*ਭਾਰਤ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਦੀ ਗੱਲਬਾਤ
*ਭਾਰਤ ਦੀ ਚੀਨ ਨਾਲ ਹਵਾਈ ਮੇਲਜੋਲ ਵਧਾਉਣ ਬਾਰੇ ਸਹਿਮਤੀ
ਜਸਵੀਰ ਸਿੰਘ ਸ਼ੀਰੀ
ਭਾਰਤ ਅਤੇ ਅਮਰੀਕਾ ਵਿਚਕਾਰ ਆਪਸੀ ਸੰਬੰਧਾਂ ਨੂੰ ਰਵੇਂ ਕਰਨ ਦੇ ਮਾਮਲੇ ਵਿੱਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਕਾਫੀ ਜ਼ੋਰ ਲੱਗ ਰਿਹਾ ਹੈ। ਇਹ ਪਿਛਲੀ ਬਾਇਡਨ ਸਰਕਾਰ ਵੇਲੇ ਵੀ ਇਵੇਂ ਲਗਦਾ ਰਿਹਾ ਅਤੇ ਹੁਣ ਵੀ ਲੱਗ ਰਿਹਾ ਹੈ। ਹਿੰਦੁਸਤਾਨ ਦੀ ਜਿਹੜੀ ਜਿਓ-ਪੁਲਿਟੀਕਲੀ ਸਥਿਤੀ ਹੈ, ਉਹ ਹਮੇਸ਼ਾ ਮਹੱਤਵਪੂਰਨ ਰਹੀ ਹੈ ਅਤੇ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੋ ਗਈ ਹੈ।
ਕਿਉਂਕਿ ਪੂਰਬ ਵਾਲੇ ਪਾਸੇ ਚੀਨ ਤੇ ਰੂਸ ਵੱਡੀਆਂ ਤਾਕਤਾਂ ਬਣ ਕੇ ਉਭਰ ਆਏ ਹਨ ਅਤੇ ਅਮਰੀਕਾ ਦੀ ਹਾਲਤ ਪਹਿਲਾਂ ਨਾਲੋਂ ਪਤਲੀ ਹੋਈ ਹੈ; ਪਰ ਫਿਰ ਵੀ ਅਮਰੀਕਾ ਦੁਨੀਆਂ ‘ਤੇ ਆਪਣੀ ਸਰਦਾਰੀ ਬਰਕਰਾਰ ਰੱਖਣ ਦੇ ਸਿਰਤੋੜ ਯਤਨ ਕਰ ਰਿਹਾ ਹੈ। ਇਹ ਉਨ੍ਹਾਂ ਨੀਤੀਆਂ ਤੋਂ ਵੀ ਸਪਸ਼ਟ ਹੋ ਰਿਹਾ ਹੈ, ਜਿਹੜੀਆਂ ਟਰੰਪ ਪ੍ਰਸ਼ਾਸਨ ਵੱਲੋਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ। ਨਵੀਂ ਸਰਾਕਰ ਦੀਆਂ ਨੀਤੀਆਂ ਦੀ ਪ੍ਰਮੁੱਖ ਟੈਗ ਲਾਈਨ ‘ਅਮਰੀਕਾ ਫਸਟ’ ਵਾਲੀ ਹੈ।
ਇਸ ਤੋਂ ਸਪਸ਼ਟ ਹੈ ਕਿ ਅਮਰੀਕਾ ਦੀ ਨਵੀਂ ਸਰਕਾਰ ਭਾਰਤ ਸਮੇਤ ਕਿਸੇ ਹੋਰ ਮੁਲਕ ਬਾਰੇ ਨੀਤੀਆਂ ਤੈਅ ਕਰਨ ਲੱਗਿਆਂ ਇਸੇ ਟੈਗ ਲਾਈਨ ਦੇ ਅਧੀਨ ਤੁਰੇਗੀ। ਇੱਧਰ ਹਿੰਦੁਸਤਾਨ ਨੇ ਆਪਣੇ ਹਿੱਤ ਵੇਖਦਿਆਂ ਹੀ ਫੈਸਲੇ ਕਰਨੇ ਹਨ; ਪਰ ਹਕੀਕਤ ਇਹ ਹੈ ਕਿ ਕੁਝ ਮਾਮਲਿਆਂ ਵਿੱਚ ਖਾਸ ਕਰਕੇ ਹਥਿਆਰਾਂ ਦੀ ਖਰੀਦ ਦੇ ਮਾਮਲੇ ਵਿੱਚ ਅਤੇ ਅਮਰੀਕੀ ਧਰਤੀ ‘ਤੇ ‘ਅਮਰੀਕੀ ਨਾਗਿਰਕਾਂ ਖਿਲਾਫ ਕਤਲ ਦੀ ਸਾਜ਼ਿਸ਼’ ਦੇ ਮਾਮਲੇ ਵਿੱਚ ਅਮਰੀਕਾ ਭਾਰਤ ਦੀ ਬਾਂਹ ਮਰੋੜ ਰਿਹਾ ਹੈ। ਇਸ ਘਟਨਾਕ੍ਰਮ ਕਰਕੇ ‘ਸਿੱਖ ਮਸਲੇ’ ਭਾਰਤ-ਅਮਰੀਕੀ ਕੂਟਨੀਤੀ ਦੇ ਕੇਂਦਰ ਵਿੱਚ ਆ ਗਏ ਹਨ। ਇਹ 1947 ਤੋਂ ਬਾਅਦ ਸਿੱਖਾਂ ਦੇ ਵੱਡੀ ਪੱਧਰ ‘ਤੇ ਪੱਛਮੀ ਮੁਲਕਾਂ ਵਿੱਚ ਜਾ ਵੱਸਣ ਕਾਰਨ ਹੀ ਵਾਪਰ ਰਿਹਾ ਹੈ। ਸਿੱਖ ਕਈ ਵੱਡੇ ਪੱਛਮੀ ਦੇਸ਼ਾਂ ਦੀ ਭਾਰਤ ਪ੍ਰਤੀ ਵਿਦੇਸ਼ ਨੀਤੀ ਤੈਅ ਕਰਨ ਦੇ ਮਾਮਲੇ ਵਿੱਚ ਮਹੱਤਵਪੂਰਨ ਕਾਰਕ ਬਣ ਰਹੇ ਹਨ। ਇਤਿਹਾਸ ਵਿੱਚ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਵਾਪਰਿਆ।
ਅਮਰੀਕੀਆਂ ਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਫੌਜੀ ਸਾਜ਼ੋ-ਸਮਾਨ ਖਰੀਦਣ ਦੇ ਮਾਮਲੇ ਵਿੱਚ ਭਾਰਤ ਰੂਸ ਨੂੰ ਤਰਜੀਹ ਨਾ ਦੇਵੇ। ਯਾਦ ਰਹੇ, ਠੰਡੀ ਜੰਗ ਦੇ ਵੇਲਿਆਂ ਤੋਂ ਹੀ ਆਧੁਨਿਕ ਫੌਜੀ ਸਾਜ਼ੋ-ਸਮਾਨ ਲਈ ਭਾਰਤ ਮੁੱਖ ਤੌਰ ‘ਤੇ ਰੂਸ ‘ਤੇ ਨਿਰਭਰ ਰਿਹਾ ਹੈ। ਅਮਰੀਕਾ ਦੀ ਡੀਪ ਸਟੇਟ ਰੂਸ ਦੇ ਸਿਰ ਚੁੱਕਣ ਤੋਂ ਹਮੇਸ਼ਾ ਦਹਿਲਦੀ ਰਹੀ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਰੂਸ ਧਰਤੀ ਦਾ ਬੜਾ ਵੱਡਾ ਟੁਕੜਾ ਮੱਲੀਂ ਬੈਠਾ ਹੈ, ਜਿਸ ਵਿੱਚ ਕੁਝ ਗੈਰ-ਰੂਸੀ ਕੌਮਾਂ ਵੀ ਵੱਸਦੀਆਂ ਹਨ। ਸੋਵੀਅਤ ਯੂਨੀਅਨ ਟੁੱਟਣ ਵੇਲੇ 10-12 ਛੋਟੇ-ਛੋਟੇ ਮੁਲਕ ਰੂਸ ਤੋਂ ਵੱਖ ਹੋ ਗਏ ਸਨ, ਪਰ ਬਾਅਦ ਵਿੱਚ ਵਲਾਦੀਮੀਰ ਪੂਤਿਨ ਦੀ ਅਗਵਾਈ ਵਿੱਚ ਰੂਸ ਨੇ ਮੁੜ ਆਪਣੇ ਆਪ ਨੂੰ ਪੈਰਾਂ ਸਿਰ ਕਰ ਲਿਆ। ਪੱਛਮ ਚਾਹੁੰਦਾ ਹੈ ਕਿ ਰੂਸ ਦੇ ਕੁਝ ਹੋਰ ਟੋਟੇ ਕਰ ਲਏ ਜਾਣ ਅਤੇ ਫਿਰ ਅਲੱਗ ਹੋਏ ਛੋਟੇ ਮੁਲਕਾਂ ਨੂੰ ਆਪਣੇ ਪੱਖ ਵਿੱਚ ਵਰਤਿਆ ਜਾਵੇ। ਜਿਵੇਂ ਅੱਜ ਕੱਲ੍ਹ ਯੂਕਰੇਨ ਨੂੰ ਵਰਤਿਆ ਜਾ ਰਿਹਾ ਹੈ। ਅਮਰੀਕਾ ਅਸਲ ਵਿੱਚ ਇੱਕ ਧਰੁਵੀ ਸੰਸਾਰ ਵਿੱਚ ਹੀ ਜੀਣ ਦਾ ਇਛੁੱਕ ਹੈ, ਪਰ ਹਕੀਕੀ ਰਾਜਨੀਤਿਕ ਪਾੜੇ ਸਥਿਤੀਆਂ ਨੂੰ ਕਿਸੇ ਹੋਰ ਪਾਸੇ ਧੱਕ ਰਹੇ ਹਨ।
ਇਸ ਸਾਰੇ ਕੁਝ ਦੇ ਬਾਵਜੂਦ ਰੂਸ ਹੀ ਇੱਕ ਅਜਿਹਾ ਮੁਲਕ ਹੈ, ਜਿਹੜਾ ਫੌਜੀ ਸਮਰੱਥਾ ਪੱਖੋਂ ਪੱਛਮ, ਖਾਸ ਕਰਕੇ ਅਮਰੀਕਾ ਨੂੰ ਚੁਣੌਤੀ ਦੇ ਸਕਦਾ ਹੈ। ਇਸ ਦਰਮਿਆਨ ਚੀਨ ਦੁਨੀਆਂ ਦੀ ਇੱਕ ਵੱਡੀ ਆਰਥਕ ਤਕਨੀਕੀ ਸ਼ਕਤੀ ਬਣ ਕੇ ਉਭਰਿਆ ਹੈ। ਜੇ ਚੀਨ ਅਤੇ ਰੂਸ ਦਾ ਸਹਿਚਾਰ ਵਧਦਾ ਹੈ ਤਾਂ ਇਹ ਅਮਰੀਕਾ ਸਮੇਤ ਪੂਰੇ ਪੱਛਮ ਲਈ ਇੱਕ ਵੱਡੀ ਚੁਣੌਤੀ ਬਣੇਗਾ। ਜੇ ਭਾਰਤ ਵੀ ਇਸ ਗੱਠਜੋੜ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਬਿਨਾ ਸ਼ੱਕ ਇਹ ਸੰਸਾਰ ਵਿੱਚ ਇਕ ਮਹਾਂ-ਤਾਕਤਵਰ ਗੱਠਜੋੜ ਹੋਏਗਾ। ਆਪਣੀ ਜਿਓਗਰਾਫੀਕਲ ਪੁਜੀਸ਼ਨ ਕਾਰਨ ਅਤੇ ਵਿਕਾਸ ਲਈ ਆਧੁਨਿਕ ਤਕਨੀਕੀ ਲੋੜਾਂ ਦੇ ਮੱਦੇਨਜ਼ਰ ਭਾਰਤ ਦੀ ਰੂਸ ਜਾਂ ਅਮਰੀਕਾ ਨਾਲ ਅਲਾਇੰਸ ਦੇ ਮਾਮਲੇ ਸਥਿਤੀ ਪੈਂਡੂਲਮ ਵਰਗੀ ਹੈ। ਦੋਨੋਂ ਪਾਸੇ ਦੀਆਂ ਖਿੱਚਾਂ/ਲੋੜਾਂ ਭਾਰਤੀ ਡਿਪਲੋਮੇਸੀ ਨੂੰ ਇਸ ਵਿਸ਼ੇਸ਼ ਪੈਟਰਨ ਵਿੱਚ ਗਤੀਸ਼ੀਲ ਰੱਖ ਰਹੀਆਂ ਹਨ।
ਉਪਰੋਕਤ ਲੋੜਾਂ ਕਰਕੇ ਹੀ ਪਿਛਲੀ ਸਦੀ ਵਿੱਚ ਭਾਰਤ ਨੇ ਕਈ ਹੋਰ ਮੁਲਕਾਂ ਨਾਲ ਮਿਲ ਕੇ ‘ਗੁੱਟ ਨਿਰਲੇਪ’ ਵਾਲੀ ਨੀਤੀ ਅਪਣਾਈ ਸੀ। ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਸੰਸਾਰ ਲਗਪਗ ਇੱਕ ਧਰੁਵੀ ਹੋ ਗਿਆ ਸੀ। ਇਸ ਦਾ ਕਾਰਨ ਇਹੋ ਸੀ ਕਿ ਰੂਸ ਆਰਥਕ-ਸਿਆਸੀ ਤੌਰ ‘ਤੇ ਕਾਫੀ ਕਮਜ਼ੋਰ ਹੋ ਗਿਆ ਸੀ ਅਤੇ ਚੀਨ ਹਾਲੇ ਇੱਕ ਵੱਡੀ ਆਰਥਕ ਤਾਕਤ ਵਜੋਂ ਸਾਹਮਣੇ ਨਹੀਂ ਸੀ ਆਇਆ। ਉਸ ਦੌਰ ਵਿੱਚ ਵੀ ਭਾਰਤ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਮਰੀਕਾ ਦੀ ਅਗਵਾਈ ਵਾਲੇ ਇੱਕ ਧਰੁਵੀ ਸੰਸਾਰ ਨਾਲ ਪੂਰੀ ਤਰ੍ਹਾਂ ਨਹੀਂ ਸੀ ਤੁਰ ਸਕਿਆ।
ਇਸ ਵੇਲੇ ਸੰਸਾਰ ਦੇ ਬਹੁਧਰੁਵੀ ਹੋਣ ਦੇ ਆਸਾਰ ਬਣ ਗਏ ਹਨ ਜਾਂ ਹਾਲ ਦੀ ਘੜੀ ਸਥਿਤੀਆਂ ਉਧਰ ਨੂੰ ਵਧ ਰਹੀਆਂ ਵਿਖਾਈ ਦਿੰਦੀਆਂ ਹਨ, ਪਰ ਅਮਰੀਕਾ ਨੂੰ ਹਾਲੇ ਇਹ ਮਨਜ਼ੂਰ ਨਹੀਂ ਹਨ। ਬਰਿਕਸ ਦੇਸ਼ਾਂ ਵੱਲੋਂ ਆਰਥਕ ਤਬਾਦਲੇ ਲਈ ਡਾਲਰ ਦੀ ਥਾਂ ਬਦਲਵੇਂ ਸਾਧਨ ਲੱਭਣ ਦੇ ਯਤਨ ਨੇ ਪਿਛੇ ਜਿਹੇ ਅਮਰੀਕਾ ਨੂੰ ਕਾਫੀ ਪ੍ਰੇਸ਼ਾਨ ਕੀਤਾ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਬਰਿਕਸ ਦੇਸ਼ਾਂ ਨੂੰ ਟਰੇਡ ‘ਤੇ ਜ਼ਿਆਦਾ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਦੱਖਣੀ ਅਫਰੀਕਾ, ਚੀਨ ਅਤੇ ਬ੍ਰਾਜ਼ੀਲ ਵਰਗੇ ਮੁਲਕ ਬਰਿਕਸ ਦਾ ਹਿੱਸਾ ਹਨ। ਹਿੰਦੁਸਤਾਨ ਇਨ੍ਹਾਂ ਵਿੱਚੋਂ ਪਹਿਲਾ ਹੈ, ਜਿਹੜਾ ਟਰੰਪ ਦੀ ਧਮਕੀ ਤੋਂ ਇਕਦਮ ਬਾਅਦ ਅਮਰੀਕਾ ਅੱਗੇ ਗੋਡਿਆਂ ਭਾਰ ਹੋ ਗਿਆ ਹੈ। ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਬੀਤੇ ਕੁਝ ਮਹੀਨਿਆਂ ਵਿੱਚ ਕਈ ਵਾਰ ਅਮਰੀਕਾ ਦੀ ਫੇਰੀ ਮਾਰ ਚੁੱਕੇ ਹਨ। ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਕਥਿਤ ਕੇਸ ਵਿੱਚ ਚੈਕ ਰਿਪਬਲਿਕ ਤੋਂ ਇੱਕ ਵਿਅਕਤੀ ਦੇ ਫੜੇ ਜਾਣ ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਕਾਰ ਇਹ ਬੈਕ ਚੈਨਲ ਡਿਪਲੋਮੇਸੀ ਕਾਫੀ ਤੇਜ਼ ਹੋ ਗਈ ਹੈ। ਭਾਰਤ ਆਪਣੀ ਭੂਗੋਲਿਕ ਸਥਿਤੀ, ਰਾਜਨੀਤਿਕ ਲੋੜਾਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਸੰਤੁਲਨ ਦੀ ਦ੍ਰਿਸ਼ਟੀ ਤੋਂ ਰੂਸ-ਚੀਨ ਵੱਲ ਝੁਕਣ ਦਾ ਇਛੁੱਕ ਹੈ, ਪਰ ਉਪਰੋਕਤ ਮਜਬੂਰੀਆਂ ਉਸ ਨੂੰ ਆਪਣਾ ਇੱਕ ਹੱਥ ਅਮਰੀਕਾ ਨਾਲ ਮਿਲਾਉਣ ਲਈ ਵੀ ਮਜਬੂਰ ਕਰ ਰਹੀਆਂ ਹਨ। ਫਿਰ ਵੀ ਇਹ ਅਚਾਨਕ ਨਹੀਂ ਹੈ ਕਿ ਇੱਕ ਪਾਸੇ ਡੋਨਾਲਡ ਟਰੰਪ ਭਾਰਤੀ ਪ੍ਰਧਾਨ ਮੰਤਰੀ ਨਾਲ ਟੈਲੀਫੋਨ ਵਾਰਤਾ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਈਟ ਹਾਉਸ ਆਉਣ ਦਾ ਸੱਦਾ ਦਿੰਦੇ ਹਨ।
ਦੂਜੇ ਪਾਸੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਚੀਨੀ ਵਿਦੇਸ਼ ਮੰਤਰੀ ਵਾਂਗ-ਯੀ ਨਾਲ ਦੁਵੱਲੀ ਗੱਲਬਾਤ ਕਰਦੇ ਹਨ। ਇਸ ਮੁਲਕਾਤ ਵਿੱਚ ਦੋਹਾਂ ਮੁਲਕਾਂ ਵਿਚਕਾਰ ਸਿੱਧੀ ਹਵਾਈ ਸੇਵਾ ਮੁੜ ਸ਼ੁਰੂ ਕਰਨ `ਤੇ ਸਹਿਮਤੀਆਂ ਬਣਾ ਰਹੇ ਹਨ। ਚੀਨ ਦੋਹਾਂ ਮੁਲਕਾਂ ਵਿਚਕਾਰ ਕਾਰੋਬਾਰ ਦੇ ਵਾਧੇ ਲਈ ਵੀਜ਼ਾ ਨਿਯਮਾਂ ਨੂੰ ਵੀ ਆਸਾਨ ਬਣਾਉਣ ਦਾ ਇੱਛੁਕ ਹੈ। ਸਰਹੱਦੀ ਝਗੜੇ ਹੱਲ ਕਰਨ ਦੇ ਮੁੱਦੇ ‘ਤੇ ਆਪਸੀ ਗੱਲਬਾਤ ਦੋਹਾਂ ਮੁਲਕਾਂ ਵਿਚਕਾਰ ਪਹਿਲਾਂ ਹੀ ਚੱਲ ਰਹੀ ਹੈ। ਇਸ ਮੀਟਿੰਗ ਤੋਂ ਬਾਅਦ ਆਪਣੇ ਸਾਂਝੇ ਬਿਆਨ ਵਿੱਚ ਦੋਹਾਂ ਮੁਲਕਾਂ ਦੇ ਆਗੂਆਂ ਨੇ ਕਿਹਾ ਕਿ 2025 ਵਿੱਚ ਇੱਕ ਦੂਜੇ ਪ੍ਰਤੀ ਜ਼ਿਆਦਾ ਜਾਗਰੂਕਤਾ ਪੈਦਾ ਕਰਨ ਲਈ ਪਬਲਿਕ ਡਿਪਲੋਮੇਸੀ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਲੋਕਾਂ ਵਿੱਚ ਆਪਸੀ ਵਿਸ਼ਵਾਸ ਬਹਾਲ ਕਰਨ ਦੇ ਯਤਨ ਕੀਤੇ ਜਾਣਗੇ। ਸੋ ਸਪਸ਼ਟ ਹੈ ਕਿ ਭਾਰਤ ਚੀਨ ਜਾਂ ਰੂਸ ਨਾਲ ‘ਨਿੱਘੇ ਸੰਬੰਧਾਂ’ ਨੂੰ ਅਮਰੀਕਾ ਨਾਲ ਵਾਰਤਾਲਾਪ ਵਿੱਚ ਕੂਟਨੀਤਿਕ ਹਥਿਆਰ ਵਜੋਂ ਵਰਤ ਰਿਹਾ ਹੈ, ਜਦਕਿ ਅਮਰੀਕਾ ਸਿੱਖਾਂ ਅਤੇ ਭਾਰਤ ਵਿੱਚ ਸਿੱਖ ਮਸਲਿਆਂ ਨੂੰ ਇੱਕ ਪ੍ਰੈਸ਼ਰ ਟੈਕਟਿਸ ਦੇ ਰੂਪ ਵਿੱਚ ਵਰਤ ਰਿਹਾ ਹੈ।