੇ ਵਧਾਇਆ। ਉਨ੍ਹਾਂ ਦੋਹਾਂ ਨੇ ਸਾਨੂੰ ਸਿਖਾਇਆ ਕਿ ਪਿਆਰ ਹੀ ਆਪਸੀ ਸਮਝ ਦਾ ਆਧਾਰ ਹੈ।”
ਡੈਨੀਅਲ, ਜੋ ਹੁਣ ਬੁੱਢਾ ਹੋ ਗਿਆ ਸੀ, ਪਰ ਅਜੇ ਵੀ ਕਾਰਜਸ਼ੀਲ ਸੀ, ਬੁੱਤ ਦੇ ਨੇੜੇ ਬੈਠਾ ਚਿੱਤਰ ਬਣਾ ਰਿਹਾ ਸੀ। ਇੱਕ ਬੱਚੀ ਹੱਥ ਵਿੱਚ ਸਕੈੱਚ ਬੁੱਕ ਫੜ੍ਹੀ ਉਸ ਕੋਲ ਆਈ, “ਹਾਰਪਰ ਅੰਕਲ, ਕੀ ਤੁਸੀਂ ਮੈਨੂੰ ਸਿਖਾਓਗੇ?” ਉਸ ਨੇ ਹਿਚਕਚਾਂਦੇ ਹੋਏ ਪੁੱਛਿਆ।
ਪਿਆਰ ਭਰੀ ਤੱਕਣੀ ਨਾਲ ਉਸ ਨੂੰ ਦੇਖ ਉਹ ਮੁਸਕਰਾਇਆ। “ਜ਼ਰੂਰ। ਆਓ ਦੇਖੀਏ ਤੁਸੀਂ ਕੀ ਬਣਾਇਆ ਹੈ।” ਉਹ ਬੋਲਿਆ।
ਜਿਵੇਂ ਹੀ ਉਹ ਸਕੈਚ ਦੇਖਣ ਲਈ ਝੁਕਿਆ, ਪਾਰਕ ਵਿੱਚ ਮੌਜੂਦ ਖੁਸ਼ਨੁਮਾ ਜ਼ਿੰਦਗੀ ਦੀਆਂ ਆਵਾਜ਼ਾਂ ਨਾਲ ਰਲਗੱਡ ਹਾਸੇ ਦੀ ਫੁਹਾਰ ਚਾਰੇ ਪਾਸੇ ਫੈਲ ਗਈ। ਹਨੇਰੇ ਅੰਬਰ ਵਿੱਚ ਤਾਰੇ ਟਿਮਟਿਮਾ ਰਹੇ ਸਨ, ਜਿਵੇਂ ਕਿ ਉਹ ਤਬਦੀਲੀ, ਇਤਫ਼ਾਕ ਅਤੇ ਉਮੀਦ ਦੀ ਕਹਾਣੀ ਦੇ ਖਾਮੋਸ਼ ਗਵਾਹ ਹੋਣ।
ਇਹ ਅੰਤ ਨਹੀਂ, ਸਗੋਂ ਇੱਕ ਲਗਾਤਾਰਤਾ ਸੀ। ਇੱਕ ਖੁੱਲ੍ਹੀ ਸੜਕ ਵਾਂਗ, ਜੋ ਇੱਕ ਸ਼ਾਨਦਾਰ ਤੇ ਸਾਂਝੀਵਾਲਤਾ ਵਾਲੇ ਭਵਿੱਖ ਵੱਲ ਲੈ ਜਾ ਰਹੀ ਹੋਵੇ ਅਤੇ ਇਸ ਸਭ ਦੇ ਕੇਂਦਰ ਵਿਚ, ਦੋ ਜ਼ਿੰਦਗੀਆਂ, ਇੱਕ ਧੜਕਣ ਦੀ ਸਾਂਝ, ਨਾਲ ਹਮੇਸ਼ਾ ਲਈ ਆਪਸ ਵਿੱਚ ਜੁੜੀਆਂ ਹੋਈਆਂ ਸਨ।