ਵਿਵੇਕ ਵਧਵਾ
ਦੁਨੀਆਂ ਅੱਜ ਇੱਕ ਬੇਹੱਦ ਖਤਰਨਾਕ ਚੌਰਾਹੇ ‘ਤੇ ਖੜ੍ਹੀ ਹੈ। ਵਿਗਿਆਨ ਅਤੇ ਤਕਨੀਕ ਇਸ ਕਦਰ ਤੇਜ਼ ਵਿਕਾਸ ਕਰ ਰਹੀ ਹੈ ਕਿ ਇਹ ਸਾਡੇ ਕਿਆਸ ਤੋਂ ਵੀ ਬਾਹਰ ਹੈ। ਤਕਨੀਕੀ ਵਿਕਾਸ ਦੀ ਗਤੀ ਸਾਧਾਰਣ ਮਨੁੱਖੀ ਕਲਪਨਾ ਤੋਂ ਕਿਤੇ ਅੱਗੇ ਨਿਕਲ ਗਈ ਹੈ। ਅੱਜ ਅਸੀਂ ਜ਼ਿੰਦਗੀ ਦੇ ਜਿਸ ਚੌਰਾਹੇ ‘ਤੇ ਖੜ੍ਹੇ ਹਾਂ, ਉਥੋਂ ਸਾਡੀ ਆਪਣੀ ਸਮੂਹਿਕ ਚੋਣ ਅਤੇ ਫੈਸਲੇ ਇਸ ਦਾ ਭਵਿੱਖ ਤੈਅ ਕਰਨਗੇ।
ਇੱਕ ਰਾਹ ਤੇ ਉਹ ਹੈ, ਜਿਹੜਾ ਸਾਨੂੰ ‘ਸਟਾਰ ਟਰੈਕ’ (‘ਸਟਾਰ ਟਰੈਕ’ ਇੱਕ ਅਮਰੀਕਨ ਸਾਇੰਸ ਫਿਕਸ਼ਨ ਮੀਡੀਆ ਫਰੈਂਚਾਈਜ਼ ਹੈ, 1966 ਦੇ ਆਸੇ-ਪਾਸੇ ਸ਼ੁਰੂ ਹੋਈ ਅਤੇ ਬਾਅਦ ਵਿੱਚ ਇੱਕ ਸਭਿਆਚਾਰਕ ਲਹਿਰ ਦਾ ਰੂਪ ਧਾਰ ਗਈ) ਵਾਲੇ ਆਦਰਸ਼ਕ (ਯੂਟੋਪੀਅਨ) ਸੰਸਾਰ ਵਾਲੇ ਰਾਹ ‘ਤੇ ਲੈ ਜਾਵੇਗਾ, ਜਿਸ ਵਿੱਚ ਟੈਕਨੌਲੋਜੀ ਮਨੁੱਖਤਾ ਨੂੰ ਬਿਮਾਰੀਆਂ, ਗਰੀਬੀ ਅਤੇ ਸਮਾਜਕ ਅਸਮਾਨਤਾ ਤੋਂ ਮੁਕਤ ਕਰ ਦੇਵੇਗੀ ਅਤੇ ਮਨੁੱਖੀ ਸੰਭਾਵਨਾਵਾਂ ਲਈ ਨਵੇਂ ਦਿਸਹੱਦੇ ਖੋਲ੍ਹ ਦੇਵੇਗੀ। ਦੂਜਾ ਰਾਹ ਆਸਟਰੇਲੀਅਨ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਫਿਲਮ ‘ਮੈਡ ਮੈਕਸ’ ਵਾਲੇ ਰਾਹ ‘ਤੇ ਲੈ ਜਾਵੇਗਾ, ਜਿਸ ਵਿੱਚ ਬੇਲਗਾਮ ਤਕਨੀਕੀ ਅਤੇ ਵਿਗਿਆਨਕ ਵਿਕਾਸ ਮਨੁੱਖਤਾ ਨੂੰ ਡੂੰਘੀ ਤਰ੍ਹਾਂ ਤਰੇੜੀ ਹੋਈ ਤੇ ਬਦਹਵਾਸ ਦੁਨੀਆਂ ਬਣਾ ਦੇਵੇਗਾ। ਆਰਟੀਫੀਸ਼ੀਅਲ ਇੰਟੈਲੀਜੈਂਸ, ਜਿਨੈਟਿਕ ਇੰਜੀਨੀਅਰਿੰਗ, ਰੋਬੋਟ ਟੈਕਨੌਲੋਜੀ, ਜੰਗੀ ਡਰੋਨ ਤਕਨੀਕ ਅਤੇ ਕੁਅੰਟਮ ਕੰਪਿਊਟਿੰਗ ਵਿੱਚ ਬੀਤੇ ਵਰ੍ਹੇ ਹੋਈਆਂ ਖੋਜਾਂ ਵਿੱਚ ਹੋਏ ਵਿਕਾਸ ਨੇ ਉਪਰੋਕਤ ਬਿਆਨੇ ਦੋ ਸੰਸਾਰਾਂ ਨੂੰ ਮਨੁੱਖੀ ਸਭਿਅਤਾ ਦੇ ਬਿਲਕੁਲ ਨਜ਼ਦੀਕ ਲੈ ਆਂਦਾ ਹੈ। ਅੱਗੇ ਕਿਸ ਤਰ੍ਹਾਂ ਦੀ ਦੁਨੀਆਂ ਬਣਦੀ ਹੈ, ਇਹ ਇਸ ਪੱਖ ‘ਤੇ ਮੁਨੱਸਰ ਕਰੇਗਾ ਕਿ ਅਸੀਂ ਕਿਸ ਰਾਹ ‘ਤੇ ਅੱਗੇ ਵਧਦੇ ਹਾਂ।
ਆਪਣੀ ਕਿਤਾਬ ‘ਡਰਾਈਵਰ ਇੰਨ ਦ ਡਰਾਈਵਰਲੈਸ ਕਾਰ’ ਵਿੱਚ ਮੈਂ ਕਿਹਾ ਹੈ ਕਿ ਹਰ ਨਵੀਂ ਤਕਨੀਕ ਨੂੰ ਅਪਣਾਉਂਦਿਆਂ ਸਾਡੇ ਅੱਗੇ ਤਿੰਨ ਬੁਨਿਆਦੀ ਸਵਾਲ ਖੜ੍ਹੇ ਹਨ:
1. ਕੀ ਇਸ ਦੀ ਵਰਤੋਂ ਦਾ ਫਾਇਦਾ ਹਰ ਇੱਕ ਮਨੁੱਖ ਨੂੰ ਬਰਾਬਰ ਮਿਲੇਗਾ?
2. ਇਸ ਤਕਨੀਕ ਦੇ ਖਤਰੇ ਅਤੇ ਫਾਇਦੇ ਕੀ ਹਨ?
3. ਕੀ ਇਹ ਮਨੁੱਖੀ ਖੁਦਮੁਖਤਾਰੀ (ਆਜ਼ਾਦੀ) ਨੂੰ ਵਧਾਏਗੀ ਜਾਂ ਸੀਮਤ ਕਰੇਗੀ?
ਇਹ ਸੁਆਲ ਸਿਰਫ ਅਕੈਡਮਿਕ ਬਹਿਸ ਦਾ ਹੀ ਹਿੱਸਾ ਨਹੀਂ ਹਨ। ਇਨ੍ਹਾਂ ਸੁਆਲਾਂ ਦੇ ਜੁਆਬ ਸਾਡੇ ਭਵਿੱਖ ਦੀ ਉਸਾਰੀ ਨੂੰ ਨਿਰਧਾਰਤ ਕਰਨਗੇ। ਆਰਟੀਫੀਸ਼ੀਅਲ ਇੰਟੈਲੀਜੈਂਸ ਸਨਅਤੀ ਖੇਤਰ ਅਤੇ ਸਾਡੀ ਰੋਜ਼ਾਨਾ ਜਿੰLਦਗੀ ਨੂੰ ਪਹਿਲਾਂ ਹੀ ਪ੍ਰਭਾਵਤ ਕਰ ਰਿਹਾ ਹੈ। ਕਲਪਨਾ ਕਰੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲੋਂ ਨਿਰਦੇਸ਼ਿਤ ਡਾਕਟਰ ਮਨੁੱਖ ਦੀਆਂ ਬਿਮਾਰੀਆਂ ਦੀ ਬਿਲਕੁਲ ਸਹੀ ਪਛਾਣ ਕਰਨ ਲੱਗਣ, ਏ.ਆਈ. ਟਿਊਟਰ (ਅਧਿਆਪਕ) ਹਰ ਬੱਚੇ ਨੂੰ ਉਸ ਦੀਆਂ ਲੋੜਾਂ ਅਨੁਸਾਰ ਵਿਸ਼ੇਸ਼ ਤਰ੍ਹਾਂ ਦੀ ਸਿੱਖਿਆ ਪ੍ਰਦਾਨ ਕਰਨ ਲੱਗ ਪੈਣ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਨਿਰਦੇਸ਼ਿਤ ਤਕਨੀਕਾਂ ਸੰਸਾਰ ਵਿੱਚ ਖੁਰਾਕੀ ਪੈਦਾਵਾਰ ਨੂੰ ਵੱਡੀ ਪੱਧਰ ‘ਤੇ ਸੁਧਾਰ ਦੇਣ ਤੇ ਸੰਸਾਰ ਵਿੱਚੋਂ ਭੁੱਖਮਰੀ ਦਾ ਖਾਤਮਾ ਕਰ ਦੇਣ। ਯਾਦ ਰਹੇ, ਏ.ਆਈ. ਤਕਨੀਕਾਂ ਮੈਡੀਕਲ ਸਾਇੰਸ ਤੋਂ ਲੈ ਕੇ ਆਰਕੀਟੈਕਚਰ ਤੱਕ, ਹਰ ਖੇਤਰ ਵਿੱਚ ਸਿਰਜਣਾਤਮਕਤਾ ਅਤੇ ਵਿਕਾਸ ਨੂੰ ਤੇਜ਼ ਕਰ ਰਹੀਆਂ ਹਨ। ਜਿਨੈਟਿਕ ਇੰਜੀਨੀਅਰਿੰਗ ਵਿੱਚ ਸੀ.ਆਰ.ਆਈ.ਐਸ.ਪੀ.ਆਰ. ਅਤੇ ਇਸ ਵਰਗੀਆਂ ਹੋਰ ਤਕਨੀਕਾਂ ਜ਼ਿੰਦਗੀ ਦੀਆਂ ਬੁਨਿਆਦਾਂ ਬਦਲ ਰਹੀਆਂ ਹਨ। ਵਿਗਿਆਨ ਵਿਰਾਸਤੀ ਬਿਮਾਰੀਆਂ ਨੂੰ ਖਤਮ ਕਰਨ ਦੇ ਦਹਾਨੇ ‘ਤੇ ਹੈ। ਨਵੀਆਂ ਤਕਨੀਕਾਂ ਕਾਰਨ ਮਨੁੱਖ ਦੀ ਉਮਰ ਲੰਮੇਰੀ ਹੋਵੇਗੀ ਅਤੇ ਇੱਥੋਂ ਤੱਕ ਕਿ ਇਹ ਇਸ ਨੂੰ ਪਿਛਲਖੁਰੀ ਮੋੜਨ ਦੀ ਸੰਭਾਵਨਾ ਵੀ ਰੱਖਦੀਆਂ ਹਨ। ਪਿਛਲੇ ਸਾਲ ਵਿੱਚ ਹੋਈਆਂ ਖੋਜਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਕੈਂਸਰ ਦੀ ਬਿਮਾਰੀ ਭਵਿੱਖ ਵਿੱਚ ਨਿਸ਼ਚਤ ਮੌਤ ਦਾ ਵਾਰੰਟ ਨਹੀਂ ਹੋਏਗੀ। ਸਮੇਂ ਤੋਂ ਪਹਿਲਾਂ ਬਿਮਾਰੀ ‘ਤੇ ਰੋਕ (ਵੈਕਸੀਨ) ਅਤੇ ਵਿਅਕਤੀ ਵਿਸ਼ੇਸ਼ ਮੁਤਾਬਕ ਇਲਾਜ ਦੀਆਂ ਸੰਭਾਵਨਾਵਾਂ ਸਭ ਲਈ ਮੌਜੂਦ ਹੋਣਗੀਆਂ।
ਇਸੇ ਤਰ੍ਹਾਂ ਰੋਬੋਟਿਕ ਤਕਨੀਕ ਨੇ ਸਰਜਰੀ ਅਸਿਸਟੈਂਸ, ਮਕਾਨ ਉਸਾਰੀ ਅਤੇ ਖੇਤੀ ਖੇਤਰ ਵਿੱਚ ਅਣਕਿਆਸਾ ਵਿਕਾਸ ਕੀਤਾ ਹੈ। ਆਉਂਦੇ ਸਾਲਾਂ ਵਿੱਚ ਇਹ ਤਕਨੀਕ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਕਮਾਲ ਕਰ ਸਕਦੀ ਹੈ। ਇਸ ਨਾਲ ਸਮਾਜਕ ਤਬਾਹੀ ਅਤੇ ਮਨੁੱਖੀ ਬਿਮਾਰੀਆਂ ਵਿੱਚ ਰਿਕਵਰੀ ਬੇਹੱਦ ਗਤੀ ਫੜ ਸਕਦੀ ਹੈ ਅਤੇ ਬਹੁਤ ਵਿਆਪਕ ਪੱਧਰ ‘ਤੇ ਲੋਕਾਂ ਲਈ ਉਪਲਬਧ ਹੋ ਸਕਦੀ ਹੈ। ਇਸੇ ਤਰ੍ਹਾਂ ਕੁਅੰਟਮ ਕੰਪਿਊਟਿੰਗ ਅਜਿਹੇ ਕ੍ਰਿਸ਼ਮੇ ਕਰ ਸਕਦੀ ਹੈ, ਜਿਨ੍ਹਾਂ ਨੂੰ ਅਸੀਂ ਚਿਤਵ ਵੀ ਨਹੀਂ ਸਕਦੇ। ਕੁਅੰਟਮ ਕੰਪਿਊਟਰ ਉਨ੍ਹਾਂ ਸਮੱਸਿਆਵਾਂ ਨੂੰ ਸਕਿੰਟਾਂ ਵਿੱਚ ਹੱਲ ਕਰ ਸਕਦੇ ਹਨ, ਜਿਨ੍ਹਾਂ ਨੂੰ ਰਵਾਇਤੀ ਕੰਪਿਊਟਰ ‘ਤੇ ਹੱਲ ਕਰਦਿਆਂ ਦਹਾਕੇ ਲੱਗ ਸਕਦੇ ਹਨ। ਸਾਇੰਸ ਅਤੇ ਤਕਨੀਕ ਵਿੱਚ ਹੋ ਰਹੀਆਂ ਇਹ ਖੋਜਾਂ, ਦਵਾਈਆਂ ਦੀਆਂ ਖੋਜਾਂ, ਸੰਸਾਰ ਦੇ ਬੁਨਿਆਦੀ ਢਾਂਚੇ ਨੂੰ ਸਹੀ ਕਰਨ ਅਤੇ ਮੌਸਮੀ ਤਬਦੀਲੀਆਂ ਦੇ ਹੱਲ ਲਈ ਮਾਡਲ ਤਿਆਰ ਕਰ ਸਕਦੀਆਂ ਹਨ।
ਬਿਲਕੁਲ ਇਹੋ ਤਕਨੀਕਾਂ ਜਿਨ੍ਹਾਂ ਦੇ ਅਸੀਂ ਇਸ ਕਦਰ ਲਾਭ ਉਠਾ ਸਕਦੇ ਹਾਂ, ਸੰਸਾਰ ਦੀ ਹੋਂਦ ਨੂੰ ਗੰਭੀਰ ਖਤਰੇ ਵੀ ਖੜ੍ਹੇ ਕਰ ਸਕਦੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਪਹਿਲਾਂ ਹੀ ਅਫਵਾਹਾਂ ਅਤੇ ਗਲਤ ਸੂਚਨਾਵਾਂ ਫੈਲਾਉਣ, ਚੋਣਾਂ ਨੂੰ ਹਾਈਜੈਕ ਕਰਨ ਅਤੇ ਜੰਗੀ ਖੇਤਰ ਨੂੰ ਸਵੈਚਾਲਤ ਕਰਨ ਲਈ ਖੁੱਲ੍ਹ ਕੇ ਵਰਤੀ ਜਾ ਰਹੀ ਹੈ। ਜੰਗ ਵਿੱਚ ਵਰਤੀਆਂ ਜਾਣ ਵਾਲੀਆਂ ਡਰੋਨਾਂ ਬੇਹੱਦ ਸਸਤੀਆਂ ਉਪਲਬਧ ਹੋਣ ਲੱਗੀਆਂ ਹਨ ਅਤੇ ਇਹ ਬੇਹੱਦ ਮਾਰੂ ਹਨ। ਜਿਨੈਟਿਕ ਇੰਜੀਨੀਅਰਿੰਗ ਦੀਆਂ ਉਹੋ ਤਕਨੀਕਾਂ ਜਿਹੜੀਆਂ ਬਿਮਾਰੀਆਂ ਦਾ ਨਾਸ਼ ਕਰਨ ਦੇ ਕੰਮ ਆ ਸਕਦੀਆਂ ਹਨ, ਮਨੁੱਖੀ ਜੀਨਾਂ ਨੂੰ ਇਲਾਜ ਰਹਿਤ ਹੱਦ ਤੱਕ ਬਦਲ ਸਕਦੀਆ ਹਨ ਅਤੇ ਜੰਗਾਂ ਵਿੱਚ ਹਥਿਆਰ ਵਜੋਂ ਵਰਤੀਆਂ ਜਾ ਸਕਦੀਆਂ ਹਨ।
ਚੀਨ ਦੇ ਵੂਹਾਨ ਵਿੱਚ ਜਿਨੈਟਿਕ ਜੋੜ-ਤੋੜ ਤੋਂ ਪੈਦਾ ਹੋਈ ਕੋਵਿਡ ਮਹਾਮਾਰੀ ਇਸ ਦੀ ਖਤਰਨਾਕ ਉਦਾਹਰਣ ਹੈ ਕਿ ਇਸ ਕਿਸਮ ਦੀਆਂ ਤਕਨੀਕਾਂ ਕਿਵੇਂ ਘਿਨਾਉਣੇ ਜੰਗੀ ਹਥਿਆਰ ਬਣ ਸਕਦੀਆਂ ਹਨ। ਇਸੇ ਤਰ੍ਹਾਂ ਰੋਬੋਟ ਜਿੱਥੇ ਇੱਕ ਪਾਸੇ ਪੈਦਾਵਾਰ ਵਿੱਚ ਅਸੀਮ ਵਾਧਾ ਕਰ ਸਕਦੇ ਹਨ, ਉਥੇ ਇਹ ਮਨੁੱਖੀ ਕਾਮਿਆਂ ਨੂੰ ਵੱਡੀ ਪੱਧਰ ‘ਤੇ ਵਿਹਲਿਆਂ ਕਰਨ ਦਾ ਵੀ ਸਬੱਬ ਬਣ ਸਕਦੇ ਹਨ। ਇਸ ਤੋਂ ਇਲਾਵਾ ਇਹ ਜੰਗੀ ਖੇਤਰ ਵਿੱਚ ਆਤਮ ਸੰਚਾਲਿਤ ਕਾਤਲੀ (ਕਿਲਿੰਗ) ਮਸ਼ੀਨਾਂ ਦਾ ਵੀ ਰੂਪ ਧਾਰ ਸਕਦੇ ਹਨ। ਇਸ ਸਾਰੇ ਕੁਝ ਨਾਲ ਸਮਾਜਕ ਨਾਬਰਾਬਰੀ ਹੋਰ ਵੀ ਤੇਜ਼ੀ ਨਾਲ ਵਧੇਗੀ ਅਤੇ ਸਮਾਜਕ ਕਲੇਸ਼ ਵੀ ਵਧਣਗੇ। ਕੁਅੰਟਮ ਕੰਪਿਊਟਿੰਗ ਆਪਣੇ ਆਪ ਵਿੱਚ ਉਂਝ ਹੈਰਾਨਕੁੰਨ ਮਨੁੱਖੀ ਵਿਕਾਸ ਹੈ, ਪਰ ਇਹ ਮੌਜੂਦਾ ਇਨਕਰਿਪਟਿੰਗ ਟੈਕਨੌਲੋਜੀ ਦਾ ਭੋਗ ਪਾ ਸਕਦਾ ਹੈ। ਇਸ ਨਾਲ ਮੁਲਕਾਂ ਦਾ ਮਹੱਤਵਪੂਰਨ ਆਧਾਰ ਢਾਂਚਾ ਅਤੇ ਨਿੱਜੀ ਡੈਟਾ ਅਣਕਿਆਸੇ ਖਤਰਿਆਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਸੰਦਰਭ ਵਿੱਚ ਉਪਰੋਕਤ ਤਿੰਨ ਸੁਆਲ ਨਜਿਠਣ ਵਾਲੇ ਹਨ।
ਜੇ ਨਵੀਂਆਂ ਤਕਨੀਕਾਂ ਕੁਝ ਮੁੱਠੀ ਭਰ ਲੋਕਾਂ ਨੂੰ ਲਾਭ ਪਹੁੰਚਾਉਂਦੀਆਂ ਹਨ ਅਤੇ ਬਾਕੀ ਮਨੁੱਖਤਾ ਨੂੰ ਖਤਰਿਆਂ ਵਿੱਚ ਪਾਉਂਦੀਆਂ ਹਨ ਤਾਂ ਅਸੀਂ ਉਸ ਆਦਰਸ਼ਹੀਣ ਸੰਸਾਰ (ਡਿਸਟੋਪੀਅਨ ਵਰਲਡ) ਵੱਲ ਵਧ ਰਹੇ ਹੋਵਾਂਗੇ, ਜਿੱਥੇ ਇਨ੍ਹਾਂ ਤਕਨੀਕਾਂ ਦੇ ਨੁਕਸਾਨ ਫਾਇਦਿਆਂ ਨੂੰ ਮੱਧਮ ਪਾ ਦੇਣਗੇ। ਸਾਨੂੰ ਇਹ ਫੈਸਲਾ ਬਹੁਤ ਜਲਦੀ ਕਰਨਾ ਪੈਣਾ ਹੈ ਕਿ ਨਵੀਆਂ ਤਕਨੀਕਾਂ ਦੇ ਨੁਕਸਾਨ ਵਾਲੇ ਪੱਖਾਂ ਨੂੰ ਸੀਮਤ ਕਰਦਿਆਂ ਕਿੰਝ ਇਨ੍ਹਾਂ ਦੇ ਵੱਧ ਤੋਂ ਵੱਧ ਲੋਕਾਂ ਤੱਕ ਲਾਭ ਪਹੁੰਚਾਏ ਜਾ ਸਕਦੇ ਹਨ। ਸਰਕਾਰਾਂ ਨੂੰ ਤਕਨੀਕੀ ਦੁਨੀਆਂ ਦੇ ਮਾਹਿਰਾਂ ਨਾਲ ਮਿਲ ਕੇ ਕੁਝ ਨੈਤਿਕ ਮੁੱਲ-ਵਿਧਾਨ ਨਿਰਧਾਰਤ ਕਰਨੇ ਹੋਣਗੇ ਤਾਂ ਕਿ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਜਿੱਥੇ ਸਵੈਚਾਲਤ ਹਥਿਆਰਾਂ ਨੂੰ ਮੁਕੰਮਲ ਰੂਪ ਵਿੱਚ ਪਾਬੰਦੀ ਅਧੀਨ ਲਿਆਉਣਾ ਹੋਏਗਾ, ਉਥੇ ਜਿਨੈਟਿਕ ਇੰਜੀਨੀਅਰਿੰਗ ਨੂੰ ਨੈਤਿਕ ਮੁੱਲਾਂ ਦੇ ਬੰਧੇਜ ਅਧੀਨ ਲਿਆਉਣਾ ਪਏਗਾ। ਆਰਟੀਫੀਸ਼ੀਅਲ ਇੰਟੈਲੀਜਂੈਸ ਅਤੇ ਰੋਬੋਟਿਕ ਤਕਨੀਕਾਂ ਵੱਲੋਂ ਪੈਦਾ ਕੀਤੀ ਜਾਣ ਵਾਲੀ ਵੱਡੀ ਚੱਕ-ਥੱਲ (ਡਿਸਰਪਸ਼ਨ) ਦਾ ਮੁਕਾਬਲਾ ਕਰਨ ਲਈ ਵਿਦਿਅਕ ਖੇਤਰ ਅਤੇ ਕਾਮਿਆਂ ਦੇ ਹੁਨਰ ਨੂੰ ਨਵੀਆਂ ਚਣੌਤੀਆਂ ਵਾਸਤੇ ਤਿਆਰ ਕਰਨ ਲਈ ਵੱਡੇ ਨਿਵੇਸ਼ ਕਰਨ ਦੀ ਲੋੜ ਖੜ੍ਹੀ ਹੋਵੇਗੀ। ਇਸ ਤਰ੍ਹਾਂ ਕਰਦਿਆਂ ਅਸੀਂ ਮਨੁੱਖੀ ਸ਼ਕਤੀ ਨੂੰ ਬੀਤੇ ਜ਼ਮਾਨੇ ਦੀਆਂ ਨੌਕਰੀਆਂ ਲਈ ਨਹੀਂ, ਸਗੋਂ ਆਉਣ ਵਾਲੇ ਸਮੇਂ ਲਈ ਤਿਆਰ ਕਰਨਾ ਹੈ।
ਇਹ ਜ਼ਰੂਰੀ ਨਹੀਂ ਕਿ ਤਕਨੌਲੋਜੀ ਸਮਾਜਕ ਅਸਮਾਨਤਾ ਹੀ ਪੈਦਾ ਕਰੇ। ਅਮੀਰ ਪੱਛਮੀ ਮੁਲਕਾਂ ਦੀ ਥਾਂ, ਵਿਓਨਿਕਸ ਬਾਇਓਸਾਇੰਸ ਨਾਲ ਮਿਲ ਕੇ ਅਸੀਂ ਇਨ੍ਹਾਂ ਤਕਨੀਕਾਂ ਨੂੰ ਭਾਰਤ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਾਂ ਤਾਂ ਕਿ ਮਨੁੱਖੀ ਬਿਮਾਰੀਆਂ ਦੇ ਕਾਰਨ ਪਛਾਣਨ ਵਾਲੀਆਂ ਤਕਨੀਕਾਂ ਸਾਡੀ ਗਰੀਬ ਤੋਂ ਗਰੀਬ ਆਬਾਦੀ ਤੱਕ ਪਹੁੰਚ ਸਕਣ। ਜਦੋਂ ਸਿਰਫ ਦੁਨੀਆਂ ਦੇ ਅਮੀਰ ਤਬਕਿਆਂ ਤੱਕ ਨਵੀਆਂ ਤਕਨੀਕਾਂ ਦੀ ਪਹੁੰਚ ਹੋਵੇਗੀ ਅਤੇ ਗਰੀਬ ਆਬਾਦੀ ਨੂੰ ਬੇਸਹਾਰਾ ਛੱਡ ਦਿੱਤਾ ਜਾਵੇਗਾ ਤਾਂ ਇੱਕ ਅਜਿਹਾ ਸਮਾਜ ਪੈਦਾ ਹੋਵੇਗਾ, ਜਿਸ ਵਿੱਚ ਕਲੇਸ਼ ਅਤੇ ਬਗਾਵਤਾਂ ਦੀ ਭਰਮਾਰ ਹੋਵੇਗੀ। ਭਵਿੱਖ ਪੱਥਰ ‘ਤੇ ਲਕੀਰ ਵਾਂਗ ਨਿਸ਼ਚਤ ਨਹੀਂ ਹੈ। ਇਸ ਨੂੰ ਸਾਡੇ ਸਮੂਹਿਕ ਫੈਸਲੇ ਨਿਰਧਾਰਤ ਕਰਨਗੇ। ਕੀ ਅਸੀ ਅਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੋਕਾਂ ਦੇ ਭਲੇ ਲਈ ਵਰਤਣਾ ਹੈ ਜਾਂ ਉਨ੍ਹਾਂ ਨੂੰ ਦਬਾਉਣ ਲਈ? ਕੀ ਅਸੀਂ ਜ਼ਿੰਦਗੀ ਦੀ ਜਿਨੈਟਿਕ ਇੰਜੀਨੀਅਰਿੰਗ ਸੰਸਾਰ ਨੂੰ ਬੇਹਤਰ ਬਣਾਉਣ ਲਈ ਕਰਾਂਗੇ ਜਾਂ ਨੁਕਸਾਨ ਪਹੁੰਚਾਉਣ ਲਈ? ਕੀ ਰੋਬੋਟ ਅਤੇ ਕੰਪਿਊਟਰ ਲੋਕਾਂ ਦਾ ਸੋਸ਼ਣ ਕਰਨ ਲਈ ਵਰਤੇ ਜਾਣਗੇ?
ਇਹ ਉਹ ਸੁਆਲ ਹਨ, ਜਿਨ੍ਹਾਂ ਦੇ ਜਵਾਬ ਸਾਨੂੰ ਤੱਦੀ ਨਾਲ ਅਤੇ ਦੂਰ-ਦ੍ਰਿਸ਼ਟੀ ਨਾਲ ਦੇਣੇ ਪੈਣਗੇ। ਜੇ ਅਸੀਂ ਉਪਰੋਕਤ ਤਕਨੀਕਾਂ ਨਾਲ ਮਨੁੱਖੀ ਖੁਦਮੁਖਤਾਰੀ ਨੂੰ ਮਜਬੂਤ ਕਰਦੇ ਹਾਂ, ਖ਼ਤਰਿਆਂ ‘ਤੇ ਕਾਬੂ ਪਾ ਲੈਂਦੇ ਹਾਂ ਅਤੇ ਸਮਾਜਕ ਬਰਾਬਰੀ ਵੱਲ ਵਧਦੇ ਹਾਂ ਤਾਂ ਲਾਜ਼ਮੀ ਹੀ ਇਨ੍ਹਾਂ ਤਕਨੀਕਾਂ ਦੀ ਅਸੀਂ ਮਨੁੱਖੀ ਭਲੇ ਲਈ ਵਰਤੋਂ ਕਰ ਰਹੇ ਹੋਵਾਂਗੇ। ਆਉਂਦਾ ਦਹਾਕਾ ਬੇਮਿਸਾਲ ਮਨੁੱਖੀ ਵਿਕਾਸ ਦਾ ਦਹਾਕਾ ਹੋਵੇਗਾ, ਜਿਸ ਵਿੱਚ ਵੱਡੀ ਪੱਧਰ ‘ਤੇ ਮਨੁੱਖੀ ਬਿਮਾਰੀਆਂ ‘ਤੇ ਕਾਬੂ ਪਾ ਲਿਆ ਜਾਵੇਗਾ। ਵਿਦਿਆ ਵਿਆਪਕ ਪੱਧਰ ‘ਤੇ ਫੈਲੇਗੀ। ਤਕਨੌਲੋਜੀ ਸਾਨੂੰ ਦੂਰੇਡੇ ਸਿਤਾਰਿਆਂ ਅਤੇ ਆਪਣੇ ਅੰਦਰਲੀਆਂ ਅਸੀਮ ਸੰਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਦੇਵੇਗੀ। ਨਵਾਂ ਵਰ੍ਹਾਂ ਸਾਨੂੰ ‘ਸਟਾਰ ਟਰੈਕ’ ਵਰਗਾ ਮਨੁੱਖੀ ਭਵਿੱਖ ਘੜਨ ਵੱਲ ਇੱਕ ਕਦਮ ਹੋਰ ਅੱਗੇ ਲੈ ਜਾਵੇਗਾ ਜਾਂ ‘ਮੈਡ ਮੈਕਸ’ ਵੱਲ, ਇਹ ਭਵਿੱਖ ਦਾ ਦਿਲਚਸਪ ਮਾਨਵੀ ਵਰਤਾਰਾ ਹੋਏਗਾ।