ਤਰਲੋਚਨ ਸਿੰਘ ਭੱਟੀ
ਸਾਬਕਾ ਪੀ.ਸੀ.ਐਸ ਅਫਸਰ
ਫੋਨ: +91-987602607
ਯੁਨੀਫਾਰਮ ਜਾਂ ਵਰਦੀ ਕਿਸੇ ਸੰਗਠਨ ਦੇ ਮੈਂਬਰਾਂ ਵੱਲੋਂ ਪਾਇਆ ਜਾਣ ਵਾਲਾ ਇੱਕ ਵਿਸ਼ੇਸ਼ ਪਹਿਰਾਵਾ ਹੈ, ਜੋ ਅਕਸਰ ਹਥਿਆਰਬੰਦ ਸੁਰੱਖਿਆ ਫੌਜ, ਪੁਲਿਸ, ਐਮਰਜੈਂਸੀ ਸੇਵਾਵਾਂ, ਸੁਰੱਖਿਆ ਗਾਰਡਾਂ ਅਤੇ ਕੁਝ ਕਾਰਜ ਸਥਾਨਾਂ, ਵਿਦਿਅਕ ਅਦਾਰਿਆਂ, ਜੇਲ੍ਹਾਂ ਵਿੱਚ ਕੈਦੀਆਂ ਦੁਆਰਾ ਪਹਿਨੀ ਜਾਂਦੀ ਹੈ। ਲਾਤੀਨੀ ਭਾਸ਼ਾ ਵਿੱਚ ‘ਯੁਨਸ’ ਭਾਵ ਇੱਕ ਅਤੇ ‘ਫਾਰਮਾ’ ਤੋਂ ਭਾਵ ਰੂਪ; ਸੋ ਯੂਨੀਫਾਰਮ ਤੋਂ ਭਾਵ ਹੈ- ਇੱਕ ਰੂਪ ਦਾ ਪਹਿਰਾਵਾ। ਇਸ ਪਹਿਰਾਵੇ ਜਾਂ ਵਰਦੀ ਵਿੱਚ ਵਿਸ਼ੇਸ਼ ਕਿਸਮ ਦੇ ਬਟਨ ਲੱਗੇ ਹੋ ਸਕਦੇ ਹਨ। ਯੂਨੀਫਾਰਮ ਜਾਂ ਵਰਦੀ ਨੂੰ ਇੱਕ ਡਰੈਸ ਕੋਡ ਵਜੋਂ ਵੇਖਿਆ ਜਾ ਸਕਦਾ ਹੈ।
ਇੱਕ ਫੌਜੀ ਵਰਦੀ ਜਾਂ ਪੁਲਿਸ ਵਰਦੀ ਇੱਕ ਮਿਆਰੀ ਪਹਿਰਾਵਾ ਹੈ, ਜੋ ਹਥਿਆਰਬੰਦ ਬਲਾਂ ਅਤੇ ਵੱਖ-ਵੱਖ ਦੇਸ਼ਾਂ ਦੇ ਅਰਧ ਸੈਨਿਕ ਬਲਾਂ ਦੇ ਮੈਂਬਰਾਂ ਦੁਆਰਾ ਪਹਿਨਿਆ ਜਾਂਦਾ ਹੈ। ਸਦੀਆਂ ਦੌਰਾਨ ਫੌਜੀ ਪਹਿਰਾਵੇ ਅਤੇ ਲੜਾਈ ਦੇ ਉਦੇਸ਼ਾਂ ਲਈ ਉਪਯੋਗੀ ਛਲਾਵੇ ਵਾਲੀ ਵਰਦੀ ਤੱਕ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ। ਪ੍ਰਮਾਣਿਤ ਅਤੇ ਵਿਲੱਖਣ ਪਹਿਰਾਵੇ ਦੇ ਰੂਪ ਵਿੱਚ ਮਿਲਟਰੀ ਵਰਦੀਆਂ, ਪਛਾਣ ਅਤੇ ਪ੍ਰਦਰਸ਼ਿਤ ਕਰਨ ਲਈ ਤਿਆਰ ਕੀਤੀਆਂ ਜਾਂਦੀਆਂ ਹਨ, ਆਮ ਤੌਰ `ਤੇ ਕੇਂਦਰੀ ਅਥਾਰਟੀ ਦੁਆਰਾ ਲੈਸ ਸੰਗਠਿਤ ਫੌਜੀ ਬਲਾਂ ਦਾ ਚਿੰਨ੍ਹ ਹਨ। ਫੌਜੀ ਵਰਦੀ ਸਿਰਫ਼ ਕੱਪੜੇ ਤੋਂ ਵਧੇਰੇ ਸਨਮਾਨ, ਬਹਾਦਰੀ, ਸੇਵਾ ਅਤੇ ਕੁਰਬਾਨੀਆਂ ਦਾ ਪ੍ਰਤੀਕ ਹੈ। ਲਿਹਾਜ਼ਾ ਇਸ ਨੂੰ ਮਾਣ ਨਾਲ ਪਹਿਨਣਾ ਇਨ੍ਹਾਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਵਰਦੀ ਦੇ ਪਿਛੋਕੜ ਅਤੇ ਮਹੱਤਵ ਨੂੰ ਸਮਝਣਾ ਜਰੂਰੀ ਹੈ। ਵਰਦੀ ਪਾਉਣ ਤੋਂ ਪਹਿਲਾਂ, ਮਾਨਸਿਕ ਤੌਰ `ਤੇ ਆਪਣੇ ਆਪ ਨੂੰ ਵਰਦੀ ਨਾਲ ਜੁੜੀਆਂ ਜ਼ਿੰਮੇਵਾਰੀਆਂ ਲਈ ਤਿਆਰ ਕਰਨਾ ਵੀ ਜ਼ਰੂਰੀ ਹੈ। ਵਰਦੀ ਪਹਿਨਣ ਵਾਲੇ ਦੀ ਦਿੱਖ, ਨਾਲ ਜੁੜੀ ਹੁੰਦੀ ਹੈ। ਲਿਹਾਜ਼ਾ ਵਰਦੀ ਨੂੰ ਸਾਫ ਸੁਥਰੀ ਰੱਖਣਾ, ਇਸਦੀ ਸੰਭਾਲ ਕਰਨਾ ਅਤੇ ਵਰਦੀ ਨਾਲ ਸਬੰਧਤ ਸਹਾਇਕ ਸਮੱਗਰੀ ਜਿਵੇਂ ਬੈਲਟ, ਟਾਈ, ਬੈਜ, ਚਿੰਨ੍ਹ, ਪੈਚ, ਜਰਾਬਾ, ਰੁਮਾਲ, ਬੂਟ ਆਦਿ ਦਿੱਖ ਤੇ ਸੰਭਾਲ ਕਰਨਾ ਵੀ ਲਾਜ਼ਮੀ ਹੈ।
ਸਮੇਂ ਸਮੇਂ ਵਰਦੀ ਸਬੰਧੀ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਵਰਦੀਧਾਰੀ ਵਿਅਕਤੀ ਦੇ ਆਤਮ ਵਿਸ਼ਵਾਸ ਅਤੇ ਪੇਸ਼ੇਵਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਲਿਹਾਜ਼ਾ ਵਰਦੀ ਫੌਜੀ ਸਿਸ਼ਟਾਚਾਰ ਦੀ ਪਾਲਣਾ ਨੂੰ ਪ੍ਰੇਰਿਤ ਕਰਦੀ ਹੈ, ਕਿਉਂਕਿ ਵਰਦੀ ਪਹਿਨਣਾ ਰਾਸ਼ਟਰੀ ਮਾਣ ਵਾਲੀ ਗੱਲ ਹੈ। ਰਸਮੀ ਮੌਕਿਆਂ ਸਮੇਂ ਵਰਦੀ ਦੀ ਦਿੱਖ ਵਰਦੀਧਾਰੀ ਦੇ ਮਾਣ-ਸਨਮਾਨ ਵਿੱਚ ਵਾਧਾ ਕਰਦੀ ਹੈ। ਫੌਜੀ ਸੈਟਿੰਗਾਂ ਵਿੱਚ ਆਮ ਤੌਰ `ਤੇ ਜ਼ਰੂਰੀ ਬਣਦਾ ਹੈ ਕਿ ਵਰਦੀ ਦੇ ਨਾਲ ਧਾਰਮਿਕ ਚਿੰਨ੍ਹ, ਮੈਕਅੱਪ, ਪਰਫਿਊਮ, ਗਹਿਣੇ, ਮਹਿੰਦੀ, ਬਿੰਦੀ, ਸਟਿੱਕਰ, ਨੇਲ ਪਾਲਿਸ਼ ਲਗਾਉਣ ਦੀ ਮਨਾਹੀ ਹੈ। ਵਿਅਕਤੀਗਤ ਪ੍ਰਗਟਾਵਾ ਮਹੱਤਵਪੂਰਨ ਹੋ ਸਕਦਾ ਹੈ, ਪਰ ਇਹ ਫੌਜੀ ਪਹਿਰਾਵੇ ਦੇ ਅਨੁਕੂਲ ਹੋਣਾ ਚਾਹੀਦਾ ਹੈ, ਕਿਉਂਕਿ ਫੌਜ ਵਿੱਚ ਵੱਖ-ਵੱਖ ਪਿਛੋਕੜ ਨਾਲ ਵਿਅਕਤੀ ਸ਼ਾਮਲ ਹੁੰਦੇ ਹਨ। ਵਰਦੀ ਧਰਮ ਨਿਰਪੱਖਤਾ ਦੀ ਤਰਜ਼ਮਾਨੀ ਕਰਦੀ ਹੈ।
ਸਿਰ ਤੋਂ ਪੈਰਾਂ ਤੱਕ ਪਹਿਰਾਵੇ ਵੱਲ ਧਿਆਨ ਦੇਣਾ ਬਣਦਾ ਹੈ ਅਤੇ ਪਹਿਨੀ ਹੋਈ ਵਰਦੀ ਦਾ ਆਦਰ ਦਿਖਾਉਣਾ ਵੀ ਜ਼ਰੂਰੀ ਹੈ। ਆਪਣੀ ਵਰਦੀ ਵਿੱਚ ਅਣਅਧਿਕਾਰਤ ਸੋਧ ਨਹੀਂ ਕੀਤੀ ਜਾ ਸਕਦੀ। ਇਹ ਵੀ ਯਕੀਨੀ ਬਣਾਉਣਾ ਜਰੂਰੀ ਹੈ ਕਿ ਵਰਦੀ ਪਹਿਨਣ ਦੀਆਂ ਕਦਰਾਂ-ਕੀਮਤਾਂ ਅਤੇ ਮਿਆਰਾਂ ਨੂੰ ਕਾਇਮ ਰੱਖਣ ਦੀ ਵਚਨਬੱਧਤਾ ਹੈ, ਕਿਉਂਕਿ ਪਹਿਰਾਵਾ ਵਿਅਕਤੀ ਦੇ ਚਰਿੱਤਰ ਅਤੇ ਕਦਰਾਂ-ਕੀਮਤਾਂ ਦਾ ਪ੍ਰਤੀਕ ਹੁੰਦਾ ਹੈ। ਫੌਜੀ ਵਰਦੀ ਨਿਯਮਾਂ ਦੀ ਪਾਲਣਾ, ਫੌਜੀ ਪਰੰਪਰਾਵਾਂ, ਅਨੁਸ਼ਾਸ਼ਨ ਅਤੇ ਆਤਮ ਸਨਮਾਨ ਵਿੱਚ ਵਾਧਾ ਕਰਦੀ ਹੈ। ਦੱਸਣਾ ਯੋਗ ਹੋਵੇਗਾ ਕਿ ਨਵੀਂ ਡਿਜੀਟਲ ਪੈਟਰਨ ਦੀ ਲੜਾਈ ਦੀ ਵਰਦੀ ਨੂੰ ਬਦਲਿਆ ਗਿਆ ਹੈ ਅਤੇ ਸੰਭਾਲ ਲਈ ਆਸਾਨ ਬਣਾਇਆ ਗਿਆ ਹੈ। ਫੌਜ ਨੇ 10 ਸਾਲ ਦੀ ਮਿਆਦ ਲਈ ਡਿਜ਼ਾਇਨ ਅਤੇ ਕੈਮੋਫਲੇਗ ਪੈਟਰਨ ਲਈ ਬੌਧਿਕ ਸੰਪਤੀ ਅਧਿਕਾਰ ਪ੍ਰਾਪਤ ਕੀਤਾ ਹੈ, ਭਾਵ ਖੁੱਲੇ ਬਾਜ਼ਾਰ ਵਿੱਚ ਲੜਾਈ ਦੇ ਪੈਟਰਨ ਦੇ ਪਹਿਰਾਵੇ ਨੂੰ ਬਣਾਉਣ ਅਤੇ ਵੇਚਣ `ਤੇ ਪੂਰਨ ਮਨਾਹੀ ਹੈ। ਵਰਦੀਆਂ ਕੇਵਲ ਅਧਿਕਾਰਤ ਫੌਜੀ ਕੰਟੀਨਾਂ ਵਿੱਚ ਹੀ ਵੇਚੀਆਂ ਜਾਣਗੀਆਂ। ਸਾਲ 2022 ਵਿੱਚ ਭਾਰਤੀ ਫੌਜ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ, ਦਿੱਲੀ ਨਾਲ ਤਾਲ-ਮੇਲ ਕਰਕੇ ਸਿਵਲ ਅਤੇ ਮਿਲਟਰੀ ਦੇ ਦਰਜੀਆਂ ਨੂੰ ਨਵੀਂ ਦਿੱਖ ਵਾਲੀਆਂ ਵਰਦੀਆਂ ਤਿਆਰ ਕਰਨ ਲਈ ਟਰੇਨਿੰਗ ਦੇਣ ਦਾ ਪ੍ਰਬੰਧ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਸੈਨਿਕਾਂ ਦੀ ਵਰਦੀ ਚਾਹੇ ਉਹ ਹਥਿਆਰਬੰਦ ਬਲਾਂ ਦੀ ਹੋਵੇ ਜਾਂ ਪੁਲਿਸ ਸੇਵਾਵਾਂ ਦੀ, ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਰਾਸ਼ਟਰਵਾਦ ‘ਤੇ ਜ਼ੋਰ ਦੇਣ ਅਤੇ ਬਸਤੀਵਾਦ ਅਤੀਤ ਨੂੰ ਖਤਮ ਕਰਨ ਦੇ ਨਾਮ ਨੇ ਸਿਆਸੀ/ਪੱਖਪਾਤੀ ਯਤਨ ਪ੍ਰਚਲਿਤ ਹਨ। ਭਾਰਤੀ ਫੌਜ ਦੀਆਂ ਲਗਭਗ 14 ਵੱਖ-ਵੱਖ ਵਰਦੀਆਂ ਹਨ, ਜਿਵੇਂ ਜਨਰਲ ਡਿਊਟੀ ਵਰਦੀ, ਜਨਰਲ ਡਿਊਟੀ ਵਿੰਟਰ ਵਰਦੀ, ਜਨਰਲ ਡਿਊਟੀ ਅੰਗੋਲਾ ਵਿੰਟਰ ਵਰਦੀ, ਰਸਮੀ ਵਰਦੀ (ਯੂਨੀਫਾਰਮ), ਮੈਸ ਡਰੈਸ, ਲੜਾਕੂ ਫੌਜੀ ਵਰਦੀ, ਲੜਾਕੂ ਵਰਦੀ, ਲੇਹ-ਲੱਦਾਖ ਡੰਗਰੀਆਂ, ਸਰਦੀਆਂ ਦੀਆਂ ਡੰਗਰੀਆਂ, ਕਾਲਾ ਪਹਿਰਾਵਾ ਆਦਿ। ਹਰੇਕ ਦੇਸ਼ ਅਤੇ ਰਾਜ ਦੀ ਫੌਜੀ, ਹਥਿਆਰਬੰਦ ਪੁਲਿਸ ਬਲਾਂ ਅਤੇ ਪੁਲਿਸ ਦੀਆਂ ਵਰਦੀਆਂ ਦੀ ਬਣਤਰ ਅਤੇ ਰੰਗ ਵੱਖਰੇ-ਵੱਖਰੇ ਹੋ ਸਕਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਪੁਲਿਸ ਲਈ ‘ਇੱਕ ਰਾਸ਼ਟਰ, ਇੱਕ ਵਰਦੀ’ ਦਾ ਸੁਝਾਅ ਦਿੱਤਾ ਗਿਆ ਹੈ ਤਾਂ ਕਿ ਦੇਸ਼ ਭਰ ਵਿੱਚ ਵਰਦੀ ਦੀ ਪਛਾਣ ਇੱਕੋ ਜਿਹੀ ਬਣ ਸਕੇ। ਨੈਟਵਰਕ ਐਸੋਸੀਏਸ਼ਨ ਆਫ਼ ਯੂਨੀਫਾਰਮ ਮੈਨੂਫੈਕਚਰਜ ਐਂਡ ਡਿਸਟਰੀਬਿਊਟਰਜ਼ ਨਿਊ ਯਾਰਕ (ਯੂ.ਐਸ.ਏ.) ਵੱਲੋਂ ਸੁਝਾਅ ਦਿੱਤਾ ਗਿਆ ਕਿ ਦੇਸ਼ ਭਰ ਵਿੱਚ ਹਰੇਕ ਸਾਲ 18 ਸਤੰਬਰ ਨੂੰ ਰਾਸ਼ਟਰੀ ਵਰਦੀ ਦਿਵਸ ਮਨਾਇਆ ਜਾਵੇ ਤਾਂਕਿ ਵਰਦੀ ਤਿਆਰ ਕਰਨ ਵਾਲਿਆਂ ਅਤੇ ਵਰਦੀ ਪਹਿਨਣ ਵਾਲਿਆਂ ਦੀਆਂ ਜ਼ਿੰਮੇਵਾਰੀਆਂ ਅਤੇ ਸਨਮਾਨ ਨੂੰ ਉਭਾਰਿਆ ਜਾ ਸਕੇ। ਭਾਰਤ ਵਿੱਚ ਵੀ ‘ਇੱਕ ਰਾਸ਼ਟਰ, ਇੱਕ ਵਰਦੀ’ ਦੇ ਸੁਝਾਅ ਨੂੰ ਅਪਨਾਉਂਦੇ ਹੋਏ ਹਰੇਕ ਸਾਲ ‘ਰਾਸ਼ਟਰੀ ਵਰਦੀ ਦਿਵਸ’ ਮਨਾਇਆ ਜਾਵੇ। ਜ਼ਿਕਰਯੋਗ ਹੈ ਕਿ ਹਰੇਕ ਸਾਲ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਾਇਤਾ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਦੇਸ਼ ਭਰ ਵਿੱਚ 21 ਅਕਤੂਬਰ ਨੂੰ ਪੁਲਿਸ ਸ਼ਹਾਦਤ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ। ਜ਼ਰੂਰਤ ਹੈ ਕਿ ਸਾਰੇ ਵਰਦੀਧਾਰੀ ਕਿਸੇ ਵਿਸ਼ੇਸ਼ ਧਰਮ ਜਾਂ ਸਿਆਸੀ ਵਿਚਾਰਧਾਰਾ ਨੂੰ ਆਪਣੇ ਪੇਸ਼ੇਵਰ ਵਤੀਰੇ ਦਾ ਹਿੱਸਾ ਬਨਣ ਤੋਂ ਗੁਰੇਜ਼ ਕਰਨ।
ਭਾਰਤੀ ਫੌਜ ਦੁਨੀਆ ਦੀ ਤੀਸਰੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ, ਜਿਸ ਵਿੱਚ 21 ਲੱਖ ਥਲ ਸੈਨਾ, ਹਵਾਈ ਸੈਨਾ 3 ਲੱਖ ਅਤੇ ਜਲ ਸੈਨਾ ਡੇਢ ਲੱਖ ਸੈਨਿਕ ਹਨ। ਫੌਜ ਦੀ ਵਰਦੀ ਇੱਕ ਦੂਜੇ ਤੋਂ ਵੱਖਰੀ ਹੈ ਅਤੇ ਉਨ੍ਹਾਂ ਦੀ ਵਰਦੀ ਦੇ ਰੰਗ ਦੁਆਰਾ ਪਛਾਣ ਕੀਤੀ ਜਾ ਸਕਦੀ ਹੈ। ਮੁੱਖ ਤੌਰ `ਤੇ ਭਾਰਤੀ ਫੌਜ ਦੀ ਵਰਦੀ ਦਾ ਰੰਗ ਜੈਤੂਨ ਹਰਾ ਰੰਗ, ਜਲ ਸੈਨਾ ਦੀ ਵਰਦੀ ਦਾ ਚਿੱਟਾ ਰੰਗ ਅਤੇ ਹਵਾਈ ਸੈਨਾ ਦੀ ਵਰਦੀ ਦਾ ਰੰਗ ਨੀਲਾ ਹੁੰਦਾ ਹੈ। ਇਸੇ ਤਰ੍ਹਾਂ 10 ਲੱਖ ਜਵਾਨਾਂ ਵਾਲੇ ਕੇਂਦਰੀ ਹਥਿਆਰਬੰਦ ਪੁਲਿਸ ਬੱਲ ਰਾਇਫ਼ਲ, ਸ਼ਸ਼ਤਰ ਸੀਮਾ ਬਲ, ਇੰਡੋ-ਤਿਬਤਨ ਬਾਰਡਰ ਪੁਲਿਸ, ਕੇਂਦਰੀ ਫਰੰਟੀਅਰ ਫੋਰਸ, ਸਪੈਸ਼ਲ ਪ੍ਰੋਟੇਕਸ਼ਨ ਗਰੁੱਪ ਆਦਿ ਦੀਆਂ ਵਰਦੀਆਂ ਦਾ ਪੈਟਰਨ ਅਤੇ ਰੰਗ ਵੱਖਰੇ-ਵੱਖਰੇ ਹੋ ਸਕਦੇ ਹਨ। ਰਾਜਾਂ ਦੇ ਲਗਭਗ 20 ਲੱਖ ਹਥਿਆਰਬੰਦ ਪੁਲਿਸ ਬਲਾਂ ਦੀਆਂ ਵਰਦੀਆਂ ਦੇ ਰੰਗ ਅਤੇ ਪੈਟਰਨ ਵੱਖਰੇ-ਵੱਖਰੇ ਹੁੰਦੇ ਹਨ। ਵਰਦੀਆਂ ਦੀ ਬਣਤਰ ਸੁਰੱਖਿਆ ਬਲਾਂ ਅਤੇ ਵਰਦੀ ਪਹਿਨਣ ਵਾਲਿਆਂ ਦੇ ਵਿੱਤੀ ਸਰੋਤਾਂ ਜਰੂਰਤਾਂ ਤੇ ਜੀਵਨ ਸ਼ੈਲੀ ਤੋਂ ਵੀ ਪ੍ਰਭਾਵਤ ਹੁੰਦੇ ਹਨ। ਭਵਿੱਖ ਦੀਆਂ ਵਰਦੀਆਂ ਨੂੰ ਸਮਾਰਟ ਈ-ਟੈਕਸਾਟਾਈਲ ਦੇ ਏਕੀਕਰਨ ਦੁਆਰਾ ਉਚ ਤਕਨੀਕੀ ਕਾਰਜਸ਼ੀਲਤਾਵਾਂ ਲਈ ਤਿਆਰ ਕੀਤਾ ਜਾਵੇਗਾ। ਅਤੀਤ, ਵਰਤਮਾਨ ਅਤੇ ਭਵਿੱਖ ਦੀਆਂ ਸਮੱਗਰੀਆਂ ਅਤੇ ਤਕਨਾਲੋਜੀਆਂ ਦੀ ਵਰਤੋ ਪੁਲਿਸ, ਸੈਨਿਕ ਅਤੇ ਫੌਜੀ ਕਰਮਚਾਰੀਆਂ ਦੀ ਸੁਰੱਖਿਆ ਕਾਰਜਸ਼ੀਲਤਾ ਨਿੱਜੀ ਅਰਾਮ ਰੱਖ-ਰਖਾਵ ਅਤੇ ਟਿਕਾਉ ਆਦਿ ਅਨੁਸਾਰ ਕੀਤੀ ਜਾਵੇਗੀ। ਵਖਰੇਵਿਆਂ ਦੇ ਬਾਵਜੂਦ ਵਰਦੀ ਸਨਮਾਨ, ਧਰਮ ਨਿਰਪੱਖਤਾ ਅਤੇ ਅਨੁਸ਼ਾਸ਼ਿਤ ਜੀਵਨ ਸ਼ੈਲੀ ਨੂੰ ਉਭਾਰਦੀ ਹੈ। ਨਿਸ਼ਚੇ ਹੀ ਵਰਦੀ ਸ਼ਾਨ ਵੱਖਰੀ ਹੈ। ਸਮੂਹ ਮਾਣਮੱਤੇ ਵਰਦੀਧਾਰੀ ਜਵਾਨਾਂ ਨੂੰ ਨਵੇਂ ਸਾਲ 2025 ਦੀਆਂ ਸ਼ੁਭਕਾਮਨਾਵਾਂ।