*ਮੁਫਤ ਸੇਵਾ ਲਈ ਹਾਜ਼ਰ ਹੋਈਆਂ ਸਾਰੀਆਂ ਰਾਜਨੀਤਿਕ ਪਾਰਟੀਆਂ
*ਮੁੱਖ ਮੁਕਾਬਲਾ ‘ਆਪ’ ਅਤੇ ਭਾਜਪਾ ਵਿਚਕਾਰ
ਪੰਜਾਬੀ ਪਰਵਾਜ਼ ਬਿਊਰੋ
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਇਨ੍ਹੀਂ ਦਿਨੀਂ ਸਿਖਰਾਂ ਛੂਹ ਰਹੀ ਹੈ। ਤਿੰਨਾਂ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਆਪੋ-ਆਪਣੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਦਿੱਲੀ ਦੇ ਲੋਕਾਂ ਨੂੰ ਮੁਫਤ ਸਹੂਲਤਾਂ ਦੇ ਲਾਰੇ ਲੱਪਿਆਂ ਦੀ ਭਰਮਾਰ ਹੈ। ਇਸ ਮਾਮਲੇ ਵਿੱਚ ਕੋਈ ਵੀ ਪਾਰਟੀ ਪਿਛੇ ਨਹੀਂ ਰਹੀ ਹੈ।
ਹਰ ਪਾਰਟੀ ਇੱਕ ਦੂਜੇ ਤੋਂ ਅੱਗੇ ਵਧ ਕੇ (ਸਰਕਾਰ ਬਣਨ ਬਾਅਦ) ਮੁਫਤ ਦੀਆਂ ਨਿਆਮਤਾਂ ਵੰਡਣ ਦਾ ਐਲਾਨ ਕਰ ਰਹੀ ਹੈ। ਇਸ ਤੋਂ ਇਲਾਵਾ ਇੱਕ ਦੂਜੇ ‘ਤੇ ਚਿੱਕੜ ਉਛਾਲੀ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਭਾਜਪਾ ਵੱਲੋਂ ਦੋ ਕਿਸ਼ਤਾਂ ਵਿੱਚ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਗਿਆ, ਜਿਸ ਵਿੱਚ ਪਾਰਟੀ ਨੇ ਔਰਤਾ ਨੂੰ ਹਰ ਮਹੀਨੇ 2500 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਯਾਦ ਰਹੇ, ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕਰ ਚੁੱਕੀ ਹੈ। ਉਧਰ ਕਾਂਗਰਸ ਪਾਰਟੀ ਨੇ ਵੀ ਆਪਣੀ ‘ਪ੍ਰਿਯ ਦੀਦੀ ਯੋਜਨਾ’ ਤਹਿਤ ਔਰਤਾਂ ਨੂੰ 2500 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਹੈ। ਦਿੱਲੀ ਚੋਣਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਪਾਰਟੀ ਔਰਤਾਂ, ਝੁੱਗੀ ਝੌਂਪੜੀ ਅਤੇ ਆਟੋ ਰਿਕਸ਼ਾ ਤੇ ਕਾਰ ਡਰਾਇਵਰੀ ਪੇਸ਼ੇ ਨਾਲ ਸੰਬੰਧ ਰੱਖਦੇ ਗਰੀਬ ਤਬਕਿਆਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਲੰਘੀ 27 ਜਨਵਰੀ ਨੂੰ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿੱਚ 15 ਗਾਰੰਟੀਆਂ ਦਾ ਐਲਾਨ ਕੀਤਾ। ਆਪਣੀ ਪਹਿਲੀ ਗਾਰੰਟੀ ਤਹਿਤ ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿੱਚੋਂ ਬੇਰੁਜ਼ਗਾਰੀ ਦਾ ਮੁਕੰਮਲ ਤੌਰ ‘ਤੇ ਖਾਤਮਾ ਕਰਨਗੇ। ‘ਮਹਿਲਾ ਸਮਾਨ ਯੋਜਨਾ’ ਤਹਿਤ ਦਿੱਤੇ ਜਾਣ ਵਾਲੇ 2100 ਰੁਪਏ ਉਨ੍ਹਾਂ ਦੂਜੀ ਗਾਰੰਟੀ ਵਜੋਂ ਐਲਾਨੇ ਹਨ। ਤੀਜੀ ਗਾਰੰਟੀ 60 ਸਾਲ ਤੋਂ ਉਪਰ ਉਮਰ ਵਾਲੇ ਸਾਰੇ ਸ਼ਹਿਰੀਆਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਬਾਰੇ ਹੈ। ਇਹ ਸਹੂਲਤਾਂ ਸਰਕਾਰੀ ਅਤੇ ਪ੍ਰਾਈਵੇਟ- ਦੋਹਾਂ ਕਿਸਮ ਦੇ ਹਸਪਤਾਲਾਂ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ। ਕੇਜਰੀਵਾਲ ਨੇ ਚੌਥੀ ਗਾਰੰਟੀ ਇਹ ਦਿੱਤੀ ਹੈ ਕਿ ਵਧਾਅ-ਚੜ੍ਹਾਅ ਕੇ ਭੇਜੇ ਗਏ ਸਾਰੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ।
ਇਵੇਂ ਆਪਣੀ ਅਗਲੀਆਂ 10 ਗਾਰੰਟੀਆਂ ਤਹਿਤ ਉਨ੍ਹਾਂ ਨੇ ਪੀਣ ਵਾਲੇ ਪਾਣੀ ਦੀ 24 ਘੰਟੇ-ਸੱਤੇ ਦਿਨ ਸਪਲਾਈ, ਯਮਨਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨਾ, ਸੜਕਾਂ ਨੂੰ ਯੂਰਪੀਅਨ ਪੱਧਰ ਦੀਆਂ ਬਣਾਉਣ, ਅੰਬੇਦਕਰ ਸ਼ਕੌਲਰਸ਼ਿਪ ਯੋਜਨਾ ਤਹਿਤ ਅਰਵਿੰਦ ਕੇਜਰੀਵਾਲ ਨੇ ਸਾਰੇ ਦਲਿਤ ਵਿਦਿਆਰਥੀਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਹੁੰਦਾ ਸਾਰਾ ਖਰਚਾ ਚੁਕਣ, ਸਾਰੇ ਵਿਦਿਆਰਥੀਆਂ ਨੂੰ ਮੁਫਤ ਬੱਸ ਸਰਵਿਸ, ਮੈਟਰੋ ਵਿੱਚ 50% ਕਿਰਾਇਆ ਮੁਆਫ ਕਰਨ, ਸਿੱਖ ਗ੍ਰੰਥੀਆਂ ਅਤੇ ਹਿੰਦੂ ਪੁਜਾਰੀਆਂ ਨੂੰ 18,000 ਰੁਪਏ ਮਹੀਨਾ ਦੇਣ, ਦਿੱਲੀ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਬਿਜਲੀ-ਪਾਣੀ ਦੀ ਮੁਫਤ ਸਪਲਾਈ ਉਪਲਬਧ ਕਰਵਾਉਣ, ਬੰਦ ਹੋ ਗਈਆਂ ਤੇ ਪੁਰਾਣੀਆਂ ਸੀਵਰੇਜ ਪਾਈਪਾਂ ਨਵੀਂਆਂ ਪਾਉਣ, ਨਵੇਂ ਰਾਸ਼ਨ ਕਾਡ ਬਣਾਉਣ, ਆਟੋ ਅਤੇ ਈ-ਰਿਕਸ਼ਾ ਡਰਾਇਵਰਾਂ ਨੂੰ ਇੱਕ ਲੱਖ ਰੁਪਏ ਸਹਾਇਤਾ, 10 ਲੱਖ ਦਾ ਜੀਵਨ ਬੀਮਾ ਅਤੇ ਪੰਜ ਲੱਖ ਦੀ ਐਕਸੀਡੈਂਟ ਇੰਸ਼ੋਰੈਂਸ ਦੇਣ ਦਾ ਵਾਅਦਾ ਕੀਤਾ ਹੈ।
ਭਾਜਪਾ ਵੱਲੋਂ ਆਪਣੇ ਵਿੱਤੀ ਵਾਅਦੇ ਵੱਡੇ ਕਰ ਦਿੱਤੇ ਗਏ ਤਾਂ ਕੇਜਰੀਵਾਲ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕੇ ਆਉਂਦੇ ਬਜਟ ਵਿੱਚ ਉਨ੍ਹਾਂ ਦੀਆਂ ਸੱਤ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਵਿੱਚ ਉਨ੍ਹਾਂ ਮੱਧ ਵਰਗ ਨੂੰ ਰਿਝਾਉਣ ਲਈ ਆਮਦਨ ਕਰ ਦੀ ਹੱਦ 7 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨਿੱਤ ਵਰਤੋਂ ਦੀ ਚੀਜ਼ਾਂ ਉਪਰ ਜੀ.ਐਸ.ਟੀ. ਖਤਮ ਕਰਨ, ਸਿੱਖਿਆ ਦਾ ਬਜਟ 2 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰਨ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਕੋਈ ਹੱਦ ਨਿਸ਼ਚਿਤ ਕਰਨ, ਉੱਚ ਵਿਦਿਆ ਲਈ ਸਬਸਿਡੀ ਤੇ ਸਕਾਲਰਸ਼ਿਪ ਦੇਣ, ਸਿਹਤ ਸੇਵਾਵਾਂ ਦਾ ਬਜਟ 10 ਫੀਸਦੀ ਵਧਾਉਣ, ਸੀਨੀਅਰ ਸਿਟੀਜਨਜ਼ ਨੂੰ ਮੁਫਤ ਸਿਹਤ ਸੇਵਾ ਅਤੇ ਰੇਲ ਭਾੜੇ ਵਿੱਚ 50 ਫੀਸਦੀ ਛੋਟ, ਆਦਿ ਸੱਤ ਮੰਗਾਂ ਰੱਖੀਆਂ ਹਨ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਦੂਜੇ ਮੈਨੀਫੈਸਟੋ ਵਿੱਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਰਕਾਰੀ ਸੰਸਥਾਵਾਂ ਵਿੱਚ ਮੁਫਤ ਸਿਖਿਆ ਦਾ ਪ੍ਰਬੰਧ ਕਰਨ, ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਦੋ ਕੋਸ਼ਿਸ਼ਾਂ ਲਈ ਇੱਕ ਮੁਸ਼ਤ 15,000 ਰੁਪਏ ਦੀ ਮਦਦ, ਘਰੇਲੂ ਵਰਕਰਾਂ, ਆਟੋ ਤੇ ਟੈਕਸੀ ਡਰਾਇਵਰਾਂ ਨੂੰ 10 ਲੱਖ ਦਾ ਜੀਵਨ ਬੀਮਾ ਅਤੇ 5 ਲੱਖ ਦੇ ਐਕਸੀਡੈਂਟ ਬੀਮੇ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਈ ਲਈ ਸ਼ਕਾਲਰਸ਼ਿੱਪ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਅੰਬੇਦਕਰ ਸਕੀਮ ਤਹਿਤ ਸ਼ਡਿਊਲਡ ਕਾਸਟ (ਐੱਸ.ਸੀ.) ਅਤੇ ਸ਼ਡਿਊਲਡ ਟਰਾਈਬਜ਼ (ਐੱਸ.ਟੀ.) ਦੇ ਬੱਚਿਆਂ ਨੂੰ ਆਈ.ਟੀ.ਆਈ ਅਤੇ ਸਕਿੱਲ ਕੋਰਸਾਂ ਲਈ 1000 ਰੁਪਿਆ ਮਹੀਨਾ ਦੇਣ ਅਤੇ ਫੜੀ-ਫੇਰੀ ਵਾਲਿਆਂ ਨੂੰ ਦੋ ਕਿਸ਼ਤਾਂ ਵਿੱਚ ਕਰਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ 17 ਜਨਵਰੀ ਨੂੰ ਜਾਰੀ ਕੀਤੇ ਗਏ ਆਪਣੇ ਪਹਿਲੇ ਸੰਕਲਪ ਪੱਤਰ ਵਿੱਚ ਭਾਜਪਾ ਨੇ ‘ਮਹਿਲਾ ਸਮਰਿਧੀ ਯੋਜਨਾ’ ਤਹਿਤ ਔਰਤਾਂ ਨੂੰ ਹਰ ਮਹੀਨੇ 2500 ਰੁਪਏ, ਰਸੋਈ ਗੈਸ ਦਾ ਸਿਲੰਡਰ 500 ਰੁਪਏ ਅਤੇ ਹੋਲੀ-ਦੀਵਾਲੀ ‘ਤੇ ਮੁਫਤ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। ਦਿੱਲੀ ਵਿੱਚ ਰਹਿਣ ਵਾਲੇ ਸੀਨੀਅਰ ਸਿਟੀਜਨਜ਼ ਨੂੰ 2500 ਤੋਂ 3000 ਰੁਪਏ ਤੱਕ ਪੈਨਸ਼ਨ ਦੇਣ ਦਾ ਵਾਅਦਾ ਵੀ ਕੀਤਾ ਹੈ। ਇਸ ਤੋਂ ਇਲਾਵਾ ਦੋ ਵਕਤ ਦੀ ਰੋਟੀ ਤੋਂ ਅਵਾਜ਼ਾਰ ਲੋਕਾਂ ਲਈ ‘ਅਟੱਲ ਕੰਟੀਨਾਂ’ ਵਿੱਚ 5 ਰੁਪਏ ਥਾਲੀ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਹੈ।
10-11 ਸਾਲਾਂ ਤੋਂ ਕੇਂਦਰੀ ਸੱਤਾ ਤੋਂ ਬਾਹਰ ਰਹਿ ਰਹੀ ਕਾਂਗਰਸ ਪਾਰਟੀ ਦਾ ਦਿੱਲੀ ਚੋਣਾਂ ਲਈ ਮੈਨੀਫੈਸਟੋ ਵੀ ਧਮਾਤੜਾਂ ਵਾਲਾ ਹੈ। ਆਪਣੇ ਮੈਨੀਫੈਸਟੋ ਵਿੱਚ ਕਾਂਗਰਸ ਪਾਰਟੀ ਨੇ 300 ਯੂਨਿਟ ਮੁਫਤ ਬਿਜਲੀ, ਘਰੇਲੂ ਗੈਸ ਦਾ ਸਿਲੰਡਰ 500 ਰੁਪਏ ਵਿੱਚ, ਨਾਲ ਫਰੀ ਰਾਸ਼ਨ ਕਿੱਟ, ਪਿਆਰੀ ਦੀਦੀ ਯੋਜਨਾ ਤਹਿਤ ਔਰਤਾਂ ਨੂੰ 2500 ਰੁਪਏ ਮਹੀਨਾ, ਸਾਰੇ ਲੋਕਾਂ ਲਈ 25 ਲੱਖ ਤੱਕ ਦਾ ਸਿਹਤ ਬੀਮਾ। ਪੜ੍ਹੇ-ਲਿਖੇ ਬੇਰੁਜ਼ਗਾਰਾਂ ਲਈ 8500 ਰੁਪਏ ਮਹੀਨਾ ਸਟਾਈਪਨ ਫੰਡ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇੰਜ ਅਸੀਂ ਵੇਖਦੇ ਹਾਂ ਕਿ ਦਿੱਲੀ ਦੀ ਚੋਣ ਮੁਹਿੰਮ ਕੁੱਲ ਮਿਲਾ ਕੇ ਮੁਫਤ ਵਾਲੀਆਂ ਸਕੀਮਾਂ ਦੁਆਲੇ ਘੁੰਮ ਰਹੀ ਹੈ। ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਗੱਲ ਸਿਰਫ ‘ਆਪ’ ਨੇ ਕੀਤੀ ਹੈ। ਬਾਕੀਆਂ ਨੇ ਬੇਰੁਜ਼ਗਾਰੀ ਬਦਲੇ ਚੋਗਾ ਸੁਟਣ ਦਾ ਹੀ ਵਾਅਦਾ ਕੀਤਾ ਹੈ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਾਰੀ ਚੋਣ ਮਹਿੰਮ ਗਰੀਬ ਅਤੇ ਮੱਧ ਵਰਗੀ ਤਬਕਿਆਂ ਨੂੰ ਸੰਬੋਧਿਤ ਹੈ। ਪਿਛਲੇ ਕੁਝ ਸਾਲਾਂ ਵਿੱਚ ਨੌਜਵਾਨ ਤਬਕਾ ਅਤੇ ਔਰਤਾਂ ਵੋਟ ਬੈਂਕ ਵਜੋਂ ਸਿਆਸੀ ਪਾਰਟੀਆਂ ਲਈ ਵੱਡਾ ਮਹੱਤਵ ਅਖਤਿਆਰ ਕਰ ਗਈਆਂ ਹਨ। ਇਹ ਦੋਨੋ ਤਬਕੇ ਕਿਸੇ ਵੀ ਚੋਣ ਦਾ ਨਤੀਜਾ ਨਿਸ਼ਚਤ ਕਰਨ ਦੇ ਸਾਧਨ ਸਮਝੇ ਜਾ ਰਹੇ ਹਨ। ਔਰਤਾਂ, ਖਾਸ ਕਰਕੇ ਜੋ ਲੰਮੇ ਸਮੇਂ ਤੱਕ ਅਣਗੌਲੀਆਂ ਰਹੀਆਂ ਹਨ, ਅਜ਼ਾਦ ਵੋਟਰ ਹਸਤੀ ਵਜੋਂ ਉਭਰ ਆਈਆਂ ਹਨ। ਔਰਤਾਂ ਤੇ ਨੌਜਵਾਨ ਤਬਕੇ ਦਾ ਮਹੱਤਵ ਵਿਧਾਨ ਸਭਾ ਤੋਂ ਇਲਾਵਾ ਸਥਾਨਕ ਸੰਸਥਾਵਾਂ ਅਤੇ ਪਾਰਲੀਮਾਨੀ ਚੋਣਾਂ ਲਈ ਵੀ ਵਧਿਆ ਹੈ। ਇਨ੍ਹਾਂ ਚੋਣਾਂ ਵਿੱਚ ਭਾਵੇਂ ਕਾਗਰਸ ਪਾਰਟੀ ਤੀਜੀ ਧਿਰ ਵਜੋਂ ਮੌਜੂਦ ਹੈ, ਪਰ ਉਹ ‘ਆਪ’ ਅਤੇ ਭਾਜਪਾ ਦੇ ਮੁਕਾਬਲੇ ਵਿੱਚ ਵਿਖਾਈ ਨਹੀਂ ਦਿੰਦੀ। ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁਕਾਬਲਾ ਗਹਿਗੱਚ ਹੈ। ‘ਸੀ-ਵੋਟਰ’ ਦੇ ਇੱਕ ਹਾਲ ਹੀ ਦੇ ਸਰਵੇ ਅਨੁਸਾਰ ‘ਆਪ’ ਹਾਲੇ ਵੀ ਦੋ ਤਿੰਨ ਫੀਸਦੀ ਦੇ ਫਰਕ ਨਾਲ ਅੱਗੇ ਚੱਲ ਰਹੀ ਹੈ।
ਦਿੱਲੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ ਨੂੰ ਪੈਣੀਆਂ ਹਨ। ਇੰਜ ਅਗਲਾ ਇੱਕ ਹਫਤਾ ਦੋਹਾਂ ਪਾਰਟੀਆਂ ਲਈ ਬੇਹੱਦ ਮਹੱਤਵਪੂਰਨ ਹੈ। ਦੋਹਾਂ ਧਿਰਾਂ ਦਾ ਜ਼ੋਰ ਵੀ ਟਿੱਲ ਤੱਕ ਲੱਗ ਗਿਆ ਹੈ। ਭਾਜਪਾ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਸਮੇਤ ਵੱਡੇ ਲੀਡਰਾਂ ਨੂੰ ਚੋਣ ਮੁਹਿੰਮ ਵਿੱਚ ਝੋਕ ਦਿੱਤਾ ਹੈ। ਕੇਂਦਰ ਸਰਕਾਰ ਕੋਲ ਤਾਂ ਸਾਧਨਾਂ ਅਤੇ ਮੈਨਪਾਵਰ ਦਾ ਵੀ ਅੰਤ ਨਹੀਂ। ਪੰਜਾਬ-ਦਿੱਲੀ ਵਿੱਚ ਸੱਤਾਸ਼ੀਲ ਹੋਣ ਕਾਰਨ ‘ਆਪ’ ਵੀ ਇਹ ਚੋਣਾਂ ਪੂਰੀ ਤਾਕਤ ਨਾਲ ਲੜ ਰਹੀ ਹੈ। ਮੁੱਖ ਮੰਤਰੀ ਸਮੇਤ ਤਕਰੀਬਨ ਪੂਰੀ ਪੰਜਾਬ ਸਰਕਾਰ ਦਿੱਲੀ ਦੀ ਚੋਣ ਮੁਹਿੰਮ ‘ਤੇ ਹੈ। ਪੰਜਾਬ ਦੇ ਨੰਬਰਾਂ ਵਾਲੀਆਂ ਗੱਡੀਆਂ ਅਤੇ ਚਿੱਟੇ ਕੁੜਤੇ ਪਜਾਮੇ ਵਾਲੇ ਬੰਦਿਆਂ ਦੀ ਦਿੱਲੀ ਵਿੱਚ ਅੱਜ ਕੱਲ੍ਹ ਭਰਮਾਰ ਹੈ। ਪੰਜਾਬ ਪੁਲਿਸ ਵੱਲੋਂ ਕੇਜਰੀਵਾਲ ਨੂੰ ਦਿੱਤੀ ਗਈ ਜੈਡ ਸੁਰੱਖਿਆ ਦਾ ਮੁੱਦਾ ਵੀ ਬਹਿਸ ਦਾ ਵਿਸ਼ਾ ਬਣਿਆ ਅਤੇ ਇਹ ਸੁਰੱਖਿਆ ਬਾਅਦ ਵਿੱਚ ਪੰਜਾਬ ਪੁਲਿਸ ਨੂੰ ਵਾਪਸ ਲੈਣੀ ਪਈ। ਪੰਜਾਬੀਆਂ ਦੀ ਦਿੱਲੀ ਚੋਣਾਂ ਵਿੱਚ ਭਰਮਾਰ ਹੋਣ ਕਾਰਨ ਭਾਜਪਾ ਦੇ ਇੱਕ ਆਗੂ ਨੇ ਸੁਰੱਖਿਆ ਦਾ ਵੀ ਮੁੱਦਾ ਉਠਾਇਆ। ਇੱਧਰ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਸਿੰਘ ਨੇ ਕੇਜਰੀਵਾਲ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕ ਲਿਆ। ਤੁਰਦੀ-ਤੁਰਦੀ ਬਹਿਸ ਪੰਜਾਬੀਆਂ ਦੇ ਹਿੰਸਕ ਪਿਛੋਕੜ, ਅਤਿਵਾਦ ਅਤੇ ਦੇਸ਼ ਭਗਤੀ ਦੇ ਸਰਟੀਫਿਕੇਟਾਂ ਤੱਕ ਚਲੀ ਗਈ। ਆਉਂਦੇ ਦਿਨਾਂ ਵਿੱਚ ਇਹ ਬਹਿਸ ਕੁਝ ਹੋਰ ਤਲਖ ਵੀ ਹੋ ਸਕਦੀ ਹੈ।