ਯੂ.ਪੀ. ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਪੁਲਿਸ ਵੱਲੋਂ ‘ਮੁਕਾਬਲੇ’ ਵਿੱਚ ਮਾਰੇ ਜਾਣ ਅਤੇ ਉਨ੍ਹਾਂ ਦੇ ਕਿਸੇ ਖਾਲਿਸਤਾਨੀ ਫੋਰਸ ਦੇ ਮੈਂਬਰ ਹੋਣ ਦੇ ਦਾਅਵੇ ਸਰਾਸਰ ਝੂਠੇ ਹਨ। ਇਸ ਗੱਲ ਨੂੰ ਸਾਬਤ ਕਰਨ ਲਈ ਪ੍ਰੈਸ ਵਿੱਚ ਛਪੀਆਂ ਖ਼ਬਰਾਂ ਅਤੇ ਪੁਲਿਸ ਵੱਲੋਂ ਜਾਰੀ ਇਨ੍ਹਾਂ ਨੌਜਵਾਨਾਂ ਦੀਆਂ ਫੋਟੋਆਂ ਹੀ ਕਾਫੀ ਹਨ। ਲਾਸ਼ਾਂ ਵਿੱਚ ਦਿਖਾਏ ਕੱਪੜੇ ਅਤੇ ਪੁਲਿਸ ਵੱਲੋਂ ਜਾਰੀ ਕੀਤੀਆਂ ਪਾਸਪੋਰਟ ਸ਼ਾਇਜ ਫੋਟੋਆਂ ਵਿੱਚ ਨੌਜਵਾਨਾਂ ਦੇ ਹੂਬਹੂ ਉਹੋ ਕੱਪੜੇ ਪਹਿਨੇ ਹਨ, ਜੋ ਸਾਬਤ ਕਰਦਾ ਕਿ ਇਹ ਫੋਟੋਆਂ ਉਨ੍ਹਾਂ ਦਾ ਝੂਠਾ ਮੁਕਾਬਲਾ ਬਣਾਉਣ ਤੋਂ ਕੁਝ ਮਿੰਟ ਪਹਿਲਾਂ ਖਿੱਚੀਆਂ ਗਈਆਂ ਹਨ।
ਜੇ ਮੈਂ ਇਹ ਵੀ ਕਹਾਂ ਕਿ ਪੰਜਾਬ ਪੁਲਿਸ ਵਰਦੀਧਾਰੀ ਗੁੰਡਿਆਂ ਦਾ ਗ੍ਰੋਹ ਹੈ ਤਾਂ ਵੀ ਮੈਂ ਇਸ ਫੋਰਸ ਵੱਲੋਂ ਅੱਸੀਵਿਆਂ ਤੋਂ ਲਗਾਤਾਰ ਪੰਜਾਬ ਦੀ ਬਰਬਾਦੀ ਵਿੱਚ ਪਾਏ ਯੋਗਦਾਨ ਨਾਲ ਇਨਸਾਫ਼ ਨਹੀਂ ਕਰ ਰਿਹਾ ਹੋਵਾਂਗਾ। ਮੈਂ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ, ਗੈਰ-ਕਾਨੂੰਨੀ ਹਿਰਾਸਤ ਅਤੇ ਅਣਮਨੁੱਖੀ ਤਸ਼ੱਦਦ ਦੇ ਹਜ਼ਾਰਾਂ ਮਾਮਲਿਆਂ ਦੀ ਜਾਂਚ ਵਿੱਚ ਆਪਣੀ ਜ਼ਿੰਦਗੀ ਦੇ ਕਰੀਬ ਦਸ ਸਾਲ ਲਾਏ ਹਨ ਅਤੇ ਅਜਿਹੇ ਕੇਸਾਂ ਦੀ ਕਾਨੂੰਨੀ ਪੈਰਵੀ ਦੀਆਂ ਚਾਰਾ-ਜੋਈਆਂ ਵੀ ਕੀਤੀਆਂ ਹਨ। ਮੇਰਾ ਤਜਰਬਾ ਇਹੀ ਕਹਿੰਦਾ ਕਿ ਪੰਜਾਬ ਵਿੱਚ ਹਿੰਸਾ ਦੀ ਖੇਡ ਭਾਰਤ ਸਰਕਾਰ ਦੀਆਂ ਏਜੰਸੀਆਂ ਦੀ ਇੱਕ ਯੋਜਨਾ ਬੱਧ ਸ਼ਾਜਿਸ਼ ਹੈ। ਪੰਜਾਬ ਵਿੱਚ ਆਗੇਨਾਈਜ਼ਡ (ੌਰਗਅਨਡਿੲਦ) ਖਾੜਕੂਵਾਦ 1994 ਦੇ ਅੱਧ ਤੱਕ ਖਤਮ ਹੋ ਗਿਆ ਸੀ, ਪਰ ਉਸ ਤੋ ਬਾਅਦ ਅੱਜ ਤੱਕ ਖਾੜਕੂਵਾਦ ਦੇ ਡਰ ਨੂੰ ਜਿਉਂਦਾ ਰੱਖਣ ਭਾਰਤੀ ਏਜੰਸੀਆਂ ਵੱਲੋਂ ਵਿਸ਼ੇਸ਼ ਯਤਨ ਲਗਾਤਾਰ ਜਾਰੀ ਹਨ।
ਜੇ ਮੈਂ ਇਹ ਕਹਾਂ ਕਿ ਪੰਜਾਬ ਵਿੱਚ ਖਾੜਕੂਵਾਦ ਅਤੇ ਉਸਦਾ ਡਰ ਦਹਾਕਿਆਂ ਤੋਂ ਇੱਕ ਵੱਡੇ ਉਦਯੋਗ ਦਾ ਰੂਪ ਧਾਰ ਚੁੱਕਾ, ਜਿਸ ਨੂੰ ਬਣਾਈ ਰੱਖਣ ਵਿੱਚ ਪੁਲਿਸ, ਸਿਆਸਤਦਾਨਾਂ, ਵਿਦਵਾਨਾਂ ਅਤੇ ਪੱਤਰਕਾਰਾਂ ਦੇ ਵਿਸ਼ੇਸ਼ ਗੁੱਟਾਂ ਦੇ ਸਵਾਰਥੀ ਤੇ ਮਾਇਕ ਹਿੱਤ ਜੁੜੇ ਹੋਏ ਹਨ; ਪਰ ਇਸ ਸਭ ਕੁਝ ਦੀ ਸਰਪ੍ਰਸਤੀ ਭਾਰਤੀ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਉਦਯੋਗ ਨਾਲ ਜੁੜੀਆਂ ਇਨ੍ਹਾਂ ਧਿਰਾਂ ਦੇ ਲਾਲਚਾਂ ਨੂੰ ਪੂਰਾ ਕਰਨ ਅਤੇ ਪੰਜਾਬ ਵਿਚਲੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਇਸ ਵਿੱਚ ਡਰੱਗ ਦੇ ਧੰਦੇ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਹੁਣ ਪਿਛਲੇ ਕੁਝ ਸਾਲਾਂ ਤੋਂ ਇਸ ਗਠਜੋੜ ਵਿੱਚ ਗੈਗਸਟਰਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸੰਸਾਰ ਭਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਭਾਈਚਾਰਾ ਵੱਸਿਆ ਹੈ, ਉੱਥੇ ਉੱਥੇ ਸਿੱਖ ਸਿਆਸਤਦਾਨਾਂ, ਏਜੰਸੀਆਂ, ਡਰੱਗ ਡੀਲਰਾਂ ਅਤੇ ਗੈਗਸਟਰਾਂ ਦੇ ਇਸ ਗਠਜੋੜ ਦੇ ਵੱਖੋ-ਵੱਖਰੇ ਰੂਪ ਨਜ਼ਰ ਆ ਜਾਂਦੇ ਹਨ। ਇਸ ਨਾਪਾਕ ਗਠਜੋੜ ਆਸਰੇ ਇਕੱਠੇ ਕੀਤੇ ਕਰੋੜਾਂ ਅਰਬਾਂ ਦੇ ਧਨ ਨੂੰ ਵਿਦੇਸ਼ਾਂ ਵਿੱਚ ਕੀਮਤੀ ਜਾਇਦਾਦਾਂ ਅਤੇ ਵੱਡੇ ਵਪਾਰ ਸਥਾਪਤ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ। ਵਿਦੇਸ਼ਾਂ ਵਿੱਚ ਪੰਜਾਬ ਦੇ ਸਿਆਸਤਦਾਨਾਂ, ਸਾਬਕਾ ਪੁਲਿਸ ਅਫਸਰਾਂ ਅਤੇ ਡਰੱਗ ਡੀਲਰਾਂ ਦੇ ਸਾਂਝੇ ਵਪਾਰ ਤੇ ਜਾਇਦਾਦਾਂ ਹਨ। ਭਾਰਤੀ ਏਜੰਸੀਆਂ ਇਨ੍ਹਾਂ ਦੀ ਬਲੈਕ ਮਨੀ ਨੂੰ ਵਿਦੇਸ਼ਾਂ ਵਿੱਚ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ ਅਤੇ ਇਹ ਬਦਲੇ ਵਿੱਚ ਭਾਰਤੀ ਏਜੰਸੀਆਂ ਲਈ ਸਿੱਖ ਭਾਈਚਾਰੇ ਵਿੱਚ ਇੱਕ ਨੈਟਵਰਕ ਪੈਦਾ ਕਰਦੇ ਹਨ। ਮਤਲਬ ਇਹ ਕਿ ਸਿੱਖ ਭਾਰਤੀ ਏਜੰਸੀਆਂ ਦੀ ਫੈਲਾਈ ਵਿਸ਼ਵ ਵਿਆਪੀ ਬਹੁਤ ਗਹਿਰੀ ਸ਼ਾਜਿਸ ਵਿੱਚ ਫਸ ਚੁੱਕੇ ਹਨ, ਜਿਸ ਵਿੱਚੋਂ ਨਿਕਲਣ ਲਈ ਨਾ ਤਾਂ ਸਾਡੇ ਕੋਲ ਕੋਈ ਬੱਝਵੀ ਨੀਤੀ ਹੈ ਅਤੇ ਨਾ ਹੀ ਇਸ ਦੇ ਟਾਕਰੇ ਦੇ ਹਾਣ ਦੀ ਸਿਆਸਤ ਹੈ।
-ਅਮਰੀਕ ਸਿੰਘ ਮੁਕਤਸਰ