ਲੱਖਾਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਰੂਬਰੂ ਹੁੰਦਿਆਂ ਹੋਇਆਂ ਵੀ ਪੰਜਾਬੀ ‘ਚੜ੍ਹਦੀ ਕਲਾ’ ਵਿੱਚ ਹੀ ਰਹਿੰਦੇ ਹਨ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਮੱਲਾਂ ਮਾਰ ਕੇ ਆਪਣੀ ਪੰਜਾਬੀਅਤ ਦਾ ਲੋਹਾ ਸੰਸਾਰ ਭਰ ਤੋਂ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਆਸਟਰੀਆ ਆ ਕੇ ਵੱਸਣ ਵਾਲੇ ਪੰਜਾਬੀਆਂ ਨੂੰ ਵੱਡੀ ਦਿੱਕਤ ਇਹ ਆਈ ਸੀ ਕਿ ਉਨ੍ਹਾਂ ਨੂੰ ਪਗੜੀ ਬੰਨ੍ਹਣ ਅਤੇ ਆਪਣੇ ਨਾਵਾਂ ਨਾਲ ਲਫ਼ਜ਼ ‘ਸਿੰਘ’ ਅਤੇ ‘ਕੌਰ’ ਲਗਾਏ ਜਾਣ ਦੀ ਮਨਾਹੀ ਸੀ। ਪੰਜਾਬੀਆਂ ਵੱਲੋਂ ਕੀਤੇ ਸੰਘਰਸ਼ ਸਦਕਾ ਹੀ ਸੰਨ 2020 ਵਿੱਚ ਆਸਟਰੀਆ ਦੀ ਸਰਕਾਰ ਤੇ ਪ੍ਰਸ਼ਾਸਨ ‘ਸਿੱਖ ਧਰਮ’ ਨੂੰ ਆਸਟਰੀਆ ਵਿੱਚ ‘ਪ੍ਰਵਾਨਿਤ ਧਰਮ’ ਦਾ ਦਰਜਾ ਦੇਣ ਲਈ ਰਾਜ਼ੀ ਹੋਏ ਸਨ ਤੇ ਪੰਜਾਬੀਆਂ ਨੂੰ ਆਪਣੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਸ਼ਬਦ ਲਗਾਉਣ ਦੀ ਆਗਿਆ ਵੀ ਦੇ ਦਿੱਤੀ ਗਈ ਸੀ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਦੁਨੀਆਂ ਦੇ ਕੋਨੇ ਕੋਨੇ ਨੂੰ ਭਾਗ ਲਾਉਣ ਵਾਲੇ ਪੰਜਾਬੀਆਂ ਨੇ ਵੱਖ-ਵੱਖ ਮੁਲਕਾਂ ਵਿੱਚ ਜਾ ਕੇ ਉਨ੍ਹਾਂ ਮੁਲਕਾਂ ਦੀ ਤਕਦੀਰ ਤੇ ਤਸਵੀਰ ਬਦਲਣ ਵਿੱਚ ਵੱਡਾ ਯੋਗਦਾਨ ਪਾਇਆ ਹੈ, ਪਰ ਇਹ ਸਭ ਕੁਝ ਕਰਨ ਲਈ ਪੰਜਾਬੀਆਂ ਨੂੰ ਆਪਣੀ ਵੱਖਰੀ ਪਛਾਣ ਕਰਕੇ ਕਈ ਮੁਲਕਾਂ ਵਿੱਚ ਕਈ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਅਜਿਹਾ ਹੀ ਇੱਕ ਮੁਲਕ ਹੈ, ‘ਆਸਟਰੀਆ’ ਜਿੱਥੇ ਪੰਜਾਬੀ ਗਏ ਵੀ, ਰਹਿ ਵੀ ਰਹੇ ਹਨ ਪਰ ਬੀਤੇ ਸਮੇਂ ਵਿੱਚ ਉਨ੍ਹਾਂ ਵੱਲੋਂ ਹੰਢਾਇਆ ਜਾਣ ਵਾਲਾ ਪਰਵਾਸ ਕੋਈ ਸੌਖਾ ਨਹੀਂ ਸੀ।
ਆਸਟਰੀਆ ਅਸਲ ਵਿੱਚ ਕੇਂਦਰੀ ਯੂਰਪ ਵਿੱਚ ਸਥਿਤ ਇੱਕ ਅਜਿਹਾ ਮੁਲਕ ਹੈ, ਜਿਸਦੇ ਚਾਰੇ ਪਾਸੇ ਦੂਜੇ ਵਿਦੇਸ਼ੀ ਮੁਲਕਾਂ ਦੇ ਉਲਟ ਕੋਈ ਦਰਿਆ, ਮਾਰੂਥਲ ਜਾਂ ਵੱਡਾ ਪਹਾੜ ਸਥਿਤ ਹੋਣ ਦੀ ਥਾਂ ਹਰ ਪਾਸੇ ਥਲੀ ਇਲਾਕਾ ਹੈ। ਇਹ ਨੌਂ ਰਾਜਾਂ ਦਾ ਇੱਕ ਖ਼ੂਬਸੂਰਤ ਸਮੂਹ ਹੈ, ਜਿਸਦਾ ਸਭ ਤੋਂ ਵੱਡਾ ਸ਼ਹਿਰ ਵਿਆਨਾ ਹੈ ਤੇ ਇਹੋ ਸ਼ਹਿਰ ਹੀ ਆਸਟਰੀਆ ਦੀ ਰਾਜਧਾਨੀ ਵੀ ਹੈ। ਇਸ ਮੁਲਕ ਦੇ ਪੂਰਬ ਵਿੱਚ ਹੰਗਰੀ, ਦੱਖਣ ਵਿੱਚ ਇਟਲੀ, ਪੱਛਮ ਵਿੱਚ ਸਵਿਟਜ਼ਰਲੈਂਡ, ਉੱਤਰ ਵਿੱਚ ਚੈੱਕ ਗਣਰਾਜ ਅਤੇ ਉੱਤਰ-ਪੱਛਮ ਵਿੱਚ ਜਰਮਨੀ ਜਿਹੇ ਦੁਨੀਆਂ ਦੇ ਮਹੱਤਵਪੂਰਨ ਦੇਸ਼ ਬਿਰਾਜਮਾਨ ਹਨ। ਆਸਟਰੀਆ ਦਾ ਕੁੱਲ ਖੇਤਰਫ਼ਲ 83,379 ਵਰਗ ਕਿਲੋਮੀਟਰ ਹੈ ਤੇ ਆਬਾਦੀ 90 ਲੱਖ ਦੇ ਕਰੀਬ ਹੈ, ਜਿਨ੍ਹਾਂ ਵਿੱਚ 2 ਲੱਖ 25 ਹਜ਼ਾਰ ਜਰਮਨ ਮੂਲ; 1,47,500 ਰੋਮਾਨੀਅਨ ਮੂਲ; 1,19,700 ਤੁਰਕੀ ਮੂਲ ਅਤੇ 1,21,900 ਸਰਬੀਅਨ ਮੂਲ ਦੇ ਹਨ। ਇੱਥੇ ਪ੍ਰਾਚੀਨ ਕਾਲ ਵਿੱਚ ਲੰਮਾ ਸਮਾਂ ਰੋਮਨ ਸਾਮਰਾਜ ਦਾ ਕਬਜ਼ਾ ਰਿਹਾ ਸੀ। ਜੇਕਰ ਸੰਨ 1914 ਵਿੱਚ ਹੋਏ ਪਹਿਲੇ ਵਿਸ਼ਵ ਯੁੱਧ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇਹ ਦੱਸਣਾ ਬਣਦਾ ਹੈ ਕਿ 28 ਜੂਨ 1914 ਨੂੰ ਆਸਟਰੀਆ ਦੇ ਡਿਊਕ ਫ਼ਰਾਂਜ਼ ਫ਼ਰਡੀਨਾਂਡ ਦੇ ਕਤਲ ਤੋਂ ਬਾਅਦ ਬਾਦਸ਼ਾਹ ਫ਼ਰਾਂਜ਼ ਜੋਸਫ਼ ਨੇ ਸਰਬੀਆ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਸੀ ਤੇ ਉਹੀ ਜੰਗ ਬਾਅਦ ਵਿੱਚ ਖ਼ਤਰਨਾਕ ਰੂਪ ਧਾਰਨ ਕਰਦੀ ਹੋਈ ਵਿਸ਼ਵ ਜੰਗ ਵਿੱਚ ਤਬਦੀਲ ਹੋ ਗਈ ਸੀ।
ਭਾਰਤ ਨਾਲ ਆਸਟਰੀਆ ਦੇ ਸਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦੱਸਣਾ ਬਣਦਾ ਹੈ ਕਿ ਇਹ ਸਬੰਧ ਕਾਫੀ ਸੁਖਾਵੇਂ ਹਨ ਤੇ ਇਹ ਸਬੰਧ ਮਈ 1949 ਦੌਰਾਨ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਮਜ਼ਬੂਤ ਹੋਣੇ ਸ਼ੁਰੂ ਹੋਏ ਸਨ। ਪੰਡਿਤ ਨਹਿਰੂ ਸੰਨ 1955 ਵਿੱਚ ਅਤੇ ਇੰਦਰਾ ਗਾਂਧੀ ਸੰਨ 1971 ਵਿੱਚ ਆਸਟਰੀਆ ਦੇ ਦੌਰੇ ’ਤੇ ਗਏ ਸਨ। ਸੰਨ 2011 ਵਿੱਚ ਉਸ ਵੇਲੇ ਦੀ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਵੀ ਆਸਟਰੀਆ ਵਿਖੇ ਸ਼ਿਰਕਤ ਕੀਤੀ ਸੀ, ਜਦੋਂ ਕਿ ਆਸਟਰੀਆ ਦੀ ਸਰਕਾਰ ਦੇ ਵੱਖ-ਵੱਖ ਮੁਖੀ ਸੰਨ 1984, 1999 ਅਤੇ 2005 ਵਿੱਚ ਭਾਰਤ ਦੇ ਦੌਰੇ ’ਤੇ ਆਏ ਸਨ। ਆਸਟਰੀਆ ਨਾਲ ਭਾਰਤ ਦੇ ਸਬੰਧਾਂ ਦੇ ਸੁਖਾਵੇਂ 70 ਸਾਲ ਪੂਰੇ ਹੋਣ ’ਤੇ ਮਨਾਏ ਗਏ ਜਸ਼ਨ ਵਿੱਚ ਸ਼ਿਰਕਤ ਕਰਨ ਲਈ ਆਸਟਰੀਆ ਦੇ ਮੰਤਰੀ ਕੈਰਿਨ ਸੰਨ 2019 ਵਿੱਚ ਵਿਸ਼ੇਸ਼ ਤੌਰ ’ਤੇ ਭਾਰਤ ਪੁੱਜੇ ਸਨ। ਬੜੀ ਹੀ ਦਿਲਚਸਪ ਗੱਲ ਹੈ ਕਿ 25 ਫ਼ਰਵਰੀ 2013 ਨੂੰ ਭਾਰਤ ਨੇ ਆਸਟਰੀਆ ਦੁਆਰਾ ਪਹਿਲੀ ਵਾਰ ਬਣਾਏ ਗਏ ਦੋ ਉਪਗ੍ਰਹਿ ਭਾਰਤ ਤੇ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀ ਹਰੀਕੋਟਾ ਤੋਂ ਲਾਂਚ ਕੀਤੇ ਸਨ। ਸਾਲ 2019 ਦੀ ਜਨਗਣਨਾ ਅਨੁਸਾਰ ਆਸਟਰੀਆ ਵਿੱਚ ਵੱਸਣ ਵਾਲੇ ਭਾਰਤੀਆਂ ਦੀ ਕੁੱਲ ਸੰਖਿਆ 31,000 ਦੇ ਕਰੀਬ ਸੀ।
ਆਸਟਰੀਆ ਵਿੱਚ ਵੱਸਣ ਵਾਲੇ ਪੰਜਾਬੀਆਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਾਲ 2012 ਦੀ ਜਨਗਣਨਾ ਅਨੁਸਾਰ ਇਸ ਮੁਲਕ ਵਿੱਚ ਨਿਵਾਸ ਕਰਨ ਵਾਲੇ ਪੰਜਾਬੀਆਂ ਦੀ ਸੰਖਿਆ 10 ਹਜ਼ਾਰ ਸੀ ਤੇ ਇੱਥੇ ਮੌਜੂਦ ਗੁਰਦੁਆਰਾ ਸਾਹਿਬਾਨ ਦੀ ਸੰਖਿਆ ਕੇਵਲ ਤਿੰਨ ਸੀ, ਪਰ ਸਾਲ 2020 ਦੀ ਜਨਗਣਨਾ ਮੁਤਾਬਿਕ ਇੱਥੇ ਵੱਸਦੇ ਪੰਜਾਬੀਆਂ ਦੀ ਗਿਣਤੀ 9 ਹਜ਼ਾਰ ਅਤੇ ਗੁਰਦੁਆਰਾ ਸਾਹਿਬਾਨ ਦੀ ਸੰਖਿਆ ਸੱਤ ਹੋ ਗਈ ਸੀ। ਇੱਥੇ ਆ ਕੇ ਵੱਸਣ ਵਾਲੇ ਪੰਜਾਬੀਆਂ ਨੂੰ ਵੱਡੀ ਦਿੱਕਤ ਇਹ ਆਈ ਸੀ ਕਿ ਉਨ੍ਹਾਂ ਨੂੰ ਪਗੜੀ ਧਾਰਨ ਕਰਨ ਅਤੇ ਆਪਣੇ ਨਾਵਾਂ ਨਾਲ ਆਪਣੀ ਵੱਖਰੀ ਪਛਾਣ ਦਰਸਾਉਣ ਵਾਲੇ ਪਵਿੱਤਰ ਲਫ਼ਜ਼ ‘ਸਿੰਘ’ ਅਤੇ ‘ਕੌਰ’ ਲਗਾਏ ਜਾਣ ਦੀ ਮਨਾਹੀ ਸੀ। ਪੰਜਾਬੀਆਂ ਲਈ ਇਹ ਨਿਯਮ ਬਰਦਾਸ਼ਤਯੋਗ ਨਹੀਂ ਸੀ। ਪੰਜਾਬੀਆਂ ਨੇ ਲਗਾਤਾਰ ਸੰਘਰਸ਼ ਜਾਰੀ ਰੱਖਿਆ ਸੀ। ਉਸ ਸੰਘਰਸ਼ ਸਦਕਾ ਹੀ ਸੰਨ 2020 ਵਿੱਚ ਆਸਟਰੀਆ ਦੀ ਸਰਕਾਰ ਤੇ ਪ੍ਰਸ਼ਾਸਨ ‘ਸਿੱਖ ਧਰਮ’ ਨੂੰ ਆਸਟਰੀਆ ਵਿੱਚ ‘ਪ੍ਰਵਾਨਿਤ ਧਰਮ’ ਦਾ ਦਰਜਾ ਦੇਣ ਲਈ ਰਾਜ਼ੀ ਹੋਏ ਸਨ ਤੇ ਪੰਜਾਬੀਆਂ ਨੂੰ ਆਪਣੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਸ਼ਬਦ ਲਗਾਉਣ ਦੀ ਆਗਿਆ ਵੀ ਦੇ ਦਿੱਤੀ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਸਾਬਕਾ ਮੁਖੀ ਜਗੀਰ ਕੌਰ ਨੇ ਪੰਜਾਬੀਆਂ ਦੇ ਸੰਘਰਸ਼ ਅਤੇ ਯੂਰਪੀ ਮੁਲਕਾਂ ਵਿੱਚ ਸਿੱਖਾਂ ਦੀ ਪਛਾਣ ਕਾਇਮ ਰੱਖਣ ਵਿੱਚ ਪੰਜਾਬੀਆਂ ਦੀ ਇਸ ਵੱਡੀ ਜਿੱਤ ’ਤੇ ਦਿਲੀ ਮੁਬਾਰਕਬਾਦ ਦਿੱਤੀ ਸੀ।
ਬੜੇ ਹੀ ਦੁੱਖ ਦੀ ਗੱਲ ਇਹ ਵੀ ਰਹੀ ਸੀ ਕਿ ਸੰਨ 2009 ਵਿੱਚ ਰਾਜਧਾਨੀ ਵਿਆਨਾ ਵਿਖੇ ਸਥਿਤ ਇੱਕ ਗੁਰਦੁਆਰਾ ਸਾਹਿਬ ਅੰਦਰ ਪੰਜਾਬੀਆਂ ਦੇ ਦੋ ਧੜਿਆਂ ਦਰਮਿਆਨ ਆਪਸੀ ਰੰਜਿਸ਼ ਕਰਕੇ ਗੋਲੀਕਾਂਡ ਵਾਪਰ ਗਿਆ ਸੀ। ਪੰਜਾਬ ਤੋਂ ਆਏ ਇੱਕ ਧਾਰਮਿਕ ਡੇਰੇ ਦੇ ਮੁਖੀ ਦੇ ਸੁਆਗਤ ਵਿੱਚ ਇੱਥੇ ਤਿੰਨ ਸੌ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਉੱਤੇ ਵਿਰੋਧੀ ਸੁਰ ਵਾਲੇ ਹਮਲਾਵਰਾਂ ਨੇ ਚਾਕੂਆਂ ਅਤੇ ਪਿਸਤੌਲਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਨੇ ਭਾਰਤੀ ਪੰਜਾਬ ਵਿੱਚ ਦੰਗਾ-ਫ਼ਸਾਦ ਕਰਵਾ ਦਿੱਤਾ ਸੀ ਤੇ ਰੇਲਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਉਕਤ ਗੋਲੀਕਾਂਡ ਵਿੱਚ 57 ਸਾਲਾ ਸੰਤ ਰਾਮਾਨੰਦ ਦੀ ਜਾਨ ਚਲੀ ਗਈ ਸੀ। ਆਸਟਰੀਆ ਦੇ ਸਮੁੱਚੇ ਮੀਡੀਆ ਵਿੱਚ ਇਸ ਗੋਲੀਬਾਰੀ ਅਤੇ ਭੰਨ ਤੋੜ੍ਹ ਦੀ ਖ਼ਬਰ ਬੜੀ ਹੀ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤੀ ਗਈ ਸੀ, ਜਿਸ ਕਰਕੇ ਇਥੇ ਵੱਸਦੇ ਪੰਜਾਬੀਆਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਸਤੰਬਰ 2024 ਵਿੱਚ ਇੱਥੇ ਵੱਸਦੇ ਭਾਰਤੀ ਮੂਲ ਦੇ 51 ਸਾਲਾ ਗੁਰਦਿਆਲ ਸਿੰਘ ਬਾਜਵਾ ਨੂੰ ‘ਸੈਂਟਰਲ ਨੈਸ਼ਨਲ ਕੌਂਸਲ’ ਚੋਣਾਂ ਵਿੱਚ ‘ਸੋਸ਼ਲ ਡੈਮੋਕ੍ਰੈਟਿਕ ਪਾਰਟੀ’ ਦੇ ਪ੍ਰਤੀਨਿਧੀ ਵਜੋਂ ਚੋਣ ਲੜਨ ਵਾਲੇ ਸਭ ਤੋਂ ਪਹਿਲੇ ਪੰਜਾਬੀ ਹੋਣ ਦਾ ਸ਼ਰਫ਼ ਹਾਸਿਲ ਹੋਇਆ ਸੀ। ਪੰਜਾਬ ਦੇ ਹਲਕਾ ਭੁਲੱਥ ਵਿੱਚ ਪੈਂਦੇ ਪਿੰਡ ਮੁੱਦੋਵਾਲ ਦੇ ਵਸਨੀਕ ਗੁਰਦਿਆਲ ਸਿੰਘ ਕੇਵਲ ਸੱਤ ਸਾਲ ਦੀ ਉਮਰ ਵਿੱਚ ਆਸਟਰੀਆ ਆ ਗਏ ਸਨ ਤੇ ਸਾਲ 2020 ਤੋਂ ਬਤੌਰ ‘ਸਿਟੀ ਕੌਂਸਲਰ’ ਸੇਵਾ ਨਿਭਾਅ ਰਹੇ ਹਨ। ਇੱਥੇ ਹੀ ਬਸ ਨਹੀਂ, ਇਨ੍ਹਾਂ ਨੇ ਵਿਆਨਾ ਦੇ ਚੈਂਬਰ ਆਫ਼ ਕਾਮਰਸ ਦੇ ਟਰਾਂਸਪੋਰਟ ਅਤੇ ਟ੍ਰੈਫ਼ਿਕ ਵਿਭਾਗ ਦੇ ਡਿਪਟੀ ਚੇਅਰਮੈਨ ਦੇ ਵੱਕਾਰੀ ਅਹੁਦੇ ’ਤੇ ਕੰਮ ਕਰਕੇ ਆਸਟਰੀਆ ਵਿੱਚ ਪੰਜਾਬੀਆਂ ਦੇ ਮਾਣ ਵਿੱਚ ਮਣਾਂਮੂੰਹੀਂ ਵਾਧਾ ਕੀਤਾ, ਪਰ ਜਿਵੇਂ ਕਿ ਵਿਦੇਸ਼ਾਂ ਵਿੱਚ ਵੱਸਣ ਵਾਲੇ ਪੰਜਾਬੀਆਂ ਨਾਲ ਹੁੰਦਾ ਹੈ, ਇਸ ਵੱਡੀ ਸਿੱਖ ਸ਼ਖ਼ਸੀਅਤ ਨੂੰ ਵੀ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਉਂਦਿਆਂ ਹੋਇਆਂ ਉਸਦੇ ‘ਪਗੜੀਧਾਰੀ’ ਹੋਣ ’ਤੇ ਕਈ ਇਤਰਾਜ਼ਯੋਗ ਤੰਜ਼ ਕੱਸੇ ਸਨ।