ਲੱਖਾਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਰੂਬਰੂ ਹੁੰਦਿਆਂ ਹੋਇਆਂ ਵੀ ਪੰਜਾਬੀ ‘ਚੜ੍ਹਦੀ ਕਲਾ’ ਵਿੱਚ ਹੀ ਰਹਿੰਦੇ ਹਨ। ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ‘ਪੰਜਾਬੀਆਂ ਦੀ ਸ਼ਾਨ ਵੱਖਰੀ।’ ਪੰਜਾਬੀਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਮੱਲਾਂ ਮਾਰ ਕੇ ਆਪਣੀ ਪੰਜਾਬੀਅਤ ਦਾ ਲੋਹਾ ਸੰਸਾਰ ਭਰ ਤੋਂ ਮੰਨਵਾਇਆ ਹੈ। ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ। ਇੰਜ ਹੀ ਪੰਜਾਬੀਆਂ ਦੀ ਯੂਨਾਨ ਨਾਲ ਵੀ ਸਦੀਆਂ ਪੁਰਾਣੀ ਸਾਂਝ ਹੈ।
ਇਤਿਹਾਸ ਹਵਾਲਿਆਂ ਮੁਤਾਬਕ ਪੰਜਾਬੀਆਂ ਨੇ ਸੰਨ 1900 ਦੇ ਆਸਪਾਸ ਯੂਨਾਨ ਪੁੱਜਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਪੰਜਾਬੀ ਇੱਥੇ ਬਰਤਾਨਵੀ ਫ਼ੌਜ ਦੇ ਸੈਨਿਕਾਂ ਵਜੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੱਥੇ ਆਏ ਸਨ। ਉਂਜ ਵਿਗਿਆਨਕ ਖੋਜਾਂ ਇਹ ਵੀ ਦੱਸਦੀਆਂ ਹਨ ਕਿ ‘ਇੰਡੋ-ਯੂਨਾਨ ਸਾਮਰਾਜਾਂ’ ਦੇ ਪ੍ਰਭਾਵ ਕਰਕੇ ਕੁਝ ਇੱਕ ਪੰਜਾਬੀਆਂ ਅਤੇ ਸਿੰਧੀਆਂ ਦੇ ਡੀ.ਐਨ.ਏ. ਵਿੱਚ ਯੂਨਾਨੀਆਂ ਦੇ ਵੰਸ਼ਜ ਹੋਣ ਦੇ ਪ੍ਰਮਾਣ ਪਾਏ ਗਏ ਹਨ।
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਭਾਰਤੀ ਪੰਜਾਬ ਵਿੱਚ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਵੱਸਦੀ ‘ਸਿੰਧੂ ਘਾਟੀ ਦੀ ਸੱਭਿਅਤਾ’ ਦਾ ਜ਼ਿਕਰ ਸੰਸਾਰ ਭਰ ਵਿੱਚ ‘ਪ੍ਰਾਚੀਨ ਸੱਭਿਅਤਾ’ ਵਜੋਂ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਯੂਨਾਨ ਦੀ ਸੱਭਿਅਤਾ ਨੂੰ ਵੀ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾਵਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਯੂਨਾਨ ਦਰਅਸਲ ਦੱਖਣ-ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮਹੱਤਵਪੂਰਨ ਮੁਲਕ ਹੈ। ਇਸਦੀ ਰਾਜਧਾਨੀ ਏਥਨਜ਼ ਹੈ ਅਤੇ ਇਤਿਹਾਸਕ ਪੱਖ ਤੋਂ ਯੂਨਾਨ ਨੂੰ ‘ਲੋਕਤੰਤਰ’, ‘ਪੱਛਮੀ ਦਰਸ਼ਨ ਸ਼ਾਸ਼ਤਰ’, ‘ਪੱਛਮੀ ਸਾਹਿਤ’, ‘ਰਾਜਨੀਤੀ ਵਿਗਿਆਨ’, ‘ਗਣਿਤਕ ਸਿਧਾਂਤਾਂ’, ‘ਵਿਗਿਆਨਕ ਸਿਧਾਂਤਾਂ’ ਅਤੇ ‘ਰੰਗਮੰਚ’ ਆਦਿ ਦੀ ਜਨਮ ਭੂਮੀ ਆਖ਼ ਕੇ ਵਡਿਆਇਆ ਜਾਂਦਾ ਹੈ। ਇਹ ਦੇਸ਼ ਅੱਜ ਦੁਨੀਆਂ ਭਰ ਵਿੱਚ ‘ਖੇਡਾਂ ਦਾ ਮਹਾਂਕੁੰਭ’ ਆਖੇ ਜਾਂਦੇ ‘ਓਲੰਪਿਕ ਖੇਡ ਮੁਕਾਬਲਿਆਂ’ ਦਾ ਵੀ ਜਨਕ ਮੰਨਿਆ ਜਾਂਦਾ ਹੈ। ਇਸ ਮੁਲਕ ਦੀ ਆਬਾਦੀ 1 ਕਰੋੜ 40 ਲੱਖ ਦੇ ਆਸਪਾਸ ਹੈ ਅਤੇ ਵੱਸੋਂ ਦੀ ਘਣਤਾ 79 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਇਸਨੂੰ ਉੱਤਰ ਵਾਲੇ ਪਾਸੇ ਤੋਂ ਮੈਸੀਡੋਨੀਆ ਅਤੇ ਬੁਲਗਾਰੀਆ, ਉੱਤਰ-ਪੱਛਮ ਵੱਲੋਂ ਅਲਬਾਨੀਆ ਅਤੇ ਪੂਰਬ ਵੱਲੋਂ ਤੁਰਕੀ ਦੀਆਂ ਹੱਦਾਂ ਛੂੰਹਦੀਆਂ ਹਨ। ਇਸਦਾ ਕੁੱਲ ਰਕਬਾ 1,31,957 ਵਰਗ ਕਿਲੋਮੀਟਰ ਅਤੇ ਪ੍ਰਤੀ ਵਿਅਕਤੀ ਆਮਦਨ ਸਲਾਨਾ 42,066 ਅਮਰੀਕੀ ਡਾਲਰ ਦੇ ਕਰੀਬ ਹੈ।
ਯੂਨਾਨ ਵਿੱਚ ਵੱਸਦੇ ਭਾਰਤੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇੱਥੇ 36 ਹਜ਼ਾਰ ਦੇ ਕਰੀਬ ਭਾਰਤੀ ਵਿਅਕਤੀ ਨਿਵਾਸ ਰੱਖਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਸਬੰਧ ਪੰਜਾਬ ਨਾਲ ਹੈ, ਭਾਵ ਉਹ ਪੰਜਾਬੀ ਹਨ। ਭਾਰਤ ਅਤੇ ਯੂਨਾਨ ਦਰਮਿਆਨ ਇੱਕ ਡੂੰਘਾ ਇਤਿਹਾਸਕ ਸਬੰਧ ਹੈ, ਜੋ ਲਗਪਗ 2500 ਸਾਲ ਪੁਰਾਣਾ ਹੈ। ਇਨ੍ਹਾਂ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੀ ਕਲਾ, ਸੱਭਿਆਚਾਰ ਅਤੇ ਦਾਰਸ਼ਨਿਕ ਵਿਚਾਰਧਾਰਾ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਭਾਰਤ ਵਿੱਚ ਤੇ ਖ਼ਾਸ ਕਰਕੇ ਪੰਜਾਬ ਅੰਦਰ ਯੂਨਾਨ ਤੋਂ ਆਏ ਵਿਸ਼ਵ ਵਿਜੇਤਾ ਐਲਗਜ਼ੈਂਡਰ ਭਾਵ ਸਿਕੰਦਰ ਦੀਆਂ ਬਾਤਾਂ ਅਕਸਰ ਪਾਈਆਂ ਜਾਂਦੀਆਂ ਹਨ। ‘ਸਿਕੰਦਰ’ ਤਾਂ ਪੰਜਾਬੀ ਕਾਵਿ ਅਤੇ ਪੰਜਾਬੀ ਨਾਟ ਪਰੰਪਰਾ ਦਾ ਇੱਕ ਮਹੱਤਵਪੂਰਨ ਪਾਤਰ ਵੀ ਬਣ ਚੁੱਕਾ ਹੈ ਤੇ “ਖ਼ਾਲੀ ਹੱਥੀਂ ਗਿਆ ਸਿਕੰਦਰ” ਦੀਆਂ ਸਤਰਾਂ ਪੰਜਾਬੀ ਕਾਵਿ ਵਿੱਚ ਅਕਸਰ ਦੁਹਰਾਈਆਂ ਜਾਂਦੀਆਂ ਹਨ। ਇਹ ਵੀ ਇੱਕ ਇਤਿਹਾਸਕ ਤੱਥ ਹੈ ਕਿ ਸਿਕੰਦਰ ਨੂੰ ਉਸ ਵਕਤ ਪੰਜਾਬ ਦੇ ਰਾਜੇ ਪੋਰਸ ਨੇ ਸਖ਼ਤ ਮੁਕਾਬਲਾ ਦਿੱਤਾ ਸੀ ਤੇ ਸਿਕੰਦਰ ਦੀ ਪਤਨੀ ਨੇ ਪੋਰਸ ਨੂੰ ਆਪਣਾ ਭਰਾ ਵੀ ਬਣਾਇਆ ਸੀ।
ਪ੍ਰਾਚੀਨ ਭਾਰਤ ਵਿੱਚ ਯੂਨਾਨੀਆਂ ਨੂੰ ‘ਯਵਨ’ ਕਹਿ ਕੇ ਪੁਕਾਰਿਆ ਜਾਂਦਾ ਸੀ, ਜਦੋਂ ਕਿ ਪ੍ਰਾਚੀਨ ਯੂਨਾਨ ਦੇ ਲੋਕ ਭਾਰਤੀਆਂ ਨੂੰ ‘ਇੰਦੋਈ’ ਆਖ਼ ਕੇ ਸੰਬੋਧਨ ਕਰਿਆ ਕਰਦੇ ਸਨ। ਵਿਗਿਆਨਕ ਖੋਜਾਂ ਇਹ ਦੱਸਦੀਆਂ ਹਨ ਕਿ ‘ਇੰਡੋ-ਯੂਨਾਨ ਸਾਮਰਾਜਾਂ’ ਦੇ ਪ੍ਰਭਾਵ ਕਰਕੇ ਕੁਝ ਇੱਕ ਪੰਜਾਬੀਆਂ ਅਤੇ ਸਿੰਧੀਆਂ ਦੇ ਡੀ.ਐਨ.ਏ. ਵਿੱਚ ਯੂਨਾਨੀਆਂ ਦੇ ਵੰਸ਼ਜ ਹੋਣ ਦੇ ਪ੍ਰਮਾਣ ਪਾਏ ਗਏ ਹਨ, ਜਦੋਂ ਕਿ ਇਨ੍ਹਾਂ ਤੋਂ ਇਲਾਵਾ ਬਾਕੀ ਕਿਸੇ ਵੀ ਭਾਰਤੀ ਅੰਦਰ ਯੂਨਾਨੀਆਂ ਦੇ ਵੰਸ਼ਜ ਹੋਣ ਦੇ ਲੱਛਣ ਨਹੀਂ ਪਾਏ ਗਏ ਹਨ। ਯੂਨਾਨ ਤੋਂ ਆਏ ਵਪਾਰੀਆਂ ਨੇ 18ਵੀਂ ਸਦੀ ਦੇ ਅਰੰਭ ਵਿੱਚ ਹੀ ਬੰਗਾਲ ਵਿੱਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਉਹ ਵੀਹਵੀਂ ਸਦੀ ਦੇ ਅੱਧ ਤੱਕ ਇੱਥੇ ਹੀ ਵੱਸਦੇ ਰਹੇ ਸਨ। ਯੂਨਾਨ ਦੀ ਭਾਰਤ ਤੋਂ ਦੂਰੀ 5,775 ਕਿਲੋਮੀਟਰ ਹੈ। ਇੱਥੇ ਜ਼ਿਕਰਯੋਗ ਹੈ ਕਿ 302 ਤੋਂ 288 ਈਸਾਪੂਰਵ ਕਾਲ ਵਿੱਚ ਯੂਨਾਨੀ ਇਤਿਹਾਸਕਾਰ ਮੈਗਸਥਨੀਜ਼ ਬਤੌਰ ਰਾਜਦੂਤ ਯੂਨਾਨ ਤੋਂ ਭਾਰਤ ਪੁੱਜਾ ਸੀ ਤੇ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਸੀ। ਇੱਥੇ ਹੀ ਬਸ ਨਹੀਂ, ਸਮਰਾਟ ਚੰਦਰਗੁਪਤ ਨੇ ਯੂਨਾਨ ਦੇ ਬਾਦਸ਼ਾਹ ਸੈਲਿਊਕਿਡ ਦੀ ਧੀ ਨਾਲ ਸ਼ਾਦੀ ਵੀ ਕੀਤੀ ਸੀ। ਇੱਥੇ ਆ ਕੇ ਵੱਸਣ ਵਾਲੇ ਬਹੁਤ ਸਾਰੇ ਯੂਨਾਨੀ ਨਾਗਰਿਕਾਂ ਨੇ ਬਾਅਦ ਵਿੱਚ ਹਿੰਦੂਮਤ ਅਤੇ ਬੁੱਧਮਤ ਧਾਰਨ ਕਰ ਲਿਆ ਸੀ। 1878 ਈਸਾਪੂਰਵ ਵਿੱਚ ਮੌਰਿਆ ਸਾਮਰਾਜ ਦੇ ਪਤਨ ਉਪਰੰਤ ਯੂਨਾਨੀ ਰਾਜਾ ਡਿਮੈਟਿਰਅਸ ਦੀ ਅਗਵਾਈ ਵਿੱਚ ਯੂਨਾਨੀ ਫ਼ੌਜਾਂ ਨੇ ਭਾਰਤ ਦੇ ਕੁਝ ਇਲਾਕਿਆਂ ’ਤੇ ਕਬਜ਼ਾ ਕਰਕੇ ‘ਯੂਨਾਨੀ ਰਾਜ’ ਦੀ ਸਥਾਪਨਾ ਕਰ ਦਿੱਤੀ ਸੀ।
ਪੰਜਾਬੀਆਂ ਨੇ ਸੰਨ 1900 ਦੇ ਆਸਪਾਸ ਯੂਨਾਨ ਪੁੱਜਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਪੰਜਾਬੀ ਇੱਥੇ ਬਰਤਾਨਵੀ ਫ਼ੌਜ ਦੇ ਸੈਨਿਕਾਂ ਵਜੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੱਥੇ ਆਏ ਸਨ। ਸਾਲ 2024 ਵਿੱਚ ਇੱਥੇ 20 ਹਜ਼ਾਰ ਤੋਂ ਵੱਧ ਪੰਜਾਬੀਆਂ ਦੇ ਵੱਸਣ ਦੇ ਅੰਕੜੇ ਮੌਜੂਦ ਹਨ। ਇੱਥੇ ਸੰਨ 1970 ਤੋਂ ਬਾਅਦ ਪੰਜਾਬੀਆਂ ਦੀ ਆਮਦ ਵਿੱਚ ਚੋਖਾ ਵਾਧਾ ਹੋਇਆ ਹੈ ਤੇ ਪੰਜਾਬੀਆਂ ਨੇ ਇੱਥੇ ਰਾਜਧਾਨੀ ਏਥਨਜ਼ ਤੋਂ ਇਲਾਵਾ ਮੇਗਾਰਾ, ਚਾਕੀਡਿਕੀ ਅਤੇ ਸਾਸ਼ਨਾ ਆਦਿ ਸ਼ਹਿਰਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਸਥਾਪਨਾ ਕੀਤੀ ਹੋਈ ਹੈ। ਯੂਨਾਨ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਦੀ ਗਿਣਤੀ ਅੱਠ ਦੇ ਕਰੀਬ ਦੱਸੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੁਰਦੁਆਰਾ ਸਾਹਿਬ ਤਾਂ ਮੱਧ ਯੂਨਾਨ ਵਿਖੇ ਹੀ ਸਥਿਤ ਹਨ। ਵਰਤਮਾਨ ਸਮੇਂ ਅੰਦਰ ਇੱਥੇ ਵੱਸਦੇ ਪੰਜਾਬੀ ਲੋਕ ਜਹਾਜ਼ਰਾਨੀ, ਕੱਪੜਾ ਉਦਯੋਗ, ਰੈਸਟੋਰੈਂਟ, ਖੇਤੀਬਾੜੀ, ਭਵਨ ਨਿਰਮਾਣ, ਵਪਾਰ ਤੇ ਟੈਕਸੀ ਚਾਲਨ ਦੇ ਕਿੱਤਿਆਂ ਵਿੱਚ ਮਸਰੂਫ਼ ਹਨ ਅਤੇ ਹੱਡਭੰਨ੍ਹਵੀਂ ਮਿਹਨਤ ਕਰਕੇ ਪੈਸਾ ਤੇ ਨਾਮ ਕਮਾਅ ਰਹੇ ਹਨ।
ਸਾਲ 2010 ਵਿੱਚ ਸਮੁੱਚੇ ਯੂਨਾਨ ਅਤੇ ਯੂ.ਕੇ. ਦੇ ਪੰਜਾਬੀ ਸਿੱਖ ਇਕਜੁੱਟ ਹੋ ਕੇ ਯੂਨਾਨ ਦੇ ਸ਼ਹਿਰ ਥੈਸਾਲੋਨਿਕੀ ਵਿਖੇ ਸਥਿਤ ਕਬਰਸਤਾਨ ਵਿਖੇ ਇਕੱਤਰ ਹੋਏ ਸਨ। ਉਨ੍ਹਾਂ ਨੇ ਇੱਥੇ ਆ ਕੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਪੰਜਾਬੀ ਸੈਨਿਕਾਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕੀਤੇ ਸਨ। ਇੱਥੇ ਲਗਪਗ 26 ਦੇ ਕਰੀਬ ਸਿੱਖ ਸੈਨਿਕਾਂ ਦੀਆਂ ਕਬਰਾਂ ਮੌਜੂਦ ਹਨ, ਜਿਨ੍ਹਾਂ ਉੱਤੇ ਗੁਰਮੁਖੀ ਲਿਪੀ ਵਿੱਚ ‘ਇਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ’ ਦੀ ਇਬਾਰਤ ਉੱਕਰੀ ਹੋਈ ਹੈ। ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਏਥਨਜ਼ ਅਤੇ ਇਸਦੇ ਆਸਪਾਸ ਦੇ ਇਲਾਕੇ ਵਿੱਚ ਵੱਸਦੇ ਪੰਜਾਬੀਆਂ ਨੇ ਆਪਣੇ ਧਾਰਮਿਕ ਪੂਜਾ-ਪਾਠ ਨੂੰ ਪੂਰਨ ਮਰਿਆਦਾ ਅਨੁਸਾਰ ਪੂਰਾ ਕਰਨ ਹਿਤ ‘ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ’ ਦੀ ਸ਼ਾਨਦਾਰ ਇਮਾਰਤ ਦੀ ਸਥਾਪਨਾ ਵੀ ਕਰ ਦਿੱਤੀ ਸੀ। ਮੇਗਾਰਾ ਸ਼ਹਿਰ ਵਿਖੇ ਹਰ ਸਾਲ ਵਿਸਾਖੀ ਮੌਕੇ ਕੱਢੇ ਜਾਂਦੇ ਵਿਸ਼ਾਲ ਨਗਰ ਕੀਰਤਨ ਵਿੱਚ ਸੈਂਕੜੇ ਪੰਜਾਬੀ ਪੂਰੀ ਸ਼ਰਧਾ ਭਾਵਨਾ ਨਾਲ ਭਾਗ ਲੈਂਦੇ ਹਨ।
ਬੇਹੱਦ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਸੰਨ 2014 ਵਿੱਚ ਯੂਨਾਨ ਦੇ ‘ਗੁਰਦੁਆਰਾ ਭਗਤ ਰਵਿਦਾਸ ਦਰਬਾਰ’ ਅਤੇ ‘ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ’ ਵਿਖੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ, ਪਰ ਵਾਹਿਗੁਰੂ ਦੀ ਕਿਰਪਾ ਸਦਕਾ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਇੱਥੇ ਇਹ ਦੱਸਣਯੋਗ ਹੈ ਕਿ ਯੂਨਾਨ ਦੇ ਸਥਾਨਕ ਨਿਵਾਸੀ ਕਈ ਵਾਰ ਬਾਹਰੀ ਦਿੱਖ ਅਤੇ ਪਹਿਰਾਵੇ ਕਰਕੇ ਪੰਜਾਬੀ ਸਿੱਖਾਂ ਨੂੰ ਮੁਸਲਮਾਨ ਅਤਿਵਾਦੀ ਸਮਝ ਲੈਂਦੇ ਹਨ ਤੇ ਗ਼ਲਤ ਵਿਹਾਰ ਕਰ ਦਿੰਦੇ ਹਨ। ਇੱਥੇ ਸਿੱਖਾਂ ਨੂੰ ਪਗੜੀ ਸਜਾਉਣ ਅਤੇ ਬਿਨਾ ਹੈਲੇਮਟ ਤੋਂ ਵਾਹਨ ਚਲਾਉਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪਹਿਲੀ ਮਾਰਚ 2006 ਨੂੰ ਯੂਨਾਨ ਦੀ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਦੇ ਮ੍ਰਿਤਕ ਸਰੀਰਾਂ ਦਾ ਅੱਗ ਨਾਲ ਸਾੜ੍ਹ ਕੇ ਅੰਤਿਮ ਸਸਕਾਰ ਕਰਨ ਦਾ ਕਾਨੂੰਨ ਪਾਸ ਕੀਤਾ ਸੀ। ਗ਼ੌਰਤਲਬ ਹੈ ਕਿ ਸਾਲ 2007-08 ਦੌਰਾਨ ਭਾਰੀ ਆਰਥਿਕ ਸੰਕਟ ਆ ਜਾਣ ਕਰਕੇ ਕਾਫੀ ਸਾਰੇ ਪੰਜਾਬੀ ਪਰਿਵਾਰ ਕੈਨੇਡਾ, ਜਰਮਨੀ ਅਤੇ ਯੂ.ਕੇ. ਆਦਿ ਵੱਲ ਚਲੇ ਗਏ ਸਨ ਤੇ ਉੱਥੇ ਜਾ ਕੇ ਸਥਾਪਿਤ ਹੋ ਗਏ ਸਨ।
ਯੂਨਾਨ ਵਿਖੇ ਵੱਸਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਬੁਲੰਦ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਡਾ. ਬ੍ਰਿਜਪਾਲ ਸਿੰਘ ਦੇ ਨਾਂ ਦਾ ਵੀ ਸ਼ੁਮਾਰ ਹੁੰਦਾ ਹੈ। ਵਿਦਵਾਨ ਹਸਤੀ ਡਾ. ਬ੍ਰਿਜਪਾਲ ਸਿੰਘ ਉਨ੍ਹਾਂ ਪੰਜ ਏਸ਼ਿਆਈ ਹਸਤੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਸੰਨ 1977 ਵਿੱਚ ਯੂਨਾਨ ਦੀ ਸਰਕਾਰ ਵੱਲੋਂ ‘ਡਾਕਟਰਲ ਸਟੱਡੀ ਸਕਾਲਰਸ਼ਿਪ’ ਨਾਲ ਨਿਵਾਜਿਆ ਗਿਆ ਸੀ। ਡਾ. ਬ੍ਰਿਜਪਾਲ ਸਿੰਘ ਹੁਰਾਂ ਨੇ ਸੰਨ 1984 ਤੋਂ 1996 ਤੱਕ ‘ਲਾਲ ਬਹਾਦਰ ਸ਼ਾਸ਼ਤਰੀ ਨੈਸ਼ਨਲ ਅਕੈਡਮੀ ਆੱਫ਼ ਐਡਮਿਨਸਟ੍ਰੇਸ਼ਨ, ਮਸੂਰੀ’ ਵਿਖੇ ਬਤੌਰ ‘ਪ੍ਰੋਫ਼ੈਸਰ ਆੱਫ਼ ਇਕਨਾਮਿਕਸ’ ਭਾਵ ਅਰਥ ਸ਼ਾਸਤਰ ਵਿਸ਼ੇ ਦੇ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਉਂਦਿਆਂ ਭਾਰਤ ਸਰਕਾਰ ਦੀ ਪ੍ਰਸ਼ਾਸਨਿਕ ਸੇਵਾ ਦੇ ਉੱਚ-ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਦਾ ਸ਼ਰਫ਼ ਹਾਸਿਲ ਕੀਤਾ ਸੀ। ਸ੍ਰੀ ਰਣਵੀਰ ਅਲਾਹਾਬਾਦੀਆ ਤਾਂ ਯੂਨਾਨੀ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਿਤ ਇੱਕ ਅਤਿਅੰਤ ਪ੍ਰਭਾਵਸ਼ਾਲੀ ਬੁਲਾਰੇ ਵਜੋਂ ਨਾਮਣਾ ਖੱਟ ਚੁੱਕੇ ਹਨ ਅਤੇ ਕਈ ਸਾਲ ਨਿੱਕੇ-ਮੋਟੇ ਕੰਮ ਰਾਹੀਂ ਮਿਹਨਤ ਮਜ਼ਦੂਰੀ ਕਰਨ ਪਿੱਛੋਂ ਸਾਲ 2006 ਵਿੱਚ ਵੱਡੇ ‘ਗਰੋਸਰੀ ਸਟੋਰ’ ਦੇ ਮਾਲਕ ਬਣ ਜਾਣ ਵਾਲੇ ਸ. ਇੰਦਰ ਸਿੰਘ ਦੀ ਮਿਹਨਤ ਅਤੇ ਸਿਰੜ ਵੀ ਕਾਬਿਲੇ-ਤਾਰੀਫ਼ ਰਹੇ ਹਨ।