ਖੇਤਾਂ ਦੇ ਜਾਏ ਸਭ ਮੇਰਾ ਪਰਿਵਾਰ ਹੈ-ਡੱਲੇਵਾਲ
ਗੁਰਨਾਮ ਸਿੰਘ ਚੌਹਾਨ
ਦਿੱਲੀ ਅੰਦੋਲਨ ਪਿੱਛੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੀ ਅਗਵਾਈ `ਚ ਢਾਬੀ ਗੁੱਜਰਾਂ (ਖਨੌਰੀ) ਬਾਰਡਰ ’ਤੇ ਲੱਗਿਆ ਮੋਰਚਾ ਹੁਣ ਸਿਖਰਾਂ `ਤੇ ਹੈ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਡੱਲੇਵਾਲ ਤੋਂ ਪਿਤਾ ਹਜੂਰਾ ਸਿੰਘ ਤੇ ਮਾਤਾ ਅਜਮੇਰ ਕੌਰ ਦਾ ਜਾਇਆ ਜਗਜੀਤ ਸਿੰਘ ਡੱਲੇਵਾਲ ਪੰਜਾਬ ਦੀ ਜੂਹ ’ਚ ਕਿਰਸਾਨੀ ਨੂੰ ਬਚਾਉਣ ਆਪਣੇ ਸਾਹਾਂ ਦੀ ਮਿਸਾਲ ਬਾਲ ਕੇ ਦਿੱਲੀ ਹਕੂਮਤ ਖਿਲਾਫ਼ ਅਸੂਲਾਂ ਦੀ ਲੜਾਈ ਲੜ ਰਿਹਾ ਹੈ। ਅਜਿਹੀ ਲੜਾਈ ਨੂੰ ਅਸੂਲ ਹੀ ਜਿੱਤੇ ਨੇ, ਜਿੱਤ ਰਹੇ ਨੇ ਤੇ ਜਿੱਤਦੇ ਰਹਿਣਗੇ। ਅਸੂਲਾਂ ਦੀ ਮਿਸਾਲ ਨੂੰ ਕਿਸਾਨ ਆਗੂ ਡੱਲੇਵਾਲ ਨੇ ਤੇਲ ਦੀ ਥਾਂ ਸਾਹਾਂ ਦੀ ਬੁੱਕ ਪਾ ਕੇ ਰੋਸ਼ਨ ਕੀਤਾ ਹੈ, ਉਹ ਹੁਣ ਬੁਝੇਗੀ ਨਹੀਂ, ਸਗੋਂ ਜਗਮਗਾਉਦੀ ਰਹੇਗੀ, ਕਿਉਂਕਿ ਪਿੱਛੇ ਆਪਣੇ ਸਾਹਾਂ ਦੀ ਲੱਪ ਲੈ ਕੇ ਖੜ੍ਹੇ 6 ਕਿਸਾਨ ਆਪਣੀ ਵਾਰੀ ਉਡੀਕ ਰਹੇ ਹਨ।
70 ਵਰਿ੍ਹਆਂ ਦੇ ਡੱਲੇਵਾਲ ਦੇ ਮਰਨ ਵਰਤ ਨੂੰ 51 ਦਿਨ (ਬੁੱਧਵਾਰ, 15 ਜਨਵਰੀ ਨੂੰ) ਬੀਤ ਚੁੱਕੇ ਹਨ, ਪਰ ਅਜੇ ਅਸੂਲਾਂ ਦੀ ਜੰਗ ਕੇਂਦਰ ਵਿਰੁੱਧ ਜਾਰੀ ਹੈ। ਕੌਣ ਜਿੱਤੇਗਾ, ਕੌਣ ਹਾਰੇਗਾ, ਇਹ ਭਵਿੱਖ ਤੈਅ ਕਰੇਗਾ। ਜਦੋਂ ਸੁਪਨੇ ਮਰਦੇ ਹੋਣ, ਉਮੀਦਾਂ ਦਾ ਵੱਤਰ ਸੁੱਕਦਾ ਹੋਵੇ, ਫਿਰ ਕਿਸੇ ਨਾ ਕਿਸੇ ਡੱਲੇਵਾਲ ਨੂੰ ਮੌਤ ਲੱਕ ਨਾਲ ਬੰਨ੍ਹ ਕੇ ਕੁੱਦਣਾ ਪੈਂਦਾ ਹੈ। ਡਾਕਟਰ ਆਖਦੇ ਹਨ ਕਿ ਬਲੱਡ ਪ੍ਰੈਸ਼ਰ ਹੁਣ ਸਾਡੇ ਹੱਥ ’ਚ ਨਹੀਂ। ਡੱਲੇਵਾਲ ਨੇ ਕਿਹਾ ਹੈ, “ਉਨ੍ਹਾਂ ਲੱਖਾਂ ਕਿਸਾਨ ਪਰਿਵਾਰਾਂ ਦਾ ਮਨ ’ਤੇ ਭਾਰ ਹੈ, ਜਿਨ੍ਹਾਂ ਨੇ ਆਪਣੇ ਜਾਇਆਂ ਨੂੰ ਖੇਤਾਂ ਦੇ ਰੁੱਖਾਂ ਨਾਲ ਲਮਕਦਿਆਂ ਨੂੰ ਰੋਂਦੇ ਕੁਰਲਾਉਂਦੇ ਲਾਹਿਆ ਹੈ। ਜਿਨ੍ਹਾਂ ਨੂੰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਫਾਂਸੀ ਝੂਟਣ ਲਈ ਮਜਬੂਰ ਕੀਤਾ ਹੈ, ਉਨ੍ਹਾਂ ਦੀ ਜਾਨ ਨਾਲੋਂ ਮੇਰੀ ਜਾਨ ਕੀਮਤੀ ਨਹੀਂ।” ਸੁਪਰੀਮ ਕੋਰਟ ਜੇ ਸ. ਡੱਲੇਵਾਲ ਦੀ ਜਾਨ ਬਚਾਉਣ ਲਈ ਸੰਜੀਦਾ ਹੈ ਤਾਂ ਉਹ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ, ਕਰਜ਼ਾ ਮੁਆਫ਼ੀ ਆਦਿ ਮੰਗਾਂ ਮੰਨਣ ਵਾਸਤੇ ਕੇਂਦਰ ਸਰਕਾਰ ਨੂੰ ਆਖੇ। ਉਨ੍ਹਾਂ ਦੀ ਇੱਛਾ ਹੈ ਕਿ ਖੇਤੀ ਅਲਾਮਤਾਂ ਕਿਸੇ ਕਿਸਾਨ ਦੀ ਫਾਹੀ ਨਾ ਬਣਨ।
ਜਿਗਰਜੋਤ ਸਿੰਘ ਖਨੌਰੀ ਮੋਰਚੇ ’ਚ ਖੜ੍ਹੀ ਟਰਾਲੀ ’ਚ ਨਿਢਾਲ ਪਏ ਦਾਦੇ ਵੱਲ ਟਿਕਟਿਕੀ ਲਾ ਕੇ ਵੇਖਦਾ ਹੌਸਲਾ ਦਿੰਦਾ ਹੈ, ‘ਆਪਾਂ ਮੋਰਚਾ ਜਿੱਤ ਕੇ ਘਰ ਨੂੰ ਮੁੜਨਾ ਹੈ ਦਾਦਾ ਜੀ।’ ਉਸ ਦੀਆਂ ਜੋਸ਼ੀਲੀਆਂ ਗੱਲਾਂ ਨੇ 11 ਮਹੀਨਿਆਂ ਤੋਂ ਬਾਰਡਰ `ਤੇ ਬੈਠੇ ਉਨ੍ਹਾਂ ਦੇ ਦਾਦੇ ਦੀ ਸੋਚ `ਤੇ ਪਹਿਰਾ ਦਿੰਦੇ ਕਿਸਾਨਾਂ, ਕੀ ਬੱਚੇ, ਕੀ ਬੁੱਢੇ ਤੇ ਕੀ ਜਵਾਨਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ। ਜਿਗਰਜੋਤ ਸਿੰਘ ਦਾਦੇ ਦੇ ਨਕਸ਼ੇ ਕਦਮਾਂ `ਤੇ ਚੱਲਦਾ ਅਕਸਰ ਸਕੂਲ ਜਾਂਦਾ ਹੈ, ਸਕੂਲ `ਚ ਉਸਦਾ ਮਨ ਕਿਵੇਂ ਲਗਦਾ ਹੋਵੇਗਾ, ਜਦੋਂ ਕਿ ਉਸ ਨੂੰ ਪਤਾ ਹੈ, ਉਸ ਦੇ ਦਾਦੇ ਦੇ ਸਾਹਾਂ ਦੀ ਡੋਰ ਟੁੱਟਣ ਕਿਨਾਰੇ ਹੈ। ਫੇਰ ਮੁੜ ਕਦੇ ਮਿਲਾਪ ਨਹੀਂ ਹੋਣਾ।
ਸ. ਡੱਲੇਵਾਲ ਨੇ ਮੋਹ ਮਾਇਆ ਨੂੰ ਤਿਆਗਦਿਆਂ ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਆਪਣੀ 17 ਏਕੜ ਸੰਪਤੀ ਵਿੱਚੋਂ 10.5 ਏਕੜ ਆਪਣੇ ਪੋਤਰੇ ਜਿਗਰਜੋਤ ਸਿੰਘ, ਇਕਲੌਤੇ ਪੁੱਤਰ ਗੁਰਪਿੰਦਰ ਸਿੰਘ ਅਤੇ ਨੂੰਹ ਹਰਪ੍ਰੀਤ ਕੌਰ ਦੇ ਨਾਮ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪਿਤਾ ਹਜੂਰਾ ਸਿੰਘ, ਮਾਂ ਅਜਮੇਰ ਕੌਰ, ਵੱਡਾ ਵੀਰ ਰਣਜੀਤ ਸਿੰਘ ਅਤੇ ਧਰਮ ਪਤਨੀ ਹਰਜੀਤਇੰਦਰ ਕੌਰ ਜਹਾਨੋਂ ਕੂਚ ਕਰ ਚੁੱਕੇ ਹਨ। ਛੇ ਭੈਣਾਂ ਦਾ ਛੋਟਾ ਵੀਰ ਜਗਜੀਤ ਸਿੰਘ ਡੱਲੇਵਾਲ ਆਖਦਾ ਹੈ ਕਿ ‘ਆਹ ਖੇਤਾਂ ਦੇ ਜਾਏ ਸਭ ਮੇਰਾ ਪਰਿਵਾਰ ਹੈ।’ ਖੇਤੀ ਬਚਾਉਣ ਲਈ ਡੱਲੇਵਾਲ ਜ਼ਿੰਦਗੀ ਤੇ ਮੌਤ ਵਿਚਲੇ ਫ਼ਾਸਲੇ ਦੀ ਹੁਣ ਪ੍ਰਵਾਹ ਨਹੀਂ ਕਰ ਰਿਹਾ।
ਕਿਸਾਨ ਆਗੂ ਸ. ਡੱਲੇਵਾਲ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਅਤੇ ਪੰਜਾਬ ਸਰਕਾਰ ਦੀਆਂ ਕਮੇਟੀਆਂ ਨੂੰ ਇੱਕ ਵਾਰ ਨਹੀਂ, ਕਈ ਵਾਰ ਸਪੱਸ਼ਟ ਕਰ ਚੁੱਕੇ ਹਨ, “ਇਹ ਕਰੋ ਜਾਂ ਮਰੋ ਦੀ ਲੜਾਈ ਹੈ। ਮੈਂ ਉਦੋਂ ਤੱਕ ਆਪਣਾ ਮਰਨ ਵਰਤ ਖ਼ਤਮ ਨਹੀਂ ਕਰਾਂਗਾ, ਜਦੋਂ ਤੱਕ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਵਾਲਾ ਕਾਨੂੰਨ ਲਾਗੂ ਨਹੀਂ ਹੋ ਜਾਂਦਾ। ਅਸੀਂ ਸੰਸਦੀ ਕਮੇਟੀ (ਖੇਤੀਬਾੜੀ) ਦੀਆਂ ਸਿਫ਼ਾਰਸ਼ਾਂ ਅਨੁਸਾਰ ਕਾਨੂੰਨੀ ਗਾਰੰਟੀ ਚਾਹੁੰਦੇ ਹਾਂ।”
ਕਿਸਾਨ ਆਗੂ ਗੁਰਦੀਪ ਸਿੰਘ ਚਹਿਲ ਤੇ ਹਰਭਗਵਾਨ ਸਿੰਘ ਭਾਨਾ ਨੇ ਦੱਸਿਆ ਹੈ ਕਿ ਸ. ਡੱਲੇਵਾਲ ਦੇ ਆਦੇਸ਼ਾਂ ਤਹਿਤ ਉਨ੍ਹਾਂ ਦੇ ਕਮਰੇ ਦੁਆਲੇ 100 ਦੇ ਕਰੀਬ ਟਰਾਲੀਆਂ ਦੀ ਦੂਹਰੀ ਪਰਤ ਨੂੰ ਇੱਕ-ਦੂਜੇ ਨਾਲ ਵੈਲਡਿੰਗ ਕਰਨ ਤੋਂ ਇਲਾਵਾ 700 ਦੇ ਕਰੀਬ ਵਾਲੰਟੀਅਰ ਦਿਨ ਰਾਤ ਕਿਸੇ ਵੀ ਅਣਸਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੂਰੀ ਤਰ੍ਹਾਂ ਮੁਸ਼ਤੈਦ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਾਵੇਂ ਕਿਸਾਨ ਆਗੂ ਨੂੰ ਚੁੱਕਣ ਲਈ ਕੋਈ ਵੀ ਐਕਸ਼ਨ ਨਾ ਕਰਨ ਦਾ ਵਿਸ਼ਵਾਸ ਦਿਵਾਇਆ ਹੈ, ਪਰ ਉਨ੍ਹਾਂ `ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਮੋਰਚਾ ਪ੍ਰਬੰਧਕਾਂ ਨੇ 26 ਨਵੰਬਰ ਦੀ ਘਟਨਾ ਨੂੰ ਮੁੜ ਦੁਹਰਾਏ ਜਾਣ ਤੋਂ ਰੋਕਣ ਵਾਸਤੇ ਉਪਰਾਲੇ ਕੀਤੇ ਹਨ।
___
ਕਿਸਾਨ ਆਗੂ ਨੇ ਮਰਨ ਵਰਤ ਦਾ ਫ਼ੈਸਲਾ ਕਿਉਂ ਲਿਆ
ਜਗਜੀਤ ਸਿੰਘ ਡੱਲੇਵਾਲ ਹੁਣ ਤੱਕ 5 ਵਾਰ ਮਰਨ ਵਰਤ ਰੱਖ ਕੇ ਕਿਸਾਨ ਘੋਲ਼ਾਂ ਨੂੰ ਫੈਸਲਾਕੁੰਨ ਜਿੱਤ ਦੁਆ ਚੁੱਕੇ ਹਨ। ਇਸ ਵੇਲ਼ੇ ਉਨ੍ਹਾਂ ਦਾ 6ਵਾਂ ਮਰਨ ਵਰਤ ਚੱਲ ਰਿਹਾ ਹੈ। ਉਨ੍ਹਾਂ ਦੀ ਜਥੇਬੰਦੀ ਨੇ ਪਿਛਲੇ ਸਾਲ 21 ਫਰਵਰੀ ਨੂੰ, ਜਦੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਹਰਿਆਣਾ ਪੁਲੀਸ ਤੇ ਸੁਰੱਖਿਆ ਫੋਰਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਹਵਾਈ ਫਾਇਰਿੰਗ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਦੀ ਖੁੱਲ੍ਹ ਕੇ ਵਰਤੋਂ ਵਿੱਚ ਨੌਜਵਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਹੋਈ ਮੌਤ ਤੇ ਸੈਂਕੜੇ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਨੇ ਉਨ੍ਹਾਂ ਦੇ ਮਨ `ਤੇ ਡੂੰਘਾ ਅਸਰ ਪਾਇਆ ਸੀ। ਉਨ੍ਹਾਂ ਫ਼ੈਸਲਾ ਕਰ ਲਿਆ ਸੀ ਕਿ ਅੱਜ ਤੋਂ ਬਾਅਦ ਸੰਘਰਸ਼ `ਚ ਕਿਸੇ ਮਾਂ ਦਾ ਪੁੱਤ, ਭੈਣ ਦਾ ਭਰਾ ਨਹੀਂ ਮਰੇਗਾ, ਕਿਸਾਨ ਆਗੂ ਆਪ ਅੱਗੇ ਹੋ ਕੇ ਲੜਾਈ ਲੜਨਗੇ।
——————————-
ਭਾਵਕ ਹੋਏ ਸੱਜਣ ਡੱਲੇਵਾਲ ਦੀ ਲੰਮੀ ਉਮਰ ਦੀਆਂ ਕਰਦੇ ਨੇ ਦੁਆਵਾਂ
ਢਾਬੀ ਗੁੱਜਰਾਂ-ਖਨੌਰੀ ਬਾਰਡਰ `ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਮਰਨ ਵਰਤ `ਤੇ ਬੈਠੇ ਹਨ, ਜਦੋਂ ਉਨ੍ਹਾਂ ਦੀ ਅਪੀਲ `ਤੇ ਲੋਕਾਂ ਦਾ ਇਕੱਠ ਹੁੰਦਾ ਹੈ, ਉਸ ਨੂੰ ਦੇਖ ਕੇ ਉਹ ਬਾਗ਼ੋਂ ਬਾਗ਼ ਹੁੰਦੇ ਹਨ, ਕਿਉਂਕਿ ਜਿਨ੍ਹਾਂ ਦੇ ਲੇਖੇ ਉਨ੍ਹਾਂ ਸਾਰੀ ਜ਼ਿੰਦਗੀ ਲਾਈ ਹੈ, ਹੁਣ ਉਨ੍ਹਾਂ ਦੀਆਂ ਦੁਆਵਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਲਈ ਪਲ ਪਲ ਮਰਦੇ ਡੱਲੇਵਾਲ ਨੂੰ ਜੀਵਨ ਦੇਣ ਵਿੱਚ ਸਹਾਈ ਹੋ ਰਹੀਆਂ ਹਨ। ਆਪਣੀ ਭੁੱਖ ਹੜਤਾਲ ਦੌਰਾਨ ਉਨ੍ਹਾਂ ਪਾਣੀ ਤੋਂ ਬਿਨਾ ਕੁਝ ਨਹੀਂ ਖਾਧਾ। ਉਨ੍ਹਾਂ ਦੀ ਸਿਹਤ ਨੂੰ ਦੇਖ ਕੇ ਉਨ੍ਹਾਂ ਦੇ ਨਜ਼ਦੀਕੀ ਸੱਜਣ ਭਾਵਕ ਹੋਏ ਆਪਣੇ ਸੱਜਣ ਦੀ ਲੰਮੀ ਉਮਰ ਦੀਆਂ ਦੁਆਵਾਂ ਕਰਦੇ ਹਨ। ਦੂਸਰੇ ਪਾਸੇ ਪਿੰਡ ਦੀਆਂ ਗਲੀਆਂ ਵਿੱਚ ਸੁੰਨ ਪਸਰੀ ਹੋਈ ਹੈ, ਘਰ ਨੂੰ ਅਕਸਰ ਜਿੰਦਰਾ ਲੱਗਿਆ ਰਹਿੰਦਾ ਹੈ, ਕਿਉਂਕਿ ਤਿੰਨ ਪੀੜੀਆਂ ਜਿਨ੍ਹਾਂ ਵਿੱਚ ਡੱਲੇਵਾਲ, ਡੱਲੇਵਾਲ ਦਾ ਪੁੱਤਰ ਅਤੇ ਪੋਤਰਾ ਢਾਬੀ ਗੁੱਜਰਾਂ (ਖਨੌਰੀ) ਬਾਰਡਰ `ਤੇ ਕਿਸਾਨ ਮਜ਼ਦੂਰ ਦੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ।
ਪਿੰਡ ਡੱਲੇਵਾਲ ਦੇ ਲੋਕਾਂ ਨੇ ਦੱਸਿਆ ਹੈ ਕਿ ਇਨ੍ਹਾਂ ਦਾ ਵੱਡਾ ਭਰਾ ਰਣਜੀਤ ਸਿੰਘ ਇਸੇ ਜਥੇਬੰਦੀ ਦਾ ਹਿੱਸਾ ਸੀ, ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਨ੍ਹਾਂ ਦੋਵੇਂ ਭਰਾਵਾਂ ਕੋਲ 40 ਕਿੱਲੇ ਜ਼ਮੀਨ ਸੀ। ਇਹ ਪਰਿਵਾਰ ਮੁੱਢ ਤੋਂ ਹੀ ਅਣਖੀ ਹੈ, ਪਰ ਡੱਲੇਵਾਲ ਨੇ ਹਮੇਸ਼ਾ ਸ਼ਬਦਾਂ ਦੀ ਜੰਗ ਨੂੰ ਵੱਧ ਮਹੱਤਤਾ ਦਿੱਤੀ ਹੈ, ਹੁਣ ਵੀ ਸ਼ਬਦਾਂ ਦੀ ਹੀ ਜੰਗ ਲੜ ਰਹੇ ਹਨ। ਪਿੰਡ ਵਿੱਚ ਉਨ੍ਹਾਂ ਕੋਲ ਸਧਾਰਨ ਜਿਹਾ ਘਰ ਹੈ, ਜਿੱਥੇ ਉਹ ਆਪ ਤੇ ਉਨ੍ਹਾਂ ਦਾ ਨੂੰਹ, ਪੁੱਤਰ ਅਤੇ ਪੋਤਰਾ ਸਕੂਨ ਦੀ ਜ਼ਿੰਦਗੀ ਜਿਉਂਦੇ ਹਨ, ਜਦੋਂ ਕਿ ਇਨ੍ਹਾਂ ਦੇ ਭਰਾ ਦਾ ਪਰਿਵਾਰ ਇੱਕ ਵੱਡੀ ਕੋਠੀ ਵਿੱਚ ਰਹਿੰਦਾ ਹੈ। ਇਨ੍ਹਾਂ ਕੋਲ ਇੱਕ ਪੁਰਾਣੀ ਜਿਹੀ ਕਾਰ ਅਤੇ ਖੇਤੀ ਦੇ ਸੰਦ ਹਨ, ਜੋ ਇਨ੍ਹਾਂ ਆਪਣੀ ਕਿਰਤ ਕਮਾਈ `ਚੋਂ ਲਏ ਹੋਏ ਹਨ। ਉਨ੍ਹਾਂ ਦੱਸਿਆ ਹੈ ਕਿ ਜੋ ਪਾਰਟੀ ਫੰਡ ਆਉਂਦਾ ਹੈ, ਉਹ ਸਾਰਾ ਜਥੇਬੰਦੀ `ਤੇ ਹੀ ਲਾ ਦਿੰਦੇ ਹਨ। ਉਨ੍ਹਾਂ ਵੱਲੋਂ ਜਿਸ ਵੀ ਵਿਅਕਤੀ ਨੂੰ ਫੰਡ ਵਰਤਣ ਲਈ ਦਿੱਤੀ ਜਾਂਦਾ ਹੈ, ਉਹ ਤੋਂ ਅਹੁਦੇਦਾਰਾਂ ਸਾਹਮਣੇ ਪੈਸੇ ਪੈਸੇ ਦਾ ਹਿਸਾਬ ਲਿਆ ਜਾਂਦਾ ਹੈ। ਇਸੇ ਕਰਕੇ ਉਨ੍ਹਾਂ ਦੀ ਇਮਾਨਦਾਰੀ `ਤੇ ਰੱਤੀ ਭਰ ਸ਼ੱਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਫੰਡ `ਤੇ ਕਦੇ ਟੇਕ ਨਹੀਂ ਰੱਖੀ, ਜਥੇਬੰਦੀ ਨੂੰ ਚਲਾਉਣ ਲਈ ਉਹ ਪੁੱਤਰ ਦੀ ਕਿਰਤ ਕਮਾਈ `ਚੋਂ ਵੀ ਪੈਸਾ ਲਾ ਕੇ ਕਦੇ ਚਿਤਾਰਦੇ ਨਹੀਂ। ਭਾਵਕ ਹੋਏ ਪਿੰਡ ਵਾਸੀਆਂ ਕਿਹਾ, “ਅਜਿਹਾ ਕਿਸਾਨ ਲੀਡਰ ਸ਼ਾਇਦ ਹੀ ਕੋਈ ਹੋਵੇ, ਜੋ ਕਿਰਸਾਨੀ ਤੇ ਮਜ਼ਦੂਰੀ ਨੂੰ ਜਿੰਦਾ ਰੱਖਣ ਦੇ ਨਾਲ ਨਾਲ, ਮਾਵਾਂ ਦੇ ਪੁੱਤਰਾਂ ਤੇ ਭੈਣਾਂ ਤੇ ਭਰਾਵਾਂ ਨੂੰ ਕੁਰਬਾਨੀ ਲਈ ਝੋਕਣ ਦੀ ਥਾਂ ਆਪਾ ਕੁਰਬਾਨ ਕਰਨ ਲਈ ਮਰਨ ਵਰਤ `ਤੇ ਬੈਠਾ ਹੈ। ਪਰਮਾਤਮਾ ਉਨ੍ਹਾਂ ਦੀ ਉਮਰ ਲੰਮੀ ਕਰੇ।”
ਉਨ੍ਹਾਂ ਦੇ ਬਚਪਨ ਦੇ ਦੋਸਤ ਸਾਬਕਾ ਫੌਜੀ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਕਾਲਜ ਦੇ ਦਿਨਾਂ ਵਿੱਚ ਡੱਲੇਵਾਲ ਯੂਥ ਦਾ ਮੁੱਖ ਚਿਹਰਾ ਉਸ ਸਮੇਂ ਬਣੇ, ਜਦੋਂ ਕਾਲਜ ਦੇ ਪਿੱਛੋਂ ਦੀ ਲੰਘਦੀ ਰੇਲ ਕਾਲਜ ਦੇ ਵਿਦਿਆਰਥੀਆਂ ਨੂੰ ਉਤਾਰਨ ਲਈ ਨਹੀਂ ਸੀ ਰੁਕਦੀ; ਵਿਦਿਆਰਥੀਆਂ ਦੀ ਸਹੂਲਤ ਵਾਸਤੇ ਡੱਲੇਵਾਲ ਨੇ ਰੇਲਵੇ ਟਰੈਕ ਉਤੇ ਧਰਨਾ ਸ਼ੁਰੂ ਕਰ ਦਿੱਤਾ। ਇਹ ਧਰਨਾ ਉਦੋਂ ਤੱਕ ਚੱਲਿਆ, ਜਦੋਂ ਤੱਕ ਰੇਲਵੇ ਵਿਭਾਗ ਨੇ ਰੇਲ ਰੋਕਣ ਦੇ ਹੁਕਮ ਜਾਰੀ ਕਰਕੇ ਛੋਟਾ ਜਿਹਾ ਸਟੇਸ਼ਨ ਨਹੀਂ ਬਣਾਇਆ। ਡੱਲੇਵਾਲ ਆਪਣੇ ਕਹੀ ਗੱਲ ਤੋਂ ਪਿੱਛੇ ਨਹੀਂ ਮੁੜਦਾ, ਉਹ ਕਹਿਣੀ ਕਥਨੀ ਦਾ ਪੂਰਾ ਤੇ ਸਿਰੜ ਦਾ ਪੱਕਾ ਹੈ ਅਤੇ ਰਹੇਗਾ ਵੀ ਤੇ ਰਹਿਣਾ ਵੀ ਚਾਹੀਦਾ ਹੈ; ਜਦੋਂ ਉਨ੍ਹਾਂ ਨੇ ਡੱਲੇਵਾਲ ਦੇ ਕੰਨ ਵਿੱਚ ਮਰਨ ਵਰਤ ਛੱਡ ਦੇਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਉਸ ਨੂੰ ਤੋੜ ਕੇ ਜਵਾਬ ਦਿੱਤਾ। ਦੂਜੀ ਵਾਰ ਉਹ ਉਨ੍ਹਾਂ ਨੂੰ ਕਹਿਣ ਦਾ ਹੌਸਲਾ ਨਹੀਂ ਕਰ ਸਕਿਆ। ਉਨ੍ਹਾਂ ਦੇ ਦੋਸਤ ਸੁਖਦੇਵ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਹੁਣ ਉਨ੍ਹਾਂ ਨੂੰ ਉਨ੍ਹਾਂ ਦਾ ਆਪਣਾ ਕੋਈ ਵੀ ਨਹੀਂ ਮੋੜ ਸਕਦਾ, ਬਸ ਮੋੜ ਸਕਦੀ ਹੈ ਤਾਂ ਕੇਂਦਰ ਸਰਕਾਰ, ਉਹ ਵੀ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੇ ਬਿਨਾ ਨਹੀਂ। ਉਨ੍ਹਾਂ ਦੀ ਪਲ ਪਲ ਨਿਘਾਰ ਦੀ ਸਿਹਤ ਦੇਖ ਕੇ ਦਿਲ ਅੰਦਰੋ-ਅੰਦਰੀ ਰੋਂਦਾ ਹੈ, ਪਰ ਹੁਣ ਕੀਤਾ ਵੀ ਕੁਝ ਨਹੀਂ ਜਾ ਸਕਦਾ, ਕਿਉਂਕਿ ਇਹ ਲੜਾਈ ਹੁਣ ਸਿਰਫ ਕਹਿਣੀ ਕਥਨੀ ਅਤੇ ਸਿਰੜ `ਤੇ ਪੂਰਾ ਉਤਰਨ ਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦਰਮਿਆਨ ਹੈ। ਇਸ ਵਿੱਚ ਆਖਰ ਜਿੱਤ ਡੱਲੇਵਾਲ ਦੀ ਹੀ ਹੋਵੇਗੀ। ਕਿਸਾਨ ਅਤੇ ਮਜ਼ਦੂਰ ਦੀ ਹੋਂਦ ਬਚਾਉਣ ਵਾਸਤੇ ਲੜੀ ਜਾ ਰਹੀ ਲੜਾਈ ਨੂੰ ਹੁਲਾਰਾ ਦੇਣ ਲਈ ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਆਪਣੀ ਹੋਂਦ ਦੀ ਲੜਾਈ ਛੱਡ ਕੇ ਇੱਕ ਮੰਚ `ਤੇ ਇਕੱਠੀਆਂ ਹੋਣਾ ਵੀ ਸ਼ੁਭ ਸੰਕੇਤ ਹੈ। ਕਾਸ਼! ਇਹ ਪਹਿਲਾਂ ਹੋ ਗਿਆ ਹੁੰਦਾ, ਸ਼ਾਇਦ ਡੱਲੇਵਾਲ ਦੇ ਅਜਿਹੇ ਹਾਲਾਤ ਨਾ ਬਣਦੇ! ਇਹ ਪਛਤਾਵਾ ਸਦਾ ਰਹੇਗਾ।