ਕੁਦਰਤੀ ਗੁਰਦੇ: ਜਲਗਾਹਾਂ

ਆਮ-ਖਾਸ ਵਿਚਾਰ-ਵਟਾਂਦਰਾ

2 ਫਰਵਰੀ 2025 ਕੌਮਾਂਤਰੀ ਜਲਗਾਹਾਂ ਦਿਵਸ ਵਿਸ਼ੇਸ਼
*ਜੀਵਾਂ ਦੇ ਸਾਂਝੇ ਭਵਿੱਖ ਲਈ ਜਲਗਾਹਾਂ ਨੂੰ ਬਚਾਈਏ”
ਅਸ਼ਵਨੀ ਚਤਰਥ
ਫੋਨ: +91-6284220595
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਦਰਤ ਦਾ ਧਰਤੀ ਦੇ ਸਮੂਹ ਜੀਵਾਂ ਦੇ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਸੰਪੰਨ ਬਣਾਉਣ ਵਿੱਚ ਹਮੇਸ਼ਾ ਤੋਂ ਹੀ ਅਹਿਮ ਯੋਗਦਾਨ ਰਿਹਾ ਹੈ। ਧਰਤੀ ਗ੍ਰਹਿ ਉੱਤੇ ਮੌਜੂਦ ਬੇਸ਼ਕੀਮਤੀ ਕੁਦਰਤੀ ਸੋਮਿਆਂ ਜਿਵੇਂ ਕਿ ਜੰਗਲਾਂ, ਪਹਾੜਾਂ, ਦਰਿਆਵਾਂ, ਨਹਿਰਾਂ, ਸਮੁੰਦਰਾਂ, ਝਰਨਿਆਂ ਅਤੇ ਜਲਗਾਹਾਂ ਵੱਲੋਂ ਸਮੂਹ ਪ੍ਰਾਣੀਆਂ ਨੂੰ ਪੋਸ਼ਿਤ ਕੀਤਾ ਜਾਂਦਾ ਰਿਹਾ ਹੈ। ਉਕਤ ਸਾਰੇ ਭੌਤਿਕ ਸਾਧਨਾਂ ਵਿੱਚੋਂ ਜਲਗਾਹਾਂ ਉਹ ਬੇਸ਼ਕੀਮਤੀ ਕੁਦਰਤੀ ਸਾਧਨ ਹਨ, ਜੋ ਮਨੁੱਖ ਸਮੇਤ ਧਰਤੀ ਦੇ ਸਮੂਹ ਜੀਵਾਂ ਨੂੰ ਪ੍ਰਫੁੱਲਤ ਵੀ ਕਰ ਰਹੀਆਂ ਹਨ

ਅਤੇ ਉਨ੍ਹਾਂ ਦੇ ਮਲ–ਮੂਤਰ ਤੇ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਸੋਖ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਵੀ ਬਣਾ ਰਹੀਆਂ ਹਨ।
ਹਰ ਸਾਲ ਜਲਗਾਹਾਂ ਦੀ ਮਹੱਤਤਾ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ‘ਕੌਮਾਂਤਰੀ ਜਲਗਾਹਾਂ ਦਿਵਸ’ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਅਸਲ ਵਿੱਚ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ (੍ਰਅਮਸਅਰ) ਵਿਖੇ ਹੋਈ ਕਨਵੈਨਸ਼ਨ ਵਿੱਚ ਦੁਨੀਆਂ ਭਰ ਦੀਆਂ ਜਲਗਾਹਾਂ ਨੂੰ ਬਚਾਉਣ ਲਈ ਉੱਥੇ ਮੌਜੂਦ ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਅਹਿਦ ਲਿਆ ਗਿਆ ਸੀ। ਇਸ ਸਮਝੌਤੇ ਨੂੰ ‘ਰਾਮਸਰ ਸਮਝੌਤਾ’ ਦਾ ਨਾਂ ਦਿੱਤਾ ਗਿਆ ਹੈ। ਹੁਣ ਤੱਕ ਇਸ ਸਮਝੋਤੇ ਉੱਤੇ 172 ਦੇਸ਼ਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਉਕਤ ਸਮਝੌਤੇ ਤਹਿਤ ਸੰਸਾਰ ਦੀਆਂ ਉੱਘੀਆਂ 2400 ਤੋਂ ਵੱਧ ਜਲਗਾਹਾਂ ਨੂੰ ‘ਰਾਮਸਰ ਜਲਗਾਹਾਂ’ ਘੋਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਕੁੱਲ ਖੇਤਰਫਲ 21 ਲੱਖ ਵਰਗ ਕਿਲੋਮੀਟਰ ਹੈ। ਭਾਰਤ ਦੀਆਂ 85 ਜਲਗਾਹਾਂ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ। ਇਸ ਸਾਲ ਭਾਵ 2025 ਦੇ ਜਲਗਾਹਾਂ ਦਿਵਸ ਦਾ ਥੀਮ ਭਾਵ ਵਿਸ਼ਾ–ਵਸਤੂ ਹੈ, ‘ਸਾਡੇ ਸਾਂਝੇ ਭਵਿੱਖ ਲਈ ਜਲਗਾਹਾਂ ਨੂੰ ਬਚਾਈਏ।’
ਜਲਗਾਹਾਂ ਦੇ ਬਹੁਪੱਖੀ ਫ਼ਾਇਦੇ: ਇਹ ਗੱਲ ਸਮਝਣ ਦੀ ਲੋੜ ਹੈ ਕਿ ਜੀਵ ਭਾਵੇਂ ਜਲਗਾਹਾਂ ਨੂੰ ਬੇਲੋੜੇ ਸਮਝ ਕੇ ਉਨ੍ਹਾਂ ਦੀ ਬੇਕਦਰੀ ਕਰਦਾ ਰਿਹਾ, ਪਰ ਉਸ ਦੇ ਜੀਵਨ ਵਿੱਚ ਇਨ੍ਹਾਂ ਵੱਡਮੁੱਲੀਆਂ ਜਲਗਾਹਾਂ ਦੀ ਹਮੇਸ਼ਾ ਤੋਂ ਹੀ ਅਹਿਮ ਭੂਮਿਕਾ ਰਹੀ ਹੈ। ਮਨੁੱਖ ਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਇਹ ਜਲਗਾਹਾਂ ਉਹ ਕੁਦਰਤੀ ਪ੍ਰਣਾਲੀਆਂ ਹਨ, ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ, ਧਰਤੀ ਦੇ ਸਮੁੱਚੇ ਪਾਣੀ ਨੂੰ ਸਾਫ਼ ਸੁਥਰਾ ਅਤੇ ਸਵੱਛ ਬਣਾ ਕੇ ਪੀਣ ਯੋਗ ਬਣਾਉਣ, ਦਰਿਆਵਾਂ ਤੇ ਨਹਿਰਾਂ ਵਿੱਚ ਆਉਂਦੇ ਹੜ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਪਾਣੀ ਦੇ ਪ੍ਰਵਾਹ ਨੂੰ ਇਕਸਾਰ ਬਣਾਉਣ, ਪਥਾਰਟੀ ਬਾਲਣਾਂ (ਜਿਵੇਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ) ਦੇ ਬਲਣ ਤੋਂ ਨਿਕਲ ਰਹੀ ਕਾਰਬਨ ਡਾਈਆਕਸਾਈਡ ਗੈਸ ਨੂੰ ਸੋਖ ਕੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ, ਸਮੁੰਦਰੀ ਤੁਫਾਨਾਂ ਨੂੰ ਠੱਲ੍ਹ ਪਾਉਣ, ਸਮੂਹ ਜੰਗਲੀ ਜੀਵਾਂ ਨੂੰ ਭੋਜਨ ਦੇਣ ਅਤੇ ਰਹਿਣ ਲਈ ਜਗ੍ਹਾ ਪ੍ਰਦਾਨ ਕਰਕੇ ਉਨ੍ਹਾਂ ਦੇ ਜੀਵਨ ਦੀਆਂ ਪ੍ਰਕ੍ਰਿਆਵਾਂ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨਾਲ-ਨਾਲ ਸੈਲਾਨੀਆਂ ਦਾ ਮਨੋਰੰਜਨ ਕਰਦਿਆਂ ਹੋਇਆਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਵੀ ਕਰਦੀਆਂ ਹਨ ਤੇ ਸਰਕਾਰੀ ਆਮਦਨ ਵਿੱਚ ਵਾਧਾ ਵੀ ਕਰਦੀਆਂ ਹਨ। ਜਲਗਾਹਾਂ ਵੱਲੋਂ ਜ਼ਮੀਨ ਦੀ ਮਿੱਟੀ ਨੂੰ ਬੰਨ੍ਹੀ ਰੱਖ ਕੇ ਉਸ ਦੀ ਭੌਂ-ਖੋਰ ਨੂੰ ਰੋਕਿਆ ਜਾਂਦਾ ਹੈ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਇਨ੍ਹਾਂ ਵੱਲੋਂ ਨਿਭਾਏ ਜਾਂਦੇ ਮਹੱਤਵਪੂਰਨ ਕਾਰਜਾਂ ਨੂੰ ਮਨੁੱਖ ਕਦੇ ਵੀ ਅੱਖੋਂ-ਪਰੋਖੇ ਨਹੀਂ ਕਰ ਸਕਦਾ।
ਜਲਗਾਹਾਂ ਦੀਆਂ ਕਿਸਮਾਂ: ਜਲਗਾਹਾਂ ਵਿੱਚ ਮੌਜੂਦ ਪਾਣੀ ਦੀ ਮਾਤਰਾ ਅਤੇ ਉਨ੍ਹਾਂ ਵਿੱਚ ਮਿਲਣ ਵਾਲੇ ਜੀਵ ਜੰਤੂਆਂ ਦੇ ਆਧਾਰ ਉੱਤੇ ਇਨ੍ਹਾਂ ਨੂੰ ਮੋਟੇ ਤੌਰ `ਤੇ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਕਿਸਮ ਦੀਆਂ ਜਗਲਾਹਾਂ ਨੂੰ ‘ਧਸਾਊ ਦਲਦਲ’ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਦੀ ਜ਼ਮੀਨ ਦਾ ਪੱਧਰ ਆਪਣੇ ਆਲੇ-ਦੁਆਲੇ ਦੀ ਜਗ੍ਹਾ ਤੋਂ ਨੀਵਾਂ ਹੋਣ ਕਰਕੇ ਇਨ੍ਹਾਂ ਵਿੱਚ ਪੂਰਾ ਸਾਲ ਪਾਣੀ ਭਰਿਆ ਰਹਿੰਦਾ ਹੈ। ਇਹ ਜਲਗਾਹਾਂ ਅੰਟਾਰਕਟਿਕਾ ਨੂੰ ਛੱਡ ਕੇ ਸੰਸਾਰ ਦੇ ਬਾਕੀ ਸਾਰੇ ਹਿੱਸਿਆਂ ਵਿੱਚ ਮਿਲਦੀਆਂ ਹਨ। ਧਸਾਊ ਦਲਦਲਾਂ ਵਿੱਚ ਵੈਸੇ ਤਾਂ ਸਭ ਤਰ੍ਹਾਂ ਦੇ ਪੌਦੇ-ਪ੍ਰਾਣੀ ਮਿਲਦੇ ਹਨ, ਪਰ ਮੈਨਗ੍ਰੋਵ (ੰਅਨਗਰੋਵੲ) ਅਤੇ ਤਾੜ (ਫਅਲਮ) ਦੇ ਪੌਦੇ ਇਨ੍ਹਾਂ ਵਿੱਚ ਵਿਸ਼ੇਸ਼ ਤੌਰ `ਤੇ ਪਾਏ ਜਾਂਦੇ ਹਨ। ਦੂਜੀ ਕਿਸਮ ਦੀਆਂ ਜਲਗਾਹਾਂ ਹਨ, ਜਿਨ੍ਹਾਂ ਨੂੰ ‘ਮਾਰਸ਼ਜ਼’ (ੰਅਰਸਹੲਸ) ਜਾਂ ‘ਟੋਭੇ’ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਬਣਤਰ ਸੇਮ ਕਿਸਮ ਦੀ ਜ਼ਮੀਨ ਨਾਲ ਮਿਲਦੀ-ਜੁਲਦੀ ਹੈ। ਇਹ ਟੋਭੇ ਅਸਲ ਵਿਚ ਸਮੁੰਦਰਾਂ, ਦਰਿਆਵਾਂ ਅਤੇ ਝੀਲਾਂ ਕੰਢੇ ਮਿਲਦੇ ਹਨ। ਸਮੁੰਦਰਾਂ ਕੰਢੇ ਮਿਲਦੇ ਟੋਭਿਆਂ ਦਾ ਪਾਣੀ ਖਾਰਾ ਅਤੇ ਦਰਿਆਵਾਂ ਕੰਢੇ ਮਿਲਦੇ ਟੋਭਿਆਂ ਦਾ ਪਾਣੀ ਮਿੱਠਾ ਭਾਵ ਸਧਾਰਨ ਪਾਣੀ ਹੁੰਦਾ ਹੈ। ਇਹ ਟੋਭੇ ਜਲ-ਸ੍ਰੋਤਾਂ ਦੇ ਵਾਧੂ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰਕੇ ਆਲੇ-ਦੁਆਲੇ ਦੇ ਜਨ-ਜੀਵਨ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਂਦੇ ਹਨ।
ਜਲ ਸ੍ਰੋਤਾਂ ਨੂੰ ਸਾਫ਼ ਕਰਨ ਵਿੱਚ ਭੂਮਿਕਾ: ਇਸਦੇ ਨਾਲ ਹੀ ਪਾਣੀ ਵਿੱਚ ਘੁਲੇ ਹੋਏ ਰਸਾਇਣਾਂ ਨੂੰ ਸੋਖ ਕੇ ਇਹ ਜਲ–ਸ੍ਰੋਤਾਂ ਨੂੰ ਸਾਫ਼-ਸੁਥਰਾ ਅਤੇ ਵਰਤਣਯੋਗ ਬਣਾਉਂਦੇ ਹਨ। ਸਮਝਣ ਦੀ ਲੋੜ ਹੈ ਕਿ ਉਦਯੋਗਾਂ ਅਤੇ ਖੇਤਾਂ ਤੋਂ ਆਉਂਦੇ ਪਾਣੀਆਂ ਵਿੱਚ ਅਨੇਕਾਂ ਤਰ੍ਹਾਂ ਦੇ ਹਾਨੀਕਾਰਕ ਰਸਾਇਣ ਘੁਲ਼ੇ ਹੋਏ ਹੁੰਦੇ ਹਨ ਅਤੇ ਇਹ ਪਾਣੀ ਸਾਡੇ ਸਮੁੱਚੇ ਜਲ ਸੋ੍ਰਤਾਂ ਨੂੰ ਜ਼ਹਿਰੀਲਾ ਬਣਾ ਸਕਦੇ ਹਨ। ਟੋਭਿਆਂ ਵਿੱਚ ਮਿਲਣ ਵਾਲੀਆਂ ਬਨਸਪਤੀਆਂ ਵਿੱਚ ਜ਼ਿਆਦਾਤਰ ਪਾਣੀ ਵਾਲਾ ਘਾਹ, ਸਰਕੰਡੇ, ਕਾਈਆਂ ਅਤੇ ਅਨੇਕਾਂ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਸ਼ਾਮਿਲ ਹੁੰਦੀਆਂ ਹਨ, ਜਿਨ੍ਹਾਂ ਵਿੱਚ ਪਾਣੀ ਅੰਦਰ ਘੁਲ਼ੇ ਹੋਏ ਜ਼ਹਿਰੀਲੇ ਰਸਾਇਣਾਂ ਨੂੰ ਜਜ਼ਬ ਕਰਨ ਦੀ ਵਿਸ਼ੇਸ਼ ਸਮਰੱਥਾ ਹੁੰਦੀ ਹੈ।
ਕੁਦਰਤੀ ਗੁਰਦਿਆਂ ਦੀ ਨਿਆਈਂ ਜਲਗਾਹਾਂ: ਜਲਗਾਹਾਂ ਧਰਤੀ ਦੇ ਕੁੱਲ ਖੇਤਰ ਦੇ ਮਹਿਜ਼ 6 ਫ਼ੀਸਦ ਹਿੱਸੇ ਉੱਤੇ ਮੌਜੂਦ ਹਨ, ਪਰ ਇਨ੍ਹਾਂ ਦੀ ਮਹੱਤਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਸਮੁੱਚੀ ਧਰਤੀ ਦੇ ਪੌਦੇ-ਪ੍ਰਾਣੀਆਂ ਦੀ ਕੁੱਲ ਪ੍ਰਜਾਤੀਆਂ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਜਲਗਾਹਾਂ ਵਿੱਚ ਨਿਵਾਸ ਕਰਕੇ ਆਪਣੇ ਜੀਵਨ ਦੀਆਂ ਜ਼ਰੂਰੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ। ਇਨ੍ਹਾਂ ਦੀ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚ ਹਵਾ ਵਿਚਲੇ ਪ੍ਰਦੂਸ਼ਣ ਨੂੰ ਸਾਫ਼ ਕਰਨ ਦੀ ਸਮੱਰਥਾ ਬਰਸਾਤੀ ਜੰਗਲਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ। ਸੰਸਾਰ ਦੀ ਸਭ ਤੋਂ ਵੱਡੀ ਜਲਗਾਹ ਦਾ ਨਾਂ ‘ਪੈਂਟਾਨਲ’ ਜਲਗਾਹ ਹੈ, ਜਿਸਦਾ ਖੇਤਰਫਲ ਦੋ ਲੱਖ ਵਰਗ ਕਿਲੋਮੀਟਰ ਦੇ ਕਰੀਬ ਹੈ, ਜੋ ਕਿ ਤਿੰਨ ਦੇਸ਼ਾਂ ਬ੍ਰਾਜ਼ੀਲ, ਪੈਰਾਗੁਆਏ ਅਤੇ ਬੋਲੀਵੀਆ ਵਿੱਚ ਸਾਂਝੇ ਤੌਰ `ਤੇ ਮੌਜੂਦ ਹੈ; ਤੇ ਇਹ ਇਨ੍ਹਾਂ ਦੇਸ਼ਾਂ ਤੋਂ ਨਿਕਲਦੇ ਗੰਧਲੇ ਪਾਣੀ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ। ਮਨੁੱਖ ਨੂੰ ਜਲਗਾਹਾਂ ਦੀ ਅਹਿਮੀਅਤ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ, ਕਿਉਂਕਿ ਇਹ ਧਰਤੀ ਦੀ ਮਿੱਟੀ, ਪਾਣੀ ਅਤੇ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦੀਆਂ ਹਨ। ਇਸ ਲਈ ਇਨ੍ਹਾਂ ਨੂੰ ‘ਕੁਦਰਤੀ ਗੁਰਦੇ’ ਵੀ ਕਿਹਾ ਗਿਆ ਹੈ।
ਜੈਵਿਕ–ਵਿਭਿੰਨਤਾ ਕਾਇਮ ਰੱਖਣ ਲਈ ਜ਼ਰੂਰੀ ਜਲਗਾਹਾਂ: ਪ੍ਰਿਥਵੀ ਦੀ ਜੈਵਿਕ ਵਿਭਿੰਨਤਾ ਨੂੰ ਬਰਕਰਾਰ ਰੱਖਣ ਵਿੱਚ ਇਨ੍ਹਾਂ ਦੀ ਮਹੱਤਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਜੀਵ-ਜੰਤੂਆਂ ਦੀਆਂ ਖ਼ਾਤਮੇ ਦੇ ਨੇੜੇ ਪਹੁੰਚੀਆਂ ਅਨੇਕਾਂ ਪ੍ਰਜਾਤੀਆਂ ਦਾ ਅੱਧਾ ਹਿੱਸਾ ਇਨ੍ਹਾਂ ਜਲਗਾਹਾਂ ਵਿੱਚ ਪਨਾਹ ਲੈ ਕੇ ਆਪਣੀ ਹੋਂਦ ਨੂੰ ਬਚਾਅ ਰਿਹਾ ਹੈ। ਇੱਕ ਹੋਰ ਦਿਲਚਸਪ ਗੱਲ ਕਿ ਦੂਜਿਆਂ ਦੇਸ਼ਾਂ ਦੇ ਪਰਵਾਸੀ ਪੰਛੀ, ਜੋ ਆਪਣੇ ਮੂਲ ਸਥਾਨ ਉੱਤੇ ਬਿਖ਼ਮ ਹਾਲਾਤਾਂ ਨੂੰ ਛੱਡ ਕੇ ਕਿਸੇ ਅਨੁਕੂਲ ਸਥਾਨ ਦੀ ਭਾਲ ਵਿੱਚ ਆਪਣਾ ਟਿਕਾਣਾ ਬਦਲਦੇ ਹਨ, ਉਨ੍ਹਾਂ ਲਈ ਇਹ ਜਲਗਾਹਾਂ ਵਿਸ਼ੇਸ਼ ਤੌਰ `ਤੇ ਖਿੱਚ ਦਾ ਕੇਂਦਰ ਹੁੰਦੀਆਂ ਹਨ। ਜਲਗਾਹਾਂ ਵੱਲੋਂ ਬਰਸਾਤ ਦੇ ਫ਼ਾਲਤੂ ਪਾਣੀ ਨੂੰ ਜਜ਼ਬ ਕਰਕੇ ਕੁਦਰਤੀ ਜਲ-ਚੱਕਰ ਨੂੰ ਕਾਇਮ ਰੱਖਿਆ ਜਾਂਦਾ ਹੈ। ‘ਵਿਸ਼ਵ ਜੰਗਲੀ ਜੀਵਨ ਫੰਡ’ (ੱੱਾਂ) ਅਨੁਸਾਰ 30 ਤੋਂ 40 ਕਰੋੜ ਲੋਕ ਜਲਗਾਹਾਂ ਨੇੜੇ ਨਿਵਾਸ ਕਰਕੇ ਆਪਣੇ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਅਨੇਕਾਂ ਤਰ੍ਹਾਂ ਦੀਆਂ ਮੱਛੀਆਂ, ਜਲਥਲੀ ਜੀਵ ਅਤੇ ਹੋਰ ਕੀੜੇ-ਮਕੌੜੇ ਇਨ੍ਹਾਂ ਕੁਦਰਤੀ ਨਿਵਾਸ ਸਥਾਨਾਂ ਵਿੱਚ ਰਹਿੰਦੇ ਹਨ ਤੇ ਉੱਥੇ ਰਹਿ ਰਹੇ ਮੱਛਰਾਂ ਨੂੰ ਖਾ ਕੇ ਖ਼ਤਮ ਕਰਦੇ ਹਨ, ਜਿਸ ਨਾਲ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਜਿਹੇ ਭਿਆਨਕ ਰੋਗਾਂ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲਦੀ ਹੈ। ਜਲਗਾਹਾਂ ਵੱਲੋਂ ਪਾਣੀ ਸਾਫ਼ ਕਰਨ ਨਾਲ ਗੰਧਲੇ ਪਾਣੀ ਦੀ ਟਰੀਟਮੈਂਟ ਲਈ ਉਸ ਉੱਤੇ ਹੋਣ ਵਾਲੇ ਖਰਚ ਨੂੰ ਬਚਾਇਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਜਲਗਾਹਾਂ ਆਰਥਿਕ ਪੱਖੋਂ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਪੱਖੋਂ ਬੇਹੱਦ ਲਾਹੇਵੰਦ ਹਨ।
ਪੰਜਾਬ ਦੀਆਂ ਜਲਗਾਹਾਂ: ਪੰਜਾਬ ਦੀਆਂ ਛੇ ਜਲਗਾਹਾਂ, ਜੋ ਕਿ ਹਰੀਕੇ ਪੱਤਣ, ਰੋਪੜ, ਕੇਸ਼ੋਪੁਰ (ਗੁਰਦਾਸਪੁਰ ਨੇੜੇ), ਕਾਂਜਲੀ (ਕਪੂਰਥਲਾ ਨੇੜੇ), ਬਿਆਸ ਅਤੇ ਨੰਗਲ ਵਿਖੇ ਮੌਜੂਦ ਹਨ, ਨੂੰ ‘ਰਾਮਸਰ ਸਮਝੌਤੇ’ ਅਧੀਨ ਰੱਖਿਆ ਗਿਆ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਰਵਾਸੀ ਪੰਛੀ ਰੂਸ, ਯੂਰਪ, ਚੀਨ, ਤਿੱਬਤ ਅਤੇ ਕਜ਼ਾਕਿਸਤਾਨ ਤੋਂ ਪਰਵਾਸ ਕਰਕੇ ਇਨ੍ਹਾਂ ਜਲਗਾਹਾਂ ਨੂੰ ਆਪਣਾ ਰੈਣ-ਬਸੇਰਾ ਬਣਾਉਂਦੇ ਹਨ।
_____________________________________
ਦੁਨੀਆ ਦਾ ਸਭ ਤੋਂ ਵੱਡਾ ਗਰਮ ਖੰਡੀ ਵੈੱਟਲੈਂਡ ‘ਪੈਂਟਾਨਲ’
ਦੱਖਣੀ ਅਮਰੀਕਾ ਦੇ ਕੇਂਦਰ ਵਿੱਚ ਸਥਿਤ ਪੈਂਟਾਨਲ ਦੁਨੀਆ ਦਾ ਸਭ ਤੋਂ ਵੱਡਾ ਗਰਮ ਖੰਡੀ ਵੈਟਲੈਂਡ ਹੈ। 42 ਮਿਲੀਅਨ ਏਕੜ `ਤੇ, ਪੈਂਟਾਨਲ ਇੰਗਲੈਂਡ ਨਾਲੋਂ ਥੋੜ੍ਹਾ ਵੱਡਾ ਖੇਤਰ ਕਵਰ ਕਰਦਾ ਹੈ। ਹਾਲਾਂਕਿ ਉੱਤਰ ਵੱਲ ਐਮਾਜ਼ਾਨ ਜਿੰਨਾ ਵਿਸ਼ਵਵਿਆਪੀ ਤੌਰ `ਤੇ ਜਾਣੂ ਨਹੀਂ ਹੈ, ਪਰ ਪੈਂਟਾਨਲ 4,700 ਤੋਂ ਵੱਧ ਪੌਦਿਆਂ ਅਤੇ ਜਾਨਵਰਾਂ ਦੀਆਂ ਕਿਸਮਾਂ ਦੇ ਨਾਲ ਗ੍ਰਹਿ `ਤੇ ਸਭ ਤੋਂ ਵੱਧ ਜੈਵਿਕ ਤੌਰ `ਤੇ ਅਮੀਰ ਵਾਤਾਵਰਣਾਂ ਵਿੱਚੋਂ ਇੱਕ ਹੈ।
ਅਕਤੂਬਰ ਤੋਂ ਮਾਰਚ ਤੱਕ ਹੜ੍ਹ ਦਾ ਪਾਣੀ ਪੈਂਟਾਨਲ ਨੂੰ ਇੱਕ ਵਿਸ਼ਾਲ ਭੰਡਾਰ ਦੀ ਤਰ੍ਹਾਂ ਭਰ ਦਿੰਦਾ ਹੈ ਅਤੇ ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ ਹੌਲੀ-ਹੌਲੀ ਬਾਹਰ ਨਿਕਲਦਾ ਹੈ, ਜੋ ਕਿ ਲੱਖਾਂ ਲੋਕਾਂ ਨੂੰ ਹੇਠਾਂ ਵੱਲ ਜਾਣ ਲਈ ਆਦਰਸ਼ ਜਲਵਾਸੀ ਨਿਵਾਸ ਸਥਾਨ, ਪੌਸ਼ਟਿਕ ਨਵੀਨੀਕਰਨ ਅਤੇ ਹੜ੍ਹ ਕੰਟਰੋਲ ਪ੍ਰਦਾਨ ਕਰਦਾ ਹੈ।
ਪੈਂਟਾਨਲ ਵਿੱਚ ਆਰਥਿਕ ਗਤੀਵਿਧੀ ਦਾ ਇੱਕ ਕੇਂਦਰ ਵੀ ਹੈ, ਜਿਸ ਵਿੱਚ ਪਸ਼ੂ ਪਾਲਣ ਤੋਂ ਲੈ ਕੇ ਸੋਇਆ ਉਤਪਾਦਨ ਤੱਕ ਸੈਰ-ਸਪਾਟਾ ਸ਼ਾਮਲ ਹੈ। ਪੈਂਟਾਨਲ ਦੇ ਅੰਦਰ ਰਾਜਾਂ ਦੀਆਂ ਆਰਥਿਕ ਗਤੀਵਿਧੀਆਂ ਨੇ 2015 ਵਿੱਚ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਵਿੱਚ $70 ਬਿਲੀਅਨ ਤੋਂ ਵੱਧ ਦਾ ਯੋਗਦਾਨ ਪਾਇਆ। ਇਹ ਵੈੱਟਲੈਂਡ ਅਟੱਲ ਲਾਭਾਂ ਦੀ ਇੱਕ ਲੜੀ ਵੀ ਪ੍ਰਦਾਨ ਕਰਦੀ ਹੈ, ਜੋ ਕਿ ਇਸ ਖੇਤਰ ਦੇ ਆਰਥਿਕ ਵਿਕਾਸ ਅਤੇ ਵਾਤਾਵਰਣ ਵਿੱਚ ਮਦਦ ਕਰਦੀ ਹੈ, ਜਿਸ ਵਿੱਚ ਕਿਸ਼ਤੀਆਂ ਲਈ ਨੈਵੀਗੇਟ ਕਰਨ ਲਈ ਨਦੀ ਦੇ ਵਹਾਅ, ਭੂਮੀਗਤ ਪਾਣੀ ਨੂੰ ਰੀਚਾਰਜ ਕਰਨਾ ਅਤੇ ਲੱਖਾਂ ਲੋਕਾਂ ਲਈ ਹੜ੍ਹ ਦੇ ਪਾਣੀ ਦਾ ਨਿਯੰਤ੍ਰਣ ਕਰਨਾ, ਆਦਿ ਸ਼ਾਮਲ ਹੈ। ਬ੍ਰਾਜ਼ੀਲੀਅਨ ਐਗਰੀਕਲਚਰਲ ਰਿਸਰਚ ਕਾਰਪੋਰੇਸ਼ਨ ਦੁਆਰਾ ਕਰਵਾਏ ਗਏ ਇੱਕ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਖੇਤਰ ਦੀਆਂ ਈਕੋਸਿਸਟਮ ਸੇਵਾਵਾਂ ਦੀ ਕੀਮਤ $112 ਬਿਲੀਅਨ ਪ੍ਰਤੀ ਸਾਲ ਹੈ।
ਪੈਂਟਾਨਲ ਵਿੱਚ ਜੰਗਲਾਂ ਦੀ ਕਟਾਈ ਵਧ ਰਹੀ ਹੈ, 12% ਤੋਂ ਵੱਧ ਜੰਗਲਾਤ ਪਹਿਲਾਂ ਹੀ ਖਤਮ ਹੋ ਚੁੱਕੇ ਹਨ। ਮੌਜੂਦਾ ਦਰ `ਤੇ ਜੇਕਰ ਇਸ ਰੁਝਾਨ ਦਾ ਮੁਕਾਬਲਾ ਕਰਨ ਲਈ ਕੋਈ ਉਪਾਅ ਨਾ ਕੀਤੇ ਗਏ ਤਾਂ 2050 ਤੱਕ ਪੈਂਟਾਨਲ ਦੀ ਮੂਲ ਬਨਸਪਤੀ ਅਲੋਪ ਹੋ ਜਾਵੇਗੀ।

Leave a Reply

Your email address will not be published. Required fields are marked *