ਡਾ. ਅਰਵਿੰਦਰ ਸਿੰਘ ਭੱਲਾ
ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।
ਫੋਨ: +91-9463062603
ਅਜੋਕੇ ਸਮੇਂ ਵਿੱਚ ਜੇਕਰ ਅਸੀਂ ਸਿੱਖ ਕੌਮ ਦੇ ਧਾਰਮਿਕ ਰਹਿਨੁਮਾਵਾਂ ਅਤੇ ਸਿਆਸੀ ਆਗੂਆਂ ਦੇ ਵਰਤਾਉ, ਸ਼ਬਦਾਵਲੀ, ਸੋਚ ਅਤੇ ਕਿਰਦਾਰਾਂ ਉੱਪਰ ਝਾਤ ਮਾਰੀਏ ਤਾਂ ਸੱਚ ਜਾਣਿਓ! ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸੁਹਿਰਦਤਾ ਤੇ ਵਿਦਵਤਾ ਤੋਂ ਸੱਖਣੇ ਅਤੇ ਬੌਧਿਕ ਕੰਗਾਲੀ ਦੇ ਸ਼ਿਕਾਰ ਸਾਡੇ ਆਗੂਆਂ ਵਿੱਚ ਸਿੱਖ ਕੌਮ ਨੂੰ ਸੇਧ ਦੇਣ ਲਈ ਲੌੜੀਂਦੀ ਦੂਰਅੰਦੇਸ਼ੀ, ਯੋਗਤਾ ਅਤੇ ਸਮਰੱਥਾ ਦੀ ਬੇਹੱਦ ਕਮੀ ਦਿਖਾਈ ਦੇ ਰਹੀ ਹੈ।
ਉਨ੍ਹਾਂ ਦੀ ਮਨਸ਼ਾ, ਮਨਸੂਬੇ ਅਤੇ ਕਾਰਕਰਦਗੀ ਹੁਣ ਸਿੱਖ ਕੌਮ ਵੱਲੋਂ ਸ਼ੱਕ ਦੀ ਨਿਗਾਹ ਨਾਲ ਦੇਖੀ ਜਾ ਰਹੀ ਹੈ। ਅਜੋਕੀ ਸਿੱਖ ਸਿਆਸਤ ਦਾ ਸਭ ਤੋਂ ਵੱਧ ਅਫ਼ਸੋਸਜਨਕ ਪਹਿਲੂ ਇਹ ਹੈ ਕਿ ਇੱਕ ਪਾਸੇ ਅਸੀਂ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਸਰਵਉੱਚਤਾ ਉਤੇ ਸਵਾਲ ਖੜ੍ਹੇ ਕਰ ਰਹੇ ਹਾਂ ਅਤੇ ਦੂਜੇ ਪਾਸੇ ਭਰਾਮਾਰੂ ਜੰਗ ਵਿੱਚ ਇਕ ਦੂਜੇ ਦੀ ਕਿਰਦਾਰਕੁਸ਼ੀ, ਇੱਕ ਦੂਜੇ ਉੱਪਰ ਇਲਜ਼ਾਮਤਰਾਸ਼ੀ, ਹੁਲੜਬਾਜ਼ੀ ਅਤੇ ਆਪਹੁਦਰੇਪਣ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਗਏ ਹਾਂ। ਅੱਜ ਕੋਈ ਕਿਸੇ ਨੂੰ ਆਪਣਾ ਆਗੂ ਮੰਨਣ ਲਈ ਤਿਆਰ ਨਹੀਂ, ਕੋਈ ਪੰਥਕ ਏਜੰਡੇ ਉਤੇ ਆਮ ਸਹਿਮਤੀ ਲਈ ਆਪਣੇ ਨਿੱਜੀ ਮੁਫਾਦ ਛੱਡਣ ਲਈ ਤਿਆਰ ਨਹੀਂ, ਕੋਈ ਪੰਥਕ ਸੋਚ ਨੂੰ ਅਪਣਾਉਣ ਲਈ ਇੱਕ ਮੰਚ ਉਤੇ ਸੰਗਤੀ ਰੂਪ ਵਿੱਚ ਬੈਠਣ ਨੂੰ ਤਿਆਰ ਨਹੀਂ ਅਤੇ ਹਰ ਕੋਈ ਛੋਟਾ-ਵੱਡਾ ਲੀਡਰ ਖੁਦ ਨੂੰ ਪੰਥਕ ਆਵਾਜ਼ ਕਰਾਰ ਦਿੰਦੇ ਹੋਏ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਕਠਪੁਤਲੀਆਂ ਵਾਂਗ ਵਿਚਰਨ ਨੂੰ ਆਪਣਾ ਸੁਭਾਗ ਸਮਝ ਰਿਹਾ ਹੈ।
ਵਰਤਮਾਨ ਸਮੇਂ ਵਿੱਚ ਪੰਥ ਹਿਤੈਸ਼ੀ ਖੁਦ ਨੂੰ ਅਲੱਗ-ਥਲੱਗ ਸਮਝ ਰਹੇ ਹਨ, ਟਕਸਾਲੀ ਆਗੂ ਪਹਿਲਾਂ ਹੀ ਹਾਸ਼ੀਏ ਉੱਤੇ ਧਕੇਲ ਦਿੱਤੇ ਗਏ ਹਨ, ਸਿੱਖ ਨੌਜਵਾਨਾਂ ਨੂੰ ਵਰਗਲਾਉਣ ਦੀਆਂ ਕੋਸ਼ਿਸ਼ਾਂ ਕਰਨ ਵਿੱਚ ਮਾਹਿਰ ਸਿਆਸਤਦਾਨ ਹਮੇਸ਼ਾ ਵਾਂਗ ਪੰਥ ਦੋਖੀਆਂ ਦੇ ਹੱਥਾਂ ਵਿੱਚ ਕਠਪੁਤਲੀਆਂ ਵਾਂਗ ਵਿਚਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਸਿੱਖਾਂ ਦੇ ਸਰੋਕਾਰਾਂ, ਹਿੱਤਾਂ ਅਤੇ ਮੰਗਾਂ ਦਾ ਵੱਖ-ਵੱਖ ਧਿਰਾਂ ਵੱਲੋਂ ਕੀਤਾ ਜਾ ਰਿਹਾ ਸਿਆਸੀਕਰਨ ਸਿੱਖ ਕੌਮ ਨੂੰ ਸੂਬਾਈ, ਰਾਸ਼ਟਰੀ ਅਤੇ ਆਲਮੀ ਪੱਧਰ ਉਤੇ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਰਿਹਾ ਹੈ। ਦਰਅਸਲ ਸਿੱਖਾਂ ਨੂੰ ਆਪਸੀ ਵਾਦ-ਵਿਵਾਦਾਂ ਅਤੇ ਭੰਬਲਭੂਸੇ ਵਿੱਚ ਉਲਝਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਬਣਾਉਣ ਲਈ ਸਾਡੇ ਆਗੂਆਂ ਕੋਲ ਉਚਿਤ ਰਣਨੀਤੀ ਤੇ ਇੱਛਾ ਸ਼ਕਤੀ ਦੀ ਘਾਟ ਦੇ ਫ਼ਲਸਰੂਪ ਸਿੱਖਾਂ ਦੇ ਮਸਲਿਆਂ ਦਾ ਹੱਲ ਲੱਭਣ ਲਈ ਉਸਾਰੂ, ਦੂਰਅੰਦੇਸ਼ ਤੇ ਸਕਾਰਾਤਮਕ ਸੋਚ ਅਪਣਾਉਣ ਦੀ ਬਜਾਏ ਜਜ਼ਬਾਤ ਦੇ ਵਹਿਣ ਵਿੱਚ ਵਹਿ ਕੇ ਸਾਡੇ ਮੌਕਾਪ੍ਰਸਤ ਤੇ ਉਲਾਰੂ ਸੋਚ ਵਾਲੇ ਅਖੌਤੀ ਪੰਥਕ ਤੇ ਸਿਆਸੀ ਆਗੂਆਂ ਵੱਲੋਂ ਪੰਥ ਨੂੰ ਦਰਪੇਸ਼ ਚੁਣੌਤੀਆਂ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਵਰਤਮਾਨ ਸਮੇਂ ਵਿੱਚ ਬੇਭਰੋਸਗੀ ਦਾ ਆਲਮ ਇਹ ਹੈ ਕਿ ਲੋਕ ਆਪਣੇ ਵਿਅਕਤੀਗਤ ਏਜੰਡੇ ਨੂੰ ਬੜਾਵਾ ਦੇਣ ਲਈ ਸਿੱਖ ਪਰੰਪਰਾਵਾਂ, ਸ਼੍ਰੋਮਣੀ ਸੰਸਥਾਵਾਂ ਅਤੇ ਸੁਹਿਰਦ ਸੋਚ ਰੱਖਣ ਵਾਲੇ ਆਗੂਆਂ ਨੂੰ ਆਪਣਾ ਜਾਤੀ ਦੁਸ਼ਮਣ ਸਮਝ ਰਹੇ ਹਨ।
ਜਿਸ ਨਾਜ਼ੁਕ ਦੌਰ ਵਿੱਚੋਂ ਅੱਜ ਸਿੱਖ ਕੌਮ ਨੂੰ ਗੁਜ਼ਰਨਾ ਪੈ ਰਿਹਾ ਹੈ, ਜਿਸ ਤਰ੍ਹਾਂ ਸਿੱਖ ਕੌਮ ਦਾ ਵਿਰੋਧ ਕਰਨ ਵਾਲੇ ਸਿੱਖ ਕੌਮ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖਾਂ ਦੇ ਸਰੋਕਾਰਾਂ ਨੂੰ ਢਾਹ ਲਾਉਣ ਲਈ ਸਾਜ਼ਿਸ਼ਾਂ ਰਚ ਰਹੇ ਹਨ ਅਤੇ ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਸਿੱਖ ਇੱਕ ਦੂਜੇ ਵਿਰੁੱਧ ਖੜ੍ਹੇ ਹੋ ਕੇ ਆਪਣੇ ਆਪ ਨੂੰ ਸਹੀ ਤੇ ਦੂਜੇ ਨੂੰ ਨੀਵਾਂ ਦਿਖਾਉਂਦੇ ਹੋਏ ਸਿੱਖ ਕੌਮ ਦੀਆਂ ਜੜਾਂ ਨੂੰ ਖੋਖਲਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਇਸ ਸਭ ਦੇ ਮੱਦੇਨਜ਼ਰ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਸਾਨੂੰ ਪੰਥ ਦੋਖੀਆਂ ਦੀਆਂ ਸਾਜ਼ਿਸ਼ਾਂ ਤੋਂ ਖ਼ਬਰਦਾਰ ਰਹਿਣ ਦੇ ਨਾਲ-ਨਾਲ ਆਪਣੇ ਗਿਰੇਬਾਨ ਵਿੱਚ ਵੀ ਝਾਕਣ ਦੀ ਲੋੜ ਹੈ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਆਪਣੀਆਂ ਅਸਫ਼ਲਤਾਵਾਂ ਲਈ ਹਮੇਸ਼ਾ ਦੂਜਿਆਂ ਸਿਰ ਦੋਸ਼ ਮੜ੍ਹਨ ਨਾਲ ਕਦੇ ਵੀ ਹਾਲਾਤ ਨੂੰ ਸੁਧਾਰਿਆ ਨਹੀਂ ਜਾ ਸਕਦਾ ਹੈ।
ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਿਸ ਸਮਾਜਿਕ, ਸਭਿਆਚਾਰਕ, ਰਾਜਨੀਤਕ, ਆਰਥਿਕ, ਵਿਚਾਰਧਾਰਕ ਅਤੇ ਧਾਰਮਿਕ ਨਿਘਾਰ ਵਿੱਚੋਂ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਆਪਣੀ ਬੇਸਮਝੀ ਵਸ ਉਸੇ ਨਿਘਾਰ ਵੱਲ ਬੜੀ ਕਾਹਲੀ-ਕਾਹਲੀ ਕਦਮ ਵਧਾ ਰਹੇ ਹਾਂ। ਅਜੋਕੇ ਸਮੇਂ ਵਿੱਚ ਡੇਰੇਦਾਰਾਂ, ਅਖੌਤੀ ਵਿਦਵਾਨਾਂ, ਮੀਡੀਆ ਚੈਨਲਾਂ, ਨਵੇਂ-ਨਵੇਂ ਬਣੇ ਪ੍ਰਚਾਰਕਾਂ ਅਤੇ ਸੋਸ਼ਲ ਮੀਡੀਆ ਉੱਪਰ ਸਰਗਰਮ ਕੁਝ ਲੋਕਾਂ ਵੱਲੋਂ ਸਿੱਖਾਂ ਨੂੰ ਮਾਨਸਿਕ ਤੌਰ ਉੱਤੇ ਭਰਮਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਤਿਹਾਸਕ ਤੱਥਾਂ ਨੂੰ ਜਾਣ-ਬੁੱਝ ਕੇ ਤੋੜਿਆ-ਮਰੋੜਿਆ ਜਾ ਰਿਹਾ ਹੈ ਅਤੇ ਸੁਨਹਿਰੀ ਤੇ ਮਾਣਮੱਤੀਆਂ ਸਿੱਖ ਰਵਾਇਤਾਂ ਉਤੇ ਬੇਲੋੜੇ ਤੇ ਵਿਵਾਦਪੂਰਨ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇੱਕ ਤਰਫ਼ ਅਸੀਂ ਖ਼ੁਦ ਨੂੰ ਗੁਰੂ ਦੇ ਸਿੱਖ ਕਹਾਉਣ ਦਾ ਦਾਅਵਾ ਕਰਦੇ ਹਾਂ ਅਤੇ ਦੂਜੀ ਤਰਫ਼ ਅਸੀਂ ਗੁਰੂ ਵੱਲੋਂ ਦਰਸਾਏ ਮਾਰਗ ਉੱਪਰ ਚੱਲਣ ਤੋਂ ਵੀ ਮੁਨਕਰ ਹਾਂ। ਅਸੀਂ ਆਪਣੀ ਹਰ ਸਮੱਸਿਆ, ਦੁਚਿੱਤੀ ਅਤੇ ਵਿਵਾਦ ਲਈ ਦੂਸਰਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਖ਼ੁਦ ਨੂੰ ਬੇਕਸੂਰ ਕਹਿਲਾਉਣ ਦੇ ਆਦੀ ਹੋ ਚੁੱਕੇ ਹਾਂ। ਅਸਲ ਵਿੱਚ ਨਾ ਸਾਡਾ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਨਾਲ ਕੋਈ ਮੋਹ ਰਿਹਾ ਹੈ, ਨਾ ਹੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਗਏ ਸਿੱਖੀ ਸਰੂਪ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਨਾ ਹੀ ਅਸੀਂ ਪੰਜਾਬੀ ਭਾਸ਼ਾ ਤੇ ਪੰਜਾਬੀ ਸਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਨਾ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਹਾਲ ਰੱਖਣ ਵਿੱਚ ਸਮਰਥ ਹਾਂ ਅਤੇ ਨਾ ਅਸੀਂ ਸਿੱਖ ਗੁਰੂਆਂ ਦੇ ਅਦੁੱਤੀ ਉਪਦੇਸ਼ਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਲਈ ਤਤਪਰ ਹਾਂ। ਅਸਲ ਵਿੱਚ ਅਸੀਂ ਸਿਰਫ ਫਜ਼ੂਲ ਦੇ ਬਹਿਸ ਮੁਬਾਹਿਸਿਆਂ ਵਿੱਚ ਉਲਝ ਕੇ ਆਪਣੀ ਪੰਥਕ ਸ਼ਕਤੀ ਨੂੰ ਵਿਅਰਥ ਗੁਆਉਣ ਵਿੱਚ ਰੁਚਿਤ ਹਾਂ। ਸਾਨੂੰ ਵਿਅਕਤੀਗਤ ਅਤੇ ਪੰਥਕ ਤੌਰ `ਤੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਆਪਸ ਵਿੱਚ ਉਲਝ ਕੇ, ਗੁਰਬਾਣੀ ਦੇ ਮਨਚਾਹੇ ਅਰਥ ਕੱਢ ਕੇ, ਸਿੱਖ ਆਦਰਸ਼ਾਂ ਨੂੰ ਤਿਆਗ ਕੇ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਆਪਣੇ ਫਰਜ਼ ਭੁਲਾ ਕੇ, ਸਿੱਖ ਪਰੰਪਰਾਵਾਂ ਨੂੰ ਵਾਦ-ਵਿਵਾਦ ਦਾ ਹਿੱਸਾ ਬਣਾ ਕੇ, ਗੁਰੂ ਨਾਨਕ ਦੇ ਆਦਰਸ਼ ਸਮਾਜ ਦੇ ਸੰਕਲਪ ਨੂੰ ਵਿਸਾਰ ਕੇ, ਗੁਰਮਤਿ ਦੇ ਰਾਹ ਨੂੰ ਛੱਡ ਕੇ ਮਨਮੱਤ ਦੇ ਰਾਹ ਉੱਤੇ ਤੁਰਦਿਆਂ ਨਾ ਤਾਂ ਵਿਅਕਤੀਗਤ ਤੌਰ `ਤੇ ਸਾਡਾ ਤੇ ਨਾ ਸਮੂਹਿਕ ਰੂਪ ਵਿੱਚ ਪੰਥ ਦਾ ਕੋਈ ਭਲਾ ਹੋ ਸਕਦਾ ਹੈ।
ਬੇਸ਼ਕ ਅੱਜ ਸਿੱਖਾਂ ਨੂੰ ਵਰਗਲਾਉਣ, ਗੁੰਮਰਾਹ ਕਰਨ ਅਤੇ ਆਪਸ ਵਿੱਚ ਇੱਕ ਦੂਜੇ ਖ਼ਿਲਾਫ਼ ਖੜ੍ਹੇ ਹੋਣ ਲਈ ਸੁਚੇਤ ਪੱਧਰ ਉਤੇ ਵੱਖ-ਵੱਖ ਧਿਰਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਿੱਖਾਂ ਦੀਆਂ ਸਾਰੀਆਂ ਦੁਨਿਆਵੀ ਅਤੇ ਰੂਹਾਨੀ ਉਲਝਣਾਂ ਦਾ ਹੱਲ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਣ ਅਤੇ ਪੰਥਕ ਸੋਚ ਨੂੰ ਅਪਣਾਉਣ ਵਿੱਚ ਛੁਪਿਆ ਹੋਇਆ ਹੈ। ਬਦਕਿਸਮਤੀ ਨਾਲ ਅਸੀਂ ਇਹ ਸਮਝਣ ਦੀ ਸਭ ਤੋਂ ਵੱਡੀ ਭੁੱਲ ਕਰ ਰਹੇ ਹਾਂ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਸ਼ਾਇਦ ਸਾਡੇ ਬਦਨੀਅਤ ਅਖੌਤੀ ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਜ਼ਰਖਰੀਦ ਸਿੱਖ ਧਰਮ ਦੇ ਠੇਕੇਦਾਰਾਂ ਕੋਲ ਹੈ। ਜਦੋਂ ਤੱਕ ਹਰ ਸਿੱਖ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੀਆਂ ਗੁੱਝੀਆਂ ਰਮਜ਼ਾਂ ਨੂੰ ਨਹੀਂ ਸਮਝੇਗਾ, ਤਦ ਤੱਕ ਸਿੱਖ ਕੌਮ ਇਸੇ ਤਰ੍ਹਾਂ ਆਪਣਿਆਂ ਅਤੇ ਬਿਗਾਨਿਆਂ ਦੇ ਹੱਥੋਂ ਖੁਆਰ ਹੁੰਦੀ ਰਹੇਗੀ। ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਗੁਰੂ ਵੱਲ ਪਿੱਠ ਕਰਕੇ ਅਸੀਂ ਨਾ ਤਾਂ ਆਪਣਾ ਅਤੇ ਨਾ ਹੀ ਕੌਮ ਦਾ ਕੁਝ ਸੰਵਾਰ ਸਕਾਂਗੇ।
ਅਜੋਕੇ ਸਮੇਂ ਵਿੱਚ ਇਸ ਗੱਲ ਨੂੰ ਤਵੱਜੋ ਦੇਣ ਦੀ ਲੋੜ ਹੈ ਕਿ ਪੰਥਕ ਏਕਤਾ ਲਈ ਪੰਜਾਬ ਅਤੇ ਭਾਰਤ ਦੇ ਦੂਰ-ਦਰਾਜ਼ ਦੇ ਇਲਾਕਿਆਂ ਵਿੱਚ ਵਸਦੇ ਸਿਕਲੀਗਰ, ਵਣਜਾਰੇ, ਲੁਬਾਣੇ, ਸਤਨਾਮੀਏ, ਭੀਲ ਅਤੇ ਦਲਿਤ ਸਿੱਖਾਂ ਵਿੱਚ ਪੈਦਾ ਹੋ ਰਹੇ ਬੇਗਾਨਗੀ ਦੇ ਅਹਿਸਾਸ ਨੂੰ ਖਤਮ ਕਰਕੇ ਇਨ੍ਹਾਂ ਸਿੱਖਾਂ ਨੂੰ ਸਿੱਖ ਸੰਸਥਾਵਾਂ ਵਿੱਚ ਬਰਾਬਰੀ ਦੇ ਆਧਾਰ ਉੱਤੇ ਪਹਿਲਾਂ ਨਾਲੋਂ ਵਧੇਰੇ ਪ੍ਰਤੀਨਿਧਤਾ ਦਿੱਤੀ ਜਾਵੇ ਅਤੇ ਹਰੇਕ ਸਿੱਖ ਦੀਆਂ ਲੋੜਾਂ ਤੇ ਸਰੋਕਾਰਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਕਿਸੇ ਇੱਕ ਵਿਸ਼ੇਸ਼ ਜਾਤੀ, ਕਬੀਲੇ ਅਤੇ ਨਸਲ ਨਾਲ ਸਬੰਧਤ ਸਿੱਖਾਂ ਨੂੰ ਆਪਣੇ ਉੱਚੇ ਆਰਥਿਕ ਰੁਤਬੇ ਜਾਂ ਰਾਜਨੀਤਕ ਅਸਰ-ਰਸੂਖ ਕਾਰਨ ਹੋਰਨਾਂ ਸਿੱਖਾਂ ਵਿੱਚ ਡਰ, ਬੇਵਿਸ਼ਵਾਸੀ ਅਤੇ ਸ਼ੰਕੇ ਪੈਦਾ ਕਰਨ ਤੋਂ ਰੋਕਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਫਿਰ ਸ਼ੋਸ਼ਣ, ਅਨਾਦਰ ਅਤੇ ਤ੍ਰਿਸਕਾਰ ਦਾ ਸਾਹਮਣਾ ਕਰ ਰਹੇ ਇਹ ਸਿੱਖ ਹੌਲੀ-ਹੌਲੀ ਸਿੱਖ ਧਰਮ ਤੋਂ ਸਦਾ ਲਈ ਦੂਰ ਹੋ ਜਾਣਗੇ। ਅੱਜ ਇਸ ਗੱਲ ਦੀ ਵੀ ਬੇਹੱਦ ਲੋੜ ਹੈ ਕਿ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਸ਼ੁਧ ਹਿਰਦੇ ਨਾਲ ਹਰ ਤਰ੍ਹਾਂ ਦੇ ਸਿਆਸੀ ਜੋੜ-ਤੋੜ ਅਤੇ ਵਕਤੀ ਤੌਰ ਉੱਪਰ ਮਿਲਣ ਵਾਲੇ ਸਿਆਸੀ ਲਾਭਾਂ ਦੇ ਮੋਹ ਨੂੰ ਤਿਆਗ ਕੇ ਇੱਕ ਵਾਰ ਨਵੇਂ ਸਿਰਿਉਂ ਪੰਥਕ ਸੋਚ ਨੂੰ ਅਪਣਾਉਣ ਅਤੇ ਪੰਥਕ ਏਜੰਡੇ ਵੱਲ ਵਾਪਸ ਮੁੜਨ ਦੀ ਪਹਿਲਕਦਮੀ ਕੀਤੀ ਜਾਵੇ। ਇਸ ਸੱਚਾਈ ਨੂੰ ਸਵੀਕਾਰ ਕਰਨ ਵਿੱਚ ਵੀ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਕਿ ਇੱਕ-ਦੂਜੇ ਉਤੇ ਚਿੱਕੜ ਸੁੱਟ ਕੇ ਸਿੱਖ ਸਿਰਫ ਜੱਗ ਹਸਾਈ ਤਾਂ ਕਰਵਾ ਸਕਦੇ ਹਨ, ਪਰ ਸਿੱਖ ਆਪਣੇ ਹਿੱਤਾਂ ਦੀ ਰਾਖੀ ਕਰਨ ਦੇ ਕਦੇ ਸਮਰੱਥ ਨਹੀਂ ਹੋ ਸਕਦੇ ਹਨ।