*ਪੀਲੀਭੀਤ ਮੁਕਾਬਲੇ ਦੀ ਵੱਖ-ਵੱਖ ਧਿਰਾਂ ਵੱਲੋਂ ਨਿਆਂਇਕ ਜਾਂਚ ਦੀ ਮੰਗ
ਪੰਜਾਬੀ ਪਰਵਾਜ਼ ਬਿਊਰੋ
ਪੁਲਿਸ ਮੁਕਾਬਲਿਆਂ ਵਿੱਚ ਪੰਜਾਬ ਦੇ ਨੌਜੁਆਨ ਮੁੰਡਿਆਂ ਦੀਆਂ ਮੌਤਾਂ ਦਾ ਮਸਲਾ ਇੱਕ ਵਾਰ ਫਿਰ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਗੂੰਜਣ ਲੱਗਿਆ ਹੈ। ਇੱਕ ਪਾਸੇ ਸੀ.ਬੀ.ਆਈ. ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ 30-32 ਸਾਲ ਪਹਿਲਾਂ ਹੋਏ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ, ਦੂਜੇ ਪਾਸੇ ਯੂ.ਪੀ. ਦੇ ਪੀਲੀਭੀਤ ਇਲਾਕੇ ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇੱਕ ਸਾਂਝੇ ਉਪਰੇਸ਼ਨ ਵਿੱਚ ਪੰਜਾਬ ਦੇ 3 ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਹੈ।
ਜਦਕਿ ਮਾਰੇ ਜਾਣ ਵਾਲੇ ਨੌਜਵਾਨਾਂ ਦੇ ਮਾਪਿਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉਨ੍ਹਾਂ ਇਸ ਮੁਕਾਬਲੇ ਦੀ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਮਾਰੇ ਗਏ ਇੱਕ ਨੌਜਵਾਨ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਦੇ ਸ਼ਰੀਰ ‘ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਹਿਰਾਸਤੀ ਕੁੱਟਮਾਰ ਵਿੱਚ ਹੋਈ ਹੈ। ਤਿੰਨਾਂ ਹੀ ਮੁੰਡਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ।
ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇਸ ਸੰਬੰਧ ਵਿੱਚ ਜਾਣਕਾਰੀ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਸੰਬੰਧਤ ਗੁਰਦਾਸਪੁਰ ਖੇਤਰ ਦੇ ਤਿੰਨ ਨੌਜਵਾਨ- ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ ਉਰਫ ਰਵੀ (23) ਅਤੇ ਜਸ਼ਨਪ੍ਰੀਤ ਸਿੰਘ ਉਰਫ ਪਰਤਾਪ ਸਿੰਘ (18) ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ। ਪੁਲਿਸ ਅਨੁਸਾਰ ਇਹ ਸਾਰੇ ਨੌਜਵਾਨ ਕਲਾਨੌਰ ਖੇਤਰ ਦੇ ਰਹਿਣ ਵਾਲੇ ਸਨ। ਇਹ ਇੱਥੋਂ ਦੇ ਹੀ ਬਖਸ਼ੀਵਾਲਾ ਥਾਣੇ ‘ਤੇ ਗਰਨੇਡ ਹਮਲੇ ਵਿੱਚ ਲੋੜੀਂਦੇ ਸਨ। ਯਾਦ ਰਹੇ, ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਂ ਦੀ ਇੱਕ ਜਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਮੁਕਾਬਲਾ ਉੱਤਰ ਪ੍ਰਦੇਸ਼ ਵਿੱਚ ਪੀਲੀਭੀਤ ਦੇ ਪੂਰਨਪੁਰ ਖੇਤਰ ਵਿੱਚ ਹੋਇਆ ਦੱਸਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਡਾਇਰੈਕਟਰ ਜਨਰਲ ਅਮਿਤਾਭ ਯੱਸ਼ ਅਨੁਸਾਰ ਮੁਕਾਬਲੇ ਵਿੱਚ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਸੀ.ਐਚ.ਸੀ. ਪੂਰਨਪੁਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਦੋ ਏ.ਕੇ.-47 ਰਾਈਫਲਾਂ, ਦੋ ਪਿਸਤੌਲ ਅਤੇ ਕੁਝ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਮਾਰੇ ਗਏ ਨੌਜਵਾਨਾਂ ਦੇ ਮਾਪਿਆਂ ਨੇ ਪੁਲਿਸ ਦੀ ਕਹਾਣੀ ‘ਤੇ ਇਤਬਾਰ ਕਰਨੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਮਾਰਿਆ ਗਿਆ ਹੈ। ਨੌਜਵਾਨ ਜਸ਼ਨਦੀਪ ਦੇ ਮਾਪਿਆਂ ਨੇ ਉਸ ਦੇ ਸਸਕਾਰ ਮੌਕੇ ਲਾਸ਼ ਵੇਖਣ ਤੋਂ ਬਾਅਦ ਦੱਸਿਆ ਕਿ ਜਸ਼ਨਪ੍ਰੀਤ ਦੇ ਸਰੀਰ ‘ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਸੀ। ਇਸ ਲਈ ਇਹ ਮੁਕਾਬਲੇ ਦੀ ਕਹਾਣੀ ਝੂਠੀ ਹੈ। ਯਾਦ ਰਹੇ, ਜਸ਼ਨਪ੍ਰੀਤ ਦਾ ਹਾਲੇ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਗੁਰਵਿੰਦਰ ਸਿੰਘ ਕਲਾਨੌਰ ਕਸਬੇ ਅਤੇ ਰਵਿੰਦਰ ਸਿੰਘ ਪਿੰਡ ਅਗਵਾਨ ਦਾ ਰਹਿਣ ਵਾਲਾ ਸੀ। ਇੰਦਰਾ ਗਾਂਧੀ ਦੇ ਕਤਲ ਵਿੱਚ ਫਾਂਸੀ ਲੱਗਣ ਵਾਲੇ ਸਤਵੰਤ ਸਿੰਘ ਵੀ ਇਸੇ ਪਿੰਡ ਨਾਲ ਸੰਬੰਧਤ ਸਨ। ਮਾਰੇ ਜਾਣ ਵਾਲੇ ਤਿੰਨੋ ਨੌਜਵਾਨ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਨਾਲ ਸੰਬੰਧਤ ਹਨ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਪਾਇਲ ਹਲਕੇ ਤੋਂ ਅਸੈਂਬਲੀ ਮੈਂਬਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੁਲਿਸ ਮੁਕਾਬਲਾ ਝੂਠਾ ਜਾਪਦਾ ਹੈ ਅਤੇ ਉਨ੍ਹਾਂ ਇਸ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਕਿਰਪਾਲ ਸਿੰਘ ਰੰਧਾਵਾ, ਹਰਮਨਦੀਪ ਸਿੰਘ ਸਰਹਾਲੀ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ, ਗਰੀਬਾਂ ਅਤੇ ਘੱਟਗਿਣਤੀਆਂ ਨਾਲ ਸੰਬੰਧਤ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਸਮਾਜ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ ਇਨਸਾਫ ਮੰਗ ਰਿਹਾ ਹੈ ਤਾਂ ਇਨਸਾਫ ਦੇਣ ਦੀ ਬਜਾਏ ਨਿੱਤ ਨਵੀਆਂ ਕਹਾਣੀਆਂ ਘੜ ਕੇ ਨੌਜੁਆਨ ਝੂਠੇ ਮੁਕਾਬਲਿਆਂ ਵਿੱਚ ਮਾਰੇ ਜਾ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਦਖਲ ਦੀ ਮੰਗ ਕਰਦਿਆਂ ਨਿਆਇਂਕ ਜਾਂਚ ਮੰਗੀ ਹੈ।
ਇਸੇ ਦੌਰਾਨ ਰਾਜਨੀਤਿਕ ਵਿਸ਼ਲੇਸ਼ਕ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਆਗੂ ਮਾਲਵਿੰਦਰ ਸਿੰਘ ਮਾਲੀ ਨੇ ਵੀ ਇਸ ਮੁਕਾਬਲੇ ਦੀ ਨਿਆਇਂਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਨੌਜਵਾਨ ਧਮਾਕਿਆਂ ਵਿੱਚ ਸ਼ਾਮਲ ਵੀ ਸਨ, ਤਦ ਵੀ ਉਨ੍ਹਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਨਾ ਇੱਕ ਗੈਰ-ਕਾਨੂੰਨੀ ਕਾਰਵਾਈ ਹੈ। ਇਸੇ ਤਰ੍ਹਾਂ ਪਟਿਆਲਾ ਦੀ ਪ੍ਰਸਿੱਧ ਡਾਕਟਰ ਬੀਬੀ ਹਰਸਿੰLਦਰ ਕੌਰ ਨੇ ਇਸ ਪੁਲਿਸ ਮੁਕਾਬਲੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਾਡੀਆਂ ਸਰਕਾਰਾਂ ਬੱਚੇ ਖਾਣੀਆਂ ਹਨ। ਅਸੀਂ ਆਦਮਖੋਰ ਸਰਕਾਰਾਂ ਦੇ ਵੱਸ ਪਏ ਹੋਏ ਹਾਂ। ਇਸੇ ਦਰਮਿਆਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕੁੱਝ ਵਕੀਲਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਵਫਦ ਵਿੱਚ ਹਰਵਿੰਦਰਪਾਲ ਸਿੰਘ ਤੇ ਐਡਵੋਕੇਟ ਅਮਰਜੀਤ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਉਹ ਇੱਕ ਰਿਪੋਰਟ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਾਰੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਦੌਰਾਨ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਵੀ ਉਕਤ ਮੁਕਾਬਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਤਾਜ਼ਾ ਸਿਆਸੀ ਘਟਨਾਕਰਮ ‘ਤੇ ਨਜ਼ਦੀਕ ਤੋਂ ਨਜ਼ਰ ਰੱਖ ਰਹੇ ਕੁਝ ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਪੰਜਾਬ ਇੱਕ ਵਾਰ ਫਿਰ ਬਲਦੀ ਦੇ ਬੁੱਥੇ ਆਉਂਦਾ ਵਿਖਾਈ ਦੇ ਰਿਹਾ ਹੈ। ਇਸ ਸੰਬੰਧ ਵਿੱਚ ਇਸ਼ਾਰੇ ਵੱਖ-ਵੱਖ ਖੇਤਰਾਂ ਵਿੱਚ ਪਸਰ ਰਹੇ ਸੰਕਟਾਂ ਤੋਂ ਮਿਲਣੇ ਸ਼ੁਰੂ ਹੋ ਚੁੱਕੇ ਹਨ। ਸਥਿਤੀਆਂ ਏਨੀਆਂ ਜ਼ਿਆਦਾ ਗੰਭੀਰ ਹਨ ਕਿ ਨੇੜ ਭਵਿੱਖ ਵਿੱਚ ਪੰਜਾਬ ਅੰਦਰ ਕੋਈ ਚੱਜ ਦਾ ਸਿਆਸੀ ਬਦਲ ਨਹੀਂ ਉਭਰਦਾ, ਨਾਲ ਹੀ ਜੇ ਕੇਂਦਰ ਦੀਆਂ ਪੰਜਾਬ ਪ੍ਰਤੀ ਵਿਗੜੀਆਂ ਨੀਤੀਆਂ ਨਹੀਂ ਬਦਲਦੀਆਂ, ਤਾਂ ਇਹ ਖਿੱਤਾ ਇੱਕ ਵਾਰ ਫਿਰ ਭਿਆਨਕ ਕਲੇਸ਼ ਦਾ ਖਾਜਾ ਬਣਨ ਵੱਲ ਵਧ ਜਾਵੇਗਾ।
ਇਹ ਕਿਸਾਨ ਆਰਥਿਕਤਾ ਦਾ ਮਸਲਾ ਹੋਵੇ, ਜਾਂ ਕਿਸਾਨ ਸੰਘਰਸ਼ ਦਾ; ਵਿਦਿਅਕ ਖੇਤਰ ਵਿੱਚ ਆਈ ਖੜੋਤ, ਵਧ ਰਹੀ ਬੇਰੁਜ਼ਗਰੀ, ਨਸ਼ਿਆਂ ਨਾਲ ਮਰ ਰਹੀ ਜਵਾਨੀ ਜਾਂ ਖੁਦਕਸ਼ੀਆਂ ਕਰ ਰਹੀ ਕਿਸਾਨੀ; ਫੰਡਰ ਸਿਆਸਤਦਾਨਾਂ ਅਤੇ ਬਾਂਝ ਸਿਆਸੀ ਪਾਰਟੀਆਂ ਦਾ ਮਸਲਾ ਹੋਵੇ ਜਾਂ ਭ੍ਰਿਸ਼ਟ ਹੋ ਚੁੱਕੇ ਪ੍ਰਸ਼ਸਨਕ ਤਾਣੇ-ਬਾਣੇ ਦਾ, ਹਰ ਇਸ਼ਾਰਾ ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਸਬਰ ਜੁਆਬ ਦੇ ਰਿਹਾ ਹੈ। ਕਿਸਾਨ ਵਰਕਰ ਮਰਜੀਵੜੇ ਬਣਨ ਲਈ ਮਜ਼ਬੂਰ ਹਨ, ਆਗੂ ਮਰਨ ਵਰਤ `ਤੇ ਬਹਿ ਗਏ ਹਨ ਅਤੇ ਜਵਾਨੀ ਨਸ਼ਿਆਂ ਅਤੇ ਖੁਦਕਸ਼ੀ ਕਰਕੇ ਮਰਨ ਨਾਲੋਂ ਗੈਂਗਸਟਰ/ਕ੍ਰਿਮੀਨਲ ਬਣਨ ਨੂੰ ਤਰਜੀਹ ਦੇਣ ਲੱਗੀ ਹੈ। ਝੂਰ-ਝੂਰ ਕੇ ਮਰਨ ਨਾਲੋਂ ਖੋਹ ਕੇ ਖਾਣ ਲਈ ਤਰਜੀਹ ਵਧ ਰਹੀ ਹੈ। ਸਵਾਲਾਂ ਦਾ ਸਵਾਲ ਇੱਥੇ ਇਹ ਵੀ ਹੈ ਕਿ ਇਹੋ ਜਿਹੀਆਂ ਹਾਲਤਾਂ ਪੈਦਾ ਕਰਨ ਲਈ ਜ਼ਿੰਮੇਵਾਰ ਕੌਣ ਹੈ? ਬਿਨਾ ਸ਼ੱਕ ਸਿਆਸਤਦਾਨ, ਖਾਸ ਕਰਕੇ ਪੰਜਾਬ ਦੇ ਸਿਆਸਤਦਾਨ! ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ, ਉਨ੍ਹਾਂ ਨੇ ਆਪਣੇ ਘਰ ਭਰਨ ਅਤੇ ਲੋਕਾਂ ਨਾਲ ਵੋਟਾਂ ਦੀ ਠੱਗੀ ਮਾਰਨ ‘ਤੇ ਲੱਕ ਬੰਨਿ੍ਹਆ ਹੋਇਆ ਹੈ। ਖਜਾਨਾ ਆਪ ਲੁੱਟ ਰਹੇ ਹਨ, ਰਾਜ ਦੇ ਕੰਮ ਕਰਜ਼ੇ ਨਾਲ ਚਲਾ ਰਹੇ ਹਨ।
ਝੂਠੇ ਮੁਕਾਬਲੇ ਵਿੱਚ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ: ਇਸੇ ਦੌਰਾਨ ਬੀਤੀ 24 ਦਸੰਬਰ ਨੂੰ ਮੁਹਾਲੀ ਦੀ ਇੱਕ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਥਾਣਾ ਸਿਟੀ ਤਰਨਤਾਰਨ ਦੇ ਇੰਚਾਰਜ ਰਹੇ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ਨੂੰ ਇਸੇ ਕੇਸ ਨਾਲ ਸੰਬੰਧਤ ਕੁਝ ਹੋਰ ਮਾਮਲਿਆਂ ਵਿੱਚ 11 ਸਾਲ ਦੀ ਹੋਰ ਸਜ਼ਾ ਅਤੇ ਢਾਈ ਲੱਖ ਰੁਪਏ ਜ਼ਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। ਇਸੇ ਮਾਮਲੇ ਵਿੱਚ ਦੂਜੇ ਦੋਸ਼ੀ ਐਸ.ਆਈ. ਰੇਸ਼ਮ ਸਿੰਘ ਨੂੰ ਵੀ ਉਪਰੋਕਤ ਸਾਜ਼ਾਵਾਂ ਸੁਣਾਈਆਂ ਗਈਆਂ ਹਨ। ਇਸੇ ਮਾਮਲੇ ਵਿੱਚ ਧਾਰਾ 302 ਅਧੀਨ ਏ.ਐਸ.ਆਈ. ਹੰਸ ਰਾਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪੁਲਿਸ ਅਫਸਰਾਂ ਨੇ ਪੁਲਿਸ ਵਿੱਚ ਸਿਪਾਹੀ ਜਗਦੀਪ ਸਿੰਘ ਮੱਖਣ ਅਤੇ ਐਸ.ਪੀ.ਓ. ਗੁਰਨਾਮ ਸਿੰਘ ਪਾਲੀ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਖਤਮ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਸਨ।