ਜ਼ਹਿਰੀਲੇ ਪਾਣੀਆਂ ਖ਼ਿਲਾਫ਼ ਲੋਕ ਲਹਿਰ ਵਿੱਢਣ ਦੀ ਲੋੜ

ਵਿਚਾਰ-ਵਟਾਂਦਰਾ

ਵਿਜੈ ਬੰਬੇਲੀ
ਫੋਨ: +91-9463439075
ਪਾਣੀ ਵਿੱਚ ਅਣਇੱਛਤ ਅਤੇ ਨੁਕਸਾਨਦੇਹ ਪਦਾਰਥਾਂ ਦੀ ਮੌਜੂਦਗੀ ਨੂੰ ਜਲ ਪ੍ਰਦੂਸ਼ਣ ਆਖਿਆ ਜਾਂਦਾ ਹੈ। ਮੁੱਖ ਰੂਪ ਵਿੱਚ ਕਾਰਖਾਨਿਆਂ ਦੇ ਜ਼ਹਿਰੀਲੇ ਨਿਕਾਸ, ਪੈਟਰੋ-ਕੈਮੀਕਲਜ਼, ਕੀਟਨਾਸ਼ਕ/ਨਦੀਨਨਾਸ਼ਕ ਤੇ ਕੂੜਾ-ਕਚਰਾ ਦਾ ਵਰਨਣ ਕੀਤਾ ਜਾ ਸਕਦਾ ਹੈ। ਗੰਦਗੀ ਪਹਿਲਾਂ ਵੀ ਨਦੀਆਂ/ਝੀਲਾਂ ਵਿੱਚ ਰਲਦੀ ਸੀ, ਪਰ ਉਹ ਰਵਾਇਤੀ, ਥੋੜ੍ਹੀ ਮਾਤਰਾ ਵਿੱਚ ਅਤੇ ਘੱਟ ਜ਼ਹਿਰੀਲੀ ਹੁੰਦੀ ਸੀ। ਕੁਦਰਤੀ ਕਾਰਕ ਇਸ ਗੰਦਗੀ ਨੂੰ ਸਮੇਟਣ, ਗਾਲਣ ਅਤੇ ਮੁੜ ਚੱਕਰ ਵਿੱਚ ਲਿਆਉਣ ਦੇ ਸਮਰੱਥ ਹੁੰਦੇ ਸਨ। ਹੁਣ ਰਹਿੰਦ-ਖੂੰਹਦ ਵਿੱਚ ਸਿੰਥੈਟਿਕ ਪਦਾਰਥਾਂ ਦੀ ਭਰਮਾਰ ਹੈ। ਕੁਦਰਤੀ ਕਾਰਜ ਇਨ੍ਹਾਂ ਨਾ-ਮੁਰਾਦ ਵਸਤਾਂ ਨੂੰ ਕਾਬੂ ਰੱਖਣ ਦੀ ਯੋਗਤਾ ਨਹੀਂ ਰੱਖਦੇ। ਭਲਾ ਪਾਰੇ, ਧਾਤਾਂ, ਪਲਾਸਟਿਕ ਅਤੇ ਪੈਟਰੋ-ਕੈਮੀਕਲਜ਼ ਨੂੰ ਕੌਣ ਗਾਲੇਗਾ?

ਇਸ ਗੰਦਗੀ ਕਾਰਨ ਹੀ ਗੰਗਾ ਮਲੀਨ ਹੋ ਚੁੱਕੀ ਹੈ ਅਤੇ ਮੂਸੀ ਨਦੀ (ਹੈਦਰਾਬਾਦ) ਆਖਿਰੀ ਸਾਹ ਲੈ ਰਹੀ ਹੈ। ਜੰਮੂ-ਕਸ਼ਮੀਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਜੇ ਸ੍ਰੀਨਗਰ ਵਿੱਚੋਂ ਡੱਲ ਮਨਫ਼ੀ ਕਰ ਦਿੱਤੀ ਜਾਵੇ ਤਾਂ ਬਾਕੀ ਬਚਦਾ ਹੀ ਕੀ ਹੈ? ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਉੜੀਸਾ ਦੀ ਝਿਲਕਾ ਝੀਲ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ; ਹਾਲਾਂਕਿ ਉੱਥੇ ਮਹੱਤਵਪੂਰਨ ਜਲ ਸੈਨਾ ਅੱਡਾ ਹੈ। ਇਹੀ ਹਾਲ ਕੂਮ ਨਦੀ ਅਤੇ ਹੈਦਰਾਬਾਦ ਤੇ ਸਿੰਕਦਰਾਬਾਦ ਨੂੰ ਵੰਡਦੇ ਹੁਸੈਨ ਸਾਗਰ ਦਾ ਹੈ। ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਨਦੀ ਦੇ ਕੰਢੇ ਉੱਪਰ 98 ਸ਼ਹਿਰ ਤੇ ਕਸਬੇ ਹਨ। ਇਸ ਦੀ 2525 ਕਿਲੋਮੀਟਰ ਲੰਬਾਈ ਵਿੱਚ ਲਗਭਗ 29 ਅਰਬ ਘਣ ਮੀਟਰ ਗੰਦਾ ਪਾਣੀ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ, ਜਿਨ੍ਹਾਂ ਕੋਲ ਸੀਵਰ ਵਿਵਸਥਾ ਹੈ, ਬਾਕੀ ਸ਼ਹਿਰਾਂ ਦਾ ਮਲ-ਮੂਤਰ ਤੇ ਕਚਰਾ ਸਿੱਧਾ ਨਦੀ ਵਿੱਚ ਸੁੱਟਿਆ ਜਾ ਰਿਹਾ ਹੈ। ਜਮਨਾ ’ਚ ਹਰ ਰੋਜ਼ 200 ਮਿਲੀਅਨ ਲਿਟਰ ਅਣਸੋਧਿਆ ਸੀਵਰੇਜ ਰਲ ਜਾਂਦਾ ਹੈ। ਦਿੱਲੀ ਦੀ ਗੰਦਗੀ ਜਮਨਾ ਰਾਹੀਂ ਗੰਗਾ ਤੱਕ ਪੁੱਜਦੀ ਹੈ। ਸਭ ਤੋਂ ਵੱਧ ਗੰਦਗੀ ਕਾਨਪੁਰ, ਵਾਰਾਨਸੀ ਤੇ ਕੋਲਕਾਤਾ ਦੇ ਸ਼ਹਿਰ ਸੁੱਟ ਰਹੇ ਹਨ। ਕਾਨਪੁਰ ਦੇ ਚਮੜਾ ਉਦਯੋਗਾਂ ਦਾ ਸਾਰਾ ਰੋੜ੍ਹ ਇਸ ਵਿੱਚ ਹੀ ਡਿੱਗ ਰਿਹਾ ਹੈ।
ਸ਼ਹਿਰਾਂ ਅਤੇ ਸਨਅਤੀ ਖੇਤਰਾਂ ਦੇ ਬਿਨਾਂ ਸੋਧੇ ਜਲ ਨਿਕਾਸ ਨੇ ਸਤਲੁਜ ਨੂੰ ਵੀ ਬੇਹੱਦ ਮਲੀਨ ਅਤੇ ਜ਼ਹਿਰੀਲਾ ਕਰ ਦਿੱੱਤਾ ਹੈ। ਇਸ ਦੇ ਚੌਗਿਰਦੇ ਅਤੇ ਖਪਤ-ਖਿੱਤੇ ਦਾ ਸਮੁੱਚਾ ਜਲ-ਥਲੀ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਤਲੁਜ, ਭਾਖੜਾ ਡੈਮ ਅਤੇ ਪਾਕਿਸਤਾਨ ਦਰਮਿਆਨ 277 ਕਿਲੋਮੀਟਰ ਦੂਰੀ ਤੈਅ ਕਰਦਾ ਹੈ। ਵੱਖ-ਵੱਖ ਸ਼ਹਿਰਾਂ ਦਾ ਘਰੇਲੂ ਅਤੇ ਸਨਅਤੀ ਪਾਣੀ ਸਿੱਧਾ ਜਾਂ ਨਾਲਿਆਂ ਰਾਹੀਂ ਸਤਲੁਜ ਵਿੱਚ ਪੈਂਦਾ ਹੈ। ਬੁੱਢੇ ਨਾਲੇ ਸਮੇਤ ਇਸ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਵਿੱਚ ਪੂਰਬੀ ਅਤੇ ਪੱਛਮੀ ਵੇਈਂ ਵੀ ਸ਼ਾਮਲ ਹਨ। ਇੱਕ ਅਧਿਐਨ ਅਨੁਸਾਰ, “ਫੈਕਟਰੀਆਂ ਸਭ ਤੋਂ ਵੱਧ ਜਲ ਨੂੰ ਦੂਸ਼ਿਤ ਕਰਦੀਆਂ ਹਨ, ਜਿਹੜੀਆਂ ਬਿਨਾਂ ਸੋਧਿਆ ਜਲ ਨਿਕਾਸ ਕਰਦੀਆਂ ਹਨ। ਰੰਗਾਈ, ਨਿੱਕਲ, ਸ਼ਰਾਬ ਤੇ ਕਾਗਜ਼ ਮਿੱਲਾਂ ਅਤੇ ਉੱਨ ਤੇ ਜੀਨ ਕਲਚਰ 100 ਕਿਲੋ ਮਾਲ ਮਗਰ 400 ਤੋਂ 800 ਲਿਟਰ ਗੰਧਲਾ/ਜ਼ਹਿਰੀਲਾ ਪਾਣੀ ਛੱਡਦੀਆਂ ਹਨ। ਲੁਧਿਆਣਾ ਸ਼ਹਿਰ ਅਤੇ ਫ਼ੈਕਟਰੀਆਂ ਦਾ ਗੰਦਾ ਤੇ ਜ਼ਹਿਰੀਲਾ ਪਾਣੀ (ਜੋ ਬੁੱਢੇ ਨਾਲੇ ਵਿੱਚ ਪੈਂਦਾ ਹੈ) ਵਿੱਚ ਤੰਦਰੁਸਤ ਮੱਛੀਆਂ ਛੱਡ ਕੇ ਦੇਖੋ, ਤੁਰੰਤ ਮਰ ਜਾਣਗੀਆਂ। ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਕੂੜਾ-ਕਰਕਟ ਇਕੱਠਾ ਹੋਇਆ ਪਿਆ ਹੈ। ਮੌਸਮੀ ਜਲ ਵਹਿਣ ਵੀ ਸੁਰੱਖਿਅਤ ਨਹੀਂ ਰਹੇ, ਇਹ ਲਾਗਲੇ ਸ਼ਹਿਰਾਂ ਦਾ ਸੀਵਰੇਜ ਅਤੇ ਕਚਰੇ ਦੇ ਡੰਪ ਬਣ ਗਏ ਹਨ। ਹੁਣ ਸਾਗਰ ਵੀ ਸੁਰੱਖਿਅਤ ਨਹੀਂ ਰਹੇ।
ਪੱਛਮੀ ਦੇਸ਼ਾਂ ਵਿੱਚ ਹਰ ਸਾਲ ਔਸਤਨ 30 ਕਰੋੜ ਟਨ ਕਚਰਾ ਪੈਦਾ ਹੁੰਦਾ ਹੈ। ਬਹੁਤਾ ‘ਵਿਕਾਸਸ਼ੀਲ’ ਮੁਲਕਾਂ ਦੇ ਪੱਲੇ ਪਾ ਦਿੱਤਾ ਜਾਂਦਾ ਹੈ। ਹੁਣ ਕਚਰੇ ਦੀ ਸਮੱਸਿਆ ਸਥਾਨਕ ਲੱਛਣਾਂ ਵਾਲੀ ਨਹੀਂ ਰਹੀ। ਗੰਗਾ ’ਚ ਰਲਿਆ ਗੰਦਾ ਮਲਬਾ ਬੰਗਾਲ ਦੀ ਖਾੜੀ ਨੂੰ ਮਲੀਨ ਕਰ ਦਿੰਦਾ ਹੈ। ਇਸ ਤੋਂ ਬਾਅਦ ਹਿੰਦ ਮਹਾਸਾਗਰ ਅਤੇ ਮਗਰੋਂ ਮਹਾਸਾਗਰ ਭ੍ਰਿਸ਼ਟੇ ਜਾਂਦੇ ਹਨ। ਇਹੀ ਹਾਲ ਤਾ-ਮੁਲਕਾਂ ਅਤੇ ਸਾਗਰਾਂ ਦਾ ਹੈ। ਵਾਤਾਵਰਨੀ ਸੰਗਠਨ ‘ਆਰ.ਆਰ.ਸੀ.ਏ.’ ਅਨੁਸਾਰ, “ਸਮੁੰਦਰ ਵਿੱਚੋਂ ਭੋਜਨ ਲਈ ਫੜੀ ਇੱਕ ਟਨ ਮੱਛੀ ਦੇ ਬਦਲੇ ਉਸ ਵਿੱਚ ਤਿੰਨ ਟਨ ਰਹਿੰਦ-ਖੂੰਹਦ ਸੁੱਟ ਦਿੱਤਾ ਜਾਂਦਾ ਹੈ। ਕੂੜਾ ਕਰਕਟ ਵਿੱਚ 42 ਪ੍ਰਤੀਸ਼ਤ ਪਲਾਸਟਿਕ ਹੁੰਦਾ ਹੈ, ਜਿਹੜਾ ਗਲਣ ਲਈ ਚਾਰ ਸਦੀਆਂ ਲੈਂਦਾ ਹੈ।… ਇਸ ਸਮੱਸਿਆ ਲਈ ਸਮਾਜ ਦੇ ਕਿਸੇ ਇੱਕ ਵਰਗ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਭਾਈਚਾਰਕ ਸਮੱਸਿਆ ਹੈ ਅਤੇ ਪੂਰੇ ਭਾਈਚਾਰੇ ਵੱਲੋਂ ਮਿਲ ਕੇ ਹੀ ਹੱਲ ਕੀਤੀ ਜਾ ਸਕਦੀ ਹੈ।”
ਮਲ-ਮੂਤਰ ਤੋਂ ਇਲਾਵਾ ਹਰ ਭਾਰਤੀ ਪਰਿਵਾਰ ਰੋਜ਼ਾਨਾ ਔਸਤਨ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਦੇਸ਼ ਵਿੱਚ ਇਸ ਸਮੇਂ ਕਰੀਬ 20 ਕਰੋੜ ਟੱਬਰ ਹਨ; ਭਾਵ, ਅਸੀਂ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਪੈਦਾ ਕਰ ਰਹੇ ਹਾਂ; 40 ਅਰਬ ਟੋਕਰੇ ਸਾਲਾਨਾ। ਇਹ ਕਚਰਾ ਨਿਸ਼ਚਿਤ ਥਾਵਾਂ ਦੀ ਬਜਾਇ ਜਿੱਥੇ ਜੀ ਆਏ, ਖਲਾਰ ਦਿੱਤਾ ਜਾਂਦਾ ਹੈ। ਮਗਰੋਂ ਇਹ ਜਲ ਕੁੰਡਾਂ ਤੇ ਵਹਿਣਾਂ, ਫਿਰ ਸਾਗਰਾਂ ਦਾ ਹਿੱਸਾ ਬਣ ਜਾਂਦਾ ਹੈ। ਬੇਲਗਾਮ ਹਾਈਬ੍ਰਿਡ ਅਤੇ ਰਸਾਇਣਕ ਖੇਤੀ ਨੇ ਵੀ ਮਿੱਟੀ ਤੇ ਜਲ ਸੋਮਿਆਂ ਦੇ ਜੜ੍ਹੀਂ ਅੱਕ ਦਿੱਤਾ ਹੈ। ਜਦੋਂ ਜ਼ਹਿਰ ਜਲ ਤੱਗੀਆਂ, ਵਹਿਣਾਂ ਤੇ ਜਲ ਕੁੰਡਾਂ ਵਿੱਚ ਰਲਦੇ ਹਨ ਤਾਂ ਥਲ ਮੰਡਲ ਅਤੇ ਪ੍ਰਾਣੀ ਮੰਡਲ ਵੀ ਨਸ਼ਟ ਹੋਣ ਲਗਦਾ ਹੈ। ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਵਿੱਚ ਭਲਾ ਕੀ ਵਾਪਰਿਆ ਸੀ? ਮਾਲਾਧਾਰੂ ਪਿੰਡ ਕੋਲੋਂ ਛੋਟੀ ਜਿਹੀ ਚੱਪਾ ਡੀਬਾਗੂ ਨਦੀ ਲੰਘਦੀ ਹੈ। ਇਸ ਪਿੰਡ ਦੀ ਵੱਸੋਂ ਮਸੀਂ ਇੱਕ ਹਜ਼ਾਰ ਸੀ।
ਲੋਕਾਂ ਦੀ ਸਭ ਤੋਂ ਵੱਡੀ ਜਾਇਦਾਦ ਉਨ੍ਹਾਂ ਦੇ ਪਸ਼ੂ ਹੀ ਸਨ। 80ਵੇਂ ਦਹਾਕੇ ਵਿੱਚ ਇਸ ਪਿੰਡ ਦੇ ਲੋਕਾਂ ਉੱਪਰ ਆਫ਼ਤ ਆ ਡਿੱਗੀ। ਪਸ਼ੂਆਂ ਨੂੰ ਖੂਨੀ ਮਰੋੜ ਲੱਗ ਗਏ, ਦੇਖਦਿਆਂ-ਦੇਖਦਿਆਂ ਉਹ ਫੁੜਕਣ ਲੱਗੇ। ਪਸ਼ੂ ਮਾਹਿਰ ਪਿੰਡ ਵਿੱਚ ਪੁੱਜੇ, ਘੋਖਿਆ ਤੇ ਚਿਤਾਵਨੀ ਦਿੱਤੀ, “ਜਿਸ ਨਦੀ ਤੋਂ ਪਸ਼ੂ ਪਾਣੀ ਪੀ ਰਹੇ ਸਨ, ਉਹ ਨਦੀ ਵਿਹੁਲੀ ਹੋ ਚੁੱਕੀ ਸੀ। ਅੱਜ ਪਸ਼ੂ ਮਰ ਗਏ, ਕੱਲ੍ਹ ਨੂੰ ਮਨੁੱਖ ਦੀ ਵਾਰੀ ਹੈ।”
ਇੱਕ ਕਥਾ ਹੋਰ ਸੁਣ ਲਓ: ਪੱਛਮੀ ਮਹਾਰਾਸ਼ਟਰ ਵਿਕਾਸ ਨਿਗਮ, ਅਹਿਮਦ ਨਗਰ ਨੇੜੇ ਚੇਤਾਲੀ ਪਿੰਡ ਵਿੱਚ ਡਿਸਟਿਲਰੀ ਚਲਾਉਂਦਾ ਹੈ। ਇਸ ਨੇ ਚੇਤਾਲੀ ਨੂੰ ਤਬਾਹੀ ’ਤੇ ਲੈ ਆਂਦਾ। ਖੂਹਾਂ ਦਾ ਪਾਣੀ ਪੀਣ ਦੇ ਯੋਗ ਨਹੀਂ ਰਿਹਾ। ਰੁੱਖ ਸੁੱਕ ਗਏ, ਮੱਛੀਆਂ ਤੇ ਪੰਛੀ ਮਰ ਗਏ/ਰਹੇ ਹਨ ਅਤੇ ਭੂਮੀ ਖਾਰੀ ਤੇ ਅਣ-ਉਪਜਾਊ ਬਣ ਗਈ। ਸ਼ਰਾਬ ਨੇ ਪਰਿਵਾਰਾਂ ਦਾ ਚੈਨ ਨਿਗਲ ਲਿਆ। ਅਫਸੋਸ! ਕਿਸੇ ਦੇ ਵੀ ਭੂਪਾਲ ਤੇ ਮਾਲਾਪਾਡ ਤ੍ਰਾਸਦੀ ਅਤੇ ਹੁਣ ਚੇਤਾਲੀ ਦਾ ਦਰਦ ਚੇਤਿਆਂ ’ਚ ਨਹੀਂ। ਹਾਂ, ਜਦੋਂ ਇੱਕ ਚੀਨੀ ਅਤੇ ਦੂਜੇ ਸ਼ਰਾਬ ਦੇ ਕਾਰਖਾਨੇ ਨੇ ਗੋਮਤੀ ਨਦੀ ਦੇ ਪਾਣੀ ਨੂੰ ਵਰਤਣ ਵਾਲਾ ਨਹੀਂ ਸੀ ਰਹਿਣ ਦਿੱਤਾ ਤਾਂ ਉੱਤਰ ਪ੍ਰਦੇਸ਼ ਵਿੱਚ ਲੋਕਾਂ ਨੇ ਵਿਦਰੋਹ ਕਰ ਦਿੱਤਾ ਸੀ। ਛੱਤੀਸਗੜ੍ਹ ਵਿੱਚ ਸ਼ਰਾਬ ਕਾਰਖਾਨੇ ਨੇ ਜਦੋਂ ਖੂਹਾਂ ਤੇ ਖੇਤਾਂ ਨੂੰ ਜ਼ਹਿਰੀਲਾ ਬਣਾ ਦਿੱਤਾ ਤਾਂ ਲੋਕ ਭੜਕ ਪਏ। ਸਰਕਾਰ ਨੂੰ ‘ਤਰੱਦਦ’ ਕਰਨੇ ਪਏ, ਪਰ ਇਹ ਚੇਤਨਾ ਹੋਰ ਕਿੰਨੇ ਕੁ ਥਾਂ ਹੈ? ਫ਼ਰਜ਼ਾਂ ਅਤੇ ਨੈਤਿਕਤਾ ਤੋਂ ਮੂੰਹ ਮੋੜੀ ਬੈਠੇ ਹਾਕਮ ‘ਸ਼ਰਾਬ ਦੀ ਕਮਾਈ’ ਨਾਲ ਰਾਜ ਚਲਾਉਣਾ ਚਾਹੁੰਦੇ ਹਨ। ਸ਼ਰਾਬ ਦੇ ਕਾਰਖਾਨਿਆਂ ਵਿੱਚੋਂ ਨਿਕਲੀ ਤਰਲ ਗੰਦਗੀ ਵਿਹੁਲਾ ਬਦਬੂਦਾਰ ਪਦਾਰਥ ਹੈ। ਇਸ ਗੰਦਗੀ ਨੂੰ ਬਾਹਰ ਸੁੱਟਣ ਤੋਂ ਪਹਿਲਾਂ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ, ਪਰ ਕਿੰਨੇ ਕੁ ਕਾਰਖਾਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਰਹੇ ਹਨ?
ਇੱਕ ਸਾਧਾਰਨ ਡਿਸਟਲਿਰੀ ਜਿਹੜੀ ਪ੍ਰਤੀ ਦਿਨ 40,000 ਲਿਟਰ ਸ਼ਰਾਬ ਬਣਾਉਂਦੀ ਹੈ, ਇਸ ਵਿਹੁਲੇ ਲਾਹਣ ਦੀ 4 ਤੋਂ 6 ਲੱਖ ਲਿਟਰ ਮਾਤਰਾ ਪੈਦਾ ਕਰ ਦਿੰਦੀ ਹੈ। ਇਹੀ ਹਾਲ ਕਾਗਜ਼ ਮਿੱਲਾਂ ਦਾ ਹੈ। ਵਾਤਾਵਰਨੀ ਸੁਰੱਖਿਅਤਾ ਨਿਯਮ ਇਸ ਰੋੜ੍ਹ ਨੂੰ ਪਾਣੀ ਵਿੱਚ ਰੋੜ੍ਹਨ ਲਈ 30 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਜ਼ਮੀਨੀ ਰੋੜ੍ਹ ਲਈ 100 ਮਿਲੀ ਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੀ ਹੈ, ਪਰ ਸਾਡੇ ਕਾਰਖਾਨੇ ਇਹ ਮਾਤਰਾ 50,000 ਮਿਲੀਗ੍ਰਾਮ ਪ੍ਰਤੀ ਲਿਟਰ ਨਾਲ ਡੋਲ੍ਹ ਰਹੇ ਹਨ। ‘ਰਸਾਇਣੀ ਆਕਸੀਜਨ ਮੰਗ’ ਦੀ ਆਗਿਆ 250 ਮਿਲੀਗ੍ਰਾਮ ਪ੍ਰਤੀ ਲਿਟਰ ਹੈ। ਪਤਾ ਇਨ੍ਹਾਂ ਦੀ ਰੋੜ੍ਹ ਦਰ ਕੀ ਹੈ? 85,000 ਮਿਲੀਗ੍ਰਾਮ ਪ੍ਰਤੀ ਲਿਟਰ। …ਤੇ ਕਾਰਖਾਨੇ ਫਿਰ ਵੀ ਚੱਲ ਰਹੇ ਹਨ। ਸ਼ਹਿਰੀ ਨਿਕਾਸ ਅਤੇ ਕਾਗਜ਼ ਤੇ ਸ਼ਰਾਬ ਮਿੱਲਾਂ ਕਾਰਨ ਜਲ ਵਹਿਣਾਂ ਤੇ ਸੋਮਿਆਂ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ ਦੀ ਵਧਦੀ ਮਾਤਰਾ ਨਾਲ ਬਿਆਸ ਦਰਿਆ ਅਤੇ ਜੁੜਵੇਂ ਖੇਤਰਾਂ ਦਾ ਜਲ ਵੀ ਦੂਸ਼ਿਤ ਹੋ ਰਿਹਾ ਹੈ। ਇਹੋ ਹਾਲ ਆਉਂਦੇ ਕੁਝ ਵਰਿ੍ਹਆਂ ਤੱਕ ਭਾਰਤ ਦੀਆਂ ਸਾਰੀਆਂ ਨਦੀਆਂ ਦਾ ਹੋ ਜਾਵੇਗਾ।
ਜਾਪਾਨ ਦੀ ਮਿਨਾਮਾਤਾ ਖਾੜੀ ਨੇੜੇ ਮਛੇਰਿਆਂ ਦੀ ਨਿੱਕੀ ਜਿਹੀ ਬਸਤੀ ਸੀ। ਮਛੇਰਿਆਂ ਨੇ ਰੋਜ਼ ਵਾਂਗ ਇਸ ਖਾੜੀ ਵਿੱਚੋਂ ਮੱਛੀਆਂ ਫੜੀਆਂ ਤੇ ਮੰਡੀ ਵਿੱਚ ਵੇਚ ਦਿੱਤੀਆਂ। ਮੱਛੀ ਖਾਂਦੇ ਸਾਰ ਸੈਂਕੜੇ ਜਾਪਾਨੀ ਮਰਨ ਕਿਨਾਰੇ ਹੋ ਗਏ। ਜਦੋਂ ਬਾਕੀ ਮੱਛੀਆਂ ਦੇ ਢਿੱਡ ਪਾੜੇ ਗਏ ਤਾਂ ਲੋਕ ਭੈ-ਭੀਤ ਹੋ ਗਏ। ਮੱਛੀਆਂ ਵਿੱਚ ਉਹ ਜ਼ਹਿਰੀਲਾ ਪਾਰਾ ਸੀ, ਜਿਹੜਾ ਮਿਨਾਮਾਤਾ ਕੰਢੇ ਲੱਗੇ ਕਾਰਖਾਨਿਆਂ ਨੇ ਸਾਗਰ ਵਿੱਚ ਗੰਦਗੀ ਵਜੋਂ ਡੋਲਿ੍ਹਆ ਸੀ। ਚੌਗਿਰਦਾ ਮਾਹਿਰ ਡਾ. ਡੇਵਿਡ ਸੁਜ਼ੂਕੀ ਦਿਲਚਸਪ ਵਰਨਣ ਕਰਦੇ ਹਨ, “40ਵਿਆਂ ਵਿੱਚ ਜਦੋਂ ਅਜੇ ਉਹ ਜਵਾਨੀ ਵਿੱਚ ਪੈਰ ਧਰ ਰਹੇ ਸਨ ਤਾਂ ‘ਨਤੇਰੀ’ ਦੀ ਝੀਲ ’ਤੇ ਕੱਪ ਲੈ ਕੇ ਚਲੇ ਜਾਂਦੇ ਤੇ ਸਵੱਛ ਪਾਣੀ ਪੀ ਲਿਆ ਕਰਦੇ ਸਨ। ਇਹ ਝੀਲ ਆਸਟਰੇਲੀਆ ਵਿੱਚ ਹੈ। ਮੈਂ ਅਤੇ ਮੇਰੇ ਹਾਣੀ ਹੁਣ ਚੌਗਿਰਦਾ ਬਿਲਕੁਲ ਹੀ ਬਦਲਿਆ ਹੋਇਆ ਦੇਖਦੇ ਹਾਂ। ਹੁਣ ਇਸ ਝੀਲ ਕੰਢੇ ਚਿਤਾਵਨੀ ਬੋਰਡ ਲਾਏ ਹੋਏ ਹਨ।” ਸੁਜ਼ੂਕੀ ਨੇ ਚਿਤਾਵਨੀ ਦਿੱਤੀ ਹੈ, “ਪਹਿਲਾਂ ਇਹ ਆਖ ਕੇ ਖਹਿੜਾ ਛੁਡਾ ਲਿਆ ਜਾਂਦਾ ਸੀ ਕਿ ਤਰੱਕੀ ਵਾਸਤੇ ਇੰਨੀ ਕੁ ਕੀਮਤ ਤਾਂ ਤਾਰਨੀ ਹੀ ਪਵੇਗੀ, ਪਰ ਹੁਣ ਇਹ ਆਖਿਆ ਨਹੀਂ ਸਰਨਾ; ਜਲ ਪ੍ਰਦੂਸ਼ਣ ਰੋਕਣ ਲਈ ਲੋਕ ਲਹਿਰ ਵਿੱਢਣੀ ਪਵੇਗੀ, ਨਹੀਂ ਤਾਂ ਮਾਰੇ ਜਾਓਗੇ।”

Leave a Reply

Your email address will not be published. Required fields are marked *