ਪਰਮਜੀਤ ਸਿੰਘ ਢੀਂਗਰਾ
ਫੋਨ: +91-94173 58120
ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਸਿਆਸੀ ਜਮਾਤ ਹੈ। ਜਦੋਂ 14 ਦਸੰਬਰ 1920 ਵਿੱਚ ਇਹਦਾ ਗਠਨ ਕੀਤਾ ਗਿਆ ਸੀ ਤਾਂ ਇਹ ਭਾਂਪ ਲਿਆ ਗਿਆ ਸੀ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਬਦਲ ਰਹੇ ਹਾਲਾਤ ਵਿੱਚ ਸਿਆਸੀ ਸਮੀਕਰਨਾਂ ਨੂੰ ਮੁਖ ਰੱਖਦਿਆਂ ਸਿੱਖਾਂ ਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਅਜਿਹੀ ਪਾਰਟੀ ਦੀ ਲੋੜ ਹੈ, ਜੋ ਉਨ੍ਹਾਂ ਦੀ ਅਗਵਾਈ ਕਰ ਸਕੇ ਤੇ ਸਿਆਸੀ ਤੌਰ `ਤੇ ਉਨ੍ਹਾਂ ਨੂੰ ਉਹ ਰੁਤਬਾ ਦਿਵਾ ਸਕੇ, ਜਿਸ ਦੇ ਉਹ ਹੱਕਦਾਰ ਹਨ।
ਜੇ ਇਸਦੇ ਪਿਛੋਕੜ `ਤੇ ਝਾਤ ਮਾਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਵੇਂ ਪੰਜਾਬੀਆਂ ਦਾ ਸਾਂਝਾ ਰਾਜ ਸੀ ਤੇ ਅੰਗਰੇਜ਼ਾਂ ਖਿਲਾਫ਼ ਹੋਈਆਂ ਜੰਗਾਂ ਵਿੱਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਖੂਨ ਡੁੱਲਿ੍ਹਆ ਸੀ, ਜਿਸ ਹਕੂਮਤ ਦੇ ਖਾਤਮੇ `ਤੇ ਸ਼ਾਹ ਮੁਹੰਮਦ ਵਰਗਾ ਕਵੀ ਖੂਨ ਦੇ ਹੰਝੂ ਡੋਲ੍ਹਦਾ ਹੈ, ਪਰ ਅੰਗਰੇਜ਼ਾਂ ਦੀਆਂ ਨਜ਼ਰਾਂ ਵਿੱਚ ਇਹ ਸਿੱਖ ਰਾਜ ਸੀ। ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਮਹਾਰਾਜੇ ਨੇ ਸਿੱਖ ਪੰਥ ਲਈ ਬਹੁਤ ਕੁਝ ਕੀਤਾ, ਹਾਲਾਂਕਿ ਮੰਦਿਰਾਂ, ਮਸਜਿਦਾਂ ਤੇ ਪੰਜਾਬੀਆਂ ਲਈ ਕੀਤੇ ਉਹਦੇ ਕੰਮ ਯਾਦਗਾਰੀ ਹਨ। ਸ਼ਾਇਦ ਇਸੇ ਕਰਕੇ ਅੰਗਰੇਜ਼ ਡਰਦੇ ਉਹਦੇ ਹੁੰਦਿਆਂ ਪੰਜਾਬ ਵੱਲ ਮੂੰਹ ਨਹੀਂ ਸਨ ਕਰਦੇ। ਮਹਾਰਾਜੇ ਦੀ ਫੌਜੀ ਤਾਕਤ ਤੇ ਦ੍ਰਿੜ ਇੱਛਾ ਸ਼ਕਤੀ ਤੋਂ ਉਹ ਭਲੀ ਭਾਂਤ ਜਾਣੂ ਸਨ। ਇਸੇ ਕਰਕੇ ਉਨ੍ਹਾਂ ਨੇ ਸੰਧੀ ਕਰਕੇ ਸਤਲੁਜ ਨੂੰ ਹੱਦ ਮੰਨ ਲਿਆ ਸੀ, ਪਰ ਮਹਾਰਾਜੇ ਦੇ ਅਕਾਲ ਚਲਾਣੇ ਤੇ ਡੋਗਰਿਆਂ ਦੀ ਬੁਛਾਗਰਦੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਹ ਸਾਲਾਂ ਦੇ ਰਾਜ ਨੂੰ ਕਤਲੋਗਾਰਤ ਤੇ ਗੱਦਾਰੀਆਂ ਵਿੱਚ ਤਬਾਹ ਕਰ ਦਿੱਤਾ।
ਅੰਗਰੇਜ਼ਾਂ ਨੇ ਇਸ ਸਾਂਝੇ ਰਾਜ ਦੀ ਸ਼ਕਤੀ ਦੇ ਸਾਰੇ ਚਿੰਨ੍ਹ ਮਿਟਾਉਣ ਲਈ ਪੂਰੀ ਯੋਜਨਾਬੰਦੀ ਕੀਤੀ। ਪਹਿਲਾ ਨਿਸ਼ਾਨਾ ਮਹਾਰਾਜੇ ਦੇ ਨਾਬਾਲਗ ਪੁੱਤਰ ਦਲੀਪ ਸਿੰਘ ਕੋਲੋਂ ਬਾਲਗ ਹੋਣ ਤੋਂ ਪਹਿਲਾਂ ਸਾਰੇ ਅਧਿਕਾਰ ਖੋਹ ਕੇ, ਅਜਿਹੇ ਹੱਥਾਂ ਵਿੱਚ ਉਹਦੀ ਨਿਗਰਾਨੀ ਸੌਂਪ ਦਿੱਤੀ ਗਈ, ਜਿਨ੍ਹਾਂ ਨੇ ਨਾ ਕੇਵਲ ਉਹਦੇ ਦਿਮਾਗ਼ ਵਿੱਚੋਂ ਆਪਣੇ ਰਾਜ ਨੂੰ ਮੁੜ ਪ੍ਰਾਪਤ ਕਰਨ ਦੇ ਖਿਆਲ ਨੂੰ ਹੀ ਸਦਾ ਲਈ ਕੱਢ ਦਿੱਤਾ, ਸਗੋਂ ਆਪਣੇ ਵੱਡੇ ਵਡੇਰਿਆਂ ਦੇ ਧਰਮ ਤੋਂ ਪਤਿਤ ਕਰਕੇ ਉਹਨੂੰ ਇਸਾਈ ਬਣਾ ਲਿਆ।
ਦੂਜਾ ਮਹਾਰਾਣੀ ਜਿੰਦਾਂ ਨੂੰ ਕੈਦ ਕਰਕੇ, ਪੰਜਾਬ ਦੇ ਹਰ ਉਪੱਦਰ ਦੀ ਜ਼ਿੰਮੇਵਾਰ ਸਿੱਧ ਕਰਕੇ, ਉਹਦੀ ਹਰ ਪੱਖ ਤੋਂ ਹੇਠੀ ਕੀਤੀ ਗਈ, ਕਿਉਂਕਿ ਲਾਰਡ ਡਲਹੌਜ਼ੀ ਉਹਨੂੰ ਬੜੀ ਸੂਝਵਾਨ ਤੇ ਮਰਦਾਵੇਂ ਗੁਣਾਂ ਵਾਲੀ ਮੰਨ ਕੇ ਉਹਦੇ ਤੋਂ ਭੈਅ ਖਾਂਦਾ ਸੀ ਕਿ ਉਹ ਅੰਗਰੇਜ਼ੀ ਰਾਜ ਲਈ ਖਤਰਨਾਕ ਹੋ ਸਕਦੀ ਹੈ। ਸਿੱਖਾਂ ਵਿੱਚ ਉਹਦੇ ਅਤੇ ਦਲੀਪ ਸਿੰਘ ਲਈ ਹਮਦਰਦੀ ਸੀ, ਤੇ ਇਸ ਨਾਲ ਖਾਲਸਾ ਰਾਜ ਦੀ ਮੁੜ ਬਹਾਲੀ ਲਈ ਬਗਾਵਤ ਹੋ ਸਕਦੀ ਸੀ। ਇਸੇ ਕਰਕੇ ਮਹਾਰਾਣੀ ਨੂੰ ਦਲੀਪ ਸਿੰਘ ਤੋਂ ਵੱਖ ਕਰਕੇ ਜਲਾਵਤਨ ਕਰ ਦਿੱਤਾ ਗਿਆ।
ਤੀਜਾ, ਜੌਹਨ ਲਾਰੰਸ ਨੇ ਪੰਝੀ ਉੱਘੇ ਸਿੱਖ ਸਰਦਾਰਾਂ ਦੀਆਂ ਜਾਇਦਾਦਾਂ ਜਬਤ ਕਰ ਲਈਆਂ, ਨਾਲ ਹੀ ਉਨ੍ਹਾਂ ਦੀਆਂ ਪਦਵੀਆਂ ਤੇ ਅਹੁਦੇ ਖੋਹ ਲਏ। ਬਹੁਤਿਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਜਿਨ੍ਹਾਂ ਕੋਲੋਂ ਸਰਕਾਰ ਨੂੰ ਵੱਧ ਖਤਰਾ ਸੀ, ਉਨ੍ਹਾਂ ਨੂੰ ਕਲਕੱਤੇ ਤੇ ਇਲਾਹਾਬਾਦ ਸ਼ਹਿਰਾਂ ਵਿੱਚ ਦੇਸ਼ ਨਿਕਾਲਾ ਦੇ ਦਿੱਤਾ। ਉਨ੍ਹਾਂ ਨੂੰ ਪਤਾ ਸੀ ਕਿ ਹਥਿਆਰ ਰੱਖਣੇ ਸਿੱਖਾਂ ਵਿੱਚ ਜ਼ਰੂਰੀ ਹਨ। ਅੰਗਰੇਜ਼ਾਂ ਨੇ ਹਥਿਆਰ ਰੱਖਣ, ਬਾਹਰਲੇ ਲੋਕਾਂ ਨਾਲ ਮੇਲ-ਜੋਲ ਕਾਇਮ ਕਰਨ ਤੇ ਵੀਹਾਂ ਤੋਂ ਵੱਧ ਬੰਦਿਆਂ ਨੂੰ ਆਪਣੇ ਕਰਮਚਾਰੀ ਰੱਖਣ `ਤੇ ਪਾਬੰਦੀ ਲਾ ਦਿੱਤੀ। ਇਸਦੀ ਉਲੰਘਣਾ ਕਰਨ ਵਾਲੇ ਬਰਤਾਨਵੀ ਸਰਕਾਰ ਦੇ ਦੁਸ਼ਮਣ ਸਮਝੇ ਜਾਂਦੇ ਸਨ ਤੇ ਸਜ਼ਾ ਦੇ ਭਾਗੀ ਬਣਦੇ ਸਨ। ਹਰ ਵੱਡੇ ਜ਼ਿਮੀਦਾਰ ਦੀ ਜ਼ਮੀਨ ਦੀ ਪੜਤਾਲ ਕਰਕੇ ਵੱਧ ਤੋਂ ਵੱਧ ਰੱਖਣ ਦੀ ਹੱਦ ਮਿੱਥ ਦਿੱਤੀ ਗਈ। ਜਗੀਰਦਾਰਾਂ ਤੇ ਰਸੂਖਦਾਰ ਸ਼੍ਰੇਣੀਆਂ ਦੇ ਨਾਲ ਨਾਲ ਬੇਦੀਆਂ ਤੇ ਸੋਢੀਆਂ ਨੂੰ ਦਬਾਉਣ ਤੇ ਪਦਵੀਆਂ ਤੋਂ ਲਾਹੁਣ ਲਈ ਯਤਨ ਅਰੰਭੇ ਗਏ। ਜਿਹੜਾ ਵੀ ਥੋੜ੍ਹੇ ਬਹੁਤੇ ਰਸੂਖ ਦਾ ਮਾਲਕ ਸੀ, ਅੰਗਰੇਜ਼ੀ ਸਰਕਾਰ ਵੱਲੋਂ ਉਹਦੀ ਹੇਠੀ ਕੀਤੀ ਜਾਂਦੀ।
ਚੌਥਾ, ਅੰਗਰੇਜ਼ੀ ਸਰਕਾਰ ਸਭ ਤੋਂ ਵੱਧ ਸਿੱਖ ਫੌਜਾਂ ਕੋਲੋਂ ਡਰਦੀ ਸੀ ਕਿਉਂਕਿ ਸਿੱਖਾਂ ਨਾਲ ਹੋਈਆਂ ਲੜਾਈਆਂ ਵਿੱਚ ਉਹ ਇਨ੍ਹਾਂ ਦੀ ਬਹਾਦਰੀ ਦੇ ਜੌਹਰ ਵੇਖ ਚੁੱਕੀ ਸੀ। ਪੰਜਾਬ `ਤੇ ਕਬਜੇ ਉਪਰੰਤ ਪੰਜਾਹ ਹਜ਼ਾਰ ਸੈਨਿਕਾਂ ਨੂੰ ਘਰੋ ਘਰੀ ਤੋਰ ਦਿੱਤਾ ਗਿਆ। ਕੇਵਲ ਦਸਵੇਂ ਹਿੱਸੇ ਦੇ ਬਰਾਬਰ ਵਫਾਦਾਰ ਸਮਝੇ ਜਾਣ ਵਾਲਿਆਂ ਨੂੰ ਰੱਖ ਲਿਆ, ਪਰ ਉਨ੍ਹਾਂ ਨਾਲ ਵੀ ਦੁਸ਼ਮਣਾਂ ਵਾਲਾ ਵਿਹਾਰ ਕੀਤਾ ਜਾਂਦਾ ਸੀ। ਇਨ੍ਹਾਂ ਨੂੰ ਕੇਸ ਕਟਾਉਣ ਲਈ ਮਜਬੂਰ ਕੀਤਾ ਗਿਆ।
ਪੰਜਵਾਂ, ਅੰਗਰੇਜ਼ੀ ਸਰਕਾਰ ਨੇ ਨਾ ਸਿਰਫ ਰਾਜ ਘਰਾਣਿਆਂ ਨੂੰ ਤਬਾਹ ਕੀਤਾ ਸਗੋਂ ਖਾਲਸਾ ਰਾਜ ਦੀ ਆਰਥਕਤਾ ਨੂੰ ਖੇਰੂੰ ਖੇਰੂੰ ਕਰਕੇ ਭਿਖਾਰੀ ਬਣਾ ਦਿੱਤਾ।
ਛੇਵਾਂ, ਸਾਧਾਰਨ ਸ਼ਹਿਰੀਆਂ ਵਿੱਚ ਦਹਿਸ਼ਤ ਪਾ ਕੇ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਗਿਆ। ਸਿੱਖ ਜ਼ਿਮੀਦਾਰਾਂ `ਤੇ ਝੂਠੇ ਮੁਕੱਦਮੇ, ਹਵਾਲਾਤਾਂ, ਮਾਲ ਦੀ ਜਬਤੀ, ਤਸੀਹੇ ਇਸ ਹੱਦ ਤੱਕ ਵੱਧ ਗਏ ਕਿ ਸਾਰੇ ਪੰਜਾਬ ਵਿੱਚ ਹਾਹਾਕਾਰ ਮੱਚ ਗਈ।
ਸੱਤਵਾਂ, ਸਿੱਖਾਂ ਦੀ ਵਿਸ਼ਾਦ ਗ੍ਰਸਤ ਤੇ ਤਰਸਯੋਗ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਇਸਾਈ ਸਿੱਖ ਮਿਸ਼ਨਰੀਆਂ ਨੇ ਪ੍ਰਚਾਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਤੇ ਸਿੱਖਾਂ ਨੂੰ ਇਸਾਈ ਬਣਾਉਣ ਦਾ ਮੁੱਢ ਬੰਨਿ੍ਹਆ। ਇਸਾਈ ਪਾਦਰੀ ਸ਼ੱਰੇਆਮ ਗੁਰੂ ਗ੍ਰੰਥ ਸਾਹਿਬ ਦੀ ਗਲੀਆਂ-ਬਾਜ਼ਾਰਾਂ ਵਿੱਚ ਬੇਅਦਬੀ ਕਰਨ ਲੱਗੇ ਤੇ ਇਸਨੂੰ ਕਾਫਰਾਂ ਦੀ ਬਾਣੀ ਕਹਿ ਕੇ ਭੰਡਦੇ।
ਅੱਠਵਾਂ, 29 ਮਾਰਚ 1849 ਨੂੰ ਲਾਹੌਰ ਦੇ ਲਕਸ਼ਮੀ ਚੌਂਕ ਵਿੱਚ ਪੰਜਾਬੀ ਕਿਤਾਬਾਂ ਤੇ ਕਾਇਦਿਆਂ ਦੀ ਹੋਲੀ ਬਾਲੀ ਗਈ। ਕਿਤਾਬ ਜਾਂ ਕਾਇਦਾ ਸਰਕਾਰ ਕੋਲ ਜਮ੍ਹਾਂ ਕਰਾਉਣ `ਤੇ ਦੋ ਰੁਪਏ ਮਿਲਦੇ ਸਨ। ਟਕੂਆ, ਕੁਹਾੜੀ, ਸੋਟਾ, ਡਾਂਗ ਜਮ੍ਹਾਂ ਕਰਾਉਣ `ਤੇ ਇੱਕ ਰੁਪਿਆ ਜਾਂ ਅਠਿਆਨੀ ਮਿਲਦੀ ਸੀ।
ਇਸ ਤਰ੍ਹਾਂ ਸਿੱਖਾਂ ਨੂੰ ਸ਼ਸ਼ਤਰ ਤੇ ਸ਼ਾਸਤਰ ਤੋਂ ਹੀਣੇ ਕਰਕੇ ਇਤਿਹਾਸਕ ਗੌਰਵ ਤੋਂ ਵਾਂਝਿਆਂ ਕੀਤਾ ਗਿਆ। ਇਹ ਉਹ ਕਾਰਨ ਸਨ, ਜਿਨ੍ਹਾਂ ਕਰਕੇ ਸਿੱਖਾਂ ਨੂੰ ਲੰਮਾ ਸਮਾਂ ਦਬਾਉਣ ਦੀ ਨੀਤੀ ਕਰਕੇ ਦਹਿਸ਼ਤ ਫੈਲਾਈ ਗਈ। ਸਿੱਖ ਗੁਰਦਵਾਰਿਆਂ `ਤੇ ਕਾਬਜ਼ ਮਹੰਤਾਂ ਰਾਹੀਂ ਮਨਮਤੀਆਂ ਕਰਾ ਕੇ ਸਿੱਖ ਧਰਮ ਨੂੰ ਕਮਜ਼ੋਰ ਕਰਨ ਦੀ ਵਿਓਂਤ ਘੜੀ ਗਈ। ਅਜਿਹੇ ਹਾਲਾਤ ਵਿੱਚ ਸੂਝਵਾਨ ਸਿੱਖ ਆਗੂਆਂ ਨੇ ਹੌਲੀ ਹੌਲੀ ਆਪਣੇ ਆਪ ਨੂੰ ਇਕੱਠਿਆਂ ਕਰਕੇ ਗੁਰੁਦਆਰਾ ਸੁਧਾਰ ਲਹਿਰ ਦੀ ਮੁਹਿੰਮ ਚਲਾਈ, ਕੁਰਬਾਨੀਆਂ ਤੋਂ ਬਾਅਦ ਗੁਰਦਵਾਰੇ ਆਜ਼ਾਦ ਕਰਾਏ ਗਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਵਿੱਚੋਂ ਹੀ ਮੀਰੀ-ਪੀਰੀ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਅਕਾਲੀ ਦਲ ਹੋਂਦ ਵਿੱਚ ਆਇਆ। ਇਸ ਨੇ ਪੰਥ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਬਣ ਕੇ ਹਰ ਮੋਰਚੇ `ਤੇ ਸਫਲਤਾ ਪ੍ਰਾਪਤ ਕੀਤੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ, ਐਮਰਜੈਂਸੀ ਅਤੇ ਪਾਣੀਆਂ ਦੇ ਮੁੱਦਿਆਂ `ਤੇ ਅਕਾਲੀ ਦਲ ਨੇ ਪੰਜਾਬ ਦੀ ਅਗਵਾਈ ਕੀਤੀ ਤੇ ਪੰਜਾਬੀਆਂ ਨੇ ਭਰਵਾਂ ਸਾਥ ਦਿੱਤਾ। ਪੰਜਾਬ ਜਾਂ ਪੰਥ `ਤੇ ਜਦੋਂ ਵੀ ਭੀੜ ਪੈਂਦੀ ਤਾਂ ਲੋਕ ਅਕਾਲੀ ਦਲ ਵੱਖ ਦੇਖਦੇ, ਕਿਉਂਕਿ ਉਨ੍ਹਾਂ ਨੂੰ ਇਸ `ਤੇ ਇਤਿਹਾਸਕ ਭਰੋਸਾ ਸੀ। ਇਹ ਬੜੀਆਂ ਕੁਰਬਾਨੀਆਂ ਤੇ ਲੰਮੇ ਸੰਘਰਸ਼ ਵਿੱਚੋਂ ਉਭਰ ਕੇ ਪ੍ਰਮੁੱਖ ਖੇਤਰੀ ਪਾਰਟੀ ਵਜੋਂ ਹੋਂਦ ਵਿੱਚ ਆਇਆ ਸੀ। ਇਹ ਇੱਕੋ ਇੱਕ ਦਲ ਸੀ, ਜਿਸਨੇ ਅਨੰਦਪੁਰ ਮਤੇ ਅਧੀਨ ਫੈਡਰਲ ਢਾਂਚੇ ਦੀ ਦੱਬ ਕੇ ਵਕਾਲਤ ਕੀਤੀ ਸੀ। ਅੱਜ ਜਦੋਂ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਕੌਮ ਤੇ ਹਿੰਦੂ ਰਾਸ਼ਟਰ ਵਰਗੇ ਮੁੱਦੇ ਉਭਰ ਰਹੇ ਹਨ ਅਤੇ ਭਾਰਤ ਦੀ ਬਹੁਕੌਮੀ, ਬਹੁ ਭਾਸ਼ਾਈ, ਬਹੁ ਸਭਿਆਚਾਰਕ ਹੋਂਦ ਨੂੰ ਵਿਗਾੜਨ ਦੇ ਯਤਨ ਹੋ ਰਹੇ ਹਨ ਤਾਂ ਫੈਡਰਲ ਢਾਂਚੇ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਅਕਾਲੀ ਦਲ ਦਾ ਫੈਡਰਲ ਢਾਂਚੇ ਵੱਲੋਂ ਮੂੰਹ ਮੋੜਨਾ ਬੜਾ ਨੁਕਸਾਨਦੇਹ ਹੈ।
ਅਕਾਲੀ ਦਲ ਹੌਲੀ ਹੌਲੀ ਆਪਣੇ ਪੰਥਕ ਮੁੱਦਿਆਂ ਅਤੇ ਸਿਆਸੀ ਜੋੜਾਂ-ਤੋੜਾਂ ਤੇ ਵੋਟ ਦੀ ਰਾਜਨੀਤੀ ਵਿੱਚ ਫਸ ਕੇ ਸੰਕਟ ਦਾ ਸ਼ਿਕਾਰ ਹੋ ਗਿਆ। ਅੱਜ ਇਹਦਾ ਭਵਿੱਖ ਦਾਅ `ਤੇ ਲੱਗਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ, ਸਿਰਸੇ ਵਾਲੇ ਸਾਧ ਨੂੰ ਮੁਆਫੀ, ਦਾਗੀ ਪੁਲਿਸ ਅਫਸਰਾਂ ਨੂੰ ਉਚ ਅਹੁਦੇ ਬਖਸ਼ਣੇ ਤੇ ਇਸਤੋਂ ਪਹਿਲਾਂ ਨਿਰੰਕਾਰੀ ਕਤਲ ਕਾਂਡ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਤੇ ਕਸੂਰਵਾਰ ਅਫਸਰਾਂ ਨੂੰ ਸਜ਼ਾ ਨਾ ਦੇਣ ਦੀ ਇੱਕ ਲੰਮੀ ਲੜੀ ਹੈ। ਇਸ ਵਿੱਚ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਸਿਆਸੀ ਮੁਫਾਦ ਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਹੋ ਕੇ ਇਸਦੇ ਗੌਰਵ ਨੂੰ ਵੱਡਾ ਖੋਰਾ ਲਾਇਆ। ਸਿਆਸੀ ਜਮਾਤ ਦੀ ਹੋਂਦ ਨੂੰ ਪਰਿਵਾਰਕ ਰੂਪ ਦੇ ਕੇ ਆਲੇ-ਦੁਆਲੇ ਜੁੜੇ ਲੋਕਾਂ ਤੇ ਪਰਿਵਾਰਵਾਦ ਨੇ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ। ਆਰਥਕ ਤੌਰ `ਤੇ ਰੇਤੇ ਦੀਆਂ ਖੱਡਾਂ ਦੀ ਲੁੱਟ ਤੇ ਨਸ਼ਿਆਂ ਦੇ ਮੱਕੜਜਾਲ ਨੇ ਅਕਾਲੀ ਦਲ ਨੂੰ ਕਲੰਕਿਤ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤੇ ਗੁਰਦੁਆਰਾ ਪ੍ਰਬੰਧਾਂ ਵਿੱਚ ਆਈ ਗਿਰਾਵਟ ਲਈ ਅਕਾਲੀ ਦਲ ਨੂੰ ਦੋਸ਼ੀ ਮੰਨਿਆ ਗਿਆ। ਇਸ ਨਾਲ ਅਕਾਲੀ ਦਲ ਹੌਲੀ ਹੌਲੀ ਸੁੰਗੜਦਾ ਪੰਜਾਬ ਦੀ ਸਿਆਸੀ ਸਟੇਜ ਤੋਂ ਲਗਪਗ ਅਲੋਪ ਹੋ ਗਿਆ। ਅਕਾਲੀ ਦਲ ਵਿੱਚੋਂ ਸੁਧਾਰ ਲਹਿਰ ਦੇ ਨਾਂ `ਤੇ ਇੱਕ ਵੱਡਾ ਹਿੱਸਾ ਵੱਖ ਹੋ ਕੇ ਦੂਸ਼ਨਬਾਜ਼ੀ ਵਿੱਚ ਪੈ ਕੇ ਇਸਨੂੰ ਕਮਜ਼ੋਰ ਕਰਨ ਦੇ ਰਾਹ ਤੁਰ ਪਿਆ।
ਇਨ੍ਹਾਂ ਸਾਰੀਆਂ ਸੰਕਟ ਕਾਲੀ ਸਥਿਤੀਆਂ ਵਿੱਚੋਂ ਲੋਕ ਨਿਰਾਸ਼ ਹਨ, ਕਿਉਂਕਿ ਅਕਾਲੀ ਦਲ ਦਾ ਖੇਤਰੀ ਪਾਰਟੀ ਵਜੋਂ ਕਾਇਮ ਰਹਿਣਾ ਬੇਹੱਦ ਅਹਿਮ ਹੈ। ਸਿਆਸੀ ਤੌਰ `ਤੇ ਇਹਦੀ ਪਛਾਣ ਤੇ ਕਾਡਰ ਦੀ ਮਹੱਤਤਾ ਇਤਿਹਾਸਕ ਮਾਣ ਵਾਲੀ ਹੈ। ਇਸਦੀ ਭਰੋਸੇਯੋਗਤਾ ਨੂੰ ਜੇ ਨਾਲਾਇਕ ਲੀਡਰਸ਼ਿਪ ਕਾਇਮ ਨਹੀਂ ਰੱਖ ਸਕੀ ਤਾਂ ਇਸੇ ਚਿੰਤਾ ਵਿੱਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਨ੍ਹਾਂ ਦੇ ਸਾਥੀ ਜਥੇਦਾਰਾਂ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਅਕਾਲੀ ਦਲ ਵਿੱਚ ਨਵੀਂ ਰੂਹ ਫੂਕਣ ਦਾ ਯਤਨ ਕੀਤਾ ਹੈ।
ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ `ਤੇ ਤਲਬ ਕਰਕੇ ਸਪਸ਼ਟੀਕਰਨ ਲਏ ਗਏ। ਉਨ੍ਹਾਂ ਦੇ ਗੁਨਾਹਾਂ ਬਾਰੇ ਪੁੱਛ ਪੜਤਾਲ ਕਰਕੇ ਸਿੱਖ ਕੌਮ ਵਿੱਚ ਭਰੋਸੇਯੋਗਤਾ ਪੈਦਾ ਕਰਨ ਦਾ ਯਤਨ ਕੀਤਾ ਗਿਆ। ਸਾਰੀ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਤਨਖਾਹ ਲਵਾਈ ਤੇ ਸਿਰ ਝੁਕਾ ਕੇ ਉਸ ਨੂੰ ਪ੍ਰਵਾਨ ਕੀਤਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ‘ਫਖਰ-ਏ-ਕੌਮ’ ਦਾ ਖਿਤਾਬ ਵਾਪਸ ਲੈਣਾ ਅਤੇ ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਵਾਲੇ ਸਾਬਕਾ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਵੀ ਤਲਬ ਕਰਨਾ ਅਹਿਮ ਪੱਖ ਰਹੇ। ਇਸ ਤੋਂ ਇਲਾਵਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਬਾਰੇ ਸੋਸ਼ਲ ਮੀਡੀਏ `ਤੇ ਵੱਧ-ਘੱਟ ਬੋਲਿਆ, ਉਨ੍ਹਾਂ ਵਿੱਚੋਂ ਕਈਆਂ ਨੂੰ ਤਨਖਹੀਆ ਘੋਸ਼ਿਤ ਕੀਤਾ ਗਿਆ ਤੇ ਕਈਆਂ ਨੂੰ ਤਾੜਨਾ ਕੀਤੀ ਕਿ ਜੇ ਉਹ ਬਾਜ ਨਾ ਆਏ ਤਾਂ ਉਨ੍ਹਾਂ ਨੂੰ ਤਲਬ ਕਰਕੇ ਸਜ਼ਾ ਸੁਣਾਈ ਜਾਏਗੀ।
ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਥੇਦਾਰ ਸਾਹਿਬਾਨ ਨੇ ਆਪਣੀ ਭੂਮਿਕਾ ਨੂੰ ਇਤਿਹਾਸਕ ਸਮਝ ਕੇ ਪੰਥ ਦੀ ਅਗਵਾਈ ਕਰਦਿਆਂ ਤਨਖਾਹ ਲਾਈ। ਕਈ ਇਸ ਤਨਖਾਹ ਨੂੰ ਸੇਵਾ ਵਜੋਂ ਦੇਖ ਕੇ ਕਿੰਤੂ-ਪ੍ਰੰਤੂ ਕਰਦੇ ਹਨ, ਪਰ ਉਹ ਉਸ ਸਿੱਖੀ ਸਪਿਰਟ ਨੂੰ ਨਹੀਂ ਸਮਝਦੇ ਕਿ ਨੀਵੇਂ ਹੋਣ ਨਾਲ ਸਿਆਸੀ ਆਕੜ ਘਟਦੀ ਹੈ ਤੇ ਸੇਵਾ ਕਰਨ ਨਾਲ ਕੁਰਸੀ `ਤੇ ਬੈਠਣ ਵਾਲਾ ਧਰਤੀ ਨਾਲ ਜੁੜਦਾ ਹੈ।
ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਕੇ ਅਕਾਲੀ ਦਲ ਨੂੰ ਸੰਕਟ ਵਿੱਚੋਂ ਕੱਢ ਕੇ ਨਵੀਂ ਰੂਹ ਫੂਕਣ ਦਾ ਯਤਨ ਕੀਤਾ ਗਿਆ ਹੈ, ਉਹ ਕਾਬਲਿ-ਤਾਰੀਫ ਹੈ। ਹੁਣ ਵਾਰੀ ਅਕਾਲੀ ਦਲ ਦੀ ਹੈ ਕਿ ਉਸ ਨੇ ਪੰਜਾਬ ਦੇ ਭਲੇ ਲਈ ਕਿਹੋ ਜਿਹਾ ਸਿਆਸੀ, ਆਰਥਕ, ਭਾਸ਼ਾਈ, ਸੱਭਿਆਚਾਰਕ, ਸਮਾਜਕ ਤੇ ਫੈਡਰਲ ਢਾਂਚੇ ਵਾਲਾ ਮਾਡਲ ਵਿਕਸਤ ਕਰਕੇ ਪੰਥ ਤੇ ਪੰਜਾਬ ਦੀ ਅਗਵਾਈ ਕਰਨੀ ਹੈ। ਸੰਭਲਣ ਦਾ ਇਹ ਆਖਰੀ ਮੌਕਾ ਹੈ; ਸਚਿਆਰ ਬਣ ਕੇ ਹੀ ਭਰੋਸੇਯੋਗਤਾ ਪੈਦਾ ਕੀਤੀ ਜਾ ਸਕਦੀ ਹੈ, ਨਹੀਂ ਤਾਂ ਇਤਿਹਾਸ ਵਿੱਚੋਂ ਮਿਟਦਿਆਂ ਦੇਰ ਨਹੀਂ ਲੱਗੇਗੀ।
ਗੁਰੂ ਨਾਨਕ ਸਾਹਿਬ ਬਾਰੇ ਇੱਕ ਸਾਖੀ ਅਗਵਾਈ ਕਰ ਸਕਦੀ ਹੈ- ਇੱਕ ਵਾਰ ਗੁਰੂ ਨਾਨਕ ਸਾਹਿਬ ਇੱਕ ਇਲਾਕੇ ਵਿੱਚ ਗਏ ਤੇ ਸੁੱਕੇ ਬਾਗ ਵਿੱਚ ਜਾ ਡੇਰਾ ਲਾਇਆ। ਰੱਬ ਦੀ ਕਰਨੀ, ਗੁਰੂ ਜੀ ਦੀ ਚਰਨ ਛੋਹ ਨਾਲ ਬਾਗ ਹਰਿਆ ਭਰਿਆ ਹੋ ਗਿਆ। ਜਦੋਂ ਖਬਰ ਰਾਜੇ ਕੋਲ ਪਹੁੰਚੀ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ। ਰਾਜੇ ਵਿੱਚ ਰਾਜਿਆਂ ਵਾਲਾ ਗਰੂਰ ਸੀ। ਮੱਥਾ ਟੇਕ ਕੇ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਦੱਸੋ ਤੁਹਾਨੂੰ ਕੀ ਭੇਟਾ ਕਰਾਂ, ਤੁਸੀਂ ਬਾਗ ਹਰਿਆ ਕਰ ਦਿੱਤਾ ਹੈ; ਮੈਂ ਰਾਜਾ ਹਾਂ, ਜੋ ਮੰਗੋਗੇ ਮਿਲ ਜਾਏਗਾ। ਗੁਰੂ ਜੀ ਕਹਿਣ ਲੱਗੇ ਕਿ ਤੂੰ ਕੀ ਦੇ ਸਕਦੈਂ? ਰਾਜਾ ਕਹਿਣ ਲੱਗਾ- ਧਨ, ਦੌਲਤ, ਸੋਨਾ, ਚਾਂਦੀ। ਗੁਰੂ ਜੀ ਕਹਿਣ ਲੱਗੇ, ਉਹ ਤਾਂ ਤੂੰ ਲੁੱਟ ਕੇ ਇਕੱਠਾ ਕੀਤਾ ਹੈ। ਤੂੰ ਆਪਣਾ ਕੀ ਦੇ ਸਕਦੈਂ। ਕਹਿਣ ਲੱਗਾ- ਮੈਂ ਅੱਧਾ ਰਾਜ ਦੇ ਸਕਦਾਂ। ਗੁਰੂ ਜੀ ਕਹਿਣ ਲੱਗੇ, ਉਹ ਤਾਂ ਲੋਕਾਂ ਦਾ ਹੈ। ਰਾਜਾ ਕਹਿਣ ਲੱਗਾ- ਫਿਰ ਮੇਰਾ ਸਰੀਰ ਹੈ। ਗੁਰੂ ਜੀ ਕਹਿਣ ਲੱਗੇ ਕਿ ਇਹ ਤਾਂ ਸਵਾਹ ਦੀ ਢੇਰੀ ਹੈ, ਪਲ ਦਾ ਵਿਸਾਹ ਨਹੀਂ। ਫਿਰ ਕਹਿਣ ਲੱਗਾ- ਮਨ ਦੇ ਸਕਦਾਂ। ਗੁਰੂ ਜੀ ਕਹਿਣ ਲੱਗੇ ਕਿ ਮਨ ਤਾਂ ਤੇਰਾ ਵਿਕਾਰਾਂ ਨਾਲ ਭਰਿਆ ਪਿਆ ਹੈ।
ਅਖੀਰ ਰਾਜਾ ਕਹਿਣ ਲੱਗਾ- ਤੁਸੀਂ ਦੱਸੋ ਕੀ ਦਿਆਂ? ਗੁਰੂ ਜੀ ਕਹਿਣ ਲੱਗੇ ਕਿ ਆਪਣੀ ‘ਮੈਂ’ ਦੇ ਦੇ। ਉਹ ਗੁਰੂ ਜੀ ਦੇ ਚਰਨੀਂ ਢਹਿ ਪਿਆ। ਗੁਰੂ ਜੀ ਕਹਿਣ ਲੱਗੇ, ਰਾਜਾ ਉੱਠ ਤੇ ਜਾ ਕੇ ਰਾਜ ਕਰ। ਰਾਜਾ ਕਹਿਣ ਲੱਗਾ- ਮਹਾਰਾਜ ਜੀ! ਹੁਣ ਕਿਹੜਾ ਰਾਜ ਤੇ ਕਿਹੜਾ ਰਾਜਾ? ‘ਮੈਂ’ ਤਾਂ ਤੁਹਾਨੂੰ ਦੇ ਦਿੱਤੀ। ਹੁਣ ਮੈਨੂੰ ਕੁਝ ਨਹੀਂ ਚਾਹੀਦਾ। ਗੁਰੂ ਜੀ ਕਹਿਣ ਲੱਗੇ, ਨਹੀਂ! ਹੁਣ ਤੁੰ ਜਾਹ ਤੇ ਰਾਜ ਧਰਮ ਦਾ ਪਾਲਣ ਕਰ, ਪਰਜਾ ਤੈਨੂੰ ਉਡੀਕ ਰਹੀ ਹੈ, ਉਹਨੂੰ ਸੁੱਖ, ਸ਼ਾਂਤੀ, ਰੁਜਗਾਰ ਦੇ। ਉਨ੍ਹਾਂ ਦਾ ਭਲਾ ਕਰ। ਇਹ ਸਾਰਾ ਕੁਝ ਪਰਜਾ ਦਾ ਹੈ, ਤੂੰ ਪਹਿਰੇਦਾਰ ਬਣ ਕੇ ਇਹਦੀ ਰਾਖੀ ਕਰ, ਨਾ ਕੇ ਰਾਜਾ ਬਣ ਕੇ ਹੰਕਾਰ।
ਅਕਾਲੀ ਦਲ ਨੂੰ ਇਸਤੋਂ ਸੇਧ ਲੈ ਕੇ ਆਪਣੀ ਪਹਿਰੇਦਾਰੀ ਵਾਲੀ ਭੂਮਿਕਾ ਵਿੱਚ ਆ ਕੇ ਰਾਜ ਧਰਮ ਦਾ ਪਾਲਣ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤੇ ‘ਮੈਂ’ ਦਾ ਤਿਆਗ ਕਰਕੇ ਸਚਿਆਰ ਬਣਨਾ ਚਾਹੀਦਾ ਹੈ; ਤਾਂ ਹੀ ਉਹਦੇ ਗੁਨਾਹ ਮੁਆਫ ਹੋਣਗੇ ਤੇ ਭਰੋਸੇਯੋਗਤਾ ਕਾਇਮ ਹੋਵੇਗੀ।