ਪੰਜਾਬੀ ਪਰਵਾਜ਼ ਬਿਊਰੋ
ਨੱਬਵਿਆਂ ਦੇ ਸ਼ੁਰੂ ਵਿੱਚ ਦੇਸ਼ ਨੂੰ ਆਰਥਿਕ ਸੰਕਟ ਵਿੱਚੋਂ ਉਭਾਰਨ ਵਿੱਚ ਕੇਂਦਰੀ ਭੂਮਿਕਾ ਅਦਾ ਕਰਨ ਵਾਲੇ ਦੇਸ਼ ਦੇ ਵਿੱਤ ਮੰਤਰੀ ਅਤੇ ਬਾਅਦ ਵਿੱਚ ਦੋ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਡਾ. ਮਨਮੋਹਨ ਸਿੰਘ ਬੀਤੇ 26 ਦਸੰਬਰ 2024 ਦੀ ਸ਼ਾਮ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਉਮਰ ਵਧਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਮੌਕੇ ਮੁਲਕ ਉਨ੍ਹਾਂ ਦੀ ਦੇਸ਼ ਦੀ ਆਰਥਕ ਅਤੇ ਸਿਆਸੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਦਿੱਤੇ ਗਏ ਯੋਗਦਾਨ ਨੂੰ ਯਾਦ ਕਰ ਰਿਹਾ ਹੈ।
ਜਨਵਰੀ 2014 ਵਿੱਚ ਆਪਣੇ ਦੂਜੇ ਕਾਰਜਕਾਲ ਦੇ ਅੰਤ ਮੌਕੇ ਮਰਹੂਮ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਆਪਣੀ ਵਿਰਾਸਤ ਬਾਰੇ ਕਿਹਾ ਸੀ, “ਮੈਂ ਇਮਾਨਦਾਰੀ ਨਾਲ ਵਿਸ਼ਵਾਸ ਕਰਦਾ ਹਾਂ ਕਿ ਮੌਜੂਦਾ ਮੀਡੀਆ ਦੇ ਮੁਕਾਬਲੇ ਇਤਿਹਾਸ ਮੇਰੇ ਪ੍ਰਤੀ ਵਧੇਰੇ ਦਯਿਆਵਾਨ ਹੋਵੇਗਾ।” ਅਸਲ ਵਿੱਚ ਇਹ ਉਹ ਸਮਾਂ ਸੀ, ਜਦੋਂ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਦੂਸਰੇ ਕਾਰਜਕਾਲ ਦੇ ਅੰਤ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਕਈ ਹੋਰ ਕਾਰਨਾਂ ਕਰਕੇ ਮੀਡੀਆ ਉਨ੍ਹਾਂ ਦਾ ਤੀਬਰ ਆਲੋਚਕ ਬਣਿਆ ਹੋਇਆ ਸੀ। ਪਰ ਹੁਣ, ਉਨ੍ਹਾਂ ਦੇ ਆਪਣੇ ਦੌਰ ਨਾਲੋਂ ਮੀਡੀਆ ਵਿਸ਼ਲੇਸ਼ਣ ਕਾਫੀ ਜ਼ਿਆਦਾ ਸੰਤੁਲਨ ਹੋ ਗਏ ਹਨ; ਕਿਉਂਕਿ ਹਿੰਦੁਸਤਾਨੀ ਰਾਜਨੀਤਿਕ ਇਤਿਹਾਸ ਨੇ ਮੋਦੀ ਸਰਕਾਰ ਦੇ ਦਸ ਸਾਲਾਂ ਦਾ ਸਮਾਂ ਵੀ ਵੇਖ ਲਿਆ ਹੈ। ਇਸ ਦੀਆਂ ਬਹੁਤ ਸਾਰੀਆਂ ਨਾਕਾਮੀਆਂ ਨੇ ਪਿਛਲੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਚੋਣ ਡਗਰ ਵੀ ਮੁਸ਼ਕਲ ਬਣਾ ਦਿੱਤੀ ਸੀ। ਵਿਰੋਧੀ ਧਿਰਾਂ ਦਾ ਗੱਠਜੋੜ ਜੇ ਕੁਝ ਸਮਾਂ ਪਹਿਲਾਂ ਹੋ ਗਿਆ ਹੁੰਦਾ ਅਤੇ ਵਧੇਰੇ ਸੰਗਠਿਤ ਹੁੰਦਾ ਤਾਂ ਨਰਿੰਦਰ ਮੌਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਮਾਣ ਸ਼ਾਇਦ ਹੀ ਮਿਲ ਸਕਦਾ। ਭਾਵੇਂ ਕਿ ਦੋਹਾਂ ਪਾਰਟੀਆਂ ਦੀ ਵਿਚਾਰਧਾਰਾ ਅਤੇ ਦੋਨੋ ਪ੍ਰਧਾਨ ਮੰਤਰੀਆਂ ਦਾ ਕੰਮ ਕਰਨ ਦਾ ਤੌਰ ਤਰੀਕਾ ਬਹੁਤ ਜ਼ਿਆਦਾ ਵੱਖਰਾ ਹੈ, ਫਿਰ ਵੀ ਇਸ ਦਾ ਤੁਲਨਾਤਮਕ ਅਧਿਅਨ ਦੇਸ਼ ਦੇ ਅਰਥ-ਸ਼ਾਸਤਰੀਆਂ ਨੂੰ ਗਹਿਰੇ ਸਬਕ ਦੇਵੇਗਾ। ਇਹ ਵੀ ਪਤਾ ਲੱਗੇਗਾ ਕਿ ਕਿਸ ਦੀ ਇਤਿਹਾਸਕ ਵਿਰਾਸਤ (ਲੀਗੇਸੀ) ਇਸ ਦੇਸ਼ ਦੀ ਸਿਵਲ, ਰਾਜਨੀਤਿਕ ਅਤੇ ਆਰਥਕ ਜ਼ਿੰਦਗੀ ਲਈ ਵਧੇਰੇ ਲਾਹੇਵੰਦ ਰਹੀ ਹੈ।
ਦੇਸ਼, ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਵੱਧ ਉਸ ਵਿੱਤੀ ਅਗਵਾਈ ਲਈ ਯਾਦ ਕਰੇਗਾ, ਜਦੋਂ ਨਰਸਿਮਾਹ ਰਾਓ ਸਰਕਾਰ ਵਿੱਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਦਿਆਂ ਉਨ੍ਹਾਂ ਨੇ ਹਿੰਦੁਸਤਾਨ ਨੂੰ ਸੰਭਾਵਿਤ ਆਰਥਿਕ ਡੋਬੇ ਵਿੱਚੋਂ ਬਾਹਰ ਕੱਢ ਲਿਆ ਸੀ। ਜ਼ਰੂਰੀ ਵਸਤਾਂ ਦੀ ਦਰਾਮਦ ਲਈ ਲੋੜੀਂਦੇ ਵਿਦੇਸ਼ੀ ਸਿੱਕੇ ਦਾ ਭੰਡਾਰ ਸਿਰਫ ਇੱਕ ਮਹੀਨੇ ਜੋਗਾ ਰਹਿ ਗਿਆ ਸੀ ਅਤੇ ਦੇਸ਼ ਨੂੰ ਆਪਣੇ ਸੋਨੇ ਦੇ ਭੰਡਾਰ (ਗੋਲਡ ਰਿਜ਼ਰਵ) ਇੰਗਲੈਂਡ ਕੋਲ ਗਹਿਣੇ ਰੱਖਣੇ ਪੈ ਗਏ ਸਨ। ਅਸਲ ਵਿੱਚ 1980 ਵਿੱਚ ਆਣ ਕੇ 1947 ਤੋਂ ਬਾਅਦ ਅਪਣਾਇਆ ਗਿਆ ਯੋਜਨਾਬੱਧ ਆਰਥਕ ਵਿਕਾਸ ਦਾ ਮਾਡਲ ਥਕਾਵਟ ਮਹਿਸੂਸ ਕਰਨ ਲੱਗ ਪਿਆ ਸੀ। ਇਸ ਦੌਰ ਵਿੱਚ ਵਿਕਾਸ ਦਾ ਮੁੱਖ ਇੰਜਣ ਪਬਲਿਕ ਸੈਕਟਰ ਸੀ, ਜਿਹੜਾ ਆਸ ਅਨੁਸਾਰ ਸਰਮਾਇਆ ਜੁਟਾਉਣ ਵਿੱਚ ਅਸਮਰੱਥ ਰਹਿ ਰਿਹਾ ਸੀ, ਜਦਕਿ ਪ੍ਰਾਈਵੇਟ ਸੈਕਟਰ ਦਾ ਗਲ਼ਾ ਕੋਟਾ-ਲਾਈਸੈਂਸ ਰਾਜ ਨੇ ਘੁੱਟ ਰੱਖਿਆ ਸੀ। ਇਸ ਤਰ੍ਹਾਂ ਆਰਥਕ ਵਿਕਾਸ ਦੇ ਦੋਨੋ ਪ੍ਰਮੁੱਖ ਖੇਤਰ ਕਿਸੇ ਡੂੰਘੀ ਮਰਜ਼ ਦਾ ਸ਼ਿਕਾਰ ਹੋ ਗਏ ਵਿਖਾਈ ਦਿੰਦੇ ਸਨ।
ਇਸ ਸਾਰੀ ਸਥਿਤੀ ਨੂੰ ਉਥਾਨ ਮੁਖੀ ਵੇਗ 1991 ਦੇ ਬਜਟ ਨਾਲ ਮਿਲਿਆ, ਜਿਸ ਵਿੱਚ ਵਿੱਤ ਮੰਤਰੀ ਸ. ਮਨਮੋਹਨ ਸਿੰਘ ਨੇ ਸਨਅਤੀ ਖੇਤਰ ਨੂੰ ਡੀਰੈਗੂਲੇਸ਼ਨ ਅਤੇ ਸਮੁੱਚੇ ਆਰਥਕ ਚਲਨ ਨੂੰ ਉਦਾਰੀਕਰਣ ਦੇ ਰਾਹ ਪਾਇਆ। ਇਹ ਵੱਖਰੀ ਗੱਲ ਹੈ ਕਿ ਇਸ ਤੋਪੇ-ਤੋੜ ਉਦਾਰੀਕਰਣ ਦੀਆਂ ਆਪਣੀਆਂ ਸਮੱਸਿਆਵਾਂ ਵੀ ਹੁਣ ਸਾਹਮਣੇ ਆ ਗਈਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਸੰਬੋਧਨ ਹੋਏ ਬਿਨਾ ਆਰਥਿਕ ਵਿਕਾਸ ਨੂੰ ਪੂਰੀ ਮਨੁੱਖ ਜਾਤੀ, ਕੁਦਰਤ ਅਤੇ ਕਾਇਨਾਤ ਦੀ ਸਰਬਉੱਚ ਰਜ਼ਾ ਦੇ ਅਨਕੂਲ ਨਹੀਂ ਕੀਤਾ ਜਾ ਸਕਦਾ; ਪਰ ਜਿਸ ਵੇਲੇ ਡਾ. ਮਨਮੋਹਨ ਸਿੰਘ ਨੇ ਭਾਰਤੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਦੇ ਯਤਨ ਅਰੰਭੇ, ਉਦੋਂ ਉਨ੍ਹਾਂ ਕੋਲੋਂ ਮੌਜੂਦਾ ਸਮੇਂ ਵਿੱਚ ਪੈਦਾ ਹਈਆਂ ਸਮੱਸਿਆਵਾਂ ਦੇ ਅਗਾਊਂ ਹੱਲ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਉਨ੍ਹਾਂ ਨੇ ਆਪਣੇ ਸਮੇਂ ਦੀ ਇਤਿਹਾਸਕ ਲੋੜ ਨੂੰ ਭਰਵਾਂ ਹੁੰਘਾਰਾ ਭਰਿਆ। ਉਸ ਵਕਤ ਉਹ ਕੁਝ ਹੀ ਸੰਭਵ ਸੀ, ਜੋ ਉਨ੍ਹਾਂ ਨੇ ਕੀਤਾ।
ਉਸ ਵਕਤ ਉਨ੍ਹਾਂ ਦੇ ਇਹੋ ਜਿਹੇ ਕਦਮਾਂ ਦਾ ਪਾਰਟੀ ਦੇ ਬਾਹਰੋਂ (ਖਾਸ ਕਰਕੇ ਖੱਬੇ ਪੱਖੀਆਂ ਪਾਰਟੀਆਂ ਅਤੇ ਬੁੱਧੀਜੀਵੀਆਂ ਵੱਲੋਂ) ਅਤੇ ਪਾਰਟੀ ਦੇ ਅੰਦਰੋਂ ਜ਼ੋਰਦਾਰ ਵਿਰੋਧ ਹੋ ਰਿਹਾ ਸੀ। ਇਸ ਵਿਰੋਧ ਨੂੰ ਖੁੰਢਾ ਕਰਨ ਲਈ ਭਾਵੇਂ ਸ. ਮਨਮੋਹਨ ਸਿੰਘ ਨੇ ਮੱਥੇ ਵਾਲਾ ਬੋਰਡ (ਸਰਕਾਰੀ ਦੁਕਾਨ ਦੇ) ਮਿਕਸਡ ਆਰਥਿਕਤਾ ਵਾਲਾ ਹੀ ਲਗਾਈ ਰੱਖਿਆ, ਪਰ ਅਮਲੀ ਤੌਰ ‘ਤੇ ਉਨ੍ਹਾਂ ਨੇ ਲਿਬਰਲ ਆਰਥਿਕਤਾ ਨੂੰ ਪੂਰੀ ਗਤੀ ਨਾਲ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਸ. ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਸ ਖੁੱਲ੍ਹ ਖੇਡ ਨੇ ਇੱਕ ਵਾਰ ਤਾਂ ਭਾਵੇਂ ਪ੍ਰਾਈਵੇਟ ਆਰਥਿਕ ਉਦਮ ਨੂੰ ਭਰਵੀਂ ਗਤੀ ਦਿੱਤੀ ਅਤੇ ਦੇਸ਼ ਦੀ ਆਰਥਿਕ ਵਿਕਾਸ ਗਤੀ (ਜੀ.ਡੀ.ਪੀ.) ਦੋ ਹਿੰਦਸਿਆਂ ਨੂੰ ਵੀ ਛੂਹ ਗਈ, ਪਰ ਇਸ ਗਰੋਥ ਵਿੱਚ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਦਾ ਹਿੱਸਾ ਨਾਂਹ ਦੇ ਬਰਾਬਰ ਹੀ ਰਿਹਾ। ਆਈ.ਟੀ. ਤੇ ਸਰਵਿਸ ਸੈਕਟਰ ਨੇ ਉਂਝ ਤੇਜ਼ੀ ਨਾਲ ਵਿਕਾਸ ਕੀਤਾ, ਪਰ ਮੈਨੂਫੈਕਚਰਿੰਗ ਸੈਕਟਰ ਵਿੱਚ ਪਛੜ ਜਾਣ ਕਾਰਨ ਵਿਕਾਸ ਦੇ ਬਾਵਜੂਦ ਲੋਕਾਂ ਨੂੰ ਰੁਜ਼ਗਾਰ ਬੇਹੱਦ ਨਿਗੁਣਾ ਮਿਲਿਆ।
ਭਾਰਤ ਦੇ ਮੁਕਾਬਲੇ ਚੀਨ ਨੇ ਮੈਨੂਫੈਕਚਰਿੰਗ ਸੈਕਟਰ ਨੂੰ ਤਰਜ਼ੀਹ ਦਿੱਤੀ ਅਤੇ ਬਾਅਦ ਵਿੱਚ ਰਿਸਰਚ ਅਤੇ ਡਿਵੈਲਪਮੈਂਟ ਦੇ ਸੈਕਟਰ ਨੂੰ ਵੀ ਤੇਜ਼ੀ ਨਾਲ ਵਿਕਸਤ ਕਰ ਲਿਆ। ਇਸੇ ਲਈ ਆਰਥਕ ਵਿਕਾਸ ਦੇ ਨਾਲ ਨਾਲ ਚੀਨ ਨੇ ਰੁਜ਼ਗਾਰ ਨੂੰ ਵੀ ਵੱਡੀ ਪੱਧਰ ‘ਤੇ ਪੈਦਾ ਕੀਤਾ। ਇਸ ਦੇ ਮੁਕਾਬਲੇ ਸਾਡੇ ਇਧਰ ਸਟਾਕ ਐਕਸਚੇਂਜ ਸਮੇਤ ਕੁਝ ਕੁ ਪੂੰਜੀਦਾਰਾਂ ਦੀਆਂ ਝੋਲੀਆਂ ਤਾਂ ਭਾਵੇਂ ਤੇਜ਼ੀ ਨਾਲ ਭਰ ਰਹੀਆਂ ਹਨ, ਪਰ ਆਮ ਜਨ ਸਧਾਰਨ ਕੋਲੋਂ ਰੁਜ਼ਗਾਰ ਦੇ ਮੌਕੇ ਅਤੇ ਪੈਸਾ ਤੇਜ਼ੀ ਨਾਲ ਖੁੱਸਦਾ ਜਾ ਰਿਹਾ ਹੈ। ਬੇਰੁਜ਼ਗਾਰਾਂ ਦੀ ਫੌਜ ਆਏ ਦਿਨ ਵਧ ਰਹੀ ਹੈ। ਉਂਝ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਆਏ ਦਿਨ ਆਖ ਰਹੇ ਹਨ ਕਿ ਭਾਰਤ ਦੁਨੀਆਂ ਦੀ ਤੀਜੇ ਨੰਬਰ ਦੀ ਆਰਥਿਕਤਾ ਬਣਨ ਜਾ ਰਿਹਾ ਹੈ। ਇਸ ਪ੍ਰਾਪਤੀ ਦੇ ਸਮਾਨੰਤਰ ਲੋਕਾਂ ਕੋਲੋਂ ਉਨ੍ਹਾਂ ਦੀ ਖੁਸ਼ੀ (ਹੈਪੀਨੈਸ) ਅਤੇ ਸੰਤੁਸ਼ਟੀ ਖੁੱਸ ਗਈ ਹੈ। ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਭਾਰਤ ਦਾ ਸਥਾਨ 125 ਦੇਸ਼ਾਂ ਤੋਂ ਨੀਚੇ ਹੈ। ਇੱਥੋਂ ਤੱਕ ਕਿ ਗੁਆਂਢੀ ਮੁਲਕ ਬੰਗਲਾ ਦੇਸ਼ ਨਾਲੋਂ ਵੀ ਅਸੀਂ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਪਿੱਛੇ ਹਾਂ। ਇਸ ਮੁਲਕ ਦੀ ਅਮੀਰ ਕਲਾਸ ਦੁਨੀਆਂ ਦੇ ਕੁਝ ਚੁਣਵੇਂ ਅਮੀਰਾਂ ਵਿੱਚ ਸ਼ੁਮਾਰ ਹੋਣ ਲੱਗੀ ਹੈ, ਪਰ ਪ੍ਰਤੀ ਵਿਅਕਤੀ ਆਮਦਨੀ ਦੇ ਹਿਸਾਬ ਨਾਲ ਬੰਗਲਾ ਦੇਸ਼ ਜਿਹੇ ਮੁਲਕਾਂ ਦਾ ਵੀ ਮੁਕਾਬਲਾ ਨਹੀਂ ਕਰ ਪਾ ਰਹੇ।
ਉਂਝ ਇਹ ਸੱਚ ਹੈ ਕਿ ਮੁਲਕ ਦੇ ਵੱਡੀ ਗਿਣਤੀ ਵਿੱਚ ਲੋਕ ਅਤਿ ਗਰੀਬੀ (ਐਕਸਟਰੀਮ ਪਾਵਰਟੀ) ਵਾਲੀ ਹਾਲਤ ਵਿੱਚੋਂ ਜ਼ਰੂਰ ਬਾਹਰ ਨਿਕਲੇ ਹਨ। ਇਸ ਦਾ ਵੱਡਾ ਸਿਹਰਾ ਵੀ ਡਾ. ਮਨਮੋਹਨ ਸਿੰਘ ਵਾਲੇ ਕਾਰਜਕਾਲ ਨੂੰ ਹੀ ਜਾਂਦਾ ਹੈ। ਉਹ ਆਪਣੇ ਵੱਲੋਂ ਸ਼ੁਰੂ ਕੀਤੀ ਗਈ ਉਦਾਰੀਕਰਨ ਦੀ ਮੁਹਿੰਮ ਨੂੰ ‘ਕੈਪੀਟੇਲਿਜ਼ਮ ਵਿਦ ਹਿਊਮਨ ਫੇਸ’ ਦਾ ਨਾਂ ਦਿਆ ਕਰਦੇ ਸਨ। ਉਨ੍ਹਾਂ ਦੇ ਸਮੇਂ ਵਿੱਚ ਹੀ ਕੇਂਦਰ ਸਰਕਾਰ ਵੱਲੋਂ ਰਾਈਟ ਆਫ ਐਜੂਕੇਸ਼ਨ ਵਾਲਾ ਕਾਨੂੰਨ ਬਣਿਆ। ਇਸ ਨਾਲ ਗਰੀਬ ਤੋਂ ਗਰੀਬ ਬੱਚੇ ਲਈ ਸਿੱਖਿਆ ਦਾ ਹੱਕ ਕਾਨੂੰਨੀ ਅਧਿਕਾਰ ਬਣ ਗਿਆ। ਇਸ ਤੋਂ ਇਲਾਵਾ 2013 ਵਿੱਚ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਬਣਿਆ। ਇੰਜ ਖੁਰਾਕ ਦਾ ਅਧਿਕਾਰ ਵੀ ਬੁਨਿਆਦੀ ਕਾਨੂੰਨੀ ਹੱਕ ਬਣ ਗਿਆ। ਪੱਛੜੀਆਂ ਸ੍ਰੇਣੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਲੈਂਡ ਐਕੁਇਜ਼ੀਸ਼ਨ ਐਕਟ 2013 ਲਿਆਂਦਾ ਗਿਆ। ਪੇਂਡੂ ਗਰੀਬਾਂ ਨੂੰ ਯਕੀਨੀ ਰੁਜ਼ਗਾਰ ਦੇਣ ਲਈ ਮਨਰੇਗਾ ਸਕੀਮ ਲਿਆਂਦੀ ਗਈ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਕਥਨਾਂ ਅਨੁਸਾਰ ਲਿਬਰਲ ਆਰਥਿਕਤਾ ਦੇ ਦਰਮਿਆਨ ਕਰੋੜਾਂ ਗਰੀਬ ਦੇਸ਼ ਵਾਸੀਆਂ ਦੇ ਬੁਨਿਆਦੀ ਅਧਿਕਾਰਾਂ ਨੂੰ ਕਾਨੂੰਨੀ ਤੌਰ ‘ਤੇ ਸੁਰੱਖਿਅਤ ਕਰਨ ਦੀ ਪੂਰੀ ਵਾਹ ਲਗਾਈ।
ਡਾ. ਮਨਮੋਹਨ ਸਿੰਘ ਦੇ ਚਲਾਣੇ ‘ਤੇ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਬਹੁਤ ਸਾਰੇ ਸ਼ੋਕ ਸੰਦੇਸ਼ ਆ ਰਹੇ ਹਨ। ਉਨ੍ਹਾਂ ਬਾਰੇ ਬੋਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਦੇਸ਼ ਦੀ ਆਰਥਿਕਤਾ ‘ਤੇ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਕਾਲ ਵਿੱਚ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ।” ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ, “ਡਾ. ਮਨਮੋਹਨ ਸਿੰਘ ਦੀ ਇਮਾਨਦਾਰੀ ਹਮੇਸ਼ਾ ਸਾਨੂੰ ਪ੍ਰੇਰਤ ਕਰਦੀ ਰਹੇਗੀ। ਇਸ ਮੁਲਕ ਨੂੰ ਪਿਆਰ ਕਰਨ ਵਾਲੇ ਲੋਕਾਂ ਵਿੱਚ ਉਨ੍ਹਾਂ ਦਾ ਕੱਦ ਹਮੇਸ਼ਾ ਉੱਚਾ ਰਹੇਗਾ।” ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ, “ਉਹ ਬਹੁਤ ਘੱਟ ਬੋਲਣ ਵਾਲੇ ਆਗੂ ਸਨ ਅਤੇ ਉਨ੍ਹਾਂ ਦੀ ਸਮਾਜ ਭਲਾਈ ਸਕੀਮਾਂ ਨੇ ਕਰੋੜਾਂ ਭਾਰਤੀਆਂ ਨੂੰ ਜੀਣ ਜੋਗੀਆਂ ਜੀਵਨ ਹਾਲਤਾਂ ਪ੍ਰਦਾਨ ਕੀਤੀਆਂ।”
ਇਸੇ ਦੌਰਾਨ ਤਾਮਿਲਮਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕਿਹਾ ਕਿ ਉਨ੍ਹਾਂ ਨੇ ਗੱਲਾਂ ਦਾ ਕੜਾਹ ਘੱਟ ਕੀਤਾ, ਪਰ ਪ੍ਰਾਪਤੀਆਂ ਜ਼ਿਆਦਾ ਕੀਤੀਆਂ। ਉਹ ਬਿਆਨਬਾਜ਼ੀ ਨਾਲੋਂ ਕੰਮ ਕਰਨ ਵਿੱਚ ਵਧੇਰੇ ਵਿਸ਼ਵਾਸ਼ ਰੱਖਦੇ ਸਨ। ਇੱਥੇ ਇਹ ਯਾਦ ਕਰਨਾ ਵੀ ਕੁਥਾਂ ਨਹੀਂ ਹੋਏਗਾ ਕਿ ਇੱਕ ਵਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ, “ਜਦੋਂ ਮਨਮੋਹਨ ਸਿੰਘ ਬੋਲਦੇ ਹਨ ਤਾਂ ਸਾਰੀ ਦੁਨੀਆਂ ਸੁਣਦੀ ਹੈ।” ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਅੱਜ ਦੀ ਦੁਨੀਆਂ ਨੇ ਆਪਣਾ ਇੱਕ ਰਹਿਬਰ ਗੁਆ ਲਿਆ ਹੈ।