ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ

ਖਬਰਾਂ ਵਿਚਾਰ-ਵਟਾਂਦਰਾ

*ਕਦੀ ਆਪਣੇ ਲਈ, ਕਦੀ ਨਿਓਟਿਆਂ ਤੇ ਨਿਆਸਰਿਆਂ ਲਈ
ਜਸਵੀਰ ਸਿੰਘ ਸ਼ੀਰੀ
ਪਿਛਲੇ ਮਹੀਨੇ ਕੁ ਵਿੱਚ ਹੀ, ਜਦੋਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ‘ਤੇ ਬੈਠੇ ਹਨ, ਪੰਜਾਬ, ਖਾਸ ਕਰਕੇ ਪੇਂਡੂ ਪੰਜਾਬ ਉਨ੍ਹਾਂ ਦੇ ਸਾਹਾਂ ਵਿੱਚ ਸਾਹ ਲੈਣ ਲੱਗਿਆ ਹੈ। ਇਹੋ ਇਸ ਖਿੱਤੇ ਦੀ ਫਿਤਰਤ ਹੈ। ਪੰਜਾਬ ਦਾ ਪੇਂਡੂ ਖੇਤਰ ਹੀ ਹੁਣ ਅਸਲ ਪੰਜਾਬ ਹੈ, ਕਿਉਂਕਿ ਸ਼ਹਿਰੀ ਮਜ਼ਦੂਰ ਅਤੇ ਮਾਲਕ ਦੋਨੇ ਗੈਰ-ਪੰਜਾਬੀ/ਗੈਰ-ਸਿੱਖ ਹਨ।

ਬੀਤੇ ਦਿਨੀਂ ਜਦੋਂ ਲੁਧਿਆਣੇ ਦੀਆਂ ਸਨਅਤਾਂ ਦਾ ਗੰਦਾ ਪਾਣੀ ਕੁਝ ਸਮਾਜਿਕ ਕਾਰਕੁੰਨ ਅਤੇ ਵਾਤਾਵਰਣ ਪ੍ਰੇਮੀ ਬੁੱਢੇ ਦਰਿਆ ਵਿੱਚ ਪੈਣੋਂ ਬੰਦ ਕਰਨ ਲੱਗੇ ਸਨ ਤਾਂ ਇਹ ਪੰਜਾਬ ਦਾ ਸ਼ਹਿਰੀ ਮਾਲਕ+ਪਰਵਾਸੀ ਲਾਣਾ ਹੀ ਸੀ ਜਿਹੜਾ ਪੰਜਾਬ ਦੇ ਪਾਣੀਆਂ ਦੇ ਰਾਖਿਆਂ ਦੇ ਖਿਲਾਫ ਚੜ੍ਹ ਕੇ ਆ ਗਿਆ ਸੀ। ਇਹ ਜੰਗ ਹਾਲੇ ਮੁੱਕੀ ਨਹੀਂ। ਮੁੱਕਣੀ ਵੀ ਨਹੀਂ, ਜਦੋਂ ਤੱਕ ਇਹ ਕਹਾਣੀ ਸਿਰੇ ਨਹੀਂ ਲਗਦੀ। ਕੇਂਦਰੀ ਹਾਕਮ ਦੁਖੀ ਹਨ ਕਿ ਪੰਜਾਬ ਹਮੇਸ਼ਾਂ ਮੁਹਿੰਮਾਂ ‘ਤੇ ਚੜ੍ਹਿਆ ਰਹਿੰਦਾ ਹੈ। ਪੰਜਾਬ ਨੇ ਮੁਹਿੰਮਾਂ ‘ਤੇ ਚੜ੍ਹਿਆ ਰਹਿਣਾ, ਕਦੀ ਆਪਣੇ ਲਈ, ਕਦੀ ਨਿਤਾਣਿਆਂ-ਨਿਆਸਰਿਆਂ ਲਈ। ਮੁਹਿੰਮਾਂ ਦੀ ਗੁੜ੍ਹਤੀ ਇਸ ਧਰਤੀ ਨੂੰ ਜੰਮਦਿਆਂ ਹੀ ਮਿਲ ਗਈ ਸੀ। ਇਹ ਹੁਣ ਇਸ ਦੇ ਖਮੀਰ ਵਿੱਚ ਮੌਜੂਦ ਹੈ, ਮੌਜੂਦ ਰਹੇਗੀ।
1992-1993 ਵਿੱਚ ਖਾੜਕੂ ਸਿੱਖ ਲਹਿਰ ਦੇ ਨਿਵਾਣਾ ਵੱਲ ਚਲੇ ਜਾਣ ਤੋਂ ਬਾਅਦ ਹਰ ਸਿਆਸੀ ਅਸਫਲਤਾ ਨੂੰ ‘ਅਤਿਵਾਦ’ ਦੇ ਸਿਰ ਮੜ੍ਹ ਕੇ ਖਹਿੜਾ ਛੁਡਾ ਲਿਆ ਜਾਂਦਾ ਸੀ। ਹੁਣ ਤਾਂ ਉਨ੍ਹਾਂ ਘਟਨਾਵਾਂ ਨੂੰ ਥੰਮਿ੍ਹਆਂ ਵੀ 30-32 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ! ਕੀ ਸੁਆਰ ਦਿੱਤਾ ਇੱਥੇ ਰਾਜ ਕਰਦੀਆਂ ਰਹੀਆਂ ਪਾਰਟੀਆਂ ਤੇ ਸਿਆਸਤਦਾਨਾਂ ਨੇ? ਹਾਲੇ ਤੱਕ ਵੀ ਸਾਡੇ ਤੋਂ ਨਾ ਆਪਣੀ ਆਰਥਿਕਤਾ ਲੀਹ ‘ਤੇ ਲਿਆਂਦੀ ਗਈ ਹੈ, ਨਾ ਵਿਦਿਅਕ ਢਾਂਚਾ ਅਤੇ ਨਾ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਪੰਜਾਬ ਵਿੱਚ ਰਹੀਆਂ ਤੇ ਹੁਣ ਰਾਜ ਕਰ ਰਹੀਆਂ ਸਰਕਾਰਾਂ ਸਫਲ ਹੋ ਸਕੀਆਂ ਹਨ। ਸਗੋਂ ਸਥਿਤੀ ਅੱਗੇ ਨਾਲੋਂ ਵੀ ਵਿਗੜ ਗਈ ਹੈ। ਸਮੱਸਿਆਵਾਂ ਹੋਰ ਗੁੰਝਲਦਾਰ ਹੋ ਗਈਆਂ ਹਨ। ਕਦੀ ਅਸੀਂ ਨਹਿਰੀ ਪਾਣੀ-ਬਿਜਲੀ ‘ਤੇ ਆਪਣੇ ਹੱਕ ਲਈ ਲੜਦੇ ਸਾਂ, ਉਹ ਤਾਂ ਨਹੀਂ ਮਿਲੇ, ਪਰ ਹੁਣ ਸਾਡੇ ਕੋਲ ਬਚਦੇ-ਖੁਚਦੇ ਪਾਣੀ ਵੀ ਖਤਮ ਹੋਣ ਕੰਢੇ ਹਨ। ਦਰਿਆਵਾਂ ਵਿੱਚ ਵਗਦਾ ਮਾੜਾ ਮੋਟਾ ਪਾਣੀ ਪ੍ਰਦੂਸ਼ਤ ਹੋ ਗਿਆ ਹੈ। ਧਰਤੀ ਹੇਠਲਾ ਪਤਾਲ ਨੂੰ ਜਾ ਲੱਗਾ ਹੈ। ਕੇਂਦਰ ਸਰਕਾਰ ਸਾਰੇ ਕੁਝ ਨੂੰ ਜਿਉਂ ਦਾ ਤਿਉਂ ਛੱਡ ਕੇ ਭੱਜਣ ਲਈ ਤਿਆਰ ਹੈ। ਪੰਜਾਬ ਦੇ ਸਿਆਸਤਦਾਨ ਪੰਜਾਬ ਦੀ ਮਿੱਟੀ (ਰੇਤਾ) ਵੇਚ ਕੇ ਵਿਦੇਸ਼ਾਂ ਵਿੱਚ ਆਪਣੇ ਲਈ ਸੁਰੱਖਿਅਤ ਟਿਕਾਣੇ, ਜਾਇਦਾਦਾਂ ਬਣਾ ਰਹੇ ਹਨ। ਹੋਰ ਵੇਚਣ ਲਈ ਹੁਣ ਬਚਿਆ ਵੀ ਕੀ ਹੈ? ਜਦੋਂ ਸੰਕਟ ਗਹਿਰਾ ਹੋਇਆ ਧਰਤੀ, ਪਾਣੀ ਆਬੋ-ਹਵਾ ਨੇ ਜੀਣੋਂ ਜਵਾਬ ਦੇ ਦਿੱਤਾ, ਸਾਰਾ ਸਿਆਸੀ ਕੋੜਮਾ ਜਹਾਜੇ ਚੜ੍ਹ ਜਾਵੇਗਾ। ਇਹੋ ਜਿਹੇ ਹਾਲਤਾਂ ਵਿੱਚ ਧਮਾਤੜ/ਜਵਾਨੀ ਕਿਧਰ ਨੂੰ ਜਾਵੇ? ਗੈਂਗਸਟਰ ਨਾ ਬਣੇ ਤਾਂ ਕੀ ਕਰੇ? ਕਿਸਾਨੀ ਸਰਕਾਰਾਂ ਦੇ ਸਿਰ ਚੜ੍ਹ ਕੇ ਨਾ ਮਰੇ ਤਾਂ ਹੋਰ ਕੀ ਕਰੇ? ਪੰਜਾਬ ਸਰਕਾਰ ਵਾਂਗ ‘ਕੱਟੜ ਇਮਾਨਦਾਰ’ ਹੋ ਜਾਵੇ?
ਇਨ੍ਹਾਂ ਸਮੱਸਿਆਵਾਂ ਦਾ ਸਾਡੀ ਪੰਜਾਬ ਸਰਕਾਰ ਕੋਲ, ਕੇਂਦਰ ਕੋਲ ਹੱਲ ਇਹ ਹੈ ਕਿ ਜਦੋਂ ਬੇਰੁਜ਼ਗਾਰੀ, ਆਰਥਕ ਅਵਾਜ਼ਾਰੀ, ਅਨਪੜ੍ਹਤਾ ਨਾਲ ਘੁਲਦੇ ਮੁੰਡੇ ਗਲਤੀ ਨਾਲ ਹਥਿਆਰ ਚੁੱਕ ਲੈਣ ਤਾਂ ਉਨ੍ਹਾਂ ਨੂੰ ਪੁਲਿਸ ਮੁਕਾਬਲੇ ਬਣਾ ਕੇ ਮਾਰ ਸੁੱਟੋ? ਮੁੰਡੇ ਵੀ ਗਰੀਬੀ ਨਾਲ ਘੁਲਦੇ ਘਰਾਂ ਦੇ? ਜਿਨ੍ਹਾਂ ਦਾ ਕੋਈ ਮੁਜ਼ਰਮਾਨਾ ਪਿੱਛੋਕੜ ਵੀ ਨਹੀਂ।
ਕੁੱਝ ਦਿਨ ਪਹਿਲਾਂ ਆਰ.ਐਸ.ਐਸ. ਦੇ ਮੁੱਖੀ ਮੋਹਨ ਭਾਗਵਤ ਨੇ ਭਾਜਪਾ ਨਾਲੋਂ ਥੋੜ੍ਹਾ ਫਰਕ ਪਾਉਂਦਿਆਂ ਬਿਆਨ ਦਿੱਤਾ ਸੀ ਕਿ ਦੇਸ਼ ਬਹੁਤ ਰੰਗ-ਬਰੰਗਾ ਤੇ ਬਹੁ-ਸੱਭਿਆਚਾਰੀ ਹੈ ਅਤੇ ਸਾਨੂੰ ਇਸ ਖਿਚੜੀ ਨੂੰ ਨਾਲ ਲੈ ਕੇ ਹੀ ਚਲਣਾ ਪਏਗਾ। ਪਰ ਇੱਕ ਦੋ ਦਿਨ ਬਾਅਦ ਹਕੂਮਤ ਦਾ ਅਸਲ ਰੰਗ ਉਘੜ ਆਇਆ। ਜਿਨ੍ਹਾਂ ਦੀ ਸਾਰੀ ਰਾਸ ਲੀਲ੍ਹਾ ਹੀ ਭੇਦਭਾਵ/ਊਚ ਨੀਚ ‘ਤੇ ਖੜ੍ਹੀ ਹੈ, ਉਹ ਸਦਭਾਵਨਾ ਸਿੱਖਾ ਰਹੇ ਹਨ। ਇਹ ਭੇਦ ਭਾਵ ਤਾਂ ਗੈਂਗਸਟਰਾਂ ਤੱਕ ਉਤਰ ਆਇਆ ਹੈ। ਇਕਨਾਂ (ਗੈਂਗਸਟਰਾਂ) ਦੀ ਜੁਆਈਆਂ ਵਾਂਗ ਸੇਵਾ ਕਰਦੇ ਹੋ, ਪੁਲਿਸ ਹਿਰਾਸਤਾਂ ਵਿੱਚ ਇੰਟਰਵਿਊਆਂ ਕਰਵਾਉਂਦੇ ਹੋ, ਦੂਜਿਆਂ ਦੇ ਗੋਲੀਆਂ ਮਾਰਦੇ ਹੋ? ਗੈਂਗਸਟਰ ਦੇਸ਼ ਭਗਤ ਤੇ ਦੇਸ਼ ਧਰੋਹੀ ਕਦੋਂ ਦੇ ਹੋ ਗਏ? ਇਹ ਤਰੀਕਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ? ਅਖੇ ਯੂ.ਪੀ. ਵਿੱਚ ਆਣ ਕੇ ਤਸੀਂ ਸੁਰੱਖਿਅਤ ਨਹੀਂ ਰਹਿ ਸਕਦੇ? ਪੰਜਾਬ ਵਿੱਚ ਅਸੀਂ ਸੁਰੱਖਿਅਤ ਹਾਂ? ਮਰਨ ਵਰਤ ਰੱਖ ਸਕਦੇ ਹਾਂ ਜਾਂ ਖੁਦਕਸ਼ੀ ਕਰ ਸਕਦੇ ਹਾਂ। ਆਸੇ-ਪਾਸੇ ਗਏ ਤਾਂ ਭਗਵੇਂ ਮੀਰ ਮੰਨੂ ਦੇ ਬੁਲਡੋਜ਼ਰ ਤੋਂ ਵੀ ਬਚ ਨਹੀਂ ਸਕਦੇ, ਕਿੱਥੇ ਬਚ ਸਕਦੇ ਹਾਂ ਅਸੀਂ? “ਵੀਰ ਬਾਲ ਦਿਵਸ” ਦੇ ਮੌਕੇ ‘ਤੇ ਪੰਜਾਬ ਦੇ ਗਰੀਬ/ਦਲਿਤ ਪਰਿਵਾਰਾਂ ਦੇ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਕੇ ਕਿਹੜਾ ਸਖਤ ਸੁਨੇਹਾ ਦਿੱਤਾ ਜਾ ਰਿਹਾ ਸਾਨੂੰ? ਸਾਹਿਬਜ਼ਾਦਿਆਂ ਨੂੰ ਦਿੱਤੇ ਗਏ ਸੁਨੇਹੇ ਨਾਲੋਂ ਵੀ ਸਖ਼ਤ ਹੈ ਤੁਹਾਡਾ ਇਹ ਸੁਨੇਹਾ?
ਪੰਜਾਬ ਨਾਲ, ਪੰਜਾਬੀ ਨਾਲ, ਪੰਜਾਬ ਦੀ ਧਰਤੀ ਤੇ ਆਬੋ ਹਵਾ ਨਾਲ, ਲੋਕਾਂ ਨਾਲ, ਰੁੱਖਾਂ ਤੇ ਫਿਜ਼ਾਵਾਂ ਨਾਲ ਮੁਹੱਬਤ ਕਰਨ ਵਾਲੇ ਲੋਕਾਂ, ਬੱਚੇ-ਖੁਚੇ ਬੱਧੀਮਾਨਾਂ/ਸਿਆਸਤ ਦਾ ਮੱਸ ਰੱਖਣ ਵਾਲੀ ਅਕਲ ਨੂੰ ਅਪੀਲ ਹੈ ਕਿ ਕਰ ਲਓ ਕੋਈ ਬੰਨ੍ਹ ਸੁੱਬ ਜੇ ਹੁੰਦਾ ਤੇ! ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖੁੱਸਣ ਵਾਲੀ ਹੈ, ਲਬਾਂ ਤੋਂ ਪਾਣੀ ਸੁੱਕ ਜਾਣਾ ਅਤੇ ਸਾਹਾਂ ਜੋਗ ਆਸਮਾਨ ਨਹੀਂ ਬਚਣਾ। ਜੇ ਇਸ ਤੋਂ ਵੀ ਬਚ ਗਏ ਤਾਂ ਹੜ੍ਹਾਂ ਨੇ ਡੋਬ ਦੇਣਾ। ਸਾਡੀ ਜ਼ਮੀਨ ਸਿੰਜਣ ਲਈ ਤੇ ਦਰਿਆਵਾਂ ‘ਚ ਪਾਣੀ ਹੁਣ ਰਿਹਾ ਨਹੀਂ, ਡੋਬਣ ਵੇਲੇ ਜ਼ਰੂਰ ਆ ਜਾਂਦਾ। ਪੰਜਾਬ ਦੇ ਪਾਣੀ ਦੇ ਕੁਦਰਤੀ ਵਹਾਅ ਨੂੰ ਕੱਟਵੇਂ ਹਾਈਵੇ ਬਣਾਏ ਜਾ ਰਹੇ, ਬਣਾਏ ਜਾਣਗੇ। ਇਨ੍ਹਾਂ ਨਾਲ ਪੰਜਾਬ ਨੇ ਕਈ ਹਿੱਸਿਆਂ ਵਿੱਚ ਵੰਡਿਆ ਜਾਣਾ। ਇਨ੍ਹਾਂ ਹਿੱਸਿਆਂ ਨੇ ਬਾਰਸ਼ ਦੇ ਮੌਸਮ ਵਿੱਚ ਹੜ੍ਹਾਂ ਲਈ ‘ਡੈਥ ਚੈਂਬਰ’ ਬਣ ਜਾਇਆ ਕਰਨਾ। ਸੋ ਜੇ ਤ੍ਰੇਲ ਨਾਲ ਤੇਹ ਬੁਝਾ ਕੇ, ਉਧਾਰੇ ਸਾਹਾਂ ਦੇ ਅਸਰੇ ਬਚ ਵੀ ਗਏ ਤਾਂ ਹੜ੍ਹ ਦਾ ਪਾਣੀ ਤੁਹਾਨੂੰ ਡੋਬਣ ਲਈ ਕਾਫੀ ਹੋਵੇਗਾ। ਜਿਹੜਾ (ਹਾਈਵੇ) ਵਿਕਾਸ ਪੰਜਾਬ ਵਿੱਚ ਹੁਣ ਹੋ ਰਿਹਾ, ਇਹਦਾ 100 ਫੀਸਦੀ ਸਿੱਟਾ ਇਹੋ ਹੀ ਨਿਕਲੇਗਾ। ਮੇਰੀ ਇਸ ਲਿਖਤ ਨੂੰ ਇਸਟਾਮ ‘ਤੇ ਲਿਖਾ ਕੇ ਰੱਖਣਾ। ਇਹ ਝੂਠ ਸਿੱਧ ਹੋਇਆ ਤਾਂ ਮੇਰੀ ਮੜ੍ਹੀ ‘ਤੇ ਕਰੋੜ ਜੁੱਤੀ ਮਾਰਨਾ ਤੇ ਇੱਕ ਗਿਣਨਾ। ਜਿਨ੍ਹਾਂ ਲੋਕਾਂ ਦੀ ਆਪਣੇ ਅਤੇ ਆਪਣੇ ਆਲੇ-ਦੁਆਲੇ ਦੇ ਵਿਕਾਸ ਵਿੱਚ ਰਜ਼ਾ ਸ਼ਾਮਲ ਨਾ ਹੋਵੇ, ਉਨ੍ਹਾਂ ਨਾਲ ਇਵੇਂ ਹੋਇਆ ਕਰਦੀ ਹੈ। ਬ੍ਰਹਮ ਪੁੱਤਰ ਦਰਿਆ ‘ਤੇ ਚੀਨ ਬੰਨ੍ਹ ਬਣਾ ਰਿਹਾ, ਭਾਰਤੀ ਹਾਕਮ ਤੜਫ ਉੱਠੇ ਹਨ, ਅਖੇ ਪਾਣੀ ਰੋਕ ਕੇ, ਇੱਕ ਦਮ ਛੱਡ ਕੇ ਸਾਨੂੰ ਪਿਆਸੇ ਮਾਰਨਗੇ ਜਾਂ ਹੜ੍ਹਾਂ ਵਿੱਚ ਡੋਬਣਗੇ। ਤੁਸੀਂ ਕੰਜਰੋ ਪੰਜਾਬ ਨਾਲ ਹਰ ਸਾਲ ਇਹੋ ਸਲੂਕ ਕਰਦੇ ਹੋ, ਅਸੀਂ ਕੀ ਕਰੀਏ? ਕੀਹਦੇ ਕੋਲ ਪਿੱਟੀਏ? ਜਿਸ ਰਾਜ ਦੀ ਅੱਧੀ ਆਬਾਦੀ ਹਰ ਆਏ ਸਾਲ ਪਾਣੀ ਵਿੱਚ ਡੁੱਬ ਜਾਵੇ, ਉਸ ਤੋਂ ਕਿਸ ਵਿਕਾਸ ਦੀ ਆਸ ਕੀਤੀ ਜਾ ਸਕਦੀ ਹੈ? ਫਿਰ ਵੀ ਸਾਡੇ ਜ਼ੇਰੇ ਵੇਖ, ਜਿਉਣ ’ਤੇ ਲੜਨ ਦੀ ਜਿੱਦ ਨਹੀਂ ਛੱਡਦੇ। ਹੁਣ ਸਾਡਾ ਡੱਲੇਵਾਲ ਇਸ ਸਿਦਕ ਦੀ ਮਿਸਾਲ ਬਣਿਆ ਬੈਠਾ। ਕੱਲ੍ਹ ਨੂੰ ਕੋਈ ਹੋਰ ਹੋਵੇਗਾ। ਕਿੰਨੀ ਲੰਮੀ ਏ ਵੇਖ ਕਤਾਰ ਸਾਡੀ… ਮੀਰ ਮੰਨੂ ਦੀ ਦਾਤਰੀ ਵੱਢਦੀ ਵੱਢਦੀ ਥੱਕ ਗਈ।

Leave a Reply

Your email address will not be published. Required fields are marked *