ਪਿੰਡ ਵਸਿਆ-19
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਬਾਗੀਆਂ ਦੇ ਪਿੰਡ ‘ਬਿਲਗਾ’ ਦਾ ਸੰਖੇਪ ਵੇਰਵਾ…
ਵਿਜੈ ਬੰਬੇਲੀ
ਫੋਨ: +91-9463439075
ਜਲੰਧਰ ਜ਼ਿਲੇ ਦੀ ਤਹਿਸੀਲ ਫਿਲੌਰ ਦਾ ਉੱਘਾ ਪਿੰਡ ਬਿਲਗਾ ਤਵਾਰੀਖੀ ਪਿੱਠਭੂਮੀ ਵਾਲਾ ਖੈੜਾ ਹੈ। ਇਹ ਪਿੰਡ ਵੱਖ-ਵੱਖ ਖੇਤਰਾਂ ਵਿੱਚ ਇਤਿਹਾਸਕ ਯੋਗਦਾਨ ਸਦਕਾ ਇਲਾਕੇ ਦੀ ਕਲਗੀ ਹੈ। ਬਿਲਗਾ, ਕਿੱਥੇ ਕੁ ਵੱਸਦਾ ਹੈ, ਬਾਰੇ ਗ਼ਦਰੀ ਬਾਬੇ ਭਗਤ ਸਿੰਘ ਬਿਲਗਾ ਨੇ ਬੜਾ ਰੌਚਿਕ ਬਿਆਨ ਕੀਤਾ, “ਅਖੇ! ਕੰਗਣੀਵਾਲ ਵੇਈਂ ਦੇ ਕਿਨਾਰੇ ਤੋਂ ਦੱਖਣ ਵੱਲ ਨੂੰ ਪਿੰਡਾਂ ਦੀ ਗਿਣਤੀ ਕਰਦੇ ਆਈਏ ਤਾਂ ਇਸਦਾ ਨੰਬਰ 102 ਹੈ। ਅਰਥਾਤ ਪਟਵਾਰੀ ਦੇ ਕਾਗਜ਼ਾਂ ‘ਤੇ ਇਸਦੀ ਜਾਇਆ ਵਕੂਹ 102 ਹੈ। ਫਿਲੌਰ ਤੋਂ ਰੇਲੇ ਜਾਈਏ ਤਦ ਇਸਨੂੰ ਸਟੇਸ਼ਨ ਦੂਜਾ ਪੈਂਦਾ ਹੈ। ਫਿਲੌਰ ਤੋਂ ਨਕੋਦਰ ਜਾਣ ਵਾਲੀ ਪੱਕੀ ਸੜਕੇ ‘ਮੁਆਈ’ ਦੇ ਚੁਰਾਹੇ ‘ਤੇ ਦੱਖਣ ਵੱਲ ਮੁੜਦਿਆਂ ਇਹ 2 ਮੀਲ ਦੇ ਫ਼ਾਸਲੇ ‘ਤੇ ਹੈ। ਪ੍ਰਚੀਨ ਨਿਸ਼ਾਨੀਆਂ ਜ਼ਾਹਰ ਕਰਦੀਆਂ ਹਨ ਕਿ ਬਿਲਗਾ ਲਾਹੌਰ ਤੋਂ ਦਿੱਲੀ ਜਾਣ ਵਾਲੀ ਪੁਰਾਤਨ ਸੜਕ ‘ਤੇ ਆਬਾਦ ਸੀ/ਹੈ।”
ਬਿਲਗੇ ਦੇ ਵੱਸਣ-ਰਸਣ, ਜਿਹੜਾ ਬਿਲਗਾ ਉਪਨਾਮ ਤੋਂ ਪਹਿਲਾਂ ਵੀ ਥੇਹ ਹੋਇਆ, ਬਾਰੇ ਕਈ ਕਥਾ-ਕਥਾਵਾਂ ਹਨ। ਉਸ ਥੇਹ ਵਾਲੀ ਥਾਂ ‘ਤੇ ਮੁੜ ਪੱਕੀ ਤਾਮੀਰ ਦੇ ਬਾਨੀ ਸੰਘੇੜੇ ਜੱਟ ਸਨ। ਫਿਲੋਰ ਕਿਲ੍ਹੇ ਦੇ ਬਾਹਰਲੇ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਇਮਾਰਤ ਵੱਲ ਨਿਗਾਹ ਮਾਰੀਏ ਤਾਂ ਸਾਹਮਣੀ ਦੀਵਾਰ ‘ਤੇ ਲਿਖਿਆ ਨਜ਼ਰ ਪਵੇਗਾ, “ਇਹ ਕਿਲ੍ਹਾ ਫੁੱਲ ਜੱਟ ਸੰਘੇੜੇ ਨੇ ਤਾਮੀਰ ਕੀਤਾ।”
ਜੈਸਲਮੇਰ (ਰਾਜਸਥਾਨ), ਜਿਥੇ ਸੰਘੇੜੇ ਵੱਸਦੇ ਸਨ, ਵਿਖੇ ਕਈ ਵਰ੍ਹੇ ਵਾਰਸ਼ ਨਾ ਹੋਈ ਤਾਂ ਇਹ ਕੁਨਬਾ ਆਪਣੇ ਇੱਕ ਆਗੂ ਦੀ ਰਹਿਨੁਮਾਈ ਹੇਠ ਪੰਜਾਬ ਨੂੰ ਹੋ ਤੁਰਿਆ। ਬਰਨਾਲੇ ਲਾਗੇ, ਇੱਕ ਖਾਲੀ ਪਿਆ ਸਬਜ਼ ਖਿੱਤਾ ਪਸੰਦ ਆ ਗਿਆ ਤਾਂ ਉਥੇ ਮੋੜ੍ਹੀ ਗੱਡ ਦਿੱਤੀ, ਨਾਂ ਰੱਖਿਆ ‘ਸੰਘੇੜਾ’, ਜਿਸ ਮਗਰੋਂ ਬਰਨਾਲੇ ਪਰਗਣੇ ਦੇ ਇੱਕ ਨਾਮਵਰ ਪਿੰਡ ਦੀ ਉਪਮਾ ਖੱਟੀ। ਇਸ ਪਿੰਡ ਦੇ ਪੁਰਖੇ ਸ਼ਿਕਾਰ ਦੇ ਸ਼ੌਕੀਨ ਸਨ, ਦੁਰੇਡੇ ਸ਼ਿਕਾਰੀਆਂ ਨਾਲ ਰਲ ਮਾਅਰਕੇਬਾਜ਼ ਸ਼ਿਕਾਰ ਖੇਡਦੇ। ਇਸੇ ਤਹਿਤ ਇੱਕ ਵਾਰ ‘ਫੁੱਲ ਅਤੇ ਭਿੱਖੀ’ ਸੰਘੇੜੇ ਦੇ ਲਾਣੇ ਸਮੇਤ ਸਤਲੁੱਜ ਪਾਰ ਆ ਗਏ, ‘ਫੁੱਲ ਸੰਘੇੜਾ’ ਸਤਲੁੱਜ ਕੰਢੇ, ਜਿਸ ਫਿਲੌਰ ਆਬਾਦ ਕੀਤਾ, ਟਿੱਕ ਗਿਆ ਅਤੇ ਭਿੱਖੀ ਨਕੋਦਰ ਰਾਹੇ ਪੈ ਗਿਆ। ਇਸ ਤਰਫ ਦਾ ਇਲਾਕਾ ਦੋ ਧੜਵੈਲ ਰਾਜਪੂਤ ਭਰਾਵਾਂ- ‘ਤੁੱਲੇ ਅਤੇ ਬੇਗੇ’ ਦੀ ਮਾਲਕੀ ਹੇਠ ਸੀ। ਹਾਲਾਤ ਵੱਸ ਦੋਹਾਂ ਨੇ ਮਾਲਕੀ ਵੰਡ ਲਈ। ਅਜਬ ਸ਼ਿਕਾਰੀ ਬੇਗਾ, ਲਾਬਲਦ ਸੀ ਅਤੇ ਕਿਸਬ ਤੇ ਦੁਬੱਲੇ ਦੀਆਂ ਲੋੜਾਂ ਵੱਸ ਉਸਦੀ ‘ਭਿੱਖੀ ਸੰਘੇੜੇ’ ਨਾਲ ਪੀਡੀ ਸਾਂਝ ਪੈ ਗਈ, ਜਿਸ ਭਿੱਖੀ ਨੂੰ ਮੌਜੂਦਾ ਬਿਲਗਾ ਵਾਲੀ ਥਾਂ ਵੱਸਣ ਦਾ ਸੱਦਾ ਦੇ ਇੱਕ ਵੱਡਾ ਰਕਬਾ ਦੇ ਦਿੱਤਾ। ਮਗਰੋਂ ਇੱਥੇ ਜਿਹੜੀ ਆਬਾਦੀ ਇੱਕ ਨਾਮਵਰ ਪਿੰਡ ਵਜੋਂ ਪ੍ਰਫੁਲਤ ਹੋਈ, ਉਹ ਪਹਿਲਾਂ ਬੇਗੇ ਦੇ ਨਾਂ ‘ਤੇ ‘ਬੇਗੇਵਾਲਾ’ ਅਤੇ ਮਗਰੋਂ ਵਿਗੜਦੀ-ਸੰਵਰਦੀ ‘ਬਿਲਗਾ’ ਨਾਂ ਅਖਤਿਆਰ ਕਰ ਗਈ। ਕਿਹਾ ਜਾਂਦਾ ਹੈ ਕਿ ‘ਤੁੱਲੇ’ ਨੇ ‘ਤਲਵਣ’ ਵਸਾਇਆ ਅਤੇ ‘ਬੇਗੇ’ ਨੇ ‘ਬਿਲਗਾ’। ‘ਬਿਲਗਾ’, ਜਿਹੜਾ ਮਗਰੋਂ, ‘ਬੇਗੇ ਰਾਜਪੂਤ’ ਦੀ ਦਰਿਆਦਿਲੀ, ‘ਭਿੱਖੀ ਸੰਘੇੜੇ’ ਦੀ ਬਦੌਲਤ ਅਤੇ ‘ਫੁੱਲ ਸੰਘੇੜੇ’ ਦੀ ਧੜਵੈਲ ਮਦਦ ਨਾਲ ‘ਸੰਘੇੜਾ ਕੁਨਬੇ’ ਦੀ ਪੱਕੀ ਮਾਲਕੀ ਬਣਿਆ।
1885 ਦੇ ਬੰਦੋਬਸਤ ਵੇਲੇ ਪੁਰੀ ਤਰ੍ਹਾਂ ਰਸ-ਵੱਸ ਚੁੱਕੇ ਬਿਲਗਾ ਪਿੰਡ ਪ੍ਰਬੰਧ ਵਜੋਂ ਅੱਠ ਪੱਤੀਆਂ ਵਿੱਚ ਤਕਸੀਮ ਹੋਇਆ: ਪੱਤੀ ਬੱਗਾ (ਬੇਗਾ), ਪੱਤੀ ਭੱਟੀ (ਰਾਜਪੂਤ), ਪੱਤੀ ਭੋਜਾ, ਮੈਹਣਾ, ਮਨਸੂਰ, ਦੁਨੀਆ, ਨੀਲੋਵਾਲ ਅਤੇ ਪੱਤੀ ਭਲਾਈ। ਪੱਤੀ ਭਲਾਈ ਵਾਲਿਆਂ ਦਾ ਇੱਕ ਪੁਰਖਾ ਮਹਾਰਾਜਾ ਰਣਜੀਤ ਸਿੰਘ ਦਾ ਅਹਿਲਕਾਰ ਸੀ, ਜਿਸ ਕਾਰਨ ਭਲਾਈਆਣਾਂ ਵਾਲਿਆਂ ਨੂੰ ਦਰਬਾਰੇ (ਦਰਬਾਰੀ) ਕਿਹਾ ਜਾਂਦਾ ਸੀ। ਇਨ੍ਹਾਂ ਦੇ ਉਦੋਂ ਤੋਂ ਵੱਧ ਸਾਧਨ-ਸੰਪਨ ਹੋਣ ਅਤੇ ਸੁਪੀਅਰਟੀ ਕੰਪਲੈਕਸ ਦਾ ਕਾਰਨ ਵੀ ਇਹੋ ਸਬੰਧ ਬਣੇ। ਇਵੇਂ ਹੀ ਇਸਤੋਂ ਕਿਤੇ ਪਹਿਲਾਂ, ਇਨ੍ਹਾਂ ਦੇ ਇੱਕ ਪੁਰਖੇ ਸ਼ਾਮਲਾ ਸੰਘੇਰਾ ਦੀ ਔਰੰਗਜ਼ੇਬ ਵੇਲੇ ਦਿੱਲੀ ਦੇ ਹਾਕਮਾਂ ਨਾਲ ਸੁਰ ਸਾਂਝੀ ਸੀ, ਜਿਸ ਕਾਰਨ ਉਸਨੂੰ ਪਹਿਲਾਂ ਦਿੱਲੀ ਨੇੜੇ ਅਤੇ ਮਗਰੋਂ ਬੇਨਤੀ ਕਰਨ ‘ਤੇ ਬਿਲਗੇ ਦੀ ਪੱਤੀ ਮਹਿਣਾ ਵਿੱਚ ਵਿਸ਼ੇਸ਼ ਮਾਲਕੀ ਮਿਲੀ।
ਅੰਗਰੇਜ਼ਾਂ ਦੀ ਨਜ਼ਰ ਵਿੱਚ ਬਿਲਗਾ ‘ਬਾਗੀਆ ਦਾ ਪਿੰਡ’ ਸੀ। ਗ਼ਦਰੀ ਭਗਤ ਸਿੰਘ ਬਿਲਗਾ ਅਨੁਸਾਰ “ਸਤਲੁਜ ਪਾਰ ਕਰਕੇ ਜਦ ਅੰਗਰੇਜ਼ ਆਏ ਤਾਂ ਬਿਲਗਾ ਸਰਜ਼ਮੀਨ ਨੇ ਉਨ੍ਹਾਂ ਖਿਲਾਫ ਜੰਗ ਲੜੀ। ਮਾਲੀਆ ਦੇਣੋਂ ਇਨਕਾਰ, ਦਾਣਾ-ਫੱਕਾ ਅਤੇ ਚਾਰਾ ਦੇਣੋਂ ਇਨਕਾਰ, ਵਿਦੇਸ਼ੀ ਕੱਪੜੇ ਦਾ ਬਾਈਕਾਟ, ਦਿਹਾਤੀ ਕਾਨਫਰੰਸਾਂ, ਅਕਾਲੀ ਮੋਰਚਿਆਂ ਵਿੱਚ ਸ਼ਮੂਲੀਅਤ, ਬੱਬਰ ਅਕਾਲੀਆਂ ਦੀ ਹਿਫਾਜਤ, ‘ਦੋਆਬੇ ਮੇਂ ਨਹਿਰ ਨਿਕਾਲੋ ਮੋਰਚਾ’ ਅਤੇ ‘ਖੁਸ਼ ਹੈਸੀਅਤ ਟੈਕਸ ਵਿਰੁੱਧ’ ਅਤੇ ਇਨਕਲਾਬੀ ਤੇ ਕਮਿਊਨਿਸਟ ਤਹਿਰੀਕਾਂ। ਕਿਰਤੀ-ਕਿਸਾਨ ਲਾਮਬੰਦੀਆਂ ਅਤੇ ਇਨਕਲਾਬੀ ਪੇਪਰਾਂ ਦੀ ਇਸ਼ਾਇਤ ਵਿੱਚ ਭਰਪੂਰ ਹਿੱਸਾ, ਲੋਕ ਵਿਰੋਧੀ ਕਾਨੂੰਨਾਂ ਦੀਆਂ ਧੱਜੀਆਂ, ਜੁਰਮਾਨੇ-ਕੁਰਕੀਆਂ ਤੇ ਜੇਲ੍ਹਾਂ, ਆਦਿ ਬਿਲਗੇ ਵਾਲਿਆਂ ਦੀ ਜੰਗ-ਏ-ਆਜ਼ਾਦੀ ਅਤੇ ਜਮਹੂਰੀ ਤੇ ਆਰਥਿਕ ਹੱਕ ਪ੍ਰਾਪਤੀ ਦੀਆਂ ਕੁਝ ਮਿਸਾਲਾਂ ਹਨ।”
ਗੱਲ ਕੀ “ਹਕੂਮਤ” ਹੋਵੇ ਜਾਂ “ਲੱਠਮਾਰ ਤਨਜ਼ੀਮ”, ਸਿਰ ਨਾ ਝੁਕਾਉਣਾ ਇਨ੍ਹਾਂ ਦੀ ਖੁਦਦਾਰੀ ਸੀ/ਹੈ। ਸੂਹੇ ਪਿੰਡ ਬਿਲਗਾ ਵਿੱਚ ਕਰੀਬ ਇੱਕ ਸੈਂਕੜਾ ਵੱਖ-ਵੱਖ ਤਨਜ਼ੀਮਾਂ ਤਹਿਤ ਸਿਰਲੱਥ ਅਤੇ ਕੁਰਬਾਨ ਦੇਸ਼ਭਗਤ ਤੇ ਲੋਕ-ਪੱਖੀ ਕਰਮਯੋਗੀ ਹੋਏ ਹਨ; ਹੁਣ ਵੀ ਹਨ। ਸਾਰਿਆਂ ਦੀ ਬੇ-ਜੋੜ ਅਤੇ ਮਾਣਮੱਤੀ ਗਾਥਾ ਹੈ, ਪਰ ਇਨ੍ਹਾਂ ਵਿੱਚੋਂ ਦੇਸ਼ ਭਗਤ ਯਾਦਗਰ ਕਮੇਟੀ ਦੇ ਬਾਨੀਆਂ ਅਤੇ “ਗ਼ਦਰ ਪਾਰਟੀ ਅਤੇ ਤਾਅ ਦੇਸ਼ ਭਗਤਾਂ ਦੇ ਧਰੋਹਰ” ਦੇਸ਼ ਭਗਤ ਯਾਦਗਾਰ ਹਾਲ-ਜਲੰਧਰ ਦੇ ਸਥਾਪਿਤ ਕਰਨ ਵਾਲਿਆਂ ਵਿੱਚੋਂ ਇੱਕ ਮਹਰੂਮ ਗ਼ਦਰੀ ਭਗਤ ਸਿੰਘ ਬਿਲਗਾ ਦਾ ਨਾਂ ਬੜਾ ਉੱਘਾ ਹੈ।