*ਸਾਬਕਾ ਰਾਸ਼ਟਰਪਤੀ ਬਾਇਡਨ ਦੇ ਬੀਜੇ ਕੰਡੇ ਚੁਗਣ ਦਾ ਯਤਨ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਬੀਜੇ ਕੰਡੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲ ਟਰੰਪ ਵੱਲੋਂ ਚੁਗਣ ਦਾ ਯਤਨ ਕੀਤਾ ਜਾ ਰਿਹਾ ਹੈ। ਭਾਵੇਂ ਕਿ ਅਮਰੀਕਾ ਵਿੱਚ ਵੱਸਦੇ ਪੰਜਾਬੀ/ਭਾਰਤੀ ਅਤੇ ਹੋਰ ਪਰਵਾਸੀਆਂ ਬਾਰੇ ਉਸ ਦੀ ਪਹੁੰਚ ਨਵੇਂ ਕੰਡੇ ਖਿਲਾਰਨ ਵਾਲੀ ਹੈ, ਖਾਸ ਕਰਕੇ ਸਾਡੇ ਮੁਲਕ ਦੇ ਅਮਰੀਕੀ ਪਰਵਾਸੀਆਂ ਦੇ ਸੰਦਰਭ ਵਿੱਚ ਇਹ ਵਰਤਾਰਾ ਗਹਿਰੇ ਆਰਥਕ ਸਮਾਜਕ ਪ੍ਰਭਾਵ ਛੱਡ ਰਿਹਾ ਹੈ।
ਤਿੰਨ ਕੁ ਸਾਲ ਪਹਿਲਾਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ। ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਨਾਟੋ ਮੁਲਕਾਂ ਨੇ ਇਸ ‘ਤੇ ਠੰਡਾ ਛਿੜਕਣ ਦੀ ਬਜਾਏ ਇਸ ਨੂੰ ਹੋਰ ਹਵਾ ਦੇਣੀ ਸ਼ੁਰੂ ਕਰ ਦਿੱਤੀ। ਇਸ ਹਵਾ ਦੇ ਨਾਲ ਅਮਰੀਕਾ ਜਰਮਨੀ ਅਤੇ ਫਰਾਂਸ ਹਥਿਆਰ ਵੀ ਯੂਕਰੇਨ ਨੂੰ ਵੇਚਣ ਲੱਗੇ; ਪਰ ਰੂਸੀ ਰਾਸ਼ਟਰਪਤੀ ਪੂਤਿਨ ਦੀ ਜ਼ਿਦ ਅਤੇ ਪੱਛਮੀ ਮੁਲਕਾਂ ਦੀ ਨਾਸਮਝੀ ਤੇ ਲਾਲਚ ਨੇ ਇੱਕ ਵੱਸਦਾ-ਰੱਸਦਾ ਖੁਸ਼ਹਾਲ ਮੁਲਕ ‘ਯੂਕਰੇਨ’ ਬਰਬਾਦੀ ਦੇ ਕੰਢੇ ‘ਤੇ ਲੈ ਆਂਦਾ। ਇਸੇ ਤਰ੍ਹਾਂ ਅਮਰੀਕਾ ਅਤੇ ਕਈ ਹੋਰ ਯੂਰਪੀਅਨ ਮੁਲਕਾਂ ਦੀ ਸ਼ਹਿ ‘ਤੇ ਪਹਿਲਾਂ ਹੀ ਜੇਲ੍ਹ ਵਰਗੇ ਇਲਾਕੇ ‘ਗਾਜ਼ਾ ਪੱਟੀ’ ਵਿੱਚ ਫਲਿਸਤੀਨੀਆਂ ਦੇ ਵਸੇਬੇ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਹੈ। ਪਰ ਰਿਪਬਲਿਕਨ ਪਾਰਟੀ ਦੇ ਆਗੂ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਨ੍ਹਾਂ ਦੋਹਾਂ ਖ਼ਿਤਿਆਂ ਵਿੱਚ ਅਮਨ-ਅਮਾਨ ਕਾਇਮ ਹੋਣ ਦੀ ਆਸ ਬੱਝ ਗਈ ਹੈ। ਇਸੇ ਕਿਸਮ ਦਾ ਅਮਨ ਚੈਨ ਜੇ ਰਾਸ਼ਟਰਪਤੀ ਟਰੰਪ ਅਮਰੀਕਾ ਅੰਦਰ ਵੱਸਦੇ ਭਾਈਚਾਰਿਆਂ ਵਿਚਕਾਰ ਵੀ ਬਣਾਈ ਰੱਖ ਸਕਣ ਤਾਂ ਉਨ੍ਹਾਂ ਦੇ ਰਾਸ਼ਟਰਪਤੀ ਵਜੋਂ ਇਹ ਚਾਰ ਸਾਲ ਇਤਿਹਾਸਕ, ਅਹਿਮ ਅਤੇ ਯਾਦਗਾਰੀ ਹੋਣਗੇ।
ਜਿਸ ਤਰ੍ਹਾਂ ਆਪਣੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਹਮਾਸ ਅਤੇ ਇਜ਼ਰਾਇਲ ਵਿਚਕਾਰ ਜੰਗ ਰੋਕਣ ਲਈ ਸਰਗਰਮੀ ਵਿਖਾਈ, ਇਹ ਬੇਹੱਦ ਸਲਾਹੁਣਯੋਗ ਅਮਲ ਹੈ। ਟਰੰਪ ਨੇ ਕਿਹਾ ਸੀ ਕਿ ਮੇਰੇ ਗੱਦੀ ਸਾਂਭਣ ਤੋਂ ਪਹਿਲਾਂ ਗਾਜ਼ਾ ਵਿੱਚ ਜੰਗਬੰਦੀ ਹੋ ਜਾਣੀ ਚਾਹੀਦੀ ਹੈ। ਉਸ ਨੇ ਹਮਾਸ ਨੂੰ ਵੀ ਧਮਕੀ ਦਿੱਤੀ ਸੀ ਕਿ, “ਜੇ ਬੰਦੀ ਬਣਾਏ ਇਜ਼ਰਾਇਲੀ ਉਸ ਨੇ ਨਾ ਛੱਡੇ ਤਾਂ ਉਨ੍ਹਾਂ ਲਈ ਨਰਕ ਦਾ ਦਰਵਾਜ਼ਾ ਖੋਲ੍ਹ ਦਿਆਂਗਾ।” ਭਾਵੇਂ ਕੇ ਲਿਬਰਲ ਪਾਰਟੀ ਦੇ ਆਗੂ ਅਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਜਾਂਦੇ-ਜਾਂਦੇ ਗਾਜ਼ਾ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦਾ ਯਤਨ ਕੀਤਾ, ਪਰ ਸਾਰੀ ਦੁਨੀਆਂ ਨੂੰ ਇਹ ਤੱਥ ਚਿੱਟੇ ਦਿਨ ਵਾਂਗ ਸਾਫ ਹੈ ਕਿ ਗਾਜ਼ਾ ਸਮਝੌਤਾ ਅਸਲ ਵਿੱਚ ਮੌਜੂਦਾ ਰਾਸ਼ਟਰਪਤੀ ਦੇ ਯਤਨਾਂ ਦਾ ਸਿੱਟਾ ਹੈ। ਵਾਧੇ ਵਾਲੀ ਗੱਲ ਇਹ ਵੀ ਹੈ ਕਿ ਟਰੰਪ ਨੇ ਇਰਾਨ ਨਾਲ ਵੀ ਦੋਸਤਾਨਾ ਸੰਬੰਧ ਰੱਖਣ ਦਾ ਐਲਾਨ ਕੀਤਾ ਹੈ।
ਯਾਦ ਰਹੇ, ਰਾਸ਼ਟਰਪਤੀ ਵਜੋਂ ਆਪਣੀ ਪਿਛਲੀ ਟਰਮ ਵਿੱਚ ਟਰੰਪ ਨੇ ਅਮਰੀਕਾ ਨਾਲ ਪ੍ਰਮਾਣੂ ਮਾਮਲੇ ਵਿੱਚ ਝਮੇਲਾ ਖੜ੍ਹਾ ਕਰੀ ਰੱਖਿਆ ਸੀ। ਇਸੇ ਦੌਰਾਨ ਇਰਾਨ ਦੇ ਇੱਕ ਸੀਨੀਅਰ ਜਰਨੈਲ ਦਾ ਡਰੋਨ ਹਮਲੇ ਰਾਹੀਂ ਕਤਲ ਕਰਵਾ ਦਿੱਤਾ ਗਿਆ ਸੀ। ਇਸ ਕਾਰਨ ਦੋਹਾਂ ਮੁਲਕਾਂ ਦੇ ਸੰਬੰਧ ਕਾਫੀ ਅਸਥਿਰ ਹੋ ਗਏ ਸਨ। ਉਂਝ ਅਮਰੀਕਾ ਅਤੇ ਇਰਾਨ ਵਿਚਕਾਰ 1980 ਦੇ ਇਸਲਾਮਿਕ ਇਨਕਲਾਬ ਤੋਂ ਪਿੱਛੋਂ ਸੰਬੰਧ ਹਮੇਸ਼ਾ ਤਣਾਅ ਭਰੇ ਹੀ ਰਹੇ ਹਨ। ਇਨ੍ਹਾਂ ਸੰਬੰਧਾਂ ਵਿੱਚ ਸਾਂਤਮਈ ਤਬਦੀਲੀ ਨਾ ਸਿਰਫ ਪੂਰੇ ਮੱਧ ਪੂਰਬ ਨੂੰ ਸਥਿਰ ਕਰੇਗੀ, ਸਗੋਂ ਇਹ ਤੀਜੀ ਸੰਸਾਰ ਜੰਗ ਵੱਲ ਵਧ ਰਹੇ ਪੂਰੇ ਸੰਸਾਰ ਨੂੰ ਵੀ ਰਾਹਤ ਦੇਵੇਗੀ। ਇਸੇ ਸੰਦਰਭ ਵਿੱਚ ਅਸੀਂ ਇਜ਼ਰਾਇਲ ਅਤੇ ਹਮਾਸ ਵੱਲੋਂ ਇੱਕ ਦੂਜੇ ਦੇ ਬੰਦੀਆਂ ਨੂੰ ਛੱਡਣ ਲਈ ਕੀਤੀ ਗਈ ਜੰਗਬੰਦੀ ਨੂੰ ਵੇਖ ਸਕਦੇ ਹਾਂ।
ਹਾਲ ਦੀ ਘੜੀ ਇਹ ਜੰਗਬੰਦੀ ਬੇਹੱਦ ਜਰਜ਼ਰੀ ਜ਼ਮੀਨ ‘ਤੇ ਖੜ੍ਹੀ ਹੈ। ਬੰਦੀਆਂ ਦੀ ਰਿਹਾਈ ਲਈ ਹਮਾਸ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਨੇ ਇਜ਼ਰਾਇਲ ਨੂੰ ਜ਼ਖਮੀ ਕੀਤਾ ਹੋਇਆ ਹੈ। ਉਸ ਨੂੰ ਨਾਮੋਸ਼ੀ ਪੂਰਨ ਸਮਝੌਤਾ ਕਰਨਾ ਪਿਆ ਹੈ। ਇਸ ਲਈ ਕੌਮਾਂਤਰੀ ਤਾਕਤਾਂ, ਖਾਸ ਕਰਕੇ ਅਮਰੀਕਾ ਦਾ ਦਬਾਅ ਕਇਮ ਨਹੀਂ ਰਹਿੰਦਾ ਤਾਂ ਜੰਗ ਕਦੀ ਵੀ ਮੁੜ ਛਿੜ ਸਕਦੀ ਹੈ। ਇਜ਼ਰਾਇਲ ਅਤੇ ਹਮਾਸ ਵਿਚਕਾਰ ਇਸ ਜੰਗਬੰਦੀ ਨੂੰ ਲੰਮੀ ਅਤੇ ਸਥਾਈ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਤੇ ਗਾਜ਼ਾ ਦੇ ਪੁਨਰਵਾਸ ਵਿੱਚ ਸਾਰੇ ਸੰਸਾਰ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਦਿਆਂ ਹੀ ਸੰਯੁਕਤ ਰਾਸ਼ਟਰ ਵੱਲੋਂ ਪ੍ਰਵਾਨ ਕੀਤਾ ਦੋ ਮੁਲਕਾਂ ਦੀ ਸਹਿਹੋਂਦ ਦਾ ਸਿਧਾਂਤ ਲਾਗੂ ਹੋ ਸਕਦਾ ਹੈ। ਬਾਅਦ ਵਿੱਚ ਅਮਰੀਕਾ ਦੀ ਵਿਚੋਲਗੀ ਨਾਲ ਹੋਇਆ ਓਸਲੋ ਸਮਝੌਤਾ ਵੀ ਦੋ ਮੁਲਕਾਂ ਵਾਲੀ ਥਿਊਰੀ ਦੀ ਪੁਸ਼ਟੀ ਕਰਦਾ ਹੈ। ਇਜ਼ਰਾਇਲ ਬਣਨ ਵੇਲੇ ਅੰਤਰਰਾਸ਼ਟਰੀ ਤਾਕਤਾਂ ਨੇ ਯਹੂਦੀਆਂ ਨੂੰ ਤਕਰੀਬਨ ਪੂਰੇ ਫਲਿਸਤੀਨ ਦਾ 44 ਫੀਸਦੀ ਹਿੱਸਾ ਦਿੱਤਾ ਸੀ ਅਤੇ ਬਾਕੀ 66 ਫੀਸਦੀ ਫਲਿਸਤੀਨੀਆਂ ਨੂੰ; ਪਰ ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਦੀ ਛਤਰਛਾਇਆ ਹੇਠ ਇਜ਼ਰਾਇਲ ਨੇ ਫਲਿਸਤੀਨੀਆਂ ਨੂੰ ਧੱਕ ਕੇ ਛੋਟੀ ਅਤੇ ਪਤਲੀ ਜਿਹੀ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਤੱਕ ਸੀਮਤ ਕਰ ਦਿੱਤਾ ਹੈ। ਇਜ਼ਰਾਇਲ ਹਾਲੇ ਵੀ ਵੈਸਟ ਬੈਂਕ ਵਿੱਚ ਯਹੂਦੀਆਂ ਨੂੰ ਆਪਣੀ ਫੌਜ ਦੀ ਮਦਦ ਨਾਲ ਵਸਾ ਕੇ ਫਲਿਸਤੀਨੀਆਂ ਨੂੰ ਕਿਨਾਰੇ ਵੱਲ ਧੱਕੀ ਜਾ ਰਿਹਾ ਹੈ। ਇਸ ਸਥਿਤੀ ਵਿੱਚ ਦਬਾਈਆਂ ਕੌਮਾਂ ਵੱਲੋਂ ਸਿਖਰਲੇ ਹਿੰਸਕ ਕਦਮ ਚੁੱਕਣ ਜਿਹੇ ਕਾਰਨਾਮੇ ਸਾਧਾਰਨ ਬੁੱਧੀ ਦੀ ਵੀ ਸਮਝ ਵਿੱਚ ਪੈਂਦੇ ਹਨ।
ਫਲਿਸਤੀਨੀਆਂ ਦੀ ਹਾਲਤ ‘ਮਰਦਾ ਕੀ ਨੀ ਕਰਦਾ’ ਵਾਲੀ ਹੈ। 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਇਲ ਦੇ ਇੱਕ ਮੇਲੇ ਨੁਮਾ ਸਥਾਨ ‘ਤੇ ਕੀਤਾ ਗਿਆ ਹਮਲਾ ਇਸ ਕਿਸਮ ਦੀਆਂ ਭਾਵਨਾਵਾਂ ਦਾ ਹੀ ਸਿੱਟਾ ਸੀ, ਜਿਸ ਵਿੱਚ 1250 ਦੇ ਕਰੀਬ ਲੋਕ ਮਾਰੇ ਗਏ ਸਨ ਅਤੇ 250 ਦੇ ਕਰੀਬ ਇਜ਼ਰਾਇਲੀਆਂ ਨੂੰ ਹਮਾਸ ਦੇ ਲੜਾਕਿਆਂ ਨੇ ਬੰਦੀ ਬਣਾ ਲਿਆ ਸੀ। ਇਨ੍ਹਾਂ ਵਿੱਚੋਂ ਕੁਝ ਦਾ ਕਤਲ ਕਰ ਦਿੱਤਾਂ ਗਿਆ ਅਤੇ ਬਾਕੀਆਂ ਨੂੰ ਆਪਣੇ ਸੈਂਕੜੇ ਕੈਦੀ ਛਡਾਉਣ ਦੇ ਬਦਲੇ ਹਮਾਸ ਵੱਲੋਂ ਰਿਹਾਅ ਕੀਤਾ ਜਾ ਰਿਹਾ ਹੈ।
ਪਿਛਲੇ ਕੁਝ ਦਿਨਾਂ ਦੌਰਾਨ ਹਮਾਸ ਨੇ 7 ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕੀਤਾ ਹੈ ਅਤੇ ਇਨ੍ਹਾਂ ਬਦਲੇ ਆਪਣੇ ਤਕਰੀਬਨ 290 ਕੈਦੀ ਛੁਡਾ ਲਏ ਹਨ। ਇਸੇ ਮਹੀਨੇ, 19 ਜਨਵਰੀ ਨੂੰ ਹਮਾਸ ਵੱਲੋਂ ਤਿੰਨ ਇਜ਼ਰਾਇਲੀ ਬੰਧਕ ਔਰਤਾਂ- ਰੋਮੀ ਗੋਨਿਨ (23), ਇਮਾਇਲੀ ਟੇਹੀਲਾ (28), ਡੋਰੋਨ ਸਟੇਅਨਬਰੀਚਰ (31) ਨੂੰ ਰਿਹਾਅ ਕੀਤਾ ਗਿਆ। ਇਸ ਤੋਂ ਬਾਅਦ 24 ਜਨਵਰੀ ਨੂੰ ਹਮਾਸ ਵੱਲੋਂ ਚਾਰ ਹੋਰ ਜਵਾਨ ਇਜ਼ਰਾਇਲੀ ਕੁੜੀਆਂ- ਕਰੀਨ ਅਰੇਵ, ਨਾਮਾ ਲੇਵੀ, ਲੀਰਾ ਅਲਬਾਗ ਅਤੇ ਡੇਨੀਅਲ ਗਿਲਬੋਆ ਨੂੰ ਰਿਹਾਅ ਕੀਤਾ ਗਿਆ। ਹਮਾਸ ਵੱਲੋਂ ਰਿਹਾਸ ਕੀਤੀਆਂ ਗਈਆਂ ਇਹ ਜਵਾਨ ਔਰਤਾਂ ਏਨੀ ਸਾਫ ਸੁਥਰੀ ਅਤੇ ਸਿਹਤਮੰਦ ਹਾਲਤ ਵਿੱਚ ਹਨ ਕਿ ਇਹ ਲਗਦਾ ਹੀ ਨਹੀਂ ਸੀ ਕਿਸੇ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਹੈ।
ਇਸ ਦੇ ਉਲਟ ਇਜ਼ਾਰਾਇਲ ਵੱਲੋਂ ਰਿਹਾਅ ਕੀਤੇ ਗਏ ਕੈਦੀਆਂ ਦੀ ਹਾਲਤ ਬੇਹੱਦ ਤਰਸਯੋਗ ਵਿਖਾਈ ਦਿੱਤੀ। ਇਨ੍ਹਾਂ ਵਿੱਚੋਂ ਕੁਝ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਦੀ ਹਾਲਤ ਖੁੱਡੇ ਵਿੱਚ ਤਾੜੇ ਹੋਏ ਕੁੱਕੜ ਵਰਗੀ ਸੀ। ਇਸ ਤੋਂ ਦੋਹਾਂ ਧਿਰਾਂ ਦੀ ਮਾਨਵ ਜ਼ਿੰਦਗੀ ਬਾਰੇ ਪਹੁੰਚ ਦਾ ਪਤਾ ਲੱਗਦਾ ਹੈ। ਉਪਰੋਕਤ ਔਰਤਾਂ ਨੂੰ ਛੱਡਣ ਵੇਲੇ ਹਮਾਸ ਦੇ ਲੜਾਕਿਆਂ ਨੇ ਜਿਸ ਕਿਸਮ ਦਾ ਅਨੁਸ਼ਾਸਨ ਅਤੇ ਚੁਸਤੀ ਵਿਖਾਈ, ਉਸ ਤੋਂ ਲੱਗਦਾ ਹੀ ਨਹੀਂ ਕਿ ਇਸ 15 ਮਹੀਨੇ ਦੀ ਜੰਗ ਦਾ ਉਨ੍ਹਾਂ ‘ਤੇ ਕੋਈ ਅਸਰ ਪਿਆ ਹੈ; ਪਰ ਪੰਜਾਹ ਹਜ਼ਾਰ ਦੇ ਕਰੀਬ ਸਾਧਾਰਣ ਲੋਕ ਮਾਰੇ ਗਏ ਹਨ। ਗਾਜ਼ਾ ਦੀਆਂ ਇਮਾਰਤਾਂ ਨੂੰ ਇਜ਼ਰਾਇਲੀ ਬੰਬਾਰੀ ਵੱਲੋਂ ਲਗਪਗ ਥੇਹ ਕਰ ਦਿੱਤਾ ਗਿਆ ਹੈ। 900 ਤੋਂ ਵੱਧ ਇਜ਼ਰਾਇਲੀ ਸੈਨਿਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਮੌਜੂਦਾ ਜੰਗਬੰਦੀ ਦੇ ਬਾਵਜੂਦ ਇਜ਼ਰਾਇਲ ਧਮਕੀਆਂ ਦੇ ਰਿਹਾ ਹੈ ਕਿ ਉਹ ਹਮਾਸ ਦਾ ਮੁਕੰਮਲ ਖਾਤਮਾ ਕਰ ਕੇ ਹੀ ਸਾਹ ਲਵੇਗਾ। ਯਾਦ ਰਹੇ, ਬੀਤੇ ਕੁਝ ਸਮੇਂ ਤੋਂ ਇਜ਼ਰਾਇਲ ਹਮਾਸ ਨੂੰ ਲਗਪਗ ਖਤਮ ਕਰਨ ਦਾ ਦਾਅਵਾ ਕਰ ਰਿਹਾ ਸੀ, ਪਰ ਬੰਧਕਾਂ ਨੂੰ ਰਿਹਾਅ ਕਰਨ ਵੇਲੇ ਹਮਾਸ ਦੇ ਲੜਾਕਿਆਂ ਨੇ ਜਿਸ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਲਗਦਾ ਹੈ ਕਿ ਇਜ਼ਰਾਇਲੀ ਹਾਕਮ ਇਸ ਤੋਂ ਚਿੜ੍ਹ ਗਏ ਹਨ ਅਤੇ ਮੁੜ ਜੰਗ ਛੇੜਨ ਦੀਆਂ ਗੱਲਾਂ ਕਰਨ ਲੱਗੇ ਹਨ।
ਗਾਜ਼ਾਂ ਦੀ ਮੌਜੂਦਾ ਹਾਲਤ ਬਿਆਨ ਕਰਦਿਆਂ ਖਾਨ ਯੂਨਿਸ ਵਿੱਚ ਪਨਾਹ ਲਈ ਬੈਠੇ ਇੱਕ ਫਲਿਸਤੀਨੀ ਅਹਿਮਦ ਅਬੂ ਅਯਿਆਮ ਨੇ ਕਿਹਾ ਕਿ ਜੰਗਬੰਦੀ ਨਾਲ ਕੁਝ ਹੋਰ ਮਨੁੱਖੀ ਜਾਨਾਂ ਦਾ ਬਚਾਅ ਹੋ ਜਾਵੇਗਾ, ਪਰ ਜਿਸ ਕਦਰ ਜਾਨੀ ਨੁਕਸਾਨ ਹੋਇਆ ਹੈ ਅਤੇ ਜਿੰਨੀ ਬਰਬਾਦੀ ਹੋਈ ਹੈ, ਉਸ ਨੂੰ ਵੇਖ ਕੇ ਲਗਦਾ ਹੈ ਕਿ ਇਹ ਖੁਸ਼ੀਆਂ ਮਨਾਉਣ ਦਾ ਸਮਾਂ ਨਹੀਂ ਹੈ। ਉਸ ਦੇ ਸ਼ਬਦ ਸਨ, “ਅਸੀਂ ਦਰਦ ਨਾਲ ਪੀੜੇ ਜਾ ਰਹੇ ਹਾਂ, ਇਹ ਖੁਸ਼ੀਆਂ ਮਨਾਉਣ ਦਾ ਨਹੀਂ, ਇੱਕ ਦੂਜੇ ਦੇ ਗਲ ਲੱਗ ਕੇ ਰੋਣ ਦਾ ਸਮਾਂ ਹੈ।”