*ਕਾਂਗਰਸ ਦੂਜੇ, ਭਾਜਪਾ ਤੀਜੇ ਅਤੇ ਅਕਾਲੀ ਚੌਥੇ ਸਥਾਨ ’ਤੇ ਖਿਸਕੇ
*‘ਆਪ’ 522, ਕਾਂਗਰਸ 191, ਭਾਜਪਾ 69 ਅਤੇ ਅਕਾਲੀ 31 ਵਾਰਡਾਂ ’ਚ ਜਿੱਤੇ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ (ਆਪ) ਆਪਣੀ ਭਰਵੀਂ ਜਿੱਤ ਦਾ ਦਾਅਵਾ ਕਰ ਰਹੀ ਹੈ, ਪਰ ਨਿਰਪੱਖ ਵਿਸ਼ਲੇਸ਼ਕਾਂ ਦੀ ਨਜ਼ਰ ਵਿੱਚ, ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ਨੇ ‘ਆਪ’ ਨੂੰ ਤਕੜਾ ਝਟਕਾ ਦਿੱਤਾ ਹੈ, ਜਦਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਦੀ ਇੱਜ਼ਤ ਬਚਾਅ ਲਈ ਹੈ। ਪੰਜ ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮਾਂ ਵਿੱਚੋਂ ਪਟਿਆਲਾ ਵਿੱਚ ਤਾਂ ਆਮ ਆਦਮੀ ਪਾਰਟੀ ਸੌਖ ਨਾਲ ਹੀ ਬਹੁਮਤ ਹਾਸਲ ਕਰ ਗਈ ਹੈ, ਪਰ ਬਾਕੀ ਚਾਰਾਂ ਵਿੱਚ ਕੋਈ ਵੀ ਪਾਰਟੀ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਰਹੀ। ਫਿਰ ਵੀ ਜਲੰਧਰ ਵਿੱਚ ‘ਆਪ’ ਨੇ ਦੂਜੀਆਂ ਪਾਰਟੀਆਂ ਵਿੱਚ ਭੰਨ-ਤੋੜ ਕਰਕੇ ਆਪਣੀ ਬਹੁਮਤ ਬਣਾ ਲਈ ਹੈ। ਇਹ ਯਤਨ ਦੂਜੇ ਸ਼ਹਿਰਾਂ ਵਿੱਚ ਵੀ ਜਾਰੀ ਹਨ।
ਇਸ ਦੇ ਉਲਟ 42 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚੋਂ ਆਮ ਆਦਮੀ ਪਾਰਟੀ 29 ਵਿੱਚ ਅਤੇ ਕਾਂਗਰਸ ਨੇ 2 ਵਿੱਚ ਬਹੁਮਤ ਹਾਸਲ ਕਰ ਲਈ ਹੈ। ਇਸ ਤੋਂ ਇਲਾਵਾ 10 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਕਿਸੇ ਪਾਰਟੀ ਨੂੰ ਵੀ ਬਹੁਮਤ ਹਾਸਲ ਨਹੀਂ ਹੋਇਆ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਚਾਰ ਨਗਰ ਨਿਗਮਾਂ ਵਿੱਚ ਮੇਅਰ ਅਤੇ ਨਗਰ ਕੌਂਸਲਾਂ ਤੇ ਪੰਚਾਇਤਾਂ ਵਿੱਚ ਸੱਤਾ ਹਾਸਲ ਕਰਨ ਲਈ ਸਾਜ਼-ਬਾਜ਼ ਸ਼ੁਰੂ ਹੋ ਗਏ ਹਨ। ਇੱਥੇ ਜ਼ਿਕਰਯੋਗ ਹੈ ਕਿ ਪਟਿਆਲਾ ਦੇ ਹਾਲੇ ਤੱਕ 60 ਵਿੱਚੋਂ 53 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। 7 ਵਾਰਡਾਂ ‘ਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਚੋਣ ਨਹੀਂ ਹੋਈ। ਆਮ ਆਦਮੀ ਪਾਰਟੀ ਨੇ ਇੱਥੇ 43 ਹਲਕਿਆਂ ਵਿੱਚ ਜਿੱਤ ਦਰਜ ਕੀਤੀ ਹੈ। ਕਾਂਗਰਸ ਅਤੇ ਭਾਜਪਾ ਨੇ ਚਾਰ-ਚਾਰ ਹਲਕਿਆਂ ਵਿੱਚ, ਜਦਕਿ ਅਕਾਲੀਆਂ ਦੇ ਹੱਥ ਦੋ ਵਾਰਡ ਹੀ ਲੱਗੇ ਹਨ।
ਜਲੰਧਰ ਨਗਰ ਨਿਗਮ ਦੇ 85 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 38 ਵਿੱਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪਾਰਟੀ ਨੇ 25 ਵਿੱਚ ਤੇ ਭਾਰਤੀ ਜਨਤਾ ਪਾਰਟੀ ਨੇ 19 ਵਿੱਚ ਜਿੱਤ ਹਾਸਲ ਕੀਤੀ ਹੈ। ਫਿਰ ਵੀ ‘ਆਪ’ ਨੇ ਕਾਂਗਰਸ ਅਤੇ ਭਾਜਪਾ ਦੇ ਦੋ-ਦੋ ਕੌਂਸਲਰ ਤੇ 2 ਆਜ਼ਾਦ ਆਪਣੇ ਪੱਖ ਵਿੱਚ ਰਲ਼ਾ ਕੇ ਇੱਥੇ ਵੀ ਬਹੁਮਤ ਹਾਸਲ ਕਰ ਲਿਆ ਹੈ। ‘ਆਪ’ ਕੋਲ ਬਹੁਮਤ ਲਈ ਲੋੜੀਂਦੇ 44 ਕੌਂਸਲਰ ਹੋ ਗਏ ਹਨ।
ਇਸੇ ਤਰ੍ਹਾਂ ਲੁਧਿਆਣਾ ਨਗਰ ਨਿਗਮ ਵਿੱਚ ਕੁੱਲ 95 ਵਾਰਡ ਹਨ, ਜਿਨ੍ਹਾਂ ਵਿੱਚੋਂ ‘ਆਪ’ ਨੇ 41, ਕਾਂਗਰਸ ਨੇ 30, ਭਾਜਪਾ ਨੇ 19 ਅਤੇ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਲੁਧਿਆਣਾ ਦੇ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤ ਗਏ ਹਨ। ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਵਿੱਚੋਂ ਕਾਂਗਰਸ ਨੇ 40, ਆਮ ਆਦਮੀ ਪਾਰਟੀ ਨੇ 24, ਭਾਜਪਾ ਨੇ 9 ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 4 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ 8 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤ ਪ੍ਰਾਪਤ ਕਰ ਗਏ ਹਨ। ਨਗਰ ਨਿਗਮ ਫਗਵਾੜਾ ਦੇ 50 ਵਾਰਡਾਂ ਵਿੱਚੋਂ ਕਾਂਗਰਸ ਨੇ 22, ‘ਆਪ’ ਨੇ 12, ਭਾਜਪਾ ਨੇ 4, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ 3-3 ਵਾਰਡ ਜਿੱਤੇ ਹਨ। ਛੇ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 30 ਥਾਵਾਂ ‘ਤੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ ਤਲਵੰਡੀ ਸਾਬੋ, ਅਮਲੋਹ, ਰਾਜਾਸਾਂਸੀ, ਬਾਬਾ ਬਕਾਲਾ, ਗੁਰਾਇਆ, ਬਿਲਗਾ, ਭੁਲੱਥ, ਮਾਛੀਵਾੜਾ, ਸਾਹਨੇਵਾਲ ਅਤੇ ਸਰਦੂਲਗੜ੍ਹ ਆਦਿ ਸ਼ਾਮਲ ਹਨ। ਯਾਦ ਰਹੇ, ਕਸਬਾ ਧਰਮਕੋਟ ਦੇ 13 ਵਾਰਡਾਂ ਵਿੱਚੋਂ 8 ‘ਤੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ। ਬਾਕੀ ਬਚਦੇ ਪੰਜ ਵਾਰਡਾਂ ਵਿੱਚ ‘ਆਪ’ ਨੇ ਜਿੱਤ ਹਾਸਲ ਕਰ ਲਈ ਹੈ।
ਪੰਜਾਬ ਦੀਆਂ ਸਥਾਨਕ ਸੰਸਥਾਵਾਂ ਦੀ ਚੋਣਾਂ ‘ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕ ਭਾਵੇਂ ਇਹ ਆਖ ਰਹੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਲੋਕਾਂ ਦਾ ਫਤਵਾ ਕਾਫੀ ਟੁੱਟਾ-ਭੱਜਾ ਹੈ ਅਤੇ ਆਮ ਲੋਕਾਂ ਨੇ ਕਿਸੇ ਪਾਰਟੀ ਨੂੰ ਵੀ ਬਹੁਤੀ ਮਹੱਤਤਾ ਨਹੀਂ ਦਿੱਤੀ ਹੈ, ਪਰ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਅਮਨ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਉੱਪ ਚੋਣਾਂ ਵਾਂਗ ਹੀ ਲੋਕਾਂ ਨੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੀ ‘ਆਪ’ ਦੇ ਪੱਖ ਵਿੱਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਆਮ ਆਦਮੀ ਪਾਰਟੀ ਹੁਣ ਪੰਜਾਬ ਵਿੱਚ ਨੰਬਰ 1 ਪਾਰਟੀ ਹੈ। ਆਪਣੇ ਦਾਅਵੇ ਦੀ ਵਾਜਬੀਅਤ ਦਾ ਵਿਸਥਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਗਰ ਪਾਲਿਕਾਵਾਂ ਅਤੇ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ 55 ਫੀਸਦੀ ਤੋਂ ਵੱਧ ਸੀਟਾਂ ਜਿੱਤੀਆਂ ਹਨ। ਆਮ ਆਦਮੀ ਪਾਰਟੀ ਨੇ 522 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪਾਰਟੀ 191 ਵਾਰਡਾਂ ਵਿੱਚ ਜਿੱਤ ਹਾਸਲ ਕਰ ਸਕੀ ਹੈ। ਇਹ 20 ਫਸਦੀ ਬਣਦੀ ਹੈ। ਇਸ ਦੇ ਉਲਟ ਭਾਜਪਾ ਨੂੰ ਸਿਰਫ 7 ਫੀਸਦੀ ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਭਾਜਪਾ ਦੇ ਕੁੱਲ 69 ਉਮੀਦਵਾਰ ਜਿੱਤੇ ਹਨ। ਇਸੇ ਤਰ੍ਹਾਂ ਅਕਾਲੀ ਦਲ ਨੂੰ 3 ਫੀਸਦੀ ਸੀਟਾਂ ‘ਤੇ ਸਬਰ ਕਰਨਾ ਪਿਆ ਹੈ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਨੈਤਿਕ ਸੰਕਟ ਦਾ ਸ਼ਿਕਾਰ ਹੋਈ ਪੰਜਾਬ ਦੀ ਇਸ ਪ੍ਰਮੁੱਖ ਖੇਤਰੀ ਪਾਰਟੀ ਦੇ ਸਿਰਫ 31 ਉਮੀਦਵਾਰ ਹੀ ਜਿੱਤ ਸਕੇ ਹਨ। ਇਸ ਹਿਸਾਬ ਨਾਲ ਇਹ ਤੱਥ ਮੁੜ ਸਾਫ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹਾਲੇ ਵੀ ਪਤਲੀ ਬਣੀ ਹੋਈ ਹੈ ਅਤੇ ਕਾਂਗਰਸ ਤੇ ਭਾਜਪਾ ਦੀ ਕਾਰਗੁਜ਼ਾਰੀ ਦਾ ਗਰਾਫ ਵੀ ਡਿੱਗਿਆ ਹੈ।
ਯਾਦ ਰਹੇ, ਇਸ ਤੋਂ ਪਹਿਲਾਂ ‘ਆਪ’ ਦਾ ਕਿਸੇ ਵੀ ਸ਼ਹਿਰ ਵਿੱਚ ਮੇਅਰ ਨਹੀਂ ਸੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਸਿਫਰ ਤੋਂ 55 ਫੀਸਦੀ ਤੱਕ ਪਹੁੰਚ ਗਈ। ‘ਆਪ’ ਪੰਜਾਬ ਦੇ ਮੁਖੀ ਅਮਨ ਅਰੋੜਾ ਨੇ ਇਸ ਸੁਧਰੀ ਕਾਰਗੁਜ਼ਾਰੀ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਦਿੱਤਾ ਹੈ। ਇਸ ਦਰਮਿਆਨ ਮੁੱਖ ਨਗਰ ਨਿਗਮਾਂ ਵਿੱਚ ਮੇਅਰ ਬਣਾਉਣ ਲਈ ਪਾਰਟੀਆਂ ਵਿਚਕਾਰ ਜੋੜ-ਤੋੜ ਦੀ ਰਾਜਨੀਤੀ ਚੱਲ ਪਈ ਹੈ। ਆਮ ਆਦਮੀ ਪਾਰਟੀ ਨੇ ਜਲੰਧਰ ਵਿੱਚ ਕਾਂਗਰਸ ਦੇ 2, ਭਾਜਪਾ ਦੇ 2 ਅਤੇ ਦੋ ਆਜ਼ਾਦ ਉਮੀਦਵਾਰ ਆਪਣੇ ਨਾਲ ਮਿਲਾ ਕੇ ਬਹੁਮਤ ਹਾਸਲ ਕਰ ਲਈ ਹੈ। ਜਲੰਧਰ ਵਿੱਚ ਆਪਣਾ ਮੇਅਰ ਬਣਾਉਣ ਲਈ ‘ਆਪ’ ਨੂੰ 44 ਸੀਟਾਂ ਦੀ ਲੋੜ ਸੀ, ਇਹ ਗਿਣਤੀ ਉਸ ਨੇ ਮੁਕੰਮਲ ਕਰ ਲਈ ਹੈ। ‘ਆਪ’ ਨੇ ਹੋਰ ਦਾਅਵਾ ਕੀਤਾ ਹੈ ਕਿ ਉਹ ਜਲੰਧਰ ਵਿੱਚ ਆਪਣੇ ਕੌਂਸਲਰਾਂ ਦੀ ਗਿਣਤੀ 50 ਤੱਕ ਪਹੁੰਚਾਉਣ ਦਾ ਨਿਸ਼ਾਨਾ ਰੱਖਦੀ ਹੈ ਤਾਂ ਕਿ ਉਸ ਦੇ ਕੋਲ ਭਰਵੀਂ ਬਹੁਮਤ ਹੋ ਸਕੇ। ਸਥਾਨਕ ਪਾਰਟੀ ਆਗੂਆਂ ਦਾ ਆਖਣਾ ਹੈ ਕਿ ਤਿੰਨਾਂ ਵਿਰੋਧੀ ਪਾਰਟੀਆਂ ਦੇ ਬਹੁਤ ਸਾਰੇ ਕੌਂਸਲਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਹ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਕਿ ਆਮ ਆਦਮੀ ਪਾਰਟੀ ਦਲਿਤ, ਹਿੰਦੂ ਅਤੇ ਸਿੱਖ ਉਮੀਦਵਾਰਾਂ ਨੂੰ ਅਨੁਪਾਤਕ ਨੁਮਾਇੰਦਗੀ ਦੇਣਾ ਚਾਹੁੰਦੀ ਹੈ। ਇਸ ਮਕਸਦ ਲਈ ਹਾਈ ਕਮਾਂਡ ਨੇ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਦਿੱਲੀ ਸੱਦਿਆ ਹੋਇਆ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਵਿੱਚ ਮੇਅਰਾਂ ਦੀ ਨਿਯੁਕਤੀ ਬਾਰੇ ਗਹਿਨ ਵਿਚਾਰ-ਚਰਚਾ ਚੱਲ ਰਹੀ ਹੈ।